ਮਨੁੱਖੀ ਪਰਤਾਂ ਫਰੋਲਦਿਆਂ…

ਲੇਖ ਵਿਚ ਡਾæ ਭੰਡਾਲ ਨੇ ਮਨੁੱਖੀ ਸ਼ਖਸੀਅਤਾਂ ਦੀਆਂ ਪਰਤਾਂ ਫੋਲਦਿਆਂ ਆਖਿਆ ਹੈ ਕਿ ਕੇਹੀ ਵਿਡੰਬਨਾ ਹੈ ਕਿ ਸਾਡੀ ਕਰਨੀ ਤੇ ਕਥਨੀ ਵਿਚ ਕੋਹਾਂ ਦਾ ਅੰਤਰ ਹੈ। ਮਾਇਆ ਨੂੰ ਨਾਗਣੀ ਕਹਿਣ ਵਾਲਿਆਂ ਦੇ ਸਾਹਵੇਂ ਲੱਗਦੇ ਨੇ ਮਾਇਆ ਦੇ ਅੰਬਾਰ। ਕਿਰਤ ਕਰਨ ਦਾ ਹੌਕਾ ਦੇਣ ਵਾਲੇ ਅਤੇ ਕਿਰਤੀਆਂ ਦੀ ਲੁੱਟ ਵਿਚੋਂ ਅਤਿ-ਆਧੁਨਿਕ ਦੁਨਿਆਵੀ ਸਹੂਲਤਾਂ ਮਾਣਦੇ ਤੇ ਐਸ਼ ਉਡਾਉਂਦੇ ਅਧਰਮੀ ਬਾਬੇ, ਕਿਰਤ ਦਾ ਸਭ ਤੋਂ ਵੱਡਾ ਮਖੌਲ।

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਨ੍ਹਾਂ ਸਰੀਰ ਦੇ ਵੱਖ ਵੱਖ ਅੰਗਾਂ ਦਾ ਨਾਦ ਪੇਸ਼ ਕੀਤਾ ਹੈ। ਉਹ ਨੈਣਾਂ, ਮੂੰਹ, ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕਰ ਚੁਕੇ ਹਨ; ਹੱਥਾਂ ਦੀ ਦਾਸਤਾਨ ਦੱਸ ਚੁਕੇ ਹਨ ਕਿ ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ। ਲੱਤਾਂ ਦੀ ਵਾਰਤਾ ਸੁਣਾਉਂਦਿਆਂ ਉਨ੍ਹਾਂ ਬਾਬਾ ਫਰੀਦ ਦੇ ਸਲੋਕ “ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ॥” ਦਾ ਹਵਾਲਾ ਦਿੱਤਾ ਸੀ। ਡਾæ ਭੰਡਾਲ ਬੰਦੇ ਦੇ ਪੈਰਾਂ, ਮੁੱਖੜੇ, ਹਿੱਕ ਤੇ ਮਨ ਦੀ ਬਾਤ ਪਾ ਚੁਕੇ ਹਨ। ਗਰਦਨ ਅਤੇ ਬੁੱਲੀਆਂ ਦਾ ਵਿਖਿਆਨ ਵੀ ਕਰ ਚੁਕੇ ਹਨ। ਵਾਤਾਵਰਣ ਸੰਭਾਲ ਦੀ ਗੱਲ ਕਰਦਿਆਂ ਡਾæ ਭੰਡਾਲ ਨੇ ਨਸੀਹਤ ਕੀਤੀ ਸੀ ਕਿ ਸਾਹ ਆਉਂਦੇ ਜਾਂਦੇ ਰਹਿਣ, ਇਸ ਲਈ ਜਰੂਰੀ ਹੈ ਕਿ ਅਸੀਂ ਵਾਤਾਵਰਣੀ, ਕੁਦਰਤੀ, ਸਮਾਜਿਕ ਅਤੇ ਪਰਿਵਾਰਕ ਸਰੋਕਾਰਾਂ ਵਿਚੋਂ ਹੀ ਖੁਦ ਨੂੰ ਵਿਸਥਾਰਈਏ। ਉਨ੍ਹਾਂ ਨੱਕ ਦੀ ਵਾਰਤਾ ਸੁਣਾਉਂਦਿਆਂ ਦੱਸਿਆ ਕਿ ਕਈ ਵਾਰ ਮਨੁੱਖ ਨੱਕ ਨੂੰ ਉਚਾ ਕਰਨ ਖਾਤਰ ਕਰਜ਼ੇ ਵਿਚ ਡੁੱਬ, ਖੁਦਕੁਸ਼ੀਆਂ ਦੇ ਰਾਹ ਵੀ ਤੁਰ ਪੈਂਦਾ। ਬਾਹਾਂ ਦੀ ਤਸ਼ਬੀਹ ਵਿਚ ਉਨ੍ਹਾਂ ਕਿਹਾ ਸੀ ਕਿ ਬਾਂਹਾਂ ਦੀ ਬਾਂਹਾਂ ਸੰਗ ਯਾਰੀ, ਮਨ-ਵਿਹੜੇ ਮੌਲੇ ਸਰਦਾਰੀ। ਉਂਗਲਾਂ ਦੀ ਵਾਰਤਾ ਕਹਿੰਦਿਆਂ ਡਾæ ਭੰਡਾਲ ਨੇ ਕਿਹਾ ਸੀ, “ਕਦੇ ਵੀ ਕਿਸੇ ਵੱਲ ਬੇਲੋੜੀ ਉਂਗਲ ਨਾ ਕਰੋ। ਉਸ ਦੀਆਂ ਕਮੀਆਂ, ਊਣਤਾਈਆਂ ਤੇ ਕਮਜ਼ੋਰੀਆਂ ‘ਤੇ ਉਂਗਲ ਨਾ ਧਰੋ ਕਿਉਂਕਿ ਜਦ ਅਸੀਂ ਇਕ ਉਂਗਲ ਕਿਸੇ ਵੱਲ ਕਰਦੇ ਹਾਂ ਤਾਂ ਤਿੰਨ ਉਂਗਲਾਂ ਸਾਡੇ ਵੰਨੀ ਆਪਣੇ ਆਪ ਹੀ ਹੋ ਜਾਂਦੀਆਂ ਨੇ।” ਉਨ੍ਹਾਂ ਹਿਰਦੇ ਦੀ ਗੱਲ ਕੀਤੀ ਸੀ ਕਿ ਹਿਰਦੇ ਵਿਚ ਉਠੀ ਵੇਦਨਾ ਹੀ ਹੁੰਦੀ ਜੋ ਕੂਕਦੀ ਏ, ‘ਸੱਜਣਾਂ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ।’ ਪਿਛਲੇ ਲੇਖ ਵਿਚ ਉਨ੍ਹਾਂ ਸਿਰ ਦੀਆਂ ਪਰਤਾਂ ਫੋਲਦਿਆਂ ਦੱਸਿਆ ਸੀ ਕਿ ਜਦ ਤਲੀ ‘ਤੇ ਸਿਰ ਰੱਖ ਕੇ ਕੋਈ ਯੋਧਾ ਪ੍ਰਣ-ਪੂਰਤੀ ਲਈ, ਖੁਦ ਨੂੰ ਗੁਰੂ ਦੀ ਸ਼ਰਨ ਵਿਚ ਅਰਪਿਤ ਕਰਦਾ ਤਾਂ ਬਾਬਾ ਦੀਪ ਸਿੰਘ ਦੀ ਸ਼ਹਾਦਤ ਦੇ ਨਵੇਂ ਅਰਥ ਇਤਿਹਾਸ ਦੇ ਵਰਕੇ ‘ਤੇ ਧਰੇ ਜਾਂਦੇ। ਹਥਲੇ ਲੇਖ ਵਿਚ ਉਨ੍ਹਾਂ ਮਨੁੱਖੀ ਸ਼ਖਸੀਅਤਾਂ ਦੀਆਂ ਪਰਤਾਂ ਫੋਲਦਿਆਂ ਆਖਿਆ ਹੈ ਕਿ ਕੇਹੀ ਵਿਡੰਬਨਾ ਹੈ ਕਿ ਸਾਡੀ ਕਰਨੀ ਤੇ ਕਥਨੀ ਵਿਚ ਕੋਹਾਂ ਦਾ ਅੰਤਰ ਹੈ। ਮਾਇਆ ਨੂੰ ਨਾਗਣੀ ਕਹਿਣ ਵਾਲਿਆਂ ਦੇ ਸਾਹਵੇਂ ਲੱਗਦੇ ਨੇ ਮਾਇਆ ਦੇ ਅੰਬਾਰ। ਕਿਰਤ ਕਰਨ ਦਾ ਹੌਕਾ ਦੇਣ ਵਾਲੇ ਅਤੇ ਕਿਰਤੀਆਂ ਦੀ ਲੁੱਟ ਵਿਚੋਂ ਅਤਿ-ਆਧੁਨਿਕ ਦੁਨਿਆਵੀ ਸਹੂਲਤਾਂ ਮਾਣਦੇ ਤੇ ਐਸ਼ ਉਡਾਉਂਦੇ ਅਧਰਮੀ ਬਾਬੇ, ਕਿਰਤ ਦਾ ਸਭ ਤੋਂ ਵੱਡਾ ਮਖੌਲ। -ਸੰਪਾਦਕ

ਡਾ ਗੁਰਬਖਸ਼ ਸਿੰਘ ਭੰਡਾਲ
ਮਨੁੱਖ, ਬਹੁਤ ਸਾਰੇ ਮਨੁੱਖਾਂ ਦਾ ਸੰਗ੍ਰਿਹ। ਹਰੇਕ ਦੀ ਆਪੋ-ਆਪਣੀ ਫਿਤਰਤ, ਸੁਭਾਅ, ਸੋਚ, ਸਰੋਕਾਰ ਅਤੇ ਸਮਰੂਪਤਾ। ਇਕ ਦੂਜੇ ਨਾਲੋਂ ਵਖਰੇਵੇਂ ਦੇ ਬਾਵਜੂਦ ਅਲੱਗ ਨਜ਼ਰ ਆਉਣ ਦਾ ਭਰਮ।
ਮਨੁੱਖ ਦੀਆਂ ਕਈ ਪਰਤਾਂ। ਇਨ੍ਹਾਂ ਦੀ ਸੂਖਮਤਾ ਤੇ ਸਜੀਵਤਾ, ਮਨੁੱਖੀ ਸ਼ਖਸੀਅਤ ਦੀ ਸਿਰਜਣਾ ਤੇ ਇਸ ਦੇ ਵਿਕਾਸ ਵਿਚ ਅਹਿਮ। ਕਈ ਵੇਰ ਇਕ ਪਰਤ ਆਪਣੇ ਰੰਗ ਵਿਚ ਰੰਗਣ ਲਈ ਕਾਹਲੀ। ਪਰ ਇਕ ਰੰਗ ਉਤਰਦਾ ਤਾਂ ਦੂਸਰੀ ਪਰਤ ਆਪਣੇ ਜਲਵੇ ਸੰਗ ਹਾਜ਼ਰ।
ਪਰਤ-ਬ-ਪਰਤ ਜਿਉਂਦਾ ਮਨੁੱਖ ਭਰਮ ਜਰੂਰ ਪਾਲਦਾ ਕਿ ਉਹ ਅੰਦਰੋਂ-ਬਾਹਰੋਂ ਇਕਸੁਰ, ਸ਼ੁੱਧ ਅਤੇ ਪਾਕੀਜ਼ ਹੈ। ਪਰ ਇਹ ਸਿਰਫ ਭਰਮ ਤੀਕ ਹੀ ਸੀਮਤ।
ਜੀਵ-ਸੰਸਾਰ ਵਿਚ ਸਿਰਫ ਮਨੁੱਖ ਹੀ ਅਜਿਹਾ ਜੀਵ ਜੋ ਪਰਤਾਂ ਸੰਗ ਜਿਉਂਦਾ। ਜ਼ਿਆਦਾਤਰ ਜਾਨਵਰ, ਪਾਰਦਰਸ਼ਤਾ ਦੇ ਸੁੱਚੇ ਬਿੰਬ। ਫਿਰ ਵੀ ਮਨੁੱਖ ਉਤਮ ਹੋਣ ਦਾ ਹੋਕਾ ਦਿੰਦਾ ਜੋ ਨਿਰਾ ਧੋਖਾ।
ਬੱਚੇ ਦੇ ਬੋਲ, ਸੋਚ ਤੇ ਕਰਮ ਵਿਚ ਸਪੱਸ਼ਟਤਾ, ਸੁæੱਧਤਾ ਅਤੇ ਸੱਚਾਈ ਭਾਰੂ। ਪਰ ਜਿਉਂ ਜਿਉਂ ਵੱਡਾ ਹੁੰਦਾ, ਸਮਾਜ ਉਸ ਨੂੰ ਫਰੇਬ, ਧੋਖਾ, ਝੂਠ, ਬੇਈਮਾਨੀ, ਕਪਟ ਅਤੇ ਕਮੀਨਗੀ ਦੀਆਂ ਪਰਤਾਂ ਚੜ੍ਹਾਉਂਦਾ। ਮਨੁੱਖ ਆਪਣੇ ਬਚਪਨੇ ਤੋਂ ਦੂਰ ਜਾਂਦਾ, ਸਮਾਜ ਵਿਚ ਬਹੁ-ਪਰਤੀ ਦਿੱਖ ਸਿਰਜਣ ਲਈ ਕਾਹਲਾ, ਪਰ ਇਹ ਮਸਨੂਈ ਦਿੱਖ ਸਥਿਰ ਨਾ ਰਹਿੰਦੀ। ਮਨੁੱਖ ਢਲਦੇ ਪ੍ਰਛਾਵਿਆਂ ਦੀ ਰੁੱਤੇ ਬੀਤੇ ਨੂੰ ਪਛਤਾਉਂਦਾ, ਫਿਰ ਬਚਪਨ ਵੱਲ ਮੁੜਨ ਲਈ ਅਹੁਲਦਾ। ਤਾਂਹੀਏਂ ਤਾਂ ਬਜ਼ੁਰਗ ਬੱਚਿਆਂ ਵਰਗੇ ਹੁੰਦੇ।
ਮਨੁੱਖੀ ਪਰਤਾਂ ਦੇ ਬਹੁਤ ਸਰੂਪ। ਕਦੇ ਇਹ ਪਰਤ ਮਨ ਦੀ ਬੀਹੀ ਦਸਤਕ ਦਿੰਦੀ, ਕਦੇ ਸਰੀਰਕ ਘਰ ਵਿਚ ਪ੍ਰਵੇਸ਼ ਕਰਦੀ, ਕਦੇ ਮਨੁੱਖ ਦੇ ਅੰਤਰੀਵ ਵਿਚ ਡੇਰਾ ਲਾ, ਮਨੁੱਖ ਵਿਚੋਂ ਮਨੁੱਖ ਨੂੰ ਮਨਫੀ ਕਰ ਮਖੌਟੇ ਭਰਪੂਰ ਪਲ ਜਿਊਣ ਲਈ ਮਜਬੂਰ ਕਰਦੀ।
ਅਸੀਮ ਨੇ ਮਨੁੱਖੀ ਪਰਤਾਂ ਅਤੇ ਅਸੀਮਤ ਨੇ ਹਰ ਪਰਤ ਦੀਆਂ ਪਰਤ-ਦਰ-ਪਰਤਾਂ ਬਣਾਈਆਂ। ਇਨ੍ਹਾਂ ਸੰਗ ਜਿਉਣਾ, ਅਜੋਕੀ ਜੀਵਨ-ਸ਼ੈਲੀ। ਇਨ੍ਹਾਂ ਪਰਤਾਂ ਨੂੰ ਸਮਝਣਾ, ਸਭ ਤੋਂ ਕਠਿਨ ਤੇ ਔਖਾ ਕਾਰਜ। ਇਸੇ ਲਈ ਮਨੁੱਖ ਨੂੰ ਕਦੇ ਵੀ ਸਮਝਿਆ ਨਹੀਂ ਜਾ ਸਕਦਾ। ਬਹੁਤੀ ਵਾਰ ਮਨੁੱਖ ਕੁਝ ਅਜਿਹਾ ਕਰਨ ਦਾ ਭਰਮ ਪਾਲਦਾ ਜੋ ਦਰਅਸਲ ਕਰ ਨਹੀਂ ਰਿਹਾ ਹੁੰਦਾ। ਸਭ ਤੋਂ ਬਿਖਮ ਪਹਿਲੂ ਹੀ ਇਹ ਹੈ ਕਿ ਮਨੁੱਖੀ ਕਾਰਜ ਵਿਚੋਂ ਜ਼ਿਆਦਤਰ ਮਨੁੱਖ ਖੁਦ ਗੈਰ-ਹਾਜ਼ਰ ਹੁੰਦਾ।
ਮਨੁੱਖੀ ਪਰਤਾਂ ਦੀਆਂ ਝੀਤਾਂ ਰਾਹੀਂ ਮਨੁੱਖ ਦੇ ਅੰਦਰਲੇ ਵਿਅਕਤੀ ਨੂੰ ਕੁਝ ਕੁ ਤਾਂ ਸਮਝਿਆ ਜਾ ਸਕਦਾ। ਸਿਰਜੀਆਂ ਕਲਾ-ਕ੍ਰਿਤਾਂ, ਉਲੀਕੇ ਨਕਸ਼ਾਂ ਜਾਂ ਝਰੀਟੀ ਅੱਖਰੀ ਇਬਾਰਤ ਵਿਚੋਂ ਮਨੁੱਖੀ ਮਨ ਦੀ ਕਲਪਨਾ ਕੀਤੀ ਜਾ ਸਕਦੀ ਏ, ਜਿਸ ਵਿਚੋਂ ਮਨੁੱਖ ਕਦੇ ਵੀ ਗੈਰ-ਹਾਜ਼ਰ ਨਹੀਂ ਹੁੰਦਾ।
ਮਨੁੱਖੀ ਸੂਖਮਤਾ, ਸਹਿਜ, ਕੁਰੱਖਤਾ, ਜਾਹਲਪੁਣਾ, ਕਪਟੀ ਵਿਹਾਰ, ਅਚਾਰ, ਗੁਫਤਾਰ ਅਤੇ ਰਫਤਾਰ ਨੂੰ ਮਨੁੱਖੀ ਫਿਤਰਤ ਵਿਚੋਂ ਤੁਸੀਂ ਖੁਦ-ਬ-ਖੁਦ ਅਸਾਨੀ ਨਾਲ ਦੇਖ ਸਕਦੇ ਹੋ।
ਚੌਗਿਰਦੇ ਵਿਚ ਪਸਰੀ ਮਨੁੱਖੀ-ਸੁਗੰਧ/ਬਦਬੂ, ਉਸ ਦੀ ਸ਼ਖਸੀਅਤ ਦਾ ਪੈਮਾਨਾ। ਮਨੁੱਖ ਆਪਣੇ ਆਪ ਨੂੰ ਕੁਝ ਵੀ ਸਮਝ ਸਕਦਾ ਏ ਪਰ ਮਨੁੱਖ ਦੀ ਅਸਲੀਅਤ ਸਮਾਜੀ ਬਿੰਬ ਵਿਚੋਂ ਹੀ ਨਿੱਤਰਦੀ।
