ਪ੍ਰਿੰæ ਸਰਵਣ ਸਿੰਘ
ਬਿੱਲੂ ਰਾਜੇਆਣੀਆ ਜਦੋਂ ਗੁੱਟ ਫੜਦਾ ਤਾਂ ਦਰਸ਼ਕ ਕਹਿੰਦੇ, “ਲੈ ਬਈ ਆ’ਗੀ ਘੁਲਾੜੀ ‘ਚ ਬਾਂਹ, ਲੱਗ’ਗੇ ਜਿੰਦੇæææ।” ਉਹ ਆਫਤਾਂ ਦਾ ਜਾਫੀ ਸੀ ਜਿਸ ਦੀਆਂ ਗੱਲਾਂ ਮੈਚ ਤੋਂ ਬਾਅਦ ਸੱਥਾਂ ਵਿਚ ਹੁੰਦੀਆਂ ਰਹਿੰਦੀਆਂ। ਨੱਬੇ ਸਾਲ ਦੀ ਉਮਰ ਭੋਗ ਕੇ ਉਹ 3 ਦਸੰਬਰ 2016 ਨੂੰ ਅਕਾਲ ਚਲਾਣਾ ਕਰ ਗਿਆ।
ਬਾਘੇ ਪੁਰਾਣੇ ਕੋਲ ਹੈ, ਪਿੰਡ ਰਾਜੇਆਣਾ। ਮੈਂ ਉਹਨੂੰ 1950ਵਿਆਂ ‘ਚ ਇੰਡੋ-ਪਾਕਿ ਮੈਚਾਂ ਵਿਚ ਕਬੱਡੀ ਖੇਡਦਿਆਂ ਵੇਖਿਆ ਸੀ। ਉਹ ਧੱਕੜ ਧਾਵੀ ਸੀ ਤੇ ਆਖਰਾਂ ਦਾ ਜਾਫੀ। ਕੌਡੀ ਪਾਉਂਦਾ ਤਾਂ ਧੌਲ ਮਾਰ ਕੇ ਅਗਲੇ ਦੀ ਸੁਰਤ ਭੁਲਾ ਦਿੰਦਾ। ਜੱਫਾ ਲਾਉਂਦਾ ਤਾਂ ਖੱਬਾ ਹੱਥ ਧਾਵੀ ਦੀ ਧੌਣ ‘ਤੇ ਧਰ ਕੇ ਸੱਜੇ ਹੱਥ ਨਾਲ ਧਾਵੀ ਦਾ ਗੁੱਟ ਫੜੀ ਉਸ ਦਾ ਚੱਕਰਚੂੰਡਾ ਬਣਾਈ ਰੱਖਦਾ। ਧਾਵੀ ਨੂੰ ਘੁਮਾ ਕੇ ਉਹਦਾ ਸਾਹ ਤੋੜਦਾ। ਉਹ ਕਿਰਪਾਲ ਸਾਧ ਵਰਗੇ ਜਾਫੀਆਂ ਤੋਂ ਨਿਕਲਦਾ ਤੇ ਤੋਖੀ ਵਰਗੇ ਧਾਵੀਆਂ ਨੂੰ ਡੱਕਦਾ ਰਿਹਾ।
ਫਰਵਰੀ 2001 ਵਿਚ ਮੈਂ ਰਾਜੇਆਣੇ ਇਕ ਵਿਆਹ ਗਿਆ। ਵਿਆਹ ਵਾਲਿਆਂ ਦੇ ਘਰ ਮੈਨੂੰ ਬਿੱਲੂ ਯਾਦ ਆ ਗਿਆ। ਕਿਸੇ ਨੇ ਦੱਸਿਆ ਕਿ ਉਹ ਸੱਥ ‘ਚ ਬੈਠਾ ਹੈ। ਬੰਦਾ ਭੇਜ ਕੇ ਉਸ ਨੂੰ ਵਿਆਹ ਵਾਲਿਆਂ ਦੇ ਘਰ ਈ ਬੁਲਾ ਲਿਆ। ਇਕ ਕਮਜ਼ੋਰ ਜਿਹਾ ਬਿਰਧ ਜਕਦਾ ਜਿਹਾ ਬੈਠਕ ਵਿਚ ਆਇਆ। ਉਸ ਨੇ ਮੋਟੇ ਘਸਮੈਲੇ ਸ਼ੀਸ਼ਿਆਂ ਵਾਲੀ ਐਨਕ ਲਾਈ ਹੋਈ ਸੀ ਜਿਸ ਦਾ ਇਕ ਸ਼ੀਸ਼ਾ ਟੁੱਟਿਆ ਹੋਇਆ ਸੀ। ਉਹ ਮੈਨੂੰ ਕੁਝ ਲੰਗ ਮਾਰਦਾ ਵੀ ਲੱਗਾ। ਮੈਨੂੰ ਦੱਸਿਆ ਗਿਆ ਕਿ ਏਹੀ ਐ ਗੁਰਦਿਆਲ ਸਿਓਂ ਬਿੱਲੂ। ਵੇਖ ਕੇ ਮੈਂ ਹੈਰਾਨ ਹੋਇਆ, ਕਿਥੇ ਪਾਕਿਸਤਾਨ ਵਿਰੁਧ ਖੇਡਣ ਵਾਲਾ ਬਿੱਲੂ ਤੇ ਕਿਥੇ ਆਹ ਬਿੱਲੂ!
ਬੈਠਕ ਵਿਚ ਬੈਠੇ ਸੱਜਣ ਦਾਰੂ ਪੀ ਰਹੇ ਸਨ। ਬਿੱਲੂ ਲਈ ਗਲਾਸ ਮੰਗਾਇਆ ਗਿਆ। ਦਾਰੂ ਪਾਈ ਤਾਂ ਉਸ ਨੇ ਨਾਂਹ ਨਾਂਹ ਕਰਦਿਆਂ ਗਲਾਸ ਚੁੱਕ ਲਿਆ ਤੇ ਇਕੋ ਚਿੱਘੀ ਖਾਲੀ ਕਰ ਕੇ ਰੱਖ ਦਿੱਤਾ। ਮੈਨੂੰ ਲੱਗਾ, ਹੁਣ ਉਹ ਤਰਾਰੇ ‘ਚ ਗੱਲਾਂ ਕਰੇਗਾ। ਮੈਂ ਉਹਦੀਆਂ ਗੱਲਾਂ ਨੋਟ ਕਰਨ ਲੱਗਾ। ਪੂਰਾ ਨਾਂ ਪੁੱਛਿਆ ਤਾਂ ਉਸ ਨੇ ਗੁਰਦਿਆਲ ਸਿੰਘ ਬਿੱਲੂ ਲਿਖਾਇਆ। ਮੈਂ ਪੁੱਛਿਆ, “ਤੁਹਾਨੂੰ ਬਿੱਲੂ ਕਿਉਂ ਕਹਿੰਦੇ ਆ?” ਉਹ ਬਿੱਲੀਆਂ ਅੱਖਾਂ ਤੋਂ ਐਨਕ ਲਾਹ ਕੇ ਬੋਲਿਆ, “ਬਿੱਲੀਆਂ ਅੱਖਾਂ ਕਰਕੇ।”
ਜਨਮ ਤਾਰੀਖ ਪੁੱਛੀ ਤਾਂ ਉਤਰ ਮਿਲਿਆ, “ਜਨਮ ਤਰੀਕ ਕੋਈ ਨ੍ਹੀਂ। ਊਂ ਮੈਂ ਤਿੰਨਾਂ ਉਤੇ ਸੱਤਰਾਂ ਸਾਲਾਂ ਦਾ ਹੋ ਗਿਆਂ।” ਘਰ ਪਰਿਵਾਰ ਬਾਰੇ ਪਤਾ ਲੱਗਾ ਕਿ ਉਸ ਦੇ ਪਿਤਾ ਦਾ ਨਾਂ ਸੁਦਾਗਰ ਸਿੰਘ ਤੇ ਮਾਤਾ ਦਾ ਹਰ ਕੌਰ ਸੀ। ਪਤਨੀ ਦਾ ਨਾਂ ਪੰਜਾਬ ਕੌਰ ਸੀ ਤੇ ਹਿੱਸੇ ਬਹਿੰਦੀ ਜ਼ਮੀਨ ਢਾਈ ਕਿੱਲੇ। ਉਹ ਚਾਰ ਭਾਈ ਸਨ ਤੇ ਚਾਰ ਈ ਭੈਣਾਂ। ਬਿੱਲੂ ਦੇ ਚਾਰ ਧੀਆਂ ਪੁੱਤਰਾਂ ‘ਚੋਂ ਇਕੋ ਜਿਊਂਦਾ ਸੀ। ਪੰਜਾਬ ਕੌਰ ਵੀ ਪਰਲੋਕ ਸਿਧਾਰ ਚੁੱਕੀ ਸੀ। ਨਜ਼ਰ ਕਮਜ਼ੋਰ ਸੀ ਪਰ ਸੁਣਦਾ ਠੀਕ ਸੀ। ਦੰਦ ਕੋਈ ਨਹੀਂ ਸੀ ਬਚਿਆ। ਕੋਈ ਪੈਨਸ਼ਨ ਨਹੀਂ ਸੀ ਲੱਗੀ।
ਉਹ ਵੀਹ ਵਰ੍ਹੇ ਉਚ ਪਾਏ ਦੀ ਕਬੱਡੀ ਖੇਡਿਆ ਸੀ। ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਉਹਨੂੰ ਉਦੋਂ ਹੋਈ ਸੀ ਜਦੋਂ ਉਸ ਨੂੰ ਇਕ ਜੱਫੇ ਦਾ ਸੌ ਰੁਪਏ ਇਨਾਮ ਮਿਲਿਆ। ਪਿੰਡ ਵਾਲੇ ਕਹਿੰਦੇ, “ਆਹ ਤਾਂ ਬਈ ਹੱਦ ਈ ਹੋ ਗਈ!” ਕਬੱਡੀ ਦੀ ਖੇਡ ਵਿਚ ਨਕਦ ਇਨਾਮ ਦੇਣ ਦੀ ਪਿਰਤ ਕਿਲਾ ਰਾਏਪੁਰ ਦੇ ਦਲੀਪ ਸਿੰਘ ਨੇ ਪਾਈ ਸੀ। ਇਕ ਪੁਆਇੰਟ ਉਤੇ ਸੌ ਦਾ ਨੋਟ ਸਭ ਤੋਂ ਪਹਿਲਾਂ ਬਿੱਲੂ ਰਾਜੇਆਣੀਏ ਨੂੰ ਦਿੱਤਾ ਗਿਆ ਸੀ ਜਿਸ ਨਾਲ ਬਿੱਲੂ ਦੀ ਖੁਸ਼ੀ ਦਾ ਕੋਈ ਹੱਦ ਬੰਨਾ ਨਹੀਂ ਸੀ ਰਿਹਾ।
ਉਦੋਂ ਕਬੱਡੀ ਵਿਚ ਰਗੜਾਂ ਈ ਰਗੜਾਂ ਸਨ, ਰੁਪਏ ਪੈਸੇ ਦੀ ਕਮਾਈ ਨਹੀਂ ਸੀ। ਬਿੱਲੂ ਵਰਗਾ ਕੌਡਿਆਲ ਕਿਤੇ ਚਾਲੀ-ਪੰਜਾਹ ਸਾਲ ਬਾਅਦ ਜੰਮਦਾ ਤਾਂ ਕਬੱਡੀ ਦੇ ਸਿਰੋਂ ਲੱਖਾਂ ਕਰੋੜਾਂ ਕਮਾਉਂਦਾ। ਉਹ ਹਵਾਈ ਜਹਾਜ਼ਾਂ ‘ਤੇ ਚੜ੍ਹਦਾ ਤੇ ਹੋਟਲਾਂ ‘ਚ ਠਹਿਰਦਾ। ਨਾ ਉਸ ਨੂੰ ਟੁੱਟੀਆਂ ਐਨਕਾਂ ਲਾਉਣੀਆਂ ਪੈਂਦੀਆਂ ਤੇ ਨਾ ਦੰਦਾਂ ਬਿਨਾ ਮੂੰਹ ਬੋੜਾ ਰੱਖਣਾ ਪੈਂਦਾ। ਗੱਲਾਂ ਗੱਲਾਂ ਵਿਚ ਉਹ ਅੰਗਰੇਜ਼ੀ ਸ਼ਰਾਬ ਦਾ ਦੂਜਾ ਹਾੜਾ ਵੀ ਡੀਕ ਗਿਆ। ਉਹਦੀਆਂ ਅੱਖਾਂ ਗਹਿਰੀਆਂ ਹੋ ਗਈਆਂ ਤੇ ਬੋਲ ਹੋਰ ਕਰਾਰਾ ਹੋ ਗਿਆ। ਉਹ ਗੱਦਰ ‘ਵਾਜ਼ ਵਿਚ ਬੋਲੀ ਗਿਆ। ਸੁਆਲ ਪੁੱਛਣ ਦੀ ਥਾਂ ਉਸ ਨੂੰ ਸੁਣੀ ਜਾਣਾ ਹੀ ਵਾਜਬ ਸੀ।
“ਸਾਡੇ ਵੇਲੇ ਪੜ੍ਹਾਈਆਂ ਨ੍ਹੀਂ ਸੀ ਹੁੰਦੀਆਂ। ਘਰ ਦੇ ਸਾਨੂੰ ਕੱਟੀਆਂ-ਵੱਛੀਆਂ ਛੁਡਾ ਦਿੰਦੇ ਤੇ ਅਸੀਂ ਮਾਲ ਚਾਰਦੇ ਮੋੜੇ ਲਾਉਂਦੇ ਰਹਿੰਦੇ। ਜਦੋਂ ਮੈਂ ਨਿੱਕਾ ਜਿਹਾ ਸੀ, ਉਦੋਂ ਕੱਲੂ ਨੂੰ ਕੌਡੀ ਪਾਉਂਦੇ ਦੇਖਣਾ ਤੇ ਜੀਅ ਕਰਨਾ ਬਈ ਅਸੀਂ ਵੀ ਕੱਲੂ ਬਣੀਏ। ਸਾਡੇ ਲਵੇਰਾ ਬਹੁਤ ਹੁੰਦਾ ਸੀ। ਅਸੀਂ ਚਾਲੀ-ਚਾਲੀ ਪਸ਼ੂ ਰੱਖਣੇ। ਆਹ ਭੈਣ ਦੇਣੇ ਬਲੱਡ ਬਲੁੱਡ ਤੇ ਸ਼ੂਗਰ ਸ਼ਾਗਰ ਕਦੇ ਸੁਣੇ ਈ ਨ੍ਹੀਂ ਸੀ। ਹੁਣ ਹਰੇਕ ਘਰੇ ਈ ਕੁੱਤੀ-ਚੀਕਾ ਪਿਆ ਹੋਇਐ। ਮਾਰ ਫੜ੍ਹ ਕੇ ‘ਹਾਏ ਮਰ’ਗੇ ਹਾਏ ਮਰ’ਗੇ’ ਕਰੀ ਜਾਂਦੇ ਆ ਤੇ ਤੁਰ ਕੇ ਬਾਘੇਆਲੇ ਨ੍ਹੀਂ ਜਾ ਸਕਦੇ। ‘ਕੇਰਾਂ ਅਸੀਂ ਨਿੱਕੇ ਹੁੰਦੇ ਕੱਲੂ ਹੋਰਾਂ ਦਾ ਮੈਚ ਦੇਖਣ ਦੌਧਰ ਗਏ। ਪੈਰੋਂ ਨੰਗੇ, ਝੱਗੇ ਪਾਟੇ ਹੋਏ ਪਰ ਖੇਡ ਦੇਖਣ ਦਾ ਸ਼ੌਕ ਸੀ। ਮੇਰਾ ਨਿੱਕੇ ਹੁੰਦੇ ਦਾ ਈ ਵਿਆਹ ਹੋ ਗਿਆ ਸੀ। ਕੌਡੀ ਤਾਂ ਮੈਂ ਮਗਰੋਂ ਖੇਡਣ ਲੱਗਾ। ਹਲਚਲੇ ‘ਚ ਸਾਡੇ ਬੁੜ੍ਹੇ ਅੱਡ ਹੋਏ। ਸਾਨੂੰ ਹਿੱਸੇ ਬਹਿੰਦੇ ਢਾਈ ਕਿੱਲੇ ਆਏ।
“ਤੜਕੇ ਉਠ ਕੇ ਮੈਂ ਮੱਕੀ ਦੇ ਟਾਂਡਿਆਂ ਦੀਆਂ ਪੂਲੀਆਂ ਕੁਤਰਨੀਆਂ। ਕੜਬ ਕੁਤਰਦਿਆਂ ਜ਼ੋਰ ਲੱਗਣਾ। ਫੇਰ ਭੱਜਣਾ, ਡੰਡ ਬੈਠਕਾਂ ਕੱਢਣੀਆਂ, ਬੋਰੀਆਂ ਚੱਕਣੀਆਂ ਤੇ ਮੁਗਦਰ ਦੇ ਬਾਲੇ ਕੱਢਣੇ। ਪਟੜਾ ਹਾਲੇ ਤਕ ਸਾਡੇ ਘਰ ਪਿਆ। ਜਦੋਂ ਮੇਰੀ ਕੌਡੀ ਚੜ੍ਹੀ ਤਾਂ ਫਰੀਦਕੋਟੀਏ ਰਾਜੇ ਨੇ ਮੈਨੂੰ ਤਕਮਾ ਦਿੱਤਾ। ਕਿਲਾ ਰਾਏਪੁਰ ਤੋਂ ਤਿੰਨ ਸਾਲਾਂ ਆਲਾ ਕੱਪ ਜਿੱਤਿਆ। ਹੁਣ ਕੋਈ ਨਿਸ਼ਾਨੀ ਹੈ ਨ੍ਹੀਂ ਤੇ ਫੋਟੂ ਵੀ ਘਰੇ ਕੋਈ ਨ੍ਹੀਂ।
ਮੇਰੇ ਚਿੱਤ ਸੀ ਕਿ ਮੈਂ ਹੁਣ ਕਿਸੇ ਨੂੰ ਨ੍ਹੀਂ ਛੱਡਦਾ ਭਵਾਂ ਕੋਈ ਕਿੰਨਾ ਵੀ ਤਕੜਾ ਕਿਉਂ ਨਾ ਹੋਵੇ? ਉਦੋਂ ਅਸੀਂ ਜਾਂਘੀਏ ਪਾ ਕੇ ਕੌਡੀ ਖੇਡਦੇ ਸੀ। ਕੋਈ ਕੋਈ ਭਲਵਾਨਾਂ ਅੰਗੂੰ ਲੰਗੋਟ ਚਾੜ੍ਹ ਲੈਂਦਾ। ਮੈਨੂੰ ਸਾਰੇ ‘ਮੱਲ’ ਕਹਿੰਦੇ। ਮੇਰਾ ਭਾਰ ਦੋ ਮਣ ਚਾਰ ਸੇਰ ਸੀ। ਹੁਣ ਤਾਂ ਡੂਢ ਮਣ ਵੀ ਨ੍ਹੀਂ ਹੋਣਾ। ਮੈਂ ਪਾਕਿਸਤਾਨੀਆਂ ਦੇ ਉਲਟ ਕਈ ਵਾਰ ਖੇਡਿਆ ਪਰ ਲਾਹੌਰ ਨ੍ਹੀਂ ਜਾ ਹੋਇਆ। ਅਜੇ ਤਕ ਚੰਡੀਗੜ੍ਹ ਨ੍ਹੀਂ ਦੇਖਿਆ। ‘ਕੇਰਾਂ ਜੰਨ ਗਏ ਸੀ, ਦਿੱਲੀ ਕੋਲ ਦੀ ਨੰਘੇ ਪਰ ਦਿੱਲੀ ਨ੍ਹੀਂ ਦੇਖੀ।
“ਜਦੋਂ ਅਸੀਂ ਕੌਡੀ ਖੇਡਦੇ ਤਾਂ ਅੱਠੇ ਜਣੇ ‘ਕੱਠੇ ਖੜ੍ਹਦੇ। ਸਾਰਿਆਂ ਨੂੰ ਇਕ ਇਕ ਕੌਡੀ ਜ਼ਰੂਰ ਪਾਉਣੀ ਪੈਂਦੀ। ਰੈਫਰੀ ਕੌਡੀ ਪਾਉਣ ਆਲੇ ਦੇ ਨਾਲ ਨਾਲ ਭੱਜਿਆ ਫਿਰਦਾ, ਬਈ ਕਿਤੇ ਉਹ ਸਾਹ ਨਾ ਲੈ-ਜੇ। ਜੇ ਕਿਸੇ ਦੇ ਤੇਲ ਲਾਇਆ ਹੁੰਦਾ ਤਾਂ ਅਸੀਂ ਮਿੱਟੀ ਮਲ ਦਿੰਦੇ। ਮੈਂ ਖੇਡ ਵਿਚ ਇਕੋ ਵਾਰ ਬੇਈਮਾਨੀ ਕੀਤੀ। ਅਗਲੇ ਦੇ ਸੱਟ ਮਾਰਨ ਲੱਗਾ ਸੀ ਪਰ ਲੱਗ’ਗੀ ਉਲਟੀ ਮੇਰੇ। ਮੱਥਾ ਪਾਟ ਗਿਆ। ਅੱਗੇ ਤੋਂ ਕੰਨਾਂ ਨੂੰ ਹੱਥ ਲਾਏ ਬਈ ਖੇਡ ‘ਚ ਬੇਈਮਾਨੀ ਨ੍ਹੀਂ ਕਰਨੀ। ਸਮਾਂ ਬੜਾ ਸਮਰੱਥ ਆ। ਆਹ ਹੁਣ ਜੁਆਕ-ਜੇ ਹਵਾਈ ਜਹਾਜ਼ਾਂ ‘ਤੇ ਚੜ੍ਹੇ ਫਿਰਦੇ ਆ। ਅਖੇ ਅਸੀਂ ਇੰਗਲੈਂਡ-ਕਨੇਡਾ ਕੌਡੀ ਖੇਡਣ ਚੱਲੇ ਆਂ। ਸਾਨੂੰ ਕਦੇ ਸੈਂਕਲ ਨ੍ਹੀਂ ਸੀ ਜੁੜਿਆ।
ਖੇਡਦਿਆਂ ਪੈਰ ਦਾ ਪੰਜਾ ਨਿਕਲ ਗਿਆ। ਟੁੱਟ ਕੇ ਜੁੜਿਆ। ਹੁਣ ਜੁੱਤੀ ਨ੍ਹੀਂ ਪੈਂਦੀ। ਦੂਜਾ ਪੈਰ ਵੀ ਦੱਬ ਗਿਆ। ਉਂਗਲਾਂ ਸਾਰੀਆਂ ਈ ਟੁੱਟ ਟੁੱਟ ਕੇ ਜੁੜੀਆਂ। ਖੇਡਣ ਦੇ ਟੈਮ ਅਸੀਂ ਦਾਰੂ ਨ੍ਹੀਂ ਸੀ ਪੀਂਦੇ। ਅੱਠ-ਅੱਠ ਜਣਿਆਂ ਨੇ ‘ਕੱਠੇ ਇਕੋ ਥਾਲੀ ‘ਚੋਂ ਰੋਟੀ ਖਾਣੀ। ਦੁੱਧ ਦੀ ਬਾਲਟੀ ਨੂੰ ਈ ਮੂੰਹ ਲਾ ਲੈਣਾ। ਬੜਾ ਮੋਹ ਪਿਆਰ ਸੀ ਇਕ ਦੂਜੇ ਨਾਲ। ਸਰਦਾਰ ਜੀ, ਇਥੇ ਮੋਹ ਪਿਆਰ ਈ ਰਹਿ ਜਾਣਾ, ਹੋਰ ਕੁਛ ਨ੍ਹੀਂ ਰਹਿਣਾ। ਕੀ ਹੋਇਆ ਜੇ ਕੌਡੀ ‘ਚ ਸੱਟਾਂ ਲੱਗੀਆਂ ਪਰ ਖੇਡਣ ਦਾ ਸੁਆਦ ਤਾਂ ਆਇਆ, ਨਾਂ ਵੀ ਹੋਇਆ। ਅਖੀਰ ਬੰਦੇ ਦਾ ਨਾਂ ਈ ਰਹਿ ਜਾਣਾ। ਪੈਸੇ ਕਿਹੜਾ ਨਾਲ ਲੈ ਜਾਣੇ ਆਂ? ਅੱਗੇ ਵੀ ਇਕ ਅਖਬਾਰ ਆਲਾ ਐਂਟਰਵਿਊ ਕਰਨ ਆਇਆ ਸੀ। ਆਹ ਹੁਣ ਤੁਸੀਂ ਮਿਲ ਚੱਲੇ ਓਂ। ਹੋਰ ਆਪਾਂ ਨੂੰ ਕੀ ਚਾਹੀਦੈ?”
ਮੈਂ ਮਨੋ-ਮਨੀ ਬਿੱਲੂ ਨੂੰ ਦਾਦ ਦਿੱਤੀ। ਬੱਲੇ ਓਏ ਬਿੱਲੂ ਰਾਜੇਆਣੀਆਂ! ਉਹ ਬੁੱਢਾ ਖਿਡਾਰੀ ਨੰਗ-ਮਲੰਗ ਹੋ ਕੇ ਵੀ ਰੱਜਿਆ-ਪੁੱਜਿਆ ਤੇ ਭਰਿਆ-ਭਰਿਆ ਲੱਗ ਰਿਹਾ ਸੀ। ਮੈਂ ਦੇਰ ਤਕ ਸੋਚਦਾ ਰਿਹਾ ਕਿ ਬੰਦਾ ਵੀ ਕੀ ਸ਼ੈਅ ਏ? ਇਕ ਪਾਸੇ ਅੱਜ ਕੱਲ੍ਹ ਦੇ ਖਿਡਾਰੀ, ਜਿਨ੍ਹਾਂ ਨੂੰ ਜਿੰਨੇ ਮਰਜ਼ੀ ਰਜਾਈ ਜਾਓ, ਰੱਜਦੇ ਈ ਨਹੀਂ। ਤੇ ਦੂਜੇ ਪਾਸੇ ਬਿੱਲੂ ਵਰਗੇ ਪੁਰਾਣੇ ਖਿਡਾਰੀ ਜਿਹੜੇ ਭੁੱਖੇ ਰਹਿ ਕੇ ਵੀ ਭੁੱਖ ਦੀ ਬਾਤ ਨਹੀਂ ਪਾਉਂਦੇ। ਮੈਂ ਉਦੋਂ ਲਿਖਿਆ ਸੀ, “ਜਾਣ ਨੂੰ ਤਾਂ ਬਿੱਲੂ ਵੀ ਇਕ ਦਿਨ ਚਲਾ ਜਾਵੇਗਾ ਜਿਵੇਂ ਦੁਨੀਆਂ ਹੋ ਹੋ ਤੁਰੀ ਜਾਂਦੀ ਹੈ। ਪਰ ਬਿੱਲੂ ਵਰਗਿਆਂ ਦੀਆਂ ਬਾਤਾਂ ਫਿਰ ਵੀ ਪੈਂਦੀਆਂ ਰਹਿਣਗੀਆਂ।”
ਬਿੱਲੂ ਦੇ ਅਕਾਲ ਚਲਾਣੇ ‘ਤੇ ਉਹਦੀ ਬਾਤ ਪਾਉਣੀ ਹੀ ਮੇਰੀ ਸ਼ਰਧਾਂਜਲੀ ਹੈ।