ਬਲਵੰਤ ਗਾਰਗੀ ਦੀ ਬਾਤ ਪਾਉਂਦਿਆਂ

ਪੰਜਾਬੀ ਵਿਚ ਠੁੱਕਦਾਰ ਰਚਨਾਵਾਂ ਦੇਣ ਵਾਲੇ ਲਿਖਾਰੀ ਬਲਵੰਤ ਗਾਰਗੀ (4 ਦਸੰਬਰ 1916-22 ਅਪਰੈਲ 2003) ਦਾ ਰੰਗ ਸੱਚਮੁੱਚ ਨਿਵੇਕਲਾ ਸੀ। ਉਸ ਦੀ ਮੁੱਖ ਪਛਾਣ ਭਾਵੇਂ ਨਾਟਕਕਾਰ ਵਜੋਂ ਬਣੀ, ਪਰ ਕਹਾਣੀ, ਵਾਰਤਕ ਆਦਿ ਲਿਖਣ ਵਿਚ ਵੀ ਉਹ ਚੋਟੀ ਦੇ ਲੇਖਕਾਂ ਦੇ ਬਰਾਬਰ ਤੁਲਦਾ ਸੀ। ਮੰਨਿਆ ਜਾਂਦਾ ਹੈ ਕਿ ਪੰਜਾਬੀ ਵਿਚ ਉਸ ਵਰਗਾ ਕੋਈ ਹੋਰ ਨਾਟਕਕਾਰ ਨਹੀਂ। ਪੰਜਾਬੀ ਵਿਚ ਰੇਖਾ ਚਿੱਤਰ ਉਸ ਦੀ ਬਦੌਲਤ ਹੀ ਪ੍ਰਵਾਨ ਚੜ੍ਹੇ।

ਇਨ੍ਹਾਂ ਰਚਨਾਵਾਂ ਲਈ ਭਾਵੇਂ ਉਸ ਨੇ ਮਹਾਨ ਉਰਦੂ ਲਿਖਾਰੀ ਸਆਦਤ ਹਸਨ ਮੰਟੋ ਤੋਂ ਪ੍ਰੇਰਣਾ ਲਈ, ਪਰ ਉਸ ਦੇ ਲਿਖੇ ਰੇਖਾ ਚਿੱਤਰਾਂ ਵਿਚ ਬਹੁਤ ਕੁਝ ਉਸ ਦਾ ਆਪਣਾ ਸੀ ਜਿਸ ਕਾਰਨ ਤੁਰੰਤ ਉਸ ਦੀ ਪੈਂਠ ਬਣ ਗਈ। ਇਹ ਵੱਖਰੀ ਗੱਲ ਹੈ ਕਿ ਉਸ ਦੇ ਰੇਖਾ ਚਿੱਤਰਾਂ ਨੇ ਵਿਵਾਦ ਵੀ ਬਥੇਰੇ ਪੈਦਾ ਕੀਤੇ। ਜਿਵੇਂ ਉਸ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਰੇਖਾ ਚਿਤਰ ਲਿਖੇ, ਇਵੇਂ ਹੋਰ ਲਿਖਾਰੀਆਂ ਨੇ ਵੀ ਉਸ ਦੀ ਸ਼ਖਸੀਅਤ ਦੇ ਵੱਖ-ਵੱਖ ਪੱਖਾਂ ਨੂੰ ਉਭਾਰਦੇ ਰੇਖਾ ਚਿੱਤਰ ਲਿਖੇ। ਗਾਰਗੀ ਦਾ 1962 ਵਿਚ ਸਾਹਿਤ ਅਕਾਦਮੀ ਪੁਰਸਕਾਰ ਅਤੇ 1972 ਵਿਚ ਪਦਮਸ੍ਰੀ ਅਵਾਰਡ ਨਾਲ ਸਨਮਾਨ ਕੀਤਾ ਗਿਆ। ਗਾਰਗੀ ਦੀ ਜਨਮ ਸ਼ਤਾਬਦੀ ਮੌਕੇ ਉਘੇ ਲਿਖਾਰੀ ਪ੍ਰਿੰæ ਸਰਵਣ ਸਿੰਘ ਨੇ ਗਾਰਗੀ ਬਾਰੇ ਲੰਮਾ ਲੇਖ ‘ਬਲਵੰਤ ਗਾਰਗੀ ਦੀ ਬਾਤ ਪਾਉਂਦਿਆਂ’ ਪੰਜਾਬ ਟਾਈਮਜ਼ ਲਈ ਭੇਜਿਆ ਹੈ ਜੋ ਅਸੀਂ ਇਸ ਅੰਕ ਤੋਂ ਲੜੀਵਾਰ ਛਾਪ ਰਹੇ ਹਾਂ। -ਸੰਪਾਦਕ

ਪ੍ਰਿੰæ ਸਰਵਣ ਸਿੰਘ
ਫੋਨ: 905-799-1661
ਇਕ ਸੀ ਬਲਵੰਤ ਗਾਰਗੀ। ਇਕ ਸੀ ਜੀਨੀ ਹੈਨਰੀ। ਬਲਵੰਤ ਗਾਰਗੀ ਦਾ ਖਾਨਦਾਨੀ ਨਾਂ ਸੀ ਬਲਵੰਤ ਰਾਏ ਗਰਗ ਤੇ ਜੀਨੀ ਦਾ ਸੀ ਜੀਨੀ ਅਲੈਗਜ਼ੈਂਡਰ ਹੈਨਰੀ। ਬਲਵੰਤ ਦਾ ਜਨਮ 4 ਦਸੰਬਰ 1916 ਨੂੰ ਬਾਣੀਆ ਪਰਿਵਾਰ ਵਿਚ ਸ਼ਿਵ ਚੰਦ ਦੇ ਘਰ ਹੋਇਆ। ਜੀਨੀ ਬਲਵੰਤ ਤੋਂ 21 ਸਾਲ ਬਾਅਦ ਅਮਰੀਕਾ ਦੇ ਅਲੈਗਜ਼ੈਂਡਰ ਪਰਿਵਾਰ ਵਿਚ ਜੰਮੀ ਸੀ। ਬਲਵੰਤ ਬਠਿੰਡੇ ਦਾ ਮਲਵਈ ਤੇ ਜੀਨੀ ਸਿਆਟਲ ਦੀ Ḕਮਰੀਕਨ। ਜਿਵੇਂ ਇੰਦਰ ਬਾਣੀਏ ਤੇ ਬੇਗੋ ਨਾਰ ਦਾ ਮੇਲ ਲਾਹੌਰ ਵਿਚ ਹੋਇਆ, ਉਵੇਂ ਬਲਵੰਤ ਬਾਣੀਏ ਤੇ ਜੀਨੀ ਨਾਰ ਦਾ ਮੇਲ ਸਿਆਟਲ ਵਿਚ। ਇੰਦਰ ਤੇ ਬੇਗੋ ਇਸ਼ਕ ਦੇ ਪੱਟੇ ਰਾਵੀ ਵਿਚ ਛਾਲਾਂ ਮਾਰ ਗਏ ਤੇ ਆਸ਼ਕਾਂ-ਮਸ਼ੂਕਾਂ ‘ਚ ਨਾਂ ਲਿਖਾ ਕੇ ਅਮਰ ਹੋ ਗਏ। ਕਿੱਸਾਕਾਰਾਂ ਨੇ ਕਿੱਸੇ ਲਿਖੇ: ਬੇਗੋ ਨਾਰ ਤੇ ਇੰਦਰ ਬਾਣੀਆ। ਬਲਵੰਤ ਤੇ ਜੀਨੀ ਇਸ਼ਕ ਵਿਚ ਪੱਟੇ ਤਾਂ ਗਏ ਪਰ ਅਮਰ ਨਹੀਂ ਹੋ ਸਕੇ। ਆਪਣਾ ਤੇ ਜੀਨੀ ਨਾਰ ਦਾ ਕਿੱਸਾ ਬਲਵੰਤ ਗਾਰਗੀ ਨੂੰ ਆਪ ਲਿਖਣਾ ਪਿਆ: ਨੰਗੀ ਧੁੱਪ।
ਜੀਨੀ ਨਾਲ ਮੇਲ ਹੋਣ ਵੇਲੇ ਬਲਵੰਤ ਗਾਰਗੀ ਪੰਜਾਹ ਸਾਲਾਂ ਦਾ ਹੋਣ ਲੱਗਾ ਸੀ ਤੇ ਜੀਨੀ ਉਣੱਤੀ ਸਾਲਾਂ ਨੂੰ ਢੁੱਕਣ ਲੱਗੀ ਸੀ। ਇਕ ਪਾਸੇ ਛਮਕ ਜਿਹੀ ਜੀਨੀ, ਦੂਜੇ ਪਾਸੇ ਉਮਰੋਂ ਢਲਿਆ ਗਾਰਗੀ। ਕੱਦ ਕਾਠ ਤੇ ਸ਼ਕਲ ਸੂਰਤ ਵੱਲੋਂ ਵੀ ਉਨ੍ਹਾਂ ਦਾ ਕੋਈ ਮੇਲ ਨਹੀਂ ਸੀ। ਗਾਰਗੀ ਦਾ ਕੱਦ ਸਵਾ ਪੰਜ ਫੁੱਟ ਸੀ ਤੇ ਜੀਨੀ ਦਾ ਪੌਣੇ ਛੇ ਫੁੱਟ। ਰੰਗ ਵੀ ਗਾਰਗੀ ਦਾ ਰਤਾ ਸਾਂਵਲਾ ਸੀ ਜਦ ਕਿ ਜੀਨੀ ਗੋਰੀ ਨਿਛੋਹ। ਗਾਰਗੀ ਦੇ ਨੈਣ-ਨਕਸ਼ ਮੋਟੇ-ਠੁੱਲ੍ਹੇ, ਜੀਨੀ ਦੇ ਤਿੱਖੇ-ਤਰਾਸ਼ੇ। ਜਿਵੇਂ ਕਹਿੰਦੇ ਨੇ ਇਸ਼ਕ ਅੰਨ੍ਹਾ ਹੁੰਦੈ, ਉਵੇਂ ਇਸ਼ਕ ਨੇ ਉਨ੍ਹਾਂ ਨੂੰ ਵੀ ਅੰਨ੍ਹਾ ਕਰ ਦਿੱਤਾ ਤੇ ਉਨ੍ਹਾਂ ਨੇ 1966 ਵਿਚ ਸਿਆਟਲ ‘ਚ ਵਿਆਹ ਕਰਵਾ ਲਿਆ।
ਜਦੋਂ ਵਿਆਹ ਟੁੱਟਾ ਤਾਂ ਗਾਰਗੀ ਨੇ ਸਵੈਜੀਵਨਕ ਨਾਵਲ Ḕਨੰਗੀ ਧੁੱਪḔ ਵਿਚ ਲਿਖਿਆ ਕਿ ਸਿਆਟਲ ‘ਚ ਮੇਰੇ ਤਿੰਨ ਇਸ਼ਕ ਚੱਲ ਰਹੇ ਸਨ। ਮੈਨੂੰ ਸਮਝ ਨਹੀਂ ਸੀ ਆ ਰਹੀ, ਬਈ ਕੀਹਨੂੰ ਨਾਂਹ ਕਰਾਂ, ਕੀਹਨੂੰ ਹਾਂ ਤੇ ਕੀਹਨੂੰ ਲਾਰਾ ਲਾਵਾਂ? ਆਖ਼ਰ ਤਿੰਨਾਂ ‘ਚੋਂ ਜੀਨੀ ਦਾ ਗੁਣਾ ਪੈ ਗਿਆ। ਉਹਨੂੰ ਉਹ ਜੀਨੀ ਹੈਨਰੀ ਤੋਂ ਜੀਨੀ ਗਾਰਗੀ ਬਣਾ ਕੇ ਦਿੱਲੀ ਲੈ ਆਇਆ। ਸਿਆਟਲ ਵਿਚ ਦੋ ਜਣੀਆਂ ਹਉਕੇ ਲੈਂਦੀਆਂ ਰਹਿ ਗਈਆਂ। ਵੈਨਕੂਵਰ ਰਹਿੰਦੇ ਪੰਜਾਬੀ ਕਵੀ ਗੁਰਚਰਨ ਰਾਮਪੁਰੀ ਨੇ ਦੱਸਿਆ ਕਿ ਗਾਰਗੀ ਦੀ ਮਾਸ਼ੂਕਾ ਮਾਸ਼ਾ ਅਜੇ ਵੀ ਉਹਤੋਂ ਬਲਵੰਤ ਦਾ ਹਾਲ ਚਾਲ ਪੁੱਛਦੀ ਹੈ। ਉਹਦੇ ਦੱਸਣ ਮੂਜਬ ਮਾਸ਼ਾ ਨੂੰ ਗਾਰਗੀ ਨਾਲ ਸੱਚਾ ਪਿਆਰ ਸੀ, ਪਰ ਜੀਨੀ ਉਹਦੇ ਉਤੋਂ ਦੀ ਪੈ ਗਈ।
