ਬਰਲਿਨ: ਡੋਨਲਡ ਟਰੰਪ ਦੇ ਦਾਦੇ ਨੂੰ ਲਾਜ਼ਮੀ ਫੌਜੀ ਸੇਵਾ ਨਾ ਕਰਨ ਉਤੇ 1900ਵਿਆਂ ਦੇ ਸ਼ੁਰੂ ਵਿਚ ਜਰਮਨੀ ਵਿਚੋਂ ਬਾਹਰ ਕੱਢਿਆ ਗਿਆ ਸੀ। ਇਕ ਜਰਮਨ ਇਤਿਹਾਸਕਾਰ ਨੇ ਇਹ ਦਾਅਵਾ ਅਜਿਹੇ ਸਮੇਂ ਕੀਤਾ ਹੈ ਕਿ ਜਦੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤੇ ਟਰੰਪ ਵੱਲੋਂ ਪਰਵਾਸ ਵਿਰੁੱਧ ਬਿਆਨ ਦਾਗੇ ਜਾ ਰਹੇ ਹਨ। ਇਸ ਖੋਜ ਨੇ ਅਮਰੀਕਾ ਵਿਚ ਵਿਵਾਦ ਛੇੜ ਦਿੱਤਾ ਹੈ ਕਿ ਕਿਉਂਕਿ ਡੋਨਲਡ ਟਰੰਪ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਗੈਰ ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਕਾਰਵਾਈ ਦਾ ਅਹਿਦ ਲਿਆ।
ਇਤਿਹਾਸਕਾਰ ਰੋਲੈਂਡ ਪੌਲ ਨੇ ਕਿਹਾ ਕਿ ਟਰੰਪ ਗ਼ੈਰ ਕਾਨੂੰਨੀ ਪਰਵਾਸ ਵਿਰੁੱਧ ਗੱਲਾਂ ਕਰਦਾ ਹੈ, ਪਰ ਉਸ ਨੂੰ ਆਪਣੇ ਪਰਿਵਾਰ ਦੀ ਕਹਾਣੀ ਚੇਤੇ ਰੱਖਣੀ ਚਾਹੀਦੀ ਹੈ।
ਰੋਲੈਂਡ ਪੌਲ ਦੇ ਹਵਾਲੇ ਨਾਲ ਸੀæਐਨæਐਨæ ਨੇ ਕਿਹਾ ਕਿ ਸਥਾਨਕ ਕੌਂਸਲ ਨੇ ਫਰੈਡਰਿਕ ਟਰੰਪ, ਜੋ ਅਮਰੀਕੀ ਨਾਗਰਿਕ ਬਣ ਗਿਆ ਸੀ, ਨੂੰ 1905 ਵਿਚ ਚਿੱਠੀ ਲਿਖੀ ਸੀ ਕਿ ਉਸ ਨੂੰ ਮੁੜ ਜਰਮਨ ਨਾਗਰਿਕਤਾ ਨਹੀਂ ਦਿੱਤੀ ਜਾਵੇਗੀ ਅਤੇ ਅੱਠ ਹਫ਼ਤਿਆਂ ਵਿਚ ਦੇਸ਼ ਛੱਡਣ ਜਾਂ ਹਵਾਲਗੀ ਲਈ ਕਿਹਾ ਗਿਆ ਸੀ। ਸਮਝਿਆ ਜਾ ਰਿਹਾ ਹੈ ਕਿ ਇਹ ਨੋਟਿਸ ਉਦੋਂ ਜਾਰੀ ਕੀਤਾ ਗਿਆ, ਜਦੋਂ ਜਰਮਨ ਅਧਿਕਾਰੀਆਂ ਨੂੰ ਪਤਾ ਚੱਲਿਆ ਕਿ ਫਰੈਡਰਿਕ ਨੇ ਅਮਰੀਕਾ ਪਰਵਾਸ ਤੋਂ ਪਹਿਲਾਂ ਕਦੇ ਵੀ ਫੌਜ ਦੀ ਸੇਵਾ ਨਹੀਂ ਕੀਤੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਫਰੈਡਰਿਕ ਨੇ ਗੈਰ ਕਾਨੂੰਨੀ ਤੌਰ ‘ਤੇ ਜਰਮਨੀ ਛੱਡਿਆ। ਉਸ ਨੇ ਆਪਣੇ ਪਰਵਾਸ ਦੀ ਯੋਜਨਾ ਬਾਰੇ ਅਧਿਕਾਰੀਆਂ ਨੂੰ ਨਹੀਂ ਦੱਸਿਆ।