ਮਨੁੱਖੀ ਪਰਤਾਂ ਜਦ ਇਕ ਦੂਜੇ ਦੀ ਤਾਕਤ ਬਣਦੀਆਂ ਤਾਂ ਮਨੁੱਖੀ ਮੁਹਾਂਦਰਾ ਸੰਧੂਰੀ ਭਾਅ ਮਾਰਦਾ ਜਿਸ ਨਾਲ ਨਿੱਖਰਦਾ ਏ ਸਮਾਜੀ ਬਿੰਬ। ਪਰ ਜਦ ਇਹ ਪਰਤਾਂ ਇਕ ਦੂਜੇ ਲਈ ਰਾਹਾਂ ਦੇ ਕੰਡੇ ਬਣਦੀਆਂ ਤਾਂ ਸਾਹਾਂ ‘ਤੇ ਸੰਤਾਪ ਖੁਣਿਆ ਜਾਂਦਾ।
ਪਰਤਾਂ ਦੀ ਕੇਹੀ ਵਿਡੰਬਨਾ ਹੈ ਕਿ ਸਾਡੀ ਕਰਨੀ ਤੇ ਕਥਨੀ ਵਿਚ ਕੋਹਾਂ ਦਾ ਅੰਤਰ। ਮਾਇਆ ਨੂੰ ਨਾਗਣੀ ਕਹਿਣ ਵਾਲਿਆਂ ਦੇ ਸਾਹਵੇਂ ਲੱਗਦੇ ਨੇ ਮਾਇਆ ਦੇ ਅੰਬਾਰ। ਕਿਰਤ ਕਰਨ ਦਾ ਹੌਕਾ ਦੇਣ ਵਾਲੇ ਅਤੇ ਕਿਰਤੀਆਂ ਦੀ ਲੁੱਟ ਵਿਚੋਂ ਅਤਿ-ਆਧੁਨਿਕ ਦੁਨਿਆਵੀ ਸਹੂਲਤਾਂ ਮਾਣਦੇ ਤੇ ਐਸ਼ ਉਡਾਉਂਦੇ ਅਧਰਮੀ ਬਾਬੇ, ਕਿਰਤ ਦਾ ਸਭ ਤੋਂ ਵੱਡਾ ਮਖੌਲ। ਸਾਦਗੀ ਦਾ ਪਰਚਮ ਲਹਿਰਾਉਣ ਵਾਲਿਆਂ ਦੇ ਪੈਰਾਂ ਵਿਚ ਰੁਲਦੀ ਏ ਸਾਦਗੀ। ਅਜਿਹਾ ਮਨੁੱਖੀ ਦੋਗਲਾਪਣ, ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ।
ਮਨੁੱਖੀ ਪਰਤਾਂ ਵਿਚਲੇ ਰੰਗ, ਮਨੁੱਖੀ ਨਕਾਸ਼ੀ ਦੇ ਪ੍ਰਮਾਣ। ਕਦੇ ਇਨ੍ਹਾਂ ਵਿਚੋਂ ਚਾਨਣ ਡੁੱਲ੍ਹਦਾ, ਕਦੇ ਹਨੇਰ ਸਿੰਮਦਾ। ਕਦੇ ਸੰਧੂਰੀ ਰੰਗਾ ਅਕਾਰ, ਕਦੇ ਢਲਦੀ ਸ਼ਾਮ ਦਾ ਗੁਬਾਰ। ਕਦੇ ਚਾਵਾਂ ਦੀ ਖੇਤੀ, ਕਦੇ ਉਦਾਸੀਆਂ ਦੀ ਬਰੇਤੀ। ਕਦੇ ਅਸੀਸਾਂ ਦਾ ਰਾਗ, ਕਦੇ ਦਰਦ-ਅਲਾਪ। ਕਦੇ ਦੁੱਖ ‘ਚੋਂ ਸੁੱਖ ਦੀ ਆਭਾ, ਕਦੇ ਹੰਝੂਆਂ ‘ਚੋਂ ਹਾਸਿਆਂ ਦਾ ਸਲਾਭਾ। ਕਦੇ ਚੀਸ ਚਸਕਣਾ, ਕਦੇ ਹਿੱਚਕੀ ਦਾ ਬੁਸਕਣਾ। ਕਦੇ ਪੈਰਾਂ ‘ਚ ਖੜਾਵਾਂ, ਕਦੇ ਕਦਮਾਂ ਨੂੰ ਸਜਾਵਾਂ। ਕਦੇ ਉਖੜੇ ਪੈਰ, ਕਦੇ ਮੰਜ਼ਿਲਾਂ ਦੀ ਖੈਰ। ਕਦੇ ਉਦਾਸੀਆਂ ਨੂੰ ਜਾਣਾ, ਕਦੇ ਆਪੇ ‘ਚ ਸਮਾਣਾ। ਕਦੇ ਤੁਰਨ ਲੱਗਿਆਂ ਰੁਕ ਜਾਣਾ, ਕਦੇ ਰੁਕਣ ਵਿਚੋਂ ਤੁਰਦੇ ਰਾਹਾਂ ਨੂੰ ਜਗਾਣਾ। ਕਦੇ ਪੈਰ ਪੈਰ ‘ਤੇ ਠੋਕਰਾਂ, ਕਦੇ ਕਦਮ-ਦਰ-ਕਦਮ ਤੋਂ ਹੋਕਰਾਂ। ਕਦੇ ਆਪਣੇ ਹੀ ਪਰਾਏ, ਕਦੇ ਦਰਦ-ਹਮਸਾਏ। ਕਦੇ ਰਿਸ਼ਤਿਆਂ ਦੀ ਮੁਥਾਜੀ, ਕਦੇ ਸਬੰਧਾਂ ਦੀ ਗੁਸਤਾਖੀ। ਕਦੇ ਅੰਬਰ ਨੂੰ ਕਲਾਵੇ ‘ਚ ਲੈਣਾ, ਕਦੇ ਰਸਾਤਲ ਦੇ ਪੈਰੀਂ ਪੈਣਾ। ਕਦੇ ਤਾਰਿਆਂ ਦੀ ਹਿੱਕ, ਕਦੇ ਮੱਸਿਆ ਦੀ ਸਿੱਕ। ਕਦੇ ਬਹਾਰ ਬਹਾਰ ਹੋ ਜਾਣਾ, ਕਦੇ ਪੱਤਝੜ ਨੂੰ ਮਨੀਂ ਵਸਾਉਣਾ। ਕਦੇ ਹਰਫਾਂ ਦੀ ਲੋਏ, ਕਦੇ ਅਰਥਾਂ ਦੇ ਟੋਏ। ਕਦੇ ਵਰਕਿਆਂ ਦਾ ਖਾਲੀਪਣ, ਕਦੇ ਤਹਿਜ਼ੀਬ ਦਾ ਭਰੱਪਣ।