1964-66 ਦਰਮਿਆਨ ਗੁਰਚਰਨ ਰਾਮਪੁਰੀ ਵੈਨਕੂਵਰ ਤੋਂ ਗਾਰਗੀ ਕੋਲ ਅਕਸਰ ਜਾਂਦਾ ਰਹਿੰਦਾ। ਉਹ ਗਾਰਗੀ ਦੇ ਇਸ਼ਕਾਂ ਦਾ ਚਸ਼ਮਦੀਦ ਗਵਾਹ ਹੈ। ਉਨ੍ਹਾਂ ਦੀ ਦੋਸਤੀ 50ਵਿਆਂ ਦੀ ਅਮਨ ਲਹਿਰ ਵੇਲੇ ਤੋਂ ਸੀ। ਉਨ੍ਹਾਂ ਵੇਲਿਆਂ ਵਿਚ ਸਟੇਜਾਂ ਉਤੇ ਰਾਮਪੁਰੀ ਕਵਿਤਾਵਾਂ ਪੜ੍ਹਦਾ ਤੇ ਗਾਰਗੀ ਦੇ ਨਾਟਕ ਖੇਡੇ ਜਾਂਦੇ। ਰਾਮਪੁਰੀ ਦਿੱਲੀ ਜਾਂਦਾ ਤਾਂ ਗਾਰਗੀ ਕੋਲ ਠਹਿਰਦਾ। ਦਿੱਲੀ ਦੀ ਦੋਸਤੀ ਸਿਆਟਲ ਤਕ ਨਿਭੀ।
ਬਲਵੰਤ ਗਾਰਗੀ ਅਮਰੀਕਾ ਦੀ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਦਾ ਵਿਜ਼ਟਿੰਗ ਪ੍ਰੋਫ਼ੈਸਰ ਬਣ ਕੇ ਸਿਆਟਲ ਗਿਆ ਤਾਂ ਉਹਦਾ ਰਾਬਤਾ ਮੁੜ ਗੁਰਚਰਨ ਰਾਮਪੁਰੀ ਨਾਲ ਜੁੜ ਗਿਆ ਜੋ ਉਸ ਤੋਂ ਕੁਝ ਮਹੀਨੇ ਬਾਅਦ ਵੈਨਕੂਵਰ ਪਹੁੰਚਿਆ ਸੀ। ਵੀਕ ਐਂਡ ਦੀ ਸ਼ਾਮ ਕੰਮ ਤੋਂ ਵਿਹਲਾ ਹੋ ਕੇ ਰਾਮਪੁਰੀ ਸਰੀ ਦੇ ਕਿਸੇ ਦੇਸੀ ਸਟੋਰ ਤੋਂ ਹਰੀਆਂ ਮਿਰਚਾਂ, ਹਰਾ ਧਨੀਆਂ, ਤਾਜ਼ਾ ਸਬਜ਼ੀ ਭਾਜੀ ਅਤੇ ਆਟਾ ਦਾਲ ਖਰੀਦਦਾ ਤੇ ਰੇਲ ਗੱਡੀ ‘ਤੇ ਸਿਆਟਲ ਪੁੱਜ ਜਾਂਦਾ। ਦੋ ਢਾਈ ਘੰਟਿਆਂ ਦੀ ਵਾਟ ਸੀ, ਪੰਜ ਛੇ ਡਾਲਰ ਕਿਰਾਇਆ ਸੀ। ਗਾਰਗੀ ਉਹਨੂੰ ਰੇਲਵੇ ਸਟੇਸ਼ਨ ਤੋਂ ਲੈਣ ਆ ਜਾਂਦਾ। ਉਥੇ ਉਹਦਾ ਇਕ ਪਹਾੜੀ ਢਲਾਣ ਉਤੇ ਕਿਰਾਏ ‘ਤੇ ਲਿਆ ਫਲੈਟ ਸੀ ਜਿਥੋਂ ਸਿਆਟਲ ਦੀ ਸਪੇਸ ਨੀਡਲ ਤੇ ਝੀਲ ਦਾ ਨਜ਼ਾਰਾ ਬੜਾ ਹੁਸੀਨ ਦਿਸਦਾ। ਰਾਤ ਨੂੰ ਇੰਜ ਲੱਗਦਾ ਜਿਵੇਂ ਅੰਬਰ ਦੇ ਤਾਰੇ ਧਰਤੀ ‘ਤੇ ਉਤਰ ਆਏ ਹੋਣ। ਉਥੇ ਉਹ ਬੀਅਰਾਂ ਪੀਂਦੇ, ਮਾਹਾਂ ਦੀ ਦਾਲ ਨੂੰ ਹਰੀਆਂ ਮਿਰਚਾਂ ਦਾ ਮਸਾਲੇਦਾਰ ਤੜਕਾ ਲਾਉਂਦੇ, ਧਨੀਏ ਦੇ ਖੁਸ਼ਬੂਦਾਰ ਪੱਤੇ ਭੁਕਦੇ ਅਤੇ ਆਟਾ ਗੁੰਨ੍ਹ ਕੇ ਬੀਅਰ ਦੀ ਬੋਤਲ ਨਾਲ ਰੋਟੀਆਂ ਵੇਲਦੇ। ਨਾਲੋ ਨਾਲ ਰਾਮਪੁਰ, ਬਠਿੰਡੇ ਤੇ ਦਿੱਲੀ ਦੀਆਂ ਗੱਲਾਂ ਕਰਦੇ। ਗਾਰਗੀ ਆਪਣੇ ਨਵੇਂ ਇਸ਼ਕ ਦੀਆਂ ਗੱਲਾਂ ਮਸਾਲੇ ਲਾ ਕੇ ਸੁਣਾਉਂਦਾ। ਇਹ ਉਹਦੀ ਲਾਹੌਰ ਤੇ ਦਿੱਲੀ ਤੋਂ ਬਣੀ ਆਦਤ ਸੀ। ਪਹਿਲਾਂ ਉਹਨੇ ਆਪਣੇ ਨਾਂ ਨਾਲ ਗੋਰਕੀ ਜੋੜਨਾ ਚਾਹਿਆ, ਫਿਰ ਆਪਣੇ ਗੋਤ ਗਰਗ ਨੂੰ ਮਸਾਲਾ ਲਾ ਕੇ ਕੁੜੀਆਂ ਵਾਲਾ ਨਾਂ ਗਾਰਗੀ ਬਣਾ ਲਿਆ। ਫਿਰ ਨਾਟਕਾਂ, ਨਾਵਲਾਂ, ਕਹਾਣੀਆਂ, ਰੇਖਾ ਚਿਤਰਾਂ, ਖੋਜ ਪੱਤਰਾਂ ਤੇ ਸਿਆਟਲ ਦੇ ਇਸ਼ਕਾਂ-ਸਭ ਕਾਸੇ ਨੂੰ ਮਸਾਲਾ ਲੱਗਦਾ ਗਿਆ ਤੇ ਉਹ ਮਸਾਲੇਦਾਰ ਸਾਹਿਤਕਾਰ ਬਣ ਗਿਆ। ਅਵੱਲੇ ਨਾਂ ਨਾਲ ਫਿਰ ਅਵੱਲੀਆਂ ਗੱਲਾਂ ਜੁੜਦੀਆਂ ਗਈਆਂ।
ਇਕ ਵਾਰ ਗਾਰਗੀ ਤੇ ਮਾਸ਼ਾ ਰਾਮਪੁਰੀ ਨੂੰ ਮਿਲਣ ਵੈਨਕੂਵਰ ਗਏ। ਮਾਸ਼ਾ ਕਾਰ ਚਲਾ ਰਹੀ ਸੀ। ਬਾਰਡਰ ਵਾਲਿਆਂ ਨੇ ਕੈਨੇਡਾ ਦੀ ਐਂਟਰੀ ਵੇਲੇ ਉਹਦੇ ਨਾਲ ਬੈਠੇ ਇੰਡੀਅਨ ਗਾਰਗੀ ਦਾ ਨੋਟਿਸ ਨਾ ਲਿਆ, ਪਰ ਜਦ ਵਾਪਸ ਮੁੜਨ ਲਈ ਬਾਰਡਰ ਲੰਘਣ ਲੱਗੇ ਤਾਂ ਅਗਲਿਆਂ ਨੇ ਗਾਰਗੀ ਨੂੰ ਡੱਕ ਲਿਆ। ਦਲੀਲਾਂ ਤੇ ਮਿੰਨਤਾਂ ਤਰਲੇ ਕਿਸੇ ਕੰਮ ਨਾ ਆਏ। ਮੁੜ ਕੇ ਗੁਰਚਰਨ ਰਾਮਪੁਰੀ ਕੋਲ ਜਾਣਾ ਪਿਆ। ਰਾਮਪੁਰੀ ਨੇ ਇੰਡੀਅਨ ਅੰਬੈਸੀ ਦੇ ਅਫ਼ਸਰ ਮਿਸਟਰ ਧਵਨ ਤਕ ਪਹੁੰਚ ਕੀਤੀ। ਧਵਨ ਵਿਚਾਰਾ ਕੀ ਕਰਦਾ? ਉਸ ਨੇ ਗਾਰਗੀ ਨੂੰ ਵਾਸ਼ਿੰਗਟਨ ਯੂਨੀਵਰਸਿਟੀ, ਸਿਆਟਲ ਦੇ ਚਾਂਸਲਰ ਦੀ ਮਦਦ ਲੈਣ ਦਾ ਸੁਝਾਅ ਦਿੱਤਾ। ਚਾਂਸਲਰ ਦੇ ਵਿਚ ਪੈਣ ਨਾਲ ਗਾਰਗੀ ਨੂੰ ਅਮਰੀਕਾ ਦਾ ਬਾਰਡਰ ਲੰਘਾ ਲਿਆ ਗਿਆ, ਪਰ ਨਾਲ ਹਦਾਇਤ ਹੋ ਗਈ ਕਿ ਮੁੜ ਕੇ ਅਜਿਹੀ ਗ਼ਲਤੀ ਕੀਤੀ ਤਾਂ ਅਮਰੀਕਾ ‘ਚ ਕਦੇ ਵੀ ਨਹੀਂ ਵੜਨ ਦਿੱਤਾ ਜਾਵੇਗਾ।
ਉਂਜ ਜੇ ਉਦੋਂ ਹੀ ਗਾਰਗੀ ਨੂੰ ਅਮਰੀਕਾ ਵਿਚ ਨਾ ਵੜਨ ਦਿੱਤਾ ਜਾਂਦਾ ਤਾਂ ਜੀਨੀ ਹੈਨਰੀ, ਜੀਨੀ ਗਾਰਗੀ ਬਣਨ ਤੋਂ ਬਚ ਜਾਂਦੀ! ਨਾ ਉਨ੍ਹਾਂ ਦਾ ਵਿਆਹ ਹੁੰਦਾ, ਨਾ ਤਲਾਕ ਹੁੰਦਾ ਤੇ ਨਾ Ḕਨੰਗੀ ਧੁੱਪḔ ਦਾ ਕਿੱਸਾ ਲਿਖਿਆ ਜਾਂਦਾ। ਹੋ ਸਕਦੈ ਫਿਰ ਉਹਦਾ ਵਿਆਹ ਉਹਦੀ ਪਹਿਲੀ ਪ੍ਰੇਮਿਕਾ ਮਾਸ਼ਾ ਨਾਲ ਹੀ ਹੁੰਦਾ, ਪਰ ਗੱਲ ਤਾਂ ਨਾਟਕੀ ਹੋਣੀ ਦੀ ਸੀ!
ਗੁਰਚਰਨ ਰਾਮਪੁਰੀ ਦੱਸਦਾ ਹੈ ਕਿ ਉਹ ਗਾਰਗੀ ਤੇ ਜੀਨੀ ਦੇ ਵਿਆਹ ਵਿਚ ਸ਼ਾਮਲ ਹੋਇਆ ਸੀ। ਬਠਿੰਡੇ ਤੋਂ ਉਹਦਾ ਇਕ ਭਰਾ ਵੀ ਵਿਆਹ ਦੀ ਸਮੱਗਰੀ ਲੈ ਕੇ ਸਿਆਟਲ ਪੁੱਜਾ ਸੀ ਜਿਸ ਵਿਚ ਮਹਿੰਦੀ, ਸੰਧੂਰ, ਚੂੜਾ ਤੇ ਸੁਹਾਗ ਪਟਾਰੀ ਵਗੈਰਾ ਸਨ। ਵਿਆਹ ਸਾਦਾ ਸੀ। ਅਚਲਾ ਸੱਚਦੇਵ ਦਾ ਪਤੀ ਗਿਆਨ ਸੱਚਦੇਵ ਵੀ ਵਿਆਹ ਵਿਚ ਸ਼ਾਮਲ ਹੋਇਆ। ਦਿੱਲੀ ‘ਚ ਅਚਲਾ ਤੇ ਗਾਰਗੀ ਦੇ ਵਿਆਹ ਦੀ ਅਫ਼ਵਾਹ ਉਡਦੀ ਰਹੀ ਸੀ, ਪਰ ਗਾਰਗੀ ਨੇ ਲੱਤ ਨਹੀਂ ਸੀ ਲਾਈ। ਉਹ ਅਸਲ ‘ਚ ਲੱਤ ਲਾਉਣ ਦੀ ਥਾਂ ਹਰ ਥਾਂ ਮਸਾਲਾ ਲਾਉਣ ਦਾ ਮਾਹਰ ਸੀ ਤੇ ਆਦਤ ਫੁੱਲਾਂ ‘ਤੇ ਮੰਡਰਾਉਣ ਵਾਲੇ ਭੌਰਿਆਂ ਜਿਹੀ ਸੀ। ਆਖ਼ਰ ਅਚਲਾ ਨੇ ਗਿਆਨ ਸੱਚਦੇਵ ਨਾਲ ਵਿਆਹ ਕਰਾ ਲਿਆ।
ਗਾਰਗੀ ਆਪਣੇ ਸਵੈਚਿੱਤਰ ਵਿਚ ਲਿਖਦੈ, “ਗਾਰਗੀ ਪਹਿਲਾ ਲੇਖਕ ਹੈ ਜਿਸ ਉਤੇ ਸੋਹਣੀਆਂ ਕੁੜੀਆਂ ਨੇ ਇਤਬਾਰ ਕੀਤਾ। ਆਮ ਤੌਰ ‘ਤੇ ਪੰਜਾਬੀ ਲੇਖਕ ਤੇ ਸੋਹਣੀ ਕੁੜੀ ਦਾ ਘੱਟ ਹੀ ਮੇਲ ਹੁੰਦਾ ਹੈ। ਪ੍ਰੋਫੈæਸਰ ਪ੍ਰੀਤਮ ਸਿੰਘ ਦੀ ਪਾਰਸਾਈ ਤੋਂ, ਸਤਿਆਰਥੀ ਦੀ ਦਾੜ੍ਹੀ ਤੋਂ ਅਤੇ ਸੇਖੋਂ ਦੇ ਖ਼ਿਜ਼ਾਬ ਤੋਂ ਡਰ ਲੱਗਦੈ, ਪਰ ਗਾਰਗੀ ਕੋਲ ਨਾ ਦਾੜ੍ਹੀ ਹੈ, ਨਾ ਖ਼ਿਜ਼ਾਬ ਤੇ ਨਾ ਪਾਰਸਾਈ! ਉਹ ਜੁੱਤਾ ਗੰਢਾਉਣ ਗਿਆ ਹੁੰਦਾ ਤੇ ਪਿਛੋਂ ਉਸ ਦੀ ਰਸੋਈ ਵਿਚ ਕੁੜੀਆਂ ਚਾਹ ਬਣਾ ਕੇ ਪੀ ਜਾਂਦੀਆਂ ਹਨ। ਹਰ ਕੁੜੀ ਆਪਣੇ ਹਲਕੇ ਦੀ ਦੂਜੀ ਸੋਹਣੀ ਕੁੜੀ ਵੱਲ ਇਸ਼ਾਰਾ ਕਰ ਕੇ ਆਖਦੀ ਹੈ, ਤੂੰ ਇਸ ਨਾਲ ਵਿਆਹ ਕਿਉਂ ਨਹੀਂ ਕਰਾ ਲੈਂਦੀ? ਇਸ ਤਰ੍ਹਾਂ ਸਾਰੀਆਂ ਸੋਹਣੀਆਂ ਕੁੜੀਆਂ ਇਕ ਇਕ ਕਰ ਕੇ ਵਿਆਹੀਆਂ ਜਾ ਰਹੀਆਂ ਹਨ।”
ਜੇ ਉਸ ਨੂੰ ਪੁੱਛੋ, “ਤੂੰ ਵਿਆਹ ਕਿਉਂ ਨਹੀਂ ਕਰਵਾਉਂਦਾ?” ਉਹ ਆਖਦਾ ਹੈ, “ਮੇਰੇ ਨਾਲ ਘਟਨਾਵਾਂ ਨਹੀਂ, ਹਾਦਸੇ ਹੁੰਦੇ ਹਨ। ਜਿਨ੍ਹਾਂ ਕੁੜੀਆਂ ਨੂੰ ਮੈਂ ਪਿਆਰ ਕੀਤਾ, ਜਾਂ ਤੇ ਉਹ ਵਿਆਹੀਆਂ ਹੋਈਆਂ ਸਨ ਜਾਂ ਵਿਆਹੀਆਂ ਜਾਣ ਵਾਲੀਆਂæææ।”
ਹੋ ਸਕਦੈ ਅਜਿਹਾ ਕੁਝ ਉਹ ਪਾਠਕਾਂ ਨੂੰ ਚਕਾਚੌਂਧ ਕਰਨ ਲਈ ਲਿਖਦਾ ਰਿਹਾ ਹੋਵੇ ਤੇ ਇਸ਼ਕ ਉਹਦੇ ਨੇੜੇ ਤੇੜੇ ਵੀ ਨਾ ਢੁੱਕਾ ਹੋਵੇ। ਸੱਚ ਨਹੀਂ ਸੀ ਆਉਂਦਾ ਕਿ ਸ਼ਕਲੋਂ ਸਾਧਾਰਨ, ਕੱਦਕਾਠ ਵੱਲੋਂ ਠਿਗਣੇ ਤੇ ਉਮਰੋਂ ਪੰਜਾਹ ਸਾਲਾਂ ਨੂੰ ਢੁੱਕੇ ਸਾਂਵਲੇ ਬਾਣੀਏ ਉਤੇ ਸਿਆਟਲ ਦੀਆਂ ਤਿੰਨ ਗੋਰੀਆਂ ਮੁਟਿਆਰਾਂ ਮਰਦੀਆਂ ਹੋਣ, ਪਰ ਉਸ ਨੇ ਹੱਥਾਂ ‘ਤੇ ਸਰ੍ਹੋਂ ਜਮਾ ਕੇ ਦਿਖਾ ਦਿੱਤੀ ਜਦੋਂ ਅਮਰੀਕਾ ਤੋਂ ਪਟ੍ਹੋਲੇ ਵਰਗੀ ਕੁੜੀ ਜੀਨੀ ਪੱਟ ਲਿਆਇਆ।
ਸਿਆਟਲ ਵਿਚ ਗੁਰਚਰਨ ਰਾਮਪੁਰੀ ਤੋਂ ਬਾਅਦ, ਦਿੱਲੀ ‘ਚ ਇਹ ਮੇਰੇ ਅੱਖੀਂ ਦੇਖਣ ਦੀਆਂ ਘਟਨਾਵਾਂ ਹਨ। 1966 ‘ਚ ਜਦੋਂ ਗਾਰਗੀ ਜੋੜਾ ਪੰਜਾਬੀ ਵਿਭਾਗ ਦੇ ਸੱਦੇ ‘ਤੇ ਖ਼ਾਲਸਾ ਕਾਲਜ ਦਿੱਲੀ ਆਇਆ ਤਾਂ ਮੈਂ ਉਥੇ ਲੈਕਚਰਾਰ ਸਾਂ। ਉਨ੍ਹੀਂ ਦਿਨੀਂ ਭਾਪਾ ਪ੍ਰੀਤਮ ਸਿੰਘ ਦੇ ਪਰਚੇ ḔਆਰਸੀḔ ਵਿਚ ਖਿਡਾਰੀਆਂ ਬਾਰੇ ਮੇਰੇ ਰੇਖਾ ਚਿਤਰ ਛਪਣ ਲਗ ਪਏ ਸਨ। ਗਾਰਗੀ ḔਆਰਸੀḔ ਦਾ ਲੇਖਕ ਹੋਣ ਕਰ ਕੇ ਮੈਨੂੰ ਵੀ ਮਾੜਾ ਮੋਟਾ ਜਾਣਨ ਲੱਗ ਪਿਆ ਸੀ। ਮੈਂ ਹੀ ਗਾਰਗੀ ਜੋੜੇ ਨੂੰ ਪੰਜਾਬੀ ਵਿਭਾਗ ਵੱਲੋਂ ਕਾਲਜ ਆਉਣ ਦਾ ਸੱਦਾ ਦੇ ਕੇ ਆਇਆ ਸਾਂ। ਗਾਰਗੀ ਨਾਲ ਕਾਲਜ ਦੇ ਪ੍ਰੋਫ਼ੈਸਰਾਂ ਤੇ ਵਿਦਿਆਰਥੀਆਂ ਨੇ ਗਾਰਗੀ ਦੀ ਨਵਵਿਆਹੀ ਅਮਰੀਕਨ ਲਾੜੀ ਵੀ ਵੇਖਣੀ ਸੀ।
ਗਾਰਗੀ ਜੋੜਾ ਲਾਲ ਰੰਗ ਦੀ ਕਾਰ ਵਿਚ ਆਇਆ। ਜੀਨੀ ਕਾਲੀ ਰੇਸ਼ਮੀ ਪੁਸ਼ਾਕ ‘ਚ ਟਾਰਚ ਵਾਂਗ ਜਗ ਰਹੀ ਸੀ। ਉਸ ਦੇ ਖੁੱਲ੍ਹੇ ਵਾਲ ਖ਼ੁਸ਼ਬੋਆਂ ਛੱਡ ਰਹੇ ਸਨ। ਅੱਖਾਂ ‘ਚ ਕਜਲਾ ਸੀ। ਮੁੰਡਿਆਂ ਤੋਂ ਉਹਦਾ ਡੁੱਲ੍ਹ ਡੁੱਲ੍ਹ ਪੈਂਦਾ ਰੂਪ ਨਹੀਂ ਸੀ ਝੱਲਿਆ ਜਾ ਰਿਹਾ। ਅਸੀਂ ਗਾਰਗੀ ਨਾਲ ਹੱਥ ਮਿਲਾਏ ਤਾਂ ਉਹਦੇ ਨਹੁੰ ਵਧੇ ਹੋਏ ਸਨ ਤੇ ਵਾਲ ਉਲਝੇ ਹੋਏ, ਪਰ ਅੱਖਾਂ ‘ਚ ਚਮਕ ਸੀ। ਕਪੜੇ ਸ਼ੋਖ਼ ਰੰਗਾਂ ਦੇ ਪਾਏ ਹੋਏ। ਜੀਨੀ ਦੇ ਹੱਥ ਕੂਲੇ ਮੁਲਾਇਮ ਸਨ। ਨਹੁੰ ਰੰਗੇ ਹੋਏ। ਦੋਵੇਂ ਫ਼ਿਲਮੀ ਜਿਹੇ ਲੱਗੇ।
ਗਾਰਗੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੰਡੇ ਕੁੜੀਆਂ ਅੱਡ ਅੱਡ ਬੈਂਚਾਂ ‘ਤੇ ਨਾ ਬੈਠੋ, ਸਗੋਂ ‘ਕੱਠੇ ਬੈਠੋ ਕਿਉਂਕਿ ਅਮਰੀਕਾ ਵਿਚ ‘ਕੱਠੇ ਬੈਠਦੇ ਹਨ। ਮੁੰਡਿਆਂ ਨੂੰ ਹੋਰ ਕੀ ਚਾਹੀਦਾ ਸੀ? ਉਹ ਕੁੜੀਆਂ ‘ਚ ਫਸ ਕੇ ਬੈਠ ਗਏ। ਗਾਰਗੀ ਵੀਹ ਕੁ ਮਿੰਟ ਬੋਲਿਆ। ਜਿੰਨੀ ਉਹਦੀ ਲੇਖਣੀ ਰੌਚਕ ਸੀ, ਓਨੀ ਹੀ ਉਹਦੀ ਬੋਲਣੀ ਬੋਰ ਕਰਨ ਵਾਲੀ ਲੱਗੀ। ਵਿਦਿਆਰਥੀਆਂ ਨੇ ਗਾਰਗੀ ਦੀਆਂ ਗੱਲਾਂ ਵੱਲ ਧਿਆਨ ਦੇਣ ਦੀ ਥਾਂ ਜੀਨੀ ਵੱਲ ਹੀ ਧਿਆਨ ਧਰੀ ਰੱਖਿਆ!
