ਪੰਜਾਬ ਦੇ ਮਸਲਿਆਂ ਬਾਰੇ ਨਸੀਹਤਾਂ ਦੇ ਕੇ ਹੀ ਚੱਲਦੇ ਬਣੇ ਮੋਦੀ

ਬਠਿੰਡਾ: ਏਮਜ਼ ਦਾ ਨੀਂਹ ਪੱਥਰ ਰੱਖਣ ਪੰਜਾਬ ਆਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੂਬੇ ਦੇ ਕਿਸੇ ਮਸਲੇ ਬਾਰੇ ਬੋਲਣ ਦੀ ਥਾਂ ਨਸੀਹਤਾਂ ਦੇ ਕੇ ਹੀ ਚੱਲਦੇ ਬਣੇ। ਹਾਲਾਂਕਿ ਪੰਜਾਬ ਸਰਕਾਰ ਤੇ ਆਮ ਲੋਕਾਂ ਨੂੰ ਉਮੀਦ ਸੀ ਕਿ ਪ੍ਰਧਾਨ ਮੰਤਰੀ ਪਾਣੀਆਂ ਦੇ ਮਸਲੇ ਦੇ ਹੱਲ ਲਈ ਕੁਝ ਬੋਲਣਗੇ, ਪਰ ਉਨ੍ਹਾਂ ਸਿਰਫ ਇਹੀ ਨਸੀਹਤ ਦਿੱਤੀ ਕਿ ਪਾਣੀਆਂ ਦੇ ਮਾਮਲੇ ਮਿਲ ਬੈਠ ਕੇ ਨਜਿੱਠੇ ਜਾਣ। ਉਨ੍ਹਾਂ ਨੇ ਸਿੰਧ ਜਲ ਸੰਧੀ ਦੀ ਗੱਲ ਤਾਂ ਕੀਤੀ, ਪਰ ਸਤਲੁਜ ਯਮਨਾ ਨਹਿਰ ਦਾ ਸਿੱਧੇ ਤੌਰ ‘ਤੇ ਕੋਈ ਜ਼ਿਕਰ ਨਾ ਕੀਤਾ।

ਉਨ੍ਹਾਂ ਐਲਾਨ ਕੀਤਾ ਕਿ ਸਿੰਧ ਜਲ ਸੰਧੀ ਤਹਿਤ ਦਰਿਆਵਾਂ ਦੇ ਪਾਣੀ ਦਾ ਪੰਜਾਬ ਸਮੇਤ ਪੂਰੇ ਦੇਸ਼ ਦੇ ਕਿਸਾਨਾਂ ਨੂੰ ਫਾਇਦਾ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਕਿਉਂਕਿ ਇਹ ਪਾਣੀ ਪਾਕਿਸਤਾਨ ਵਿਚ ਅਜਾਈਂ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਲੋਕ ਇਸ ਸਮੇਂ ਸਤਲੁਜ-ਯਮਨਾ ਲਿੰਕ ਨਹਿਰ ਦੇ ਮੁੱਦੇ ਤੋਂ ਇਲਾਵਾ ਨੋਟਬੰਦੀ ਦੇ ਮਾਮਲੇ ਵਿਚ ਭਾਰਤੀ ਰਿਜ਼ਰਵ ਬੈਂਕ ਵੱਲੋਂ ਸਹਿਕਾਰੀ ਅਤੇ ਖੇਤੀ ਵਿਕਾਸ ਬੈਂਕਾਂ ਨਾਲ ਕੀਤੇ ਗਏ ਮਤਰੇਈ ਮਾਂ ਵਾਲੇ ਸਲੂਕ ਅਤੇ ਜੰਗ ਦੇ ਖ਼ੌਫ਼ ਕਾਰਨ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਬੇਹੱਦ ਪ੍ਰੇਸ਼ਾਨ ਹਨ, ਪਰ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਨ ਵਿਚ ਇਨ੍ਹਾਂ ਸਮੱਸਿਆਵਾਂ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ। ਦੂਜੇ ਪਾਸੇ ਪ੍ਰਧਾਨ ਮੰਤਰੀ ਨੇ ਇਸ ਮੰਚ ਨੂੰ ਨੋਟਬੰਦੀ ਪ੍ਰਤੀ ਆਪਣੀ ਸਫਾਈ ਦੇਣ ਅਤੇ ਪਾਕਿਸਤਾਨ ਵਿਰੁੱਧ ਆਪਣੀ ਸਰਕਾਰ ਦੇ ਇਰਾਦਿਆਂ ਦਾ ਪ੍ਰਗਟਾਵਾ ਕਰਨ ਲਈ ਬਾਖੂਬੀ ਵਰਤਿਆ।
ਪ੍ਰਧਾਨ ਮੰਤਰੀ ਨੇ ਪੰਜਾਬ ਵਿਚ ਇਸ ਸਮੇਂ ਸਭ ਤੋਂ ਵੱਧ ਚਰਚਿਤ ਦਰਿਆਈ ਪਾਣੀਆਂ ਦੇ ਮੁੱਦੇ ਉਤੇ ਸਿੱਧੇ ਰੂਪ ਵਿਚ ਕੁਝ ਵੀ ਕਹਿਣ ਤੋਂ ਗੁਰੇਜ਼ ਕਰਦਿਆਂ ਪਾਕਿਸਤਾਨ ਦੇ ਜ਼ਰੀਏ ਸਮੁੰਦਰ ਵਿਚ ਵਿਅਰਥ ਜਾ ਰਹੇ ਸਿੰਧ ਦਰਿਆਵਾਂ ਦੇ ਪਾਣੀ ਨੂੰ ਵੱਡੀਆਂ ਯੋਜਨਾਵਾਂ ਰਾਹੀਂ ਪੰਜਾਬ ਸਮੇਤ ਸਾਰੇ ਸੂਬਿਆਂ ਦੇ ਕਿਸਾਨਾਂ ਨੂੰ ਦੇ ਕੇ ਉਨ੍ਹਾਂ ਦੀਆਂ ਸਿੰਜਾਈ ਸਬੰਧੀ ਲੋੜਾਂ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਇਕ ਵਿਸ਼ੇਸ਼ ਟਾਸਕ ਫੋਰਸ ਕਾਇਮ ਕਰ ਦਿੱਤੀ ਗਈ ਹੈ। ਪੰਜਾਬ ਅਤੇ ਹਰਿਆਣਾ ਵਿਚ ਵਿਵਾਦ ਅਹਿਮ ਦਾ ਮੁੱਦਾ ਬਣੀ ਸਤਲੁਜ-ਯਮੁਨਾ ਲਿੰਕ ਨਹਿਰ ਦੇ ਸਵਾਲ ਤੋਂ ਟਾਲਾ ਵੱਟਦਿਆਂ ਉਨ੍ਹਾਂ ਕਿਹਾ ਕਿ ਪਾਣੀ ਦੀ ਸਮੱਸਿਆ ਦਾ ਹੱਲ ਝਗੜੇ ਦੀ ਥਾਂ ਆਪਸੀ ਗੱਲਬਾਤ ਰਾਹੀਂ ਨਿਕਲ ਸਕਦਾ ਹੈ।
ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ ਜੇæਪੀæ ਨੱਢਾ ਨੇ ਆਪਣੇ ਭਾਸ਼ਨ ਦੌਰਾਨ ਕਾਂਗਰਸ ਅਤੇ ‘ਆਪ’ ਖਿਲਾਫ਼ ਇੱਕ ਸ਼ਬਦ ਵੀ ਨਹੀਂ ਬੋਲਿਆ ਜਦੋਂ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨੂੰ ਨਿਸ਼ਾਨੇ ਤੇ ਰੱਖਿਆ। ਮੁੱਖ ਮੰਤਰੀ ਨੇ ਮੋਦੀ ਸਰਕਾਰ ਦੀ ਵਾਰ ਵਾਰ ਪ੍ਰਸ਼ੰਸਾ ਕਰਦਿਆਂ ਐਲਾਨ ਵੀ ਕੀਤਾ ਕਿ ਹਰ ਪੰਜਾਬੀ ਦੀ ਆਮਦਨ ਨੂੰ ਦੁੱਗਣਾ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਦੁਹਰਾਇਆ ਕਿ ਪੰਜਾਬ ਵਿਚ ਗੱਠਜੋੜ ਸਰਕਾਰ 25 ਸਾਲ ਰਾਜ ਕਰੇਗੀ ਤੇ ਕੇਂਦਰ ਵਿਚ ਵੀ ਸ੍ਰੀ ਮੋਦੀ 25 ਸਾਲ ਰਾਜ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਟੋਪੀਆਂ ਵਾਲਿਆਂ ਦੀ ਪਾਰਟੀ ਆਪ ਨੂੰ ਪੰਜਾਬ ਵਿਚ ਇਕ ਸੀਟ ਵੀ ਨਹੀਂ ਮਿਲੇਗੀ।
___________________________________________
ਮੋਦੀ ਦੀਆਂ ਸਿਫਤਾਂ ਵਿਚ ਹੀ ਰੁਝੇ ਰਹੇ ਬਾਦਲ
ਬਠਿੰਡਾ: ਪ੍ਰਧਾਨ ਮੰਤਰੀ ਦੀ ਇਸ ਫੇਰੀ ਮੌਕੇ ਪੰਜਾਬ ਅਤੇ ਪੰਜਾਬੀਆਂ ਦੇ ਅਲੰਬਰਦਾਰ ਕਹਾਉਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਨੇ ਪੰਜਾਬ ਦੇ ਦਰਿਆਈ ਪਾਣੀਆਂ, ਭਾਰਤੀ ਰਿਜ਼ਰਵ ਬੈਂਕ ਵੱਲੋਂ ਨੋਟਬੰਦੀ ਸਬੰਧੀ ਸਹਿਕਾਰੀ ਤੇ ਖੇਤੀ ਵਿਕਾਸ ਬੈਂਕਾਂ ਨਾਲ ਕੀਤੇ ਗਏ ਦੂਜੈਲੇ ਵਿਹਾਰ ਅਤੇ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਸਮੇਤ ਕੋਈ ਵੀ ਮੁੱਦਾ ਪ੍ਰਧਾਨ ਮੰਤਰੀ ਸਾਹਮਣੇ ਨਹੀਂ ਉਠਾਇਆ। ਹੋਰ ਤਾਂ ਹੋਰ, ਇਨ੍ਹਾਂ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ ਦੀ ਰਕਮ ਸਮੇਂ ਸਿਰ ਜਾਰੀ ਨਾ ਕਰਨ ਕਰ ਕੇ ਆ ਰਹੀਆਂ ਮੁਸ਼ਕਲਾਂ ਦਾ ਵੀ ਜ਼ਿਕਰ ਪ੍ਰਧਾਨ ਮੰਤਰੀ ਮੂਹਰੇ ਨਹੀਂ ਕੀਤਾ। ਪੰਜਾਬ ਦੀਆਂ ਮੰਗਾਂ ਅਤੇ ਦਰਪੇਸ਼ ਸਮੱਸਿਆਵਾਂ ਦੀ ਗੱਲ ਕਰਨ ਦੀ ਬਜਾਏ ਦੋਵੇਂ ਆਗੂ ਪ੍ਰਧਾਨ ਮੰਤਰੀ ਦੀਆਂ ਸਿਫਤਾਂ ਦੇ ਪੁਲ ਬੰਨ੍ਹਣ ਵਿਚ ਹੀ ਮਸਰੂਫ ਰਹੇ। ਪ੍ਰਧਾਨ ਮੰਤਰੀ ਦੇ ਪੁੱਜਣ ਤੋਂ ਪਹਿਲਾਂ ਪੰਡਾਲ ਵਿਚ ਖਾਲੀ ਕੁਰਸੀਆਂ ਨੇ ਲੀਡਰਸ਼ਿਪ ਨੂੰ ਪ੍ਰੇਸ਼ਾਨ ਕਰ ਦਿੱਤਾ ਸੀ। ਸਟੇਜ ਸੰਚਾਲਕ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵਾਰ ਵਾਰ ਕੁਰਸੀਆਂ ਭਰਨ ਲਈ ਹੇਠਲੇ ਲੀਡਰਾਂ ਨੂੰ ਹਦਾਇਤਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਦੀ ਸਮੱਸਿਆ ਦਾ ਹੱਲ ਤਾਂ ਦੱਸਿਆ, ਪਰ ਮੁੱਖ ਮੰਤਰੀ ਵੱਲੋਂ ਉਠਾਈ ਮੰਗ ਵੱਲ ਕੋਈ ਗੌਰ ਨਾ ਕੀਤਾ। ਉਨ੍ਹਾਂ ਮੁੱਖ ਮੰਤਰੀ ਪੰਜਾਬ ਦੀ ਪਿੱਠ ਥਾਪੜੀ ਅਤੇ ਸਟੇਜ ਤੋਂ ਐਲਾਨ ਕੀਤਾ ਕਿ ਦਿੱਲੀ ਦਿਲੋਂ ਪੰਜਾਬ ਦੇ ਨਾਲ ਹੈ ਅਤੇ ਨਵਾਂ ਪੰਜਾਬ ਉਸਾਰਨ ਵਿੱਚ ਕੇਂਦਰੀ ਸਹਿਯੋਗ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
_____________________________________________
ਜਦੋਂ ਮੋਦੀ ਨੇ ਸੁਖਬੀਰ ਬਾਦਲ ਨੂੰ ਘੂਰਿਆ
ਬਠਿੰਡਾ: ਬਠਿੰਡਾ ਰੈਲੀ ਵਿਚ ਜਦੋਂ 55 ਵਰ੍ਹਿਆਂ ਦੀ ਅਮਰਜੀਤ ਕੌਰ ਬਰਨਾਲਾ ਨੇ ਨਾਅਰੇਬਾਜ਼ੀ ਕਰ ਦਿੱਤੀ ਤਾਂ ਨਰੇਂਦਰ ਮੋਦੀ ਨੂੰ ਆਪਣਾ ਭਾਸ਼ਨ ਸਮੇਟਣਾ ਪਿਆ। 35 ਮਿੰਟ ਦਾ ਤੈਅ ਭਾਸ਼ਨ ਉਨ੍ਹਾਂ 23 ਮਿੰਟ ਵਿਚ ਸਮਾਪਤ ਕਰ ਦਿੱਤਾ। ਜਦੋਂ ਮੋਦੀ ਸਟੇਜ ਤੋਂ ਜਾਣ ਲੱਗੇ ਤਾਂ ਉਸ ਤੋਂ ਪਹਿਲਾਂ ਉਨ੍ਹਾਂ ਗੁੱਸੇ ਵਿਚ ਉਪ ਮੁੱਖ ਮੰਤਰੀ ਨੂੰ ਕੁਝ ਇਸ਼ਾਰਾ ਕਰ ਕੇ ਆਖਿਆ ਜਿਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਮੋਦੀ ਦੇ ਭਾਸ਼ਨ ਮਗਰੋਂ ਹਾਵ ਭਾਵ ਬਦਲੇ ਹੋਏ ਨਜ਼ਰ ਆਏ ਅਤੇ ਸੁਖਬੀਰ ਬਾਦਲ ਵੀ ਪੰਡਾਲ ਵੱਲ ਵਾਰ-ਵਾਰ ਵੇਖਦੇ ਹੋਏ ਮੋਦੀ ਦੇ ਪਿੱਛੇ ਹੀ ਉਤਰ ਗਏ। ਜਦੋਂ ਇਕ ਔਰਤ ਵੀæਆਈæਪੀæ ਗੈਲਰੀ ਦੇ ਪਿੱਛੋਂ ਉੱਠੀ ਤੇ ਨਾਅਰੇ ਮਾਰਨ ਲੱਗੀ ਤਾਂ ਮੌਕੇ ਉਤੇ ਮੌਜੂਦ ਪੁਲਿਸ ਨੇ ਇਸ ਮਹਿਲਾ ਨੂੰ ਨੱਪ ਲਿਆ। ਮਹਿਲਾ ਨਾਲ ਪੁਲਿਸ ਨੇ ਕਾਫੀ ਧੱਕਾ ਮੁੱਕੀ ਵੀ ਕੀਤੀ।
_____________________________________________
ਜਦੋਂ ਹੌਲਦਾਰਾਂ ਨੇ ਘੇਰਿਆ ਸਿਕੰਦਰ ਸਿੰਘ ਮਲੂਕਾ
ਬਠਿੰਡਾ: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬਠਿੰਡਾ ਰੈਲੀ ਮੌਕੇ ਇਕ ਹੌਲਦਾਰ ਨਾਲ ਉਲਝ ਗਏ। ਉਹ ਪੰਡਾਲ ਵਿਚ ਦਾਖਲ ਹੋਣ ਸਮੇਂ ਪੁਲਿਸ ਮੁਲਾਜ਼ਮ ਨਾਲ ਖਹਿਬੜੇ ਜਿਸ ਕਰਕੇ ਮੌਕੇ ਉਤੇ ਰੌਲਾ ਵੀ ਪੈ ਗਿਆ। ਪੁਲਿਸ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਮਲੂਕਾ ਨੂੰ ਘੇਰ ਲਿਆ। ਕਾਫੀ ਮੁਸ਼ੱਕਤ ਤੋਂ ਬਾਅਦ ਸੀਨੀਅਰ ਅਧਿਕਾਰੀ ਨੇ ਵਿਚ ਪੈ ਕੇ ਇਸ ਮੰਤਰੀ ਦਾ ਖਹਿੜਾ ਛੁਡਵਾਇਆ। ਮੁਲਾਜ਼ਮਾਂ ਦਾ ਕਹਿਣਾ ਸੀ ਕਿ ਮਲੂਕਾ ਦੀ ਗੱਡੀ ਗਲਤ ਪਾਰਕ ਕੀਤੀ ਸੀ ਜਿਸ ਤੋਂ ਰੋਕਣ ‘ਤੇ ਇਸ ਮੰਤਰੀ ਨੇ ਉਨ੍ਹਾਂ ਨੂੰ ਗਾਲਾਂ ਕੱਢੀਆਂ ਤੇ ਉਨ੍ਹਾਂ ਉਤੇ ਗੱਡੀ ਚਾੜ੍ਹਨ ਦੀ ਕੋਸ਼ਿਸ਼ ਕੀਤੀ। ਹੌਲਦਾਰ ਕੰਵਲਜੀਤ ਸਿੰਘ ਕਹਿਣਾ ਸੀ ਕਿ ਉਨ੍ਹਾਂ ਜਦੋਂ ਮੰਤਰੀ ਮਲੂਕਾ ਦੀ ਗੱਡੀ ਨੂੰ ਨਿਯਮਾਂ ਅਨੁਸਾਰ ਰੋਕਿਆ ਤਾਂ ਡਰਾਈਵਰ ਨੇ ਪਹਿਲਾਂ ਉਸ ਉਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਮਗਰੋਂ ਵਜ਼ੀਰ ਨੇ ਉਸ ਨੂੰ ਅਪਸ਼ਬਦ ਕਹੇ। ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਵਿਧਾਇਕ ਅਜਾਇਬ ਸਿੰਘ ਭੱਟੀ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਇਸ ਮਾਮਲੇ ਦੀ ਉਚ ਪੱਧਰੀ ਪੜਤਾਲ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਆਖਿਆ ਕਿ ਉਨ੍ਹਾਂ ਦੀ ਕਿਸੇ ਵੀ ਪੁਲਿਸ ਮੁਲਾਜ਼ਮ ਅਜਿਹੀ ਕੋਈ ਗੱਲ ਹੀ ਨਹੀਂ ਹੋਈ ਹੈ।