ਸਰੀਰ-ਸਿਮਰਨਾ

ਡਾæ ਗੁਰਬਖਸ਼ ਸਿੰਘ ਭੰਡਾਲ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਨ੍ਹਾਂ ਸਰੀਰ ਦੇ ਵੱਖ ਵੱਖ ਅੰਗਾਂ ਦਾ ਨਾਦ ਪੇਸ਼ ਕੀਤਾ ਹੈ। ਉਹ ਨੈਣਾਂ, ਮੂੰਹ, ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕਰ ਚੁਕੇ ਹਨ; ਹੱਥਾਂ ਦੀ ਦਾਸਤਾਨ ਦੱਸ ਚੁਕੇ ਹਨ ਕਿ ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ।

ਲੱਤਾਂ ਦੀ ਵਾਰਤਾ ਸੁਣਾਉਂਦਿਆਂ ਉਨ੍ਹਾਂ ਬਾਬਾ ਫਰੀਦ ਦੇ ਸਲੋਕ “ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ॥” ਦਾ ਹਵਾਲਾ ਦਿੱਤਾ ਸੀ। ਡਾæ ਭੰਡਾਲ ਬੰਦੇ ਦੇ ਪੈਰਾਂ, ਮੁੱਖੜੇ, ਹਿੱਕ ਤੇ ਮਨ ਦੀ ਬਾਤ ਪਾ ਚੁਕੇ ਹਨ; ਗਰਦਨ ਤੇ ਬੁੱਲੀਆਂ ਦਾ ਵਿਖਿਆਨ ਵੀ ਕਰ ਚੁਕੇ ਹਨ; ਵਾਤਾਵਰਣ ਸੰਭਾਲ ਦੀ ਗੱਲ ਕਰਦਿਆਂ ਉਨ੍ਹਾਂ ਨਸੀਹਤ ਕੀਤੀ ਹੈ ਕਿ ਸਾਹ ਆਉਂਦੇ-ਜਾਂਦੇ ਰਹਿਣ, ਇਸ ਲਈ ਜਰੂਰੀ ਹੈ ਕਿ ਅਸੀਂ ਵਾਤਾਵਰਣੀ, ਕੁਦਰਤੀ, ਸਮਾਜਿਕ ਅਤੇ ਪਰਿਵਾਰਕ ਸਰੋਕਾਰਾਂ ਵਿਚੋਂ ਹੀ ਖੁਦ ਨੂੰ ਵਿਸਥਾਰਈਏ। ਉਨ੍ਹਾਂ ਨੱਕ ਦੀ ਵਾਰਤਾ ਸੁਣਾਉਂਦਿਆਂ ਦੱਸਿਆ ਕਿ ਕਈ ਵਾਰ ਮਨੁੱਖ ਨੱਕ ਨੂੰ ਉਚਾ ਕਰਨ ਖਾਤਰ ਕਰਜ਼ੇ ਵਿਚ ਡੁੱਬ, ਖੁਦਕੁਸ਼ੀਆਂ ਦੇ ਰਾਹ ਵੀ ਤੁਰ ਪੈਂਦਾ। ਬਾਹਾਂ ਦੀ ਤਸ਼ਬੀਹ ਵਿਚ ਉਨ੍ਹਾਂ ਕਿਹਾ ਸੀ ਕਿ ਬਾਂਹਾਂ ਦੀ ਬਾਂਹਾਂ ਸੰਗ ਯਾਰੀ, ਮਨ-ਵਿਹੜੇ ਮੌਲੇ ਸਰਦਾਰੀ। ਉਂਗਲਾਂ ਦੀ ਵਾਰਤਾ ਕਹਿੰਦਿਆਂ ਡਾæ ਭੰਡਾਲ ਨੇ ਕਿਹਾ ਸੀ, “ਕਦੇ ਵੀ ਕਿਸੇ ਵੱਲ ਬੇਲੋੜੀ ਉਂਗਲ ਨਾ ਕਰੋ। ਉਸ ਦੀਆਂ ਕਮੀਆਂ, ਊਣਤਾਈਆਂ ਤੇ ਕਮਜ਼ੋਰੀਆਂ ‘ਤੇ ਉਂਗਲ ਨਾ ਧਰੋ।” ਉਨ੍ਹਾਂ ਹਿਰਦੇ ਦੀ ਗੱਲ ਕੀਤੀ ਸੀ ਕਿ ਹਿਰਦੇ ਵਿਚ ਉਠੀ ਵੇਦਨਾ ਹੀ ਹੁੰਦੀ ਜੋ ਕੂਕਦੀ ਏ, ‘ਸੱਜਣਾਂ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ।’ ਉਨ੍ਹਾਂ ਸਿਰ ਬਾਰੇ ਦੱਸਿਆ ਸੀ ਕਿ ਜਦ ਤਲੀ ‘ਤੇ ਸਿਰ ਰੱਖ ਕੇ ਕੋਈ ਯੋਧਾ ਪ੍ਰਣ-ਪੂਰਤੀ ਲਈ, ਖੁਦ ਨੂੰ ਗੁਰੂ ਦੀ ਸ਼ਰਨ ਵਿਚ ਅਰਪਿਤ ਕਰਦਾ ਤਾਂ ਬਾਬਾ ਦੀਪ ਸਿੰਘ ਦੀ ਸ਼ਹਾਦਤ ਦੇ ਨਵੇਂ ਅਰਥ ਇਤਿਹਾਸ ਦੇ ਵਰਕੇ ‘ਤੇ ਧਰੇ ਜਾਂਦੇ; ਮਨੁੱਖੀ ਸ਼ਖਸੀਅਤ ਦੀਆਂ ਪਰਤਾਂ ਫੋਲਦਿਆਂ ਸਵਾਲ ਉਠਾਇਆ ਸੀ ਕਿ ਕਿਰਤ ਕਰਨ ਦਾ ਹੌਕਾ ਦੇਣ ਵਾਲੇ ਅਤੇ ਕਿਰਤੀਆਂ ਦੀ ਲੁੱਟ ਵਿਚੋਂ ਅਤਿ-ਆਧੁਨਿਕ ਦੁਨਿਆਵੀ ਸਹੂਲਤਾਂ ਮਾਣਦੇ ਤੇ ਐਸ਼ ਉਡਾਉਂਦੇ ਅਧਰਮੀ ਬਾਬੇ। ਹਥਲੇ ਲੇਖ ਵਿਚ ਡਾæ ਭੰਡਾਲ ਨੇ ਸਰੀਰ ਦੀ ਗਾਥਾ ਸੁਣਾਉਂਦਿਆਂ ਕਿਹਾ ਹੈ ਕਿ ਸਰੀਰ ਸਫਾਈ ਦਾ ਮੱਦਾਹ, ਸੁਥਰੇਪਣ ਦਾ ਆਸ਼ੀਆਨਾ। ਹਵਾ, ਪਾਣੀ, ਧਰਤ ਅਤੇ ਖਾਧ ਪਦਾਰਥਾਂ ਵਿਚਲੀ ਮਲੀਨਤਾ ਨੇ ਇਸ ਦੀਆਂ ਚੂਲਾਂ ਹਿਲਾ ਛੱਡੀਆਂ ਨੇ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਸਰੀਰ, ਰੂਹ-ਮੰਦਰ, ਸਾਹਾਂ ਦਾ ਰੈਣ-ਬਸੇਰਾ, ਅੰਦਰੂਨੀ ਜੀਵਨ-ਕਿਰਿਆਵਾਂ ਦੀ ਪ੍ਰਯੋਗਸ਼ਾਲਾ, ਅੰਗ-ਸਰਾਂ, ਅੰਤਰੀਵੀ ਰੁਝੇਵਿਆਂ ਦਾ ਓਹਲਾ ਅਤੇ ਜੀਵਨ-ਜੋਤ ਦਾ ਪਸਾਰ।
ਸਰੀਰ, ਜਿੰਦ-ਸਾਜ਼ ਜਿਸ ਦੀ ਸੰਗੀਤਕ ਫਿਜ਼ਾ ਵਿਚ ਮੋਹ-ਮਿਲਣੀਆਂ ਦੇ ਮੇਲੇ ਲੱਗਦੇ। ਬੇਸੁਰਾ ਹੋ ਜਾਵੇ ਤਾਂ ਹਰ ਕੋਈ ਦੂਰ ਜਾਂਦਾ। ਬੇਜਾਨ ਹੋ ਜਾਵੇ ਤਾਂ ਨੇੜੇ ਲੱਗਣ ਤੋਂ ਹਰ ਕੋਈ ਤ੍ਰਹਿੰਦਾ।
ਸਰੀਰ, ਸਪਰਸ਼, ਸਬੰਧਾਂ, ਸਾਂਝਾਂ, ਸਦਭਾਵਨਾ, ਸਾਧਨਾ ਅਤੇ ਸਮਰਪਣ ਦਾ ਸਬੱਬ। ਇਸ ਦੀਆਂ ਕਈ ਪਰਤਾਂ। ਸਰੀਰਕ ਸਬੰਧਾਂ ਤੋਂ ਆਤਮਿਕ ਸਬੰਧਾਂ ਤੀਕ ਦੀ ਪਗਡੰਡੀ। ਇਨਸਾਨੀਅਤ ਦੁਆਰ।
ਸਰੀਰ ਗੁਰਦੁਆਰਿਆਂ, ਮੰਦਿਰਾਂ, ਮਸੀਤਾਂ ਤੇ ਚਰਚਾਂ ਤੋਂ ਉਤਮ। ਇਸ ਦੀ ਪਾਕੀਜ਼ਗੀ ਵਿਚ ਵਸਦੀ ਕਾਇਨਾਤ ਅਤੇ ਸ਼ਫਾਫਤ ਵਿਚ ਮਾਨਵੀ-ਸੋਚ। ਇਸ ਦੇ ਪਵਿੱਤਰ ਸਰੋਕਾਰਾਂ ਦੌਰਾਨ, ਜੀਵਨ-ਅੰਗਾਂ ਨੂੰ ਆਪੋ-ਆਪਣੇ ਦਾਇਰਿਆਂ ਵਿਚ ਰਹਿਣ ਦੀ ਹਦਾਇਤ।
ਸਰੀਰਕ ਕੱਦ-ਕਾਠ, ਬਣਤਰ, ਮੁਹਾਂਦਰਾ, ਨਕਸ਼, ਰੰਗ-ਰੂਪ ਆਦਿ ਖਾਸ ਖਿੱਤੇ, ਕਿੱਤੇ, ਸਭਿਅਤਾ, ਸਭਿਆਚਾਰ, ਕੌਮ ਜਾਂ ਕਬੀਲੇ ਦੀ ਪਛਾਣ। ਅਸੀਂ ਕਿਸੇ ਦੀ ਸਰੀਰਕ ਦਿੱਖ ਤੋਂ ਉਸ ਦੀ ਪਛਾਣ ਦਾ ਅੰਦਾਜ਼ਾ ਸਹਿਜੇ ਹੀ ਲਾ ਸਕਦੇ।
ਸਰੀਰ, ਸਫਾਈ ਦਾ ਮੱਦਾਹ, ਸੁਥਰੇਪਣ ਦਾ ਆਸ਼ੀਆਨਾ। ਹਵਾ, ਪਾਣੀ, ਧਰਤ ਅਤੇ ਖਾਧ ਪਦਾਰਥਾਂ ਵਿਚਲੀ ਮਲੀਨਤਾ ਨੇ ਇਸ ਦੀਆਂ ਚੂਲਾਂ ਹਿਲਾ ਛੱਡੀਆਂ ਨੇ। ਪਰ ਇਸ ਦੇ ਸਿਰੜ ਨੂੰ ਸਲਾਮ ਜੋ ਆਖਰੀ ਸਾਹ ਤੀਕ ਕਰਦਾ ਏ ਕੰਮ ਅਤੇ ਕੰਮ ਆਉਣ ਦਾ ਏ ਇਤਮੀਨਾਨ।
ਸਰੀਰ, ਮਨੁੱਖੀ ਜਾਮਾ, ਉਛਾੜ, ਸਰੀਰਕ ਵਾੜ, ਚੋਭਾਂ ਤੇ ਚੋਟਾਂ ਨੂੰ ਫਟਕਾਰ, ਸੂਲਾਂ ਤੇ ਖੰਜਰਾਂ ਦੇ ਫੱਟਾਂ ਨੂੰ ਦੁਰਕਾਰ, ਸੰਭਾਵੀ ਹੋਣੀ ਲਈ ਤਿਆਰ-ਬਰ-ਤਿਆਰ ਅਤੇ ਖਤਰਿਆਂ ਤੋਂ ਰਹਿੰਦਾ ਏ ਖਬਰਦਾਰ।
ਸਰੀਰ, ਕਿਧਰੇ ਸਾਹਾਂ ਦੀ ਗਤੀ, ਕਦੇ ਖਾਧ ਪਦਾਰਥਾਂ ਦੀ ਪਾਚਨ ਕਿਰਿਆ ਦੀ ਨਿਗਰਾਨੀ, ਕਦੇ ਸੋਚ-ਸਰਗਮ ਦੀ ਧੜਕਣ, ਕਦੇ ਦਿਲ ਦੇ ਗੇੜ ਨੂੰ ਨਿਰੰਤਰ ਇਕਸਾਰ ਗਤੀ ਵਿਚ ਰਹਿਣ ਦਾ ਫੁਰਮਾਨ ਅਤੇ ਕਦੇ ਭੁੱਖ, ਪਿਆਸ, ਪਿਆਰ, ਮੋਹ, ਨਫਰਤ, ਖਾਹਿਸ਼ਾਂ, ਲਾਲਸਾਵਾਂ ਅਤੇ ਮਨੋਭਾਵਨਾਵਾਂ ਦਾ ਕੈਦੀ।
ਸਰੀਰ ਵਿਚ ਹੀ ਬੀਜੇ ਜਾਂਦੇ ਨਵੀਆਂ ਪੀੜ੍ਹੀਆਂ ਦੇ ਬੀਜ, ਪਨਪਦੀਆਂ ਰੀਝਾਂ, ਪੁੰਗਰਦੀਆਂ ਲਗਰਾਂ, ਫੁੱਲਾਂ ਭਰੀ ਚੰਗੇਰ ਦੀ ਦਸਤਕ ਅਤੇ ਫਲਾਂ ਨਾਲ ਲਿੱਫ ਜਾਂਦੀਆਂ ਲਚਕਦਾਰ ਟਾਹਣੀਆਂ। ਸਰੀਰ ਸੁੱਚਾ ਹਰਫ, ਜਿਸ ਦੇ ਵਸੀਹ ਅਰਥਾਂ ਵਿਚ ਸਿਰਜਿਆ ਜਾਂਦਾ ਸਮਾਜ।
ਸਰੀਰ ‘ਤੇ ਕਾਹਦਾ ਮਾਣ ਅਤੇ ਕਾਹਦਾ ਭਰੋਸਾ? ਕਿਹੜਾ ਚਾਅ ਅਤੇ ਕਿਹੜਾ ਰੋਸਾ? ਜਰਵਾਣੇ, ਜਾਬਰ, ਗੁਰੂ-ਪੀਰ, ਫਕੀਰ, ਜੋਗੀ-ਭੋਗੀ ਆਦਿ ਸਭ ਸਰੀਰਕ ਮਿੱਟੀ ਦਾ ਭਾਰ ਹੀ ਢੋਂਦੇ। ਕੁਝ ਲੋਕ ਤਾਂ ਇਹ ਭੁੱਲ ਹੀ ਜਾਂਦੇ, “ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਹਾਡ।”
