ਭਾਈ ਸਾਹਿਬ ਭਾਈ ਵੀਰ ਸਿੰਘ ਇਕ ਅਨੁਭਵੀ ਸ਼ਖਸੀਅਤ

ਸਿਮਰਨਜੀਤ ਕੌਰ*
ਅਨੁਭਵੀ ਵਿਅਕਤੀ ਦੇ ਭਾਵਾਂ ਦੀ ਪੇਸ਼ਕਾਰੀ ਅਮੀਰ ਹੁੰਦੀ ਹੈ ਕਿਉਂਕਿ ਉਸ ਨੂੰ ਜ਼ੱਰੇ-ਜ਼ੱਰੇ ਵਿਚ ਅਕਾਲ ਪੁਰਖ ਦੀ ਹੋਂਦ ਨਜ਼ਰੀ ਆਉਂਦੀ ਹੈ। ਉਹ ਬਾਹਰ ਖੇੜੇ ਦਾ ਵਿਸਮਾਦ ਅਤੇ ਅੰਦਰ ਅਨਹਦ ਨਾਦ ਮਾਣਦਾ ਹੈ। ਅਕਾਲ ਪੁਰਖ ਦੇ ਗੁਣ-ਗਾਇਨ, ਕੀਰਤਨ, ਅਰਦਾਸ ਵਿਚ ਲਿਵਲੀਨ ਰਹਿੰਦਾ ਹੈ, ਜੋ ਪਿਆਰੇ ਇਸ਼ਟ ਦੀ ਨੇੜਤਾ ਤੇ ਮਿਲਾਪ ਦੇ ਵਸੀਲੇ ਹਨ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਹਸਤੀ, ਮਾਤ-ਭਾਸ਼ਾ, ਸਾਹਿਤ, ਸਮਾਜ ਤੇ ਦੇਸ਼ ਲਈ ਫਖਰਯੋਗ ਹਸਤੀ ਸੀ।

ਉਨ੍ਹਾਂ ਦਾ ਪਾਲਣ ਪੋਸ਼ਣ ਸਿੱਖੀ ਰੰਗ ਵਿਚ ਰੰਗੇ ਪਰਿਵਾਰ ਵਿਚ ਹੋਇਆ ਜਿਥੇ ਉਨ੍ਹਾਂ ਸਮਝਿਆ ਕਿ ਸਿੱਖ ਧਰਮ, ਸਿੱਖ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ-ਦੋਵਾਂ ਨੂੰ ਲੈ ਕੇ ਚਲਦਾ ਹੈ ਅਤੇ ਉਨ੍ਹਾਂ ਦਾ ਸੰਦੇਸ਼ ਚੇਤੰਨਤਾ ਭਰਪੂਰ ਹੈ। ਭਾਵ ਉਨ੍ਹਾਂ ਨੇ ਜੋ ਵੀ ਲਿਖਿਆ, ਉਹ ਜਗਤ ਲਈ ਸੁਨੇਹਾ ਸੀ ਜਿਸ ਰਾਹੀਂ ਉਨ੍ਹਾਂ ਜਗਤ ਨੂੰ ਉਚਾ ਉਠਾਉਣ ਦਾ ਉਦਮ ਕੀਤਾ। ਉਨ੍ਹਾਂ ਨੇ ਦਿਲ ਖੋਲ੍ਹ ਕੇ ਅਤੇ ਅਣਥਕ ਹੋ ਕੇ ਦੈਵੀ ਸੰਦੇਸ਼ ਕਿਹਾ ਜਿਸ ਦੀ ਥਾਹ ਪਾਉਣੀ ਕਠਿਨ ਹੈ। ਜਿਵੇਂ ਕੁਦਰਤ ਵਿਚੋਂ ਕਾਦਰ ਦੀ, ਉਸ ਦੇ ਗੁਣਾਂ ਦੀ ਝਲਕ ਪੈਂਦੀ ਹੈ, ਉਸੇ ਤਰ੍ਹਾਂ ਕਲਾਕਾਰ ਦੇ ਹੁਨਰ ਤੋਂ ਉਸ ਦੇ ਆਦਰਸ਼ ਜਾਂ ਸ਼ਖਸੀਅਤ ਦੀ ਝਲਕ ਮਿਲ ਜਾਂਦੀ ਹੈ। ਕਿਸੇ ਵੀ ਰਚਨਾ ਵਿਚੋਂ ਉਸ ਦੇ ਰਚੈਤਾ ਦਾ ਸੁਭਾਉ ਪ੍ਰਤੀਬਿੰਬਤ ਹੁੰਦਾ ਹੈ। ਭਾਈ ਵੀਰ ਸਿੰਘ ਦੇ ਅਨੁਭਵੀ ਜੀਵਨ ਦੀ ਝਲਕ ਸਾਨੂੰ ਉਨ੍ਹਾਂ ਦੀਆਂ ਰਚਨਾਵਾਂ ਵਿਚੋਂ ਸਹਿਜੇ ਹੀ ਮਿਲ ਜਾਂਦੀ ਹੈ।
ਭਾਈ ਸਾਹਿਬ ਦੀ ਸ਼ਖਸੀਅਤ ਅਰੰਭ ਤੋਂ ਹੀ ਆਦਰਸ਼ਮਈ ਅਤੇ ਸੱਚ ਦੀ ਸੇਧ ਤੇ ਸੋਧੀ ਹੋਈ ਸੀ। ਉਨ੍ਹਾਂ ਦੇ ਸੱਚੇ ਸੁੱਚੇ ਆਚਰਣ ਤੋਂ ਮਿਸ਼ਨ ਸਕੂਲ ਦੇ ਪ੍ਰਿੰਸੀਪਲ ਰੈਵਰੈਂਡਜ਼ ਨਾਰਮਨ ਤੇ ਮਕੈਨਜ਼ੀ ਜਿਹੇ ਈਸਾਈ ਮਤ ਦੇ ਮੰਨੇ ਪ੍ਰਮੰਨੇ ਪਾਦਰੀ ਵੀ ਪ੍ਰਭਾਵਿਤ ਹੋਏ, ਜਿਨ੍ਹਾਂ ਲਿਖਿਆ, “ਭਾਈ ਵੀਰ ਸਿੰਘ ਰੂਹਾਨੀ ਧਰਮ ਕੇ ਏਕ ਖਾਸ ਖਜ਼ਾਨੇ ਕਾ ਮਾਲਕ ਹੈ, ਇਸ ਕੇ ਪਾਸ ਜੋ ਸ਼ਾਂਤੀ ਔਰ ਜੋ ਹੈ, ਕਾਸ਼ ਵੋਹ ਹਮਾਰੇ ਪਾਸ ਬੀ ਹੋਤਾ, ਯਹੀ ਖਾਹਸ਼ ਹਮ ਕੋ ਇਸ ਕੀ ਤਰਫ ਖੇਂਚਤੀ ਰਹੀ ਹੈ। ਹਮ ਭੀ ਅਪਨੇ ਕ੍ਰਾਈਸਟ ਕੋ ਪਿਆਰ ਕਰਤੇ ਹੈਂ, ਉਸ ਕੀ ਪੂਜਾ ਕਰਤੇ ਹੈਂ ਔਰ ਯਿਹ ਬੀ ਅਪਨੇ ਗੁਰੂ ਕੋ ਪਿਆਰ ਕਰਤਾ ਹੈ, ਮਗਰ ਇਸ ਕਾ ਅਪਨੇ ਗੁਰੂ ਕੇ ਸਾਥ ਪਿਆਰ ਹਮਾਰੇ ਪਿਆਰ ਸੇ ਸੁਬਲਮਿe ਹੈ।”
ਭਾਈ ਸਾਹਿਬ ਦੀ ਰੁਚੀ ਅਧਿਆਤਮਕ ਅਤੇ ਸੁਧਾਰਕ ਸੀ ਜਿਸ ਨਾਤੇ ਉਨ੍ਹਾਂ ਨੇ ਮਨੁੱਖ ਨੂੰ ਵਹਿਮ ਜਾਂ ਪਾਖੰਡ ਤੋਂ ਕੱਢ ਕੇ ਸੱਚੇ ਮਾਰਗ ਵੱਲ ਦ੍ਰਿੜ ਕਰਨ ਅਥਵਾ ਤੋਰਨ ਲਈ ਆਪਣਾ ਤਾਣ ਲਾਇਆ। ਇਹ ਸੇਵਾ ਉਨ੍ਹਾਂ ਨੇ ਗੁਪਤ ਰਹਿ ਕੇ ਕੀਤੀ ਅਤੇ ਇਲਾਹੀ ਅਸੀਮ ਇਲਮ ਬਖਸ਼ਿਆ। ਭਾਈ ਸਾਹਿਬ ਸਮਝਦੇ ਸਨ ਕਿ ਕਲਾਕਾਰ ਨੂੰ ਰਚਨਾ ਕਰਨ ਵੇਲੇ ਜੋ ਅੰਦਰੂਨੀ ਰਸ ਪ੍ਰਾਪਤ ਹੁੰਦਾ ਹੈ, ਉਸੇ ਲਈ ਹੀ ਕਲਾਕਾਰ ਨੂੰ ਲਿਖਣਾ ਚਾਹੀਦਾ ਹੈ, ਨਿਰੀ ਪਾਠਕਾਂ ਦੀ ਵਾਹ-ਵਾਹ ਲਈ ਨਹੀਂ। ਭਾਈ ਸਾਹਿਬ ਪ੍ਰਸ਼ੰਸਾ ਅਤੇ ਦਿਖਾਵੇ ਤੋਂ ਸਦਾ ਦੂਰ ਹੀ ਰਹਿੰਦੇ ਅਤੇ ਉਨ੍ਹਾਂ ਜੋ ਵੀ ਕਾਰਜ ਕੀਤੇ, ਉਹ ਲੁਪਤ ਰਹਿ ਕੀਤੇ। ਉਨ੍ਹਾਂ ਦਾ ਮੰਤਵ ਇਹੋ ਸੀ ਕਿ ਪ੍ਰਸਿਧੀ ਘੱਟ ਹੋਵੇ ਤਾਂ ਜੋ ਪੰਥਕ ਤੇ ਸਾਹਿਤਕ ਸੇਵਾ ਦੇ ਸਮੇਂ ਵਿਚ ਕੋਈ ਰੁਕਾਵਟ ਨਾ ਆਵੇ। ਸ਼ਬਦ ਗੁਰੂ ਨੂੰ ਉਹ ਜਾਗਤ ਜੋਤ ਅਤੇ ਦਸਾਂ ਪਾਤਸ਼ਾਹੀਆਂ ਦਾ ਸਰੂਪ ਮੰਨਦੇ ਸਨ। ਭਾਈ ਵੀਰ ਸਿੰਘ ਦੀ ਗੁਰੂ ਸੰਗ ਲਿਵ, ਲਗਨ ਅਤੇ ਪ੍ਰੀਤ ਵਿਆਖਿਆਕਾਰੀ ਦੇ ਰੂਪ ਵਿਚ ਦ੍ਰਿਸ਼ਟਮਾਨ ਹੋਈ ਹੈ। ਉਨ੍ਹਾਂ ਆਪਣੇ ਗੁਰੂ ਦਾ ਬਖਸ਼ਿਆ Ḕਜੀਅ ਦਾਨ’ ਲੇਖਣੀ ਵਿਚ ਟਿਕਾਇਆ।
ਭਾਈ ਸਾਹਿਬ ਦੇ ਜੀਵਨ ਵਿਚੋਂ ਸਾਨੂੰ ਇਹ ਗਿਆਤ ਹੁੰਦਾ ਹੈ ਕਿ ਉਨ੍ਹਾਂ ਨੇ ਇਕਾਗਰ ਹੋ ਆਪਣਾ ਧਿਆਨ ਸਿੱਖੀ ਦੇ ਪ੍ਰਚਾਰ, ਪ੍ਰਸਾਰ ‘ਤੇ ਕੇਂਦਰਿਤ ਰੱਖਿਆ ਹੈ। ਉਨ੍ਹਾਂ ਦੀ ਵਿਲਖਣ ਅਤੇ ਰੂਹਾਨੀ ਲੇਖਣੀ ਬਾਬਤ ਭਾਈ ਕਾਹਨ ਸਿੰਘ ਨਾਭਾ ਦਾ ਕਹਿਣਾ ਹੈ, ਮੈਂ ਤਾਂ ਬਹੁਤ ਸਾਰੇ ਲੇਖਕਾਂ ਦੀਆਂ ਪੁਸਤਕਾਂ ਪੜ੍ਹ-ਪੜ੍ਹ ਕੇ ਇਧਰੋਂ ਉਧਰੋਂ ਨੋਟ ਇਕਠੇ ਕਰ ਕੇ ਪੁਸਤਕ ਲਿਖਦਾ ਹਾਂ ਪਰ ਭਾਈ ਵੀਰ ਸਿੰਘ ਐਸਾ ਨਹੀਂ ਕਰਦੇ ਉਨ੍ਹਾਂ ਨੂੰ ਪੁਸਤਕਾਂ ਦੇ ਅਧਿਐਨ ਤੋਂ ਵੱਖਰੇ ਆਤਮਕ ਗਿਆਨ ਧੁਰ ਦਰਗਾਹੋਂ (ਸਤਿਗੁਰਾਂ ਦੇ ਦਰੋਂ) ਪ੍ਰਾਪਤ ਹੋਏ ਹਨ। ਇਸ ਕਰਕੇ ਉਨ੍ਹਾਂ ਦੀ ਰਚਨਾ ਅਨੁਭਵੀ ਰਚਨਾ ਹੈ ਤੇ ਆਤਮਕ ਰਸ ਨਾਲ ਭਰਪੂਰ ਹੈ। ਅਣਦਿਸਦੇ ਮੰਡਲਾਂ ਦੀਆਂ ਗੁੱਝੀਆਂ ਰਮਜ਼ਾਂ ਨੂੰ ਲੇਖਣੀ ਰਾਹੀਂ ਬਿਆਨਣ ਦਾ ਮਾਣ ਉਸੇ ਨੂੰ ਹਾਸਿਲ ਹੋ ਸਕਦਾ ਹੈ ਜਿਸ ਨੇ ਉਸ ਅਵਸਥਾ ਨੂੰ ਮਾਣਿਆ ਹੋਵੇ। ਰਹੱਸਮਈ ਅਨੁਭਵ ਮਨੁਖੀ ਹਿਰਦੇ ਦੀਆਂ ਅਤਿ ਡੂੰਘਾਣਾਂ ਵਿਚ ਵਾਪਰਨ ਵਾਲਾ ਅਨੁਭਵ ਹੈ ਜੋ ਕਿ ਆਤਮਕ ਜੀਵਨ ਦਾ ਆਧਾਰ ਅਤੇ ਸਾਰ ਹੈ। ਜਦੋਂ ਪ੍ਰੇਮੀ, ਭਗਤ, ਸ਼ਰਧਾਲੂ, ਪਿਆਰਾ ਇਸ ਅਨੁਭਵ ਵਿਚ ਵਿਚਰਦਾ ਹੈ, ਉਸ ਨੂੰ ਸੰਪੂਰਨ ਆਪਾ ਅਤੇ ਆਲਾ-ਦੁਆਲਾ ਉਸੇ ਦਾ ਰੂਪ ਅਰਥਾਤ ਉਸੇ ਜਿਹਾ ਦਿਖਾਈ ਦਿੰਦਾ ਹੈ।
ਗੁਰਮੁਖ ਸ਼ਖਸੀਅਤ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਜੀਵਨ ‘ਤੇ ਝਾਤ ਮਾਰਦਿਆਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਉਨ੍ਹਾਂ ਦੀ ਸ਼ਖਸੀਅਤ ਅਧਿਆਤਮਕ ਅਤੇ ਗੁਰੂ ਰੰਗ ਵਿਚ ਰੱਤੀ ਸੀ। ਉਨ੍ਹਾਂ ਦੇ ਜੀਵਨ ਨਾਲ ਸਬੰਧਤ ਅਜਿਹੀਆਂ ਅਨੇਕਾਂ ਘਟਨਾਵਾਂ ਹਨ ਜਿਨ੍ਹਾਂ ਤੋਂ ਸਾਨੂੰ ਉਨ੍ਹਾਂ ਦੇ ਇਕ ਸੰਤ ਪੁਰਖ ਹੋਣ ਦੀ ਝਲਕ ਪੈਂਦੀ ਹੈ। ਇਸੇ ਗਲ ਨੂੰ ਸਵੀਕਾਰਦਿਆਂ ਸੰਤ ਅਤਰ ਸਿੰਘ (ਮਸਤੂਆਣਾ) ਵੀ ਉਨ੍ਹਾਂ ਬਾਰੇ ਕਹਿੰਦੇ ਹਨ, “ਮੈਂ ਸਮਝਿਆ ਹੈ ਸਤਿਗੁਰੂ ਆਪ, ਆਪਦੇ ਘਟ ਵਿਚ ਬੈਠ ਕੇ ਬੋਲ ਰਿਹਾ ਹੈ, ਇਹ ਵਾਕ ਆਪ ਦੇ ਨਹੀਂ ਪਰ ਏਹ ਆਗਯਾ ਹੈ ਮੇਰੇ ਸਤਿਗੁਰੂ ਦੀ ਜਿਸ ਨੇ ਆਪ ਦੀ ਜ਼ਬਾਨ ਰਾਹੀਂ ਏਹ ਲਫਜ਼ ਕਹਿਵਾਏ ਹਨ।”
ਅਨੁਭਵੀ ਵਿਅਕਤੀ ਆਪਣੇ ਅਨੁਭਵ ਰਾਹੀਂ ਕਈ ਵਾਰ ਭਵਿਖਵਾਣੀ ਵੀ ਕਰ ਜਾਂਦਾ ਹੈ ਜਾਂ ਸਮਾਧੀ ਵਿਚ ਲੀਨ ਹੋ ਜਾਂਦਾ ਹੈ। ਵਿਲਿਅਮ ਜੇਮਜ਼ ਦਾ ਇਹ ਕਥਨ ਭਾਈ ਸਾਹਿਬ ਦੇ ਅਨੁਭਵ ‘ਤੇ ਵੀ ਬਾਖੂਬੀ ਢੁਕਦਾ ਹੈ। ਭਾਈ ਸਾਹਿਬ ਦੂਜਿਆਂ ਨੂੰ ਨਾਮ ਅਤੇ ਬਾਣੀ ਨਾਲ ਜੁੜਨ ਲਈ ਸਿੱਖੀ ਮਾਰਗ ਦੇ ਪਾਂਧੀ ਹੋਣ ਲਈ ਚੇਤੰਨ ਕਰਦੇ ਸਨ। ਭਾਈ ਸਾਹਿਬ ਦੀਆਂ ਰਚਨਾਵਾਂ ਵਿਚੋਂ ਵੀ ਉਨ੍ਹਾਂ ਦੇ ਉਚ ਜੀਵਨ ਦਾ ਅਕਸ ਝਲਕਦਾ ਹੈ। ਰਚਨਾਵਾਂ ਵਿਚ ਉਨ੍ਹਾਂ ਦੇ ਜੀਵਨ ਤਜ਼ਰਬੇ ਵੀ ਨਜ਼ਰੀਂ ਪੈਂਦੇ ਹਨ ਕਿ ਕਿਵੇਂ ਦੁੱਖਾਂ ਤੋਂ ਪਾਰ ਹੋਇਆ ਜਾਵੇ। ਇਹੋ ਜਿਹੀਆਂ ਗੱਲਾਂ ਭਾਈ ਸਾਹਿਬ ਆਪਣੇ ਜੀਵਨ ਵਿਚ ਸਮਝਾਉਂਦੇ ਰਹੇ ਹਨ, “ਦੁਨੀਆਂ ਦੇ ਕੰਡੇ ਤੁਸੀਂ ਖਤਮ ਨਹੀਂ ਕਰ ਸਕਦੇ। ਕੰਡੇ ਪਿਛੇ ਵੀ ਸਨ, ਹੁਣ ਵੀ ਹਨ ਅਤੇ ਅੱਗੋਂ ਵੀ ਹੋਣਗੇ। ਜੇ ਤੁਸੀਂ ਦਿਲ ਨੂੰ ਨਾਮ ਦੇ ਨਾਲ ਢਕ ਲਵੋਂ, ਤਦ ਕੰਡਾ ਅੰਦਰ ਚੋਭ ਨਹੀਂ ਦੇਵੇਗਾ। ਇਹ ਢੰਗ ਹੈ ਦੁਨੀਆਂ ਦੇ ਕੰਡਿਆਂ ਤੋਂ ਬਚਣ ਦਾ।”
ਭਾਈ ਸਾਹਿਬ ਦੀ ਸ਼ਖਸੀਅਤ ਵਿਚ ਨਿਰਮਾਣਤਾ ਦਾ ਗੁਣ ਵਿਦਮਾਨ ਸੀ ਜਦੋਂ ਕੋਈ ਉਨ੍ਹਾਂ ਨੂੰ ਮੱਥਾ ਟੇਕਣ ਲੱਗਦਾ, ਆਖਦੇ, Ḕਖਾਲਸਾ ਫਤਿਹ’ ਗਜਾਇਆ ਕਰੋ। ਉਹ ਮਾਣ-ਸਨਮਾਨ ਦੇ ਮੁਹਤਾਜ਼ ਨਹੀਂ ਸਨ ਸਗੋਂ ਆਪਣੇ ਸਰੀਰ ਨੂੰ ਮਾਂਗਵੀ ਗੱਡੀ ਮੰਨਦਿਆਂ ਇਸ ਨੂੰ ਵਾਹੁਣ ‘ਤੇ ਟੇਕ ਰੱਖਦੇ ਸਨ। ਉਨ੍ਹਾਂ ਆਪਣੇ ਨੁਕਤਾਚੀਨਾਂ ਜਾਂ ਦੋਖੀਆਂ ਖਿਲਾਫ ਵੀ ਕਦੇ ਕੁਝ ਨਹੀਂ ਆਖਿਆ ਸਗੋਂ ਸੱਚ ‘ਤੇ ਟੁਰਨ ਵਾਲਾ ਆਪਣਾ ਸਫਰ ਜਾਰੀ ਰੱਖਿਆ ਅਤੇ ਆਪਣੇ ਨਿਸ਼ਾਨੇ ਵੱਲ ਦ੍ਰਿੜ ਰਹੇ ਤੇ ਸਦਾ ਕਰਨੀ ਨੂੰ ਹੀ ਤਰਜ਼ੀਹ ਦਿੱਤੀ।
ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਭਾਈ ਵੀਰ ਸਿੰਘ ਨੇ ਜੋ ਕਾਰਜ ਕੀਤੇ, ਬਚਨ ਕੀਤੇ, ਜੋ ਸੋਚਿਆ ਉਹੋ ਸੱਚ ਹੋ ਨਿਬੜਿਆ। ਭਾਈ ਸਾਹਿਬ ਦੀ ਪਾਰਸ ਛੁਹ, ਉਨ੍ਹਾਂ ਦੀ ਸੰਗਤ ਅਤੇ ਲੇਖਣੀ ਨੇ ਅਨੇਕਾਂ ਹੀ ਜ਼ਿੰਦਗੀਆਂ ਵਿਚ ਬਦਲਾਵ ਲਿਆਂਦੇ ਅਤੇ ਅੱਜ ਵੀ ਪਾਠਕ ਪ੍ਰਭਾਵਿਤ ਹੋਣ ਤੋਂ ਮੁਨਕਰ ਨਹੀਂ ਨਹੀਂ ਹੋ ਸਕਦੇ। ਉਨ੍ਹਾਂ ਨੇ ਅਨੇਕਾਂ ਲੋਕਾਂ ਨੂੰ ਗੁਰੂ ਅਤੇ ਗੁਰੂਬਾਣੀ ਦੇ ਆਸ਼ੇ ਵੱਲ ਟੋਰਿਆ ਅਤੇ ਉਨ੍ਹਾਂ ਦੀਆਂ ਲਿਖਤਾਂ ਅਜ ਵੀ ਨਿਰੰਤਰ ਟੋਰ ਰਹੀਆਂ ਹਨ।
ਭਾਈ ਸਾਹਿਬ ਦੇ ਜੀਵਨ ਦੀ ਇਕ ਹੀ ਤਾਕਤ ਸੀ Ḕਦਰਸ਼ਨ ਤਾਂਘ’, ਜਦ ਮਨ ਦੀ ਤਾਕਤ ਇਕ ਪਾਸੇ ਵੱਲ ਲੱਗ ਜਾਵੇ, ਮਨ ਨੂੰ ਚਲਾਉਣ ਦਾ ਵਲਵਲਾ ਵੀ ਇਕ ਹੋਵੇ ਤਾਂ ਮਨ ਇਕਾਗਰ ਹੋ ਜਾਂਦਾ ਹੈ ਅਤੇ ਓਹੋ ਮਨ ਬਲਵਾਨ ਹੁੰਦਾ ਹੈ। ਰੁਹਾਨੀ ਅਨੁਭਵ ਵੀ ਸਾਧਕ ਦੁਆਰਾ ਉਸ ਅਸੀਮ ਪਰਮਾਤਮਾ ਨਾਲ ਸਬੰਧ ਸਥਾਪਤ ਕਰਨ ਦੀ ਤਾਂਘ ਤੋਂ ਹੀ ਉਤਪੰਨ ਹੁੰਦਾ ਹੈ। ਜਦੋਂ ਇਸ ਅਨੁਭਵ ਨੂੰ ਵਰਣਨ ਕੀਤਾ ਜਾਂਦਾ ਹੈ, ਤਦ ਹੀ ਰਹੱਸਮਈ ਕਵਿਤਾ ਉਪਜਦੀ ਹੈ। ਭਾਈ ਸਾਹਿਬ ਦੇ ਵਿਚਾਰ ਨਿਜੀ ਅਨੁਭਵ ਵਿਚੋਂ ਹੀ ਨਿਕਲੇ। ਉਨ੍ਹਾਂ ਦੂਜਿਆਂ ਨੂੰ ਵੀ ਉਸ ਅਨੰਦ ਜਾਂ ਖੇੜੇ ਤੋਂ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ। ਭਾਈ ਵੀਰ ਸਿੰਘ Ḕਨਿਰੋਲ ਖੇੜੇ’ ਦੀ ਗੱਲ ਕਰਦੇ ਹਨ, ਜਿਸ ਨੂੰ ਇਹ ਖੇੜਾ ਪ੍ਰਾਪਤ ਹੋ ਜਾਵੇ, ਉਹ ਦੁਖ-ਸੁਖ ਤੋਂ ਉਚਾ ਉਠ Ḕਅਣਡਿੱਠ ਪ੍ਰਭੂ ਪ੍ਰੀਤਮ’ ਦੇ ਵਸਲ ਨੂੰ ਮਾਣਦਾ ਹੈ। ਭਗਤ ਪ੍ਰਭੂ ਪ੍ਰੀਤਮ ਨੂੰ ਪ੍ਰਾਪਤ ਕਰ ਅਨੰਦ ਵਿਭੋਰ ਹੋ ਦੁਨੀਆਂ ਤੋ ਬੇਪ੍ਰਵਾਹ ਹੋ ਜਾਂਦਾ ਹੈ। ਛੁਹ ਦੇ ਮਿਲਾਪ ਦਾ ਇਹ ਪਲ ਜੋ ਮਾਣਿਆ ਹੀ ਜਾ ਸਕਦੈ, ਭਾਈ ਸਾਹਿਬ ਇਸ ਨੂੰ ਬਿਆਨਣ ਵਿਚ ਵੀ ਸਫਲ ਹੋਏ। ਭਾਈ ਸਾਹਿਬ ਦਾ ਇਹ ਅਨੁਭਵ ਬੁੱਧੀ ਨੂੰ ਪ੍ਰਭਾਵਿਤ ਹੀ ਨਹੀਂ ਕਰਦਾ ਸਗੋਂ ਇਸ ਅਨੁਭਵ ਵਿਚ ਬੁੱਧੀ ਜਾਗਦੀ ਹੈ। ਇਸ ਅਨੁਭਵ ਤੋਂ ਬੁੱਧੀ ਅਤੇ ਦੇਹ ਸਿੱਧੇ ਰੂਪ ਵਿਚ ਪ੍ਰਭਾਵਿਤ ਨਹੀਂ ਹੁੰਦੀ ਬਲਕਿ ਇਹ ਬਖਸ਼ਿਸ਼ ਦੇ ਦਰ ‘ਤੇ ਖੜ੍ਹ ਵਿਗਸਣ ਦੇ ਅਨੁਭਵ ਵਿਚ ਅਗਰਸਰ ਹੁੰਦੀ ਹੈ।

*ਰੀਸਰਚ ਸਕਾਲਰ
ਸਿੱਖ ਇਤਿਹਾਸ ਰੀਸਰਚ ਬੋਰਡ, ਅੰਮ੍ਰਿਤਸਰ।