ਸਰਬੱਤ ਖਾਲਸਾ ਬਣਿਆ ਹਾਕਮ ਧਿਰ ਲਈ ਵੱਡੀ ਵੰਗਾਰ

ਚੰਡੀਗੜ੍ਹ: ਅੱਠ ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਰੈਲੀ ਵਾਲੇ ਦਿਨ ਹੀ ਪੰਥਕ ਧਿਰਾਂ ਵੱਲੋਂ ਸਰਬੱਤ ਖਾਲਸਾ ਸੱਦਣ ਦਾ ਫੈਸਲਾ ਹਾਕਮਾਂ ਧਿਰ ਲਈ ਵੱਡੀ ਵੰਗਾਰ ਬਣ ਗਿਆ ਹੈ। ਪੰਥਕ ਧਿਰਾਂ ਨੇ ਇਸ ਵਾਰ ਹਾਕਮ ਧਿਰ ਨੂੰ ਚਿਤਾਵਨੀ ਵੀ ਦਿੱਤੀ ਹੈ। ਪੰਜਾਬ ਸਰਕਾਰ ਵੀ ਇਸ ਸਮਾਗਮ ਨੂੰ ਚੁਣੌਤੀ ਮੰਨ ਰਹੀ ਹੈ।

ਜੇਕਰ ਪੰਥਕ ਧਿਰਾਂ ਵੱਡਾ ਇਕੱਠ ਕਰਨ ਵਿਚ ਸਫਲ ਰਹੀਆਂ ਤਾਂ ਇਹ ਬਾਦਲਾਂ ਦੇ ਵਕਾਰ ਲਈ ਵੱਡੀ ਸੱਟ ਹੋਵੇਗੀ। ਉਧਰ, ਮੁਤਵਾਜ਼ੀ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਐਲਾਨ ਕੀਤਾ ਕਿ ਜੇਕਰ ਬਾਦਲ ਸਰਕਾਰ ਨੇ ਮੁੜ ਅੱਠ ਦਸੰਬਰ ਨੂੰ ਸਰਬੱਤ ਖ਼ਾਲਸਾ ਨਾ ਹੋਣ ਦਿੱਤਾ ਤਾਂ ਪੰਜਾਬ ਨੂੰ ਜਾਮ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅੱਠ ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਵਿਚ ਹੋ ਰਹੀ ਰੈਲੀ ਤਾਂ ਮੁਲਤਵੀ ਹੋ ਸਕਦੀ ਹੈ ਪਰ ਇਸੇ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਰਬੱਤ ਖ਼ਾਲਸਾ ਹੋ ਕੇ ਹੀ ਰਹੇਗਾ। ਭਾਈ ਮੰਡ ਅਤੇ ਬਾਬਾ ਦਾਦੂਵਾਲ ਨੇ ਇਥੇ ਯੂਨਾਈਟਿਡ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਖੰਡ ਅਕਾਲੀ ਦਲ ਅਤੇ ਹੋਰ ਪੰਥਕ ਧਿਰਾਂ ਦੀ ਮੀਟਿੰਗ ਕਰ ਕੇ 8 ਦਸੰਬਰ ਨੂੰ ਕੀਤੇ ਜਾ ਰਹੇ ਸਰਬੱਤ ਖ਼ਾਲਸਾ ਨੂੰ ਅੰਤਿਮ ਰੂਪ ਦਿੱਤਾ।