ਸਰੀਰ ਦਾ ਸਫਰ ਦੋ ਅਣੂਆਂ ਦੇ ਮਿਲਾਪ ਤੋਂ ਅਰੰਭ। ਜਿਉਂ ਜਿਉਂ ਇਹ ਵੱਧਦਾ, ਜਣਨੀ ਦੇ ਮਨ ਵਿਚ ਰੀਝਾਂ, ਚਾਵਾਂ ਅਤੇ ਭਾਵਾਂ ਦਾ ਇਕ ਅਸਗਾਹ ਸਮੁੰਦਰ ਤਾਰੀ ਹੁੰਦਾ। ਉਹ ਆਪਣੇ ਲਡਿੱਕੇ ਨਾਲ ਮਨ ਹੀ ਮਨ ਬਾਤਾਂ ਪਾਉਂਦੀ, ਭਵਿੱਖੀ ਨੈਣ ਨਕਸ਼ ਤਲਾਸ਼ਦੀ ਅਤੇ ਆਖਰ ਇਕ ਸਜੀਵ ਬੁੱਤ ਨੂੰ ਆਪਣੀ ਗੋਦੀ ਵਿਚ ਪਾ, ਦੁਨੀਆਂ ਦਾ ਸਭ ਤੋਂ ਉਤਮ ਕਾਰਜ ਨਿਭਾ ਸਕੂਨ ਦਾ ਸਿਖਰ ਛੋਂਹਦੀ। ਕੇਹਾ ਵਕਤ ਏ ਕਿ ਅਸੀਂ ਸਰੀਰਕ-ਜੀਵ ਨੂੰ ਅੰਗਾਂ ਦੀ ਪਛਾਣ ਦੇ ਰਾਹ ਪਾ ਕੇ ਸਮਾਜਿਕ ਅਸਾਵੇਂਪਣ ਵੱਲ ਤੁਰ ਰਹੇ ਹਾਂ ਅਤੇ ਅੰਗ ਨਿਰਧਾਰਤ ਕਰਕੇ ਕੁੱਖਾਂ ਨੂੰ ਕਤਲਗਾਹ ਬਣਾ ਦਿਤਾ ਏ।
ਉਮਰ ਨਾਲ ਅੰਗ ਮੋਕਲੇ ਹੋਣ ਦੇ ਨਾਲ-ਨਾਲ, ਸਰੀਰ ਦੇ ਨਕਸ਼ ਵੀ ਨਿਖਰਦੇ, ਇਨ੍ਹਾਂ ‘ਤੇ ਖੇੜਾ ਆਉਂਦਾ। ਜਵਾਨੀ ਦੀ ਦਹਿਲੀਜ਼ ‘ਤੇ ਪੈਰ ਧਰਦਿਆਂ ਮੁੱਛ-ਫੁੱਟ, ਅਲੂੰਈਂ ਦਾਹੜੀ, ਚੌੜੀ ਛਾਤੀ ਅਤੇ ਸੋਹਣਾ ਸੁਨੱਖਾ ਸਰੂਪ ਸਮਾਜਿਕ ਬਣਤਰ ਦਾ ਸੁਹੰਢਣਾ ਮੁਹਾਂਦਰਾ ਬਣ ਜਾਂਦਾ। ਇਹ ਪਹਾੜਾਂ ਨਾਲ ਆਢਾ ਲਾਉਂਦਾ, ਜੀਵਨ ਦੀਆਂ ਦੁਸ਼ਵਾਰੀਆਂ ਨੂੰ ਤੁੱਛ ਸਮਝਦਾ, ਨਵੇਂ ਸੁਪਨਿਆਂ ਦੀ ਤਸ਼ਬੀਹ ਬਣ ਨਵੇਂ ਕੀਰਤੀਮਾਨ ਸਿਰਜਦਾ। ਹੌਲੀ-ਹੌਲੀ ਢਲਦੇ ਪ੍ਰਛਾਵਿਆਂ ਦੀ ਰੁੱਤ ਦਸਤਕ ਦਿੰਦੀ। ਅੱਖਾਂ ਵਿਚ ਧੁੰਧਲਕਾ, ਪੈਰਾਂ ਵਿਚ ਅਸੰਤੁਲਨ ਤੇ ਹੱਥਾਂ ਵਿਚ ਡੰਗੋਰੀ ਥਮਾਈ ਜਾਂਦੀ। ਜੀਵਨ ਦੇ ਆਖਰੀ ਸਫਰ ਵਿਚ ਕੁੰਦਨ ਵਰਗਾ ਜੁੱਸਾ, ਕਰੰਗ ਬਣ, ਕਿਧਰੇ ਅਗਨੀ ਭੇਟ ਹੁੰਦਾ, ਕੋਈ ਇਸ ਨੂੰ ਖਵਾਜਾ ਪੀਰ ਦੇ ਹਵਾਲੇ ਕਰਦਾ ਅਤੇ ਕਿਸੇ ਨੂੰ ਦੋ ਗਜ਼ ਜਮੀਂ ਨਸੀਬ ਹੁੰਦੀ। ਕਿਸੇ ਲਈ ਨਹਿਰ ਨਿਕਾਰਾ, ਜੰਗਲੀ-ਪਰਛਾਵਾਂ, ਰੇਲ ਪਟੜੀ ਦੀ ਲਾਵਾਰਸੀ ਜਾਂ ਕਾਲ ਕੋਠੜੀ ਦਾ ਕਫਨ ਹੁੰਦਾ। ਮਨੁੱਖੀ ਸਰੀਰ ਹੀ ਅਜਿਹਾ ਜੋ ਮਰਨ ਉਪਰੰਤ ਕਿਸੇ ਕੰਮ ਦਾ ਨਹੀਂ ਰਹਿੰਦਾ। ਸਿਰਫ ਮਿੱਟੀ ਦੀ ਢੇਰੀ, ਮੜੀਆਂ ‘ਚ ਉਡਦੀ ਰਾਖ। ਇਸ ਤੋਂ ਜਾਨਵਰ ਹੀ ਚੰਗੇ ਜਿਨ੍ਹਾਂ ਦੇ ਸਰੀਰ ਮਰਨ ਉਪਰੰਤ ਵੀ ਮਨੁੱਖੀ ਲੋੜਾਂ ਦੀ ਪੂਰਤੀ ਕਰਦੇ। ਪਰ ਮਨੁੱਖ ਫਿਰ ਵੀ ਕੁਦਰਤੀ ਨਿਆਮਤਾਂ ਦਾ ਨਾ-ਸ਼ੁਕਰਾ। ‘ਤੇਰੇ ਹੱਡ ਵੀ ਨਾ ਕਿਸੇ ਕੰਮ ਆਉਣੇ, ਪਸ਼ੂਆਂ ਦਾ ਚੰਮ ਵਿਕਦਾ।’
