ਬਲਜੀਤ ਬਾਸੀ
ਤ੍ਰੈਮਾਸਕ ‘ਸਿਰਜਣਾ’ ਦੇ ਤਾਜ਼ਾ ਅੰਕ ਵਿਚ ਛਪੀ ਮਦਨ ਵੀਰਾ ਦੀ ਕਵਿਤਾ ਦੀਆਂ ਕੁਝ ਸਤਰਾਂ ਤੋਂ ਅੱਜ ਦੇ ਸ਼ਬਦ ਦੀ ਚਰਚਾ ਸ਼ੁਰੂ ਕਰਦੇ ਹਾਂ,
ਜਦੋਂ ਵੀ ਮੇਰੇ ਵਿਰੋਧੀ
ਮਿਲਣ ਮੈਨੂੰ ਖਿੜੇ-ਮੱਥੇ,
ਤੱਕਣ ਤੇ ਮੁਸਕਰਾਣ
ਝਟ ਸਮਝ ਜਾਂਦਾ ਹਾਂ ਮੈਂ
ਹੈ ਕਿਤੇ ਸ਼ਬਦਾਂ ‘ਚ ਊਣ,
ਕਿਤੇ ਹੈ ਅਰਥਾਂ ‘ਚ ਕਾਣæææ।
ਲੈਨਿਨ ਨੇ ਕਿਤੇ ਕਿਹਾ ਸੀ ਕਿ ਜੇ ਵਿਰੋਧੀ ਤੁਹਾਡੀ ਸਿਫਤ ਕਰਦੇ ਹਨ ਤਾਂ ਇਸ ਦਾ ਮਤਲਬ ਤੁਹਾਡੇ ਵਿਚ ਕੋਈ ਊਣ ਹੈ, ਉਸ ਦਾ ਸੰਕੇਤ ਪੂੰਜੀਵਾਦੀ ਵਿਰੋਧੀਆਂ ਵੱਲ ਸੀ ਜਿਨ੍ਹਾਂ ਵਲੋਂ ਕਮਿਉਨਿਸਟਾਂ ਦੀ ਕੀਤੀ ਪ੍ਰਸ਼ੰਸਾ ਦਾ ਮਤਲਬ ਸੀ ਕਿ ਉਹ ਬੁਰਜਵਾ ਵਿਰੋਧੀਆਂ ਵੱਲ ਉਦਾਰ ਹੋ ਗਏ ਹਨ। ਮਦਨ ਵੀਰਾ ਦੀਆਂ ਇਨ੍ਹਾਂ ਸਤਰਾਂ ਵਿਚ ਵੀ ਕੁਝ ਅਜਿਹਾ ਭਾਵ ਹੀ ਮਲੂਮ ਹੁੰਦਾ ਹੈ। ਊਣ, ਊਣਤਾ ਜਾਂ ਊਣਤਾਈ ਸ਼ਬਦਾਂ ਵਿਚ ਕਮੀ, ਘਾਟ, ਥੁੜ ਦੇ ਭਾਵ ਵਿਦਮਾਨ ਹਨ। ਹੋਰ ਸ਼ਬਦਾਂ ਵਿਚ ਕਹੀਏ ਤਾਂ ਕਿਸੇ ਚੀਜ਼ ਦੀ ਲੋੜੀਂਦੀ ਜਾਂ ਸਮਰੱਥਾ ਤੋਂ ਘੱਟ ਗੁਣ, ਮਾਤਰਾ ਜਾਂ ਸੰਖਿਆ। ਇਸ ਦਾ ਅਰਥ, ਕਸਰ ਵੀ ਹੈ। ਊਣਾ ਗਲਾਸ ਤੋਂ ਮਤਲਬ ਹੈ, ਨੱਕੋ ਨੱਕ ਭਰੇ ਤੋਂ ਕੁਝ ਘੱਟ। ਗੁਰੂ ਨਾਨਕ ਦੇਵ ਦੀ ਇਹ ਪੰਕਤੀ ਕਿੰਨੀ ਢੁਕਦੀ ਹੈ, ‘ਸੁਭਰ ਭਰੇ ਨ ਹੋਵਹਿ ਊਣੇ ਜੋ ਰਾਤੇ ਰੰਗੁ ਲਾਈ ਰੇ॥’ ਗੁਰਬਾਣੀ ਵਿਚੋਂ ਕੁਝ ਹੋਰ ਮਿਸਾਲਾਂ ਲੈਂਦੇ ਹਾਂ: ‘ਡਿਠੜੋ ਹਭ ਠਾਇ ਊਣ ਨ ਕਾਈ ਜਾਇ॥’; ‘ਨਾਮ ਵਿਹੂਣੇ ਊਣੇ ਝੂਣੇ ਨਾ ਗੁਰਿ ਸਬਦੁ ਸੁਣਾਇਆ॥’; ‘ਦੇਹ ਛਿਜੰਦੜੀ ਊਣ ਮਝੂਣਾ ਗੁਰਿ ਸਜਣਿ ਜੀਉ ਧਰਾਇਆ॥’ ਹਾਸ਼ਮ ਸ਼ਾਹ ‘ਸ਼ੀਰੀ ਫਰਹਾਦ’ ਵਿਚ ਫੁਰਮਾਉਂਦੇ ਹਨ,
ਦੋ ਦਿਨ ਪੇਟ ਅਨਾਜੋਂ ਜੇ ਕਰ,
ਰਹੇ ਕਿਸੇ ਦਾ ਊਣਾ।
ਸ਼ਹਿਵਤ ਨੀਂਦ ਨ ਆਵੇ ਉਸ ਨੂੰ,
ਜ਼ਰਾ ਨ ਭਾਉਸੁ ਕੂਣਾ।
ਆਮ ਅਨੁਭਵ ਹੈ ਕਿ ਊਣਾ ਭਾਂਡਾ ਉਛਲਦਾ ਹੈ, ਭਰਿਆ ਨਹੀਂ। ਹਾਲਾਂ ਕਿ ਊਣਾ ਸਮਰੱਥਾ ਜਾਂ ਲੋੜ ਤੋਂ ਕੁਝ ਘੱਟ ਹੀ ਹੁੰਦਾ ਹੈ ਪਰ ਇਸ ਦਾ ਅਰਥ ਖਾਲੀ ਜਾਂ ਸੱਖਣਾ ਵੀ ਹੋ ਗਿਆ ਹੈ। ਇਹੋ ਜਿਹੇ ਸ਼ਬਦਾਂ ਵਿਚ ਅਰਥ ਦੀ ਸੁਨਿਸਚਤਤਾ ਨਹੀਂ ਹੁੰਦੀ। ‘ਘਾਟ’ ਦਾ ਅਰਥ ਅਣਹੋਂਦ ਵੀ ਹੈ, ਥੁੜ ਵੀ ਹੈ। ਕਮੀ, ਥੁੜ ਆਦਿ ਸ਼ਬਦਾਂ ਦਾ ਵੀ ਇਹੋ ਹਾਲ ਹੈ। ਜ਼ਰਾ ਸੋਚੋ ‘ਕੁਝ ਨਹੀਂ’ ਉਕਤੀ ਤੋਂ ਕੀ ਮੁਰਾਦ ਹੈ? ਇਸ ਦਾ ਇਕ ਭਾਵ ਹੈ, ‘ਉਕਾ ਹੀ ਕੁਝ ਨਹੀਂ’ ਜਿਵੇਂ ਚੋਰਾਂ ਨੇ ਉਸ ਦੀ ਜੇਬ ਫੋਲੀ, ਕੁਝ ਨਹੀਂ ਮਿਲਿਆ। ਪਰ ਇਸ ਦਾ ਅਰਥ ਇਸ ਦੇ ਬਿਆਨ ਤੋਂ ਬਿਲਕੁਲ ਉਲਟ ਵੀ ਹੈ ਯਾਨਿ ‘ਕੁਝ ਹੈ’ ਮਤਲਬ ਥੋੜਾ ਜਿਹਾ ਹੀ ਹੈ, ਜਿਵੇਂ ਮੇਰੀ ਆਮਦਨ ਤਾਂ ‘ਕੁਝ ਨਹੀਂ’ ਹੈ। ਊਣ ਜਾਂ ਇਸ ਤੋਂ ਬਣੇ ਵਿਸ਼ੇਸ਼ਣ ਊਣਾ ਸ਼ਬਦ ਦਾ ਮੁਢ ਸੰਸਕ੍ਰਿਤ ‘ਊਨ’ ਵਿਚ ਲਭਦਾ ਹੈ ਜਿਸ ਦੇ ਅਰਥ ਹਨ, ਲੋੜ ਨਾਲੋਂ ਘੱਟ, ਥੋੜਾ, ਕਸਰ ਵਾਲਾ, ਨਾਕਸ, ਤਰੁਟੀ ਵਾਲਾ; ਛੁਟੇਰਾ, ਘਟੀਆ ਆਦਿ। ਸੰਸਕ੍ਰਿਤ ਵਿਚ ਇਸ ਦਾ ਅਰਥ ‘ਨਾਲੋਂ ਘੱਟ’ ਵੀ ਹੈ ਜਿਵੇਂ ‘ਲਕਸ਼ਾਦ ਊਨ’ ਦਾ ਅਰਥ ਹੈ, ਲੱਖ ਤੋਂ ਘੱਟ; ‘ਤਦ-ਊਨ’ ਦਾ ਮਤਲਬ, ਉਸ ਨਾਲੋਂ ਘਟੀਆ; ਅਲਪੋਨ ਦਾ ਮਤਲਬ, ਜ਼ਰਾ ਕੁ ਘੱਟ; ਪੰਚੋਨ ਦਾ ਮਤਲਬ, ਪੰਜ ਘੱਟ। ਸੰਸਕ੍ਰਿਤ ਵਿਚ ਇਸ ਦਾ ਧਾਤੂ ‘ਅਵ’ ਹੈ।
ਪੌਣਾ ਸ਼ਬਦ ਬਾਰੇ ਪਹਿਲਾਂ ਦੱਸਿਆ ਜਾ ਚੁੱਕਾ ਹੈ ਪਰ ਇਥੇ ਵੀ ਉਸ ਦਾ ਵਿਚਾਰ ਜ਼ਰੂਰੀ ਹੈ। ਪੌਣਾ ਸ਼ਬਦ ਬਣਿਆ ਹੈ, ਪਾਦ+ਉਨ ਤੋਂ ਜਿਸ ਦਾ ਅਰਥ ਬਣਿਆ, (ਪੂਰੇ) ਤੋਂ ਚੌਥਾ ਹਿੱਸਾ ਘੱਟ। ਹਿੰਦੀ, ਮਰਾਠੀ ਵਿਚ ‘ਔਨਾ ਪੌਨਾ’ ਸ਼ਬਦ ਜੁੱਟ ਦੀ ਵਰਤੋਂ ਕਾਫੀ ਹੈ। ਪੰਜਾਬੀ ਵਿਚ ਵੀ ਕਿਧਰੇ-ਕਿਧਰੇ ‘ਔਣਾ ਪੌਣਾ’ ਜਾਂ ‘ਊਣ ਪੌਣ’ ਸ਼ਬਦ ਜੁੱਟ ਚਲਦੇ ਹਨ, ਜਿਸ ਦਾ ਅਰਥ ਹੈ, ਥੋੜਾ ਬਾਹਲਾ,
ਊਣ-ਪੌਣ ਨਾ ਲੱਭੂ ਕੋਈ ਵਹਿੜਕੇ ਵਿਚ,
ਲਾਉਂਦਾ ਰਹੇ ਕੋਈ ਲੂਤੀਆਂ ਲੱਖ ਮੀਆਂ।
ਗੁਲਜ਼ਾਰ ਦੇ ਲਿਖੇ ‘ਮਾਚਿਸ’ ਫਿਲਮ ਦੇ ਇਕ ਗਾਣੇ ਵਿਚ ਇਸ ਦੀ ਵਰਤੋਂ ਦੇਖੋ, ‘ਔਨੀ ਪੌਨੀ ਯਾਰੀਆਂ ਤੇਰੀ, ਬੌਨੀ ਬੌਨੀ ਬੇਰੀਓਂ ਤਲੇ।’ ਵਾਹ, ਗੁਲਜ਼ਾਰ ਸਾਹਿਬ! ਸਿੱਧਾ ਹੀ ਕਹਿ ਦਿੰਦੇ, ‘ਯਾਰੀ ਕਿ ਛੋਲਿਆਂ ਦਾ ਵੱਢ।’ ‘ਔਣੇ ਪੌਣੇ ਕਰਨਾ’ ਮੁਹਾਵਰੇ ਦਾ ਭਾਵ ਹੈ, ਜੋ ਮਿਲੇ ਉਸੇ ਭਾਅ ‘ਤੇ ਵੇਚ ਸੁੱਟਣਾ। ‘ਅੱਧੋ ਡੂੜ’ ਜਾਂ ‘ਅੱਧਾ ਪੌਣਾ’ ਉਕਤੀਆਂ ਵਿਚ ਇਹੋ ਭਾਵ ਝਲਕਦਾ ਹੈ। ਔਣਾ ਪੌਣਾ ਮੁਆਵਜ਼ਾ ਮਤਲਬ ਲੋੜੀਂਦੇ ਤੋਂ ਘੱਟ। ਔਣਾ ਪੌਣਾ ਬਣਿਆ ਹੈ, ਅਰਧੋਨ+ਪਾਦੁਨ ਤੋਂ ਅਰਥਾਤ ਅੱਧਾ ਊਣਾ ਪੌਣਾ।
ਪਰ ‘ਊਣ’ ਜਾਂ ਇਸ ਦਾ ਭੇਦ ਉਣ, ਉਨ ਸਭ ਤੋਂ ਵੱਧ ਕੰਮ ਆਇਆ ਗਿਣਤੀ ਲਈ ਚਾਹੀਦੇ ਨਾਮਾਂ ਲਈ। ਇਹ ਵੀਹ ਤੋਂ ਸੌ ਤੱਕ ਦਸ਼ਮਲਵ ਵਾਲੀਆਂ ਸੰਖਿਆਵਾਂ ਜਿਵੇਂ ਵੀਹ, ਤੀਹ, ਚਾਲੀ ਆਦਿ ਤੋਂ ਇਕ ਘੱਟ ਸੰਖਿਆ ਦਰਸਾਉਣ ਲਈ ਅਗੇਤਰ ਵਜੋਂ ਵਰਤਿਆ ਜਾਂਦਾ ਹੈ। ‘ਇਕ ਘੱਟ’ ਲਈ ਸੰਸਕ੍ਰਿਤ ਸ਼ਬਦ ਹੈ, ਏਕੋਨ (ਏਕ+ਊਨ, ਇੱਕ ਊਣਾ)। ਉਣੱਤੀਹ (ਉਣ+ਤੀਹ, ਤੀਹ ਤੋਂ ਇੱਕ ਊਣਾ) ਵਿਚ ਤਾਂ ਇਹ ਸਪੱਸ਼ਟ ਝਲਕਦਾ ਹੈ। ਉਨੀ (19) ਸ਼ਬਦ ਦਾ ਪੂਰਾ ਵਿਕਾਸ ਇਸ ਪ੍ਰਕਾਰ ਹੈ: ਸੰਸਕ੍ਰਿਤ ਵਿਚ ਵੀਹ ਲਈ ‘ਵਿਸ਼ੰਤਿ’ ਸ਼ਬਦ ਹੈ। ਏਕੋਨਵਿੰਸ਼ਤਿ>ਉਨਵਿੰਸ਼ਤਿ (ਪਾਲੀ) ਏਕੂਨਵੀਸ>ਏਕੂਨਵੀਸਤੀ (ਪਰਾਕ੍ਰਿਤ) ਉਣਵੀਸਈ>ਊਨਵੀਸਾ>ਉਨਵੀਸਈ (ਅਪਭ੍ਰੰਸ਼) ਏਗੂਣਵੀਸ>ਏਗੂਣੀਸ> ਉਣਵੀਸ>ਉਨੀਸ>ਉਨੀ। ਕੁਝ ਇਸ ਤਰ੍ਹਾਂ ਦਾ ਵਿਕਾਸ ਹੀ ਹੋਰ ਸ਼ਬਦਾਂ ਜਿਵੇਂ ਉਣੱਤੀ, ਉਨਤਾਲੀ, ਉਣੰਜਾ, ਉਣਾਹਟ, ਉਣੱ੍ਹਤਰ, ਉਣਾਸੀ ਅਤੇ ਉਣਾਨਵੇਂ ਅਤੇ ਨੜ੍ਹਿਨਵੇਂ ਦਾ ਹੈ। ‘ਮਹਾਨ ਕੋਸ਼’ ਅਨੁਸਾਰ ਊਨਾ ਇੱਕ ਛੋਟੀ ਅਸੀਲ ਤਲਵਾਰ ਦਾ ਨਾਂ ਵੀ ਹੈ ਜੋ ਤਕੀਏ ਹੇਠ ਰੱਖੀ ਜਾ ਸਕੇ, “ਮਿਸਰੀ ਊਨਾ ਨਾਮ, ਸੈਫ ਸਰੋਹੀ ਸਸਤ੍ਰਪਤਿ।”