ਭਾਈ ਮੰਡ ਅਤੇ ਬਾਬਾ ਦਾਦੂਵਾਲ ਨੇ ਕਿਹਾ ਕਿ ਬਾਦਲ ਸਰਕਾਰ ਸਰਬੱਤ ਖ਼ਾਲਸਾ ਨੂੰ ਗਲਤ ਰੰਗਤ ਦੇ ਕੇ ਜਬਰ-ਜ਼ੁਲਮ ਦੇ ਰਾਹ ਪਈ ਹੈ। ਉਨ੍ਹਾਂ ਪਹਿਲਾਂ 10 ਨਵੰਬਰ ਨੂੰ ਸੱਦੇ ਸਰਬੱਤ ਖ਼ਾਲਸਾ ਨੂੰ ਸਰਕਾਰ ਵੱਲੋਂ ਪ੍ਰਵਾਨਗੀ ਨਾ ਦੇਣ ਕਾਰਨ ਸੂਬੇ ਦੀ ਸ਼ਾਂਤੀ ਲਈ ਮੁਲਤਵੀ ਕਰ ਦਿੱਤਾ ਸੀ, ਪਰ ਇਸ ਵਾਰ ਸਰਬੱਤ ਖ਼ਾਲਸਾ ਹਰ ਹਾਲਤ ਵਿਚ ਹੋ ਕੇ ਰਹੇਗਾ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਵਿਚ ਸਰਬੱਤ ਖ਼ਾਲਸਾ ਲਈ ਭਾਰੀ ਜੋਸ਼ ਅਤੇ ਸਰਕਾਰ ਪ੍ਰਤੀ ਰੋਹ ਹੈ। ਇਸ ਲਈ ਜੇਕਰ ਬਾਦਲ ਸਰਕਾਰ ਨੇ ਮੁੜ ਸਰਬੱਤ ਖ਼ਾਲਸਾ ਰੋਕਣ ਦਾ ਯਤਨ ਕੀਤਾ ਤਾਂ ਸਿੱਖ ਸੰਗਤ ਸਾਰੇ ਪੰਜਾਬ ਨੂੰ ਜਾਮ ਕਰ ਦੇਵੇਗੀ ਅਤੇ ਹਾਲਾਤ ਖ਼ਰਾਬ ਹੋਣ ਦੀ ਸੂਰਤ ਵਿਚ ਖੁਦ ਸਰਕਾਰ ਜ਼ਿੰਮੇਵਾਰ ਹੋਵੇਗੀ।
ਉਨ੍ਹਾਂ ਕਿਹਾ ਕਿ ਸਰਬੱਤ ਖ਼ਾਲਸਾ ਸੱਦਣ ਵਾਲਿਆਂ ਨੂੰ ਦੇਸ਼ ਧ੍ਰੋਹ ਦੇ ਕੇਸਾਂ ਵਿਚ ਜੇਲ੍ਹਾਂ ‘ਚ ਡੱਕਿਆ ਜਾ ਰਿਹਾ ਹੈ ਜਦਕਿ ਸਵਾ ਸਾਲ ਦੌਰਾਨ 87 ਥਾਵਾਂ ਉਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਅਤੇ ਇਸ ਮੁੱਦੇ ‘ਤੇ ਸ਼ਹੀਦ ਹੋਏ ਦੋ ਸਿੱਖਾਂ ਦੇ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ। ਸਰਕਾਰ ਕਮਿਸ਼ਨਾਂ ਦੀਆਂ ਰਿਪੋਰਟਾਂ ਆਉਣ ਦੇ ਬਾਵਜੂਦ ਇਹ ਪਤਾ ਲਾਉਣ ਤੋਂ ਫੇਲ੍ਹ ਰਹੀ ਹੈ ਕਿ ਕਿਹੜੀਆਂ ਤਾਕਤਾਂ ਸਿੱਖ ਕੌਮ ਦੇ ਹਿਰਦਿਆਂ ਨੂੰ ਠੇਸ ਪਹੁੰਚਾ ਰਹੀਆਂ ਹਨ। ਉਹ ਸਿੱਖ ਧਰਮ ਦੇ ਤਖ਼ਤਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਨੂੰ ਆਜ਼ਾਦ ਕਰਵਾਉਣ ਅਤੇ ਪੰਥਕ ਏਕਤਾ ਲਈ ਸਰਬੱਤ ਖ਼ਾਲਸਾ ਸੱਦ ਰਹੇ ਹਨ। ਉਨ੍ਹਾਂ ਸਪੱਸ਼ਟ ਸੰਕੇਤ ਦਿੱਤਾ ਕਿ 8 ਦਸੰਬਰ ਦੇ ਸਰਬੱਤ ਖ਼ਾਲਸਾ ਦੌਰਾਨ ਉਹ ਸਿੱਖ ਕੌਮ ਨੂੰ ਸਿਆਸੀ ਤੌਰ ‘ਤੇ ਵੀ ਕੋਈ ਸੰਦੇਸ਼ ਦੇਣਗੇ।
