ਗ੍ਰੰਥ ਪੜ੍ਹੀਏ, ਗੰਢ ਖੋਲ੍ਹੀਏ

ਬਲਜੀਤ ਬਾਸੀ
ਗੰਢ ਉਸ ਮਰੋੜੀ ਜਾਂ ਵਲ ਨੂੰ ਆਖਦੇ ਹਨ ਜੋ ਰੱਸੀ ਆਦਿ ਨੂੰ ਆਪਣੇ ਆਪ ਜਾਂ ਕਿਸੇ ਹੋਰ ਚੀਜ਼ ਨਾਲ ਬੰਨ੍ਹਣ ਜਾਂ ਜੋੜਨ ਲਈ ਦਿੱਤੀ ਜਾਂਦੀ ਹੈ। ਇਸ ਦੇ ਸਿਰਿਆਂ ਨੂੰ ਖਿੱਚਣ ਨਾਲ ਇਹ ਹੋਰ ਪੀਡੀ ਹੋ ਜਾਂਦੀ ਹੈ। ਨਾਲੇ ‘ਚ ਆਈ ਗੋਲ ਗੰਢ ਦੇ ਸ਼ਰਮਨਾਕ ਨਤੀਜੇ ਬਥੇਰਿਆਂ ਨੇ ਭੁਗਤੇ ਹੋਣਗੇ। ਕਹਾਵਤ ਹੈ, ‘ਸੌ ਹੱਥ ਰੱਸਾ, ਸਿਰੇ ‘ਤੇ ਗੰਢ’, ਅਰਥਾਤ ਜੋ ਮਰਜ਼ੀ ਕਰ ਲਵੋ, ਸਿੱਟਾ ਉਹੀ ਨਿਕਲੇਗਾ। ਪਸ਼ੂ ਦੇ ਭਾਵੇਂ ਸੌ ਹੱਥ ਰੱਸਾ ਪਾਇਆ ਹੋਵੇ ਪਰ ਜੇ ਇਕ ਪਾਸੇ ਗੰਢ ਮਾਰ ਕੇ ਬੰਨ੍ਹ ਲਿਆ ਜਾਵੇ ਤਾਂ ਉਹ ਕਿੱਥੇ ਜਾ ਸਕਦਾ ਹੈ?

ਗੰਢ ਉਭਰੀ ਹੋਈ ਬਣਤਰ ਹੁੰਦੀ ਹੈ, ਇਸ ਲਈ ਸਰੀਰ ਵਿਚ ਮਾਸ ਆਦਿ ਦੇ ਸਖਤ ਜਮਾਉ ਨੂੰ ਵੀ ਗੰਢ ਕਹਿ ਦਿੱਤਾ ਜਾਂਦਾ ਹੈ। ਗੰਢ ਦੋ ਚੀਜ਼ਾਂ ਨੂੰ ਜੋੜਦੀ ਹੈ, ਇਸ ਲਈ ਇਸ ਵਿਚ ਸਬੰਧ, ਮੇਲ, ਜੋੜ ਆਦਿ ਦੇ ਭਾਵ ਵੀ ਆ ਗਏ ਹਨ। ਰਵਾਇਤੀ ਤੌਰ ‘ਤੇ ਪੁੱਤਰ ਨਾਲ ਪਰਿਵਾਰ ਦਾ ਭਵਿੱਖ ਕਾਇਮ ਮੰਨਿਆ ਜਾਂਦਾ ਹੈ, ਗੁਰੂ ਨਾਨਕ ਦੇਵ ਦੀ ਇਹ ਪੰਕਤੀ ਇਹੋ ਦਰਸਾਉਂਦੀ ਹੈ, ‘ਗੋਰੀ ਸੇਤੀ ਤੁਟੈ ਭਤਾਰ॥ ਪੁਤੀਂ ਗੰਢੁ ਪਵੈ ਸੰਸਾਰਿ॥’ ਅਰਥਾਤ ਜੇ ਪਤੀ ਪਤਨੀ ਤੋਂ ਦੂਰ ਹੁੰਦਾ ਹੈ (ਸ਼ਾਇਦ ਬਾਂਝ ਹੋਣ ਕਰਕੇ) ਤਾਂ ਜਗਤ ਵਿਚ ਇਨ੍ਹਾਂ ਦਾ ਜੋੜ ਪੁੱਤਰ ਹੋਣ ਨਾਲ ਮੁੜ ਬਣ ਜਾਂਦਾ ਹੈ। ਗੰਢ ਮਾਰਨ ਨਾਲ ਕਿਸੇ ਬੁਰਾਈ ‘ਤੇ ਰੋਕ ਲਗਦੀ ਹੈ, ‘ਕਾਲਾ ਗੰਢੁ ਨਦੀਆ ਮੀਹ ਝੋਲ॥’ ਮਨ ਵਿਚ ਬੈਠੀ ਕਿਸੇ ਗੁੰਝਲ ਜਾਂ ਉਲਝਣ ਨੂੰ ਵੀ ਗੰਢ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿਚ ਅਜਿਹੀ ਸਥਿਤੀ ਨੂੰ ਛੋਮਪਲeਣ ਜਿਵੇਂ ੀਨਾeਰਿਰਟੇ ਛੋਮਪਲeਣ ਕਿਹਾ ਜਾਂਦਾ ਹੈ। ਹਾਲਾਂ ਕਿ ਗੰਢ ਸਬੰਧ ਵੱਲ ਸੰਕੇਤ ਕਰਦੀ ਹੈ ਪਰ ‘ਗੰਢ ਪੈਣਾ’ ਮੁਹਾਵਰੇ ਵਿਚ ਸਬੰਧਾਂ ਦੇ ਵਿਗੜ ਜਾਣ ਦਾ ਆਸ਼ਾ ਹੈ।
ਪਹਿਲੀਆਂ ਵਿਚ ਕੁਝ ਯਾਦ ਰੱਖਣ ਲਈ ਰੁਮਾਲ ਜਾਂ ਰੱਸੀ ਆਦਿ ਨੂੰ ਗੰਢ ਮਾਰ ਲਈ ਜਾਂਦੀ ਸੀ। ਇਥੋਂ ਹੀ ਯਾਦ ਰੱਖਣ ਦੇ ਅਰਥਾਂ ਵਿਚ ‘ਗੰਢ ਬੰਨ੍ਹਣਾ’ ਮੁਹਾਵਰਾ ਬਣਿਆ। ਇਸ ਨੂੰ ਗੰਢ-ਚਿਤਰਾਵਾ ਵੀ ਆਖਿਆ ਜਾਂਦਾ ਹੈ, ਇਸ ਦਾ ਮਤਲਬ ਵਿਆਹ ਹੋ ਜਾਣਾ ਵੀ ਹੈ। ਕਿਸੇ ਜ਼ਮਾਨੇ ‘ਚ ਮਾਂਵਾਂ ਹਰ ਸਾਲ ਬੱਚੇ ਦੇ ਜਨਮ-ਦਿਨ ‘ਤੇ ਸੂਤ ਦੀ ਡੋਰੀ ਜਾਂ ਮੌਲੀ ‘ਤੇ ਇਕ ਗੰਢ ਮਾਰ ਲੈਂਦੀਆਂ ਸਨ ਜਿਸ ਨਾਲ ਬੱਚੇ ਦੀ ਉਮਰ ਯਾਦ ਰਹਿੰਦੀ ਸੀ। ਪੰਜਾਬੀ ਵਰ੍ਹੇ-ਗੰਢ, ਹਿੰਦੀ ਵਰਸ਼-ਗਾਂਠ ਅਤੇ ਫਾਰਸੀ ਸਾਲ-ਗਿਰਾ ਦਾ ਸ਼ਾਬਦਿਕ ਅਰਥ ਇਹੀ ਹੈ। ਵਿਆਹ ਆਦਿ ਦੇ ਮੌਕੇ ਵੀ ਗੰਢ ਭੇਜੀ ਜਾਂਦੀ ਸੀ। ਕਿਸੇ ਵੇਲੇ ਗ੍ਰੰਥ-ਲਿਪੀ ਵੀ ਚਲਦੀ ਸੀ ਜੋ ਰੰਗ-ਬਰੰਗੇ ਧਾਗਿਆਂ ‘ਤੇ ਗੰਢਾਂ ਮਾਰ ਕੇ ਵਿਅਕਤ ਕੀਤੀ ਜਾਂਦੀ ਸੀ। ਰੁਮਾਲ, ਪੱਲੇ ਆਦਿ ਦੇ ਇਕ ਲੜ ਪੈਸੇ ਰੱਖ ਕੇ ਗੰਢ ਮਾਰ ਲਈ ਜਾਂਦੀ ਹੈ, ਇਸ ਲਈ ਗੰਢ ਦਾ ਇਕ ਮਤਲਬ ਜੇਬ, ਪਰਸ, ਬਟੂਆ ਵੀ ਹੋ ਗਿਆ ਹੈ। ‘ਗੰਢ ਦਾ ਪੂਰਾ ਅੱਖਾਂ ਦਾ ਅੰਨਾ’ ਉਹ ਹੁੰਦਾ ਹੈ ਜਿਸ ਕੋਲ ਮਾਇਆ ਤਾਂ ਬਥੇਰੀ ਹੋਵੇ ਪਰ ਉਂਜ ਮੂਰਖ ਹੋਵੇ। ਬਲੈਕ ਰੋਕਣ ਲਈ ਲਾਈ ਨੋਟ-ਬੰਦੀ ਦੇ ਇਸ ਦੌਰ ਵਿਚ ਭਗਤ ਕਬੀਰ ਦੀ ਇਹ ਪੰਕਤੀ ਕਿੰਨੀ ਢੁਕਦੀ ਹੈ, ‘ਇਤਨਕੁ ਖਟੀਆ ਗਠੀਆ ਮਟੀਆ ਸੰਗ ਨ ਕਛੁ ਲੈ ਜਾਇ॥’ ਐਨੀ ਮਾਇਆ ਖੱਟੀ ਹੈ, ਐਨੀ ਪੱਲੇ ਬੰਨ੍ਹੀ ਹੈ ਤੇ ਐਨੀ ਦੱਬੀ ਹੋਈ ਹੈ, ਨਾਲ ਤਾਂ ਕੁਝ ਨਹੀਂ ਲੈ ਜਾਣਾ।
ਗੰਢ ਤੋਂ ਬਣੀ ਕਿਰਿਆ ਗੰਢਣਾ ਦਾ ਅਰਥ ਗੰਢ ਮਾਰਨਾ, ਜੋੜਨਾ, ਮੇਲਣਾ, ਬਣਾਉਣਾ ਆਦਿ ਹੈ, ‘ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੈ॥’ (ਗੁਰੂ ਨਾਨਕ ਦੇਵ); ‘ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ॥’ (ਬਾਬਾ ਸ਼ੇਖ ਫਰੀਦ) ਗੰਢਣਾ ਦਾ ਅਰਥ ਜੁੱਤੀ ਆਦਿ ਦੀ ਮੁਰੰਮਤ ਕਰਨਾ ਵੀ ਹੈ ਕਿਉਂਕਿ ਆਮ ਤੌਰ ‘ਤੇ ਜੁੱਤੀ ਦੇ ਜੋੜ ਜਾਂ ਸਿਉਣ ਹੀ ਉਧੜਦੇ ਹਨ। ‘ਟੁੱਟੀ ਗੰਢਣਾ’ ਦਾ ਮਤਲਬ ਵਿਗੜੇ ਸਬੰਧਾਂ ਨੂੰ ਠੀਕ ਕਰਨਾ ਹੈ।
‘ਗੰਢ ਤੁੱਪ ਕਰਨਾ’ ਦਾ ਮਤਲਬ ਹੈ ਕਿਸੇ ਨਾਲ ਅੰਦਰੋਗਤੀ ਸਬੰਧ ਬਣਾ ਲੈਣਾ। ਗੰਢ ਸ਼ਬਦ ਦਾ ਇਕ ਹੋਰ ਭੇਦ ਹੈ, ਗੱਠ। ਬਹੁਤ ਸਾਰੇ ਅਰਥਾਂ ਵਿਚ ਅਸੀਂ ਗੰਢ ਦੀ ਥਾਂ ਗੱਠ ਸ਼ਬਦ ਰੱਖ ਸਕਦੇ ਹਾਂ। ਅਜੋਕੀ ਰਾਜਨੀਤੀ ਵਿਚ ਗੱਠਜੋੜ ਬਥੇਰਾ ਚੱਲ ਰਿਹਾ ਹੈ। ਗੱਠ ਤੋਂ ਗਠੜੀ, ਗੱਠਿਆ, ਗਠੀਲਾ, ਗੱਠਣਾ, ਸੁਗਠਿਤ, ਸੰਗਠਨ, ਵਿਗਠਨ ਸ਼ਬਦ ਬਣੇ ਹਨ। ਵਿਗਠਨ ਸੁਗਠਨ ਤੋਂ ਵਿਪਰੀਤ ਹੈ ਯਾਨਿ ਭਜ-ਟੁੱਟ, ਨਿਘਾਰ। ਅੰਗਾਂ ਦੀਆਂ ਗੱਠਾਂ (ਜੋੜ) ਵਿਚ ਹੋਣ ਵਾਲੇ ਦਰਦ ਨੂੰ ਗਠੀਆ ਕਿਹਾ ਜਾਂਦਾ ਹੈ। ‘ਗਠੜੀ ਖੋਲ੍ਹਣਾ’ ਦਾ ਮਤਲਬ ਹੈ, ਦਿਲ ਦੀ ਭੜਾਸ ਕੱਢਣਾ। ਗੁਰੂ ਨਾਨਕ ਦੇਵ ਦੀ ਇਹ ਤੁਕ ਕਿੰਨੀ ਭਾਵਪੂਰਤ ਅਤੇ ਦਿਲ-ਟੁੰਭਵੀਂ ਹੈ, ‘ਮਨ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ॥ ਕਿਸੁ ਪਹਿ ਖੋਲਉ ਗੰਠੜੀ ਦੂਖੀ ਭਰ ਆਇਆ॥’ ਗੱਠਾ ਸ਼ਬਦ ਗੰਢੇ ਦਾ ਵੀ ਸੰਕੇਤਕ ਹੈ ਤੇ ਲੱਕੜੀਆਂ, ਕਪਾਹ ਆਦਿ ਦੇ ਬੰਡਲ ਦਾ ਵੀ। ਛੋਟੇ ਗੱਠੇ ਜਾਂ ਨੋਟਾਂ ਦੀ ਦੱਥੀ ਨੂੰ ਗੱਠੀ ਆਖਦੇ ਹਨ। ਇਸ ਨੂੰ ਗੱਡੀ ਵੀ ਕਿਹਾ ਜਾਂਦਾ ਹੈ ਜੋ ਗੱਠੀ ਦਾ ਹੀ ਭੇਦ ਹੈ। ਅੰਬ ਆਦਿ ਦੀ ਗੁਠਲੀ ਵੀ ਗੱਠ ਜਿਹੀ ਹੀ ਹੁੰਦੀ ਹੈ। ਗੁਰਬਾਣੀ ਵਿਚ ਗੰਢ ਦਾ ਇਕ ਹੋਰ ਰੂਪ ਗੰਠ ਵੀ ਹੈ, ‘ਟੂਟੈ ਗੰਠਿ ਪੜੈ ਵੀਚਾਰ॥” (ਗੁਰੂ ਨਾਨਕ ਦੇਵ) ਅਤੇ ਗਾਂਠ ਵੀ, ‘ਚਮਰਟਾ ਗਾਂਠਿ ਨ ਜਨਈ॥’ (ਭਗਤ ਰਵਿਦਾਸ)
ਗੰਢ ਜਾਂ ਗੱਠ ਸ਼ਬਦ ਬਣੇ ਹਨ ਸੰਸਕ੍ਰਿਤ ਧਾਤੂ ‘ਗ੍ਰਥ’ ਤੋਂ। ਇਸ ਵਿਚ ਜਮਾਉ, ਜੁੜ ਜਾਣ ਇਕੱਤ੍ਰਣ, ਸੰਗ੍ਰਹਿਣ, ਗੁੱਛਾ, ਲੱਛਾ ਆਦਿ ਦੇ ਭਾਵ ਹਨ। ‘ਥ’ ਧੁਨੀ ਅਕਸਰ ਹੀ ‘ਠ’ ਤੇ ਫਿਰ ‘ਢ’ ਵਿਚ ਬਦਲ ਜਾਂਦੀ ਹੈ। ਕੁਝ ਮਿਸਾਲਾਂ ਵੱਲ ਗੌਰ ਕਰੋ: ਥਾਣਾ>ਠਾਣਾ; ਥੁੱਲ>ਠੁੱਲ। ਗ੍ਰਥ ਧਾਤੂ ਨੇ ਜਿਸ ਮਹੱਤਵਪੂਰਨ ਸ਼ਬਦ ਨੂੰ ਜਨਮ ਦਿੱਤਾ, ਉਹ ਹੈ ਪੁਸਤਕ ਦੇ ਅਰਥ ਵਾਲਾ ‘ਗੰ੍ਰਥ’। ਪੁਸਤਕ ਜਾਂ ਗ੍ਰੰਥ ਕਿੰਨੇ ਸਾਰੇ ਵਰਕਿਆਂ ਦਾ ਪੁਲੰਦਾ ਜਾਂ ਜੋੜ ਹੀ ਹੁੰਦਾ ਹੈ, ‘ਅਸੰਖ ਗਰੰਥ ਮੁਖਿ ਵੇਦ ਪਾਠ॥’ (ਗੁਰੂ ਨਾਨਕ ਦੇਵ) ਪੁਰਾਣੇ ਜ਼ਮਾਨੇ ਵਿਚ ਭੋਜਪੱਤਰਾਂ ਨੂੰ ਇਕ-ਦੂਜੇ ਨਾਲ ਜੋੜ ਕੇ ਜਾਂ ਸਿਉ ਕੇ ਗ੍ਰੰਥ ਬਣਾਏ ਜਾਂਦੇ ਸਨ। ਉਂਜ ਗ੍ਰੰਥ ਜਾਂ ਕਿਤਾਬ ਰਚਨਾਵਾਂ ਦਾ ਹੀ ਸੰਗ੍ਰਿਹ ਹੁੰਦਾ ਹੈ। ਸਿੱਖਾਂ ਦੀ ਧਾਰਮਕ ਪੁਸਤਕ ਹੀ ‘ਗੁਰੂ ਗ੍ਰੰਥ ਸਾਹਿਬ’ ਕਹਾਉਂਦੀ ਹੈ। ਛੋਟੇ ਗ੍ਰੰਥ ਨੂੰ ਗ੍ਰੰਥੀ ਕਿਹਾ ਜਾਂਦਾ ਹੈ ਜਿਵੇਂ ਪੰਜ-ਗ੍ਰੰਥੀ। ਕਿਤਾਬੀ ਕੀੜੇ ਜਾਂ ਵਿਦਵਾਨ ਨੂੰ ਵੀ ਗ੍ਰੰਥੀ ਕਿਹਾ ਜਾਂਦਾ ਹੈ। ਗ੍ਰੰਥ ਸਾਹਿਬ ਨੂੰ ਪੇਸ਼ਾਵਰਾਨਾ ਢੰਗ ਨਾਲ ਪੜ੍ਹਨ ਵਾਲਾ ਵੀ ਗ੍ਰੰਥੀ ਹੁੰਦਾ ਹੈ। ਸਰੀਰ ਵਿਚ ਕਈ ਕਿਸਮ ਦੇ ਰਸਾਅ ਪੈਦਾ ਕਰਨ ਵਾਲੀਆਂ ਵੀ ਗ੍ਰੰਥੀਆਂ ਹੁੰਦੀਆਂ ਹਨ।
ਉਪਰ ਅਸੀਂ ਵਰ੍ਹੇ ਗੰਢ ਦੇ ਅਰਥਾਂ ਵਾਲੇ ਫਾਰਸੀ ਵਲੋਂ ਆਏ ਸਮਾਸੀ ਸ਼ਬਦ ‘ਸਾਲ ਗਿਰਾ’ ਦਾ ਜ਼ਿਕਰ ਕੀਤਾ ਸੀ। ਫਾਰਸੀ ਦੇ ਇਸ ਗਿਰਾ (ਗਿਰਹ) ਦਾ ਅਰਥ ਵੀ ਗੰਢ ਹੀ ਹੈ ਅਤੇ ਪਲੈਟਸ ਨੇ ਸੰਕੇਤ ਮਾਤਰ ਕਿਹਾ ਹੈ ਕਿ ਇਹ ਸ਼ਬਦ ਸੰਸਕ੍ਰਿਤ ਦੇ ‘ਗ੍ਰੰਥਹ’ ਸ਼ਬਦ ਦਾ ਸੁਜਾਤੀ ਹੋ ਸਕਦਾ ਹੈ। ਇਸ ਤੱਥ ਬਾਰੇ ਅਜੇ ਹੋਰ ਖੋਜ ਦੀ ਲੋੜ ਹੈ।
ਲਗਦੇ ਹੱਥ ‘ਗਾਂਢਾ ਸਾਂਢਾ ਕਰਨਾ’ ਮੁਹਾਵਰੇ ਦੀ ਵਿਆਖਿਆ ਵੀ ਕਰ ਲਈਏ। ਇਸ ਮੁਹਾਵਰੇ ਦਾ ਲਗਭਗ ਉਹੀ ਅਰਥ ਹੁੰਦਾ ਹੈ ਜੋ ਗਠਜੋੜ ਕਰਨਾ ਦਾ ਹੁੰਦਾ ਹੈ ਯਾਨਿ ਚੋਰਾਨਾ ਅੰਦਾਜ਼ ਵਿਚ ਕਿਸੇ ਨਾਲ ਸਬੰਧ ਕਾਇਮ ਕਰ ਲੈਣੇ। ਇਸ ਦਾ ਹਿੰਦੀ ਰੁਪਾਂਤਰ ਹੈ, ‘ਗਾਂਠ ਸਾਂਠ’ ਕਰਨਾ ਜਾਂ ‘ਸਾਂਠ ਗਾਂਠ ਕਰਨਾ।’ ਸਪੱਸ਼ਟ ਹੈ ਕਿ ਇਨ੍ਹਾਂ ਵਿਚ ਵਰਤੇ ਗਏ ਸ਼ਬਦ ‘ਗਾਂਢਾ’ ਜਾਂ ‘ਗਾਂਠ’ ਤਾਂ ‘ਗੰਢ’ ਦੇ ਹੀ ਭੇਦ ਹਨ। ਸਾਂਢਾ ਜਾਂ ਸਾਂਠ ਸ਼ਬਦ ਦਾ ਕੀ ਅਰਥ ਹੈ? ਸਾਂਠ ਸ਼ਬਦ ਦਾ ਅਰਥ ਵੀ ਅਸਲ ਵਿਚ ਜੋੜ, ਗੱਠ, ਮੇਲ ਹੀ ਹੈ। ਕਾਵਿਕ ਬਿਰਤੀ ਵਾਲੇ ਲੋਕਾਂ ਨੇ ਅਭਿਵਿਅਕਤੀ ਦਾ ਪ੍ਰਭਾਵ ਤੀਖਣ ਕਰਨ ਲਈ ਅਨੇਕਾਂ ਅਜਿਹੀਆਂ ਦਰੁਕਤੀਆਂ ਘੜ ਲਈਆ ਹਨ ਜੋ ਸ਼ਬਦ ਨਿਰਮਾਣ ਦੀ ਇਕ ਜੁਗਤ ਹੀ ਬਣ ਗਈ ਹੈ। ਇਨ੍ਹਾਂ ਵਿਚ ਵਰਤੇ ਜਾਂਦੇ ਦੋ ਸ਼ਬਦਾਂ ਦੇ ਅਰਥ ਇਕੋ ਜਿਹੇ ਹੁੰਦੇ ਹਨ ਤੇ ਕਈ ਵਾਰੀ ਉਨ੍ਹਾਂ ਦੀ ਧੁਨੀ ਵੀ ਸਮਾਨ ਹੁੰਦੀ ਹੈ ਪਰ ਜ਼ਰੂਰੀ ਨਹੀਂ ਕਿ ਉਹ ਮੁਢਲੇ ਤੌਰ ‘ਤੇ ਇਕ ਦੂਜੇ ਦੇ ਸਕੇ ਹੋਣ। ਪਹਿਲੀ ਕਿਸਮ ਦੀਆਂ ਦਰੁਕਤੀਆਂ ਦੀ ਮਿਸਾਲ ਹੈ, ਚਿੱਠੀ-ਪੱਤਰ, ਖਾਸਾ-ਚੰਗਾ ਆਦਿ। ਗਾਂਢਾ-ਸਾਂਢਾ ਜਾਂ ਗਾਂਠ-ਸਾਂਠ ਦੂਜੀ ਕਿਸਮ ਦੀ ਦਰੁਕਤੀ ਹੈ। ਸਾਂਠ ਸ਼ਬਦ ‘ਸਟ’ ਤੋਂ ਬਣਿਆ ਹੈ ਜਿਸ ਵਿਚ ਦੋ ਚੀਜ਼ਾਂ ਦੇ ਮੇਲਣ, ਜੁੜਨ, ਚਿਪਕਣ, ਲਾਗੇ ਲਾਗੇ ਹੋਣ ਦੇ ਭਾਵ ਹਨ। ‘ਸਾਂਟ ਲੈਣਾ’ ਦਾ ਮਤਲਬ ਹੈ, ਕਿਸੇ ਨੂੰ ਆਪਣੇ ਵੱਲ ਕਰ ਲੈਣਾ। ਇਹ ਸ਼ਬਦ ਬਣਿਆ ਹੈ, ਸ+ਸਥਾ ਤੋਂ। ਇਸ ਵਿਚ ‘ਸ’ ਇਕ ਅਗੇਤਰ ਹੈ ਜਿਸ ਦਾ ਅਰਥ ਹੈ, ਨਾਲ, ਸਹਿਤ, ਸਾਥ ਆਦਿ ਜਿਵੇਂ ਸਗੋਤੀ ਮਤਲਬ ਇਕੋ ਗੋਤ ਵਾਲੇ। ḔਸਥḔ ਧਾਤੂ ਦਾ ਅਰਥ ਹੈ, ਖੜਾ ਕਰਨਾ, ਕਾਇਮ ਕਰਨਾ। ਸਥ ਦਾ ਪ੍ਰਾਕ੍ਰਿਤ ਰੂਪ ਹੈ, ਸੰਠ। ਇਸ ਧਾਤੂ ਤੋਂ ਬਹੁਤ ਸਾਰੇ ਸ਼ਬਦ ਬਣੇ ਹਨ ਜਿਨ੍ਹਾਂ ਬਾਰੇ ਕਈ ਵਾਰੀ ਲਿਖਿਆ ਜਾ ਚੁਕਾ ਹੈ। ਕੁਝ ਮਿਸਾਲਾਂ ਕਾਫੀ ਦੁਹਰਾਉਂਦੇ ਹਾਂ: ਸਥਾਪਨਾ, ਸਥਾਨ ਅਤੇ ਸਥਿਤ। ਕਈ ਹਿੰਦ-ਯੂਰਪੀ ਭਾਸ਼ਾਵਾਂ ਵਿਚ ਇਸ ਦੇ ਸੁਜਾਤੀ ਸ਼ਬਦ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ਹੈ, ḔੰਟਅḔ ਇਸ ਦਾ ਅਰਥ ਵੀ ḔਸਥḔ ਧਾਤੂ ਵਾਲਾ ਹੀ ਹੈ। ਅੰਗਰੇਜ਼ੀ ਦੇ ਸ਼ਬਦ ੰਟਅਨਦ, ੰਟੋਲ, ੰਟਅਬਲe ਆਦਿ ਇਸ ਤੋਂ ਹੀ ਬਣੇ ਹਨ। ਸੋ ਸਸਥਾ ਦਾ ਸ਼ਾਬਦਿਕ ਅਰਥ ਬਣਿਆ ‘ਜੋ ਨਾਲ ਨਾਲ ਖੜੇ ਜਾਂ ਕਾਇਮ ਹਨ।’ ਇਥੇ ਖੜੇ ਹੋਣ ਤੋਂ ਭਾਵ ਜ਼ਰੂਰੀ ਨਹੀਂ ਭੌਤਿਕ ਤੌਰ ‘ਤੇ ਖੜੇ ਹੋਣਾ ਹੋਵੇ, ਸਗੋਂ ਕਾਇਮ ਹੋਣਾ, ਡਟੇ ਹੋਣਾ ਆਦਿ ਲਿਆ ਜਾਵੇਗਾ। ‘ਤੂੰ ਕਿਸ ਨਾਲ ਖੜਾ ਹੈਂ? ਦਾ ਮਤਲਬ ਹੈ ਤੂੰ ਕਿਸ ਦੇ ਨਾਲ ਹੈਂ ਜਾਂ ਡਟਿਆ ਹੋਇਆ ਹੈਂ। ਸੋ ਸਸਥਾ ਦਾ ਸ਼ਾਬਦਿਕ ਅਰਥ ਬਣਿਆ ਨਾਲ ਨਾਲ ਖੜਾ ਹੋਣਾ, ਲੱਗਿਆ ਹੋਣਾ, ਸਾਥ ਹੋਣਾ, ਜੁੜਿਆ ਹੋਣਾ। ਇਥੇ ਪ੍ਰਸੰਗਕ ਸੰਸਕ੍ਰਿਤ ਸ਼ਬਦ ‘ਸੰਸਥਿਤੀਹ’ ਦੇ ਕੁਝ ਅਰਥ ਹਨ: ਨਾਲ ਨਾਲ ਹੋਣਾ ਜਾਂ ਰਹਿਣਾ; ਸਟਾ ਹੋਣਾ, ਨਿਕਟ ਹੋਣਾ; ਨਿਵਾਸ; ਢੇਰ। ‘ਸਥ’ ਧੁਨੀ ਅਕਸਰ ਹੀ ḔਥḔ ਅਤੇ ਫਿਰ ḔਠḔ ਵਿਚ ਬਦਲ ਜਾਂਦੀ ਹੈ। ਠਗ ਵਾਲੇ ਲੇਖ ਵਿਚ ਦਰਸਾਇਆ ਜਾ ਚੁੱਕਾ ਹੈ ਕਿ ਠਗ ਸ਼ਬਦ ਸਥੱਗ ਤੋਂ ਬਣਿਆ ਹੈ।