ਬਾਗੀਆਂ ਦੇ ਰਲੇਵੇਂ ਨੇ ਕਾਂਗਰਸ ਦਾ ਹਿਸਾਬ ਕਿਤਾਬ ਵਿਗਾੜਿਆ

ਚੰਡੀਗੜ੍ਹ: ਅਕਾਲੀ ਵਿਧਾਇਕਾਂ ਨੂੰ ਆਪਣੇ ਨਾਲ ਰਲਾਉਣ ਦੀਆਂ ਤਿਆਰੀਆਂ ਨਾਲ ਦੋਆਬੇ ਵਿਚ ਕਾਂਗਰਸ ਦਾ ਹਿਸਾਬ ਕਿਤਾਬ ਵਿਗੜ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਆਏ ਆਗੂਆਂ ਨੂੰ ਉਨ੍ਹਾਂ ਦੇ ਮਨਪਸੰਦ ਹਲਕੇ ਦੇਣੇ ਪਾਰਟੀ ਲਈ ਸਿਰਦਰਦੀ ਬਣ ਗਈ ਹੈ। ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਕਾਂਗਰਸ ‘ਚ ਸ਼ਾਮਲ ਹੋਣ ਮੌਕੇ ਆਪਣੇ ਨਾਲ ਵੱਡੀ ਗਿਣਤੀ ‘ਚ ਸਮਰਥਕਾਂ ਨੂੰ ਲੈ ਕੇ ਗਏ ਸਨ। ਉਨ੍ਹਾਂ ਦੀ ਪਹਿਲੀ ਪਸੰਦ ਫਿਲੌਰ ਤੇ ਦੂਜੀ ਕਰਤਾਰਪੁਰ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਰਗਟ ਸਿੰਘ ਨੇ ਜਲੰਧਰ ਛਾਉਣੀ ਤੋਂ ਹੀ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਹੈ।

ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਹੋਈ ਗੱਲਬਾਤ ਦੌਰਾਨ ਵੀ ਉਨ੍ਹਾਂ ਨੇ ਇਸੇ ਹਲਕੇ ਤੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ ਸੀ। ਸ੍ਰੀ ਗਾਂਧੀ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਮਨਪਸੰਦ ਸੀਟ ਹੀ ਦਿੱਤੀ ਜਾਵੇਗੀ। ਅਕਾਲੀ ਦਲ ਦੇ ਸਾਬਕਾ ਵਿਧਾਇਕ ਅਵਿਨਾਸ਼ ਚੰਦਰ, ਜਿਹੜੇ ਫਿਲੌਰ ਵਿਧਾਨ ਸਭਾ ਹਲਕੇ ਤੋਂ ਸਿਰਫ 31 ਵੋਟਾਂ ਨਾਲ ਜਿੱਤੇ ਸਨ, ਆਦਮਪੁਰ ਤੋਂ ਚੋਣ ਲੜਨ ਦੇ ਇਛੁੱਕ ਹਨ। ਉਨ੍ਹਾਂ ਦੀ ਦੂਜੀ ਪਸੰਦ ਹਲਕਾ ਕਰਤਾਰਪੁਰ ਹੈ। ਅਕਾਲੀਆਂ ‘ਚੋਂ ਆਏ ਇਨ੍ਹਾਂ ਵਿਧਾਇਕਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਅਤੇ ਇਨ੍ਹਾਂ ਦੀਆਂ ਦਾਅਵੇਦਾਰੀਆਂ ਨੇ ਪਾਰਟੀ ਨੂੰ ਸੰਕਟ ਵਿਚ ਪਾ ਦਿੱਤਾ ਹੈ। ਪਾਰਟੀ ਦੇ ਜਿਹੜੇ ਆਗੂਆਂ ਨੇ ਪੰਜਾਂ ਸਾਲਾਂ ਤੋਂ ਟਿਕਟਾਂ ਲਈ ਉਮੀਦਾਂ ਰੱਖੀਆਂ ਹਨ, ਉਨ੍ਹਾਂ ਦੀ ਨੀਂਦ ਉੱਡ ਗਈ ਹੈ।
