ਹਵਾਨਾ: ਸ਼ਕਤੀਸ਼ਾਲੀ ਦੇਸ਼ ਅਮਰੀਕਾ ਨਾਲ ਆਢਾ ਲਾਉਣ ਵਾਲੇ ਅਤੇ ਸੋਵੀਅਤ ਸੰਘ ਦੇ ਪਤਨ ਤੋਂ ਬਾਅਦ ਵੀ ਆਪਣੇ ਮੁਲਕ ਵਿਚ ਕਮਿਊਨਿਜ਼ਮ ਦਾ ਝੰਡਾ ਬੁਲੰਦ ਰੱਖਣ ਵਾਲੇ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫੀਦਲ ਕਾਸਤਰੋ (90) ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਆਪਣੇ ਅੱਧੇ ਦਹਾਕੇ ਦੇ ਸ਼ਾਸਨਕਾਲ ਦੌਰਾਨ ਹਰ ਤਰ੍ਹਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਉਨ੍ਹਾਂ ਅਮਰੀਕਾ ਸਰਕਾਰ ਸਾਹਮਣੇ ਆਪਣੇ ਗੋਡੇ ਨਹੀਂ ਟੇਕੇ। ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫੀਦਲ ਕਾਸਤਰੋ ਦਾ ਕਹਿਣਾ ਸੀ ਕਿ
ਉਹ ਸਿਆਸਤ ਤੋਂ ਕਦੇ ਵੀ ਸੰਨਿਆਸ ਨਹੀਂ ਲੈਣਗੇ, ਪਰ ਉਨ੍ਹਾਂ ਨੂੰ ਜੁਲਾਈ 2006 ‘ਚ ਬਿਮਾਰੀ ਕਾਰਨ ਸੱਤਾ ਆਪਣੇ ਭਰਾ ਰਾਊਲ ਕਾਸਤਰੋ ਨੂੰ ਸੌਂਪ ਦਿੱਤੀ ਸੀ। ਰਾਊਲ ਨੇ ਆਪਣੇ ਭਰਾ ਦੇ ਅਮਰੀਕੀ ਵਿਰੋਧੀ ਰੁਖ ਦੇ ਉਲਟ ਕੰਮ ਕਰਦਿਆਂ ਦਸੰਬਰ 2014 ਵਿਚ ਰਿਸ਼ਤਿਆਂ ‘ਚ ਸੁਧਾਰ ਲਈ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਹੱਥ ਮਿਲਾਉਣ ਦਾ ਐਲਾਨ ਕਰ ਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ।
ਫੀਦਲ ਕਾਸਤਰੋ ਦਾ ਜਨਮ 13 ਅਗਸਤ 1926 ‘ਚ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਅਮੀਰ ਸਪੇਨੀ ਪਰਵਾਸੀ ਜ਼ਿਮੀਦਾਰ ਸਨ ਅਤੇ ਉਨ੍ਹਾਂ ਦੀ ਮਾਂ ਕਿਊਬਾ ਵਾਸੀ ਸੀ। ਬਚਪਨ ਤੋਂ ਹੀ ਕਾਸਤਰੋ ਕੋਈ ਵੀ ਗੱਲ ਛੇਤੀ ਸਿੱਖ ਜਾਂਦੇ ਸਨ ਅਤੇ ਉਹ ਬੇਸਬਾਲ ਨੂੰ ਪਸੰਦ ਕਰਦੇ ਸਨ। ਉਹ ਅਮਰੀਕਾ ਦੀ ਵੱਡੀ ਲੀਗ ‘ਚ ਖੇਡਣ ਦਾ ਸੁਪਨਾ ਲੈਂਦੇ ਸਨ, ਪਰ ਬਾਅਦ ‘ਚ ਉਨ੍ਹਾਂ ਸਿਆਸਤ ਦੀ ਚੋਣ ਕੀਤੀ। ਉਨ੍ਹਾਂ ਫੁਲਗੇਨਕਿਉ ਬਤਿਸਤਾ ਦੀ ਅਮਰੀਕਾ ਪੱਖੀ ਸਰਕਾਰ ਵਿਰੁੱਧ ਬਾਗੀ ਧੜਾ ਖੜ੍ਹਾ ਕੀਤਾ। ਬਤਿਸਤਾ ਨੇ 1952 ਦੇ ਤਖਤਾ ਪਲਟ ਤੋਂ ਬਾਅਦ ਸੱਤਾ ‘ਤੇ ਕਬਜ਼ਾ ਕੀਤਾ ਸੀ। ਇਸ ਵਿਰੋਧ ਕਾਰਨ ਨੌਜਵਾਨ ਫੀਦਲ ਨੂੰ ਦੋ ਸਾਲ ਜੇਲ੍ਹ ‘ਚ ਰਹਿਣਾ ਪਿਆ ਅਤੇ ਫਿਰ ਉਹ ਜਲਾਵਤਨੀ ਕਰ ਦਿੱਤੇ ਗਏ ਜਿਥੇ ਉਨ੍ਹਾਂ ਬਾਗੀ ਸੁਰ ਅਪਣਾ ਲਏ। ਦੱਖਣੀ ਪੂਰਬੀ ਕਿਊਬਾ ਵਿਚ ਪੈਰ ਧਰਦਿਆਂ ਹੀ 2 ਦਸੰਬਰ 1956 ਨੂੰ ਕ੍ਰਾਂਤੀ ਦੀ ਸ਼ੁਰੂਆਤ ਕੀਤੀ। ਫੀਦਲ ਨੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ 25 ਮਹੀਨਿਆਂ ਬਾਅਦ ਬਤਿਸਤਾ ਨੂੰ ਸੱਤਾ ‘ਚੋਂ ਬੇਦਖਲ ਕਰ ਦਿੱਤਾ ਅਤੇ ਉਹ ਪ੍ਰਧਾਨ ਮੰਤਰੀ ਬਣੇ। ਸ੍ਰੀ ਕਾਸਤਰੋ ਦੇ ਸੋਵੀਅਤ ਸੰਘ ਨਾਲ ਜੁੜੇ ਹੋਣ ਕਾਰਨ 1962 ‘ਚ ਕਿਊਬਾ ਮਿਜ਼ਾਈਲ ਸੰਕਟ ਦੇ ਸਮੇਂ ਵਿਸ਼ਵ ਪਰਮਾਣੂ ਜੰਗ ਦੇ ਕੰਢੇ ਪਹੁੰਚ ਗਿਆ ਸੀ। ਫੀਦਲ ਕਾਸਤਰੋ ਆਪਣੇ ਸ਼ਾਸਨ ਕਾਲ ਦੌਰਾਨ 10 ਅਮਰੀਕੀ ਰਾਸ਼ਟਰਪਤੀਆਂ ਨੂੰ ਚੁਣੌਤੀ ਦਿੰਦੇ ਰਹੇ। ਜਦ ਅਮਰੀਕਾ ਸਰਕਾਰ ਨੇ ਕਿਊਬਾ ‘ਤੇ ਵਪਾਰਕ ਪਾਬੰਦੀਆਂ ਲਾ ਦਿੱਤੀਆਂ। ਭੋਜਨ ਤੇ ਦਵਾਈਆਂ ਤੋਂ ਬਿਨਾਂ ਸਾਰੀ ਅਮਰੀਕੀ ਬਰਾਮਦ ਬੰਦ ਕਰ ਦਿੱਤੀ ਗਈ ਅਤੇ 3 ਜਨਵਰੀ 1961 ਨੂੰ ਅਮਰੀਕਾ ਨੇ ਕਿਊਬਾ ਨਾਲ ਕੂਟਨੀਤਕ ਸਬੰਧ ਤੋੜ ਦਿੱਤੇ। ਉਸੇ ਸਾਲ 16 ਅਪਰੈਲ ਨੂੰ ਕਾਸਤਰੋ ਨੇ ਐਲਾਨ ਕੀਤਾ ਸੀ ਕਿ ਉਸ ਦੀ ਕ੍ਰਾਂਤੀ ਸਮਾਜਵਾਦ ਲਈ ਹੈ। ਉਹ 1976 ਤੋਂ 2008 ਤੱਕ ਕਿਊਬਾ ਦੇ ਰਾਸ਼ਟਰਪਤੀ ਰਹੇ।
____________________________________
ਅਮਰੀਕਾ ਦੀ ਹਰ ਯੋਜਨਾ ਨੂੰ ਦਿੱਤੀ ਮਾਤ