ਮਨੁੱਖ ਇਕ ਸਮਾਜਿਕ ਪ੍ਰਾਣੀ। ਬਹੁਤ ਸਾਰੇ ਰੋਲ ਨਿਭਾਉਂਦਾ। ਹਰ ਰੋਲ ਵਿਚੋਂ ਬਾਖੂਬੀ ਦ੍ਰਿੜਾਉਂਦਾ। ਪਰ ਜੇ ਇਨ੍ਹਾਂ ਰੰਗਾਂ ਦਾ ਰੰਗ ਇਕਸਾਰ ਹੋਵੇ ਤਾਂ ਮਨੁੱਖ ਕਦੇ ਵੀ ਤ੍ਰਿਸਕਾਰ ਨਾ ਹੰਢਾਵੇ। ਮਾਪਾ, ਪਤੀ, ਪੁੱਤਰ, ਭਰਾ, ਭਤੀਜਾ, ਮਾਲਕ, ਨੌਕਰ, ਰਿਸ਼ਤੇਦਾਰ ਆਦਿ ਸਬੰਧਾਂ ਦੀ ਦਿੱਖ ਅਤੇ ਦਿਖਾਵੇ ਵਿਚਲਾ ਫਰਕ ਮਿਟਾਵੇ ਤਾਂ ਉਸ ਦੀ ਸ਼ਖਸੀਅਤ ‘ਚ ਹੋਰ ਨਿਖਾਰ ਆਵੇ।
ਬੋਲ ਤੇ ਵਿਚਾਰ, ਲਿਖਤ ਤੇ ਵਿਹਾਰ, ਸੋਚ ਤੇ ਕਿਰਦਾਰ, ਸਦਾਚਾਰ ਤੇ ਵਿਭਚਾਰ, ਹਲੀਮੀ ਤੇ ਹੰਕਾਰ ਅਤੇ ਨਫਰਤ ਤੇ ਪਿਆਰ ਵਿਚਲਾ ਅੰਤਰ ਜਦ ਮਿੱਟ ਜਾਵੇ ਤਾਂ ਮਨੁੱਖ ਵਿਚੋਂ ਮਨੁੱਖ ਪ੍ਰਗਟਦਾ।
ਮਨੁੱਖ ਬਣਨਾ ਸਭ ਤੋਂ ਅਸਾਨ। ਮਨੁੱਖੀ ਬਿਰਤੀਆਂ ਅਤੇ ਪਰਤਾਂ ਦੇ ਪ੍ਰਗਟਾਅ ਰਾਹੀਂ ਮਨੁੱਖ ਬਹੁਤ ਕੁਝ ਅਣਕਿਹਾ ਕਹਿ ਜਾਂਦਾ। ਪਰ ਸਭ ਤੋਂ ਸੂਖਮ, ਸਹਿਜ, ਸੰਤੋਖੀ ਅਤੇ ਸਿਰੜੀ ਸਫਰ ਮਨੁੱਖ ਤੋਂ ਇਨਸਾਨ ਦਾ ਹੁੰਦਾ। ਜਦ ਮਨੁੱਖੀ ਮਨ ਅਤੇ ਅੰਤਰੀਵ ਦੀਆਂ ਦੂਰੀਆਂ ਸਿਮਟ ਕੇ ਅਭੇਦ ਹੁੰਦੀਆਂ ਤਾਂ ਬੰਦੇ ਵਿਚੋਂ ਬੰਦਿਆਈ ਪ੍ਰਗਟ ਹੁੰਦੀ। ਉਹ ਭਲਿਆਈ ਦਾ ਠੂਠਾ ਫੜ ਕੇ ਹਰ ਦਰ ਤੋਂ ਚੰਗਿਆਈ ਤੇ ਦਾਨਾਈ ਦਾ ਦਾਨ ਮੰਗਦਾ ਤਾਂ ਭਗਤ ਪੂਰਨ ਸਿੰਘ ਜਾਂ ਮਦਰ ਟਰੇਸਾ ਵਰਗਾ ਨੇਕ ਕਰਮੀ ਪੈਦਾ ਹੁੰਦਾ। ਅਜਿਹਾ ਬਣਨ ਲਈ ਪੂਰੀ ਜ਼ਿੰਦਗੀ ਦਾਅ ‘ਤੇ ਲਾਉਣਾ ਵੀ ਸਸਤਾ ਸੌਦਾ।
ਕਾਗਜ਼ ‘ਤੇ ਲਿਖੇ ਹਰਫਾਂ ਵਿਚੋਂ ਕਲਮ ਦਾ ਅੰਤਰੀਵ ਬੋਲਦਾ। ਅੰਤਰੀਵ ਬੋਲਦਾ ਤਾਂ ਬੋਲਣ ਵਾਲੇ ਦੇ ਕਈ ਸੱਚ ਸਾਹਮਣੇ ਆ ਜਾਂਦੇ। ਕਲਮ, ਬੁਲਾਰੇ ਅਤੇ ਸੁਣਨ ਵਾਲਿਆਂ ਦੇ ਆਪੋ-ਆਪਣੇ ਸੱਚ ਅਤੇ ਪਰਤਾਂ। ਪਰ ਇਨ੍ਹਾਂ ਸਾਰਿਆਂ ਦਾ ਇਕ ਸੱਚ ਜੋ ਅਸੀਂ ਜਿਉਂਦੇ ਹਾਂ, ਉਹ ਹੈ ਸਾਹ ਅਤੇ ਸਿਵੇ ਵਿਚਲਾ ਅੰਤਰ।
ਮੁਸਕਰਾਉਂਦੇ ਚਿਹਰੇ ਹੇਠਾਂ ਕੀ ਕੁਝ ਹੋ ਰਿਹਾ ਏ, ਕਿਹੜੀ ਸੋਚ ਤੇ ਵਿਚਾਰਧਾਰਾ ਪਨਪ ਰਹੀ ਏ ਅਤੇ ਕਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ, ਕੌਣ ਜਾਣ ਸਕੇਗਾ? ਪਰਤ ਪਰਤ ਬਣੇ ਮਨੁੱਖ ਨੂੰ ਤੁਸੀਂ ਕਿਵੇਂ ਪੜ੍ਹੋਗੇ?