ਕਮਾਏ ਹੋਏ ਸਰੀਰਾਂ ਤੋਂ ਮੱਖੀ ਤਿੱਲਕਦੀ। ਡੌਲਿਆਂ ਤੇ ਪੱਟਾਂ ਦੀਆਂ ਫਰਕਦੀਆਂ ਮੱਛਲੀਆਂ ਵਿਚ ਜੋਰ-ਪ੍ਰਦਰਸ਼ਨ। ਸਰੀਰ ‘ਤੇ ਪਾਏ ਟੈਟੂ, ਫੱਬਣ-ਫਬਾਉਣ ਦਾ ਸੌæਕ। ਵੀਣੀ ‘ਤੇ ਖੁਣਵਾਇਆ ਮਿੱਤਰਾਂ ਦਾ ਨਾਮ, ਚਿਰ-ਸਦੀਵੀ ਸਾਂਝ ਅਤੇ ਮੱਥੇ ‘ਤੇ ਖੁਣਵਾਇਆ ਚੰਦ, ਲਿਸ਼ਕਦਾ ਚੰਨ-ਸਿਰਨਾਵਾਂ। ਪਰ ਅਜੋਕੇ ਸਮੇਂ ਵਿਚ ਨਸ਼ਿਆਂ ਦੇ ਖਾਧੇ ਸਰੀਰਾਂ ਵਿਚ ਨਜ਼ਰ ਆਉਂਦੇ ਨੇ ਚਾਰੇ ਪਾਸੇ ਚਿੱਬ।
ਸਰੀਰਕ ਤੰਤੂ ਪ੍ਰਣਾਲੀ ਕਮਾਲ। ਨਿੱਕੀ ਜਿੰਨੀ ਚੋਭ, ਸੇਕ ਜਾਂ ਖਤਰੇ ਤੋਂ ਇਕਦਮ ਸੁਚੇਤ ਕਰਦੀ। ਸਵੈ-ਰੱਖਿਆ ਲਈ ਜੁਗਤ ਲੜਾਉਂਦੀ, ਹਰ ਅੰਗ ਨੂਂੰ ਬਚਾਉਂਦੀ ਅਤੇ ਆਫਤਾਂ ਨਾਲ ਪੰਜਾ ਲੜਾਉਂਦੀ। ਇਸ ਦੇ ਕਣ-ਕਣ ਵਿਚ ਸਿਗਨਲ ਸਿਸਟਮ, ਜਿਸ ਨਾਲ ਹਰ ਅੰਗ ਹਰਕਤ ਵਿਚ ਆ ਜਾਂਦਾ ਅਤੇ ਪੂਰਨ ਤਾਕਤ, ਹੌਂਸਲੇ ਤੇ ਸਿਰੜ ਨਾਲ ਆਪਣਾ ਧਰਮ ਨਿਭਾਉਂਦਾ।
ਸਰੀਰ, ਸਿਹਤ, ਸੁਹੱਪਣ, ਸੁੰਦਰਤਾ, ਸੀਰਤ, ਸੂਰਤ, ਸਮਰੱਥਾ, ਸਿਰੜ, ਸੰਭਾਵਨਾ ਅਤੇ ਸਫਲਤਾ ਦਾ ਸ਼ੀਸ਼ਾ। ਤੁਸੀਂ ਆਪਣੇ ਆਪ ਨੂੰ ਕਿੰਜ ਨਿਹਾਰਦੇ ਹੋ, ਕਿੰਜ ਸ਼ਿੰਗਾਰਦੇ ਹੋ ਅਤੇ ਕਿੰਜ ਦੁਲਾਰਦੇ ਹੋ, ਇਹ ਸਭ ਤੁਹਾਡੀ ਸਰੀਰਕ ਦਿੱਖ ਅਤੇ ਮੁਹਾਂਦਰੇ ਤੋਂ ਹੀ ਪ੍ਰਗਟ ਹੋ ਜਾਂਦਾ।
ਸਰੀਰ ਇਕ ਓਹਲਾ, ਪਰਦਾ ਜਾਂ ਮਕਾਨ ਜਿਸ ਵਿਚ ਪ੍ਰਵਾਨ ਚੜ੍ਹਦੇ, ਲਰਜ਼ਦੇ ਅਤੇ ਆਪਣੀ ਹੋਂਦ ਨੂੰ ਸਦੀਵਤਾ ਬਖਸ਼ਦਾ ਏ ਕਰਮ-ਤੰਤਰ। ਇਸ ਦੀ ਹੋਂਦ ਇਨ੍ਹਾਂ ਕਰਕੇ ਹੀ ਹੈ। ਜਦ ਕਰਮ-ਤੰਤਰ ਹੌਲੀ-ਹੌਲੀ ਨਕਾਰਾ, ਬੇਅਸਰ ਜਾਂ ਹੋਂਦ ਤੋਂ ਬੇਮੁਖ ਹੋਣ ਲੱਗ ਪਵੇ ਤਾਂ ਸਰੀਰ ਕਿਰਨਾ ਸ਼ੁਰੂ ਹੋ ਜਾਂਦਾ। ਇਸ ਦਾ ਕਾਰਨ ਸਰੀਰਕ ਅੰਗਾਂ ਵਿਚ ਪਿਆ ਵਿਗਾੜ ਹੋਵੇ, ਢਹਿੰਦੀ ਕਲਾ ਵਿਚ ਜਾ ਰਿਹਾ ਮਨ ਹੋਵੇ, ਤਨ-ਮਨ ਦੀ ਭੁੱਖਮਰੀ, ਸਾਹਾਂ ਤੋਂ ਮੋਹ-ਭੰਗ ਜਾਂ ਖੁਦ ਤੋਂ ਬੇਰੁਖੀ ਹੋਵੇ।
ਸਰੀਰਕ ਸੁੰਦਰਤਾ ਨਿਖਾਰਨ ਦੇ ਬੱਤੀ ਰਾਹ, ਅਨੇਕ ਸਾਧਨ, ਰਸਾਇਣ ਤੱਤ, ਖਾਧ ਪਦਾਰਥ। ਪਰ ਸਭ ਤੋਂ ਉਤਮ ਨਿਖਾਰ ਲਿਆਉਂਦੀ ਹੈ ਬਿਹਤਰ ਜੀਵਨ-ਸ਼ੈਲੀ, ਉਤਮ ਵਿਚਾਰ ਅਤੇ ਮਨ ਦੀ ਪਾਕੀਜ਼ਗੀ। ਇਹ ਹੀ ਸਰੀਰਕ ਪਾਕੀਜ਼ਗੀ ਤੇ ਪਵਿੱਤਰਤਾ ਦਾ ਸਬੱਬ।
