ਰਮੇਸ਼ ਬੱਗਾ ਚੋਹਲਾ
ਫੋਨ: 91-94631-32719
ਬਲੀਦਾਨ ਦੀ ਭਾਵਨਾ ਬਹੁਤ ਹੀ ਉਚੀ ਅਤੇ ਸੁੱਚੀ ਹੁੰਦੀ ਹੈ। ਇਹ ਵਿਰਲਿਆਂ ‘ਚ ਹੀ ਉਪਜਦੀ ਹੈ, ਪਰ ਜਿਨ੍ਹਾਂ ਮਨੁੱਖਾਂ ਵਿਚ ਉਪਜ ਪੈਂਦੀ ਹੈ, ਉਹ ਸਦੀਵੀ ਤੌਰ ‘ਤੇ ਅਮਰ ਹੋ ਜਾਂਦੇ ਹਨ। ਇਸ ਅਮਰਤਾ ਦੀ ਪਦਵੀ ਤੱਕ ਪਹੁੰਚ ਕਰਨ ਲਈ ਉਨ੍ਹਾਂ ਮਰਜੀਵੜਿਆਂ ਨੂੰ ‘ਸੀਸ ਤਲੀ’ ‘ਤੇ ਧਰ ਕੇ ਸ਼ਹਾਦਤ ਦੇ ਜਾਮ ਵੀ ਪੀਣੇ ਪੈਂਦੇ ਹਨ। ਵਕਤ ਦੀਆਂ ਹਕੂਮਤਾਂ ਇਨ੍ਹਾਂ ਸਿਰਲੱਥ ਸੂਰਮਿਆਂ ਨੂੰ ਬੇਸ਼ੱਕ ਲਾਲਚ ਜਾਂ ਡਰਾਵੇ ਦੇਈ ਜਾਣ ਪਰ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਹਾਮੀ ਭਰਨ ਵਾਲੇ ਇਹ ਮਹਾਂਪੁਰਖ ਕਿਸੇ ਵੀ ਕਿਸਮ ਦੀ ਕੁਰਬਾਨੀ ਕਰਨ ਲੱਗਿਆਂ ਕੰਨੀਂ ਨਹੀਂ ਕਤਰਾਉਂਦੇ। ਇਸੇ ਤਰ੍ਹਾਂ ਦੀ ਹੀ ਕੁਰਬਾਨੀ ਦੇ ਪਾਤਰ ਹਨ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ।
ਗੁਰਮਤਿ ਦੇ ਜਵੀਏ ਤੋਂ ਸੂਰਮੇ ਦੋ ਕਿਸਮ ਦੇ ਹੁੰਦੇ ਹਨ। ਇੱਕ ਉਹ, ਜਿਸ ਨੇ ਵਾਹਿਗੁਰੂ ਦੀ ਕ੍ਰਿਪਾ ਨਾਲ ਆਪਣੀ ਹਊਮੈ ਨੂੰ ਮਾਰ ਲਿਆ ਹੋਵੇ। ਦੂਜਾ ਉਹ, ਜੋ ਨਿਮਾਣਿਆਂ ਦਾ ਮਾਣ ਅਤੇ ਨਿਤਾਣਿਆਂ ਦਾ ਤਾਣ ਬਣਨ ਲਈ ਆਵਾਜ਼ ਬੁਲੰਦ ਕਰਦਾ ਹੈ। ਮਜ਼ਲੂਮਾਂ ਦੀ ਖਾਤਰ ਉਠਾਈ ਗਈ ਆਵਾਜ਼ ਜਦੋਂ ਸਮੇਂ ਦੇ ਹਾਕਮਾਂ ਦੇ ਕੰਨੀਂ ਪਹੁੰਚਦੀ ਹੈ ਤਾਂ ਜ਼ਾਲਮ ਹਾਕਮ ਅਤੇ ਉਨ੍ਹਾਂ ਦੇ ਝੋਲੀ ਚੁੱਕ ਹੱਕ ਸੱਚ ਦੀ ਆਵਾਜ਼ ਦਬਾਉਣ ਲਈ ਕੋਝੀਆਂ ਚਾਲਾਂ ਚਲਦੇ ਹਨ। ਸੱਤਾਧਾਰੀ ਧਿਰ ਭਾਵੇਂ ਵਕਤੀ ਤੌਰ ‘ਤੇ ਇਨ੍ਹਾਂ ਚਾਲਾਂ ਵਿਚ ਕਾਮਯਾਬ ਵੀ ਹੋ ਜਾਵੇ ਪਰ ਜਿੱਤ ਹਮੇਸ਼ਾ ਸੱਚ ਤੇ ਇਸ ‘ਤੇ ਪਹਿਰਾ ਦੇਣ ਵਾਲਿਆਂ ਦੀ ਹੀ ਹੁੰਦੀ ਹੈ। ਇਸੇ ਤਰ੍ਹਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਵੀ ਅਸੀਂ ਸਮੇਂ ਦੇ ਸੱਚ ਅਤੇ ਉਸ ਉਤੇ ਡੱਟ ਕੇ ਦਿੱਤੇ ਗਏ ਪਹਿਰੇ ਦੇ ਸੰਦਰਭ ਵਿਚ ਹੀ ਵੇਖ ਸਕਦੇ ਹਾਂ। ਅਜਿਹੇ ਮਹਾਂਬਲੀਆਂ ਬਾਬਤ ਭਗਤ ਕਬੀਰ ਰਾਗ ਮਾਰੂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1105 ਰਾਹੀਂ ਬਿਆਨਦੇ ਹਨ:
ਸੂਰਾ ਸੋ ਪਹਿਚਾਨੀਐ
ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ
ਕਬਹੂੰ ਨ ਛਾਡੈ ਖੇਤੁ॥
