ਗੈਂਗਸਟਰਾਂ ਅੱਗੇ ਸਰਕਾਰ ਹੋਈ ਬੇਵੱਸ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਮਾੜੇ ਕਾਨੂੰਨ ਪ੍ਰਬੰਧਾਂ ਦੀ ਇਕ ਵਾਰ ਮੁੜ ਪੋਲ ਖੁੱਲ੍ਹ ਗਈ ਹੈ। ਸਖਤ ਸੁਰੱਖਿਆ ਪ੍ਰਬੰਧਾਂ ਵਾਲੀ ਨਾਭਾ ਜੇਲ੍ਹ ਵਿਚੋਂ ਕੁਝ ਹਥਿਆਰਬੰਦ ਬੰਦਿਆਂ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਤੇ ਕਸ਼ਮੀਰ ਸਿੰਘ ਗਲਵੱਢੀ ਸਮੇਤ ਛੇ ਜਣਿਆਂ ਨੂੰ ਛੁਡਾ ਲਿਆ। ਇਨ੍ਹਾਂ ਵਿਚ ਚਾਰ ਗੈਂਗਸਟਰਾਂ ਸ਼ਾਮਲ ਹਨ। ਕਾਰ ਵਿਚ ਆਏ ਹਥਿਆਰਬੰਦ ਬੰਦੇ ਬਿਨਾ ਕਿਸੇ ਵਿਰੋਧ ਦੇ ਛੇ ਸਾਥੀਆਂ ਨੂੰ ਜੇਲ੍ਹ ਅੰਦਰੋਂ ਲੈ ਕੇ ਤੁਰਦੇ ਬਣੇ।

ਪੁਲਿਸ ਨੇ ਭਾਵੇਂ ਹਰਮਿੰਦਰ ਸਿੰਘ ਮਿੰਟੂ, ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਕੈਦੀਆਂ ਨੂੰ ਭਜਾਉਣ ਦੀ ਵਾਰਦਾਤ ਵਿਚ ਸ਼ਾਮਲ ਪਲਵਿੰਦਰ ਸਿੰਘ ਪਿੰਦਾ ਨੂੰ ਮੁੜ ਗ੍ਰਿਫਤਾਰ ਕਰ ਲਿਆ ਹੈ, ਪਰ ਪੁਲਿਸ ਦੀ ਨਾਲਾਇਕੀ ‘ਤੇ ਵੱਡੇ ਸਵਾਲ ਉਠ ਰਹੇ ਹਨ। ਫਰਾਰ ਹੋਏ ਇਨ੍ਹਾਂ ਤਿੰਨਾਂ ਜਣਿਆਂ ਨੂੰ ਹਰਿਆਣਾ, ਯੂæਪੀæ ਤੇ ਦਿੱਲੀ ਪੁਲਿਸ ਨੇ ਕਾਬੂ ਕੀਤਾ ਹੈ, ਜਦਕਿ ਪੰਜਾਬ ਪੁਲਿਸ ਬੇਕਸੂਰਾਂ ‘ਤੇ ਗੋਲੀਆਂ ਚਲਾਉਣ ਵਿਚ ਰੁਝੀ ਰਹੀ। ਇਸੇ ਕਾਰਨ ਸਮਾਣਾ ਨੇੜੇ ਵਿਆਹ ਸਮਾਗਮ ਤੋਂ ਪ੍ਰੋਗਰਾਮ ਲਾ ਕੇ ਪਰਤ ਰਹੀ ਇਕ ਕੁੜੀ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ।