ਸਰੀਰ ਨੂੰ ਆਪਣੇ ਹਰ ਅੰਗ ‘ਤੇ ਨਾਜ਼, ਕਿਉਂਕਿ ਇਸ ਦੀ ਸੁੰਦਰਤਾ ਵਿਚ ਹਰ ਅੰਗ ਦਾ ਆਪਣਾ ਮਹੱਤਵ। ਬੁਲੰਦ ਹੌਂਸਲੇ ਵਾਲੇ ਸ਼ਖਸ ਲਈ ਸਰੀਰਕ ਘਾਟ ਵੀ ਪੈਰਾਂ ਦਾ ਰੋੜਾ ਨਹੀਂ ਬਣਦੀ। ਕੁਦਰਤੀ ਜਾਂ ਗੈਰ-ਕੁਦਰਤੀ ਕਾਰਨਾਂ ਕਰਕੇ ਸਰੀਰਕ ਘਾਟ ਦਾ ਸ਼ਿਕਾਰ ਹੋਣ ਵਾਲਿਆਂ ਦੀ ਘਾਟ-ਪੂਰਤੀ ਲਈ ਕੁਦਰਤ ਦਾ ਵਿਲੱਖਣ ਵਰਤਾਰਾ। ਇਕ ਘਾਟ ਦੇ ਇਵਜ਼ ਵਿਚ ਕੁਦਰਤੀ ਹੀ ਉਸ ਦੀ ਅੰਤਰੀਵੀ ਕਾਰਜ-ਕੁਸ਼ਲਤਾ ਵਿਚ ਬਹੁਤ ਜ਼ਿਆਦਾ ਵਾਧਾ ਹੁੰਦਾ। ਇਸ ਕਰਕੇ ਅਪਾਹਜ ਲੋਕ ਆਪਣੀ ਸੋਚ ਦੀ ਬੁਲੰਦਗੀ ਅਤੇ ਹੌਂਸਲੇ ਦੀ ਪੁਖਤਗੀ ਨਾਲ ਅਜਿਹੇ ਸਿਰਨਾਵਿਆਂ ਦਾ ਸੁੱਚਾ ਹਰਫ ਬਣ ਜਾਂਦੇ ਜਿਨ੍ਹਾਂ ਲਈ ਪੂਰਨ ਸਰੀਰਾਂ ਵਾਲੇ ਅਹੁਲਦੇ ਹੀ ਰਹਿ ਜਾਂਦੇ। ਯਾਦ ਰੱਖਣਾ! ਮੰਜ਼ਿਲਾਂ ਮਿੱਥਣ ਵਾਲਿਆਂ ਲਈ ਸਰੀਰਕ ਅਪਾਹਜਤਾ ਦੇ ਕੋਈ ਅਰਥ ਨਹੀਂ ਹੁੰਦੇ। ਸਗੋਂ ਇਹ ਉਨ੍ਹਾਂ ਲਈ ਉਚੇਰੇ ਦਿਸਹੱਦਿਆਂ ਲਈ ਇਕ ਪੜੁੱਲ ਸਾਬਤ ਹੁੰਦੀਆਂ ਨੇ। ਸਰੀਰਕ ਅਪਾਹਜਤਾ ਨਾਲੋਂ ਬਹੁਤ ਜ਼ਿਆਦਾ ਖਤਰਨਾਕ ਹੀਣੀ, ਹੌਲਨਾਕ ਅਤੇ ਕਮੀਣੀ ਹੁੰਦੀ ਹੈ, ਸੋਚ ਤੇ ਕਰਮ ਦੀ ਅਪਾਹਜਤਾ।
ਸਰੀਰ ਖਰਾ ਜਾਂ ਖੋਟਾ ਹੈ, ਇਹ ਸਰੀਰ ਵਾਲੇ ‘ਤੇ ਨਿਰਭਰ ਕਰਦਾ। ਕੁਝ ਲੋਕ ਆਪਣੀ ਸਾਧਨਾ ਅਤੇ ਕਰਮਯੋਗਤਾ ਨਾਲ ਇਸ ਨੂੰ ਹੀਰਿਆਂ ਦੇ ਤੁੱਲ ਬਣਾ, ਅਮੁੱਲਤਾ ਦਾ ਹਰਫ ਬਣ ਜਾਂਦੇ ਜਦਕਿ ਕੁਝ ਇਸ ਨੂੰ ਕੱਖਾਂ ਤੋਂ ਹੌਲਾ ਬਣਾ, ਰੂੜੀਆਂ ‘ਤੇ ਉਡਦੀ ਖੇਹ ਬਣਾ ਧਰਦੇ।
ਸਰੀਰ ਦੀ ਸਿਹਤਮੰਦੀ ਦੇ ਤੁਸੀਂ ਖੁਦ ਜਿੰਮੇਵਾਰ। ਇਸ ਨੂੰ ਕਿਹੜੀ ਤਰਤੀਬ ਅਤੇ ਤਦਬੀਰ ਰਾਹੀਂ ਤੋਰਨਾ, ਇਹ ਤੁਹਾਡੇ ਸਰੋਕਾਰਾਂ ‘ਤੇ ਨਿਰਭਰ ਕਰਦਾ। ਦਰਅਸਲ ਸਰੀਰਕ ਤੰਦਰੁਸਤੀ ਪੰਜ ਬਾਹਰੀ ਇੰਦਰੀਆਂ ‘ਤੇ ਨਿਰਭਰ ਕਰਦੀ। ਬਾਹਰੀ ਇੰਦਰੀਆਂ ਨੂੰ ਸੰਤੁਲਿਤ ਤੇ ਸੰਤੋਖੇ ਰੂਪ ਵਿਚ ਵਰਤਣ ਵਾਲੇ ਇਸ ਦੀ ਸੁਯੋਗਤਾ ਨੂੰ ਨਵੇਂ ਦਿਸਹੱਦਿਆਂ ਤੀਕ ਲੈ ਜਾਂਦੇ ਜਦਕਿ ਇਨ੍ਹਾਂ ਇੰਦਰੀਆਂ ਦੇ ਰਸਾਂ-ਵਿਲਾਸਾਂ ਵਿਚ ਡੁੱਬ ਕੇ ਰਸਾਤਲ ਵਿਚ ਹੀ ਧਕੇਲੇ ਜਾਂਦੇ।
