ਡਾæ ਗੁਰਨਾਮ ਕੌਰ, ਕੈਨੇਡਾ
ਅਸੀਂ ਪਿਛਲੇ ਲੇਖਾਂ ਵਿਚ ਵਾਦੀ ਜਾਂ ਬਾਦੀ ਅਤੇ ਖੋਜੀ ਦੀ ਗੱਲ ਕਰ ਚੁੱਕੇ ਹਾਂ ਜਿਨ੍ਹਾਂ ਦਾ ਸਬੰਧ ਮਨੁੱਖੀ ਤਰਕ ਜਾਂ ਵਿਚਾਰ ਕਰਨ ਨਾਲ ਹੈ। ਇਸ ਲੇਖ ਵਿਚ ਅਸੀਂ ḔਸੋਚḔ ਦੀ ਗੱਲ ਕਰਾਂਗੇ ਜਿਸ ਦਾ ਸਬੰਧ ਵੀ ਪਹਿਲਾਂ ਵਰਣਨ ਕੀਤੇ ਗਏ ਖੇਤਰ ਨਾਲ ਹੀ ਹੈ। ਇਥੇ ਇਹ ਗੱਲ ਕਹਿਣੀ ਤਰਕ-ਸੰਗਤ ਹੋਵੇਗੀ ਕਿ ਗੁਰੂ ਨਾਨਕ ਦਾ ਸਥਾਪਤ ਕੀਤਾ ਧਰਮ ਕੋਈ Ḕਅੰਨਾ ਵਿਸ਼ਵਾਸḔ ਨਹੀਂ ਹੈ। ਗੁਰੂ ਨਾਨਕ ਵੱਲੋਂ ਸਥਾਪਤ ਕੀਤਾ ਧਰਮ ਇੱਕ ਜੀਵਨ ਜਾਚ ਹੈ, ਜਿਸ ਵਿਚ ਉਨ੍ਹਾਂ ਨੇ ਮਨੁੱਖ ਨੂੰ ਦੱਸਿਆ ਹੈ ਕਿ ਇਸ ḔਧਰਮਸਾਲḔ ਭਾਵ ਧਰਤੀ ‘ਤੇ ਆਪਣਾ ਜੀਵਨ ਕਿਹੋ ਜਿਹਾ ਬਣਾਉਣਾ ਹੈ ਅਤੇ ਉਸ ਨੂੰ ਗੁਰੂ ਦੇ ਦੱਸੇ ਮਾਰਗ ‘ਤੇ ਚੱਲਣ ਤੇ ਉਹੋ ਜਿਹਾ ਜੀਵਨ ਜਿਉਣ ਲਈ ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ।
ਜਦੋਂ ਜੀਵਨ ਦਾ ਆਧਾਰ-ਧਰਾਤਲ Ḕਕੀ ਕਰਨਾ ਚਾਹੀਦਾ ਹੈḔ ਤੇ Ḕਕੀ ਨਹੀਂ ਕਰਨਾ ਚਾਹੀਦਾḔ ਹੋਵੇ ਤਾਂ ਲਾਜ਼ਮ ਹੈ ਕਿ ਅਜਿਹੇ ਜੀਵਨ ਮਾਰਗ ‘ਤੇ ਤਰਕ ਜਾਂ ਗੁਰਬਾਣੀ ਦੀ ਸ਼ਬਦਾਵਲੀ ਵਿਚ ਵਿਚਾਰ ਦੀ ਜ਼ਰੂਰਤ ਪੈਂਦੀ ਹੀ ਪੈਂਦੀ ਹੈ। ਇਸ ਜੀਵਨ ਤਰਕ ਦਾ ਪਹਿਲਾ ਪੜਾ ਬਾਦੀ ਅਤੇ ਖੋਜੀ ਦਾ ਹੈ ਜਿੱਥੇ ਇਹ ਫੈਸਲਾ ਹੋਣਾ ਹੈ ਕਿ ਕੀ ਸੱਚ ਦੇ ਖੋਜੀ ਨੂੰ, ਜਿਸ ਨੇ ਆਪਣਾ ਪੰਧ ਗੁਰੂ ਦੇ ਦੱਸੇ ਮਾਰਗ ‘ਤੇ ਚੱਲਦਿਆ ਤੈਅ ਕਰਕੇ ਪਰਮਸਤਿ ਤੱਕ ਪਹੁੰਚਣਾ ਹੈ, ਇੱਕ ਸੱਚ ਦੇ ਜਗਿਆਸੂ ਦੀ ਭਾਵਨਾ ਨਾਲ ਅੱਗੇ ਵਧਣਾ ਚਾਹੀਦਾ ਹੈ ਜਾਂ ਵਾਦ-ਵਿਵਾਦ ਵਿਚ ਪੈਣਾ ਹੈ, ਜੋ ਤਰਕ ਦਾ ਨਾਕਾਰਾਤਮਕ ਪੱਖ ਹੈ। ਇਸ ਖੋਜ ਦਾ ਅਗਲਾ ਕਦਮ ਸੋਚ ਹੈ, ਜਿਸ ਵਿਚ ਖੋਜੀ ਵਿਚਾਰ ਦੇ ਫਲਦਾਇਕ ਸਿੱਟੇ ਦੇ ਨਤੀਜੇ ਵਜੋਂ ਦਾਖਲ ਹੁੰਦਾ ਹੈ। ਇਹ ਸਾਕਾਰਾਤਮਕ ਤਰਕ ਦਾ ਅਗਲਾ ਪੜਾਅ ਹੈ।