ਜਲੰਧਰ ਛਾਉਣੀ ਤੋਂ ਕਾਂਗਰਸ ਦੇ ਪ੍ਰਮੁੱਖ ਦਾਅਵੇਦਾਰ ਜਗਬੀਰ ਸਿੰਘ ਬਰਾੜ ਹਨ, ਉਹ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਵੀ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜੇਕਰ ਜਲੰਧਰ ਛਾਉਣੀ ਤੋਂ ਦੂਜੀ ਪਾਰਟੀ ਪਰਗਟ ਸਿੰਘ ਨੂੰ ਉਤਾਰਦੀ ਹੈ ਤਾਂ ਉਹ ਭਲਾ ਜਗਬੀਰ ਬਰਾੜ ਨੂੰ ਕਿਵੇਂ ਹਰਾ ਸਕਦਾ ਹੈ? ਆਦਮਪੁਰ ਹਲਕੇ ਤੋਂ ਪਿਛਲੀ ਵਾਰ ਚੋਣ ਲੜਨ ਵਾਲੇ ਸਤਨਾਮ ਸਿੰਘ ਕੈਂਥ ਪੰਜ ਸਾਲ ਤੋਂ ਹਲਕੇ ਵਿਚ ਸਰਗਰਮ ਹਨ। ਸਰਵਨ ਸਿੰਘ ਫਿਲੌਰ ਨੂੰ ਜੇਕਰ ਵਿਧਾਨ ਸਭਾ ਹਲਕਾ ਫਿਲੌਰ ਤੋਂ ਟਿਕਟ ਦਿੱਤੀ ਜਾਂਦੀ ਹੈ ਤਾਂ ਉਥੇ ਟਿਕਟ ਦੇ ਮੁੱਖ ਦਾਅਵੇਦਾਰ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਿਕਰਮਜੀਤ ਸਿੰਘ ਚੌਧਰੀ ਲਈ ਕੋਈ ਹੋਰ ਹਲਕਾ ਲੱਭਣਾ ਔਖਾ ਹੋ ਜਾਵੇਗਾ। ਉਹ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਹਨ। ਉਨ੍ਹਾਂ ਲਈ ਹਲਕਾ ਕਰਤਾਰਪੁਰ ਬਾਰੇ ਚਰਚੇ ਚੱਲ ਰਹੇ ਹਨ, ਪਰ ਉਥੋਂ ਮਰਹੂਮ ਚੌਧਰੀ ਜਗਜੀਤ ਸਿੰਘ ਦੇ ਪੁੱਤਰ ਚੌਧਰੀ ਸੁਰਿੰਦਰ ਸਿੰਘ ਦਾਅਵੇਦਾਰ ਹਨ। ਉਨ੍ਹਾਂ ਨੂੰ ਵੀ ਕੈਪਟਨ ਨੇ ਚੌਧਰੀ ਜਗਜੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਥਾਪੜਾ ਦਿੰਦਿਆਂ ਕਿਹਾ ਸੀ ਕਿ ਉਹ ਆਪਣੇ ਪਿਤਾ ਦੀ ਸਿਆਸੀ ਵਿਰਾਸਤ ਨੂੰ ਸੰਭਾਲਣ ਲਈ ਸਰਗਰਮ ਰਹਿਣ। ਹੁਣ ਜਦੋਂ ਪੰਜਾਬ ਦੇ ਰਾਜਨੀਤਕ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਤਾਂ ਰਾਜਨੀਤਕ ਪਾਰਟੀਆਂ ਦੇ ਆਗੂ ਇਧਰ-ਉਧਰ ਜਾ ਰਹੇ ਹਨ ਤਾਂ ਪਹਿਲਾਂ ਨਿਰਧਾਰਤ ਕੀਤੇ ਹਲਕਿਆਂ ਦੇ ਉਮੀਦਵਾਰਾਂ ਦੀ ਹੋ ਰਹੀ ਅਦਲਾ-ਬਦਲੀ ਨੇ ਕਾਂਗਰਸ ਲਈ ਧਰਮ ਸੰਕਟ ਖੜ੍ਹਾ ਕਰ ਦਿੱਤਾ ਹੈ।
_______________
ਬਾਦਲ, ਕੈਪਟਨ ਤੇ ਕੇਜਰੀਵਾਲ ਨੂੰ ਬਹਿਸ ਦੀ ਚੁਣੌਤੀ