ਸਰੀਰ ਸਾਡੀ ਸੋਚ, ਸੁਆਦ, ਸੁਪਨੇ, ਸਕੂਨ, ਸਹਿਜ, ਸੰਤੋਖ ਅਤੇ ਸੰਪੂਰਨਤਾ ਦਾ ਦਾਇਰਾ। ਇਸ ਵਿਚ ਸੀਮਤ ਹੋ ਕੇ ਅਸੀਮਤ ਪ੍ਰਾਪਤੀਆਂ। ਇਸ ਤੋਂ ਨਾਬਰ ਹੋ ਕੇ ਦੁਸ਼ਵਾਰੀਆਂ ਦੀਆਂ ਖਾਈਆਂ।
ਸਰੀਰ ਨਾ ਸਥਿਰ, ਨਾ ਸਦੀਵ। ਆਖਰ ਮਿੱਟੀ ਨੇ ਮਿੱਟੀ ਬਣਨਾ ਪਰ ਮਿੱਟੀ ਵਿਚ ਮਿਲਣ ਤੋਂ ਪਹਿਲਾਂ ਇਸ ਦੀ ਸੁਯੋਗ ਵਰਤੋਂ ਨਾਲ ਨਰੋਈਆਂ ਪੈੜਾਂ ਸਿਰਜੀਆਂ ਜਾ ਸਕਣ ਤਾਂ ਇਸ ਦੇ ਨਕਸ਼ ਕਈ ਸਦੀਆਂ ਤੱਕ ਰਹਿੰਦੇ।
ਜਿਉਂਦਾ ਹੁੰਦਾ ਤਾਂ ਇਸ ਸਰੀਰ ਨੂੰ ਆਪਣੇ ਮੋਹ ਕਰਦੇ, ਢੁੱਕ ਢੁੱਕ ਕੇ ਕੋਲ ਬਹਿੰਦੇ, ਲਾਡ ਲਡਾਉਂਦੇ ਅਤੇ ਅਪਣੱਤ ਦਿਖਾਉਂਦੇ ਪਰ ਜਦ ਮਿੱਟੀ ਦੀ ਢੇਰੀ ਬਣ ਜਾਂਦਾ ਤਾਂ ਹਰ ਇਕ ਨੂੰ ਉਸੇ ਸਰੀਰ ਤੋਂ ਖੌਫ ਆਉਂਦਾ। ਪਰਿਵਾਰ ਦੀ ਕੋਸ਼ਿਸ਼ ਹੁੰਦੀ ਕਿ ਜਲਦੀ ਜਲਦੀ ਮਿੱਟੀ ਨੂੰ ਮਿੱਟੀ ਦੇ ਹਵਾਲੇ ਕਰਕੇ ਸੁਰਖਰੂ ਹੋਈਏ।
ਮਨੁੱਖ ਦੇ ਜਨਮ ਤੋਂ ਮੌਤ ਤੀਕ ਦੇ ਹਰ ਪੜਾਅ ਨੂੰ ਸੱਚਮਈ, ਸੁਹਜਮਈ ਅਤੇ ਸਮੁੱਚਮਈ ਰੂਪ ਵਿਚ ਬਿਆਨ ਕਰਦਿਆਂ ਗੁਰਬਾਣੀ ਦਾ ਫੁਰਮਾਨ ਹੈ, ‘ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ॥’ “ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਊਮੈ ਦੁਸਟੀ ਪਾਈ॥” ਜਾਂ “ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ॥” ਜਾਂ “ਹਉਮੈ ਸਭੁ ਸਰੀਰੁ ਹੈ ਹਊਮੈ ਓਪਤਿ ਹੋਇ॥” “ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ॥” “ਨੈਣ ਸ੍ਰਵਨ ਸਰੀਰੁ ਸਭੁ ਹਟਿਓ ਸਾਸੁ ਗਇਓ ਤਤ ਘਾਟ॥” ਅਤੇ ਅਖੀਰ ਵਿਚ “ਕਰ ਕੰਪਿ ਚਰਣ ਸਰੀਰੁ ਕੰਪੈ ਨੈਨ ਅੰਧੁਲੇ ਤਨੁ ਭਸਮ ਸੇ॥” ਆਖਰੀ ਮੁਕਾਮ ਮੁਕਾ, ਮਿੱਟੀ ਵਿਚ ਮਿੱਟੀ ਹੋ ਜਾਂਦੇ ਹਾਂ। ਕੀ ਅਸੀਂ ਗੁਰਬਾਣੀ ਦੇ ਇਸ ਸੂਖਮ ਤੇ ਸਦੀਵੀ ਸੱਚ ਨੂੰ ਆਪਣੇ ਅੰਤਰੀਵ ਵਿਚ ਉਤਾਰ, ਖੁਦ ਨੂੰ ਖੁਦ ਦੇ ਰੂ-ਬ-ਰੂ ਕੀਤਾ ਏ?