ਊਨ ਦੇ ਅੱਗੇ ‘ਨਿ’ ਅਗੇਤਰ ਲੱਗ ਕੇ ਨਿਊਨ ਸ਼ਬਦ ਬਣਿਆ ਜਿਸ ਦਾ ਅਰਥ ਵੀ ਘੱਟ, ਕਮ ਹੀ ਹੁੰਦਾ ਹੈ। ਪੰਜਾਬੀ ਵਿਚ ਇਹ ਸਮਾਸੀ ਸ਼ਬਦ ‘ਨਿਊਨ ਕੋਣ’ ਵਿਚ ਵਰਤਿਆ ਮਿਲਦਾ ਹੈ, ਇਹ ਹੈ, 90 ਡਿਗਰੀ ਤੋਂ ਛੋਟਾ ਕੋਣ। ਇਸ ਤੋਂ ਬਣਿਆ ਤੀਜੀ ਡਿਗਰੀ ਦਾ ਸ਼ਬਦ ਨਿਊਨਤਮ (ਘੱਟ ਤੋਂ ਘੱਟ) ਪੰਜਾਬੀ ਵਿਚ ਵਰਤਿਆ ਜਾਂਦਾ ਹੈ ਜਿਵੇਂ ਪਾਰਟੀਆਂ ਦੇ ਨਿਊਨਤਮ ਪ੍ਰੋਗਰਾਮ, ਨਿਊਨਤਮ ਉਜਰਤ ਆਦਿ।
ਊਣ ਜਿਹੇ ਸ਼ਬਦਾਂ ਦਾ ਫਾਰਸੀ ਨਾਲ ਸੁਜਾਤੀ ਸਬੰਧ ਮੈਂ ਦੋ ਪਾਸਿਆਂ ਤੋਂ ਵਾਚਿਆ ਹੈ। ਹਿੰਦੀ ਦੇ ਪ੍ਰਮੁੱਖ ਨਿਰੁੱਕਤਕਾਰ ਅਜਿਤ ਵਡਨੇਰਕਰ ਨੇ ਇਸ ਨੂੰ ਫਾਰਸੀ ਵਲੋਂ ਆਏ ਸ਼ਬਦ ‘ਕਮੀਨਾ’ ਵਿਚ ਖੋਜਿਆ ਹੈ। ਘੱਟ ਦੇ ਅਰਥਾਂ ਵਾਲੇ ਫਾਰਸੀ ਵਲੋਂ ਆਏ ਸ਼ਬਦ ‘ਕਮ’ ਦੀ ਵਿਉਤਪਤੀ ਅਵੇਸਤਾ ਦੇ ‘ਕਮਨਾ’ ਤੋਂ ਹੋਈ ਹੈ ਜੋ ਉਸੇ ਪੂਰਵਵੈਦਿਕ ਭਾਸ਼ਾ ਤੋਂ ਜਨਮਿਆ ਹੈ ਜਿਸ ਤੋਂ ਇੱਛਾ, ਚਾਹ ਦਾ ਅਰਥਾਵਾਂ ਵੈਦਿਕ ਭਾਸ਼ਾ ਦਾ ਕਮ ਜਨਮਿਆ। ਕਮ ਤੋਂ ਹੀ ਇੱਛਾ ਦੇ ਅਰਥਾਂ ਵਾਲਾ ਕਾਮਨਾ ਸ਼ਬਦ ਬਣਦਾ ਹੈ। ‘ਕਮ’ ਪਿਛੇ ਅਵੇਸਤਾ ਦਾ ‘ਉਨ’ ਪਿਛੇਤਰ ਲੱਗਣ ਨਾਲ ਕਮਨਾ ਬਣਦਾ ਹੈ। ਇਸ ਤਰ੍ਹਾਂ ‘ਕਮਨਾ’ ਵਿਚ ‘ਇੱਛਾ ਤੋਂ ਕਮ’ ਅਰਥਾਤ ‘ਲੋੜੀਂਦੇ ਤੋਂ ਘੱਟ’ ਦਾ ਭਾਵ ਸਥਿਰ ਹੁੰਦਾ ਹੈ। ਬਾਅਦ ਵਿਚ ਫਾਰਸੀ ਦੇ ‘ਕਮ’ ਸ਼ਬਦ ਵਿਚ ਸਿਰਫ ਕਮੀ, ਘਾਟ, ਥੁੜ ਦਾ ਭਾਵ ਰੂੜ ਹੋ ਜਾਂਦਾ ਹੈ। ‘ਕਮ’ ਸ਼ਬਦ ‘ਤੇ ਲਿਖਦਿਆਂ ਇਸ ਦੀ ਵਿਸਥਾਰਪੂਰਬਕ ਚਰਚਾ ਕੀਤੀ ਜਵੇਗੀ।