ਚੰਡੀਗੜ੍ਹ: ਮਨੁੱਖੀ ਅਧਿਕਾਰ ਸੰਗਠਨ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਇਨਸਾਫ ਅਧਿਕਾਰ ਕਮੇਟੀ ਨੇ ਪੰਜਾਬ ਵਿਚ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਆਗੂਆਂ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਾਂਝੇ ਤੌਰ ‘ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਆਪ ਦੇ ਸੁਪਰੀਮੋ ਲੋਕ ਕਚਹਿਰੀ ਵਿਚ ਸਵਾਲਾਂ ਦੇ ਜਵਾਬ ਦੇਣ। ਜਸਟਿਸ ਅਜੀਤ ਸਿੰਘ ਬੈਂਸ (ਸੇਵਾ ਮੁਕਤ), ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਹਰਮਨਦੀਪ ਸਿੰਘ, ਸਤਵਿੰਦਰ ਸਿੰਘ ਤੇ ਪਰਵੀਨ ਕੁਮਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 1997 ਦੇ ਚੋਣ ਮੈਨੀਫੈਸਟੋ ਵਿਚ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ, 25 ਹਜ਼ਾਰ ਤੋਂ ਵੱਧ ਝੂਠੇ ਮੁਕਾਬਲਿਆਂ ਤੇ ਮਨੁੱਖੀ ਅਧਿਕਾਰਾਂ ਦੇ ਹੋਏ ਘਾਣ ਦੀ ਜਾਂਚ ਕਰਵਾਉਣ ਬਾਰੇ ਕਿਹਾ ਗਿਆ ਸੀ, ਪਰ ਅਜੇ ਤੱਕ ਇਸ ਸਬੰਧੀ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਲੋਕ ਕਟਹਿਰੇ ਵਿਚ ਸਵਾਲਾਂ ਦੇ ਜਵਾਬ ਦੇਣ। ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਵੀ ਸਵਾਲ ਕੀਤੇ। ਮਨੁੱਖੀ ਅਧਿਕਾਰ ਸੰਗਠਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਵੀ ਰਵਾਇਤੀ ਪਾਰਟੀਆਂ ਦੀ ਪੈੜ ‘ਤੇ ਚੱਲ ਰਹੇ ਹਨ। ਉਨ੍ਹਾਂ ਸ੍ਰੀ ਕੇਜਰੀਵਾਲ ਨੂੰ ਪੁੱਛਿਆ ਕਿ ਜੇਕਰ ਉਹ ਪੰਜਾਬ ਵਿਚ ਨਸ਼ੇ ਪੂਰਨ ਤੌਰ ‘ਤੇ ਬੰਦ ਕਰਨ ਦੇ ਦਾਅਵੇ ਕਰਦੇ ਹਨ ਤਾਂ ਦਿੱਲੀ ਵਿਚ ਠੇਕਿਆਂ ਦੀ ਗਿਣਤੀ ਕਿਉਂ ਵਧਾਈ? ਉਨ੍ਹਾਂ ਪ੍ਰਮੁੱਖ ਸਿਆਸੀ ਆਗੂਆਂ ਨੂੰ ਲੋਕ ਕਚਹਿਰੀ ਵਿਚ ਖੁੱਲ੍ਹੀ ਬਹਿਸ ਦੌਰਾਨ ਸਵਾਲਾਂ ਦੇ ਜਵਾਬ ਦੇਣ ਨੂੰ ਕਿਹਾ।