ਰੰਗੀਲੀ ਪਤਝੜ ਜਦ ਰੰਗਾਂ ਦਾ ਸੰਧਾਰਾ ਮਨੁੱਖੀ ਸੋਚ ਵਿਚ ਧਰਦੀ ਤਾਂ ਹਰ ਰੰਗ ਦੀ ਆਪਣੀ ਪਰਤ ਤੇ ਕਹਾਣੀ ਹੁੰਦੀ ਜੋ ਮਨੁੱਖੀ ਮਨ ਨੂੰ ਰੰਗਦੀ, ਇਸ ਦੀਆਂ ਪਰਤਾਂ ਫਰੋਲਦੀ, ਮਨੁੱਖ ਲਈ ਪਤਝੜ ਵਿਚ ਵੀ ਰੰਗ ਮਾਣਨ ਦੀ ਪ੍ਰੇਰਨਾ ਬਣਦੀ। ਪਰ ਕਿੰਨੇ ਕੁ ਲੋਕ ਨੇ ਜੋ ਜੀਵਨ-ਪਤਝੜ ਵਿਚੋਂ ਸਤਰੰਗੀ ਲੀਲਾ ਕਿਆਸਦੇ, ਜੀਵਨ ਦਾ ਹਰ ਪਲ ਮਾਣਦੇ ਨੇ।
ਕੁਝ ਲੋਕ ਅੰਦਰੋਂ ਤਿੜਕ ਕੇ ਵੀ ਬਾਹਰੋਂ ਸਾਬਤ ਰਹਿੰਦੇ। ਉਹ ਆਪਣੀ ਸੋਚ-ਸਾਧਨਾ ਅਤੇ ਸਿਰੜੀ-ਸੁਭਾਅ ਨਾਲ ਸਾਬਤ-ਕਦਮੀ ਦਾ ਸਿਰਲੇਖ ਹੁੰਦੇ। ਟੁੱਟ ਕੇ ਜੁੜਨ ਦਾ ਕ੍ਰਿਸ਼ਮਾ, ਕੁਝ ਵਿਰਲੇ ਮਨੁੱਖ ਹੀ ਹੁੰਦੇ।
ਮਨੁੱਖ ਕਈ ਪਰਤਾਂ ਵਿਚ ਜਿਉਂਦਾ। ਇਕਹਿਰੀ ਜਿੰæਦਗੀ ਜੀਵੀ ਹੀ ਨਹੀਂ ਜਾ ਸਕਦੀ। ਜ਼ਿੰਦਗੀ ਕਈ ਰੰਗਾਂ ਦਾ ਮਿਸ਼ਰਣ ਅਤੇ ਮਨੁੱਖ ਨੇ ਇਨ੍ਹਾਂ ਰੰਗਾਂ ਵਿਚ ਰੰਗਿਆ ਹੀ ਜਾਣਾ। ਸਿਰਫ ਲੋੜ ਹੈ, ਹਰ ਪਰਤ ਵਿਚ ਪਾਰਦਰਸ਼ਤਾ ਹੋਣੀ।
ਮਨੁੱਖ ਹਿੱਸਿਆਂ ਵਿਚ ਜਿਉਂਦਾ। ਟੋਟਿਆਂ ਵਿਚ ਵੰਡੀ ਜ਼ਿੰਦਗੀ, ਜੀਵਨ ਦਾ ਨਾਮਕਰਨ। ਇਹ ਟੋਟੇ, ਮਨੁੱਖੀ ਪਰਤਾਂ ਉਜਾਗਰ ਕਰਦੇ, ਮਨੁੱਖੀ ਸਮਰੂਪਤਾ, ਸੁਭਾਅ ਤੇ ਸੋਚ ਨੂੰ ਸਾਹਮਣੇ ਲਿਆਉਂਦੇ।
ਪਰਤਾਂ ਵਿਚ ਜਿਉਂਦੇ ਮਨੁੱਖ! ਕਦੇ ਖੁਦ ਵਿਚੋਂ ਖੁਦ ਨੂੰ ਮਨਫੀ ਕਰ, ਇਨ੍ਹਾਂ ਪਰਤਾਂ ‘ਤੇ ਝਾਤ ਪਾ, ਇਨ੍ਹਾਂ ਨੂੰ ਨਿਹਾਰ, ਇਨ੍ਹਾਂ ਵਿਚੋਂ ਖੁਦ ਨੂੰ ਪੜ੍ਹ, ਸਮਝ ਤੇ ਪੂਰਨ ਨਿਰਮਾਣ ਦੇ ਕਾਰਜ ਵਿਚ ਅਗਰ ਜੁਟ ਜਾਣ, ਸੁਪਨੇ ਅਤੇ ਸੰਭਾਵਨਾਵਾਂ ਖੁਦ-ਬ-ਖੁਦ ਤੇਰੇ ਦਰ ‘ਤੇ ਨਤਮਸਤਕ ਹੋਣਗੇ।
ਕਿਸੇ ਲਈ ਮਨੁੱਖੀ ਸੋਚ ਤੇ ਕਿਰਦਾਰ ਅਹਿਮ, ਕਿਸੇ ਲਈ ਰੁਤਬਾ ਤੇ ਦੌਲਤ-ਅੰਬਾਰ। ਕਿਸੇ ਲਈ ਸੁਖੀ ਵੱਸਦਾ ਪਰਿਵਾਰ ਤੇ ਕਿਸੇ ਲਈ ਆਪਣੀ ਜੈ ਜੈ ਕਾਰ। ਜ਼ਿੰਦਗੀ ਕਦੇ ਵੀ ਸਾਰੇ ਰੰਗ ਨਹੀਂ ਮਾਣ ਸਕਦੀ। ਕਿਸੇ ਇਕ ਰੰਗ ‘ਤੇ ਸਬਰ ਕਰਕੇ, ਸਾਵੇਂ, ਸਬਰੀ ਤੇ ਸੰਤੋਖੀ ਜੀਵਨ ਵਿਚੋਂ ਜ਼ਿੰਦਗੀ ਨੂੰ ਮਾਣਿਆ ਜਾ ਸਕਦਾ। ਕਈ ਬੇੜੀਆਂ ਦੇ ਸਵਾਰ ਦੇ ਲੇਖਾਂ ਵਿਚ ਹੁੰਦਾ ਏ ਮੰਝਧਾਰ ਦਾ ਸਫਰ।
ਮਨੁੱਖ, ਪਰਤਾਂ ਫਰੋਲਣ ਵਿਚ ਮਾਹਰ। ਪਹਿਰਾਵੇ ਵਿਚੋਂ ਜਿਸਮੀ ਝਲਕ ਕਿਆਸਦਾ, ਮੱਥੇ ਦੀਆਂ ਰੇਖਾਵਾਂ ‘ਚੋਂ ਚਿੰਤਾ ਜਾਂ ਚੇਤਨਾ ਨੂੰ ਭਾਲਦਾ, ਨੈਣੀ ਦਿੱਖ ਵਿਚੋਂ ਸੁਪਨਿਆਂ ਦਾ ਮਾਤਮ ਜਾਂ ਜਸ਼ਨ ਨਿਹਾਰਦਾ ਅਤੇ ਸਰੀਰਕ ਹਿਲਜੁਲ ਵਿਚੋਂ ਅੰਦਰਲੀ ਟੁੱਟ-ਭੱਜ ਨੂੰ ਮਾਨਸਿਕਤਾ ਵਿਚ ਢਾਲਦਾ, ਗਿਣਤੀ-ਮਿਣਤੀਆਂ ਵਿਚ ਉਲਝ, ਖੁਦ ਹੀ ਪਰਤਾਂ ਦੀ ਉਲਝੀ ਤਾਣੀ ਬਣ ਜਾਂਦਾ।
ਮਨੁੱਖ, ਸਮਾਜੀ ਰਿਸ਼ਤਿਆਂ ਦਾ ਬੇਲੋੜਾ ਬੋਝ ਢੋਂਦਾ, ਮਾਨਸਿਕ ਸੰਤੁਲਨ ਖੋਂਹਦਾ, ਬੋਲਾਂ, ਕੰਮਾਂ ਜਾਂ ਹਰਕਤਾਂ ਰਾਹੀਂ ਅੰਦਰ ਨੂੰ ਪ੍ਰਗਟਾਉਂਦਾ। ਅਜੋਕੀ ਕਲਾ ਨੇ ਅਜਿਹੀ ਤਿੜਕਣ, ਟੁੱਟਣ ਅਤੇ ਬਿਖਰਨ ਦੀ ਵੇਦਨਾ ਪ੍ਰਗਟ ਕਰਕੇ, ਮਨੁੱਖ ਨੂੰ ਬਿਖਰਨ ਦੀ ਕੰਗਾਰ ‘ਤੇ ਲਿਆ ਖਲਿਆਰਿਆ ਏ। ਗਿਆਨ ਦੇ ਵਿਕਾਸ ਨਾਲ ਅਮੂਰਤ ਮਨੁੱਖੀ ਪਰਤਾਂ ਵੀ ਜੱਗ-ਜ਼ਾਹਰ ਹੋ ਰਹੀਆਂ ਨੇ, ਜਿਨ੍ਹਾਂ ਨੇ ਵਿਕਾਸ ਨੂੰ ਵਿਨਾਸ਼ ਬਣਾ ਦਿਤਾ ਏ।
ਕੇਹੀ ਫਿਤਰਤ ਹੈ, ਲੋਕ ਪਰਤਾਂ ‘ਚ ਵੱਸਦੇ, ਪਰਤਾਂ ‘ਚ ਜਿਉਂਦੇ ਅਤੇ ਪਰਤ-ਦਰ-ਪਰਤ ਸਾਹਾਂ ਨੂੰ ਸਿਉਂਦੇ। ਪਰਤ ‘ਚ ਪਾਪ ਤੇ ਪੁੰਨ ਉਪਜਾਉਂਦੇ, ਪਰਤਾਂ ਦਾ ਤਨ ‘ਤੇ ਲੰਗਾਰ ਸਜਾਉਂਦੇ। ਪਰਤ ਕਦੇ ਸੁਲਘਦੀ ਲਾਟ ਦਾ ਸੇਕ, ਪਰਤ ਦੀ ਉਡੀਕ-ਸਿਰਹਾਣੇ ਦੀ ਟੇਕ। ਪਰਤ ‘ਚੋਂ ਮਨਫੀ ਪਰਤ ਜੇ ਹੋਵੇ, ਸਾਹਾਂ ਦੀ ਤੰਦੇ ਨਾ ਸਿਸਕੀਆਂ ਪਰੋਵੇ। ਪਰਤ ਪ੍ਰਾਹੁਣੀ ਹਰ ਦਮ ਹੀ ਰਹਿੰਦੀ, ਕਦੇ ਵੀ ਮਨ-ਦਰ ‘ਤੇ ਟਿੱਕ ਕੇ ਨਾ ਬਹਿੰਦੀ। ਪਰਤ ਦਾ ਜਾਣਾ ਤੇ ਪਰਤ ਦਾ ਆਉਣਾ, ਇਕ ਪਲ ਰਵਾਉਣਾ ਤੇ ਦੂਜੇ ਪਲ ਮਨਾਉਣਾ। ਪਰਤ ‘ਚੋਂ ਪ੍ਰਤੱਖ ਨਜ਼ਰੀਂ ਆਵੇ, ਸਿਰਫ ਝਉਲੇ ਦੇ ਓਹਲੇ ਰਹਿ ਜਾਵੇ। ਪਰਤ-ਪਾਕੀਜ਼ੀ ਦਾ ਹਾਣ ਜੋ ਲੋਚੇ, ਆਪਣੇ ਹੱਥੀਂ ਖੁਦ ਨੂੰ ਨੋਚੇ। ਪਰਤ ‘ਚੋਂ ਆਪਣੇ ਰੰਗ ਪਛਾਣੋ, ਪਰਤ ਦੀਆਂ ਤਹਿਆਂ ‘ਚੋਂ ਖੁਦ ਨੂੰ ਜਾਣੋ। ਪਰਤਾਂ ਤਾਂ ਸੱਗਵੀਂ ਸੋਚ ਦਾ ਦਾਇਰਾ, ਪਰਤਾਂ ਵਿਚੋਂ ਹੀ ਝਰੇ ਸਵੇਰਾ। ਸੁੱਚੀ ਪਰਤ ਜੇ ਜਿੰਦ ਹੰਢਾਵੇ, ਤਾਂ ਮਨੁੱਖੀ ਮਨ ਸੁਖਨ-ਰਾਗ ਅਲਾਹੇ।
