ਹੁਣ ‘ਆਪ’ ਵਿਚ ਖਾਨਾਜੰਗੀ ਨੇ ਫੜਿਆ ਜ਼ੋਰ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵਿਚ ਖਾਨਾਜੰਗੀ ਤੇਜ਼ ਹੋ ਗਈ ਹੈ। ਇਸ ਪਾਰਟੀ ਦੀ ਵਿਧਾਨ ਸਭਾ ਚੋਣਾਂ ਲਈ ਐਲਾਨੇ ਉਮੀਦਵਾਰ ਹੀ ਸੀਨੀਅਰ ਲੀਡਰਸ਼ਿੱਪ ਉਤੇ ਸਵਾਲ ਚੁੱਕਣ ਲੱਗੇ ਹਨ। ਵਿਧਾਨ ਸਭਾ ਹਲਕਾ ਭੋਆ (ਪਠਾਨਕੋਟ) ਤੋਂ ਆਪ ਉਮੀਦਵਾਰ ਵਿਨੋਦ ਕੁਮਾਰ ਵੱਲੋਂ ਸੰਜੈ ਸਿੰਘ ਅਤੇ ਦੁਰਗੇਸ਼ ਪਾਠਕ ਉਤੇ ਇਕ ਕਰੋੜ ਰੁਪਏ ਮੰਗਣ ਦੇ ਦੋਸ਼ ਲਾਉਣ ਪਿੱਛੋਂ ਵਿਵਾਦ ਭਖ ਗਿਆ ਹੈ। ਸ੍ਰੀ ਕੁਮਾਰ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਆਗੂਆਂ ਨੇ ਆਖਿਆ ਸੀ ਕਿ ਜੇ ਉਹ ਪੈਸੇ ਨਹੀਂ ਦੇ ਸਕਦੇ ਤਾਂ ਉਮੀਦਵਾਰੀ ਛੱਡਣ।

ਵਿਨੋਦ ਕੁਮਾਰ ਮੁਤਾਬਕ 12 ਨਵੰਬਰ ਨੂੰ ਉਸ ਨੂੰ ਇਥੇ ਸੈਕਟਰ 18 ਸਥਿਤ ਸੁਨਾਮ ਤੋਂ ਆਪ ਉਮੀਦਵਾਰ ਅਮਨ ਅਰੋੜਾ ਦੀ ਕੋਠੀ ਵਿਚ ਸੱਦਿਆ ਗਿਆ ਸੀ। ਉਨ੍ਹਾਂ ਦਾ ਮੋਬਾਈਲ ਫੋਨ ਦੂਰ ਰਖਵਾ ਕੇ ਆਪ ਪੰਜਾਬ ਦੇ ਇੰਚਾਰਜ ਸੰਜੈ ਸਿੰਘ ਅਤੇ ਪਾਰਟੀ ਦੇ ਕੌਮੀ ਆਗੂ ਦੁਰਗੇਸ਼ ਪਾਠਕ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿਚ ਪ੍ਰਚਾਰ ਠੀਕ ਨਹੀਂ ਚੱਲ ਰਿਹਾ, ਜਿਸ ਕਾਰਨ ਉਹ ਹਾਈਟੈੱਕ ਪ੍ਰਚਾਰ ਕਰਨ ਲਈ ਇਕ ਕਰੋੜ ਰੁਪਏ ਦੇਣ। ਜਦੋਂ ਉਨ੍ਹਾਂ ਨੇ ਇਸ ਬਾਰੇ ਅਸਮਰੱਥਾ ਪ੍ਰਗਟਾਈ ਤਾਂ ਦੋਵਾਂ ਆਗੂਆਂ ਨੇ ਉਮੀਦਵਾਰੀ ਛੱਡਣ ਲਈ ਕਿਹਾ। ਦੋਵਾਂ ਆਗੂਆਂ ਨੇ ਇਹ ਵੀ ਪੇਸ਼ਕਸ਼ ਕੀਤੀ ਕਿ ਜੇ ਉਹ ਉਮੀਦਵਾਰੀ ਛੱਡਣ ਲਈ ਤਿਆਰ ਹਨ ਤਾਂ ਉਨ੍ਹਾਂ ਨੂੰ 30 ਲੱਖ ਰੁਪਏ ਦਿੱਤੇ ਜਾਣਗੇ। ਜਦੋਂ ਉਨ੍ਹਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੱਲ ਕੀਤੀ ਤਾਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਜਿਵੇਂ ਸੰਜੈ ਅਤੇ ਦੁਰਗੇਸ਼ ਕਹਿੰਦੇ ਹਨ, ਉਸੇ ਤਰ੍ਹਾਂ ਕਰੋ।
ਵਿਨੋਦ ਕੁਮਾਰ ਨੇ ਕਿਹਾ ਕਿ ਉਹ ਹਰ ਹਾਲ ਚੋਣ ਲੜਨਗੇ ਅਤੇ ਬਾਹਰੋਂ ਪੰਜਾਬ ਵਿਚ ਆਏ ‘ਭ੍ਰਿਸ਼ਟਾਚਾਰੀਆਂ’ ਦਾ ਨਕਾਬ ਉਤਾਰਨਗੇ। ਵਿਨੋਦ ਕੁਮਾਰ ਨੇ ਪੱਤਰਕਾਰੀ ਛੱਡ ਕੇ ‘ਆਪ’ ਦਾ ਝਾੜੂ ਫੜਿਆ ਸੀ ਅਤੇ ਪਾਰਟੀ ਨੇ ਉਨ੍ਹਾਂ ਨੂੰ ਤੀਜੀ ਸੂਚੀ ਵਿਚ ਉਮੀਦਵਾਰ ਐਲਾਨਿਆ ਸੀ।
ਉਧਰ, ਪੰਜਾਬ ਦੇ ਇੰਚਾਰਜ ਸੰਜੈ ਸਿੰਘ ਨੇ ਕਿਹਾ ਕਿ ਭੋਆ ਦੇ ਉਮੀਦਵਾਰ ਵਿਨੋਦ ਕੁਮਾਰ ਵੱਲੋਂ ਲਾਏ ਸਾਰੇ ਦੋਸ਼ ਝੂਠੇ ਹਨ ਅਤੇ ਇਕ ਸਾਜ਼ਿਸ਼ ਤਹਿਤ ਪਾਰਟੀ ਨੂੰ ਬਦਨਾਮ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਬਗਾਵਤੀ ਸੁਰਾਂ ਵਿਚ ਘਿਰੇ ਕਈ ਉਮੀਦਵਾਰਾਂ ਨੇ ਪੰਜਾਬ ਦੇ ਦੌਰੇ ‘ਤੇ ਆਏ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਆਪਣੇ ਦੁੱਖੜੇ ਸੁਣਾਏ।
ਸ੍ਰੀ ਕੇਜਰੀਵਾਲ ਨੇ ਐਲਾਨੇ 91 ਉਮੀਦਵਾਰਾਂ ਨੂੰ ਸੰਗਰੂਰ ਅਤੇ ਬਠਿੰਡਾ ਵਿਚ ਮਿਲ ਕੇ ਵਿਧਾਨ ਸਭਾ ਹਲਕਿਆਂ ਦੀ ਸਿਆਸੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਕਈ ਉਮੀਦਵਾਰਾਂ ਨੇ ਆਪਣੇ ਵਿਰੁੱਧ ਉੱਠੀਆਂ ਬਗਾਵਤੀ ਸੁਰਾਂ ਦੇ ਰੋਣੇ ਰੋਂਦਿਆਂ ਸਪਸ਼ਟ ਕੀਤਾ ਕਿ ਜੇ ਵਾਲੰਟੀਅਰਾਂ ਦੇ ਵਿਰੋਧ ਨੂੰ ਠੱਲ੍ਹਿਆ ਨਾ ਗਿਆ ਤਾਂ ਮਾੜੇ ਸਿੱਟੇ ਨਿਕਲ ਸਕਦੇ ਹਨ। ਪਾਰਟੀ ਵੱਲੋਂ ਬੈਂਸ ਭਰਾਵਾਂ ਨਾਲ ਸਿਆਸੀ ਗੱਠਜੋੜ ਕਰਨ ਨਾਲ ਆਪ ਦੇ ਮਜ਼ਬੂਤ ਸਮਝੇ ਜਾਂਦੇ ਲੁਧਿਆਣਾ ਯੂਨਿਟ ਵਿਚ ਵੀ ਫੁੱਟ ਉਭਰ ਆਈ ਹੈ। ਇਥੋਂ ਦੇ ਸੂਬਾਈ ਲੀਡਰਾਂ ਸਮੇਤ ਜ਼ਿਲ੍ਹੇ ਦੇ ਆਗੂਆਂ ਨੇ ਹਾਈ ਕਮਾਂਡ ਨੂੰ ਕਹਿ ਦਿੱਤਾ ਹੈ ਕਿ ਉਹ ਬੈਂਸ ਭਰਾਵਾਂ ਵਿਰੁੱਧ ਪਿਛਲੇ ਤਿੰਨ ਸਾਲ ਤੋਂ ਪ੍ਰਚਾਰ ਕਰਨ ਤੋਂ ਬਾਅਦ ਹੁਣ ਉਨ੍ਹਾਂ ਦੇ ਹੱਕ ਵਿੱਚ ਨਾਅਰੇ ਕਿਵੇਂ ਲਾਉਣ। ਸੂਤਰਾਂ ਅਨੁਸਾਰ ਸ੍ਰੀ ਕੇਜਰੀਵਾਲ ਨੂੰ ਮਿਲੇ ਕਈ ਉਮੀਦਵਾਰਾਂ ਨੇ ਬਾਗੀ ਆਗੂਆਂ ਨੂੰ ਪਾਰਟੀ ਵਿਚ ਸਨਮਾਨਯੋਗ ਥਾਂ ਦੇ ਕੇ ਮੌਕਾ ਸਾਂਭਣ ਦੀ ਸਲਾਹ ਵੀ ਦਿੱਤੀ।
ਸੂਤਰਾਂ ਮੁਤਾਬਕ ਪਾਰਟੀ ਵਿਚੋਂ ਕੱਢੇ ਸੁੱਚਾ ਸਿੰਘ ਛੋਟੇਪੁਰ ਵੱਲੋਂ ਬਾਗੀਆਂ ਨੂੰ ਆਪਣਾ ਪੰਜਾਬ ਪਾਰਟੀ ਦੇ ਮੰਚ ਤੋਂ ਆਪ ਵਿਰੁੱਧ ਭੜਾਸ ਕੱਢਣ ਦਾ ਪੂਰਾ ਮੌਕਾ ਦਿੱਤਾ ਜਾ ਰਿਹਾ ਹੈ।
_________________________________________
‘ਆਪ’ ਵੱਲੋਂ ਉਮੀਦਵਾਰ ਬਦਲਣ ਦਾ ਸਿਲਸਿਲਾ ਜਾਰੀ
ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਨੂੰ ਬਦਲਣ ਦਾ ਸਿਲਸਿਲਾ ਅੱਗੇ ਵਧਦਾ ਜਾ ਰਿਹਾ ਹੈ। ਪਾਰਟੀ ਨੇ ਹੁਣ ਮੋਗਾ ਦੇ ਧਰਮਕੋਟ ਤੋਂ ਉਮੀਦਵਾਰ ਡਾæ ਰਣਜੋਧ ਸਿੰਘ ਸਰਾਂ ਦੀ ਟਿਕਟ ਰੱਦ ਕਰ ਦਿੱਤੀ ਹੈ। ਵਜ੍ਹਾ ਦੱਸੀ ਗਈ ਸਰਾਂ ਵੱਲੋਂ ਚੋਣ ਪ੍ਰਚਾਰ ਠੀਕ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ। ਸਰਾਂ ਚੋਣ ਪ੍ਰਚਾਰ ‘ਚ ਢਿੱਲੇ ਚੱਲ ਰਹੇ ਹਨ।
ਡਾæ ਰਣਜੋਧ ਦੀ ਥਾਂ ਉਤੇ ਹੁਣ ਆਮ ਆਦਮੀ ਪਾਰਟੀ ਨੇ ਦਲਜੀਤ ਸਿੰਘ ਸਦਰਪੁਰਾ ਨੂੰ ਉਮੀਦਵਾਰ ਬਣਾਇਆ ਹੈ। ‘ਆਪ’ ਦੇ ਧਰਮਕੋਟ ਤੋਂ ਨਵੇਂ ਉਮੀਦਵਾਰ 42 ਸਾਲਾ ਦਲਜੀਤ ਸਿੰਘ ਸਦਰਪੁਰਾ ਗ੍ਰੈਜੂਏਟ ਹੋਣ ਦੇ ਨਾਲ-ਨਾਲ ਪੰਜਾਬ ਦੇ ਪ੍ਰਗਤੀਸ਼ੀਲ ਕਿਸਾਨ ਵਜੋਂ ਆਪਣੀ ਪਛਾਣ ਰੱਖਦੇ ਹਨ। ਉਹ ਪ੍ਰੋਗਰੇਸਿਵ ਡੇਅਰੀ ਫਾਰਮਰਸ ਐਸੋਸੀਏਸ਼ਨ ਪੰਜਾਬ ਦੇ ਲਗਾਤਾਰ ਚੌਥੀ ਵਾਰ ਪ੍ਰਧਾਨ ਹੋਣ ਦੇ ਨਾਲ-ਨਾਲ ਆਲ ਇੰਡੀਆ ਡੇਅਰੀ ਫਾਰਮਰ ਐਸੋਸੀਏਸ਼ਨ ਦੇ ਵੀ ਪ੍ਰਧਾਨ ਹਨ। ਇਸ ਤੋਂ ਇਲਾਵਾ ਪੰਜਾਬ ਕਿਸਾਨ ਕਮਿਸ਼ਨ ਦੇ ਮੈਂਬਰ ਵੀ ਹਨ। ਇਸ ਤੋਂ ਪਹਿਲਾਂ ਢਿੱਲਾ ਚੋਣ ਪ੍ਰਚਾਰ ਕਰਨ ਦੇ ਨਾਂ ‘ਤੇ ਪਠਾਨਕੋਟ ਦੇ ਭੋਆ ਤੋਂ ਉਮੀਦਵਾਰ ਵਿਨੋਦ ਕੁਮਾਰ ਦੀ ਟਿਕਟ ਵਾਪਸ ਲੈ ਲਈ ਗਈ ਸੀ। ਉਨ੍ਹਾਂ ਦੀ ਥਾਂ ਅਮਰਜੀਤ ਸਿੰਘ ਨੂੰ ਨਵਾਂ ਉਮੀਦਵਾਰ ਐਲਨਿਆ ਗਿਆ ਹੈ। ਹਾਲਾਂਕਿ ਵਿਨੋਦ ਕੁਮਾਰ ਨੇ ਇਲਜ਼ਾਮ ਲਾਇਆ ਸੀ ਕਿ ਆਪ ਨੇਤਾ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੇ ਉਨ੍ਹਾਂ ਤੋਂ 1 ਕਰੋੜ ਰੁਪਏ ਮੰਗੇ ਸਨ। ਪੈਸੇ ਨਾ ਦੇ ਸਕਣ ਕਾਰਨ ਉਮੀਦਵਾਰੀ ਛੱਡਣ ਦਾ ਦਬਾਅ ਬਣਾਇਆ ਸੀ। ਵਿਨੋਦ ਕੁਮਾਰ ਦੇ ਬਿਆਨ ਤੋਂ ਬਾਅਦ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ ਸੀ।
___________________________________________
ਆਮ ਆਦਮੀ ਪਾਰਟੀ ਵੱਲੋਂ ਦਲਿਤ ਮੈਨੀਫੈਸਟੋ ਜਾਰੀ
ਗੁਰਾਇਆ: ਆਮ ਆਦਮੀ ਪਾਰਟੀ ਨੇ ਦਲਿਤ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਸ ਵਿਚ ਬੁਢਾਪਾ ਪੈਨਸ਼ਨ 2000 ਕੀਤੀ ਜਾਵੇਗੀ, ਫਸਲ ਦੇ ਮੁਆਵਜ਼ੇ ਨਾਲ ਖੇਤ ਮਜ਼ਦੂਰ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ, ਦਲਿਤਾਂ ਲਈ ਕੱਚੇ ਘਰਾਂ ਨੂੰ ਪੱਕੇ ਕਰ ਕੇ ਮਕਾਨ ਦਿੱਤੇ ਜਾਣਗੇ। ਰਾਖਵਾਂਕਰਨ ਪੂਰਾ ਕੀਤਾ ਜਾਵੇਗਾ। ਆਟਾ ਦਾਲ ਸਕੀਮ ਦੀ ਜਾਂਚ ਕਰਵਾ ਕੇ ਘੋਟਾਲਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ। ਛੋਟੇ ਵਪਾਰ ਲਈ ਦੋ ਲੱਖ ਤੱਕ ਦਾ ਕਰਜ਼ਾ ਬਿਨਾਂ ਗਰੰਟੀ ਦਿੱਤਾ ਜਾਵੇਗਾ। ਸ਼ਗਨ ਸਕੀਮ ਦੀ ਰਕਮ 51000 ਕੀਤੀ ਜਾਵੇਗੀ। ਦਲਿਤ ਬੱਚਿਆਂ ਦੀ ਉਚ ਸਿੱਖਿਆ ਲਈ ਦਸ ਲੱਖ ਦਾ ਕਰਜ਼ਾ ਦਿੱਤਾ ਜਾਵੇਗਾ।