ਹਵਾਨਾ: ਜਲਾਵਤਨ ਰਹਿੰਦੇ ਕਿਊਬੀਅਨ ਅਤਿਵਾਦੀਆਂ ਜਾਂ ਅਮਰੀਕਾ ਸਰਕਾਰ ਨੇ ਕਾਸਤਰੋ ਦੀ ਹੱਤਿਆ ਕਰਨ ਲਈ 630 ਵੀ ਵੱਧ ਯੋਜਨਾਵਾਂ ਬਣਾਈਆਂ। 22 ਅਕਤੂਬਰ 1962 ਨੂੰ ਉਸ ਸਮੇਂ ਅਮਰੀਕਾ ਤੇ ਰੂਸ ਵਿਚਕਾਰ ਸੀਤ ਜੰਗ ਦਾ ਸਭ ਤੋਂ ਵੱਡਾ ਸੰਕਟ ਪੈਦਾ ਹੋਇਆ ਜਦੋਂ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਜਾਹਨ ਐਫ਼ ਕੈਨੇਡੀ ਨੇ ਕਿਊਬਾ ਦੀ ਸਮੁੰਦਰੀ ਨਾਕੇਬੰਦੀ ਕਰ ਦਿੱਤੀ।
____________________________
ਸੰਘਰਸ਼ ਵਾਲੇ ਜੀਵਨ ਦੀ ਸ਼ੁਰੂਆਤ
ਹਵਾਨਾ: ਬਾਗੀ ਵਜੋਂ ਫੀਦਲ ਕਾਸਤਰੋ ਦੇ ਜੀਵਨ ਦੀ ਸ਼ੁਰੂਆਤ 1953 ਵਿਚ ਪੂਰਬੀ ਸ਼ਹਿਰ ਸੇਨਟਿਆਗੋ ਵਿਚ ਮੋਨਕਾਡਾ ਫ਼ੌਜੀ ਬੈਰਕਾਂ ‘ਤੇ ਦਲੇਰਾਨਾ ਹਮਲੇ ਨਾਲ ਹੋਈ। ਉਨ੍ਹਾਂ ਦੇ ਬਹੁਤੇ ਸਾਥੀ ਮਾਰੇ ਗਏ ਅਤੇ ਫੀਦਲ ਤੇ ਉਨ੍ਹਾਂ ਦੇ ਭਰਾ ਨੂੰ ਕੈਦ ਕਰ ਲਿਆ ਗਿਆ। ਜੇਲ੍ਹ ‘ਚੋਂ ਰਿਹਾਅ ਹੋਣ ਪਿੱਛੋਂ ਕਾਸਤਰੋ ਮੈਕਸੀਕੋ ਚਲਾ ਗਿਆ ਅਤੇ ਉਥੇ ਬਾਗੀ ਗਰੁੱਪ ਦਾ ਗਠਨ ਕੀਤਾ ਅਤੇ ਗਰਾਮਾ ਨਾਮੀ ਕਿਸ਼ਤੀ ‘ਤੇ ਮੈਕਸੀਕੋ ਦੀ ਖਾੜੀ ਰਾਹੀਂ 1956 ਵਿਚ ਵਾਪਸ ਆ ਗਿਆ। ਤਿੰਨ ਸਾਲ ਦੇ ਸੰਘਰਸ਼ ਪਿੱਛੋਂ ਬਤਿਸਤਾ ਦੀ ਸੱਤਾ ਖਤਮ ਹੋ ਗਈ ਅਤੇ 8 ਜਨਵਰੀ 1959 ਨੂੰ ਫੀਦਲ ਸੱਤਾ ‘ਤੇ ਕਾਬਜ਼ ਹੋ ਗਿਆ। ਅਮਰੀਕਾ ਉਨ੍ਹਾਂ ਪਹਿਲੇ ਦੇਸ਼ਾਂ ਵਿਚ ਸ਼ਾਮਲ ਸੀ, ਜਿਸ ਨੇ ਕਾਸਤਰੋ ਦੇ ਪਹਿਲਾਂ ਦਿੱਤੇ ਭਰੋਸਿਆਂ ‘ਤੇ ਸਾਵਧਾਨੀ ਨਾਲ ਵਿਸ਼ਵਾਸ ਕਰਦੇ ਹੋਏ ਉਨ੍ਹਾਂ ਦੀ ਸਰਕਾਰ ਨੂੰ ਮਾਨਤਾ ਦਿੱਤੀ। ਕਾਸਤਰੋ ਨੇ ਕਿਹਾ ਸੀ ਕਿ ਉਹ ਸਿਰਫ ਲੋਕਤੰਤਰ ਬਹਾਲ ਕਰਨਾ ਚਾਹੁੰਦੇ ਹਨ, ਸਮਾਜਵਾਦ ਦੀ ਸਥਾਪਨਾ ਨਹੀਂ। ਮਹੀਨਿਆਂ ਵਿਚ ਹੀ ਕਾਸਤਰੋ ਨੇ ਆਰਥਿਕ ਸੁਧਾਰਾਂ ‘ਤੇ ਪਾਬੰਦੀਆਂ ਲਾ ਦਿੱਤੀਆਂ।