ਭਾਸ਼ਨ ਪਿੱਛੋਂ ਚਾਹ ਪਾਣੀ ਪਿਆਇਆ ਗਿਆ। ਹਲਕੀਆਂ ਫੁਲਕੀਆਂ ਗੱਲਾਂ ਕੀਤੀਆਂ ਗਈਆਂ। ਹੱਥ ਸਾਫ਼ ਕਰਨ ਲਈ ਜੀਨੀ ਨੇ ਪਰਸ ‘ਚੋਂ ਟਿੱਸ਼ੂ ਕੱਢ ਕੇ ਗਾਰਗੀ ਨੂੰ ਫੜਾਇਆ। ਗਾਰਗੀ ਨੇ Ḕਥੈਂਕ ਯੂ ਡਾਰਲਿੰਗḔ ਕਿਹਾ। ਉਹ ਸਾਡੇ ਨਾਲ ਪੰਜਾਬੀ ‘ਚ ਗੱਲ ਕਰਦਾ ਤੇ ਜੀਨੀ ਨਾਲ ਅੰਗਰੇਜ਼ੀ ਵਿਚ। ਜੀਨੀ ਮੰਦ ਮੰਦ ਮੁਸਕਰਾਉਂਦੀ ਸਾਡਾ ਧਿਆਨ ਖਿੱਚਦੀ ਰਹੀ ਤੇ ਹੈਪੀ ਮੈਰਿਜ ਦੀਆਂ ਮੁਬਾਰਕਾਂ ਲੈਂਦੀ ਰਹੀ। ਵਿਦਾ ਕਰਨ ਲਈ ਅਸੀਂ ਉਨ੍ਹਾਂ ਦੀ ਕਾਰ ਤਕ ਗਏ। ਕਾਰ ਅਮਰੀਕਨ ਸੀ ਜੋ ਜੀਨੀ ਵਾਂਗ ਹੀ ਲਿਸ਼ਕ ਰਹੀ ਸੀ। ਮੈਂ ਕਹਿਣਾ ਚਾਹਿਆ, “ਗਾਰਗੀ ਸਾਹਿਬ ਰੰਨ ਬੜੀ ਵਧੀਆ ਪੱਟੀ ਜੇ!” ਪਰ ਕਹਿ ਇਹੋ ਸਕਿਆ, “ਗਾਰਗੀ ਸਾਹਿਬ ਕਾਰ ਬੜੀ ਸੋਹਣੀ ਲਿਆਂਦੀ ਜੇ!”
ਜੀਨੀ ਨੂੰ ਤਾਂ ਪੰਜਾਬੀ ‘ਚ ਕਹੇ ਦਾ ਕੀ ਪਤਾ ਲੱਗਣਾ ਸੀ, ਪਰ ਗਾਰਗੀ ਮੁਸਕਣੀਏਂ ਹੱਸਿਆ। ਉਦੋਂ ਤੋਂ ਉਸ ਨਾਲ ਮੇਰੀ ਸਿਆਣ ਹੋਰ ਗੂੜ੍ਹੀ ਹੋ ਗਈ।
***
ਤੁਸੀਂ ਪੁੱਛੋਗੇ ਬਈ ਬਲਵੰਤ ਗਾਰਗੀ ਵਿਚ ਐਸੀ ਕਿਹੜੀ ਖ਼ੂਬੀ ਸੀ ਕਿ ਅਮਰੀਕਾ ਦੀ ਲੰਮੀ-ਲੰਝੀ ਮੁਟਿਆਰ ਅੱਧਖੜ ਮਧਰੇ ਜਿਹੇ ਬੰਦੇ Ḕਤੇ ਡੁਲ੍ਹ ਪਈ? ਉਹਦੀ ਖ਼ੂਬੀ ਸੀ ਕਿ ਉਹ ਡਰਾਮੇ ਤੇ ਥਿਏਟਰ ਦਾ ਪ੍ਰੋਫ਼ੈਸਰ ਹੋਣ ਦੇ ਨਾਲ ਖੁਦ ਵੀ ਖ਼ਾਸਾ ਡਰਾਮੇਬਾਜ਼ ਸੀ। ਡਰਾਮੇਬਾਜ਼ ਕੀ, ਉਹ ਸੀ ਹੀ ਡਰਾਮਾ!
ਉਸ ਨੇ ਸਾਰੀ ਉਮਰ ਡਰਾਮੇ ਹੀ ਕੀਤੇ ਤੇ ਡਰਾਮਿਆਂ ਦੀ ਖੱਟੀ ਖਾਧੀ। ਡਰਾਮਿਆਂ ਦੇ ਸਿਰ ‘ਤੇ ਕਰਜ਼ਨ ਰੋਡ ਦਿੱਲੀ ਦੀ ḔਕੋਠੀḔ ਉਤੇ ਕਬਜ਼ਾ ਜਮਾਈ ਰੱਖਿਆ, ਸੋਹਣੀਆਂ ਕੁੜੀਆਂ ਦੀ ਸੰਗਤ ਕੀਤੀ, ਡਰਾਮਿਆਂ ਦੇ ਦੇਸੀ ਤੇ ਬਦੇਸ਼ੀ ਸ਼ੋਅ ਕੀਤੇ, ਦੁਨੀਆਂ ਭਰ ਦੀਆਂ ਸੈਰਾਂ ਕੀਤੀਆਂ, ਅਮਰੀਕਨ ਯੂਨੀਵਰਸਿਟੀ ‘ਚ ਡਰਾਮੇ ਦਾ ਵਿਜ਼ਟਿੰਗ ਪ੍ਰੋਫ਼ੈਸਰ ਲੱਗਾ, ਅਕੈਡਮੀਆਂ ਦੇ ਅਵਾਰਡ ਲਏ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਥਿਏਟਰ ਵਿਭਾਗ ਦਾ ਪਹਿਲਾ ਮੁਖੀ ਬਣਿਆ, ਫ਼ਿਲਮੀ ਪਟਕਥਾਵਾਂ ਤੇ ਸੀਰੀਅਲਾਂ ਦਾ ਲੇਖਕ ਬਣ ਕੇ ਫ਼ਿਲਮਾਂ ਬਣਾਈਆਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਪ੍ਰੋਫ਼ੈਸਰ ਆਫ਼ ਐਮੀਰੇਟਸ ਬਣਿਆ ਤੇ ਆਪਣੇ ਨਾਲੋਂ ਅੱਧੀ ਉਮਰ ਦੀ ਗੋਰੀ ਨਾਲ ਵਿਆਹ ਕੀਤਾ। ਜਿਹੜੇ ਉਹਨੂੰ ਪੰਜਾਬੀ ਸਾਹਿਤ ਦਾ ਸਫ਼ਲ ਸੇਲਜ਼ਮੈਨ ਕਹਿੰਦੇ ਹਨ, ਉਹ ਵੀ ਸੱਚੇ ਹਨ, ਪਰ ਸੀ ਉਹ ਸਫ਼ਲ ਡਰਾਮੇਬਾਜ਼। ਡਰਾਮੇਬਾਜ਼ ਵੀ ਐਸਾ ਕਿ ਕਿਸੇ ਨੂੰ ਪਤਾ ਨਹੀਂ ਸੀ ਲੱਗਣ ਦਿੰਦਾ ਬਈ ਉਹ ਡਰਾਮੇਬਾਜ਼ ਐ!
ਇਕ ਡਰਾਮਾ ਤਾਂ ਉਹ ਮੇਰੇ ਨਾਲ ਵੀ ਕਰਨ ਲੱਗਾ ਸੀ, ਪਰ ਮੈਂ ਉਹਦੇ ਗੇੜ ‘ਚ ਨਾ ਆਇਆ। ਗੇੜ ‘ਚ ਆ ਜਾਂਦਾ ਤਾਂ ਜਿਹੋ ਜਿਹੀ ਉਹਦੇ ਨਾਲ ਹੋਈ, ਉਹੋ ਜਿਹੀ ਮੇਰੇ ਨਾਲ ਹੋਣੀ ਸੀ। ਜਿਵੇਂ ਜੀਨੀ ਬਾਲ ਬੱਚਾ ਜੰਮ ਕੇ ਭੱਜ ਗਈ, ਭੱਜ ਮੇਰੇ ਵਾਲੀ ਨੇ ਵੀ ਜਾਣਾ ਸੀ। ਇਹ ਗੱਲ ਜੇ ਮੈਂ ਗਾਰਗੀ ਵਾਂਗ ਮਸਾਲਾ ਲਾ ਕੇ ਦੱਸਣੀ ਹੋਵੇ ਤਾਂ ਸੱਚ-ਝੂਠ ਰਲਾ ਕੇ ਤੇ ਵਿੰਗ-ਵਲ ਪਾ ਕੇ ਦੱਸਣੀ ਚਾਹੀਦੀ ਹੈ, ਪਰ ਮੈਂ ਸਿੱਧੀ ਦੱਸ ਦਿੰਨਾਂ।
1962 ਤੋਂ 67 ਤਕ ਮੈਂ ਦਿੱਲੀ ਰਿਹਾ। ਦੋ ਸਾਲ ਪੜ੍ਹਿਆ ਤੇ ਦੋ ਸਾਲ ਪੜ੍ਹਾਇਆ। ਸਾਲ ਕੁ ਤੋਰੇ ਫੇਰੇ ਦੇ ਲੇਖੇ ਲੱਗ ਗਿਆ। ਗੱਲ 1963-64 ਦੀ ਹੈ। ਉਦੋਂ ਮੈਂ ਖ਼ਾਲਸਾ ਕਾਲਜ ਦੇਵ ਨਗਰ ਵਿਚ ਐਮæਏæ ਦਾ ਵਿਦਿਆਰਥੀ ਸਾਂ ਤੇ ਗਾਰਗੀ ਦੀ ਖ਼ਸਤਾ ਕਰਾਰੀ ਸ਼ੈਲੀ ਦਾ ਕਾਇਲ ਹੋ ਚੁੱਕਾ ਸਾਂ। ਪੰਜਾਬੀ ਵਿਭਾਗ ਨੇ ਗਾਰਗੀ ਨੂੰ ਕਾਲਜ ਵਿਚ ਸੱਦਿਆ। ਉਥੇ ਮੈਂ ਉਸ ਨੂੰ ਪਹਿਲੀ ਵਾਰ ਵੇਖਿਆ। ਉਹਦੀ ਰੇਖਾ ਚਿੱਤਰਾਂ ਦੀ ਪੁਸਤਕ Ḕਨਿੰਮ ਦੇ ਪੱਤੇḔ ਛਪ ਚੁੱਕੀ ਸੀ ਤੇ Ḕਸੁਰਮੇ ਵਾਲੀ ਅੱਖḔ ਛਪਣ ਵਾਲੀ ਸੀ। ਇਨ੍ਹਾਂ ਦਾ ਜ਼ਿਕਰ ਉਸ ਨੇ ਆਪਣੇ ਭਾਸ਼ਨ ਵਿਚ ਵੀ ਕੀਤਾ। ਫਿਰ ਸੁਆਲ ਜੁਆਬ ਹੋਏ। ਮੈਂ ਮਲਵਈ ਬੋਲਦਾ ਹੋਣ ਕਰ ਕੇ ਉਸ ਨੂੰ ਆਪਣੇ ਇਲਾਕੇ ਦਾ ਹੀ ਲੱਗਾ, ਜਿਸ ਨਾਲ ਕੁਛ ਨੇੜਤਾ ਹੋ ਗਈ। ਸਿਆਟਲ ਦੀ ਯੂਨੀਵਰਸਿਟੀ ਆਫ਼ ਵਸ਼ਿੰਗਟਨ ‘ਚ ਵਿਜ਼ਟਿੰਗ ਪ੍ਰੋਫ਼ੈਸਰ ਜਾ ਲੱਗਾ। ਉਹਦੀ ਗ਼ੈਰ ਹਾਜ਼ਰੀ ਵਿਚ ਸੰਗਰੂਰੀਆ ਕ੍ਰਿਸ਼ਨਜੀਤ ਉਹਦੇ ਘਰ ਰਹਿੰਦਾ ਰਿਹਾ। ਅਸੀਂ ਉਸ ਘਰ ਦੇ ਨੇੜੇ ਇੰਡੀਅਨ ਕਾਫੀ ਹਾਊਸ ਵਿਚ ਮਿਲਦੇ। ਉਥੇ ਗਾਰਗੀ ਦਾ ਹਾਲ ਚਾਲ ਪਤਾ ਲੱਗਦਾ ਰਹਿੰਦਾ। ਕ੍ਰਿਸ਼ਨਜੀਤ ਗਾਰਗੀ ਦਾ ਸਹਾਇਕ ਸੀ।
1966 ਵਿਚ ਗਾਰਗੀ ਜੀਨੀ ਨੂੰ ਵਿਆਹ ਕੇ ਦਿੱਲੀ ਲਿਆਇਆ ਤਾਂ ਕਰਜ਼ਨ ਰੋਡ ਵਾਲੀ ḔਕੋਠੀḔ ਦੀ ਲੈਟਰੀਨ ਵਿਚ ਕੁਰਸੀ ਸੀਟ ਵਾਲੀ ਨਹੀਂ ਸੀ। ਜੀਨੀ ਨੂੰ ਪੈਰਾਂ ਵਾਲੀ ਸੀਟ ਉਤੇ ਬਹਿਣਾ ਔਖਾ ਸੀ। ਜੀਨੀ ਦੀ ਦਿੱਕਤ ਮੈਨੂੰ ਗੁਰਵੇਲ ਪੰਨੂੰ ਨੇ ਦੱਸੀ। ਇਹ ਔਕੜ ਭਾਪਾ ਪ੍ਰੀਤਮ ਸਿੰਘ ਨੂੰ ਦੱਸੀ ਤਾਂ ਲੋੜੀਂਦੀ ਸੀਟ ਦਾ ਪ੍ਰਬੰਧ ਹੋ ਗਿਆ। ਗਾਰਗੀ ਨੇ ਵਿਆਹ ਦੀ ਪਾਰਟੀ ਦੇਣ ਲਈ ਕੁਝ ਲੇਖਕਾਂ ਨੂੰ ਹਰੀ ਸਿਆਹੀ ਨਾਲ ਲਿਖੇ ਸੱਦਾ ਪੱਤਰ ਭੇਜੇ। ਖਾਲਸਾ ਕਾਲਜ ਵਿਚ ਡਾæ ਹਰਿਭਜਨ ਸਿੰਘ ਨਾਲ ਮੈਨੂੰ ਵੀ ਸੱਦਾ ਆਇਆ। ਮੈਂ ਪਾਰਟੀ ਵਿਚ ਗਿਆ ਤੇ ਵਿਦਾ ਹੋਣ ਵੇਲੇ ਗਾਰਗੀ ਨੇ ਕਿਹਾ, “ਸਰਵਣ, ਤੂੰ ਮਲਵਈ ਐਂ, ਮਿਲਿਆ-ਗਿਲਿਆ ਕਰ।” ਅੰਨ੍ਹਾ ਕੀ ਭਾਲੇ ਦੋ ਅੱਖਾਂ! ਬਾਈ ਨੂੰ ਮਿਲਣ ਦੇ ਬਹਾਨੇ ਭਾਬੀ ਜੀਨੀ ਦੇ ਦਰਸ਼ਨ ਵੀ ਹੋਣ ਲੱਗੇ। ਭਾਬੀ ਕਦੇ ਕਦੇ ਉਦਾਸ ਦਿਸਦੀ। ਮੈਂ ਸੋਚਦਾ, ਇਨ੍ਹਾਂ ਦੀ ਉਮਰ ਦਾ ਆਪਸ ਵਿਚ ਫਰਕ ਕਰ ਕੇ ਭਾਬੀ ਉਦਾਸ ਐ!
ਇਕ ਦਿਨ ਮੈਂ ਗਾਰਗੀ ਨੂੰ ਮਿਲਣ ਗਿਆ ਤਾਂ ਜੀਨੀ ਫਿਰ ਉਦਾਸ ਲੱਗੀ। ਅੱਖਾਂ ‘ਚ ਹੰਝੂ। ਗਾਰਗੀ ਨੇ ਦੱਸਿਆ ਕਿ ਇਹ ਪੇਕਿਆਂ ਨੂੰ ਓਦਰੀ ਪਈ ਐ। ਫਿਰ ਪਤਾ ਨਹੀਂ ਸੱਚੀਂ ਕਿ ਝੂਠੀਂ, ਉਹ ਕਹਿਣ ਲੱਗਾ, “ਜੇ ਆਖੇਂ ਤਾਂ ਤੈਨੂੰ ਸਾਲੀ ਦਾ ਸਾਕ ਲਿਆ ਦਿੰਨਾਂ। ਇਉਂ ਦੋਹਾਂ ਭੈਣਾਂ ਦਾ ਜੀਅ ਲੱਗਿਆ ਰਹੂ।”
ਪੇਸ਼ਕਸ਼ ਬੜੀ ਵੱਡੀ ਸੀ। ਮੈਂ ਨਾਢੂ ਖਾਂ ਗਾਰਗੀ ਦਾ ਸਾਂਢੂ ਬਣ ਸਕਦਾ ਸਾਂ। ਨਾਲੇ ਸਾਲੀ ਅੱਧੇ ਘਰ ਵਾਲੀ। ਸਿੱਧਾ ਹੀ ਅਮਰੀਕਨ ਸਿਟੀਜ਼ਨ, ਪਰ ਮੈਥੋਂ ਗਾਰਗੀ ਵਰਗਾ ਡਰਾਮਾ ਕਿਥੇ ਹੋਣਾ ਸੀ! ਕੁਝ ਪਲ ਸੋਚ ਕੇ ਮੈਂ ਕਿਹਾ, “ਮੈਂ ਤਾਂ ਪਹਿਲਾਂ ਈ ਮੰਗਿਆ ਹੋਇਆਂ। ਉਨ੍ਹਾਂ ਨੂੰ ਕੀ ਜੁਆਬ ਦੇਊਂ? ਨਾਲੇ ਮੇਮ ਨਾਲ ਜੱਟਾਂ ਦੇ ਮੁੰਡੇ ਦੀ ਕਿਵੇਂ ਨਿਭੂ? ਉਹ ਤਾਂ ਮੈਨੂੰ ਅੱਧ-ਵਿਚਾਲੇ ਛੱਡ ਕੇ ਈ ਭੱਜ-ਜੂ।”
ਗਾਰਗੀ ਕਹਿੰਦਾ, “ਨਹੀਂ ਭੱਜਦੀ। ਮੇਮਾਂ ਛੇਤੀ ਕੀਤਿਆਂ ਨ੍ਹੀਂ ਭੱਜਦੀਆਂ।”
ਮੈਂ ਮਚਲਾ ਬਣਦਿਆਂ ਕਿਹਾ, “ਮੈਨੂੰ ਅੰਗਰੇਜ਼ੀ ਨ੍ਹੀਂ ਆਉਂਦੀ। ਉਹਦੇ ਨਾਲ ਗੱਲਾਂ ਕਿਵੇਂ ਕਰੂੰ? ਪਿਆਰ ਕਿਵੇਂ ਪਾਊਂ?”
ਗਾਰਗੀ ਕਹਿੰਦਾ, “ਜਦੋਂ ਵਿਆਹ ਹੋ ਗਿਆ, ਆਪੇ ਆ-ਜੂ ਸਾਰਾ ਕੁਛ। ਤੂੰ ਹਾਂ ਕਰ।”
ਮੈਂ ਹਾਂ ਨਾ ਕੀਤੀ। ਇਉਂ ਮੈਂ ਗਾਰਗੀ ਦੇ ਗੇੜ ਵਿਚ ਆਉਣੋਂ ਬਚ ਗਿਆ, ਪਰ ਗਾਰਗੀ ਆਪ ਨਾ ਬਚ ਸਕਿਆ। ਜੀਨੀ ਦੋ ਬੱਚੇ ਜੰਮ ਕੇ ਵੀ ਭੱਜ ਗਈ। ਇਹ ਜੁਦੀ ਗੱਲ ਹੈ ਕਿ ਪਹਿਲਾਂ ਬੇਵਫ਼ਾਈ ਬਾਈ ਗਾਰਗੀ ਨੇ ਕੀਤੀ, ਤੇ ਮਗਰੋਂ ਭਾਬੀ ਜੀਨੀ ਵੀ ਪਿੱਛੇ ਨਾ ਰਹੀ। ਗਾਰਗੀ ਰਾਣੀ ਨਾਲ ਰਲ ਗਿਆ ਤੇ ਜੀਨੀ ਇਰਵਨ ਚੌਹਾਨ ਨਾਲ।
ਜੀਨੀ ਤੋਂ ਪਹਿਲਾਂ ਗਾਰਗੀ ਨੇ ਪੋਲੈਂਡ ਤੋਂ ਸੈਰ ਸਪਾਟੇ ‘ਤੇ ਆਈ ਮੇਮ ਹਿਲਡਾ ਨਾਲ ਵੀ ਇਸ਼ਕ ਕੀਤਾ ਸੀ। ਤਾਜ ਮਹੱਲ ਦੇ ਸਾਈਂ ਨੇ ਉਨ੍ਹਾਂ ਦੀ ਜੋੜੀ ਸਦਾ ਸਲਾਮਤ ਬਣੇ ਰਹਿਣ ਦੀ ਦੁਆ ਕੀਤੀ ਸੀ। ਕੱਚ ਦੇ ਗਲਾਸ ਵਰਗੀ ਮੇਮ ਆਪਣੇ ਨਾਲ ਕੱਚ ਦਾ ਗਲਾਸ ਵੀ ਲਿਆਈ ਸੀ। ਮੇਮ ਨੇ ਪਾਣੀ ਮੰਗਿਆ। ਮੇਮ ਦੇ ਉਸੇ ਗਲਾਸ ਵਿਚ ਪਾਣੀ ਪਾ ਕੇ ਆਸ਼ਕ ਗਾਰਗੀ, ਆਪਣੀ ਮਾਸ਼ੂਕ ਹਿਲਡਾ ਨੂੰ ਫੜਾਉਣ ਲੱਗਾ ਤਾਂ ਗਲਾਸ ਉਹਦੇ ਹੱਥੋਂ ਡਿੱਗ ਪਿਆ, ਜੋ ਡਿਗਦਾ ਈ ਟੁੱਟ ਗਿਆ। ਗਲਾਸ ਕਾਹਦਾ ਟੁੱਟਿਆ, ਨਾਲ ਇਸ਼ਕ ਵੀ ਚਕਨਾਚੂਰ ਹੋ ਗਿਆ ਤੇ ਜੋੜੀ ਸਦਾ ਸਲਾਮਤ ਬਣੇ ਰਹਿਣ ਦੀ ਥਾਂ ਸਦਾ ਲਈ ਟੁੱਟ ਗਈ। ਇਹ ਕਿੱਸਾ ਵੀ ਗਾਰਗੀ ਨੇ ਲਿਖਿਆ। ਪਤਾ ਨਹੀਂ ਸੱਚਾ, ਪਤਾ ਨਹੀਂ ਝੂਠਾ!
ਅੱਜ ਮੈਂ ਸੋਚਦਾਂ, ਮੈਨੂੰ ਆਪਣੀ ਸਾਲੀ ਦਾ ਸਾਕ ਲਿਆਉਣ ਪਿੱਛੇ ਕੀ ਪਤਾ ਉਹਦਾ ਮਾਸ਼ਾ ਨੂੰ ਹੀ ਲਿਆਉਣ ਦਾ ਇਰਾਦਾ ਹੋਵੇ! ਆਖ਼ਰ ਸੀ ਤਾਂ ਸਿਰੇ ਦਾ ਡਰਾਮੇਬਾਜ਼!
ਗਾਰਗੀ ਨੇ ਆਪਣੇ ਸਵੈਚਿੱਤਰ Ḕਆਪਣੀ ਛਾਂḔ ਵਿਚ ਲਿਖਿਆ, “ਇਕ ਕੁੜੀ ਗਾਰਗੀ ਨੂੰ ਪਿਆਰ ਕਰਦੀ ਸੀ। ਦੋਹਾਂ ਦੀ ਦੋਸਤੀ ਵਧਦੀ ਗਈ। ਗੱਲ ਵਿਆਹ-ਸ਼ਾਦੀ ਤੀਕ ਪਹੁੰਚ ਗਈ। ਗਾਰਗੀ ਉਸ ਨਾਲ ਇਕ ਦਿਨ ਸੈਰ ਕਰਨ ਗਿਆ। ਦੋਹਾਂ ਨੇ ਸਾਹਿਤ, ਸੰਗੀਤ, ਫ਼ਿਲਮਾਂ ਅਤੇ ਫੁੱਲਾਂ ਬਾਰੇ ਗੱਲਾਂ ਕੀਤੀਆਂ। ਕੁੜੀ ਨੇ ਆਖਿਆ, ਮੈਨੂੰ ਗੇਂਦੇ ਦਾ ਫੁੱਲ ਬੜਾ ਚੰਗਾ ਲੱਗਦਾ ਹੈ। ਗਾਰਗੀ ਨੇ ਸੁਣ ਕੇ ਵਿਆਹ ਦੀ ਗੱਲ ਤੋੜ ਦਿੱਤੀ, ਕਿਉਂਕਿ ਗੇਂਦੇ ਨਾਲ ਉਸ ਨੂੰ ਲਾਲਾ ਗੇਂਦਾ ਮੱਲ ਦਾ ਖ਼ਿਆਲ ਆ ਜਾਂਦਾ ਸੀ, ਜਾਂ ਕਿਸੇ ਮੋਟੇ ਲਾਲੇ ਦਾ ਜੋ ਬੈਠਾ ਲੱਡੂ ਤੋਲ ਰਿਹਾ ਹੋਵੇ!”
ਗਲਾਸ ਟੁੱਟਣ ਤੋਂ ਹਿਲਡਾ ਅਤੇ ਗੇਂਦੇ ਦੇ ਫੁੱਲ ਤੋਂ ਗਾਰਗੀ ਦੋਵੇਂ ਵਿਆਹ ਕਰਾਉਣੋਂ ਮੁੱਕਰ ਜਾਂਦੇ ਹਨ! ਕੈਸਾ ਇਸ਼ਕ ਹੈ ਇਹ? ਅਜਿਹੇ ਆਸ਼ਕਾਂ-ਮਾਸ਼ੂਕਾਂ ਦਾ ਕਾਹਦਾ ਦੀਨ ਇਮਾਨ? ਮੈਂ ਚੰਗਾ ਹੀ ਰਿਹਾ ਜਿਹੜਾ ਨਾਢੂ ਗਾਰਗੀ ਦਾ ਸਾਂਢੂ ਨਾ ਬਣਿਆ। ਮੈਥੋਂ ਉਹਦੇ ਵਰਗੇ ਡਰਾਮੇ ਕਿਥੇ ਹੋਣੇ ਸਨ!
ਮੈਂ ਤੇ ਮੇਰੀ ਪਤਨੀ ਹਰਜੀਤ 1990 ਵਿਚ ਅਮਰੀਕਾ/ਕੈਨੇਡਾ ਦੀ ਸੈਰ ‘ਤੇ ਗਏ। ਕਾਰ ਉਤੇ ਬੇਕਰਜ਼ਫੀਲਡ ਤੋਂ ਵੈਨਕੂਵਰ ਜਾਂਦਿਆਂ ਜਦੋਂ ਅਸੀਂ ਸਿਆਟਲ ਵਿਚ ਦੀ ਲੰਘੇ ਤਾਂ ਮੈਂ ਪਤਨੀ ਨੂੰ ਕਿਹਾ, “ਜੇ ਮੈਂ ਗਾਰਗੀ ਦੀ ਗੱਲ ਮੰਨ ਲੈਂਦਾ ਤਾਂ ਆਹ ਮੇਰੇ ਸਹੁਰਿਆਂ ਦਾ ਸ਼ਹਿਰ ਹੋਣਾ ਸੀ ਤੇ ਤੂੰ ਭਾਗਵਾਨੇ ਪਤਾ ਨਹੀਂ ਕਿਹੜੇ ਘਰ ਨੂੰ ਭਾਗ ਲਾਉਣੇ ਸੀ?”
ਅਸੀਂ ਇਕ ਦੂਜੇ ਨੂੰ ਛੇੜਦੇ ਰਹੇ ਤੇ ਗਾਰਗੀ ਦੀਆਂ ਗੱਲਾਂ ਕਰਦੇ ਰਹੇ। ਸਫ਼ਰ ਦਾ ਪੂਰਾ ਹਾਲ ਮੈਂ ਆਪਣੇ ਸਫ਼ਰਨਾਮੇ Ḕਅੱਖੀਂ ਵੇਖ ਨਾ ਰੱਜੀਆਂḔ ਵਿਚ ਲਿਖਿਆ।
ਸਿਆਟਲ ਤੇ ਵੈਨਕੂਵਰ ਮੇਰੇ ਲਈ ਮੋਗੇ ਜਗਰਾਵਾਂ ਵਾਂਗ ਹਨ। ਮੇਰਾ ਉਧਰ ਗੇੜਾ ਵੱਜਦਾ ਹੀ ਰਹਿੰਦੈ। ਕਦੇ ਦੋ ਚਾਰ ਦਿਨਾਂ ਲਈ, ਕਦੇ ਹਫ਼ਤੇ ਲਈ। ਹਰ ਗੇੜੇ ਕੁਝ ਨਾ ਕੁਝ ਨਵਾਂ ਵੇਖਣ ਨੂੰ ਮਿਲ ਜਾਂਦੈ। ਪੁਰਾਣੇ ਸੱਜਣ-ਮਿੱਤਰ ਮਿਲ ਜਾਂਦੇ ਨੇ ਤੇ ਕਈ ਨਵੇਂ ਸਿਆਣੂੰ ਹੋ ਜਾਂਦੇ ਨੇ। ਸਿਆਟਲ ਸਾਗਰ, ਨਦੀਆਂ, ਝੀਲਾਂ ਤੇ ਜੰਗਲ ਬੇਲਿਆਂ ਦੀ ਹਰਿਆਵਲ ਵਿਚ ਵਲਿਆ ਸੁੰਦਰ ਸ਼ਹਿਰ ਹੈ। ਇਸ ਨੂੰ Ḕਕੁਈਨ ਸਿਟੀḔ ਤੇ ਫੁੱਲਾਂ ਦਾ ਸ਼ਹਿਰ ਵੀ ਕਿਹਾ ਜਾਂਦੈ। ਇਹ ਰੋਮ ਵਾਂਗ ਸੱਤ ਪਹਾੜੀਆਂ ਉਤੇ ਵਸਿਆ ਹੋਇਐ ਅਤੇ ਕੰਪਿਊਟਰ ਸਾਫ਼ਟਵੇਅਰ ਦੀ ਰਾਜਧਾਨੀ ਸਮਝਿਆ ਜਾਂਦੈ। ਮੇਰਾ ਉਥੇ 1990 ਤੋਂ ਜਾਣ-ਆਉਣ ਹੈ। ਕਦੇ ਕਬੱਡੀ ਮੇਲਾ, ਕਦੇ ਸਭਿਆਚਾਰਕ ਮੇਲਾ, ਕਦੇ ਉਂਜ ਈ ਮੇਲਾ-ਗੇਲਾ।
ਜਦੋਂ ਮੈਂ ਸਿਆਟਲ ਜਾਨਾਂ ਤਾਂ ਗਾਰਗੀ ਯਾਦ ਆ ਜਾਂਦੈ ਤੇ ਨਾਲ ਹੀ ਯਾਦ ਆ ਜਾਂਦੀ ਹੈ ਜੀਨੀ। ਉਨ੍ਹਾਂ ਦੇ ਦੋ ਬੱਚੇ ਹੋਏ, ਮੱਨੂੰ ਤੇ ਜੱਨਤ। ਗੁਰਚਰਨ ਰਾਮਪੁਰੀ ਦੱਸਦਾ ਹੈ ਕਿ ਗਾਰਗੀ ਕੁਝ ਸਮਾਂ ਜੀਨੀ ਦੇ ਪਰਿਵਾਰ ਨਾਲ ਪੇਇੰਗ ਗੈੱਸਟ ਵੀ ਰਿਹਾ। ਉਹ ਵਧੀਆ ਰਸੋਈਆ ਸੀ ਤੇ ਫੋਟੋਗਰਾਫਰ ਵੀ ਵਧੀਆ। ਉਹਦੇ ਦਾਲਾਂ ਭਾਜੀਆਂ ਨੂੰ ਲਾਏ ਤੜਕਿਆਂ ਨੇ ਜੀਨੀ ਨੂੰ ਵੀ ਤੜਕਾ ਲਾ ਦਿੱਤਾ! ਜੀਨੀ ਦੀ ਮਾਂ ਨੂੰ ਜੀਨੀ ਨਾਲੋਂ ਵੀ ਵੱਧ ਗਾਰਗੀ ਪਸੰਦ ਸੀ। ਕਿੱਸਾਕਾਰ ਦਮੋਦਰ ਦੇ ਕਹਿਣ ਵਾਂਗ ਜੇ ਉਹ ਅਣਵਿਆਹੀ ਹੁੰਦੀ ਤਾਂ ਉਸ ਨੇ ਆਪ ਨਿਕਾਹ ਪੜ੍ਹਾ ਲੈਣਾ ਸੀ। ਉਲਟਾ ਗਾਰਗੀ ਨੂੰ ਤੜਕਾ ਲਾ ਦੇਣਾ ਸੀ!
ਗਾਰਗੀ ਤੇ ਜੀਨੀ ਦੀ ਅੱਠ ਦਸ ਸਾਲ ਨਿਭੀ, ਫਿਰ ਤਲਾਕ ਹੋ ਗਿਆ। ਫਿਰ ਜੀਨੀ ਇਰਵਨ ਚੌਹਾਨ ਨਾਲ ਅਮਰੀਕਾ ਚਲੀ ਗਈ। ਅਮਰੀਕਾ ਪਹੁੰਚ ਕੇ ਚੌਹਾਨ ਵੀ ਉਸ ਨੂੰ ਛੱਡ ਗਿਆ। ਸਿਆਟਲ ਜਾ ਕੇ ਜੀਨੀ ਬਾਰੇ ਪੁੱਛੀਦਾ ਵੀ ਹੈ, ਪਰ ਕੋਈ ਦੱਸ ਨਹੀਂ ਪੈਂਦੀ। ਗੁਲਜ਼ਾਰ ਸਿੰਘ ਸੰਧੂ ਦੇ ਦੱਸਣ ਅਨੁਸਾਰ, 1997 ਵਿਚ ਉਸ ਦੀ ਪਤਨੀ ਡਾæ ਸੁਰਜੀਤ ਸੰਧੂ ਅਮਰੀਕਾ ਗਈ ਸੀ। ਉਥੇ ਉਸ ਨੇ ਸਭਨਾਂ ਜਾਣਕਾਰਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਜੀਨੀ ਗਾਰਗੀ ਨੂੰ ਵੀ ਜੋ ਉਸ ਨੂੰ ਮਿਲ ਨਾ ਸਕੀ। ਸੁਨੇਹਾ ਛੱਡਿਆ ਤਾਂ ਜੀਨੀ ਨੇ ਸੁਰਜੀਤ ਨੂੰ ਫੋਨ ਕਰ ਕੇ ਵਿਸਥਾਰ ਨਾਲ ਗੱਲਾਂ ਕੀਤੀਆਂ। ਸਭ ਦੀ ਸੁੱਖ ਸਾਂਦ ਪੁੱਛੀ, ਵਿਚੇ ਗੁਲਜ਼ਾਰ ਦੀ, ਵਿਚੇ ਗਾਰਗੀ ਦੀ। ਭਾਰਤ ਦਾ ਪ੍ਰਸਿੱਧ ਸੰਗੀਤਕਾਰ ਇਰਵਨ ਚੌਹਾਨ ਅਮਰੀਕਾ ਵਿਚ ਜੀਨੀ ਦਾ ਸਾਥੀ ਸੀ। ਜਦੋਂ ਉਹ ਜੀਨੀ ਦੇ ਸੰਪਰਕ ਵਿਚ ਆਇਆ, ਗਾਰਗੀ ਦੀ ਪੁਸਤਕ Ḕਨੰਗੀ ਧੁੱਪḔ ਨਵੀਂ-ਨਵੀਂ ਛਪੀ ਸੀ। Ḕਨੰਗੀ ਧੁੱਪḔ ਦੇ ਨੰਗੇਜ਼ ਅਤੇ ਗੁੱਝੀਆਂ ਗੱਲਾਂ ਨਸ਼ਰ ਕਰਨ ਤੋਂ ਗਾਰਗੀ ਦੇ ਕਈ ਮਿੱਤਰ ਨਾਰਾਜ਼ ਸਨ। ਜੀਨੀ ਵੀ ਉਨ੍ਹਾਂ ‘ਚ ਸ਼ਾਮਲ ਸੀ। ਜਿਹੜਾ ਕੋਈ ਜੀਨੀ ਨੂੰ ਮਿਲਦਾ, ਉਹ ਗਾਰਗੀ ਦੀ Ḕਨੰਗੀ ਧੁੱਪḔ ਨੂੰ ਨਿੰਦਦਾ। ਉਨ੍ਹਾਂ ਵਿਚ ਇਰਵਨ ਚੌਹਾਨ ਵੀ ਸੀ। ਜੀਨੀ ਦੀ ਉਸ ਨਾਲ Ḕਨਿੰਦਿਆ ਸਾਂਝḔ ਪੈ ਗਈ। ਉਹ ਚੌਹਾਨ ਨੂੰ ਲੈ ਕੇ ਅਮਰੀਕਾ ਚਲੀ ਗਈ। ਦੋਵੇਂ ਬੱਚੇ ਮੰਨੂੰ ਤੇ ਜੱਨਤ ਵੀ ਨਾਲ ਚਲੇ ਗਏ।
ਸੁਰਜੀਤ ਨੂੰ ਜੀਨੀ ਨੇ ਬਲਵੰਤ ਨਾਲ ਪਈ ਦਰਾੜ ਦਾ ਕਾਰਨ Ḕਨੰਗੀ ਧੁੱਪḔ ਦੱਸਿਆ, ਪਰ ਇਹ ਗੱਲ ਪੁਰਾਣੀ ਹੋ ਚੁੱਕੀ ਸੀ। ਹੁਣ ਤਾਂ ਜੀਨੀ ਵੀ ਇਹ ਜਾਣ ਚੁੱਕੀ ਸੀ ਕਿ ਚੌਹਾਨ ਨੇ ਜੀਨੀ ਨੂੰ ਆਪਣੀਆਂ ਧੀਆਂ ਅਮਰੀਕਾ ਪਹੁੰਚਾਉਣ ਲਈ ਹੀ ਵਰਤਿਆ ਸੀ। ਧੀਆਂ ਦੇ ਅਮਰੀਕਾ ਪਹੁੰਚਣ ਬਾਅਦ ਉਹ ਜੀਨੀ ਤੋਂ ਦੂਰ ਹੁੰਦਾ-ਹੁੰਦਾ ਬਹੁਤ ਦੂਰ ਹੋ ਚੁੱਕਾ ਸੀ। ਜੀਨੀ ਨੂੰ ਗਾਰਗੀ ਦੀ ਸਿਹਤ ਦਾ ਫਿਕਰ ਸੀ। ਉਹ ਮੁੜ-ਮੁੜ ਗਾਰਗੀ ਦੀ ਸਿਹਤ ਬਾਰੇ ਪੁੱਛਦੀ। ਜਾਪਦਾ ਸੀ ਜਿਵੇਂ ਗਾਰਗੀ ਲਈ ਵੈਰਾਗੀ ਪਈ ਹੋਵੇ। ਉਹ ਗਾਰਗੀ ਦੇ ਬੱਚਿਆਂ ਦੀ ਮਾਂ ਜੁ ਸੀ!