ਧਾਰਮਿਕ ਆਜ਼ਾਦੀ ਤੇ ਬਰਾਬਰੀ ਹਿੱਤ ਆਪਾ ਨਿਛਾਵਰ ਕਰਨ ਵਾਲੇ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਪਹਿਲੀ ਅਪਰੈਲ 1621 ਨੂੰ ਪਿਤਾ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਨਾਨਕੀ ਦੇ ਗ੍ਰਹਿ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਉਹ ਪੰਜ ਭੈਣ-ਭਰਾਵਾਂ ‘ਚੋਂ ਸਭ ਤੋਂ ਛੋਟੇ ਸਨ। ਬਚਪਨ ਤੋਂ ਹੀ ਉਹ ਸਾਧੂ ਸੁਭਾਅ, ਸੋਚਵਾਨ, ਦਲੇਰ, ਤਿਆਗੀ ਅਤੇ ਪਰਉਪਕਾਰੀ ਤਬੀਅਤ ਦੇ ਮਾਲਕ ਸਨ। ਗੁਰਮਤਿ ਦੇ ਗੁਰ ਹਾਸਲ ਕਰਨ ਦੇ ਨਾਲ-ਨਾਲ ਉਨ੍ਹਾਂ ਯੁੱਧ ਕਲਾ ਦੇ ਦਾਅ ਵੀ ਸਿੱਖੇ। ਗੁਰਮਤਿ ਗਿਆਨ ਨਾਲ ਆਪ ਜੰਗੀ ਪੈਂਤੜਿਆਂ ਦੇ ਵੀ ਜਾਣੂੰ ਹੋ ਗਏ। ਗੁਰੂ ਪਿਤਾ ਵੱਲੋਂ ਬਖਸ਼ਿਆ ਸੰਤ ਤੇ ਸਿਪਾਹੀ ਦਾ ਸੰਕਲਪ ਗੁਰੂ ਤੇਗ ਬਹਾਦਰ ਦੀ ਸ਼ਖਸੀਅਤ ਵਿਚ ਪੂਰਨ ਰੂਪ ਵਿਚ ਉਜਾਗਰ ਹੋਣ ਲੱਗਾ।
ਇਸੇ ਸਦਕਾ ਉਨ੍ਹਾਂ ਕਰਤਾਰਪੁਰ ਸਾਹਿਬ ਦੀ ਜੰਗ ਸਮੇਂ ਸੰਤ (ਤਿਆਗ ਮੱਲ) ਤੋਂ ਸਿਪਾਹੀ (ਤੇਗ ਬਹਾਦਰ) ਤੱਕ ਦਾ ਸਫਰ ਤੈਅ ਕੀਤਾ। ਦੁਸ਼ਮਣਾਂ ਨਾਲ ਦੋ ਹੱਥ ਕਰਨ ਪਿਛੋਂ ਗੁਰੂ ਹਰਗੋਬਿੰਦ ਸਾਹਿਬ ਸੰਨ 1635 ਦੇ ਜੇਠ ਮਹੀਨੇ ਕੀਰਤਪੁਰ ਸਾਹਿਬ ਆ ਗਏ। ਨੌਵੇਂ ਪਾਤਸ਼ਾਹ ਤੇਗ ਬਹਾਦਰ ਵੀ ਉਨ੍ਹਾਂ ਦੀ ਸੰਗਤ ਵਿਚ ਸਨ। ਕੀਰਤਪੁਰ ਸਾਹਿਬ ਲਗਭਗ ਇੱਕ ਦਹਾਕਾ ਗੁਜਾਰਨ ਕਰਕੇ ਉਨ੍ਹਾਂ ਉਤੇ ਗੁਰ ਮਰਿਆਦਾ ਦਾ ਪੂਰਾ ਪ੍ਰਭਾਵ ਪੈ ਚੁਕਾ ਸੀ। ਇਸ ਪ੍ਰਭਾਵ ਸਦਕਾ ਉਨ੍ਹਾਂ ਦਾ ਦਿਲ ਲੋੜਵੰਦਾਂ ਲਈ ਧੜਕਣ ਲੱਗ ਪੈਂਦਾ ਸੀ। ਗਰੀਬ-ਗੁਰਬੇ ਦੀ ਮਦਦ ਲਈ ਆਪ ਹਮੇਸ਼ਾ ਯਤਨਸ਼ੀਲ ਰਹਿੰਦੇ। ਗੁਰੂ ਹਰਗੋਬਿੰਦ ਸਾਹਿਬ ਨੇ 1644 ਈæ ਵਿਚ ਆਪਣੇ ਪਰਿਵਾਰ (ਮਾਤਾ ਨਾਨਕੀ ਤੇ ਸਾਹਿਬਜ਼ਾਦਾ ਤੇਗ ਬਹਾਦਰ) ਨੂੰ ਬਕਾਲਾ ਨਗਰ ਦੀ ਧਰਤੀ ਨੂੰ ਭਾਗ ਲਗਾਉਣ ਲਈ ਕਿਹਾ। ਗੁਰੂ ਪਿਤਾ ਦਾ ਹੁਕਮ ਮੰਨਦਿਆਂ ਗੁਰੂ ਤੇਗ ਬਹਾਦਰ ਆਪਣੀ ਮਾਤਾ ਅਤੇ ਪਤਨੀ (ਮਾਤਾ ਗੁਜਰੀ) ਸਮੇਤ ਬਕਾਲੇ ਆ ਗਏ। ਇਹ ਉਨ੍ਹਾਂ ਦਾ ਨਾਨਕਾ ਪਿੰਡ ਸੀ। ਉਦੋਂ ਉਨ੍ਹਾਂ ਦੀ ਉਮਰ 20 ਕੁ ਸਾਲ ਸੀ। ਸੇਵਾ ਤੇ ਸਿਮਰਨ ਦੇ ਨਾਲ-ਨਾਲ ਉਹ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਪੂਰੀ ਤਨਦੇਹੀ ਨਾਲ ਨਿਭਾਉਂਦੇ। ਇੱਥੇ ਰਹਿੰਦਿਆਂ ਕਈ ਗੁਰਸਿੱਖ ਉਨ੍ਹਾਂ ਨੂੰ ਮਿਲਣ ਆਇਆ ਕਰਦੇ। ਪ੍ਰਸ਼ਾਦੇ-ਪਾਣੀ ਦੀ ਸੇਵਾ ਤੋਂ ਬਾਅਦ ਗੁਰੂ ਕੀਆਂ ਅਕੱਥ ਕਹਾਣੀਆਂ ਛੋਹੀਆਂ ਜਾਂਦੀਆਂ। ਇੱਕ ਵਾਰੀ ਇੱਕ ਗੁਰਸਿੱਖ ਨੇ ਤੇਗ ਬਹਾਦਰ ਤੋਂ ਪੁੱਛਿਆ, ਰੱਬ ਦੇ ਪਿਆਰਿਆਂ ਨੂੰ ਕਸ਼ਟ ਕਿਉਂ ਆਉਂਦੇ ਹਨ? ਤਾਂ ਗੁਰੂ ਤੇਗ ਬਹਾਦਰ ਦਾ ਜਵਾਬ ਸੀ, ਦੁਨੀਆਂ ਦੀ ਅਸਲੀਅਤ ਦੁੱਖਾਂ ਵਿਚ ਜਲਦੀ ਸਮਝ ਆ ਜਾਂਦੀ ਹੈ। ਸਾਨੂੰ ਦੁੱਖਾਂ ਨੂੰ ਉਸ ਦੀ ਦਾਤ ਹੀ ਸਮਝਣਾ ਚਾਹੀਦਾ ਹੈ। ਇੱਕ ਸੇਵਕ ਨੇ ਜਦੋਂ ਭਗਤੀ ਦੇ ਪੜਾਵਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ਪਹਿਲਾ ਪੜਾਅ ਹੈ, ਉਸ ਵੱਲੋਂ ਚਿੱਤ ਹਟਾਉਣਾ, ਜੋ ਅਕਾਲ ਪੁਰਖ ਵੱਲੋਂ ਚਿੱਤ ਹਟਾਏ। ਦੂਜਾ ਪੜਾਅ, ਸਭ ਕੁੱਝ ਨੂੰ ਭੁੱਲ ਭੁਲਾ ਕੇ ਉਸ ਪਰਮ ਪਿਤਾ ਨਾਲ ਪ੍ਰੇਮ ਕਰਨਾ ਹੈ। ਤੀਜਾ ਪੜਾਅ, ਸਵਾਸ ਸਵਾਸ ਰੱਬ ਨੂੰ ਆਪਣੇ ਹਿਰਦੇ ਦਾ ਸ਼ਿੰਗਾਰ ਬਣਾ ਕੇ ਰੱਖਣਾ ਹੈ। ਜਦੋਂ ਉਹ ਬਕਾਲੇ ਤੋਂ ਆਪਣੇ ਸਾਲੇ ਭਾਈ ਕ੍ਰਿਪਾਲ ਚੰਦ ਨੂੰ ਮਿਲਣ ਲਈ ਕੀਰਤਪੁਰ ਸਾਹਿਬ ਜਾਂਦੇ ਤਾਂ ਸੱਤਵੇਂ ਪਾਤਸ਼ਾਹ ਸ੍ਰੀ ਹਰਿ ਰਾਏ ਦੇ ਦਰਬਾਰ ਦੀ ਹਾਜ਼ਰੀ ਵੀ ਭਰਦੇ। ਗੁਰੂ ਘਰ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਦੇਖ ਕੇ ਸੱਤਵੇਂ ਪਾਤਸ਼ਾਹ ਨੇ ਉਨ੍ਹਾਂ ਨੂੰ 1656 ਈæ ਵਿਚ ਮਾਲਵਾ, ਹਰਿਆਣਾ, ਉਤਰ ਪ੍ਰਦੇਸ਼ ਅਤੇ ਬਿਹਾਰ ਆਦਿ ਪੂਰਬੀ ਪ੍ਰਾਤਾਂ ਵਿਚ ਗੁਰਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ। ਇਹ ਜ਼ਿੰਮੇਵਾਰੀ ਨਿਭਾਉਣ ਲਈ ਉਨ੍ਹਾਂ ਗੁਰੂ ਘਰਾਂ ਦੇ ਪ੍ਰੀਤਵਾਨਾਂ ਦਾ ਇੱਕ ਪ੍ਰਚਾਰਕ ਜਥਾ ਤਿਆਰ ਕਰ ਲਿਆ ਜਿਸ ਨੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਗੁਰਮਤਿ ਬਹੁਤ ਲਗਨ ਨਾਲ ਪੁੱਜਦਾ ਕੀਤਾ।
ਗੁਰੂ ਹਰਿਕ੍ਰਿਸ਼ਨ ਜੋਤੀ-ਜੋਤਿ (30 ਮਾਰਚ 1664) ਸਮਾਉਣ ਤੋਂ ਇੱਕ ਦਿਨ ਪਹਿਲਾਂ ਗੁਰ-ਗੱਦੀ ਦਾਦਾ ਗੁਰੂ ਤੇਗ ਬਹਾਦਰ ਨੂੰ ਬਾਬਾ ਬਕਾਲੇ ਦੇ ਸ਼ਬਦਾਂ ਨਾਲ ਕਰ ਗਏ ਸਨ, ਪਰ ਇਸ ਦਾ ਬਹੁਤਾ ਪ੍ਰਚਾਰ ਨਾ ਹੋਣ ਕਰਕੇ ਇਸ ਮੌਕੇ ਦਾ ਲਾਭ ਕਈ ਸਵਾਰਥੀ ਅਤੇ ਭੇਖਧਾਰੀ ਲੋਕਾਂ ਨੇ ਵੀ ਲੈਣਾ ਚਾਹਿਆ। ਉਹ ਬਾਬੇ ਬਕਾਲੇ ਆਪਣੀਆਂ ਗੱਦੀਆਂ ਲਾ ਕੇ ਬੈਠ ਗਏ ਅਤੇ ਗੁਰੂ ਨਾਨਕ ਦੇ ਘਰ ਦੇ ਸੱਚੇ ਵਾਰਸ ਹੋਣ ਦਾ ਢਕਵੰਜ ਕਰਨ ਲੱਗੇ। ਇਨ੍ਹਾਂ ਢਕਵੰਜੀਆਂ ਵਿਚ ਗੁਰੂ ਹਰਕ੍ਰਿਸ਼ਨ ਦਾ ਚਾਚਾ ਧੀਰਮੱਲ ਸਭ ਤੋਂ ਅੱਗੇ ਸੀ। ਇੰਜ ਇਨ੍ਹਾਂ ਨਕਲੀ ਗੁਰੂਆਂ ਦੀ ਤਾਦਾਦ 22 ਤੱਕ ਪਹੁੰਚ ਗਈ। ਸਿੱਖ ਸੰਗਤਾਂ ਲਈ ਇਹ ਸਮਾਂ ਇਮਤਿਹਾਨ ਦਾ ਸਮਾਂ ਸੀ। ਇਸ ਸਮਝਦਾਰੀ ਦਾ ਭਾਈ ਮੱਖਣ ਸ਼ਾਹ ਲੁਬਾਣਾ ਨੇ ਦਿੱਤਾ। 1664 ਈæ ਦੀ ਦੀਵਾਲੀ ਮੌਕੇ ਗੁਰੂ ਨਾਨਕ ਦਰਬਾਰ ਦਾ ਇਹ ਅਨਿਨ ਸ਼ਰਧਾਲੂ ਮਸੰਦ ਆਪਣੀ ਪਤਨੀ ਸੋਲਜਹੀ ਅਤੇ ਆਪਣੇ ਸਪੁੱਤਰਾਂ ਲਾਲ ਚੰਦ ਤੇ ਚੰਦੂ ਲਾਲ ਸਮੇਤ ਬਾਬੇ ਬਕਾਲੇ ਆਇਆ। ਮੱਖਣ ਸ਼ਾਹ ਨੇ ਇੱਥੇ ਆਪਣੇ ਆਪ ਨੂੰ ਗੁਰੂ ਹਰਕ੍ਰਿਸ਼ਨ ਦੇ ਗੱਦੀ-ਨਸ਼ੀਨ ਦੱਸਣ ਵਾਲੇ ਬਹੁਤ ਸਾਰੇ ਨਕਲੀ ਗੁਰੂਆਂ ਦੇ ਭੰਬਲਭੂਸੇ ਵਿਚੋਂ ਬਾਹਰ ਨਿਕਲਣ ਲਈ ਇੱਕ ਵਿਉਂਤ ਬਣਾਈ। ਇਸ ਤਹਿਤ ਉਸ ਨੇ ਹਰੇਕ ਦਾਅਵੇਦਾਰ ਅੱਗੇ ਦੋ-ਦੋ ਮੋਹਰਾਂ ਰੱਖ ਦਿੱਤੀਆਂ। ਮੋਹਰਾਂ ਦੇਖ ਕੇ ਸਾਰੇ ਨਕਲੀ ਗੱਦੀਦਾਰ ਪ੍ਰਸੰਨ ਤਾਂ ਹੋ ਰਹੇ ਸਨ, ਪਰ ਅਸਲ ਦਸਵੰਧ ਦੀ ਮਾਇਆ ਕੋਈ ਨਹੀਂ ਮੰਗ ਰਿਹਾ ਸੀ। ਨਿਰਾਸ਼ ਹੋਏ ਭਾਈ ਮੱਖਣ ਸ਼ਾਹ ਨੂੰ ਕਿਸੇ ਨੇ ਗੁਰੂ ਤੇਗ ਬਹਾਦਰ ਦੇ ਟਿਕਾਣੇ ਦੀ ਦੱਸ ਪਾਈ। ਜਦੋਂ ਉਹ ਉਥੇ ਪਹੁੰਚਿਆ ਤਾਂ ਗੁਰੂ ਜੀ ਨਾਮ ਸਿਮਰਨ ਵਿਚ ਜੁੜੇ ਹੋਏ ਸਨ। ਜਦੋਂ ਮੱਖਣ ਸ਼ਾਹ ਨੇ ਇੱਥੇ ਵੀ ਦੋ ਮੋਹਰਾਂ ਰੱਖ ਕੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਤਾਂ ਦਿਲਾਂ ਦੀਆਂ ਜਾਣਨ ਵਾਲੇ ਬਾਬੇ ਨੇ ਕਿਹਾ, ਗੁਰੂ ਘਰ ਵਿਚ ਮਾਇਆ ਦਾ ਕੋਈ ਲਾਲਚ ਨਹੀਂ, ਪਰ ਇਹ ਤਾਂ ਦੱਸੋ ਕਿ ਦਸਵੰਧ ਦੀ ਬਾਕੀ ਮਾਇਆ ਕਿੱਥੇ ਹੈ? ਇਹ ਬਚਨ ਸੁਣ ਕੇ ਮੱਖਣ ਸ਼ਾਹ ਲੁਬਾਣੇ ਦੀ ਖੁਸ਼ੀ ਉਛਾਲਾ ਮਾਰ ਗਈ ਅਤੇ ਉਹ ਛੱਤ ਉਪਰ ਚੜ੍ਹ ਕੇ ਬੁਲੰਦ ਆਵਾਜ਼ ਵਿਚ ਕਹਿਣ ਲੱਗਾ, ਗੁਰੂ ਲਾਧੋ ਰੇ! ਗੁਰੂ ਲਾਧੋ ਰੇ!!
ਇਸ ਮੌਕੇ ਦੀ ਤਸਵੀਰ ਸੂਰਜ ਪ੍ਰਕਾਸ਼ ਦੇ ਲੇਖਕ ਨੇ ਇੰਜ ਖਿੱਚੀ ਹੈ:
ਭੁਲੀਏ ਸੰਗਤਿ! ਸੁਨਹੁ ਸੁ ਕਾਨ।
ਸਤਿਗੁਰੁ ਲਧਾ ਮਰਦ ਮਹਾਨ।
ਗੁਰੂ ਕਿਆਂ ਵੱਲੋਂ ਨਵੇਂ ਨਗਰ ਵਸਾਉਣ ਦੀ ਪ੍ਰਥਾ ਤਹਿਤ ਨੌਵੇਂ ਗੁਰਾਂ ਨੇ ਬਾਬਾ ਬੁੱਢਾ ਦੀ ਅੰਸ਼ ਬਾਬਾ ਗੁਰਦਿੱਤਾ ਤੋਂ ਸੰਨ 1665 ਦੇ ਜੂਨ ਮਹੀਨੇ ਵਿਚ ਚੱਕ ਨਾਨਕੀ ਨਗਰ ਦੀ ਮੋੜੀ ਗਡਵਾ ਦਿੱਤੀ। ਇਸ ਸਥਾਨ ਨੂੰ ਪਹਿਲਾਂ ਮਾਖੋਵਾਲ ਆਖਦੇ ਸਨ, ਜਿਹੜਾ ਇੱਕ ਮਾਖੇ ਦੈਂਤ ਕਾਰਨ ਪਿਆ ਸੀ। ਇੱਥੇ ਹੁਣ ਇਲਾਹੀ ਬਾਣੀ ਦੇ ਦਿਨ-ਰਾਤ ਗਾਇਨ ਹੋਣ ਲੱਗ ਪਏ। ਇਸ ਸਦਕਾ ਇਹ ਥਾਂ ਅਨੰਦਾਂ ਦੀ ਪੁਰੀ ਬਣ ਗਈ, ਜਿਸ ਨੂੰ ਅੱਜ ਵੀ ਅਨੰਦਪੁਰ ਸਾਹਿਬ ਕਹਿ ਕੇ ਸਤਿਕਾਰ ਦਿੱਤਾ ਜਾਂਦਾ ਹੈ। ਗੁਰੂ ਤੇਗ ਬਹਾਦਰ ਨੇ ਕਰਮਕਾਂਡੀ ਜੀਵਨ ਨੂੰ ਤਿਆਗਣ ਅਤੇ ਪਰਮਾਤਮਾ ਦਾ ਨਾਂ ਵਿਆਜਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਦੀ ਸਮਝ ਵਿਚ ਗਿਆਨਵਾਨ ਪੁਰਖ ਉਹ ਹੁੰਦਾ ਹੈ ਜੋ ਨਾ ਤਾਂ ਕਿਸੇ ਤੋਂ ਡਰਦਾ ਹੈ ਅਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ। ਗੁਰੂ ਸਾਹਿਬ ਦਾ ਫੁਰਮਾਨ ਹੈ:
ਭੈ ਕਾਹੂ ਕਾਊ ਦੇਤ ਨਾਹਿ
ਨਾਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ
ਗਿਆਨੀ ਤਾਹਿ ਬਖਾਨਿ॥
ਗੁਰੂ ਸਾਹਿਬ ਵੱਲੋਂ ਬੁਲੰਦ ਕੀਤਾ ਗਿਆ ਇਹ ਨਾਅਰਾ ਵਕਤ ਦੇ ਹਾਕਮ ਔਰੰਗਜ਼ੇਬ ਤੱਕ ਵੀ ਪਹੁੰਚ ਗਿਆ। ਮਨੁੱਖੀ ਆਜ਼ਾਦੀ ਦੀ ਤਰਜਮਾਨੀ ਕਰਨ ਵਾਲੀ ਇਹ ਆਵਾਜ਼ ਮੁਗਲ ਬਾਦਸ਼ਾਹ ਦੇ ਕੰਨਾਂ ਵਿਚ ਰੜਕਣ ਲੱਗੀ ਅਤੇ ਉਸ ਨੂੰ ਗੁਰੂ ਸਾਹਿਬ ਦੇ ਇਸ ਸਿਧਾਂਤ ਵਿਚੋਂ ਬਗਾਵਤ ਦੀ ਬੋਅ ਆਉਣ ਲੱਗੀ। ਸਿੱਟੇ ਵਜੋਂ ਬਾਦਸ਼ਾਹ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਲਈ ਆਲਮ ਖਾਨ ਨੂੰ ਭੇਜ ਦਿੱਤਾ। ਆਪਣੀ ਫੌਜ ਲੈ ਕੇ ਆਲਮ ਖਾਨ 8 ਨਵੰਬਰ 1665 ਨੂੰ ਧਮਤਾਣ ਆ ਗਿਆ ਅਤੇ ਕੁੱਝ ਸੇਵਕਾਂ ਸਮੇਤ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਤੋਂ ਬਾਅਦ ਔਰੰਗਜ਼ੇਬ ਨੇ ਕਈ ਨਰਮ ਢੰਗ ਤਰੀਕਿਆਂ ਨਾਲ ਗੁਰੂ ਜੀ ਨੂੰ ਇਸਲਾਮ ਧਾਰਨ ਕਰਨ ਲਈ ਕਿਹਾ ਪਰ ਗੁਰੂ ਸਾਹਿਬ ਦੇ ਬਾਦਲੀਲ ਜਵਾਬ ਅੱਗੇ ਉਸ ਦੀ ਕੋਈ ਪੇਸ਼ ਨਾ ਗਈ। ਰਾਜਾ ਜੈ ਸਿੰਘ ਅਤੇ ਉਸ ਦੀ ਪਤਨੀ ਰਾਣੀ ਪੁਸ਼ਪਾ ਵੀ ਬਾਬੇ ਨਾਨਕ ਦੀ ਸੋਚ ਦੀ ਧਾਰਨੀ ਸੀ। ਇਸ ਪਰਿਵਾਰ ਦੀ ਦਖਲਅੰਦਾਜ਼ੀ ‘ਤੇ ਗੁਰੂ ਤੇਗ ਬਹਾਦਰ ਨੂੰ ਇੱਕ ਮਹੀਨੇ ਦੀ ਕੈਦ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ। ਅਬੂਜਫਰ ਮਹੁੱਈਉਦੀਨ ਮੁਹੰਮਦ ਔਰੰਗਜ਼ੇਬ ਇੱਕ ਕੱਟੜ ਸੁੰਨੀ ਮੁਸਲਮਾਨ ਸੀ। ਉਸ ਦੀ ਧਾਰਮਿਕ ਅਤੇ ਰਾਜਨੀਤਕ ਨੀਤੀ ‘ਤੇ ਨਕਸ਼ਬੰਦੀ ਸਿਲਸਿਲੇ ਦਾ ਡੂੰਘਾ ਪ੍ਰਭਾਵ ਸੀ, ਜਿਸ ਕਾਰਨ ਉਹ ਅਤਿ ਦਰਜੇ ਦਾ ਨਿਰਦਈ ਅਤੇ ਜਨੂੰਨੀ ਬਣ ਗਿਆ ਸੀ। ਉਹ ਡੰਡੇ ਦੇ ਡਰ ਨਾਲ ਇਸਲਾਮ ਦਾ ਬੋਲਬਾਲਾ ਕਰਨਾ ਚਾਹੁੰਦਾ ਸੀ। ਇਸ ਚਾਹਤ ਨੂੰ ਪੂਰਿਆਂ ਕਰਨ ਲਈ ਔਰੰਗਜ਼ੇਬ ਨੇ ਸਾਮ, ਦਾਮ ਅਤੇ ਦੰਡ ਦੀ ਵਰਤੋਂ ਤੋਂ ਵੀ ਗੁਰੇਜ ਨਹੀਂ ਕੀਤਾ। ਉਸ ਨੇ ਹਿੰਦੂਆਂ ਉਤੇ ਜਜੀਆ ਆਦਿ ਟੈਕਸ ਲਾ ਦਿੱਤੇ ਅਤੇ ਉਨ੍ਹਾਂ ‘ਤੇ ਜ਼ੁਲਮ ਢਾਹ ਕੇ ਮੁਸਲਮਾਨ ਬਣਨ ਲਈ ਮਜ਼ਬੂਰ ਕਰ ਦਿੱਤਾ।
ਇੱਥੇ ਹੀ ਬੱਸ ਨਹੀਂ, ਉਸ ਨੇ ਹਿੰਦੂ ਭਾਈਚਾਰੇ ਦੇ ਮਥਰਾ ਅਯੁੱਧਿਆ, ਕਾਸ਼ੀ ਅਤੇ ਬਨਾਰਸ ਆਦਿ ਸ਼ਹਿਰਾਂ ਵਿਚਲੇ ਕਈ ਮੰਦਿਰ ਵੀ ਢਾਹ ਦਿੱਤੇ। ਔਰੰਗਜ਼ੇਬ ਨੇ ਦਮਨਕਾਰੀ ਨੀਤੀ ਤਹਿਤ ਸਤੰਬਰ 1671 ‘ਚ ਇਫਤਿਖਾਰ ਖਾਨ ਨੂੰ ਸੂਬਾ ਕਸ਼ਮੀਰ ਦਾ ਸੂਬੇਦਾਰ ਬਣਾ ਦਿੱਤਾ। ਇਸ ਤੰਗਦਿਲ, ਕੱਟੜ ਜਨੂੰਨੀ ਸੂਬੇਦਾਰ ਨੇ ਕਸ਼ਮੀਰੀ ਪੰਡਿਤਾਂ ‘ਤੇ ਅੰਨਾ ਜ਼ੁਲਮ ਕੀਤਾ। ਇਥੇ ਕੁੱਝ ਵਿਦਵਾਨ ਬ੍ਰਾਹਮਣਾਂ ਦਾ ਵੀ ਵਸੇਬਾ ਸੀ, ਜੋ ਖੁਦ ਨੂੰ ਸਾਰੀ (ਹਿੰਦੂ) ਕੌਮ ਦੇ ਆਗੂ ਸਮਝਦੇ ਸਨ। ਇਨ੍ਹਾਂ ਦੀ ਇਸ ਸਮਝ ਦਾ ਲਾਹਾ ਕਸ਼ਮੀਰ ਦਾ ਰਾਜਪਾਲ ਇਹ ਸੋਚ ਕੇ ਲੈਣਾ ਚਾਹੁੰਦਾ ਸੀ ਕਿ ਜੇ ਇਹ (ਆਗੂ ਧਿਰ) ਮੁਸਲਮਾਨ ਬਣ ਜਾਵੇ ਤਾਂ ਬਾਕੀ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸੁਖਾਲਾ ਹੋ ਸਕਦਾ ਹੈ। ਕਸ਼ਮੀਰ ਦੇ ਹਿੰਦੂਆਂ ਨੂੰ ਜ਼ਲੀਲ ਕਰਨ ਲਈ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕੀਤੀ ਜਾਣ ਲੱਗੀ। ਜਨੇਊ ਤੋੜ ਕੇ ਟਿੱਕੇ ਸਾਫ ਕਰ ਦਿੱਤੇ ਗਏ। ਉਨ੍ਹਾਂ ਨੂੰ ਗਾਂ ਦਾ ਮਾਸ ਵੀ ਜੋਰੀਂ ਖਵਾਇਆ ਗਿਆ। ਧਰਮ ਦੇ ਨਾਲ-ਨਾਲ ਧੀਆਂ-ਭੈਣਾਂ ਦੀ ਇੱਜਤ ਵੀ ਦਾਅ ‘ਤੇ ਲੱਗ ਗਈ। ਬਹੁਤ ਸਾਰੇ ਹਿੰਦੂਆਂ ਨੇ ਹਾਰ ਮੰਨ ਕੇ ਇਸਲਾਮ ਕਬੂਲ ਕਰ ਲਿਆ।
ਕੁਝ ਸੋਚਵਾਨ ਕੋਈ ਰਾਹ ਲੱਭਣ ਲਈ ਅਨੰਦਪੁਰ ਸਾਹਿਬ ਪਹੁੰਚੇ। ਉਹ ਭਲੀਭਾਂਤ ਸਮਝ ਚੁੱਕੇ ਸਨ ਕਿ ਇਸ ਸੰਕਟ ਵਿਚ ਸਾਡੀ ਬਾਂਹ ਕੇਵਲ ਅਨੰਦਪੁਰ ਵਾਸੀ ਗੁਰੂ ਤੇਗ ਬਹਾਦਰ ਹੀ ਫੜ੍ਹ ਸਕਦੇ ਹਨ, ਕਿਉਂਕਿ ਉਨ੍ਹਾਂ ਨੇ ਆਪਣੇ ਪ੍ਰਚਾਰ ਦੌਰਿਆਂ ਦੌਰਾਨ ਸੰਗਤਾਂ ਨੂੰ ਨਾ ਕਿਸੇ ਤੋਂ ਡਰਨ ਅਤੇ ਨਾ ਹੀ ਡਰਾਉਣ ਦੀ ਗੱਲ ਕਹੀ ਸੀ। ਉਨ੍ਹਾਂ ਨਿਰਾਸ਼ਾਜਨਕ ਸਥਿਤੀ ਨੂੰ ਚੜ੍ਹਦੀ ਕਲਾ ਵਿਚ ਬਦਲਣ ਦੇ ਭਰਪੂਰ ਯਤਨ ਕੀਤੇ ਸਨ। ਇਨ੍ਹਾਂ ਯਤਨਾਂ ਸਦਕਾ ਕਈ ਹਿੰਦੂ ਪਰਿਵਾਰ ਵੀ ਗੁਰੂ ਘਰ ਨਾਲ ਜੁੜ ਗਏ। ਕਸ਼ਮੀਰੀ ਪੰਡਿਤ ਬ੍ਰਹਮਦਾਸ ਦੇ ਖਾਨਦਾਨ ਵਿਚ ਇੱਕ ਪੰਡਿਤ ਕ੍ਰਿਪਾ ਰਾਮ ਪੈਦਾ ਹੋਇਆ, ਜੋ ਬਚਪਨ ਤੋਂ ਹੀ ਗੁਰੂ ਘਰ ਆਉਂਦਾ ਰਹਿੰਦਾ ਸੀ। 25 ਮਈ 1675 ਨੂੰ ਉਹ 16 ਮੁਖੀ ਪੰਡਿਤਾਂ ਨੂੰ ਨਾਲ ਲੈ ਕੇ ਅਨੰਦਪੁਰ ਆ ਗਿਆ। ਡਾਢੇ ਦੁਖੀ ਮਨ ਨਾਲ ਉਨ੍ਹਾਂ ਗੁਰੂ ਤੇਗ ਬਹਾਦਰ ਨੂੰ ਆਪਣੇ ਨਾਲ ਹੁੰਦੀਆਂ ਵਧੀਕੀਆਂ ਦੀ ਦਰਦ ਕਹਾਣੀ ਸੁਣਾਈ ਅਤੇ ਸਰਕਾਰੀ ਅੱਤਿਆਚਾਰ ਤੋਂ ਬਚਾਉਣ ਦੀ ਬੇਨਤੀ ਕੀਤੀ। ਉਨ੍ਹਾਂ ਦੀ ਦਰਦਨਾਕ ਵਿਥਿਆ ਸੁਣ ਕੇ ਦਰਬਾਰ ‘ਚ ਜੁੜੀ ਸੰਗਤ ਦੇ ਵੀ ਦਿਲ ਪਸੀਜ ਗਏ। ਬਾਲ ਗੋਬਿੰਦ ਰਾਏ, ਜੋ ਉਦੋਂ 9 ਕੁ ਸਾਲ ਦੇ ਸਨ, ਗੁਰੂ ਪਿਤਾ ਕੋਲ ਆਏ ਤੇ ਉਦਾਸੀ ਵਾਲੇ ਮਾਹੌਲ ਦਾ ਕਾਰਨ ਪੁੱਛਣ ਲੱਗੇ।
ਗੁਰੂ ਜੀ ਨੇ ਆਪਣੇ ਲਾਲ ਨੂੰ ਜਿੱਥੇ ਕਸ਼ਮੀਰੀ ਪੰਡਿਤਾਂ ਦੀ ਦਾਸਤਾਨ ਸੁਣਾਈ, ਉਥੇ ਨਾਲ ਹੀ ਕਹਿ ਦਿੱਤਾ ਕਿ ਇਸ ਦਰਦ ਨੂੰ ਦੂਰ ਕਰਨ ਲਈ ਕਿਸੇ ਦੀ ਕੁਰਬਾਨੀ ਦੀ ਲੋੜ ਹੈ, ਜੋ ਜ਼ਾਲਮਾਂ ਦਾ ਮਨ ਬਦਲ ਦੇਵੇ। ਬਾਲ ਗੋਬਿੰਦ ਰਾਏ ਦੇ ਮੁਖਾਰਬਿੰਦ ਵਿਚੋਂ ਸੁਭਾਵਿਕ ਹੀ ਨਿਕਲਿਆ ਕਿ ਉਹ ਪਵਿੱਤਰ ਆਤਮਾ ਆਪ ਜੀ ਤੋਂ ਬਗੈਰ ਹੋਰ ਕੌਣ ਹੋ ਸਕਦੀ ਹੈ। ਸਾਹਿਬਜ਼ਾਦੇ ਦਾ ਜਵਾਬ ਸੁਣ ਕੇ ਸੰਗਤ ਹੈਰਾਨੀ ਹੋ ਗਈ, ਪਰ ਗੁਰੂ ਜੀ ਆਪਣੇ ਫਰਜੰਦ ਦੀ ਰਾਏ ਨਾਲ ਪ੍ਰਸੰਨ ਹੋ ਗਏ। ਉਨ੍ਹਾਂ ਗੋਬਿੰਦ ਰਾਏ ਨੂੰ ਘੁੱਟ ਕੇ ਛਾਤੀ ਨਾਲ ਲਾ ਕੇ ਬੋਲੇ, ਲਾਲ ਜੀ ਤੁਸਾਂ ਦੀ ਗੱਲ ਸੁਣ ਕੇ ਮੇਰੀ ਚਿੰਤਾ ਦੂਰ ਹੋ ਗਈ ਹੈ। ਮੇਰੀ ਸ਼ਹਾਦਤ ਪਿਛੋਂ ਤੁਸੀਂ ਕੌਮ ਨੂੰ ਸਹੀ ਤੇ ਸੁਚੱਜੀ ਅਗਵਾਈ ਦੇਣ ਦੇ ਸਮਰੱਥ ਹੋ। ਗੁਰੂ ਨਾਨਕ ਪਾਤਸ਼ਾਹ ਤੁਸਾਂ ‘ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣਗੇ।
