ਚੋਣਾਂ ਤੋਂ ਪਹਿਲਾਂ ਬਾਗੀ ਬਣ ਗਏ ਸਿਆਸੀ ਧਿਰਾਂ ਲਈ ਵੰਗਾਰ

ਮੋਗਾ: ਵਿਧਾਨ ਸਭਾ ਚੋਣਾਂ ਸਬੰਧੀ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਤੇ ਚੋਣ ਮੈਦਾਨ ਭਖਣਾ ਸ਼ੁਰੂ ਹੋ ਗਿਆ। ਤੀਜੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ ਨੇ ਆਪਣੇ 91 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ 69 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਤੇ ਦੋਵਾਂ ਪਾਰਟੀਆਂ ਵੱਲੋਂ ਉਮੀਦਵਾਰ ਐਲਾਨਣ ਨਾਲ ਬਗਾਵਤੀ ਸੁਰਾਂ ਵੀ ਉਚੀਆਂ ਹਨ।

ਦੂਜੇ ਪਾਸੇ ਕਾਂਗਰਸ ਵੱਲੋਂ ਅਜੇ ਤੱਕ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਗਈ ਤੇ ਕਾਂਗਰਸ ਹਰ ਵਾਰ ਆਪਣੇ ਉਮੀਦਵਾਰਾਂ ਦਾ ਐਲਾਨ ਹਮੇਸ਼ਾ ਪੱਛੜ ਕੇ ਕਰਦੀ ਹੈ, ਜਿਸ ਦਾ ਖਮਿਆਜ਼ਾ ਕਾਂਗਰਸ ਨੂੰ ਹਮੇਸ਼ਾਂ ਹੀ ਭੁਗਤਣਾ ਪੈਂਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਕੀਤੀ ਸੂਚੀ ‘ਚ ਮੌਜੂਦਾ ਵਿਧਾਇਕਾਂ ਦੀਆਂ ਸੀਟਾਂ ਕੱਟਣ ਨਾਲ ਵੱਡੇ ਪੱਧਰ ‘ਤੇ ਬਗਾਵਤ ਦੀਆਂ ਸੁਰਾਂ ਉਠੀਆਂ ਤੇ ਜੇਕਰ ਜ਼ਿਲ੍ਹਾ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਇਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮਕੋਟ ਤੇ ਨਿਹਾਲ ਸਿੰਘ ਵਾਲਾ ਤੋਂ ਦੋ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਜਦਕਿ ਬਾਘਾ ਪੁਰਾਣਾ ਹਲਕੇ ਤੋਂ ਵੀ ਮੌਜੂਦਾ ਵਿਧਾਇਕ ਮਹੇਸ਼ਇੰਦਰ ਸਿੰਘ ਦੀ ਟਿਕਟ ਕੱਟ ਦਿੱਤੀ ਗਈ ਹੈ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਆਪਣੇ ਸਾਥੀਆਂ ਸਮੇਤ ਅਸਤੀਫਾ ਦੇ ਦਿੱਤਾ ਸੀ, ਜਿਸ ਨਾਲ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ।
ਇਸੇ ਤਰ੍ਹਾਂ ਬੀਤੇ ਦਿਨੀਂ ਨਿਹਾਲ ਸਿੰਘ ਵਾਲਾ ਤੋਂ ਮੌਜੂਦਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ ਦੀ ਟਿਕਟ ਕੱਟ ਕੇ ਉਨ੍ਹਾਂ ਦੀ ਥਾਂ ਉਤੇ ਜਗਰਾਉਂ ਹਲਕੇ ਦੇ ਮੌਜੂਦਾ ਵਿਧਾਇਕ ਐਸ਼ਆਰæ ਕਲੇਰ ਨੂੰ ਟਿਕਟ ਦਿੱਤੀ ਗਈ ਸੀ ਤੇ ਜਿਸ ‘ਤੇ ਬੀਬੀ ਰਾਜਵਿੰਦਰ ਕੌਰ ਨੇ ਵੱਡਾ ਇਕੱਠ ਕਰ ਕੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਬਗਾਵਤ ਦਾ ਬਿਗਲ ਵਜਾ ਦਿੱਤਾ ਸੀ ਤੇ ਪਾਰਟੀ ਪ੍ਰਧਾਨ ਨੂੰ 7 ਦਿਨ ਦਾ ਸਮਾਂ ਦੇ ਕੇ ਮੰਗ ਕੀਤੀ ਸੀ ਕਿ ਹਲਕੇ ਦੇ ਬਾਹਰਲੇ ਉਮੀਦਵਾਰ ਨੂੰ ਬਦਲਿਆ ਜਾਵੇ।
ਉਧਰ, ਮੋਗਾ ਹਲਕੇ ਅਤੇ ਬਾਘਾ ਪੁਰਾਣਾ ਹਲਕੇ ਤੋਂ ਭਾਵੇਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਜੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ, ਪਰ ਜਿਥੋਂ ਤੱਕ ਮੋਗਾ ਹਲਕੇ ਦਾ ਸੁਆਲ ਹੈ ਇਸ ਸੀਟ ਤੋਂ ਬਰਜਿੰਦਰ ਸਿੰਘ ਮੱਖਣ ਬਰਾੜ ਪੁੱਤਰ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਸੀਟ ਲਗਭਗ ਤੈਅ ਹੈ ਕਿਉਂਕਿ 21 ਨਵੰਬਰ ਨੂੰ ਬਰਜਿੰਦਰ ਸਿੰਘ ਮੱਖਣ ਬਰਾੜ, ਜੋ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸਨ, ਨੇ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਹੈ, ਜੋ ਇਸ ਗੱਲ ਦਾ ਸੰਕੇਤ ਹੈ ਉਨ੍ਹਾਂ ਦੀ ਟਿਕਟ ਹਲਕਾ ਮੋਗਾ ਤੋਂ ਪੱਕੀ ਹੈ।
ਸੂਤਰ ਦੱਸਦੇ ਹਨ ਹਲਕਾ ਬਾਘਾ ਪੁਰਾਣਾ ਤੋਂ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਤੀਰਥ ਸਿੰਘ ਮਾਹਲਾ ਦਾ ਨਾਂ ਵੀ ਲਗਭਗ ਤੈਅ ਹੈ ਤੇ ਐਲਾਨ ਹੋਣਾ ਹੀ ਬਾਕੀ ਹੈ। ਅਕਾਲੀ ਦਲ ਦੀ ਸਮੁੱਚੀ ਸਥਿਤੀ ਨੂੰ ਵਾਚਿਆ ਜਾਵੇ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਹਲਕਾ ਮੋਗਾ ਦੇ ਤਿੰਨ ਵਿਧਾਨ ਸਭਾ ਹਲਕਿਆਂ ਤੋਂ ਤਿੰਨ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟਣੀ ਮਹਿੰਗੀ ਪੈ ਸਕਦੀ ਹੈ ਕਿਉਂਕਿ ਦੋ ਵਿਧਾਇਕਾਂ ਵੱਲੋਂ ਖੁੱਲ੍ਹੇ ਤੌਰ ‘ਤੇ ਪਾਰਟੀ ਵਿਰੁੱਧ ਝੰਡਾ ਚੁੱਕਿਆ ਹੋਇਆ ਹੈ ਜਦਕਿ ਤੀਸਰੇ ਵਿਧਾਇਕ ਵੱਲੋਂ ਵੀ ਨਰਾਜ਼ਗੀ ਜਤਾਈ ਜਾ ਚੁੱਕੀ ਹੈ।