ਤਲਾਕ ਤੋਂ ਕਈ ਸਾਲ ਬਾਅਦ ਗਾਰਗੀ ਨੇ ਆਪਣੀ ਸਮੁੱਚੇ ਨਾਟਕਾਂ ਦੀ ਪੁਸਤਕ ਜੀਨੀ ਨੂੰ ਇਹ ਲਿਖ ਕੇ ਸਮਰਪਿਤ ਕੀਤੀ Ḕਜੋ ਮੇਰੇ ਬੱਚਿਆਂ ਦੀ ਮਾਂ ਹੈ।Ḕ
ਸੰਧੂ ਦੇ ਦੱਸਣ ਮੂਜਬ ਜਦੋਂ ਜੀਨੀ ਦੇ ਪਹਿਲਾ ਬੱਚਾ ਹੋਣ ਵਾਲਾ ਸੀ ਤਾਂ ਗਾਰਗੀ ਤੇ ਜੀਨੀ ਨੇ ਪੂਰੇ ਇਕ ਸੌ ਮਰਦਾਵੇਂ ਤੇ ਜ਼ਨਾਨੇ ਨਾਂ ਸੋਚ ਰੱਖੇ ਸਨ। ਬੱਚਾ ਜੰਮਿਆ ਤਾਂ ਜਨਮ ਕਾਰਡ ਉਤੇ ਲਿਖਿਆ ਗਿਆ: ਮੰਨੂੰ ਅਲੈਗਜ਼ੈਂਡਰ ਗਾਰਗੀ, ਛੇ ਪੌਂਡ ਛੇ ਔਂਸ, 11 ਅਕਤੂਬਰ 1968, 3:15 ਸ਼ਾਮ। ਗਾਰਗੀ ਸਿਆਟਲ ਵਿਚ ਭਾਰਤੀ ਡਰਾਮਾ ਪੜ੍ਹਾਉਂਦਾ ਸੀ ਜਦ ਕਿ ਜੀਨੀ ਖੋਜ ਨਿਬੰਧਾਂ ਦੀ ਅੰਗਰੇਜ਼ੀ ਸੋਧਦੀ। ਗਾਰਗੀ ਜੀਨੀ ਹੋਰਾਂ ਦੇ ਘਰ ਦਾ ਪੇਇੰਗ ਗੈਸਟ ਬਣ ਗਿਆ ਤੇ ਜੀਨੀ ਤੋਂ ਛੋਟੇ ਬੱਚਿਆਂ ਦਾ ਮਿੱਤਰ ਤੇ ਮਾਂ ਦਾ ਰਸੋਈਆ। ਜੀਨੀ ਨੂੰ ਉਹਦਾ ਸਬਰ-ਸੰਤੋਖ ਤੇ ਨਾਟਕੀ ਅੰਦਾਜ਼ ਪਸੰਦ ਆ ਗਿਆ ਸੀ। ਜੀਨੀ ਸੁਹਣੀ ਸੀ, ਨੱਕ ਤਿੱਖਾ ਤੇ ਅੱਖਾਂ ਨੀਲੀਆਂ ਮਤਾਬੀ। ਜੀਨੀ ਨੂੰ ਗਾਰਗੀ ਨਾਲ ਗੱਲ ਕਰਨ ਵਾਸਤੇ ਥੋੜ੍ਹਾ ਝੁਕਣਾ ਪੈਂਦਾ ਸੀ। ਕੁਝ ਏਸ ਤਰ੍ਹਾਂ ਜਿਵੇਂ ਹੁਸਨ ਇਸ਼ਕ ਨੂੰ ਸਲਾਮ ਕਰਦਾ ਹੋਵੇ।
***
ਖੁਸ਼ਵੰਤ ਸਿੰਘ ਨੇ ਵੀ ਬਲਵੰਤ ਗਾਰਗੀ ਦੀਆਂ ਕਈ ਗੱਲਾਂ ਦੱਸੀਆਂ ਹਨ। ਉਨ੍ਹਾਂ ਦੀ ਪਹਿਲੀ ਮੁਲਾਕਾਤ 1940-47 ਦੌਰਾਨ ਕਿਸੇ ਵਕਤ ਲਾਹੌਰ ਵਿਚ ਹੋਈ ਸੀ। ਗਾਰਗੀ ਉਭਰਦਾ ਨਾਟਕਕਾਰ ਤੇ ਵਾਰਤਕ ਲੇਖਕ ਸੀ। ਉਨ੍ਹੀਂ ਦਿਨੀਂ ਗੁਰਮੁਖੀ ‘ਚ ਲਿਖਣ ਵਾਲੇ ਹਿੰਦੂ ਲੇਖਕ ਬਹੁਤ ਘੱਟ ਸਨ। ਉਹ ਬਠਿੰਡੇ ਦੇ ਵਪਾਰੀ ਪਰਿਵਾਰ ਤੋਂ ਸੀ ਅਤੇ ਸ਼ਹਿਰੀ ਮੱਧ ਸ਼੍ਰੇਣੀ ਤੇ ਜੱਟਾਂ ਬਾਰੇ ਕਾਫੀ ਕੁਝ ਜਾਣਦਾ ਸੀ। ਉਸ ਨੇ ਪੰਜਾਬੀ ਵਾਰਤਕ ਨੂੰ ਨਿਵੇਕਲਾ ਰੂਪ ਦਿੱਤਾ ਅਤੇ ਇਸ ਨੂੰ ਹਾਜ਼ਰ-ਜੁਆਬੀ, ਹਾਸ ਵਿਅੰਗ ਤੇ ਮਸਾਲੇਦਾਰ ਗੱਲਾਂ ਨਾਲ ਦਿਲਚਸਪ ਬਣਾਇਆ। ਉਸ ਨੇ ਖੁਸ਼ਵੰਤ ਸਿੰਘ ਦੀ ਮਾਤਾ ਨੂੰ ਨਾਟਕ Ḕਲੋਹਾ ਕੁੱਟḔ ਪੜ੍ਹਨ ਨੂੰ ਦਿੱਤਾ ਜਿਸ ਨਾਲ ਉਹ ਦੋਸਤ ਬਣ ਗਏ। ਫਿਰ ਉਹ ਗਾਹੇ ਬਗਾਹੇ ਮਿਲਦੇ ਰਹੇ।
ਖੁਸ਼ਵੰਤ ਸਿੰਘ ਅਨੁਸਾਰ ਗਾਰਗੀ ਨੂੰ ਦੇਖਣ ਵਾਲੇ ਕਹਿੰਦੇ, “ਉਹ ਮਧਰਾ ਤੇ ਕੁਢੱਬਾ ਹੈ ਅਤੇ ਚਿੱਤੜ ਹਿਲਾ ਕੇ ਤੁਰਦਾ ਹੈ। ਉਹਦੀਆਂ ਅਦਾਵਾਂ ਔਰਤਾਂ ਵਾਲੀਆਂ ਹਨ ਅਤੇ ਉਹ ਹਮੇਸ਼ਾ ਅਦਿੱਖ ਸਾਬਣ ਨਾਲ ਹੱਥ ਮਲਦਾ ਰਹਿੰਦਾ ਹੈ।”
ਖੁਸ਼ਵੰਤ ਸਿੰਘ ਖੁæਦ ਸਿੰਧੀਆ ਹਾਊਸ ਦੇ ਪਿਛਲੇ ਪਾਸੇ ਤੰਗ ਗਲੀ ਵਿਚ ਗਾਰਗੀ ਦੇ ਛੋਟੇ ਜਿਹੇ ਕਮਰੇ ਤੇ ਵਿਹੜੇ ਵਿਚ ਦਰਜਨਾਂ ਸੋਹਣੀਆਂ ਕੁੜੀਆਂ ਨੂੰ ਮਿਲਿਆ। ਉਨ੍ਹਾਂ ਵਿਚੋਂ ਇਕ ਸੀ ਪ੍ਰਵੀਨ ਬੌਬੀ ਜਿਸ ਨੂੰ ਗਾਰਗੀ ਡਿਨਰ ਕਰਾਉਣ ਖੁਸ਼ਵੰਤ ਸਿੰਘ ਦੇ ਘਰ ਵੀ ਲੈ ਕੇ ਗਿਆ। ਖੁਸ਼ਵੰਤ ਲਿਖਦਾ ਹੈ, “ਸਿਆਟਲ ਵਿਚ ਗਾਰਗੀ ਨੇ ਅਮਰੀਕਨ ਔਰਤ ਜੀਨੀ ਨਾਲ ਸ਼ਾਦੀ ਕਰਵਾ ਲਈ। ਉਹ ਉਸ ਤੋ ਕੁਝ ਇੰਚ ਲੰਮੀ ਸੀ ਅਤੇ ਉਸ ਦੀ ਖੂਬਸੂਰਤੀ ਅਚੰਭਿਤ ਕਰਨ ਵਾਲੀ ਸੀ। ਮੈਨੂੰ ਉਸ ਦੀ ਖ਼ੂਬਸੂਰਤੀ ਨੇ ਪੂਰੀ ਤਰ੍ਹਾਂ ਮੋਹ ਲਿਆ ਅਤੇ ਮੈਂ ਉਨ੍ਹਾਂ ਨੂੰ ਅਕਸਰ ਭੋਜਨ ‘ਤੇ ਬੁਲਾਉਂਦਾ ਰਹਿੰਦਾ। ਜੀਨੀ ਬਹੁਤ ਹੀ ਸਿੱਧੜ ਔਰਤ ਸੀ। ਉਸ ਨੂੰ ਬਹੁਤ ਭੁੱਖ ਲਗਦੀ ਤੇ ਉਹ ਬਿਨਾ ਅੱਖ ਝਮਕੇ ਤਿੰਨ ਜਣਿਆਂ ਦਾ ਖਾਣਾ ਇਕੱਲੀ ਨਿਬੇੜ ਜਾਂਦੀ। ਗਾਰਗੀ ਉਸ ਦੀ ਦਿਓ ਰੂਪੀ ਭੁੱਖ ਤੋਂ ਬਹੁਤ ਪਰੇਸ਼ਾਨ ਸੀ ਅਤੇ ਬੁੜਬੁੜਾਉਂਦਾ, ਲੋਕ ਸੋਚਦੇ ਹੋਣਗੇ ਕਿ ਉਸ ਨੂੰ ਘਰ ਵਿਚ ਖਾਣ ਲਈ ਕੁਝ ਨਹੀਂ ਮਿਲਦਾ ਹੋਣਾ। ਉਹ ਇਸ ਗੱਲੋਂ ਵੀ ਖ਼ਫ਼ਾ ਸੀ ਕਿ ਜੀਨੀ ਪੰਜਾਬੀ ਸਿੱਖਣ ਦੀ ਬਿਲਕੁਲ ਕੋਸ਼ਿਸ਼ ਨਹੀਂ ਕਰਦੀ ਤਾਂ ਜੋ ਉਹ ਉਸ ਦੀ ਨਾਟਕਕਾਰ ਦੇ ਤੌਰ ‘ਤੇ ਪ੍ਰਸਿੱਧੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੇ।
ਚੰਡੀਗੜ੍ਹ ਯੂਨੀਵਰਸਿਟੀ ਵਿਚ ਉਸ ਨੂੰ ਨਾਟਕ ਕਲਾ ਦਾ ਪ੍ਰੋਫ਼ੈਸਰ ਨਿਯੁਕਤ ਕੀਤਾ ਗਿਆ। ਉਹ ਆਪਣੀ ਇਕ ਵਿਦਿਆਰਥਣ ‘ਤੇ ਲੱਟੂ ਹੋ ਗਿਆ। ਉਹ ਨੌਜੁਆਨ ਅਤੇ ਖ਼ੂਬਸੂਰਤ ਤਲਾਕਸ਼ੁਦਾ ਸਿੱਖ ਲੜਕੀ ਸੀ। ਇਸ ਲੜਕੀ ਨਾਲ ਵਿਲਾਸਤਾ ਦੀ ਕਹਾਣੀ ਦਾ ਬੇਬਾਕ ਵਰਣਨ ਉਸ ਨੇ ਆਪਣੀ ਸਵੈਜੀਵਨੀ Ḕਦਿ ਨੇਕਡ ਟਰਾਇਐਂਗਲḔ ਵਿਚ ਕੀਤਾ। ਸਰਦੀ ਦੀ ਇਕ ਰਾਤ ਉਸ ਨੇ ਆਪਣੀ ਕਾਰ Ḕਤੇ ਕੁੜੀ ਨੂੰ ਘਰ ਛੱਡ ਕੇ ਆਉਣ ਦਾ ਫੈਸਲਾ ਕੀਤਾ। ਗੈਰਿਜ ਵਿਚ ਉਹ ਦੋਨੋਂ ਹਵਸ਼ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੇ ਗੈਰਿਜ ਦੇ ਫਰਸ਼ ‘ਤੇ ਹੀ ਆਪਣੀ ਹਵਸ਼ ਦੀ ਪੂਰਤੀ ਕਰ ਲਈ। ਖਿੜਕੀ ਰਾਹੀਂ ਉਹ ਜੀਨੀ ਨੂੰ ਦੇਖ ਸਕਦੇ ਸਨ ਜੋ ਆਪਣੇ ਬੱਚਿਆਂ ਨਾਲ ਪਿਆਨੋ ਵਜਾ ਰਹੀ ਸੀ। ਜੀਨੀ ਉਸ ਨੂੰ ਉਸ ਦੀ ਬੇਵਫ਼ਾਈ ਲਈ ਮਾਫ਼ ਨਾ ਕਰ ਸਕੀ ਅਤੇ ਉਸ ਨੇ ਗਾਰਗੀ ਤੋਂ ਤਲਾਕ ਲੈ ਲਿਆ।