ਨੌਵੇਂ ਗੁਰਾਂ ਨੇ ਪੰਡਿਤ ਕ੍ਰਿਪਾ ਰਾਮ ਨੂੰ ਆਖ ਦਿੱਤਾ ਕਿ ਔਰੰਗਜ਼ੇਬ ਤੱਕ ਮੇਰਾ ਸੰਦੇਸ਼ ਪਹੁੰਚਾ ਦਿਓ ਕਿ ਜੇ ਉਹ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਦੇਸ਼ ਦੇ ਸਾਰੇ ਹਿੰਦੂ ਇਸਲਾਮ ਕਬੂਲ ਕਰ ਲੈਣਗੇ। ਗੁਰੂ ਸਾਹਿਬ ਦੇ ਇਸ ਐਲਾਨ ਨਾਲ ਕਸ਼ਮੀਰੀ ਪੰਡਿਤਾਂ ਦੀ ਜਾਨ ਵਿਚ ਜਾਨ ਆ ਗਈ। ਉਨ੍ਹਾਂ ਨੂੰ ਪੱਕਾ ਯਕੀਨ ਹੋ ਗਿਆ ਕਿ ਉਨ੍ਹਾਂ ਦਾ ਧਰਮ ਹੁਣ ਡੁੱਬਣ ਤੋਂ ਬੱਚ ਜਾਵੇਗਾ।
8 ਜੁਲਾਈ 1675 ਨੂੰ ਗੁਰੂ ਤੇਗ ਬਹਾਦਰ ਨੇ ਆਪਣੇ ਪੁੱਤਰ ਗੋਬਿੰਦ ਰਾਏ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ ਤੇ ਨਾਲ ਹੀ ਆਉਣ ਵਾਲੇ ਸਮੇਂ ਦੀ ਗੰਭੀਰਤਾ ਤੋਂ ਗਿਆਤ ਕਰਵਾ ਦਿੱਤਾ। ਸੰਗਤਾਂ ਨੂੰ ਅਣਖ, ਇੱਜ਼ਤ ਅਤੇ ਸਵੈਮਾਣ ਦਾ ਜੀਵਨ ਜਿਊਣ ਦਾ ਉਪਦੇਸ਼ ਦੇ ਕੇ ਗੁਰੂ ਸਾਹਿਬ ਆਪਣੇ ਸਾਥੀਆਂ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਸਣੇ ਦਿੱਲੀ ਨੂੰ ਰਵਾਨਾ ਹੋ ਗਏ।
ਇਧਰ ਗੁਰੂ ਸਾਹਿਬ ਦੀ ਵੰਗਾਰ ਦਿੱਲੀ ਦੇ ਹਾਕਮ ਔਰੰਗਜੇਬ ਤੱਕ ਵੀ ਪਹੁੰਚ ਗਈ। ਉਸ ਨੇ ਗੁਰੂ ਸਾਹਿਬ ਵੱਲੋਂ ਕਸ਼ਮੀਰੀ ਪੰਡਿਤਾਂ ਪ੍ਰਤੀ ਦਿਖਾਈ ਹਮਦਰਦੀ ਨੂੰ ਆਪਣੇ ਮਨੋਰਥ ਦੀ ਸਿੱਧੀ ਲਈ ਰੁਕਾਵਟ ਸਮਝ ਲਿਆ ਤੇ ਹਸਨ-ਅਬਦਾਲ ਤੋਂ ਗੁਰੂ ਸਾਹਿਬ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕਰ ਦਿੱਤਾ। ਗੁਰੂ ਜੀ ਅਤੇ ਤਿੰਨ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਰੋਪੜ ਦੇ ਕੋਤਵਾਲ ਮਿਰਜ਼ਾ ਨੂਰ ਮੁਹੰਮਦ ਖਾਨ ਨੇ ਸਰਹਿੰਦ ਦੇ ਸੂਬੇਦਾਰ ਦੇ ਹਵਾਲੇ ਕਰ ਦਿੱਤਾ। ਕੁੱਝ ਦਿਨਾਂ ਬਾਅਦ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬੱਸੀ ਪਠਾਣਾਂ ਦੀ ਕੇਂਦਰੀ ਜੇਲ੍ਹ ਵਿਚ ਕੈਦ ਕਰ ਦਿੱਤਾ ਜਿਥੇ ਉਹ ਅਤੇ ਉਨ੍ਹਾਂ ਦੇ ਸਾਥੀ ਤਿੰਨ ਮਹੀਨੇ ਤੋਂ ਵੱਧ ਰਹੇ। ਗੁਰੂ ਜੀ ਦੀ ਕੈਦ ਦੀ ਕਨਸੋਅ ਹਸਨ-ਅਬਦਾਲ ਵਿਚ ਔਰੰਗਜ਼ੇਬ ਤੱਕ ਵੀ ਪਹੁੰਚ ਗਈ।
4 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਨੂੰ ਸੂਬੇਦਾਰ ਸਾਫੀਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਨੇ ਗੁਰੂ ਜੀ ਪ੍ਰਤੀ ਨਰਮ ਰਵੱਈਆ ਧਾਰਨ ਕਰਦਿਆਂ ਉਨ੍ਹਾਂ ਨੂੰ ਕੋਈ ਮੁਅੱਜ਼ਜਾ (ਕਰਾਮਾਤ) ਕਰਨ ਲਈ ਕਿਹਾ, ਪਰ ਗੁਰੂ ਜੀ ਨੇ ਕਿਹਾ ਕਿ ਕਰਾਮਾਤ ਦਾ ਪ੍ਰਮੇਸ਼ਰ ਦੀ ਭਗਤੀ ਨਾਲ ਕੋਈ ਸਬੰਧ ਨਹੀਂ, ਇਹ ਤਾਂ ਕੇਵਲ ਮਨੁੱਖੀ ਹਉਮੈ ਹੈ। 5 ਨਵੰਬਰ ਨੂੰ ਗੁਰੂ ਜੀ ਨੂੰ ਫਿਰ ਕਰਾਮਾਤ ਵਿਖਾਉਣ ਜਾਂ ਇਸਲਾਮ ਧਾਰਨ ਲਈ ਕਿਹਾ ਗਿਆ ਪਰ ਉਨ੍ਹਾਂ ਇਹ ਤਜਵੀਜ਼ ਮੁੜ ਠੁਕਰਾ ਦਿੱਤੀ। ਅਗਲੇ ਦਿਨ ਕਾਜ਼ੀ ਕੋਤਵਾਲੀ ਆ ਧਮਕਿਆ। ਉਸ ਨੇ ਦਰੋਗੇ ਨੂੰ ਗੁਰੂ ਸਾਹਿਬ ਨੂੰ ਖੌਫਨਾਕ ਤਸੀਹੇ ਦੇਣ ਦੀ ਸਲਾਹ ਦਿੱਤੀ ਤਾਂ ਜੋ ਉਹ ਹਾਰ ਮੰਨ ਕੇ ਇਸਲਾਮ ਅਪਨਾ ਲੈਣ। ਕਾਜ਼ੀ ਦੇ ਹੁਕਮ ਦੀ ਪਾਲਣਾ ਕਰਦਿਆਂ ਦਰੋਗੇ ਨੇ ਲਗਾਤਾਰ ਤਿੰਨ ਦਿਨ ਸਖਤ ਤਸੀਹੇ ਦੇ ਕੇ ਗੁਰੂ ਜੀ ਨੂੰ ਈਨ ਮਨਾਉਣ ਦੀ ਨਾਕਾਮ ਕੋਸ਼ਿਸ਼ ਕੀਤੀ। 