ਸੋਚ, ਜਿਸ ਨੂੰ ਸੰਸਕ੍ਰਿਤ ਦੇ ਸ਼ਬਦ ਸ਼ੌਚ ਦਾ ਪੰਜਾਬੀ ਰੂਪ ਮੰਨਿਆ ਜਾਂਦਾ ਹੈ, ਦੇ ਇੱਕ ਨਾਲੋਂ ਵੱਧ ਅਰਥ ਕੀਤੇ ਜਾਂਦੇ ਹਨ। ਸੰਗਿਆ ਦੇ ਤੌਰ ‘ਤੇ ਇਸ ਦੇ ਅਰਥ ਫਿਕਰ, ਚਿੰਤਾ ਹਨ। ਸੰਸਕ੍ਰਿਤ ਦੇ ਸ਼ੌਚ ਦੇ ਅਰਥ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਇਸ਼ਨਾਨ ਅਰਥਾਤ ਸਫਾਈ ਰੱਖਣ ਨਾਲ ਜੋੜੇ ਜਾਂਦੇ ਹਨ ਜਿਸ ਦਾ ਸਬੰਧ ਸਿਰਫ ਸਰੀਰਕ ਸਫਾਈ ਨਾਲ ਹੀ ਨਹੀਂ, ਮਨ ਦੀ ਸਫਾਈ ਨਾਲ ਵੀ ਹੈ। ਇਸ ਦਾ ਇੱਕ ਹੋਰ ਅਰਥ ਕੇਂਦਰੀਕਰਨ, ਟਿਕਾਉ, ਇਕਾਗਰਤਾ ਵੀ ਕੀਤਾ ਜਾਂਦਾ ਹੈ ਅਤੇ ਚਿੰਤਨ ਵੀ ਕੀਤਾ ਜਾਂਦਾ ਹੈ। ਇਥੇ ਅਸੀਂ ਸੋਚ ਨੂੰ ਇੱਕ ਸੰਕਲਪ ਵਜੋਂ ਚਿੰਤਨ ਦੇ ਅਰਥਾਂ ਵਿਚ ਲਵਾਂਗੇ ਜਿਸ ਦਾ ਸਬੰਧ ਵਿਚਾਰ ਨਾਲ ਹੈ। ਸੋਚ ਦਾ ਅਮਲੀ ਖੇਤਰ ਉਚ-ਪੱਧਰ ‘ਤੇ ਵੀ ਹੈ ਅਤੇ ਆਮ ਪੱਧਰ ‘ਤੇ ਵੀ ਹੈ। ਆਮ ਪੱਧਰ ‘ਤੇ ਇਹ ਨਵੇਂ ਵਿਚਾਰਾਂ ਦੀ ਖੋਜ ਵੱਲ ਰੁਚਿਤ ਹੁੰਦੀ ਹੈ ਅਤੇ ਉਚੇ ਪੱਧਰ ‘ਤੇ ਇਸ ਦਾ ਸਬੰਧ ਗੁਰੂ ਵੱਲੋਂ ਦੱਸੇ ਸੱਚ ਨੂੰ ਸਮਝਣਾ ਹੈ। ਇਸ ਨੇ ਸ਼ਬਦ ਨੂੰ, ਪਰਮਸਤਿ ਨੂੰ ਵਿਚਾਰ ਰਾਹੀਂ ਸਮਝਣਾ ਹੈ।
ਗੁਰੂ ਨਾਨਕ ਪਹਿਲਾਂ ਦਿਸਦੇ, ਪਰਗਟ ਰੂਪ ਵਿਚ ਪ੍ਰਚਲਿਤ ਪਦਾਰਥਕ ਨਿਯਮਾਂ ਦੀ ਗੱਲ ਕਰਦੇ ਹਨ ਅਤੇ ਫਿਰ ਨਾਮ ਦੀ ਗੱਲ ਕਰਦੇ ਹਨ ਜੋ ਇਨ੍ਹਾਂ ਨਾਲੋਂ ਹਟਵਾਂ ਤੇ ਅਲੱਗ ਨਜ਼ਰ ਆਉਂਦਾ ਹੈ। ਗੁਰੂ ਨਾਨਕ ਪਦਾਰਥਕ ਪ੍ਰਾਪਤੀਆਂ ਨੂੰ ਨਕਾਰਦੇ ਨਹੀਂ ਕਿਉਂਕਿ ਇਹ ਜੀਵਨ ਦੀਆਂ ਲੋੜਾਂ ਨੂੰ ਪੂਰਿਆਂ ਕਰਨ ਲਈ ਜ਼ਰੂਰੀ ਹਨ ਪਰ ਉਹ ਮਨੁੱਖ ਨੂੰ ਇਹ ਅਹਿਸਾਸ ਕਰਾਉਂਦੇ ਹਨ ਕਿ ਪਦਾਰਥਕ ਪ੍ਰਾਪਤੀਆਂ ਮਨੁੱਖ ਦੇ ਨਾਲ ਸਦੀਵੀ ਜਾਣ ਵਾਲੀਆਂ ਨਹੀਂ ਹਨ। ਮਨੁੱਖ ਦੇ ਨਾਲ ਸਦੀਵੀ ਜਾਣ ਵਾਲਾ ਉਸ ਦਾ ਅਧਿਆਤਮਕ ਅਨੁਭਵ ਹੈ, ਅਕਾਲ ਪੁਰਖ ਦਾ ਨਾਮ ਹੈ। ਇਸ ਲਈ ਮਨੁੱਖ ਨੇ ਜੋ ਵੀ ਕਰਮ ਕਰਨਾ ਹੈ, ਉਹ ਨਾਮ ਦੀ ਅਗਵਾਈ ਵਿਚ ਹੋਣਾ ਚਾਹੀਦਾ ਹੈ। ਜੀਵਤ ਰਹਿਣ ਵਾਸਤੇ ਅੰਨ ਕਮਾਉਣ ਲਈ ਮਨੁੱਖ ਨੂੰ ਮਿਹਨਤ ਕਰਨੀ ਪੈਂਦੀ ਹੈ। ਕਿਸਾਨ ਦੱਬ ਕੇ ਜ਼ਮੀਨ ‘ਤੇ ਹੱਲ ਵਾਹੁੰਦਾ ਹੈ, ਫਿਰ ਉਸ ਵਿਚ ਬੀਜ ਬੀਜਦਾ ਹੈ, ਉਸ ਦੀ ਗੋਡੀ ਕਰਦਾ ਅਤੇ ਪਾਣੀ ਲਾਉਂਦਾ ਹੈ ਤਾਂ ਜਾ ਕੇ ਕਿਧਰੇ ਫਸਲ ਤਿਆਰ ਹੁੰਦੀ ਹੈ। ਇਹ ਮਨੁੱਖ ਦੇ ਜੀਵਨ ਦਾ ਦੁਨਿਆਵੀ ਪੱਖ ਹੈ। ਇਸੇ ਤਰ੍ਹਾਂ ਨਾਮ ਦੀ ਕਮਾਈ ਕਰਨ ਲਈ ਵੀ ਮਨੁੱਖ ਨੂੰ ਮਿਹਨਤ ਕਰਨੀ ਪੈਂਦੀ ਹੈ।
ਇਸ ਦਾ ਤਰਕ ਸਿਰਜਦੇ ਹੋਏ ਗੁਰੂ ਨਾਨਕ ਦੱਸਦੇ ਹਨ ਕਿ ਨਾਮ ਦੀ ਕਮਾਈ ਕਰਨ ਲਈ ਆਪਣੇ ਮਨ ਨੂੰ ਹਾਲੀ ਵਰਗਾ ਉਦਮੀ ਅਤੇ ਮਿਹਨਤੀ ਬਣਾ; ਕਿਰਸਾਣੀ ਜਾਂ ਖੇਤੀ ਕਿਸ ਚੀਜ਼ ਦੀ ਕਰਨੀ ਹੈ? ਉਹ ਹੈ, ਆਪਣੀ ਕਰਨੀ, ਆਪਣੇ ਆਚਰਣ ਨੂੰ ਵਾਹੀ ਦਾ ਜਾਂ ਖੇਤੀ ਦਾ ਕੰਮ ਸਮਝਣਾ ਅਤੇ ਮਿਹਨਤ ਇਸ ਨਾਮ ਦੀ ਫਸਲ ਵਾਸਤੇ ਪਾਣੀ ਹੈ ਅਤੇ ਮਨੁੱਖ ਦਾ ਸਰੀਰ ਪੈਲੀ ਹੈ, ਖੇਤ ਹੈ ਜਿਸ ਵਿਚ ਉਸ ਨੇ ਵਾਹੀ ਕਰਨੀ ਅਰਥਾਤ ਨਾਮ ਦੀ ਫਸਲ ਬੀਜਣੀ ਹੈ। ਇਸ ਸਰੀਰ ਰੂਪੀ ਤਿਆਰ ਹੋਈ ਜ਼ਮੀਨ ਵਿਚ ਅਕਾਲ ਪੁਰਖ ਦੇ ਨਾਮ ਦੀ ਫਸਲ ਬੀਜਣੀ ਹੈ ਅਤੇ ਇਸ ਬੀਜ ਨੂੰ ਪੰਛੀਆਂ ਦੇ ਚੁਗਣ ਤੋਂ ਬਚਾਉਣ ਲਈ ਸੰਤੋਖ ਦਾ ਸੁਹਾਗਾ ਫੇਰਨਾ ਹੈ ਅਰਥਾਤ ਸੰਤੋਖ ਰਾਹੀਂ ਹੀ ਇਸ ਨੂੰ ਤ੍ਰਿਸ਼ਨਾ ਜਾਂ ਲਾਲਸਾ ਤੋਂ ਬਚਾਇਆ ਜਾ ਸਕਦਾ ਹੈ। ਇਸ ਤੋਂ ਅੱਗੇ ਗਰੀਬੀ ਵੇਸ ਰੱਖਣ ਲਈ ਕਿਹਾ ਗਿਆ ਹੈ। ਸਾਦਾ ਜੀਵਨ ਹੀ ਮਨੁੱਖ ਨੂੰ ਹੋਰ ਹੋਰ ਇਕੱਠਾ ਕਰਨ ਦੀ ਲਾਲਸਾ ਤੋਂ ਬਚਾ ਸਕਦਾ ਹੈ। ਇਸ ਕਿਸਮ ਦੀ ਵਾਹੀ ਕਰਨ ‘ਤੇ ਅਕਾਲ ਪੁਰਖ ਦੀ ਮਿਹਰ ਸਦਕਾ ਮਨੁੱਖ ਦੇ ਮਨ ਵਿਚ ਪ੍ਰੇਮ ਪੈਦਾ ਹੋਵੇਗਾ। ਖੇਤੀ ਤੋਂ ਅੱਗੇ ਗੁਰੂ ਨਾਨਕ ਵਣਜ ਜਾਂ ਵਪਾਰ ਦੇ ਦ੍ਰਿਸ਼ਟਾਂਤ ਨਾਲ ਸਮਝਾਉਂਦੇ ਹਨ ਕਿ ਆਪਣੇ ਜੀਵਨ ਦੇ ਹਰ ਸੁਆਸ ਨੂੰ ਹੱਟੀ ਬਣਾ ਜਿਸ ਵਿਚ ਵਣਜ ਕਰਨ ਲਈ ਸੌਦਾ ਪਾਉਣਾ ਹੈ ਅਤੇ ਇਸ ਵਿਚ ਅਕਾਲ ਪੁਰਖ ਦੇ ਨਾਮ ਦਾ ਸੌਦਾ ਪਾ ਜੋ ਸਦੀਵੀ ਕਾਇਮ ਰਹਿਣ ਵਾਲਾ ਹੈ, ਕਦੀ ਮੁੱਕਦਾ ਨਹੀਂ। ਆਪਣੀ ਸੁਰਤਿ ਅਤੇ ਸੋਚ ਅਰਥਾਤ ਵਿਚਾਰ ਮੰਡਲ ਨੂੰ ਭਾਂਡਿਆਂ ਦੀ ਕਤਾਰ ਬਣਾ, ਇਸ ਭਾਂਡਸਾਲ ਵਿਚ ਅਕਾਲ ਪੁਰਖ ਦੇ ਨਾਮ ਦਾ ਸੌਦਾ ਪਾ। ਇਸ ਨਾਮ ਦਾ ਵਣਜ ਸਤਿਸੰਗੀਆਂ ਨਾਲ ਮਿਲ ਕੇ ਕਰਨਾ ਹੈ, ਉਨ੍ਹਾਂ ਨਾਲ ਮਿਲ ਕੇ ਨਾਮ ਦਾ ਵਣਜ ਕਰ ਫਿਰ ਇਸ ਵਿਚੋਂ ਜੋ ਲਾਭ ਪ੍ਰਾਪਤ ਹੋਵੇਗਾ, ਉਹ ਹੈ, ਮਨ ਦਾ ਖਿੜਾਉ। ਇਹ ਖਿੜਾਉ ਮਨੁੱਖ ਦੀ ਖੱਟੀ ਕਮਾਈ ਹੈ। ਗੁਰੂ ਨਾਨਕ ਦਾ ਸਥਾਪਤ ਕੀਤਾ ਮਾਰਗ ਏਕਾਂਤਕ ਨਹੀਂ ਹੈ, ਇਹ ਸੰਗਤੀ ਮਾਰਗ ਹੈ ਜਿਸ ‘ਤੇ ਮਨੁੱਖ ਨੇ ਰਲ-ਮਿਲ ਕੇ ਤੁਰਨਾ ਹੈ:
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥
ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ॥੧॥
ਸੁਰਤਿ ਸੋਚੁ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ॥
ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ॥੨॥ (ਪੰਨਾ ੫੯੫)
ਗੁਰੂ ਅਰਜਨ ਦੇਵ ਅਨੁਸਾਰ ਉਹ ਮਨੁੱਖ ਸਿਆਣਾ ਹੈ ਜੋ ਆਪਣੀ ਸੋਚ ਦੇ ਰਾਹੀਂ, ਆਪਣੀਆਂ ਸੋਚਣ ਸ਼ਕਤੀਆਂ ਨੂੰ ਵਰਤਦਾ ਅਕਾਲ ਪੁਰਖ ਦੀ ਮੁਹੱਬਤ ਨੂੰ ਆਪਣੇ ਮਨ ‘ਚ ਵਸਾਉਂਦਾ ਹੈ। ਸੋਚ ਕੋਈ ਆਮ ਦਿਮਾਗੀ ਕਸਰਤ ਨਹੀਂ ਹੈ। ਇਹ ਅਕਾਲ ਪੁਰਖ ਦੀ ਅਗਵਾਈ ਵਿਚ ਚੱਲ ਕੇ ਕੀਤਾ ਅਮਲ ਹੈ। ਇਹ ਉਸ ਅਕਾਲ ਪੁਰਖ ਨੂੰ ਸਮਝਣ ਦਾ ਅਮਲ ਹੈ ਜੋ ਸਾਰੇ ਕਾਰਨਾਂ ਦਾ ਕਾਰਨ ਹੈ ਅਤੇ ਆਪਣੀ ਵਿਧੀ ਅਨੁਸਾਰ ਸਭ ਕੁੱਝ ਕਰ ਰਿਹਾ ਹੈ ਅਤੇ ਮਨੁੱਖ ਨੂੰ ਆਪਣੇ ਨਾਮ ਦੀ ਬਖਸ਼ਿਸ਼ ਕਰ ਰਿਹਾ ਹੈ।