ਯਾਦ ਰਹੇ ਕਿ ਪਿੰਦਾ ਨੌਂ ਮਹੀਨੇ ਪਹਿਲਾਂ ਨਾਭਾ ਜੇਲ੍ਹ ਵਿਚੋਂ ਫਰਾਰ ਹੋਇਆ ਸੀ। ਉਹ ਹਵੇਲੀ (ਜਲੰਧਰ) ਵਿਚ ਹੋਏ ਇਕ ਥਾਣੇਦਾਰ ਦੇ ਕਤਲ ਸਮੇਤ ਹੋਰ ਕੇਸਾਂ ਵਿਚ ਵੀ ਨਾਮਜ਼ਦ ਹੈ। ਮੁਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਨੇ 50 ਲੱਖ ਰੁਪਏ ਲੈ ਕੇ ਇਨ੍ਹਾਂ ਕੈਦੀਆਂ ਦੀ ਭੱਜਣ ਵਿਚ ਮਦਦ ਕੀਤੀ। ਪੁਲਿਸ ਨੇ ਕੁਝ ਜੇਲ੍ਹ ਅਧਿਕਾਰੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਘਟਨਾ ਤੋਂ ਤੁਰੰਤ ਪਿੱਛੋਂ ਭਾਵੇਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਕਿ ਕੈਦੀਆਂ ਦੇ ਫਰਾਰ ਹੋਣ ਪਿੱਛੇ ਪਾਕਿਸਤਾਨ (ਜੋ ਪੰਜਾਬ ਵਿਚ ਖਾੜਕੂਵਾਦ ਨੂੰ ਮੁੜ ਸੁਰਜੀਤ ਕਰਨਾ ਚਾਹੁੰਦਾ ਹੈ) ਦਾ ਹੱਥ ਹੈ, ਪਰ ਮੁਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਹਥਿਆਰਬੰਦ ਬੰਦੇ ਖਾੜਕੂ ਮਿੰਟੂ ਨੂੰ ਨਹੀਂ, ਵਿੱਕੀ ਗੌਂਡਰ ਅਤੇ ਹੋਰ ਗੈਂਗਸਟਰਾਂ ਨੂੰ ਭਜਾਉਣ ਆਏ ਸਨ। ਜਲੰਧਰ ਦੇ ਗੈਂਗਸਟਰ ਪ੍ਰੇਮਾ ਲਹੌਰੀਆ ਅਤੇ ਪਿੰਦਾ ਦੀ ਗੈਂਗ ਨੇ ਨਾਭਾ ਜੇਲ੍ਹ ਤੋੜਨ ਦੀ ਯੋਜਨਾ ਉਲੀਕੀ, ਪਰ ਜਿਸ ਵੇਲੇ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਨੂੰ ਭਜਾਇਆ ਜਾ ਰਿਹਾ ਸੀ ਤਾਂ ਖਾਲਿਸਤਾਨੀ ਆਗੂ ਮਿੰਟੂ ਵੀ ਇਨ੍ਹਾਂ ਦੇ ਨਾਲ ਫਰਾਰ ਹੋ ਗਿਆ ਸੀ।
ਪੁਲਿਸ ਨੇ ਮਿੰਟੂ ਨੂੰ ਇੰਟਰਪੋਲ ਦੀ ਮਦਦ ਨਾਲ 2014 ਵਿਚ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਉਸ ਉਤੇ 2008 ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਹਮਲਾ ਕਰਨ, 2010 ਵਿਚ ਹਲਵਾਰਾ ਏਅਰਫੋਰਸ ਸਟੇਸ਼ਨ ਤੋਂ ਧਮਾਕਾਖੇਜ਼ ਸਮੱਗਰੀ ਲੁੱਟਣ ਅਤੇ ਪੰਜਾਬ ਵਿਚ ਸ਼ਿਵ ਸੈਨਾ ਦੇ ਤਿੰਨ ਆਗੂਆਂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵੀ ਦਰਜ ਹਨ। ਪਿਛਲੇ ਤਕਰੀਬਨ ਡੇਢ ਸਾਲ ਦੌਰਾਨ ਸੂਬੇ ਵਿਚ ਤਿੰਨ ਦਰਜਨ ਤੋਂ ਵੱਧ ਗੈਂਗਸਟਰ ਜੇਲ੍ਹਾਂ ਜਾਂ ਪੁਲਿਸ ਹਿਰਾਸਤ ਵਿਚੋਂ ਭੱਜ ਚੁੱਕੇ ਹਨ। ਪਿਛਲੇ ਪੰਜ ਸਾਲਾਂ ਦੌਰਾਨ ਕਿਸੇ ਵੀ ਗੈਂਗਸਟਰ ਨੂੰ ਸਜ਼ਾ ਨਹੀਂ ਹੋਈ। ਇੰਨਾ ਹੀ ਨਹੀਂ, ਜੇਲ੍ਹਾਂ ਵਿਚ ਬੰਦ ਗੈਂਗਸਟਰ ਨਾ ਸਿਰਫ ਹਰ ਕਿਸਮ ਦੀਆਂ ਸੁੱਖ-ਸਹੂਲਤਾਂ ਦਾ ਆਨੰਦ ਮਾਣ ਰਹੇ ਹਨ, ਬਲਕਿ ਮੋਬਾਈਲ ਫੋਨਾਂ ਅਤੇ ਇੰਟਰਨੈੱਟ ਜ਼ਰੀਏ ਜੇਲ੍ਹਾਂ ਵਿਚੋਂ ਹੀ ਆਪਣੇ ਕਾਰੋਬਾਰ ਵੀ ਚਲਾ ਰਹੇ ਹਨ। ਸਿਆਸੀ ਸਰਪ੍ਰਸਤੀ ਕਾਰਨ ਇਨ੍ਹਾਂ ਗੈਂਗਸਟਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਇਹ ਜੇਲ੍ਹ ਪ੍ਰਸ਼ਾਸਨ, ਪੁਲਿਸ ਅਤੇ ਨਿਆਂ ਪ੍ਰਣਾਲੀ ਨੂੰ ਟਿੱਚ ਸਮਝਦੇ ਹੋਏ ਕਤਲਾਂ, ਅਗਵਾ, ਫਿਰੌਤੀਆਂ, ਜ਼ਮੀਨਾਂ-ਜਾਇਦਾਦਾਂ ਤੇ ਨਾਜਾਇਜ਼ ਕਬਜ਼ੇ, ਲੁੱਟਾਂ-ਖੋਹਾਂ ਅਤੇ ਔਰਤਾਂ ਨਾਲ ਵਧੀਕੀਆਂ ਦੀਆਂ ਵਾਰਦਾਤਾਂ ਬੇਖੌਫ ਹੋ ਕੇ ਅੰਜਾਮ ਦੇ ਰਹੇ ਹਨ। ਇਨ੍ਹਾਂ ਗੈਂਗਸਟਰਾਂ ਅਤੇ ਮਾਫੀਆ ਗਰੋਹਾਂ ਕੋਲ ਵੱਡੀ ਮਾਤਰਾ ਵਿਚ ਜਾਇਜ਼ ਅਤੇ ਨਾਜਾਇਜ਼ ਅਸਲਾ ਹੈ।
ਸਿਆਸੀ ਆਗੂਆਂ ਵੱਲੋਂ ਆਪਣੇ ਸੌੜੇ ਸਿਆਸੀ ਮੰਤਵਾਂ ਲਈ ਗੈਂਗਸਟਰਾਂ ਅਤੇ ਗੁੰਡਾ ਗਰੋਹਾਂ ਦੀ ਸਮੇਂ-ਸਮੇਂ ਕੀਤੀ ਗਈ ਸਰਪ੍ਰਸਤੀ ਸੂਬੇ ਵਿਚ ਬਦਅਮਨੀ ਦਾ ਕਾਰਨ ਬਣਦੀ ਜਾ ਰਹੀ ਹੈ। ਤਕਰੀਬਨ ਮਹੀਨਾ ਪਹਿਲਾਂ ਅਕਾਲੀ ਸਰਕਾਰ ‘ਤੇ ਦੋਸ਼ ਲੱਗੇ ਸਨ ਕਿ ਚੋਣਾਂ ਤੋਂ ਪਹਿਲਾਂ ਜੇਲ੍ਹਾਂ ਵਿਚ ਬੰਦ ਵੱਡੀ ਗਿਣਤੀ ਮਾੜੇ ਅਨਸਰਾਂ ਨੂੰ ਰਿਹਾਅ ਕਰਨ ਦੀਆਂ ਜੁਗਤਾਂ ਘੜੀਆਂ ਜਾ ਰਹੀਆਂ ਹਨ। ਇਨ੍ਹਾਂ ਗੈਂਗਸਟਰਾਂ ਦੀ ਮਦਦ ਚੋਣ ਬੂਥਾਂ ‘ਤੇ ਲਈ ਜਾਵੇਗੀ। ਚੋਣ ਕਮਿਸ਼ਨ ਨੇ ਵੀ ਇਸ ਦਾ ਗੰਭੀਰ ਨੋਟਿਸ ਲਿਆ ਸੀ ਜਿਸ ਪਿੱਛੋਂ ਸਰਕਾਰ ਥੋੜ੍ਹੀ ਢਿੱਲੀ ਪੈ ਗਈ, ਪਰ ਹੁਣ ਤਾਜ਼ਾ ਘਟਨਾ ਕਾਰਨ ਸ਼ੱਕ ਦੀ ਸੂਈ ਹਾਕਮ ਧਿਰ ਵੱਲ ਗਈ ਹੈ। ਤਕਰੀਬਨ 4 ਮਹੀਨੇ ਪਹਿਲਾਂ ਜਦੋਂ ਗੈਂਗਸਟਰਾਂ ਨੇ ਪੰਜਾਬ ਵਿਚ ਲਗਾਤਾਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਤਾਂ ਅਕਾਲੀ ਸਰਕਾਰ ਨੇ ਸਖਤੀ ਦੇ ਦਾਅਵੇ ਕੀਤੇ। ਅਪਰਾਧੀ ਗਰੋਹਾਂ ਨਾਲ ਨਜਿੱਠਣ ਲਈ ਮਹਾਰਾਸ਼ਟਰ ਰਾਜ ਦੀ ਤਰਜ਼ ਉਤੇ ‘ਪੰਜਾਬ ਆਰਗੇਨਾਈਜ਼ਡ ਕੰਟਰੋਲਡ ਕਰਾਈਮ ਐਕਟ’ (ਪਕੋਕਾ) ਹੋਂਦ ਵਿਚ ਲਿਆਉਣ ਦਾ ਦਾਅਵਾ ਕੀਤਾ ਗਿਆ। ਇਸ ਕਾਨੂੰਨ ਦਾ ਖਰੜਾ ਦੋ ਵਾਰ ਮੰਤਰੀ ਮੰਡਲ ਦੀਆਂ ਮੀਟਿੰਗਾਂ ਵਿਚ ਲਿਜਾਇਆ ਗਿਆ, ਪਰ ਇਸ ਖਰੜੇ ਦਾ ਇਥੇ ਹੀ ਭੋਗ ਪਾ ਦਿੱਤਾ ਗਿਆ। ਪੰਜਾਬ ਵਿਚ ਸਰਗਰਮ ਇਨ੍ਹਾਂ ਹਥਿਆਰਬੰਦ ਗਰੋਹਾਂ ਸਬੰਧੀ ਹੁਣ ਕਈ ਦਿਲਚਸਪ ਤੱਥ ਸਾਹਮਣੇ ਆ ਰਹੇ ਹਨ, ਜਿਨ੍ਹਾਂ ਤੋਂ ਸਪੱਸ਼ਟ ਹੈ ਕਿ ਹਥਿਆਰਬੰਦ ਗਰੋਹਾਂ ਦਾ ਧੰਦਾ ਲੰਬੇ ਸਮੇਂ ਤੋਂ ਰਾਜ ਵਿਚ ਪਨਪ ਰਿਹਾ ਸੀ, ਜਿਸ ਨੂੰ ਸਿਆਸੀ ਪੱਧਰ ਅਤੇ ਪੁਲਿਸ ਢਾਂਚੇ ਦੀ ਵੀ ਹੇਠਲੇ ਪੱਧਰ ‘ਤੇ ਮਦਦ ਮਿਲਦੀ ਰਹੀ।
