ਅਵਤਾਰ ਸਿੰਘ ਹੰਸਰਾ
ਫੋਨ: 661-368-6572
ਅਸੀਮ ਬ੍ਰਹਿਮੰਡ ਦੀ ਯਾਤਰਾ ਕਰਨੀ ਹੋਵੇ ਤਾਂ ਚਾਨਣ ਦੀ ਗਤੀ ਨਾਲ ਚੱਲਣਾ ਪਵੇਗਾ। ਪਰ ਤਿੰਨ ਸੌ ਕਿਲੋਮੀਟਰ ਪ੍ਰਤੀ ਸੈਕੰਡ ਦੀ ਚਾਲ ਨਾਲ ਤਾਂ ਬ੍ਰਹਿਮੰਡ ਦੀ ਯਾਤਰਾ ਕਰਦਾ ਬੰਦਾ ਇਸ ਦੇ ਅੱਧ ਵਿਚ ਹੀ ਬੁੱਢਾ ਹੋ ਜਾਊ। ਇਸ ਨਾਲੋਂ ਤੇਜ ਰਫਤਾਰ ਦਾ ਕੋਈ ਸਾਧਨ ਲੱਭਣਾ ਪਊ। ਇਸ ਨਾਲੋਂ ਤੇਜ ਚਾਲ ਨਾਲ ਤਾਂ ਕੋਈ ਚੀਜ਼ ਚੱਲ ਨਹੀਂ ਸਕਦੀ। ਕਿਉਂ ਨਹੀਂ ਚੱਲ ਸਕਦੀ? ਕਲਪਨਾ ਦਾ ਘੋੜਾ ਤਾਂ ਇਸ ਨਾਲੋਂ ਹਜ਼ਾਰਾਂ ਗੁਣਾ ਤੇਜ ਚੱਲਦਾ ਹੈ। ਹਾਂ, ਇਹ ਠੀਕ ਹੈ! ਚਲੋ ਇਸ ‘ਤੇ ਚੇਤਨਾ ਦੀ ਕਾਠੀ ਪਾ ਕੇ ਆਧੁਨਿਕਤਾ ਦੀ ਅੱਡੀ ਮਾਰੀਏ ਤਾਂ ਇਹ ਅੱਖ ਦੇ ਫੋਰ ਵਿਚ ਅਰਬਾਂ ਮੀਲਾਂ ਦੀ ਦੂਰੀ ਤੈਅ ਕਰ ਸਕਦਾ ਹੈ।
ਹਾਂ, ਇਹ ਗੱਲ ਦਿਲ ਨੂੰ ਲੱਗਦੀ ਹੈ। ਮੈਂ ਅਜਿਹਾ ਹੀ ਕੀਤਾ। ਜਦ ਮੈਂ ਕਲਪਨਾ ਦੇ ਘੋੜੇ ‘ਤੇ ਸਵਾਰ ਹੋ ਕੇ ਅੱਡੀ ਲਾਈ ਤਾਂ ਉਹ ਹਵਾ ਨੂੰ ਗੰਢਾਂ ਦਿੰਦਾ ਅੱਖ ਪਲਕਾਰੇ ਵਿਚ ਹੀ ਧਰਤੀ ਦਾ ਨੀਲ ਅੰਬਰ ਪਿਛੇ ਛੱਡ ਕੇ ਪੁਲਾੜ ਵਿਚ ਬਹੁਤ ਦੂਰ ਨਿਕਲ ਗਿਆ। ਅੱਗੇ ਕਾਲੇ ਆਕਾਸ਼ ਵਿਚ ਤਾਰੇ ਮੋਤੀਆਂ ਵਾਂਗ ਜੜੇ ਟਹਿਕ ਰਹੇ ਸਨ। ਅੱਗੇ ਗਿਆ ਤਾਂ ਅੱਖਾਂ ਚੁੰਧਿਆ ਦੇਣ ਵਾਲੀ ਰੋਸ਼ਨੀ ਨਾਲ ਚੁਫੇਰਾ ਚਕਾ ਚੌਂਧ ਹੋਇਆ ਪਿਆ ਸੀ। ਮੈਂ ਅੱਧ ਮੀਟੀਆਂ ਅੱਖਾਂ ਨਾਲ ਵੇਖਿਆ ਤਾਂ ਦੰਗ ਰਹਿ ਗਿਆ। ਇਥੇ ਤਾਂ ਇਕ ਮਚਦਾ ਹੋਇਆ ਸੂਰਜ ਕਿਸੇ ਕਾਲੇ ਬੋੜੇ ਖੂਹ ਵਿਚ ਡਿਗਦਾ ਪ੍ਰਤੀਤ ਹੋ ਰਿਹਾ ਸੀ। ਇਹ ਸੱਚ ਹੀ ਸੀ! ਇਕ ਬਲੈਕ ਹੋਲ ਨੇ ਆਪਣੇ ਨੇੜਲੇ ਸੂਰਜ ਨੂੰ ਆਪਣੇ ਵੱਲ ਖਿੱਚ ਲਿਆ ਤੇ ਇਸ ਨੇ ਕੁਝ ਹੀ ਮਿੰਟਾਂ ਵਿਚ ਸੂਰਜ ਦਾ ਖੁਰਾ ਖੋਜ ਮਿਟਾ ਦਿੱਤਾ। ਬਲੈਕ ਹੋਲ ਦੀ ਖਿੱਚ ਐਨੀ ਹੁੰਦੀ ਹੈ ਕਿ ਇਸ ਦੀ ਤਾਂ ਆਪਣੀ ਕਿਰਨ ਵੀ ਬਾਹਰ ਨਹੀਂ ਨਿਕਲ ਸਕਦੀ। ਇਸੇ ਲਈ ਇਸ ਨੂੰ ਬਲੈਕ ਹੋਲ ਕਹਿੰਦੇ ਹਨ।
ਮੈਂ ਬਲੈਕ ਹੋਲ ਤੋਂ ਪਾਸਾ ਵੱਟ ਕੇ, ਦੂਜੇ ਪਾਸੇ ਨੂੰ ਦੂਰ ਤੱਕ ਮੋੜਾ ਕੱਟ ਕੇ ਅੱਗੇ ਨਿਕਲ ਗਿਆ। ਉਥੋਂ ਥਾਲ ਵਰਗੀ ਨੀਲੀ ਧਰਤੀ ਸੂਰਜ ਦੁਆਲੇ ਤੀਹ ਕਿਲੋਮੀਟਰ ਪ੍ਰਤੀ ਸੈਕੰਡ ਦੀ ਚਾਲ ਨਾਲ ਘੁੰਮ ਰਹੀ ਦਿਸੀ। ਬ੍ਰਹਿਮੰਡ ਵਿਚ ਕੋਈ ਵੀ ਵਸਤੂ ਸਥਿਰ ਨਹੀਂ ਹੈ। ਸਾਰੇ ਗ੍ਰਹਿ ਇਕ ਦੂਜੇ ਦੀ ਗੁਰੂਤਾ ਖਿੱਚ ਸਦਕਾ ਘੁੰਮ ਰਹੇ ਹਨ। ਇਹ ਗੱਲ ਜਨਰਲ ਥਿਊਰੀ ਅਨੁਸਾਰ ਰੈਲੇਟਿਵਿਟੀ ਨਾਲ ਸਬੰਧਤ ਹੈ। ਐਲਬਰਟ ਆਈਨਸਟਾਈਨ ਨੇ ਇਸ ਸਿਧਾਂਤ ਦੀ ਖੋਜ ਕੀਤੀ ਸੀ। ਬਲੈਕ ਹੋਲ ਦੀ ਸਿੰਮੂਲੈਰਿਟੀ ਅੰਦਰਲੀ ਸੁੰਨ ਸਮਾਧ ਹੈ, ਜਿਸ ਨੂੰ ਵੇਖਣਾ ਕਿਸੇ ਲਈ ਵੀ ਸੰਭਵ ਨਹੀਂ ਹੈ।
ਸੂਰਜ ਦਾ ਜਨਮ ਹਾਈਡਰੋਜਨ ਗੈਸ ਦੇ ਇਕ ਵਿਸ਼ਾਲ ਪ੍ਰਾਕ੍ਰਿਤਕ ਬੱਦਲ ਦੇ ਕਣਾਂ ਦਾ ਆਪਸੀ ਗੁਰੂਤਾ ਖਿੱਚ ਕਾਰਨ ਹੁੰਦਾ ਹੈ। ਹਾਈਡਰੋਜਨ ਐਟਮ ਇਕੱਠੇ ਹੋ ਕੇ ਜਿਉਂ ਜਿਉਂ ਹੀਲੀਅਮ ਵਿਚ ਵਟਦੇ ਹਨ, ਤਿਉਂ ਤਿਉਂ ਸੇਕ ਪੈਦਾ ਹੁੰਦਾ ਹੈ। ਸੇਕ ਹਾਈਡਰੋਜਨ ਦੇ ਇਸ ਬੱਦਲ ਨੂੰ ਬਾਹਰ ਵੱਲ ਫੈਲਾਉਂਦਾ ਹੈ ਅਤੇ ਪਰਸਪਰ ਗੁਰੂਤਾ ਖਿੱਚ ਇਸ ਨੂੰ ਅੰਦਰ ਨੂੰ ਸੁੰਗੇੜਦੀ ਹੈ। ਦੋਵੇਂ ਆਪਸੀ ਵਿਰੋਧੀ ਸ਼ਕਤੀਆਂ ਸੰਤੁਲਿਤ ਹੋ ਕੇ ਚਮਕਦੇ ਤਾਰੇ ਦੀ ਹੋਂਦ ਬਣਾਈ ਰੱਖਦੀਆਂ ਹਨ। ਸੂਰਜ ਦੀ ਸਾਰੀ ਹਾਈਡਰੋਜਨ ਮੁੱਕਣ ਨਾਲ ਤਾਰੇ ਦਾ ਅੰਤ ਨੇੜੇ ਆਉਂਦਾ ਹੈ। ਇਸ ਦੀ ਮੌਤ ਦੇ ਤਿੰਨ ਵਿਕਲਪ ਹਨ-ਇਹ ਮਰ ਕੇ ਸਫੈਦ ਬੌਣਾ ਤਾਰਾ ਬਣੇ ਜਾਂ ਨਿਊਟ੍ਰੋਨ ਤਾਰਾ ਬਣੇ ਜਾਂ ਫਿਰ ਬਲੈਕ ਹੋਲ ਨੂੰ ਜਨਮ ਦੇ ਕੇ ਸੁੰਨ ਸਮਾਧ ਵਿਚ ਵਟ ਜਾਵੇ!
ਵ੍ਹਾਈਟ ਹੋਲ ਨਿਰੰਤਰ ਪਦਾਰਥ ਨੂੰ ਉਗਲ ਕੇ ਬਾਹਰ ਸੁੱਟਦੀ ਹੈ ਅਤੇ ਕਦੇ ਖਾਲੀ ਨਹੀਂ ਹੁੰਦੀ, ਜਦੋਂਕਿ ਬਲੈਕ ਹੋਲ ਹਰ ਪਦਾਰਥ ਨੂੰ ਆਪਣੇ ਵਿਚ ਸਮੇਟਦੀ ਰਹਿੰਦੀ ਹੈ। ਬਲੈਕ ਹੋਲ ਤੇ ਵ੍ਹਾਈਟ ਹੋਲ ਦੇ ਸੁਮੇਲ ਨੂੰ ਵਰਮ ਹੋਲ ਦਾ ਨਾਂ ਦਿੱਤਾ ਜਾਂਦਾ ਹੈ। ਸਾਡਾ ਸੂਰਜ ਐਸ ਵੇਲੇ ਪੂਰੇ ਜੋਬਨ ‘ਤੇ ਹੈ। ਇਸ ਦੀ ਉਮਰ ਸੱਤ ਅਰਬ ਸਾਲ ਦੀ ਹੋ ਗਈ ਹੈ ਅਤੇ ਇਹ ਸੱਤ ਅਰਬ ਸਾਲ ਹੋਰ ਮਘਦਾ ਰਹੇਗਾ। ਫਿਰ ਇਹ ਆਪਣੇ ਸਾਰੇ ਪਰਿਵਾਰ ਨੂੰ ਆਪਣੇ ਵਿਚ ਸਮੇਟ ਕੇ ਨਵਾਂ ਰੂਪ ਧਾਰ ਲਵੇਗਾ। ਇਹ ਸ਼ਾਇਦ ਸਫੈਦ ਬੌਣਾ ਬਣੇ ਜਾਂ ਨਿਊਟ੍ਰੋਨ ਤਾਰਾ ਬਣੇ ਜਾਂ ਬਲੈਕ ਹੋਲ ਦਾ ਰੂਪ ਧਾਰ ਕੇ ਸੁੰਨ ਸਮਾਧ ਵਿਚ ਚਲਿਆ ਜਾਵੇਗਾ।
ਆਕਾਸ਼ ਗੰਗਾ ਤੋਂ ਅੱਗੇ ਦੂਰ ਤੱਕ ਵੇਖਿਆ ਤਾਂ ਬ੍ਰਹਿਮੰਡ ਵਿਚ ਲੱਖਾਂ ਹੀ ਆਕਾਸ਼ ਗੰਗਾਵਾਂ ਦਿਖਾਈ ਦਿੱਤੀਆਂ, ਕਈ ਆਪਣੀ ਆਕਾਸ਼ ਗੰਗਾ ਤੋਂ ਵੀ ਬਹੁਤ ਵੱਡੀਆਂ ਸਨ। ਇਨ੍ਹਾਂ ਵਿਚ ਲੱਖਾਂ ਸੂਰਜ ਲਿਸ਼ਕਾਰੇ ਮਾਰ ਰਹੇ ਸਨ। ਇਸ ਨੂੰ ਗੁਰੂ ਨਾਨਕ ਸਾਹਿਬ ਨੇ ਦੂਰ ਦ੍ਰਿਸ਼ਟੀ ਨਾਲ ਤੱਕਦਿਆਂ ਫੁਰਮਾਇਆ ਹੈ:
ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ॥
ਓੜਕ ਓੜਕ ਭਾਲਿ ਥਕੇ
ਵੇਦ ਕਹਨਿ ਇਕ ਵਾਤ॥
ਸਹਸ ਅਠਾਰਹ ਕਹਨਿ ਕਤੇਬਾ
ਅਸੁਲੂ ਇਕੁ ਧਾਤੁ॥
ਬ੍ਰਹਿਮੰਡ ਦਾ ਮੂਲ ਤੱਤ ਮਾਦਾ ਹੈ। ਮਾਦਾ ਕਦੀ ਨਸ਼ਟ ਨਹੀਂ ਹੁੰਦਾ। ਹਾਂ ਸਿਰਫ ਸ਼ਕਲਾਂ ਬਦਲਦਾ ਹੈ। ਮਾਦਾ ਸੂਰਜ ਵਿਚ ਅਤੇ ਉਰਜਾ ਮੁੜ ਮਾਦਾ ਵਿਚ ਵਟਦੀ ਰਹਿੰਦੀ ਹੈ। ਇਹੋ ਸੰਸਾਰ ਦਾ ਅਸਲੀ ਸੱਚ ਹੈ। ਸਾਡੇ ਸੂਰਜ ਆਪਣੇ ਪਰਿਵਾਰਾਂ ਸਣੇ ਆਕਾਸ਼ ਗੰਗਾ ਦੇ ਕੇਂਦਰ ਦੁਆਲੇ ਚੱਕਰ ਲਾ ਰਹੇ ਪ੍ਰਤੀਤ ਹੋ ਰਹੇ ਸਨ। ਇਹ ਨਜ਼ਾਰਾ ਤੱਕ ਕੇ ਮੇਰੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ:
ਬਲਿਹਾਰੀ ਕੁਦਰਤ ਵਸਿਆ॥
ਤੇਰਾ ਅੰਤ ਨਾ ਜਾਈ ਲੱਖਿਆ॥
ਬ੍ਰਹਿਮੰਡ ਵਿਚ ਆਕਾਸ਼ ਗੰਗਾਵਾਂ ਤੇ ਤਾਰੇ ਇਕ-ਦੂਜੇ ਤੋਂ ਦੂਰ ਭੱਜ ਰਹੇ ਹਨ। ਇਸ ਦਾ ਭਾਵ ਹੈ ਕਿ ਬ੍ਰਹਿਮੰਡ ਅਜੇ ਹੋਰ ਪਸਰ ਰਿਹਾ ਹੈ। ਇਸ ਸਾਰੇ ਪਸਾਰੇ ਨੂੰ ਜੇ ਇਕ ਸ਼ਬਦ ਵਿਚ ਬਿਆਨ ਕਰਨਾ ਹੋਵੇ ਤਾਂ ਇਸ ਨੂੰ ਰੱਬ ਦਾ ਨੂਰ ਕਹਿੰਦੇ ਹਾਂ। ਇਸ ਰੱਬ ਦਾ ਇਕ ਕਣ ਸਾਡੇ ਸਰੀਰ ਵਿਚ ਹਾਜ਼ਰ ਹੈ, ਜਿਸ ਨੂੰ ਅਸੀਂ ਆਤਮਾ ਕਹਿੰਦੇ ਹਾਂ। ਆਤਮਾ ਪਰਮਾਤਮਾ ਨੂੰ ਮਿਲਣ ਲਈ ਤਾਂਘਦੀ ਹੈ। ਇਸ ਲਈ ਗੁਰਬਾਣੀ ਵਿਚ ਦਰਜ ਹੈ:
ਮਨ ਤੂੰ ਜੋਤ ਸਰੂਪ ਹੈਂ
ਆਪਣਾ ਮੂਲ ਪਛਾਣ॥
ਜੋ ਬ੍ਰਹਿਮੰਡ ਸੋਈ ਪਿੰਡੇ!