ਮਨੁੱਖੀ ਮਨ ਦੀ ਕੇਹੀ ਤ੍ਰਾਸਦੀ ਹੈ ਕਿ ਇਹ ਬਿਗਾਨੀ ਪੀੜਾ ਵਿਚੋਂ ਖੁਸ਼ੀ ਭਾਲਦਾ। ਦੁਨੀਆਂ ਇਕ ਕੰਡਿਆਲੀ ਥੋਰ ਅਤੇ ਇਸ ‘ਚ ਰਹਿੰਦਿਆਂ ਕੰਡੇ ਤਾਂ ਚੁਭਣਗੇ ਹੀ। ਪਰ ਕਦੇ ਕਦਾਈਂ ਕੰਡਿਆਂ ਦੀ ਵੀ ਫੁੱਲਾਂ-ਰੂਪੀ ਅਮਾਨਤ ਬਣਾਓ, ਖੇੜਿਆਂ ਅਤੇ ਚਾਵਾਂ ਦਾ ਨਿਉਂਦਾ, ਸੋਚ-ਦਰ ਜਰੂਰ ਖੜਕਾਵੇਗਾ।
ਪਰਤਾਂ ਵਿਚ ਜਿਉਂਦਾ ਮਨੁੱਖ, ਮਾਇਆ-ਰੂਪੀ ਪਰਤ ਵੱਲ ਜ਼ਿਆਦਾ ਆਕਰਸ਼ਤ। ਭਾਵੇਂ ਕੋਈ ਭੇਖੀ ਸਾਧੂ ਹੋਵੇ, ਯੋਗ-ਕਰਮੀ ਹੋਵੇ ਜਾਂ ਦੁਨੀਆਂ ਤੋਂ ਨਿਰਲੇਪ ਰਹਿਣ ਦਾ ਭਰਮ ਪਾਲਦਾ ਹੋਵੇ। ਇਸੇ ਲਈ ਤਾਂ ਗੁਰੂ ਅਰਜਨ ਦੇਵ ਫੁਰਮਾਉਂਦੇ ਨੇ, “ਓਤੈ ਸਾਥਿ ਮਨੁੱਖੁ ਹੈ ਫਾਥਾ ਮਾਇਆ ਜਾਲਿ॥” ਮਨੁੱਖੀ ਮਨ ਵਿਚ ਮਨੁੱਖਤਾ ਵੀ ਰਹਿੰਦੀ ਤੇ ਮਾਇਆ ਵੀ। ਇਹ ਤਾਂ ਮਨੁੱਖ ਦੇ ਵੱਸ ਹੈ ਕਿ ਉਸ ਨੇ ਕਿਸ ਪਰਤ ਨੂੰ ਫਰੋਲ, ਇਸ ਦੇ ਰੰਗ ਵਿਚ ਰੰਗਿਆ ਜਾਣਾ ਏ।
ਮਾਨਵੀ ਸੋਚ ਤੇ ਕਿਰਦਾਰ ਤੋਂ ਵਿਹੂਣੇ ਅਤੇ ਅਮਾਨਵੀ ਪਰਤਾਂ ਵਿਚ ਜਿਉਂਦੇ ਮਨੁੱਖ ਦਾ ਚਿੱਤਰਣ ਕਰਦਿਆਂ ਭਗਤ ਕਬੀਰ ਬਾਖੂਬੀ ਸਮਝਾਉਂਦੇ ਨੇ, “ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁੱਖੁ ਜਨਮੁ ਹੈ ਹਾਰਿਓ॥” ਕੀ ਕਦੇ ਅਜਿਹੀ ਧਰਮੀ ਸੋਚ ਨੂੰ ਆਪਣੀਆਂ ਪਰਤਾਂ ਵਿਚ ਰਮਾਉਣ ਦੀ ਚੇਸ਼ਟਾ ਪੈਦਾ ਕੀਤੀ ਏ?
ਪਰਤਾਂ ਵਿਚ ਜਿਉਂਦਾ ਮਨੁੱਖ ਜਦ ਪਰਤਾਂ ਵਿਚੋਂ ਪਿਆਰ, ਪਹਿਲਕਦਮੀ, ਪਾਕੀਜ਼ਗੀ, ਪੁਰ-ਖਲੂਸੀ, ਪਾਹੁਲ ਤੇ ਪਵਿੱਤਰਤਾ ਦੀਆਂ ਪਰਤਾਂ ਫਰੋਲ, ਜ਼ਿੰਦਗੀ ਦੇ ਹਰ ਵਰਕੇ ‘ਤੇ ਨੂਰੀ ਰੰਗਾਂ ਦੀ ਚਿੱਤਰਕਾਰੀ ਕਰਦਾ ਤਾਂ ਜੀਵਨ ਸਫਰ ਵਿਚ ਰੰਗਾਂ ਦੀ ਇਨਾਇਤ ਹੁੰਦੀ। ਇਨ੍ਹਾਂ ਰੰਗਾਂ ਵਿਚਲਾ ਜੀਵਨੀ ਸੁਖਨ, ਸੂਖਮ ਤੇ ਸੁੱਚਮ, ਜੀਵਨ-ਅਮੁਲਤਾ ਅਤੇ ਅਸੀਮਤਾ ਦੀ ਨਿਆਮਤ।
ਕਾਸ਼! ਮਨੁੱਖੀ ਮਨ ਅਜਿਹੀਆਂ ਪਰਤਾਂ ਨੂੰ ਅੰਗੀਕਾਰ ਕਰੇ।
ਆਮੀਨ।