ਗਾਰਗੀ ਦੇ ਨਵੇਂ ਕਾਮ ਜਨੂੰਨ ਨੂੰ ਠੰਢਾ ਹੋਣ ਵਿਚ ਬਹੁਤਾ ਸਮਾਂ ਨਾ ਲੱਗਾ। ਉਸ ਔਰਤ ਨੂੰ ਹੋਰ ਪ੍ਰਸ਼ੰਸਕ ਮਿਲ ਗਏ। Ḕਦਿ ਨੇਕਡ ਟਰਾਇਐਂਗਲḔ ਦਾ ਪ੍ਰਕਾਸ਼ਨ ਆਖ਼ਰੀ ਤਿਣਕਾ ਸਿੱਧ ਹੋਇਆ ਅਤੇ ਉਨ੍ਹਾਂ ਦੇ ਸਬੰਧ ਟੁੱਟ ਗਏ। ਉਸ ਦੀ ਪਛਾਣ ਕਰਨੀ ਸੌਖੀ ਸੀ; ਉਹ ਦੋ ਬੱਚਿਆਂ ਦੀ ਮਾਂ ਸੀ ਅਤੇ ਉਸ ਨੂੰ ਵੇਸਵਾ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਸੀ ਜਿਹੜੀ ਉਹ ਹੈ ਨਹੀਂ ਸੀ।
ਖੁਸ਼ਵੰਤ ਸਿੰਘ ਨੇ Ḕਦਿ ਨੇਕਡ ਟਰਾਇਐਂਗਲḔ ਦਾ ਰੀਵਿਊ ਕਰਦਿਆਂ ਲਿਖਿਆ ਕਿ ਉਸ ਨੇ ਆਪਣੇ ਨੇੜੇ ਰਹਿ ਚੁੱਕੀਆਂ ਔਰਤਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਇਸ ਗੱਲ ਦੀ ਚਰਚਾ ਹੈ ਕਿ ਉਹ ਔਰਤ ਦਿੱਲੀ ਆਈ ਅਤੇ ਗਾਰਗੀ ਦੇ ਘਰ ਪਹੁੰਚ ਕੇ ਉਸ ਦੀ ਚੰਗੀ ਲਾਹ ਪਾਹ ਤੋਂ ਇਲਾਵਾ ਹੋਰ ਕੁਝ ਵੀ ਕੀਤਾ। ਗਾਰਗੀ ਅਗਨ ਪ੍ਰੀਖਿਆ ਵਿਚ ਦੀ ਲੰਘ ਗਿਆ। ਉਸ ਨੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਚ ਆਪਣੀ ਪੁਸਤਕ ‘ਤੇ ਵਿਚਾਰ ਵਟਾਂਦਰਾ ਕਰਨ ਲਈ ਸਾਹਿਤ ਦੇ ਕਦਰਦਾਨਾਂ ਦੀ ਮੀਟਿੰਗ ਵੀ ਸੱਦੀ ਅਤੇ ਪ੍ਰਗਟਾਵਾ ਕੀਤਾ, “ਮੈਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਿ ਲੋਕ ਮੇਰੇ ਨੇੜੇ ਰਹੀਆਂ ਔਰਤਾਂ ਬਾਰੇ ਬੇਬਾਕ ਹੋ ਕੇ ਲਿਖਣ ਬਾਰੇ ਕੀ ਕਹਿੰਦੇ ਹਨ, ਪਰ ਹੁਣ ਤੋਂ ਪੰਜਾਹ-ਸੌ ਸਾਲਾਂ ਬਾਅਦ ਇਨ੍ਹਾਂ ਲੋਕਾਂ ਬਾਰੇ ਕੌਣ ਜਾਣਦਾ ਹੋਵੇਗਾ? ਆਉਣ ਵਾਲੀਆਂ ਪੀੜ੍ਹੀਆਂ ਮੈਨੂੰ ਤੇ ਮੇਰੇ ਕੰਮ ਦੀ ਸਾਹਿਤਕ ਪੱਧਰ ਨੂੰ ਸਮਝਣਗੀਆਂ।”
ਖੁਸ਼ਵੰਤ ਸਿੰਘ ਲਿਖਦੈ, “ਮੈਂ ਗਾਰਗੀ ਨੂੰ ਅੰਗਰੇਜ਼ੀ ਵਿਚ ਲਿਖਣ ਲਈ ਪ੍ਰੇਰਨ ਦਾ ਸਿਹਰਾ ਆਪਣੇ ਸਿਰ ਲੈਂਦਾ ਹਾਂ। ਮੈਂ ਉਸ ਨੂੰ ਕਿਹਾ, ਤੂੰ ਤਾਂ ਖੂਹ ਵਿਚ ਟਰ-ਟਰਾ ਰਹੇ ਡੱਡੂ ਵਾਂਗ ਹੈਂ। ਤੇਰੀਆਂ ਗੁਰਮੁਖੀ ਵਿਚ ਲਿਖੀਆਂ ਕਿਤਾਬਾਂ ਨੂੰ ਕਿਤਨੇ ਲੋਕ ਪੜ੍ਹਦੇ ਹਨ? 500-1000? ਇਸ ਤੋਂ ਵੱਧ ਨਹੀਂ। ਤੂੰ ਅੰਗਰੇਜ਼ੀ ਵਿਚ ਲਿਖ। ਸਾਰੇ ਦੇਸ਼ ਵਿਚ ਲੋਕ ਤੈਨੂੰ ਪੜ੍ਹਨਗੇ। ਤੇਰੀ ਖਿੜਕੀ ਦੁਨੀਆਂ ਵੱਲ ਵੀ ਖੁੱਲ੍ਹ ਜਾਵੇਗੀ। ਉਹ ਸਹਿਮਤ ਹੋ ਗਿਆ। ਫਿਰ ਉਸ ਨੇ ਆਪਣੇ ਛੋਟੇ ਜਿਹੇ ਘਰ ਅਤੇ ਵਿਹੜੇ ‘ਤੇ ਆਧਾਰਿਤ ਯਾਦਾਂ ਦੀ ਪੁਸਤਕ Ḕਦਿ ਪਰਪਲ ਮੂਨ ਲਾਈਟḔ ਲਿਖੀ।”
ਅੰਗਰੇਜ਼ੀ ਵਿਚ ਲਿਖੀ ਉਸ ਪੁਸਤਕ ਦਾ ਪੰਜਾਬੀ ਵਿਚ ਨਾਂ ਹੈ Ḕਕਾਸ਼ਨੀ ਵਿਹੜਾḔ ਜਿਵੇਂ Ḕਦਿ ਨੇਕਡ ਟਰਾਇਐਂਗਲḔ ਦਾ Ḕਨੰਗੀ ਧੁੱਪḔ। ਖੁਸ਼ਵੰਤ ਸਿੰਘ ਅਨੁਸਾਰ ਉਹਦੇ ਰੇਖਾ ਚਿੱਤਰਾਂ ਦੇ ਅਖ਼ੀਰ ਵਿਚ ਠੂੰਹੇਂ ਵਰਗਾ ਡੰਗ ਹੁੰਦਾ ਜੋ ਦੇਰ ਤਕ ਚੁੱਭਦਾ ਰਹਿੰਦਾ। ਉਹਦੀ ਮਾਲੀ ਹਾਲਤ ਚੰਡੋਲ ਦੀ ਸਵਾਰੀ ਵਰਗੀ ਸੀ। ਮਿੱਤਰਾਂ ਦੀ ਖ਼ੂਬ ਸੇਵਾ ਕਰਦਾ। ਵਧੀਆ ਫੋਟੋਗ੍ਰਾਫ਼ਰ ਸੀ। ਫ਼ਜ਼ੂਲ ਖਰਚ ਸੀ ਪਰ ਪੈਸੇ ਦਾ ਲਾਲਚੀ ਵੀ ਸੀ। ਫੋਨ ਕੱਟਿਆ ਜਾਂਦਾ ਤਾਂ ਪੈਸੇ ਉਧਾਰ ਲੈਂਦਾ ਅਤੇ ਕਰਜ਼ਾ ਲਾਹ ਕੇ ਹਟਦਾ। ਗਾਰਗੀ ਨਾਲ ਨਿਭਾਉਣੀ ਸੌਖੀ ਨਹੀਂ ਸੀ। ਉਹ ਮੈਨੂੰ ਮਿਲਣ ਆਉਂਦਾ ਕਾਫੀ ਦਾ ਅੱਧਾ ਮੱਘ ਬਰਬਾਦ ਕਰ ਦਿੰਦਾ, ਪਰ ਮੈਨੂੰ ਖੇੜੇ ਦੀ ਹਾਲਤ ਵਿਚ ਛੱਡ ਜਾਂਦਾ।
ਕਦੇ ਕਦੇ ਉਹ ਫ਼ਲਸਫ਼ਾਨਾ ਗੱਲਾਂ ਕਰਦਾ। ਕਾਸ਼ਨੀ ਵਿਹੜੇ ਦੀਆਂ ਸਤਰਾਂ, “ਕਿੱਥੇ ਚਲੀ ਜਾਂਦੀ ਹੈ ਸਾਡੀ ਰੂਹ ਮਰਨ ਪਿੱਛੋਂ? ਰੂਹ ਕੀ ਹੈ? ਇਹ ਹੈ ਵੀ ਕਿ ਨਹੀਂ? ਮਰਨ ਪਿੱਛੋਂ ਕੀ ਰਹਿ ਜਾਂਦਾ ਹੈ? ਸਿਰਫ਼ ਰਾਖ ਤੇ ਖੰਡਰ? ਮੈਂ ਇਤਿਹਾਸਕ ਮਹਿਲ ਵੇਖੇ ਹਨ। ਵੱਡੇ-ਵੱਡੇ ਬਾਦਸ਼ਾਹਾਂ ਦੇ ਕਿਲੇ ਤੇ ਉਨ੍ਹਾਂ ਦੇ ਮਕਬਰੇ, ਜਿਥੇ ਕਦੇ ਵੱਡੇ-ਵੱਡੇ ਸੁਲਤਾਨ ਤਾਜ ਪਹਿਨਦੇ ਸਨ, ਉਥੇ ਹੁਣ ਚਮਗਿੱਦੜ ਲਟਕਦੇ ਹਨ। ਜਿਨ੍ਹਾਂ ਕਬਰਾਂ ਹੇਠ ਨਾਜ਼ਕ ਮੁਗ਼ਲ ਸ਼ਹਿਜ਼ਾਦੀਆਂ ਪਈਆਂ ਹਨ, ਉਥੇ ਕਾਹੀ ਤੇ ਸਰਕੰਡੇ ਉਗੇ ਹੋਏ ਹਨ। ਇਹੋ ਹੈ ਉਨ੍ਹਾਂ ਦੀ ਸ਼ਾਨ ਤੇ ਇਹੋ ਉਜੜੀ ਹੋਈ ਨਿਮਾਣੀ ਖਸਤਾ ਹੋਂਦ ਰਹਿ ਜਾਂਦੀ ਹੈ ਬਾਕੀ।”
(ਚਲਦਾ)