ਧਰਤਿ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ
ਸਭ ਹਰਿ ਹਰਿ ਨਾਮ ਧਿਆਵੈ ਰਾਮ॥
—
ਜਿਉਂ ਪਸਰੀ ਸੂਰਜ ਕਿਰਨਿ ਜੋਤਿ
ਤਿਉ ਘਟਿ ਘਟਿ ਰਮਈਐ ਓਤਿ ਪੋਤਿ॥
ਇਸ ਬਾਰੇ ਦਸਮ ਪਾਤਸ਼ਾਹ ਦਾ ਫੁਰਮਾਨ ਹੈ:
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥
ਬ੍ਰਹਿਮੰਡ ਵਿਚ ਲੱਖਾਂ ਤਾਰਿਆਂ-ਗ੍ਰਹਿਆਂ ਦੇ ਗੁਪਕਾਰ ਆਉਣ ਨਾਲ ਸਾਰਾ ਬ੍ਰਹਿਮੰਡ ਰਸ ਭਿੰਨੇ ਅੰਮ੍ਰਿਤਮਈ ਸੰਗੀਤ ਨਾਲ ਗੂੰਜ ਰਿਹਾ ਹੈ, ਜਿਸ ਨਾਲ ਕਣ ਕਣ ਵਿਚ ਨੂਰ ਪਸਰ ਰਿਹਾ ਹੈ। ਸਭ ਕੁਝ ਨੂਰੋ ਨੂਰ ਹੋਇਆ ਪਿਆ ਹੈ।
ਅੱਗੇ ਪੂਛਲ ਤਾਰਾ ਵੇਖ ਕੇ, ਮੈਂ ਇਸ ਤੋਂ ਪਾਸਾ ਵੱਟ ਕੇ ਲੰਘ ਗਿਆ। ਇਨ੍ਹਾਂ ਦੇ ਰਾਹ ਆਮ ਤੌਰ ‘ਤੇ ਅੰਡਾਕਾਰ ਹੁੰਦੇ ਹਨ। ਇਹ ਬ੍ਰਹਿਮੰਡ ਵਿਚ ਚੱਕਰ ਲਾਉਂਦੇ ਹੋਏ ਕਈ ਸਾਲਾਂ ਬਾਅਦ ਨਜ਼ਰ ਆਉਂਦੇ ਹਨ। ਕਈਆਂ ਦਾ ਰਾਹ ਐਨਾ ਵਿਲੱਖਣ ਹੁੰਦਾ ਹੈ ਕਿ ਉਹ 76 ਸਾਲਾਂ ਬਾਅਦ ਕੁਝ ਦਿਨਾਂ ਲਈ ਦਿਸਦੇ ਹਨ। ਸੂਰਜ ਦੇ ਨੇੜੇ ਦੀ ਲੰਘਦਿਆਂ ਇਨ੍ਹਾਂ ਦੀ ਪੂਛ ਸੂਰਜ ਦੇ ਵਿਪਰੀਤ ਹੋਰ ਫੈਲ ਜਾਂਦੀ ਹੈ, ਜਿਸ ਵਿਚ ਮਿੱਟੀ ਕਣ ਅਤੇ ਬਰਫੀਲੇ ਟੁਕੜੇ ਹੁੰਦੇ ਹਨ, ਪਰ ਇਹ ਆਪ ਠੋਸ ਹੁੰਦੇ ਹਨ। ਸਾਡੀ ਧਰਤੀ ਬ੍ਰਹਿਮੰਡ ਵਿਚ ਇਕ ਕਿਣਕੇ ਸਮਾਨ ਹੀ ਹੈ। ਮੈਂ ਵੀ ਬ੍ਰਹਿਮੰਡ ਦਾ ਇਕ ਮਾਮੂਲੀ ਅਣੂੰ ਹਾਂ। ਸਾਡੇ ਸਰੀਰ ਵਿਚ ਵੀ ਬ੍ਰਹਿਮੰਡ ਦੇ ਪੰਜ ਤੱਕ ਰਚੇ ਹੋਏ ਹਨ, ਜੋ ਸਾਰਿਆਂ ਵਿਚ ਬਰਾਬਰ ਹਨ।
ਮੰਦਾ ਕਿਸ ਨੋ ਆਖੀਐ
ਜਾ ਤਿਸ ਵਿਚ ਕੋਈ ਨਾਹਿ॥
ਸਾਰੀ ਸ੍ਰਿਸ਼ਟੀ ਤੇ ਸਾਰੀ ਮਾਨਵ ਜਾਤੀ ਇਕੋ ਹੀ ਪਰਿਵਾਰ ਹੈ।