ਗੁਰੂ ਅਰਜਨ ਦੇਵ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਅਤੇ ਉਸ ਨੂੰ ḔਸਿਆਣਾḔ ਕਰਕੇ ਸੰਬੋਧਨ ਕਰਦੇ ਹਨ ਜੋ ਜੀਵਾਂ ਦੇ ਦਿਲਾਂ ਨੂੰ ਪਵਿੱਤਰ ਕਰਨ ਵਾਲਾ, ਸਦੀਵੀ ਹਸਤੀ ਅਤੇ ਬੰਧਨਾਂ ਤੋਂ ਆਜ਼ਾਦ ਕਰਨ ਵਾਲਾ ਹੈ, ਜਿਸ ਦੀ ਮੁਹੱਬਤ ਉਨ੍ਹਾਂ ਦੇ ਦਿਲ ਵਿਚ ਵੱਸ ਰਹੀ ਹੈ। ਉਸ ਅਕਾਲ ਪੁਰਖ ਦਾ ਦਰਸ਼ਨ ਕਰਨਾ ਇੱਕ ਅਮੋਲਕ ਦਾਤ ਹੈ ਜਿਸ ਦਰਸ਼ਨ ਦਾ ਕੋਈ ਮੁੱਲ ਨਹੀਂ ਆਂਕਿਆ ਜਾ ਸਕਦਾ। ਉਹ ਇੱਕ ਪਵਿੱਤਰ ਹਸਤੀ ਹੈ ਜੋ ਸਭ ਦੀ ਮਾਲਕ ਹੈ। ਉਹ ਹੀ ਸਭ ਦਾ ਆਸਰਾ, ਕਰਤਾਰ, ਕੁਦਰਤਿ ਦਾ ਰਚਣਹਾਰਾ ਹੈ, ਇੱਕ ਉਸੇ ਦੇ ਹੀ ਆਸਰੇ ਨੂੰ ਤੱਕਣ ਦੀ ਲੋੜ ਹੈ:
ਮੀਰਾਂ ਦਾਨਾਂ ਦਿਲ ਸੋਚ॥
ਮੁਹਬਤੇ ਮਨਿ ਤਨਿ ਬਸੈ ਸਚੁ ਸਾਹ ਬੰਦੀ ਮੋਚ॥੧॥ਰਹਾਉ॥
ਦੀਦਨੇ ਦੀਦਾਰ ਸਾਹਿਬ ਕਛੁ ਨਹੀ ਇਸ ਕਾ ਮੋਲੁ॥
ਪਾਕ ਪਰਵਦਗਾਰ ਤੂ ਖੁਦਿ ਖਸਮੁ ਵਡਾ ਅਤੋਲੁ॥੧॥
ਦਸਤਗੀਰੀ ਦੇਹਿ ਦਿਲਾਵਰ ਤੂਹੀ ਤੂਹੀ ਏਕ॥
ਕਰਤਾਰ ਕੁਦਰਤਿ ਕਰਣ ਖਾਲਕ ਨਾਨਕ ਤੇਰੀ ਟੇਕ॥੨॥੫॥ (ਪੰਨਾ ੭੨੪)
ਨੌਂਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਤਰਕ ਦਾ ਅਸਲੀ ਸੰਦਰਭ ਸੋਚ ਦੇ ਸੰਕਲਪ ਰਾਹੀਂ ਸਿਰਜਦਿਆਂ ਮਨੁੱਖ ਨੂੰ ਸੰਸਾਰ ਦੀ ਚਲਾਇਮਾਨਤਾ ਤੋਂ ਚੇਤੰਨ ਕਰਦੇ ਹਨ। ਉਹ ਮਨੁੱਖ ਨੂੰ ਇਸ ਤੱਥ ਦਾ ਚੇਤਾ ਕਰਾਉਂਦੇ ਹਨ ਕਿ ਮਨੁੱਖ ਦੇ ਜੀਵਨ ਦਾ ਅਸਲੀ ਮਕਸਦ ਆਪਣੇ ਮਨ ਨੂੰ ਉਸ ਅਕਾਲ ਪੁਰਖ ਦੇ ਨਾਮ ਨਾਲ ਇਕਸੁਰ ਕਰਨਾ ਹੈ। ਪਰ ਅਗਿਆਨਵੱਸ ਹੋ ਕੇ ਮਨੁੱਖ ਇਸ ਅਵਸਰ ਨੂੰ ਅਜਾਈਂ ਗੁਆ ਲੈਂਦਾ ਹੈ, ਬਿਨਾ ਕਿਸੇ ਭਲੇ ਮਕਸਦ ਵੱਲ ਲਾਇਆਂ ਹੀ। ਗੁਰੂ ਸਾਹਿਬ ਆਗਾਹ ਕਰਦੇ ਹਨ ਕਿ ਮਨੁੱਖ ਦਾ ਮਨ ਲੋਭ ਆਦਿ ਦੇ ਵੱਸ ਹੋ ਕੇ ਪਾਗਲ ਹੋਇਆ ਫਿਰਦਾ ਹੈ। ਦਿਨ ਰਾਤ ਮਨੁੱਖ ਨੂੰ ਮਿਲੀ ਹੋਈ ਇਹ ਜ਼ਿੰਦਗੀ ਘਟਦੀ ਰਹਿੰਦੀ ਹੈ ਜਿਸ ਦੀ ਮਨੁੱਖ ਨੂੰ ਸਮਝ ਨਹੀਂ ਲਗਦੀ ਅਤੇ ਉਹ ਲੋਭ ਆਦਿ ਵਿਚ ਪੈ ਕੇ ਆਪਣੇ ਅਧਿਆਤਮਕ ਪੱਖ ਨੂੰ ਕਮਜ਼ੋਰ ਕਰ ਲੈਂਦਾ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਸੰਬੋਧਨ ਕਰਕੇ ਮਨੁੱਖ ਨੂੰ ਸਮਝਾਉਂਦੇ ਹਨ ਕਿ ਜਿਸ ਸਰੀਰ ਨੂੰ ਅਸੀਂ ਆਪਣਾ ਸਮਝ ਬੈਠਦੇ ਹਾਂ, ਇਸ ਘਰ ਨੂੰ, ਆਪਣੇ ਪਰਿਵਾਰ ਇਸਤਰੀ ਆਦਿ ਨੂੰ, ਇਨ੍ਹਾਂ ਵਿਚੋਂ ਕੋਈ ਵੀ ਸਦੀਵੀ ਨਾਲ ਨਿਭਣ ਵਾਲਾ ਨਹੀਂ ਹੈ ਕਿਉਂਕਿ ਮਨੁੱਖ ਨੇ ਆਪ ਜਾਂ ਇਨ੍ਹਾਂ ਨੇ ਇੱਕ ਦਿਨ ਇਸ ਸੰਸਾਰ ਤੋਂ ਤੁਰ ਜਾਣਾ ਹੈ। ਇਨ੍ਹਾਂ ਵਿਚੋਂ ਕਿਸੇ ਨੇ ਵੀ ਸਦਾ ਨਾਲ ਨਹੀਂ ਰਹਿਣਾ ਅਤੇ ਨਾ ਹੀ ਨਾਲ ਜਾਣਾ ਹੈ। ਇਸ ਲਈ ਮਨੁੱਖ ਨੂੰ ਇਸ ‘ਤੇ ਸੋਚ-ਵਿਚਾਰ ਕਰਨ ਲਈ ਕਹਿੰਦੇ ਹਨ। ਜਿਸ ਤਰ੍ਹਾਂ ਕੋਈ ਜੁਆਰੀਆ ਜੂਏ ਵਿਚ ਬਾਜੀ ਹਾਰ ਜਾਂਦਾ ਹੈ, ਇਸੇ ਤਰ੍ਹਾਂ ਮਨੁੱਖ ਰੱਬ ਵੱਲੋਂ ਦਿੱਤੇ ਹੋਏ ਇਸ ਜੀਵਨ ਨੂੰ ਵਿਅਰਥ ਹਾਰ ਰਿਹਾ ਹੈ ਕਿਉਂਕਿ ਰੱਬ ਨਾਲ ਮਿਲਾਪ ਕਰਨ ਲਈ ਉਸ ਨੂੰ ਜੋ ਇਹ ਜੀਵਨ ਮਿਲਿਆ ਹੈ (ਜਿਸ ਨੂੰ ਬਾਣੀ ਵਿਚ Ḕਗੋਬਿੰਦ ਮਿਲਣ ਕੀ ਬਰੀਆḔ ਕਿਹਾ ਹੈ) ਉਸ ਦੀ ਕਦਰ ਨਹੀਂ ਪਾਈ। ਪਰਮਾਤਮਾ ਨਾਲ ਇੱਕ ਲਮਹੇ ਲਈ ਵੀ ਸੁਰਤਿ ਨਹੀਂ ਜੋੜੀ, ਸਾਰਾ ਜੀਵਨ ਵਿਅਰਥ ਗੁਜ਼ਾਰ ਦਿੱਤਾ ਹੈ। ਮਨੁੱਖ ਦੇ ਜੀਵਨ ਦਾ ਉਦੇਸ਼ ਮਾਇਆ ਵਿਚ ਰੁੱਝੇ ਰਹਿਣਾ ਨਹੀਂ ਹੈ ਬਲਕਿ ਉਹ ਉਚੀ ਅਵਸਥਾ ਪ੍ਰਾਪਤ ਕਰਨਾ ਹੈ, ਜਿੱਥੇ ਮਨੁੱਖ ਨੂੰ ਕਿਸੇ ਕਿਸਮ ਦਾ ਡਰ ਨਹੀਂ ਰਹਿੰਦਾ, ਜਿਸ ਨੂੰ ਗੁਰੂ ਤੇਗ ਬਹਾਦਰ ਨੇ Ḕਨਿਰਭੈ ਪਦḔ ਕਿਹਾ ਹੈ। ਇਹ ਉਦੋਂ ਹੀ ਪ੍ਰਾਪਤ ਹੁੰਦਾ ਹੈ ਜਦੋਂ ਮਨੁੱਖ ਹਰ ਕਿਸਮ ਦੇ ਬੰਧਨਾਂ ਤੋਂ ਉਤੇ ਉਠ ਜਾਂਦਾ ਹੈ। ਅਜਿਹੀ ਅਵਸਥਾ ਸੋਚ ਤੇ ਵਿਚਾਰ ਰਾਹੀਂ ਹੀ ਸੰਭਵ ਹੈ:
ਮਨ ਰੇ ਕਹਾ ਭਇਓ ਤੈ ਬਉਰਾ॥
ਅਹਿਨਿਸਿ ਅਉਧ ਘਟੈ ਨਹੀ ਜਾਨੈ
ਭਇਓ ਲੋਭ ਸੰਗਿ ਹਉਰਾ॥੧॥ਰਹਾਉ॥
ਜੋ ਤਨੁ ਤੈ ਅਪਨੋ ਕਰਿ ਮਾਨਿਓ
ਅਰੁ ਸੁੰਦਰ ਗ੍ਰਿਹ ਨਾਰੀ॥
ਇਨ ਮੈਂ ਕਛੁ ਤੇਰੋ ਰੇ ਨਾਹਨਿ
ਦੇਖੋ ਸੋਚ ਬਿਚਾਰੀ॥੧॥
ਰਤਨ ਜਨਮੁ ਅਪਨੋ ਤੈ ਹਾਰਿਓ
ਗੋਬਿੰਦ ਗਤਿ ਨਹੀ ਜਾਨੀ॥
ਨਿਮਖ ਨ ਲੀਨ ਭਇਓ ਚਰਨਨ ਸਿਂਉ
ਬਿਰਥਾ ਅਉਧ ਸਿਰਾਨੀ॥੨॥
ਕਹੁ ਨਾਨਕ ਸੋਈ ਨਰੁ ਸੁਖੀਆ
ਰਾਮ ਨਾਮ ਗੁਨ ਗਾਵੈ॥
ਅਉਰਸਗਲ ਜਗੁ ਮਾਇਆ ਮੋਹਿਆ
ਨਿਰਭੈ ਪਦੁ ਨਹੀ ਪਾਵੈ॥੩॥੮॥ (ਪੰਨਾ ੨੨੦)
ਭਗਤ ਕਬੀਰ ਰਾਗ ਆਸਾ ਵਿਚ ਉਸ ਵੇਲੇ ਦੇ ਹਿੰਦੂਆਂ ਤੇ ਮੁਸਲਮਾਨਾਂ ਦੀ ਆਪਸੀ ਖਿੱਚੋਤਾਣ ਦੀ ਸਮੱਸਿਆ ਦੀ ਚਰਚਾ ਕਰਦਿਆਂ ਫੁਰਮਾਉਂਦੇ ਹਨ ਕਿ ਦੋਵਾਂ ਦੇ ਆਪਣੇ ਆਪਣੇ ਰਸਤੇ, ਧਾਰਮਿਕ ਰਿਵਾਜ਼ ਅਤੇ ਰਸਮਾਂ ਹਨ। ਉਸ ਇੱਕ ਹਸਤੀ ਨੂੰ ਧਿਆਉਣ ਦੇ ਦੋ ਵੱਖੋ ਵੱਖਰੇ ਰਸਤੇ ਹਨ ਅਤੇ ਦੋਵੇਂ ਆਪੋ ਆਪਣੇ ਰਸਤੇ ਨੂੰ ਸ੍ਰੇਸ਼ਟ ਸਿੱਧ ਕਰਨ ‘ਤੇ ਬਜਿਦ ਹਨ ਅਤੇ ਆਪਸ ਵਿਚ ਝਗੜਾ ਕਰਦੇ ਹਨ। ਭਗਤ ਕਬੀਰ ਦੋਵਾਂ ਨੂੰ ਸਮਝਾਉਂਦੇ ਹਨ, ਕੋਝੇ ਝਗੜਾਲੂ ਲੋਕੋ ਆਪਸ ਵਿਚ ਝਗੜਾ ਕਰਨ ਦੀ ਥਾਂ ਸੋਚੋ ਅਤੇ ਵਿਚਾਰ ਕਰੋ ਕਿ ਹਿੰਦੂ ਤੇ ਮੁਸਲਮਾਨ-ਦੋਵੇਂ ਕਿੱਥੋਂ ਪੈਦਾ ਹੋਏ ਹਨ? ਦੋਵਾਂ ਨੂੰ ਇੱਕੋ ਰੱਬ ਨੇ ਪੈਦਾ ਕੀਤਾ ਹੈ। ਜੇ ਉਸ ਨੇ ਨਹੀਂ ਕੀਤਾ ਤਾਂ ਫਿਰ ਹੋਰ ਕਿਸ ਨੇ ਕੀਤਾ ਹੈ? ਉਸ ਪਰਮ ਹਸਤੀ ਤੋਂ ਬਿਨਾ ਕਿਸ ਨੇ ਇਹ ਦੋਵੇਂ ਰਸਤੇ ਤੋਰੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਜੇ ਦੋਵਾਂ ਮਜ਼ਹਬਾਂ ਦੇ ਬੰਦੇ ਉਸ ਇੱਕ ਰੱਬ ਨੇ ਹੀ ਪੈਦਾ ਕੀਤੇ ਹਨ ਤਾਂ ਫਿਰ ਝਗੜਾ ਕਿਸ ਗੱਲ ਦਾ ਹੈ? ਉਹ ਰੱਬ ਕਿਸੇ ਇੱਕ ਧਿਰ ਨਾਲ ਵਿਤਕਰਾ ਕਿਵੇਂ ਕਰ ਸਕਦਾ ਹੈ? ਸਿਰਫ ਹਿੰਦੂ ਜਾਂ ਮੁਸਲਮਾਨ ਹੋਣ ਕਰਕੇ ਹੀ ਕਿਸ ਨੇ ਬਹਿਸ਼ਤ ਲੱਭਿਆ ਹੈ ਅਤੇ ਕਿਸ ਨੇ ਦੋਜ਼ਕ?