ਸ਼ਹੀਦ ਲਈ ਸਰੀਰ ਦੇ ਕੋਈ ਅਰਥ ਨਹੀਂ, ਸਿਰਫ ਮਿੱਟੀ ਹੈ। ਉਹ ਮਰਨ ਵਿਚੋਂ ਚਿਰੰਜੀਵ ਜਿਊਣਾ ਲੋਚਦੇ। ਪਰ ਡਰਪੋਕਾਂ ਲਈ ਮਰ-ਮਰ ਕੇ ਜਿਉਣਾ ਹੀ ਜੀਵਨ ਦਾ ਨਿਕਰਮਾ ਅਰਥ ਹੁੰਦਾ।
ਮਨੁੱਖੀ ਸਰੀਰ ਨੂੰ ਕਿਸੇ ਮਾਨਵੀ ਕਾਰਜ ਦੇ ਲੇਖੇ ਲਾਉਣ ਵਾਲੇ ਚੱਲਦੀ ਰੇਲ ਗੱਡੀ ਰੋਕਦੇ, ਜਾਬਰ ਧਾੜਾਂ ਦੇ ਮੁੱਖ ਮੋੜਦੇ, ਕੱਚੀ ਗੜ੍ਹੀ ਵਿਚੋਂ ਮੌਤ ਲਈ ਅਹੁਲਦੇ, ਅੱਡੀਆਂ ਚੁੱਕ ਕੇ ਕੰਧਾਂ ਨੂੰ ਹਾਣੀ ਬਣਾ, ਜੋੜੀਆਂ ਬਣ ਕੇ ਸ਼ਹਾਦਤ ਦਾ ਜਾਮ ਪੀਂਦੇ।
ਕੁਝ ਲੋਕ ਆਪਣੇ ਮ੍ਰਿਤਕ ਸਰੀਰ ਨੂੰ ਚੰਗੇਰੇ ਲੇਖੇ ਲਾਉਣ ਲਈ ਆਪਣੇ ਅੰਗ ਲੋੜਵੰਦਾਂ ਨੂੰ ਦਾਨ ਕਰਕੇ, ਕਈਆਂ ਨੂੰ ਜੀਵਨ ਦਾਨ ਦੇ ਜਾਂਦੇ। ਉਨ੍ਹਾਂ ਦੇ ਅੰਗ ਮਰ ਕੇ ਜਿਉਂਦੇ ਰਹਿੰਦੇ।
ਜਦ ਸਰੀਰ ‘ਹਰਿ ਮੰਦਰ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥’ ਦਾ ਰੂਪ ਬਣ ਜਾਵੇ ਤਾਂ ਕਰਮ-ਧਰਮ ਵਿਚਲੀ ਇਕਸੁਰਤਾ, ਮਾਨਵਤਾ ਦੇ ਮੁਹਾਂਦਰੇ ਨੂੰ ਸੂਰਜੀ ਭਾਅ ਨਾਲ ਚਮਕਾ ਦਿੰਦੀ ਏ।
ਜੇ ਸਰੀਰ, ਸੀਰਤ-ਸੂਰਤ ਦਾ ਮਘਦਾ ਸੂਰਜ ਹੋਵੇ ਤਾਂ ਚੌਗਿਰਦੇ ਵਿਚ ਛਾਈਆਂ ਕਾਲੀਆਂ ਪਰਤਾਂ ਹੌਲੀ ਹੌਲੀ ਦੂਰ ਹੁੰਦੀਆਂ, ਜੀਵਨ ਰਾਹ ‘ਚ ਚਾਨਣ ਫੈਲਦਾ, ਜੀਵਨ ਪੈੜਾਂ ‘ਤੇ ਟਿਕਾਏ ਜਾਂਦੇ ਸਾਬਤ ਕਦਮਾਂ ਨੂੰ ਦੂਰ ਦਿਸਹੱਦਿਆਂ ਦਾ ਸਿਰਨਾਵਾਂ ਬਣਨ ਦਾ ਮਾਣ ਮਿਲਦਾ। ਅਜਿਹੇ ਸੂਖਮ ਸਰੋਕਾਰਾਂ ਨਾਲ ਸਰਸ਼ਾਰੇ ਸਰੀਰਾਂ ਦੀ ਸੁੰਦਰਤਾ ਨੂੰ ਸਲਾਮ।
ਆਮੀਨ।