______________________________________
ਹਾਕਮਾਂ ਦੀ ਸ਼ਹਿ ਅੱਗੇ ਕਾਨੂੰਨ ਵੀ ਬੇਵੱਸ
ਚੰਡੀਗੜ੍ਹ: 2010 ਤੋਂ 2016 ਤੱਕ, ਛੇ ਸਾਲਾਂ ਦੌਰਾਨ ਅਜਿਹੇ ਹਥਿਆਰਬੰਦ ਗਰੋਹਾਂ ਦੇ ਕੋਈ 55 ਮਾਮਲੇ ਅਦਾਲਤਾਂ ਵਿਚ ਗਏ ਅਤੇ ਉਨ੍ਹਾਂ ਵਿਚੋਂ ਕਿਸੇ ਇਕ ਵਿਚ ਵੀ ਸਜ਼ਾ ਨਹੀਂ ਹੋਈ ਅਤੇ ਗੈਂਗਸਟਰ ਬਰੀ ਹੋ ਗਏ; ਜਦੋਂਕਿ 1996 ਤੋਂ 2016 ਤੱਕ ਦੇ 20 ਸਾਲਾਂ ਦੌਰਾਨ ਅਜਿਹੇ ਗਰੋਹਾਂ ਵਿਰੁੱਧ 105 ਮਾਮਲੇ ਅਦਾਲਤਾਂ ਵਿਚ ਗਏ ਜਿਨ੍ਹਾਂ ਵਿਚੋਂ ਸਿਰਫ 10 ਵਿਚ ਕੁਝ ਸਜ਼ਾਵਾਂ ਹੋਈਆਂ, ਜਦੋਂਕਿ 95 ਮਾਮਲਿਆਂ ਵਿਚ ਮੁਲਜ਼ਮ ਬਰੀ ਹੋ ਗਏ। ਅਦਾਲਤਾਂ ਵਿਚ ਇਨ੍ਹਾਂ ਹਥਿਆਰਬੰਦ ਗਰੋਹਾਂ ਵਿਰੁੱਧ ਕੇਸ ਫੇਲ੍ਹ ਹੋਣ ਦਾ ਮੁੱਖ ਕਾਰਨ ਪੁਲਿਸ ਦੀ ਮਿਲੀਭੁਗਤ ਜਾਂ ਨਾਲਾਇਕੀ ਸਮਝੀ ਜਾ ਰਹੀ ਹੈ। ਪੁਲਿਸ ਵੱਲੋਂ ਕੋਈ 57 ਅਜਿਹੇ ਗਰੋਹਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿਨ੍ਹਾਂ ਦੇ 450 ਦੇ ਕਰੀਬ ਮੈਂਬਰ ਹਨ। ਜੇਲ੍ਹਾਂ ਵਿਚ 200 ਤੋਂ ਜ਼ਿਆਦਾ ਗੈਂਗ ਮੈਂਬਰ ਹਨ, 100 ਤੋਂ ਵੱਧ ਗੈਂਗ ਮੈਂਬਰ ਜ਼ਮਾਨਤਾਂ ਕਰਵਾ ਗਏ ਹਨ ਅਤੇ 120 ਦੇ ਤਕਰੀਬਨ ਹੋਰ ਗੈਂਗ ਮੈਂਬਰ ਅਜੇ ਕਾਨੂੰਨ ਦੀ ਪਕੜ ਵਿਚ ਨਹੀਂ ਆ ਸਕੇ ਅਤੇ ਭਗੌੜੇ ਹਨ। ਦਿਲਚਸਪ ਗੱਲ ਇਹ ਹੈ ਕਿ ਮੁੱਖ ਗਰੋਹ ਅਤੇ ਗਰੋਹ ਆਗੂ ਮਾਲਵਾ ਖੇਤਰ ਨਾਲ ਸਬੰਧਤ ਹਨ, ਜਦੋਂਕਿ ਅੰਮ੍ਰਿਤਸਰ ਵਿਚ ਵੀ ਕੁਝ ਗੈਂਗ ਸਰਗਰਮ ਹਨ।