________________________________
ਲੰਮੇ ਭਾਸ਼ਣ ਦਾ ਵਰਲਡ ਰਿਕਾਰਡ
ਹਵਾਨਾ: ਕਾਸਤਰੋ ਦੀ ਧਾਰਨਾ ਸੀ ਕਿ ਕ੍ਰਾਂਤੀ ਲਈ ਲੋਕਾਂ ਦੀ ਨਹੀਂ, ਯੋਜਨਾ ਦੀ ਜ਼ਰੂਰਤ ਹੁੰਦੀ ਹੈ। ਇਸ ਨੂੰ ਹੀ ਅੰਤ ਵਿਚ ਜਿੱਤ ਮਿਲਦੀ ਹੈ। ਕਾਸਤਰੋ ਦਾ ਭਾਸ਼ਣ ਸੁਣਨ ਲਈ ਲੋਕ ਘੰਟਿਆਂ ਬੱਧੀ ਬੈਠੇ ਰਹਿੰਦੇ। ਕਾਸਤਰੋ ਵੀ ਛੇ-ਛੇ ਘੰਟੇ ਭਾਸ਼ਣ ਦਿੰਦਾ। ਸਭ ਤੋਂ ਲੰਮਾ ਭਾਸ਼ਣ ਦੇਣ ਦਾ ਲਈ ਕਾਸਤਰੋ ਦਾ ਨਾਮ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਵੀ ਦਰਜ ਸੀ। ਅਮਰੀਕੀ ਖ਼ੁਫੀਆ ਏਜੰਸੀ ਸੀæਆਈæਏæ ਕਾਸਤਰੋ ਦਾ ਵਾਲ ਵਿੰਗਾ ਨਹੀਂ ਕਰ ਸਕੀ ਸੀ।
____________________________________
ਪੰਜਾਬੀਆਂ ਨਾਲ ਦਿਲੀ ਸਾਂਝ
ਚੰਡੀਗੜ੍ਹ: ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫੀਦਲ ਕਾਸਤਰੋ ਦੀ ਦਿਲੀ ਸਾਂਝ ਪੰਜਾਬੀਆਂ ਨਾਲ ਵੀ ਸੀ। 90ਵਿਆਂ ਵਿਚ ਸੋਵੀਅਤ ਯੂਨੀਅਨ ਦੇ ਟੁੱਟਣ ਦਾ ਅਸਰ ਕਿਊਬਾ ਉਤੇ ਹੋਇਆ ਸੀ ਅਤੇ ਉਪਰੋਂ ਅਮਰੀਕਾ ਨੇ ਵੀ ਕਿਊਬਾ ‘ਤੇ ਕਈ ਵਪਾਰਕ ਪਾਬੰਦੀਆਂ ਲਾ ਦਿੱਤੀਆਂ ਸਨ। ਉਦੋਂ ਆਰਥਿਕ ਸੰਕਟਾਂ ਵਿਚ ਫਸੇ ਕਿਊਬਾ ਨੂੰ ਰੋਟੀ ਖਾਣ ਦੇ ਲਾਲੇ ਪੈ ਗਏ ਸਨ, ਤਾਂ ਉਸ ਵੇਲੇ ਸੀæਪੀæਐਮæ ਦੇ ਸਕੱਤਰ ਜਨਰਲ ਕਾਮਰੇਡ ਸੁਰਜੀਤ ਨੇ ਮੋਰਚਾ ਸੰਭਾਲਦਿਆਂ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚੋਂ 10 ਹਜ਼ਾਰ ਟਨ ਕਣਕ, ਸਾਬਣ ਤੇ ਹੋਰ ਨਿੱਤ ਵਰਤੋਂ ਦੀਆਂ ਵਸਤਾਂ ਕਿਊਬਾ ਦੇ ਲੋਕਾਂ ਨੂੰ ਭੇਜ ਕੇ ਮਦਦ ਕੀਤੀ ਸੀ। ਇਹ ਸਾਮਾਨ ਸਮੁੰਦਰੀ ਜਹਾਜ਼ ਰਾਹੀਂ ਭੇਜਣ ‘ਤੇ ਹੀ ਕਰੋੜਾਂ ਰੁਪਏ ਖਰਚੇ ਆਏ ਸਨ।