ਭਗਤ ਕਬੀਰ ਮੁਸਲਮਾਨਾਂ ਦੇ ਧਾਰਮਿਕ ਆਗੂ ਕਾਜ਼ੀ ਨੂੰ ਸਵਾਲ ਕਰਦੇ ਹਨ ਕਿ ਤੂੰ ਕਿਹੜੀਆਂ ਕਿਤਾਬਾਂ ਵਿਚੋਂ ਦੱਸ ਰਿਹਾ ਹੈਂ ਕਿ ਮੁਸਲਮਾਨ ਨੂੰ ਬਹਿਸ਼ਤ ਅਤੇ ਹਿੰਦੂ ਨੂੰ ਦੋਜ਼ਕ ਮਿਲੇਗਾ? ਕਾਜ਼ੀ ਨੂੰ ਕਹਿੰਦੇ ਹਨ, ਤੇਰੇ ਵਰਗੇ ਧਾਰਮਿਕ ਆਗੂ, ਤੇਰੇ ਵਰਗੇ ਪੜ੍ਹਨ ਤੇ ਵਿਚਾਰਨ ਵਾਲੇ ਸਭ ਖੁਆਰ ਹੁੰਦੇ ਹਨ ਕਿਉਂਕਿ ਉਹ ਧਰਮ ਦੀ ਅਸਲੀਅਤ ਨੂੰ ਨਹੀਂ ਸਮਝਦੇ। ਸੁੰਨਤ ਵੀ ਇੱਕ ਮੁਸਲਿਮ ਰਸਮ ਹੈ ਜਿਸ ਬਾਰੇ ਭਗਤ ਕਬੀਰ ਪ੍ਰਸ਼ਨ ਕਰਦੇ ਹਨ ਕਿ ਸੁੰਨਤ ਦੀ ਰਸਮ ਦਾ ਇਹ ਸਮਝਣਾ ਕਿ ਇਸ ਨਾਲ ਰੱਬ ਮਿਲ ਜਾਂਦਾ ਹੈ, ਬਿਲਕੁਲ ਗਲਤ ਗੱਲ ਹੈ। ਇਸ ਦਾ ਰੱਬੀ ਮਿਲਾਪ ਨਾਲ ਕੋਈ ਸਬੰਧ ਨਹੀਂ, ਇਹ ਇੱਕ ਦੁਨਿਆਵੀ ਰਸਮ ਹੈ। ਜੇ ਰੱਬ ਨੇ ਸਿਰਫ ਮੁਸਲਮਾਨ ਹੀ ਬਣਾਉਣਾ ਹੁੰਦਾ ਤਾਂ ਉਸ ਨੇ ਆਪ ਹੀ ਸੁੰਨਤ ਕਰ ਦੇਣੀ ਸੀ। ਇਸ ਦੇ ਨਾਲ ਹੀ ਭਗਤ ਕਬੀਰ ਇੱਕ ਹੋਰ ਤਰਕ ਦਿੰਦੇ ਹਨ ਕਿ ਜੇ ਸੁੰਨਤ ਕਰਨ ਨਾਲ ਹੀ ਮੁਸਲਮਾਨ ਬਣ ਸਕੀਦਾ ਹੈ ਫਿਰ ਔਰਤ ਕਿਸ ਤਰ੍ਹਾਂ ਮੁਸਲਮਾਨ ਬਣੇਗੀ? ਕਿਉਂਕਿ ਉਸ ਦੀ ਤਾਂ ਸੁੰਨਤ ਹੋ ਹੀ ਨਹੀਂ ਸਕਦੀ! ਸੋ ਇਹ ਸਭ ਰਸਮਾਂ ਰੱਬ ਨੂੰ ਪਾਉਣ ਦਾ ਰਸਤਾ ਨਹੀਂ ਹਨ। ਪਤਨੀ ਦੀ ਸਾਂਝ ਉਮਰ ਭਰ ਲਈ ਹੁੰਦੀ ਹੈ, ਉਸ ਦੀ ਸਾਂਝ ਛੱਡਣ ਨਾਲੋਂ ਫਿਰ ਹਿੰਦੂ ਰਹਿਣਾ ਹੀ ਚੰਗਾ ਹੈ। ਭਗਤ ਕਬੀਰ ਮਜ਼ਹਬੀ ਕਿਤਾਬਾਂ ਦੀਆਂ ਬਹਿਸਾਂ, ਵਿਵਾਦ ਨੂੰ ਛੱਡ ਕੇ ਉਸ ਅਕਾਲ ਪੁਰਖ ਦਾ ਸਿਮਰਨ ਕਰਨ ਦਾ ਉਪਦੇਸ਼ ਦਿੰਦੇ ਹਨ:
ਹਿੰਦੂ ਤੁਰਕ ਕਹਾ ਤੇ ਆਏ
ਕਿਨਿ ਏਹ ਰਾਹ ਚਲਾਈ॥
ਦਿਲ ਮਹਿ ਸੋਚਿ ਬਿਚਾਰਿ ਕਵਾਦੇ
ਭਿਸਤ ਦੋਜਕ ਕਿਨਿ ਪਾਈ॥੧॥
ਕਾਜੀ ਤੈ ਕਵਨ ਕਤੇਬ ਬਖਾਨੀ॥
ਪੜ੍ਹਤ ਗੁਨਤ ਐਸੇ ਸਭ ਮਾਰੇ
ਕਿਨਹੂੰ ਖਬਰਿ ਨ ਜਾਨੀ॥੧॥ਰਹਾਉ॥
ਸਕਤਿ ਸਨੇਹੁ ਕਰਿ ਸੁੰਨਤਿ ਕਰੀਐ
ਮੈ ਨ ਬਦਉਗਾ ਭਾਈ॥
ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ
ਆਪਨ ਹੀ ਕਟਿ ਜਾਈ॥੨॥
ਸੁੰਨਤਿ ਕੀਏ ਤੁਰਕੁ ਜੇ ਹੋਇਗਾ
ਅਉਰਤ ਕਾ ਕਿਆ ਕਰੀਐ॥
ਅਰਧ ਸਰੀਰੀ ਨਾਰਿ ਨ ਛੋਡੈ
ਤਾ ਤੇ ਹਿੰਦੂ ਹੀ ਰਹੀਐ॥੩॥
ਛਾਡਿ ਕਤੇਬ ਰਾਮੁ ਭਜੁ ਬਉਰੇ
ਜੁਲਮ ਕਰਤ ਹੈ ਭਾਰੀ॥
ਕਬੀਰੈ ਪਕਰੀ ਟੇਕ ਰਾਮ ਕੀ
ਤੁਰਕ ਰਹੇ ਪਚਿ ਹਾਰੀ॥੪॥੮॥ (ਪੰਨਾ ੪੭੭)