ਕਾਲਫਟੈਟ ਦੇ ਬਾਵਰੀਅਨ ਸ਼ਹਿਰ ਵਿਚ ਜੰਮੇ ਫਰੈਡਰਿਕ ਨੇ ਪਰਵਾਸੀ ਵਜੋਂ ਅਮਰੀਕਾ ਆਉਣ ਮਗਰੋਂ ਰੇਸਤਰਾਂ ਤੇ ਘਰ ਕਿਰਾਏ ਉਤੇ ਦੇ ਕੇ ਚੰਗੀ ਦੌਲਤ ਕਮਾਈ। ਇਸ ਖੁਲਾਸੇ ਬਾਰੇ ਸਵਾਲਾਂ ਦਾ ਡੋਨਲਡ ਟਰੰਪ ਦੇ ਧੜੇ ਨੇ ਫੌਰੀ ਕੋਈ ਜਵਾਬ ਨਹੀਂ ਦਿੱਤਾ।
_____________________________________________
ਚੋਣ ਵਾਅਦਿਆਂ ਤੋਂ ਪੈਰ ਪਿਛਾਂਹ ਖਿੱਚਣ ਲੱਗੇ ਟਰੰਪ
ਵਾਸ਼ਿੰਗਟਨ: ਅਣਕਿਆਸੇ ਢੰਗ ਨਾਲ ਅਮਰੀਕੀ ਸਦਰ ਦੀ ਚੋਣ ਜਿੱਤਣ ਤੋਂ ਦੋ ਹਫਤਿਆਂ ਬਾਅਦ ਹੀ ਰਿਪਬਲੀਕਨ ਆਗੂ ਡੋਨਲਡ ਟਰੰਪ ਆਪਣੇ ਮੁੱਖ ਚੋਣ ਵਾਅਦਿਆਂ ਤੇ ਵੱਡੇ-ਵੱਡੇ ਐਲਾਨਾਂ ਤੋਂ ਪੈਰ ਪਿਛਾਂਹ ਖਿੱਚਣ ਲੱਗ ਪਏ ਹਨ। ਇਨ੍ਹਾਂ ਵਿਚ ਵਾਤਾਵਰਨ ਤਬਦੀਲੀ ਦੇ ਮੁੱਦੇ ਉਤੇ ਅਪਣਾਇਆ ਗਿਆ ਸਖ਼ਤ ਰੁਖ਼, ਬੰਦੀਆਂ ਉਤੇ ਤਸ਼ੱਦਦ ਤੇ ਆਪਣੀ ਵਿਰੋਧੀ ਬੀਬੀ ਹਿਲੇਰੀ ਕਲਿੰਟਨ ਨੂੰ ਜੇਲ੍ਹ ਵਿਚ ਸੁੱਟਣ ਆਦਿ ਸਬੰਧੀ ਉਨ੍ਹਾਂ ਦੇ ਐਲਾਨ ਸ਼ਾਮਲ ਹਨ।
ਰੋਜ਼ਨਾਮਾ ‘ਨਿਊ ਯਾਰਕ ਟਾਈਮਜ਼’ ਦੇ ਰਿਪੋਰਟਰਾਂ ਤੇ ਸੰਪਾਦਕਾਂ ਨਾਲ ਇਕ ਇੰਟਰਵਿਊ ਦੌਰਾਨ ਉਨ੍ਹਾਂ ਇਸ ਗੱਲ ਦੇ ਭਰਵੇਂ ਸੰਕੇਤ ਦਿੱਤੇ ਕਿ ਆਪਣੇ ਕਾਰੋਬਾਰ ਤੋਂ ਲਾਂਭੇ ਹੋਣ, ਪਰਿਵਾਰਕ ਮੈਂਬਰਾਂ ਤੋਂ ਸਲਾਹ ਲੈਣ ਅਤੇ ਪ੍ਰੈੱਸ ਨਾਲ ਰਿਸ਼ਤਿਆਂ ਦੇ ਮਾਮਲੇ ਵਿਚ ਉਹ ਪਿਛਲੀਆਂ ਰਵਾਇਤਾਂ ਉਤੇ ਨਹੀਂ ਚੱਲਣਗੇ। ਉਨ੍ਹਾਂ ਇਸ ਮੌਕੇ ਬੀਬੀ ਹਿਲੇਰੀ ਦੇ ਈਮੇਲ ਮਾਮਲੇ ਦੀ ਜਾਂਚ ਵਿਸ਼ੇਸ਼ ਪ੍ਰਾਸੀਕਿਊਟਰ ਰਾਹੀਂ ਕਰਵਾਉਣ ਦੇ ਆਪਣੇ ਪਹਿਲੇ ਐਲਾਨ ਨੂੰ ਅਮਲਾ ਜਾਮਾ ਪਹਿਨਾਉਣ ਤੋਂ ਨਾਂਹ ਕਰ ਦਿੱਤੀ। ਗੌਰਤਲਬ ਹੈ ਕਿ ਚੋਣ ਮੁਹਿੰਮ ਦੌਰਾਨ ਉਨ੍ਹਾਂ ਐਲਾਨ ਕੀਤਾ ਸੀ ਕਿ ਜੇ ਉਹ ਰਾਸ਼ਟਰਪਤੀ ਚੁਣੇ ਗਏ ਤਾਂ ਬੀਬੀ ਹਿਲੇਰੀ ਨੂੰ ਜੇਲ੍ਹ ਵਿਚ ਸੁੱਟ ਦੇਣਗੇ। ਇਸੇ ਤਰ੍ਹਾਂ ਉਨ੍ਹਾਂ ਵਾਤਾਵਰਨ ਤਬਦੀਲੀ ਮੁੱਦੇ ਨੂੰ ਵੀ ਚੀਨ ਵੱਲੋਂ ਸਿਰਜਿਆ ਇਕ ‘ਵਹਿਮ’ ਕਰਾਰ ਦਿੰਦਿਆਂ ਐਲਾਨ ਕੀਤਾ ਸੀ ਕਿ ਉਹ ਬਹੁਤ ਔਖ ਨਾਲ ਸਿਰੇ ਚੜ੍ਹੇ ਪੈਰਿਸ ਸਮਝੌਤੇ ਨੂੰ ‘ਰੱਦ’ ਕਰ ਦੇਣਗੇ। ਗ਼ੌਰਤਲਬ ਹੈ ਕਿ ਇਸ ਸਮਝੌਤੇ ਰਾਹੀਂ ਕੌਮਾਂਤਰੀ ਪੱਧਰ ‘ਤੇ ਆਲਮੀ ਤਪਸ਼ ਘੱਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ਤਸ਼ੱਦਦ ਦੇ ਮਾਮਲੇ ਉਤੇ ਵੀ ਉਨ੍ਹਾਂ ਕਿਹਾ ਕਿ ਉਨ੍ਹਾਂ ਰਿਟਾਇਰਡ ਜਨਰਲ ਜੇਮਜ਼ ਮੈਟਿਸ ਨਾਲ ਮੁਲਾਕਾਤ ਤੋਂ ਬਾਅਦ ਆਪਣਾ ਇਰਾਦਾ ਬਦਲ ਲਿਆ ਹੈ। ਗੌਰਤਲਬ ਹੈ ਕਿ ਜਨਰਲ ਮੈਟਿਸ ਨੂੰ ਉਹ ਆਪਣਾ ਰੱਖਿਆ ਮੰਤਰੀ ਬਣਾਉਣ ਲਈ ਵਿਚਾਰ ਕਰ ਰਹੇ ਹਨ।
___________________________________________
ਟਰੰਪ ਵੱਲੋਂ ਅਮਰੀਕੀਆਂ ਨੂੰ ਨਸੀਹਤ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੁਣੇ ਡੋਨਲਡ ਟਰੰਪ ਨੇ ਅਮਰੀਕਨਾਂ ਨੂੰ ਆਪਣੇ ਵਿਚਾਲੇ ਦੀਆਂ ਵੰਡੀਆਂ ਭਰਨ ਅਤੇ ਇਕ ਦੇਸ਼ ਵਜੋਂ ਅੱਗੇ ਵਧਣ ਲਈ ਕਿਹਾ। ਇਹ ਉਨ੍ਹਾਂ ਦੀ ਵੰਡ ਪਾਊ ਚੋਣ ਪ੍ਰਚਾਰ ਮੁਹਿੰਮ ਤੋਂ ਬਿਲਕੁਲ ਉਲਟ ਰੁਖ ਹੈ। ਆਪਣੇ ਧੰਨਵਾਦੀ ਵੀਡੀਓ ਸੰਦੇਸ਼ ਵਿਚ 70 ਸਾਲਾ ਟਰੰਪ ਨੇ ਕਿਹਾ ਕਿ ਇਹ ਇਤਿਹਾਸਕ ਸਿਆਸੀ ਮੁਹਿੰਮ ਹੁਣ ਪੂਰੀ ਹੋ ਗਈ। ਹੁਣ ਦੇਸ਼ ਦੀ ਮੁੜ ਉਸਾਰੀ ਅਤੇ ਆਪਣੇ ਸਾਰੇ ਲੋਕਾਂ ਲਈ ਅਮਰੀਕਾ ਵਿਚ ਭਰੋਸਾ ਬਹਾਲ ਕਰਨ ਵਾਸਤੇ ਵੱਡੀ ਕੌਮੀ ਮੁਹਿੰਮ ਚਲਾਉਣ ਦੀ ਲੋੜ ਹੈ। ਇਸ ਸੰਦੇਸ਼ ਵਿਚ ਉਨ੍ਹਾਂ ਹਰੇਕ ਨੂੰ ਆਪਣੇ ਮਤਭੇਦ ਪਾਸੇ ਰੱਖ ਕੇ ‘ਮੇਕ ਅਮਰੀਕਾ ਗਰੇਟ ਅਗੇਨ’ (ਅਮਰੀਕਾ ਨੂੰ ਮੁੜ ਮਹਾਨ ਬਣਾਉਣ) ਦੇ ਸਾਂਝੇ ਸੰਕਲਪ ਲਈ ਇਕਜੁੱਟ ਹੋਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਧੰਨਵਾਦੀ ਸੰਦੇਸ਼ ਵਿੱਚ ਮੇਰੀ ਅਰਦਾਸ ਹੈ ਕਿ ਅਸੀਂ ਆਪਣੀਆਂ ਵੰਡੀਆਂ ਨੂੰ ਭਰਨਾ ਸ਼ੁਰੂ ਕਰੀਏ ਅਤੇ ਇਕ ਰਾਸ਼ਟਰ ਵਜੋਂ ਅੱਗੇ ਵਧੀਏ, ਜਿਸ ਨੂੰ ਸਾਰੇ ਲੋਕਾਂ ਦਾ ਸਾਂਝਾ ਮੰਤਵ ਅਤੇ ਸਾਂਝਾ ਸੰਕਲਪ ਮਜ਼ਬੂਤੀ ਦੇਵੇ। ਸ੍ਰੀ ਟਰੰਪ ਨੇ ਕਿਹਾ ਕਿ ਹਾਲ ਹੀ ਵਿਚ ਲੰਮੀ ਅਤੇ ਥਕਾਉਣ ਵਾਲੀ ਪ੍ਰਚਾਰ ਮੁਹਿੰਮ ਮੁਕੰਮਲ ਹੋਈ ਹੈ। ਭਾਵਨਾਵਾਂ ਭੜਕੀਆਂ ਹੋਈਆਂ ਹਨ ਅਤੇ ਤਣਾਅ ਰਾਤੋਂ ਰਾਤ ਦੂਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਇਹ ਤੇਜ਼ੀ ਨਾਲ ਨਹੀਂ ਹੋਵੇਗਾ, ਪਰ ਸਾਡੇ ਕੋਲ ਮੌਕਾ ਹੈ ਜਦੋਂ ਵਾਸ਼ਿੰਗਟਨ ਵਿਚ ਅਸਲ ਤਬਦੀਲੀ, ਸਾਡੇ ਸ਼ਹਿਰਾਂ ਦੀ ਅਸਲ ਸੁਰੱਖਿਆ ਅਤੇ ਸਾਡੇ ਭਾਈਚਾਰਿਆਂ ਦੀ ਅਸਲ ਖੁਸ਼ਹਾਲੀ ਰਾਹੀਂ ਅਸੀਂ ਮਿਲ ਕੇ ਇਤਿਹਾਸ ਸਿਰਜ ਸਕਦੇ ਹਾਂ।