ਕੰਢੀ ਖੇਤਰ ਦੇ ਵਿਕਾਸ ਕਾਰਜ ਜ਼ਿੰਦਾਬਾਦ

ਗੁਲਜ਼ਾਰ ਸਿੰਘ ਸੰਧੂ
ਪੰਜਾਬ ਦੀ ਜਿਸ ਕੰਢੀ ਨਹਿਰ ਦਾ ਨੀਂਹ ਪੱਥਰ 1978 ਵਿਚ ਰੱਖਿਆ ਗਿਆ ਸੀ, 38 ਸਾਲ ਦੀ ਪੁੱਟ-ਪੁਟਾਈ ਪਿਛੋਂ ਮੁਕੰਮਲ ਹੋ ਗਈ ਹੈ। ਤਲਵਾੜਾ ਪੋਂਗ ਡੈਮ ਦੇ ਮੁਕੇਰੀਆਂ ਹਾਈਡਲ ਚੈਨਲ ਵਿਚੋਂ ਨਿਕਲੀ 129 ਕਿਲੋਮੀਟਰ ਲੰਮੀ ਇਸ ਨਹਿਰ ਨੇ ਦਸੂਹਾ, ਹਰਿਆਣਾ, ਹੁਸ਼ਿਆਰਪੁਰ, ਚੱਬੇਵਾਲ, ਮਾਹਿਲਪੁਰ ਤੇ ਗੜ੍ਹਸ਼ੰਕਰ ਰਾਹੀਂ ਬਲਾਚੌਰ ਦੇ ਪਿੰਡ ਥੋਪੀਆਂ ਤੱਕ ਪੰਜਾਬ-ਹਿਮਾਚਲ ਪ੍ਰਦੇਸ਼ ਦੀ ਸੀਮਾ ਦੇ ਬੰਨੇ ਬੰਨੇ ਜਾਣਾ ਸੀ। ਹੁਸ਼ਿਆਰਪੁਰ ਤੱਕ ਦੇ ਪਹਿਲੇ 60 ਕਿਲੋਮੀਟਰ ਤਾਂ 1998 ਵਿਚ ਹੀ ਮੁਕੰਮਲ ਹੋ ਗਏ ਪਰ ਅਗਲੇ 70 ਕਿਲੋਮੀਟਰ ਬਣਨ ਵਿਚ 18 ਸਾਲ ਹੋਰ ਲੱਗ ਗਏ।

ਕਾਰਨ ਇਹ ਕਿ ਇਸ ਹਿੱਸੇ ਵਿਚ 76 ਚੋਅ ਪਾਰ ਕਰਨ ਲਈ 84 ਪੁਲ ਉਸਾਰੇ ਜਾਣੇ ਸਨ।
ਦੂਜੇ ਹਿੱਸੇ ਵਿਚ ਬਹੁਤਾ ਪਾਣੀ ਨਾਰੂ ਨੰਗਲ, ਗੋਗੜੋਂ ਸੰਗੋਵਾਲ ਤੇ ਪੋਜੇਵਾਲ ਦੇ ਉਚਾਈ ਵਾਲੇ ਖੇਤਰਾਂ ਤੱਕ ਪੁਜਦਾ ਕਰਨਾ ਸੀ। ਇਸ ਲਈ ਹੁਸ਼ਿਆਰਪੁਰ ਨੇੜੇ ਬਸੀ ਕਿੱਕਰਾਂ ਤੇ ਪੁਰਾਣੀ ਬਸੀ, ਮਾਹਿਲਪੁਰ ਜੇਜੋਂ ਦੇ ਆਲੇ-ਦੁਆਲੇ ਲਈ ਗੋਗੜੋਂ, ਕਾਂਗੜ, ਝੰਜੋਵਾਲ ਤੇ ਨਰਿਆਲ ਅਤੇ ਪੋਜੇਵਾਲ ਲਈ ਛੂਛੇਵਾਲ ਨਾਂ ਦੇ ਪਿੰਡਾਂ ਵਿਚ ਸਰੋਵਰਨੁਮਾ ਟੈਂਕਾਂ ਵਿਚ ਪਾਣੀ ਚੜ੍ਹਾਉਣਾ ਪਿਆ ਜੋ ਅੰਡਰ ਗਰਾਊਂਡ ਪਾਈਪ ਲਾਈਨਾਂ ਰਾਹੀਂ ਉਚੇ ਖੇਤਾਂ ਲਈ ਵਰਤਿਆ ਜਾਣਾ ਸੀ। ਇਹ ਲਿਫਟ ਸਕੀਮਾਂ ਖੁਲ੍ਹਾ ਧਨ ਤੇ ਸਮਾਂ ਮੰਗਦੀਆਂ ਸਨ ਜਿਨ੍ਹਾਂ ਉਤੇ ਲਗਭਗ ਸਾਢੇ ਛੇ ਸੌ ਕਰੋੜ ਰੁਪਏ ਖਰਚ ਆਏ।
ਸੁਭਾਗ ਵਸ ਪਿਛਲੇ ਦੋ ਸਾਲਾਂ ਤੋਂ ਸਿੰਚਾਈ ਵਿਭਾਗ ਦਾ ਸਕੱਤਰ ਕਾਹਨ ਸਿੰਘ ਪੰਨੂੰ ਹੈ ਜੋ ਪੂਰੀ ਮਿਹਨਤ ਤੇ ਸਿਆਣਪ ਨਾਲ ਹਥਲਾ ਕੰਮ ਨੇਪਰੇ ਚਾੜ੍ਹਨ ਲਈ ਜਾਣਿਆ ਜਾਂਦਾ ਹੈ। ਕੰਢੀ ਨਹਿਰ ਦੇ ਕਰੀਮਪੁਰ ਚਾਹਵਾਲਾ ਤੋਂ ਥੋਪੀਆਂ ਤੱਕ ਦੇ 15 ਕਿਲੋਮੀਟਰ ਹਿੱਸੇ ਵਿਚ ਵੀ ਅੰਡਰ ਗਰਾਊਂਡ ਪਾਈਪ ਲਾਈਨਾਂ ਵਿਛਾਉਣੀਆਂ ਪਈਆਂ ਜੋ ਪ੍ਰਬੰਧਕੀ ਸਿਰੜ ਤੇ ਚੁਸਤੀ ਬਿਨਾ ਸੰਭਵ ਨਹੀਂ ਸਨ। ਨਿਸਚੇ ਹੀ ਇਹ ਕੰਮ ਕਾਹਨ ਸਿੰਘ ਪੰਨੂੰ ਵਰਗੇ ਉਦਮੀ ਤੇ ਦੂਰਅੰਦੇਸ਼ ਬੰਦੇ ਦੀ ਕਮਾਂਡ ਬਿਨਾ ਪੂਰਾ ਹੋਣ ਵਾਲਾ ਨਹੀਂ ਸੀ।
ਇਸ ਨਹਿਰ ਦੇ ਪੂਰੀ ਤਰ੍ਹਾਂ ਚਾਲੂ ਹੋਣ ਨਾਲ ਕੰਢੀ ਖੇਤਰ ਦੇ ਸਵਾ ਲੱਖ ਏਕੜ ਰਕਬੇ ਨੂੰ ਪਾਣੀ ਮਿਲੇਗਾ। ਹੁਣ ਵਿਭਾਗ ਦੇ ਇੰਜੀਨੀਅਰਾਂ ਦਾ ਧਿਆਨ ਮੁਕੇਰੀਆਂ ਤੋਂ ਹੁਸ਼ਿਆਰਪੁਰ ਵਾਲੇ ਹਿੱਸੇ ਦੇ ਕੱਚੇ ਖਾਲੇ ਪੱਕੇ ਕਰਨ ਵੱਲ ਲੱਗਾ ਹੋਇਆ ਹੈ ਜਿਨ੍ਹਾਂ ਉਤੇ 50 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ।
ਲੋਕਾਂ ਦੇ ਚਿਹਰਿਆਂ ਉਤੇ ਖੇੜਾ ਲਿਆਉਣ ਵਾਲੀ ਇਕ ਖਬਰ ਇਹ ਵੀ ਹੈ ਕਿ ਕੰਢੀ ਦੇ ਪਛੜੇ ਹੋਏ ਖੇਤਰ ਵਿਚ ਹੁਣ ਸਿਹਤ ਸਹੂਲਤਾਂ ਦਾ ਪ੍ਰਬੰਧ ਵੀ ਨਾਲੋ ਨਾਲ ਹੋ ਰਿਹਾ ਹੈ। ਗੜ੍ਹਸ਼ੰਕਰ-ਅਨੰਦਪੁਰ ਸਾਹਿਬ ਸੜਕ ਉਤੇ ਪਿੰਡ ਕੁਕੜ ਮਾਜਰਾ ਦੇ ਨੇੜੇ ਅਤੇ ਕੰਢੀ ਨਹਿਰ ਤੋਂ ਡੇਢ ਕਿਲੋਮੀਟਰ ਦੀ ਦੂਰੀ ਉਤੇ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰਸਟ ਨੇ ਇਕ ਹਸਪਤਾਲ ਸਥਾਪਤ ਕੀਤਾ ਹੈ। ਇਸ ਦੇ ਸੰਸਥਾਪਕ ਬੁੱਧ ਸਿੰਘ ਢਾਹਾਂ ਨੇ ਆਪਣੇ ਪਿੰਡ ਢਾਹਾਂ ਵਿਚ ਵਧੀਆ ਹਸਪਤਾਲ ਸਥਾਪਤ ਕਰਨ ਦੀ ਸਫਲਤਾ ਉਪਰੰਤ ਇਹ ਬੀੜਾ ਚੁੱਕਿਆ ਸੀ ਜਿਸ ਅਧੀਨ ਜਨਰਲ ਮੈਡੀਸਨ, ਲੈਪਰੋਸਕੋਪਿਕ ਸਰਜਰੀ, ਜੱਚਾ-ਬੱਚਾ ਅਤੇ ਦੰਦਾਂ ਨਾਲ ਸਬੰਧਤ ਰੋਗਾਂ ਦੇ ਵਿਭਾਗ ਕੰਮ ਕਰ ਰਹੇ ਹਨ। ਹੁਣ ਇਥੇ 5 ਦਸੰਬਰ 2016 ਨੂੰ ਪਟਿਆਲਾ ਨਿਵਾਸੀ ਐਸ਼ਪੀæ ਸਿੰਘ ਓਬਰਾਏ ਦੀ ਸਹਾਇਤਾ ਨਾਲ ਅੱਖਾਂ ਦੇ ਰੋਗਾਂ ਤੋਂ ਬਿਨਾ ਗੁਰਦਾ ਰੋਗੀਆਂ ਲਈ ਡਾਇਲਸਿਸ ਸੈਂਟਰ ਦਾ ਵੀ ਉਦਘਾਟਨ ਹੋ ਗਿਆ ਹੈ। ਸ਼ ਓਬਰਾਏ ਦੁਬਈ ਵਿਚ ਵੱਡੇ ਹੋਟਲਾਂ ਤੇ ਟਰਾਂਸਪੋਰਟ ਦਾ ਮਾਲਕ ਹੀ ਨਹੀਂ ਵੱਡੇ ਭਵਨਾਂ ਦਾ ਨਿਰਮਾਤਾ ਵੀ ਹੈ। ਉਹ ਕੰਢੀ ਵਾਲੇ ਹਸਪਤਾਲ ਵਿਚ ਵੱਡਾ ਯੋਗਦਾਨ ਪਾਉਣ ਤੋਂ ਪਹਿਲਾਂ ਬੇਸਹਾਰਾ ਵਿਧਵਾ ਔਰਤਾਂ ਤੇ ਬੱਚਿਆਂ ਦੀ ਵਿਦਿਆ ਵਿਚ ਸਹਾਇਤਾ ਕਰਨ ਲਈ ਪ੍ਰਸਿੱਧ ਹੈ। ਇਕ ਤਰ੍ਹਾਂ ਨਾਲ ਬੁਧ ਸਿੰਘ ਢਾਹਾਂ ਤੇ ਐਸ਼ਪੀæ ਸਿੰਘ ਓਬਰਾਏ ਦਾ ਉਦਮ ਕਾਹਨ ਸਿੰਘ ਪੰਨੂੰ ਨਾਲੋਂ ਘੱਟ ਨਹੀਂ, ਵੱਧ ਹੀ ਹੈ। ਮਾਹਿਲਪੁਰ (ਗੜ੍ਹਸ਼ੰਕਰ) ਦਾ ਵਿਦਿਆਰਥੀ ਰਹਿ ਚੁਕਾ ਹੋਣ ਦੇ ਨਾਤੇ ਮੈਂ ਗੁਆਂਢੀ ਖੇਤਰ ਦੀ ਉਨਤੀ ਉਤੇ ਬਹੁਤ ਖੁਸ਼ ਹਾਂ ਤੇ ਇਸ ਵਿਚ ਹਿੱਸਾ ਪਾਉਣ ਵਾਲੇ ਪਤਵੰਤਿਆਂ ਦਾ ਧੰਨਵਾਦੀ ਵੀ। ਸਿਆਣਿਆਂ ਦਾ ਕਥਨ ਹੈ, Ḕਚੰਦਰਾ ਗਵਾਂਢ ਬੁਰਾ, ਲਾਈਲਗ ਨਾ ਹੋਵੇ ਘਰ ਵਾਲਾ!
ਅੰਤਿਕਾ: ਮੌਲਾਨਾ ਹਸਨ ਮੋਹਾਨੀ ਹਸਰਤ
ਗੈਰ ਕੀ ਨਜ਼ਰੋਂ ਸੇ ਬਚ ਕਰ ਸਭ ਕੀ ਮਰਜ਼ੀ ਕੇ ਖਿਲਾਫ,
ਵੁਹ ਤੇਰਾ ਚੋਰੀ ਛੁਪੇ ਰਾਤੋਂ ਕੋ ਆਨਾ ਯਾਦ ਹੈ।
ਚੋਰੀ ਚੋਰੀ ਹਮਸੇ ਤੁਮ ਆ ਕਰ ਮਿਲੇ ਥੇ ਜਿਸ ਜਗ੍ਹਾ,
ਮੁਦੱਤੇਂ ਗੁਜ਼ਰੀਂ, ਪਰ ਅਬ ਤਕ ਵੁਹ ਠਿਕਾਨਾ ਯਾਦ ਹੈ।
ਜਬ ਸਿਵਾ ਮੇਰੇ ਤੁਮਹਾਰਾ ਕੋਈ ਦੀਵਾਨਾ ਨਾ ਥਾ,
ਸਚ ਕਹੋ ਕੁਛ ਤੁਮ ਕੋ ਭੀ ਵੁਹ ਕਾਰਨਾਮਾ ਯਾਦ ਹੈ।