‘ਸ਼ੇਰਾਂ’ ਦਾ ਸਾਹਮਣਾ

ਨਾਭਾ ਜੇਲ੍ਹ ਕਾਂਡ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਵੇਲੇ ਪੰਜਾਬ ਅੰਦਰ ਕਿਸ ਦਾ ਅਤੇ ਕਿਸ ਤਰ੍ਹਾਂ ਦਾ ਰਾਜ ਚੱਲ ਰਿਹਾ ਹੈ। ਸਾਰੇ ਹਾਲਾਤ ਉਤੇ ਪਰਦਾ ਪਾਉਣ ਲਈ ਸਭ ਤੋਂ ਪਹਿਲਾਂ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ। ਬਿਆਨ ਸਿਰੇ ਦਾ ਗੈਰ-ਜ਼ਿੰਮੇਦਾਰਾਨਾ ਸੀ ਕਿ ਇਸ ਕਾਂਡ ਪਿੱਛੇ ਪਾਕਿਸਤਾਨ ਦਾ ਹੱਥ ਹੈ। ਬਹੁਤ ਛੇਤੀ ਹੀ ਇਸ ਬਿਆਨ ਦੀ ਫੂਕ ਨਿਕਲ ਗਈ। ਅਸਲ ਵਿਚ ਵਿਧਾਨ ਸਭਾ ਚੋਣਾਂ ਸਿਰ ਉਤੇ ਹੋਣ ਕਾਰਨ ਉਪ ਮੁੱਖ ਮੰਤਰੀ ਕੁਝ ਜ਼ਿਆਦਾ ਹੀ ਕਾਹਲੇ ਪਏ ਹੋਏ ਹਨ ਅਤੇ ਹਰ ਮੁੱਦੇ ਨੂੰ ਸਿਆਸੀ ਪੁੱਠ ਚਾੜ੍ਹ ਕੇ 25 ਸਾਲ ਰਾਜ ਕਰਨ ਦਾ ਸੁਫਨਾ ਸਾਕਾਰ ਕਰਨਾ ਚਾਹੁੰਦੇ ਹਨ।

ਦੂਜੇ ਬੰਨੇ, ਸਿਆਸੀ ਸਰਪ੍ਰਸਤੀ ਪ੍ਰਾਪਤ ਗੁੰਡਾ ਗਰੋਹਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਆਵਾਮ ਅਤੇ ਪ੍ਰਸ਼ਾਸਨ ਨੂੰ ਟਿੱਚ ਸਮਝ ਰਹੇ ਹਨ। ਅਸਲਾ ਅਤੇ ਹਥਿਆਰ ਬੜੀ ਆਸਾਨੀ ਨਾਲ ਮਿਲ ਰਹੇ ਹਨ। ਨਿੱਤ ਦਿਨ ਗੈਂਗਸਟਰਾਂ ਦੀਆਂ ਆਪਸੀ ਲੜਾਈਆਂ, ਜੇਲ੍ਹਾਂ ਵਿਚੋਂ ਭੱਜਣ, ਫਿਰੌਤੀਆਂ ਮੰਗਣ, ਜ਼ਮੀਨ-ਜਾਇਦਾਦਾਂ ਉਤੇ ਨਾਜਾਇਜ਼ ਕਬਜ਼ੇ ਅਤੇ ਔਰਤਾਂ ਨਾਲ ਜ਼ਿਆਦਤੀਆਂ ਦੀਆਂ ਖਬਰਾਂ ਨਸ਼ਰ ਹੁੰਦੀਆਂ ਹਨ। ਇਹੀ ਨਹੀਂ, ਜੇਲ੍ਹਾਂ ਅੰਦਰ ਬੰਦ ਇਹ ਗੈਂਗਸਟਰ ਪੂਰੀ ਖੁੱਲ੍ਹ ਅਤੇ ਹੋਰ ਸੁੱਖ-ਸਹੂਲਤਾਂ ਮਾਣ ਰਹੇ ਹਨ। ਮੋਬਾਈਲ ਫੋਨਾਂ ਅਤੇ ਇੰਟਰਨੈਟ ਦੀ ਵਰਤੋਂ ਤਾਂ ਆਮ ਗੱਲ ਹੈ। ਕੋਈ ਗੈਂਗਟਸਰ ਭਾਵੇਂ ਜੇਲ੍ਹ ਅੰਦਰ ਹੈ ਜਾਂ ਬਾਹਰ, ਇਨ੍ਹਾਂ ਦੇ ਫੇਸਬੁੱਕ ਖਾਤੇ ਲਗਾਤਾਰ ਚੱਲ ਰਹੇ ਹਨ। ਇਸ ਵਰਤਾਰੇ ਦੀਆਂ ਜੜ੍ਹਾਂ ਫਰੋਲਣ ਦੀ ਥਾਂ ਖਾਨਾਪੂਰਤੀ ਕਰ ਕੇ ਬੁੱਤਾ ਸਾਰਿਆ ਜਾ ਰਿਹਾ ਹੈ ਜਿਸ ਤਰ੍ਹਾਂ ਹੁਣ ਨਾਭਾ ਜੇਲ੍ਹ ਕਾਂਡ ਦੇ ਸਿਲਸਿਲੇ ਵਿਚ ਕੀਤਾ ਗਿਆ ਹੈ। ਸਰਕਾਰ ਨੇ ਸਬੰਧਤ ਅਫਸਰਾਂ ਨੂੰ ਮੁਅੱਤਲ/ਬਰਖਾਸਤ ਕਰ ਦਿੱਤਾ ਹੈ। ਅਜਿਹੀ ਪਹੁੰਚ ਕਰ ਕੇ ਹੀ ਸੂਬੇ ਦੇ ਹਾਲਾਤ ਹੁਣ ਪਲੀਤਾ ਲੱਗਣ ਵਾਲੇ ਹਾਲਾਤ ਤੱਕ ਅੱਪੜ ਗਏ ਜਾਪਦੇ ਹਨ। ਸਿਤਮਜ਼ਰੀਫੀ ਇਹ ਹੈ ਕਿ ਇਨ੍ਹਾਂ ਹਾਲਾਤ ਨੂੰ ਠੱਲ੍ਹ ਪਾਉਣ ਲਈ ਕਿਸੇ ਵੀ ਪੱਧਰ ‘ਤੇ ਅਜੇ ਵੀ ਯਤਨ ਨਹੀਂ ਕੀਤੇ ਜਾ ਰਹੇ। ਜ਼ਾਹਰ ਹੈ, ਆਉਣ ਵਾਲੇ ਦਿਨਾਂ ਦੌਰਾਨ ਹਾਲਾਤ ਬਦ ਤੋਂ ਬਦਤਰ ਹੀ ਹੋਣੇ ਹਨ।
ਅਜਿਹੇ ਹਾਲਾਤ ਦੀ ਕਹਾਣੀ ਅੱਜ ਦੀ ਨਹੀਂ ਹੈ। ਡੇਢ ਦਹਾਕੇ ਦੀ ਦਹਿਸ਼ਤਪਸੰਦੀ ਤੋਂ ਬਾਅਦ ਜਦੋਂ ਸਭਿਆਚਾਰਕ ਸਮਾਗਮਾਂ ਦੇ ਨਾਂ ਉਤੇ ਸਿਆਸਤ ਦਾ ਨਵਾਂ ਰਾਗ ਅਲਾਪਿਆ ਗਿਆ ਸੀ, ਉਦੋਂ ਹੀ ਅਜਿਹੇ ਹਾਲਾਤ ਦੀਆਂ ਕਨਸੋਆਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਇਨ੍ਹਾਂ ਸਭਿਆਚਾਰਕ ਸਮਾਗਮਾਂ ਦੀ ਗੱਲ ਤੁਰਦੀ-ਤੁਰਦੀ ਹਥਿਆਰਾਂ ਅਤੇ ਨਸ਼ਿਆਂ ਦੀ ਮਹਿਮਾ ਤੱਕ ਜਾ ਅੱਪੜੀ। ਸਰਕਾਰੀ ਨਾ-ਅਹਿਲੀਅਤ ਅਤੇ ਸੌੜੀ ਸਿਆਸਤ ਨੇ ਇਸ ਮਹਿਮਾ ਨੂੰ ਅਮਲੀ ਜਾਮਾ ਵੀ ਪੁਆ ਦਿੱਤਾ। ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭਾਵੇਂ ਸੂਬੇ ਵਿਚ ਨਸ਼ਿਆਂ ਦੀ ਵਿਕਰਾਲਤਾ ਤੋਂ ਲਗਾਤਾਰ ਇਨਕਾਰ ਕਰੀ ਜਾਂਦੇ ਹਨ, ਪਰ ਵੱਖ-ਵੱਖ ਅੰਕੜੇ ਅਤੇ ਨਿੱਤ ਦਿਨ ਦੀਆਂ ਘਟਨਾਵਾਂ ਗਵਾਹ ਹਨ ਕਿ ਸੂਬੇ ਅੰਦਰ ਨਸ਼ਿਆਂ, ਹਥਿਆਰਾਂ ਅਤੇ ਅਸਲੇ ਦੀ ਕੋਈ ਤੋਟ ਨਹੀਂ ਹੈ। ਇਹ ਸਾਰਾ ਕੁਝ ਹੋ ਵੀ ਸਿਆਸੀ ਸਰਪ੍ਰਸਤੀ ਹੇਠ ਰਿਹਾ ਹੈ। ਅਜਿਹੇ ਹਾਲਾਤ ਦਾ ਟਾਕਰਾ ਸਿਰਫ ਚੇਤਨਾ ਦੇ ਸਿਰ ਉਤੇ ਹੀ ਸੰਭਵ ਹੋ ਸਕਦਾ ਸੀ, ਪਰ ਪਿਛਲੇ ਸਮੇਂ ਦੌਰਾਨ ਸਿੱਖਿਆ ਦੇ ਖੇਤਰ ਵਿਚ ਜਿੰਨਾ ਨਿਘਾਰ ਆ ਗਿਆ ਹੈ, ਉਸ ਨਾਲ ਚੇਤਨਾ ਵੱਲ ਖੁੱਲ੍ਹਦੇ ਰਾਹ ਹੌਲੀ-ਹੌਲੀ ਬੰਦੇ ਹੋ ਰਹੇ ਹਨ। ਇਕ ਪਾਸੇ ਵਿਦਿਆਰਥੀਆਂ ਅੰਦਰ ਸਿਆਸੀ ਚੇਤਨਾ ਲੋਪ ਹੋ ਰਹੀ ਹੈ, ਦੂਜੇ ਬੰਨੇ ਧੜਾ-ਧੜ ਖੁੱਲ੍ਹੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਨੇ ਹਾਲਾਤ ਹੋਰ ਗੰਭੀਰ ਬਣਾ ਦਿੱਤੇ ਹਨ। ਸੇਧ ਵਾਲੀ ਸਿਖਿਆ ਦੀ ਅਣਹੋਂਦ ਨਾਲ ਰਹਿੰਦੀ ਕਸਰ ਨਿਕਲੀ ਜਾਂਦੀ ਹੈ। ਕੁੱਲ ਮਿਲਾ ਕੇ ਫੇਸਬੁੱਕ ਦੀ ਚਾਟੇ ਲੱਗੀ ਨਵੀਂ ਪੀੜ੍ਹੀ ਲੀਹੋਂ ਲੱਥ ਰਹੀ ਹੈ। ਅੱਜ ਦੇ ਗੈਂਗਸਟਰ ਉਨ੍ਹਾਂ ਪਰਿਵਾਰਾਂ ਵਿਚੋਂ ਨਿਕਲ ਰਹੇ ਹਨ ਜਿਨ੍ਹਾਂ ਕੋਲ ਸੁੱਖ-ਸਹੂਲਤਾਂ ਜਾਂ ਹੋਰ ਸਾਧਨਾਂ ਦੀ ਕੋਈ ਤੋਟ ਨਹੀਂ ਹੈ। ਪੰਜਾਬ ਦੇ ਇਹ ‘ਸ਼ੇਰ’ ਉਚ ਜਾਤ ਦੇ ਗੁਮਾਨ ਦੇ ਵੀ ਡੰਗੇ ਹੋਏ ਹਨ। ਕੱਲ੍ਹ ਨੂੰ ਇਨ੍ਹਾਂ ਨੇ ਹੀ ਸਿਆਸੀ ਮੁਹਾਰਾਂ ਫੜ ਲੈਣੀਆਂ ਹਨ। 2012 ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਗੈਂਗਟਸਰ ਜਸਵਿੰਦਰ ਸਿੰਘ ਰੌਕੀ ਫਾਜ਼ਿਲਕਾ ਵਿਚ ਝੰਡਾ ਗੱਡ ਕੇ ਬਹਿ ਗਿਆ ਸੀ। ਉਦੋਂ ਉਸ ਨੇ 31æ04 ਫੀਸਦ ਦੇ ਹਿਸਾਬ ਨਾਲ ਕੁੱਲ 39209 ਵੋਟਾਂ ਹਾਸਲ ਕੀਤੀਆਂ ਸਨ ਜੋ ਜੇਤੂ ਰਹੇ ਭਾਜਪਾ ਆਗੂ ਸੁਰਜੀਤ ਜਿਆਣੀ ਤੋਂ ਕੁਝ ਵੋਟਾਂ ਹੀ ਘੱਟ ਸਨ। ਜਿਆਣੀ ਨੂੰ 40901 ਵੋਟਾਂ ਮਿਲੀਆਂ ਸਨ ਅਤੇ ਉਸ ਦੀ ਵੋਟ ਫੀਸਦ 32æ38 ਸੀ। ਕਾਂਗਰਸ ਦੇ ਉਮੀਦਵਾਰ ਮਹਿੰਦਰ ਕੁਮਾਰ ਰਿਣਵਾ ਨੂੰ 32205 (25æ5 ਫੀਸਦ) ਵੋਟਾਂ ਹੀ ਮਿਲ ਸਕੀਆਂ ਸਨ। ਇਹ ਉਹ ਪਨੀਰੀ ਹੈ ਜਿਨ੍ਹਾਂ ਲਈ ਪੁਲਿਸ ਅਤੇ ਅਦਾਲਤਾਂ ਦੀ ਕੋਈ ਔਕਾਤ ਨਹੀਂ ਹੈ। ਪਿਛਲੇ ਪੰਜ ਸਾਲਾਂ ਦਾ ਰਿਕਾਰਡ ਬੋਲ ਰਿਹਾ ਹੈ ਕਿ ਕਿਸੇ ਵੀ ਗੈਂਗਸਟਰ ਨੂੰ ਕੋਈ ਸਜ਼ਾ ਨਹੀਂ ਦਿਵਾਈ ਜਾ ਸਕੀ। ਸਪਸ਼ਟ ਹੈ ਕਿ ਪੁਲਿਸ ਪ੍ਰਸ਼ਾਸਨ, ਤਹਿਕੀਕਾਤ ਕਰਨ ਵਾਲੀਆਂ ਏਜੰਸੀਆਂ, ਨਿਆਂ ਪਾਲਿਕਾ ਅਤੇ ਹੋਰ ਸਮੁੱਚਾ ਢਾਂਚਾ ਇਨ੍ਹਾਂ ਬੁਰਛਾਗਰਦਾਂ ਅੱਗੇ ਵਿਛਿਆ ਪਿਆ ਹੈ ਅਤੇ ਅਗਾਂਹ ਇਨ੍ਹਾਂ ਲਈ ਮੋਕਲੇ ਰਾਹ ਕਰਦਾ ਦਿਖਾਈ ਦਿੰਦਾ ਹੈ।
ਸੱਚਮੁੱਚ ਪੰਜਾਬ ਦਾ ਆਵਾਮ ਸਿਆਸੀ ਸਰਪ੍ਰਸਤੀ ਵਾਲੇ ਇਸ ਜਾਬਰ ਢਾਂਚੇ ਤੋਂ ਅੱਕਿਆ ਪਿਆ ਹੈ ਅਤੇ ਇਸ ਨੂੰ ਪਸਤ ਕਰਨਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਇਸ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਰਵਾਇਤੀ ਸਿਆਸੀ ਧਿਰਾਂ ਨੂੰ ਲਾਂਭੇ ਕਰਨ ਦੇ ਇਰਾਦੇ ਨਾਲ ਨਵੀਂ ਉਠੀ ਸਿਆਸੀ ਧਿਰ ਆਮ ਆਦਮੀ ਪਾਰਟੀ (ਆਪ) ਨੂੰ ਹੁੰਗਾਰਾ ਭਰਿਆ ਸੀ। ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਲੋਕਾਂ ਦਾ ਰੁਖ ਕਿਸ ਪਾਸੇ ਮੁੜਦਾ ਹੈ। ਰਵਾਇਤੀ ਸਿਆਸੀ ਆਪੋ-ਆਪਣੀ ਜਕੜ ਬਣਾਈ ਰੱਖਣ ਲਈ ਹਰ ਹੀਲਾ-ਵਸੀਲਾ ਕਰ ਰਹੀਆਂ ਹਨ। ਦੂਜੇ ਬੰਨੇ ‘ਆਪ’ ਅੰਦਰਲੀ ਟੁੱਟ-ਭੱਜ ਨੂੰ ਵੀ ਫਿਲਹਾਲ ਠੱਲ੍ਹ ਨਹੀਂ ਪੈ ਰਹੀ ਜਾਪਦੀ। ਹੁਣ ਸਭ ਦੀ ਟਿਕਟਿਕੀ ਚੋਣਾਂ ਵੱਲ ਹੀ ਲੱਗੀ ਹੋਈ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਹੀ ਪੰਜਾਬ ਦੇ ‘ਸ਼ੇਰਾਂ’ ਦੇ ਸਾਹਮਣੇ ਖਲੋ ਸਕਣ ਵਾਲੇ ‘ਸ਼ੇਰਾਂ’ ਬਾਰੇ ਫੈਸਲਾ ਕਰਨਾ ਹੈ।