_______________________________________
ਪੰਜ ਪਿਆਰਿਆਂ ਨੂੰ ਕੀਤਾ ਲਾਂਭੇ
ਚੰਡੀਗੜ੍ਹ: ਸਰਕਾਰੀ ਰੋਕਾਂ ਕਾਰਨ 10 ਨਵੰਬਰ ਦਾ ਸਰਬੱਤ ਖਾਲਸਾ ਪ੍ਰੋਗਰਾਮ ਸਿਰੇ ਨਾ ਚੜ੍ਹਨ ਤੋਂ ਬਾਅਦ ਅੱਠ ਦਸੰਬਰ ਨੂੰ ਸਰਬੱਤ ਖਾਲਸਾ ਇਕੱਤਰਤਾ ਸੱਦਣ ਦਾ ਪ੍ਰੋਗਰਾਮ ਬਣਾ ਰਹੀਆਂ ਪੰਥਕ ਧਿਰਾਂ ਨੇ ਹੁਣ ‘ਪੰਜ ਪਿਆਰਿਆਂ’ ਨੂੰ ਲਾਂਭੇ ਕਰ ਦਿੱਤੀ ਹੈ। ਕੁੱਝ ਮਹੀਨੇ ਪਹਿਲਾਂ ਸ਼੍ਰੋਮਣੀ ਕਮੇਟੀ ਤੋਂ ਮੁਅੱਤਲ ਕਰ ਦਿੱਤੇ ਗਏ ਇਹ ਪੰਜ ਪਿਆਰੇ, ਪਹਿਲਾਂ ਸਰਬੱਤ ਖਾਲਸਾ ਇਕੱਤਰਤਾ ਸੱਦਣ ਲਈ ਪੰਥਕ ਧਿਰਾਂ ਦੀ ਅਗਵਾਈ ਕਰ ਰਹੇ ਸਨ। ਇਨ੍ਹਾਂ ਪੰਜ ਪਿਆਰਿਆਂ ਨੂੰ ਇਹ ਅਗਵਾਈ ਪਿਛਲੀ ਸਰਬੱਤ ਖਾਲਸਾ ਇਕੱਤਰਤਾ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਜਗਤਾਰ ਸਿੰਘ ਹਵਾਰਾ ਨੇ ਬਕਾਇਦਾ ਇਕ ਪੱਤਰ ਰਾਹੀਂ ਸੌਂਪੀ ਸੀ, ਉਹ ਪੱਤਰ ਭਾਈ ਹਵਾਰਾ ਦੇ ਬੁਲਾਰੇ ਵੱਲੋਂ ਨਵੰਬਰ ਤੋਂ ਪਹਿਲਾਂ ਚੰਡੀਗੜ੍ਹ ‘ਚ ਮੀਡੀਆ ਨੂੰ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਪੰਜਾਂ ਸਿੰਘਾਂ ਨੇ ਲੰਘੀ 10 ਨਵੰਬਰ ਨੂੰ ਉਲੀਕੇ ਗਏ ਸਰਬੱਤ ਖ਼ਾਲਸਾ ਪ੍ਰੋਗਰਾਮ ਲਈ ਪੰਥਕ ਧਿਰਾਂ ਦੀਆਂ ਬੈਠਕਾਂ ਵੀ ਲਈਆਂ ਸਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਥਕ ਧਿਰਾਂ ਵੱਲੋਂ ਹੁਣ ਇਨ੍ਹਾਂ ਪੰਜ ਪਿਆਰਿਆਂ ਨੂੰ ਸਰਬੱਤ ਖਾਲਸਾ ਦੀ ਅਗਵਾਈ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਇਕ ਆਗੂ ਨੇ ਇਸ ਪੱਤਰਕਾਰ ਨੂੰ ਕਿਹਾ ਕਿ ਉਨ੍ਹਾਂ ਪੰਜ ਸਿੰਘਾਂ ਨੂੰ ਕਿਸੇ ਨੇ ਅਗਵਾਈ ਕਰਨ ਲਈ ਕਿਹਾ ਹੀ ਨਹੀਂ ਸੀ, ਬਲਕਿ ਹੁਣ ਭਾਈ ਹਵਾਰਾ ਨੇ ਭਾਈ ਧਿਆਨ ਸਿੰਘ ਮੰਡ ਨੂੰ ਅਗਵਾਈ ਕਰਨ ਲਈ ਕਿਹਾ ਹੈ।