10 ਨਵੰਬਰ ਨੂੰ ਮੁਗਲੀਆ ਹਕੂਮਤ ਦੇ ਤਸ਼ੱਦਦ ਵਾਲੀ ਹੱਦ ਹੀ ਹੋ ਗਈ। ਇਸ ਦਿਨ ਗੁਰੂ ਸਾਹਿਬ ਨੂੰ ਤੱਤੇ ਥੰਮ ਨਾਲ ਲਗਾਇਆ ਗਿਆ। ਅਡੋਲ ਚਿੱਤ ਸਤਿਗੁਰਾਂ ਨੇ ਹਕੂਮਤੀ ਜ਼ਬਰ ਨੂੰ ਅਕਾਲ-ਪੁਰਖ ਦੇ ਭਾਣੇ ਵਜੋਂ ਖਿੜੇ ਮੱਥੇ ਪ੍ਰਵਾਨ ਕਰ ਲਿਆ ਜਿਸ ਕਾਰਨ ਭਿਆਨਕ ਤੋਂ ਭਿਆਨਕ ਤਸੀਹੇ ਦੇ ਕੇ ਵੀ ਕਾਜ਼ੀ ਦੀ ਕੋਈ ਪੇਸ਼ ਨਹੀਂ ਚੱਲ ਸਕੀ। ਥੱਕ-ਹਾਰ ਕੇ ਉਸ ਨੇ ਇੱਕ ਹੋਰ ਘਟੀਆ ਪੈਂਤੜਾ ਵਰਤਿਆ ਅਤੇ ਗੁਰੂ ਘਰ ਦੇ ਤਿੰਨ ਸਿਦਕੀ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਘੋਰ ਤਸੀਹੇ ਦੇ ਕੇ ਗੁਰੂ ਜੀ ਦੀਆਂ ਅੱਖਾਂ ਸਾਹਮਣੇ ਸ਼ਹੀਦ ਕਰ ਦਿੱਤਾ।
11 ਨਵੰਬਰ 1675 ਨੂੰ ਵੀਰਵਾਰ ਵਾਲੇ ਦਿਨ ਗੁਰੂ ਸਾਹਿਬ ਨੂੰ ਕੋਤਵਾਲੀ ਵਿਚੋਂ ਬਾਹਰ ਕੱਢਿਆ ਗਿਆ। ਜੇਕਰ ਗੁਰੂ ਸਾਹਿਬ ਦੇ ਸਿੱਖ ਇਨ੍ਹਾਂ ਖੌਫਨਾਕ ਤਸੀਹਿਆਂ ਅੱਗੇ ਨਹੀਂ ਝੁਕ ਸਕੇ ਤਾਂ ਗੁਰੂ ਸਾਹਿਬ ਦੇ ਝੁਕਣ ਦੀ ਕੋਈ ਉਮੀਦ ਕਰਨੀ ਕਾਜ਼ੀ ਅਬਦੁਲ ਵਹਾਬ ਲਈ ਇੱਕ ਮੂਰਖਤਾ ਦੀ ਨਿਆਂਈ ਹੀ ਕਹੀ ਜਾ ਸਕਦੀ ਸੀ। ਝੁੰਝਲਾਹਟ ਵਿਚ ਆ ਕੇ ਇਸ ਕਾਜ਼ੀ ਨੇ ਤਲਵਾਰ ਨਾਲ ਗੁਰੂ ਤੇਗ ਬਹਾਦਰ ਦਾ ਸੀਸ ਧੜ ਤੋਂ ਜੁਦਾ ਕਰ ਦੇਣ ਦਾ ਫਤਵਾ ਜਾਰੀ ਕਰ ਦਿੱਤਾ। ਕਾਜੀ ਅਬਦੁਲ ਵਹਾਬ ਵੁਹਰਾ ਦੇ ਫਤਵੇ ਮੁਤਾਬਕ ਚਾਂਦਨੀ ਚੌਂਕ ਦੇ ਕੋਤਵਾਲੀ ਵਾਲੇ ਬੋਹੜ ਹੇਠਾਂ ਬੈਠੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਰਨ ਦਾ ਅਮਲ ਅਰੰਭ ਕਰ ਦਿੱਤਾ ਗਿਆ। ਸਮਾਣਾ ਦੇ ਰਹਿਣ ਵਾਲੇ ਜੱਲਾਦ ਜਲਾਲ-ਉਦ-ਦੀਨ ਨੇ ਕਾਜ਼ੀ ਦਾ ਸੰਕੇਤ ਪਾ ਕੇ ਤਲਵਾਰ ਦੇ ਜ਼ੋਰਦਾਰ ਵਾਰ ਨਾਲ ਗੁਰੂ ਸਾਹਿਬ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ। ਉਸ ਵਕਤ ਗੁਰੂ ਸਾਹਿਬ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸਨ।
ਮਨੁੱਖਤਾ ਦੇ ਇਤਿਹਾਸ ਵਿਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਇੱਕ ਅਦੁੱਤੀ ਸ਼ਹੀਦੀ ਵਜੋਂ ਪ੍ਰਵਾਨ ਕੀਤਾ ਜਾਂਦਾ ਹੈ ਕਿਉਂਕਿ ਇਹ ਸ਼ਹਾਦਤ ਕੱਟੜਵਾਦੀ ਕਦਰਾਂ-ਕੀਮਤਾਂ ਦੇ ਵਿਰੋਧ ਕਰਕੇ ਧਾਰਮਿਕ ਸੁਤੰਤਰਤਾ ਅਤੇ ਮਨੁੱਖੀ ਹੱਕਾਂ ਦੀ ਬਰਾਬਰੀ ਹਿੱਤ ਦਿੱਤੀ ਗਈ ਹੈ। ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਹੋਰ ਕਿਤੇ ਘੱਟ ਹੀ ਮਿਲਦੀ ਹੈ।