ਦੂਜੇ ਪਾਸੇ ਪਤਾ ਲੱਗਾ ਹੈ ਕਿ ਹਲਕਾ ਮੋਗਾ ਦੇ ਕਾਂਗਰਸ ਦੇ ਦਰਜਨ ਤੋਂ ਵੱਧ ਉਮੀਦਵਾਰ ਆਪਣੀ ਟਿਕਟ ਨੂੰ ਲੈ ਕੇ ਦਿੱਲੀ ਡੇਰੇ ਲਾਈ ਬੈਠੇ ਹਨ ਤੇ ਇਹ ਵੀ ਚਰਚਾ ਹੈ ਕਿ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਕੇ ਮੋਗਾ ਸੀਟ ਤੋਂ ਚੋਣ ਲੜ ਸਕਦੇ ਹਨ, ਜਿਸ ਨੂੰ ਲੈ ਕੇ ਮੋਗਾ ਕਾਂਗਰਸ ਦੇ ਸੰਭਾਵੀ ਉਮੀਦਵਾਰਾਂ ‘ਚ ਨਿਰਾਸ਼ਾ ਦਾ ਆਲਮ ਹੈ ਤੇ ਉਹ ਪਾਰਟੀ ਹਾਈ ਕਮਾਂਡ ਨੂੰ ਇਸ ਸਬੰਧੀ ਜਾਣੂ ਵੀ ਕਰਵਾ ਰਹੇ ਹਨ ਤੇ ਕਾਂਗਰਸ ਪਾਰਟੀ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਵੀ ਦਿੱਲੀ ਵਿਖੇ ਹੋ ਰਹੀ ਹੈ, ਜਿਸ ਵਿਚ ਉਮੀਦਵਾਰਾਂ ਦਾ ਫੈਸਲਾ ਲਿਆ ਜਾਣਾ ਹੈ ਤੇ ਇਸ ਵਾਰ ਕਾਂਗਰਸ ਪਾਰਟੀ ਫੂਕ ਫੂਕ ਕੇ ਪੈਰ ਧਰ ਰਹੀ ਹੈ ਕਿ ਪਿਛਲੀ ਵਾਰ ਵਾਂਗ ਇਸ ਵਾਰ ਪਾਰਟੀ ਨੂੰ ਬਗਾਵਤ ਦਾ ਸਾਹਮਣਾ ਨਾ ਕਰਨਾ ਪਵੇ।
ਉਧਰ ਆਮ ਪਾਰਟੀ ਦੀ ਨਿਹਾਲ ਸਿੰਘ ਵਾਲਾ ਵਿਖੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਹੋਈ ਰੈਲੀ ਵਿਚ ਪਾਰਟੀ ਵੱਲੋਂ ਬਾਘਾ ਪੁਰਾਣਾ ਸੀਟ ਤੋਂ ਐਲਾਨੇ ਉਮੀਦਵਾਰ ਦਾ ਡਟ ਕੇ ਵਿਰੋਧ ਹੋਇਆ ਸੀ ਤੇ ਸਥਿਤੀ ਇੰਨੀ ਵਿਸਫੋਟਕ ਬਣ ਗਈ ਕਿ ਬਾਘਾ ਪੁਰਾਣਾ ਦੇ ਉਮੀਦਵਾਰ ਕੰਗ ਨੂੰ ਸਟੇਜ ਤੋਂ ਉਤਰਨਾ ਪਿਆ ਤੇ ਉਸ ਉਪਰੰਤ ਹੀ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਬੋਲਣ ਦਿੱਤਾ ਗਿਆ ਸੀ ਤੇ ਰੈਲੀ ਤੋਂ ਬਾਅਦ ਦੋ ਗਰੁੱਪਾਂ ‘ਚ ਹੋਈ ਝੜਪ ਕਾਰਨ ਦੋਹਾਂ ਧੜਿਆਂ ਦੇ ਕੁਝ ਵਿਅਕਤੀ ਜ਼ਖਮੀ ਹੋ ਗਏ ਸਨ। ਜੇਕਰ ਭਾਰਤੀ ਜਨਤਾ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀਆਂ ਚੋਣਾਂ ਨੂੰ ਲੈ ਕੇ ਜ਼ਿਲ੍ਹੇ ‘ਚ ਕੋਈ ਸਰਗਰਮੀਆਂ ਨਜ਼ਰ ਨਹੀਂ ਆਉਂਦੀਆਂ ਜਦਕਿ ਸ਼੍ਰੋਮਣੀ ਅਕਾਲੀ ਦਲ, ਆਪ ਪਾਰਟੀ ਤੇ ਕਾਂਗਰਸ ਪਾਰਟੀ ਚੋਣ ਸਰਗਰਮੀਆਂ ਨੂੰ ਲੈ ਕੇ ਆਪਣੇ ਸਮਰਥਕਾਂ ਨਾਲ ਮੀਟਿੰਗ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਚਾਰ ਵਿਧਾਇਕ ਪ੍ਰਗਟ ਸਿੰਘ, ਇੰਦਰਬੀਰ ਸਿੰਘ ਬੁਲਾਰੀਆ, ਸਰਵਣ ਸਿੰਘ ਫਿਲੌਰ ਤੇ ਅਵਿਨਾਸ਼ ਚੰਦਰ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ ਤੇ ਹੋਰ ਵੀ ਕਈ ਅਕਾਲੀ ਨੇਤਾ ਕਾਂਗਰਸ ਪਾਰਟੀ ਦੇ ਸੰਪਰਕ ਵਿਚ ਦੱਸੇ ਜਾਂਦੇ ਹਨ।
_______________________________________________
ਐਤਕੀਂ ਲੰਬੀ ਤੋਂ ਬਾਦਲ ਨਾਲ ਕੌਣ ਟੱਕਰ ਲਏਗਾ?
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਲਕਾ ਲੰਬੀ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਟੱਕਰ ਲੈਣ ਲਈ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਆਪੋ-ਆਪਣੇ ਉਮੀਦਵਾਰਾਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਤਾਂ ਸ਼ ਬਾਦਲ ਦੀ ਉਮੀਦਵਾਰੀ ਪੱਕੀ ਲੱਗ ਰਹੀ ਹੈ, ਜਿਸ ਦਾ ਰਸਮੀ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ, ਜਿਥੋਂ ਤੱਕ ਕਾਂਗਰਸ ਪਾਰਟੀ ਦਾ ਸਬੰਧ ਹੈ, ਹੁਣ ਤੱਕ ਦੇ ਮਿਲੇ ਸੰਕੇਤ ਅਨੁਸਾਰ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਸਭ ਤੋਂ ਉਤੇ ਹਨ। ਉਹ ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਤ ਹਨ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਉਨ੍ਹਾਂ ਨੂੰ ਆਸ਼ੀਰਵਾਦ ਪ੍ਰਾਪਤ ਹੈ।
________________________________________
ਜਿਨ੍ਹਾਂ ਨੂੰ ਮਿਲੀ ਟਿਕਟ ਉਨ੍ਹਾਂ ਲਈ ਰੱਬ, ਜਿਨ੍ਹਾਂ ਨੂੰ ਨਾ ਮਿਲੀ ਉਨ੍ਹਾਂ ਲਈ ਠੱਗ!
ਮੁਕਤਸਰ: ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ 2017 ਲਈ ਟਿਕਟਾਂ ਦੇ ਐਲਾਨ ਮਗਰੋਂ ਉਠੀਆਂ ਬਾਗੀ ਸੁਰਾਂ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਮਿਲੀ ਟਿਕਟ ਉਨ੍ਹਾਂ ਲਈ ਰੱਬ ਤੇ ਜਿਨ੍ਹਾਂ ਨਾ ਮਿਲੀ ਉਨ੍ਹਾਂ ਲਈ ਠੱਗ। ਪਾਰਟੀ ਲੀਡਰਾਂ ਵੱਲੋਂ ਦਿੱਤੇ ਜਾ ਰਹੇ ਅਸਤੀਫਿਆਂ ‘ਤੇ ਬੋਲਦਿਆਂ ਬਾਦਲ ਨੇ ਮਜਾਕੀਆ ਅੰਦਾਜ਼ ‘ਚ ਕਿਹਾ, “ਸੰਤ ਜੀ ਕਹਿੰਦੇ ਨੇ ਜਿਸ ਨੂੰ ਮੈਂ ਟਿਕਟ ਦੇ ਦਿਆਂ ਤਾਂ ਸੰਤ ਜੀ ਰੱਬ ਹਨ ਤੇ ਜਿਸ ਨੂੰ ਟਿਕਟ ਨਾਂ ਦਿਆਂ ਤਾਂ ਸੰਤ ਜੀ ਠੱਗ।”