ਹੋਰ ਭਾਸ਼ਾ-ਵਿਗਿਆਨੀਆਂ ਨੇ ਇਸ ਦਾ ਸਬੰਧ ਫਾਰਸੀ ਸਮੇਤ ਹੋਰ ਹਿੰਦ-ਯੂਰਪੀ ਭਾਸ਼ਾਵਾਂ ਨਾਲ ਵੀ ਲੱਭਿਆ ਹੈ। ਇਸ ਦਾ ਭਾਰੋਪੀ ਮੂਲ ‘Eue’ ਕਲਪਿਆ ਗਿਆ ਹੈ ਜਿਸ ਦਾ ਅਰਥ ਹੈ, ਛੱਡਣਾ ਜਿਸ ਤੋਂ ਘੱਟ ਹੋਣ, ਖਾਲੀ ਹੋਣ ਦੇ ਭਾਵ ਸਾਹਮਣੇ ਆਉਂਦੇ ਹਨ। ਇਸ ਦਾ ਵਿਕਸਿਤ ਰੂਪ ਹੈ, ‘Wa’. ਇਸ ਦੇ ਟਾਕਰੇ ‘ਤੇ ਇਸ ਦਾ ਸੰਸਕ੍ਰਿਤ ਧਾਤੂ ‘ਅਵ’ ਹੈ। ‘ਵਾ’ ਦੇ ਦੋ ਅਗੇਤਰ ਰੂਪ ਹਨ, ‘ਵਨ’ ਅਤੇ ‘ਵਾਨੋ’ ਜਿਨ੍ਹਾਂ ਤੋਂ ਲਾਤੀਨੀ ਵਲੋਂ ਬਹੁਤ ਸਾਰੇ ਅੰਗਰੇਜ਼ੀ ਸ਼ਬਦ ਪ੍ਰਗਟ ਹੁੰਦੇ ਹਨ। ਠੋਸ ਮਿਸਾਲਾਂ ਨਾਲ ਹੀ ਗੱਲ ਸਮਝ ਵਿਚ ਆਉਂਦੀ ਹੈ।
ਸਭ ਤੋਂ ਪਹਿਲਾਂ ਅਸੀਂ ਜਾਣਿਆ-ਪਛਾਣਿਆ ਅੰਗਰੇਜ਼ੀ ਸ਼ਬਦ Want ਲੈਂਦੇ ਹਾਂ। ਪੁਰਾਣੀ ਨੌਰਸ (ਮੋਟੇ ਤੌਰ ‘ਤੇ ਪੁਰਾਣੀ ਸਕੈਂਡੇਨੇਵੀਅਨ) ਵਿਚ ਇਸ ਦੇ ਰੂਪ ਦਾ ਅਰਥ ਸੀ, ਘਾਟ ਹੋਣਾ, ਕਮੀ ਹੋਣਾ। ਅੰਗਰੇਜ਼ੀ ਵਿਚ ਇਸ ਸ਼ਬਦ ਦੇ ਅਰਥ ਕਮੀ ਜਾਂ ਘਾਟ ਹੋਣਾ ਤੋਂ ਸਭ ਵਾਕਿਫ ਹਨ। ਮੈਂ ਆਪਣੇ ਛੜਾ-ਕਾਲ ਦੌਰਾਨ ਰਸੋਈ ‘ਚ ਅੰਗਰੇਜ਼ੀ ਮੁਹਾਵਰਾ ਲਿਖ ਕੇ ਲਾਇਆ ਸੀ, ‘Waste Not, Want Not’ ਅਰਥਾਤ ਜ਼ਾਇਆ ਨਾ ਕਰੋ ਤਾਂ ਕੋਈ ਕਮੀ ਨਹੀਂ। ਵਿਅਰਥ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ Vain ਲਾਤੀਨੀ Vanus ਤੋਂ ਫਰਾਂਸੀਸੀ ਰਾਹੀਂ ਅੰਗਰੇਜ਼ੀ ਵਿਚ ਗਿਆ। ਲਾਤੀਨੀ ਵਿਚ ਇਸ ਦਾ ਅਰਥ ਸੀ, ਸੱਖਣਾ, ਖਾਲੀ। ਅੰਗਰੇਜ਼ੀ Vain Hope ਵਾਕੰਸ਼ ਦੇ ਟਾਕਰੇ ‘ਤੇ ਗੁਰੂ ਅਰਜਨ ਦੇਵ ਦੀ ਉਕਤੀ ਦੇਖੋ, ‘ਊਣੀ ਆਸ ਮਿਥਿਆ ਸਭਿ ਬੋਲਾ॥’ ਇਸ ਦੇ ਨਾਲ ਜੁੜਦਾ ਅੰਗਰੇਜ਼ੀ ਸ਼ਬਦ ਹੈ,Vanish ਜਿਸ ਦਾ ਅਰਥ ਹੈ, ਗਾਇਬ ਹੋਣਾ, ਮਿਟ ਜਾਣਾ। ਇਸ ਦੇ ਲਾਤੀਨੀ ਰੁਪਾਂਤਰ ਦਾ ਭਾਵ ਸੀ, ਮਿਟ ਜਾਣਾ, ਮਰ ਮਿਟ ਜਾਣਾ। ‘ਵਾ’ ਮੂਲ ਦਾ ਇਕ ਵਿਸਤ੍ਰਿਤ ਰੂਪ ਹੈ,Wak ਜਿਸ ਤੋਂ ਹੋਰ ਸ਼ਬਦਾਂ ਦੀ ਲੜੀ ਤੁਰਦੀ ਹੈ। ਅੰਗਰੇਜ਼ੀ Vacant ਵੀ ਲਾਤੀਨੀ ਵਲੋਂ ਆਇਆ ਹੈ। ਇਸੇ ਤੋਂ ਅੱਗੇ Vacancy ਸ਼ਬਦ ਬਣਿਆ। ਇਸ ਦੇ ਨਾਲ ਜੁੜਵੇਂ ਸ਼ਬਦ ਹਨ, Vacate, Vacation, Vacuum, Avoid, Devoid ਅਤੇ Evacuate. ਸਾਰਿਆਂ ਵਿਚ ਖਾਲੀ, ਸੱਖਣਾ ਦੇ ਭਾਵ ਪ੍ਰਤੱਖ ਹਨ। ‘ਵਾ’ ਮੂਲ ਦਾ ਹੋਰ ਵਿਸਤ੍ਰਿਤ ਰੂਪ ਹੈ,Was-to- ਜਿਸ ਤੋਂ ਅੰਗਰੇਜ਼ੀ Waste ਅਤੇ Devastate ਸ਼ਬਦ ਸਾਹਮਣੇ ਆਏ।
ਟਾਕਰੇ ‘ਤੇ ਅਵੇਸਤਾ ਵਿਚ ‘ਵਾ’ ਸ਼ਬਦ ਹੈ ਜਿਸ ਦਾ ਅਰਥ ਹੈ, ਅਭਾਵ ਹੋਣਾ, ਨਾ ਹੋਣਾ। ਇਸ ਤੋਂ ਫਾਰਸੀ ਸ਼ਬਦ ਬਣਿਆ, ਵੰਗ ਜਾਂ ਵਿੰਗ ਜਿਸ ਦਾ ਅਰਥ ਹੈ, ਗਰੀਬ, ਕੰਗਾਲ ਅਰਥਾਤ ਜਿਸ ਕੋਲ ਕੁਝ ਨਹੀਂ ਹੈ।