ਪ੍ਰੋæ ਅਵਤਾਰ ਸਿੰਘ ਨੇ ਆਪਣੇ ਲੇਖ ‘ਮੁਲਖੱਈਆ ਸੋਚ ਦਾ ਸੱਚ’ ਵਿਚ ਸਿੱਖਾਂ ਅਤੇ ਸਿੱਖੀ ਬਾਰੇ ਕੁਝ ਖਾਸ ਨੁਕਤੇ ਉਭਾਰੇ ਹਨ। ਇਨ੍ਹਾਂ ਨੁਕਤਿਆਂ ਵਿਚ ਗੁਰੂ ਸਾਹਿਬਾਨ ਦੇ ਵੇਲਿਆਂ ਦਾ ਸ਼ਾਨਾਂਮੱਤਾ ਦੌਰ ਵੀ ਸ਼ਾਮਲ ਹੈ ਅਤੇ ਸਿੱਖੀ ਤੋਂ ਸਰਦਾਰੀ ਵਿਚ ਵਟ ਜਾਣ ਵਾਲੇ ਸਮਿਆਂ ਦਾ ਜ਼ਿਕਰ ਵੀ ਹੈ। ਵੱਖ ਵੱਖ ਮਿਸਾਲਾਂ ਦੇ ਕੇ ਉਨ੍ਹਾਂ ਆਪਣੀਆਂ ਦਲੀਲਾਂ ਪਾਠਕਾਂ ਅੱਗੇ ਰੱਖੀਆਂ ਹਨ। ਇਹ ਦਲੀਲਾਂ ਵਿਚਾਰ-ਉਕਸਾਊ ਤਾਂ ਹਨ ਹੀ, ਸਿੱਖੀ ਦੇ ਸਫਰ ਬਾਰੇ ਸੋਚਣ ਲਈ ਵੀ ਜਾਗ ਲਗਾਉਂਦੀਆਂ ਹਨ। -ਸੰਪਾਦਕ
ਅਵਤਾਰ ਸਿੰਘ (ਪ੍ਰੋæ)
ਫੋਨ: 91-94175-18384
ਮਨੁੱਖ ਦੀ ਫਿਤਰਤ ਵੰਡੀਆਂ ਪਾਉਣ ਦੀ ਹੈ। ਅਸੀਂ ਉਹ ਚੀਜ਼ਾਂ ਵੀ ਵੰਡ ਲੈਂਦੇ ਹਾਂ ਜਿਨ੍ਹਾਂ ਨੂੰ ਵੰਡਣ ਬਾਬਤ ਸੋਚਿਆ ਵੀ ਨਹੀਂ ਜਾ ਸਕਦਾ। ਅਸੀਂ ਧਰਤੀ ਵੰਡੀ। ਇਹ ਪੂਰਬ ਹੈ, ਪੱਛਮ ਹੈ, ਉਤਰ ਹੈ, ਦੱਖਣ ਹੈ। ਫਿਰ ਲੋਕ ਵੰਡੇ। ਇਹ ਪੂਰਬੀ ਹੈ, ਦੱਖਣੀ ਹੈ: “ਸਿੰਘਾਂ ਮਾਰ ਕੇ ਕਟਕ ਮੁਕਾਇ ਦਿਤੇ, ਹਿੰਦੁਸਤਨੀ ਤੇ ਪੂਰਬੀ ਦੱਖਣੀ ਜੀ।” ਸੋਚ ਵੰਡੀ, ਸੱਚ ਵੰਡਿਆ।
ਵੰਡ ਵੰਡਾਈ ਖਤਮ ਕਰਨ ਲਈ ਗੁਰੂ ਨੇ ਸੰਦੇਸ਼ ਦਿਤਾ। ਜਿਨ੍ਹਾਂ ਨੇ ਉਸ ਨੂੰ ਅਪਨਾਇਆ, ਗੁਰੂ ਨੇ ਉਨ੍ਹਾਂ ਨੂੰ ਆਪਣਾ ਸਿੱਖ ਆਖਿਆ। ਸਿੱਖ ਦੀ ਬੋਲੀ ਕਿਹੜੀ ਹੈ, ਦੇਸ ਕਿਹੜਾ ਹੈ, ਉਹ ਖਾਂਦਾ ਕੀ ਹੈ, ਪੀਂਦਾ ਕੀ ਹੈ ਤੇ ਪਹਿਨਦਾ ਕੀ ਹੈ? ਇਨ੍ਹਾਂ ਗੱਲਾਂ ਦਾ ਕੋਈ ਮਤਲਬ ਨਹੀਂ। ਗੁਰੂ ਦਾ ਫੁਰਮਾਨ ਸੀ, ਜਿਹੜੀ ਚੀਜ਼ ਵੀ ਤਨ ਨੂੰ ਪੀੜ ਦੇਵੇ, ਤੇ ਮਨ ਨੂੰ ਵਿਕਾਰਾਂ ਵੱਲ ਤੋਰੇ, ਉਹ ਖੁਸ਼ੀ ਨੂੰ ਖੁਆਰ ਕਰਨ ਵਾਲੀ ਗੱਲ ਹੈ।
ਗੁਰੂ ਨੇ ਆਪਣੇ ਸਿੱਖ ਨੂੰ ਅਕਾਲੀ ਆਖਿਆ। ਅਕਾਲੀ ਉਹ ਜੋ ਕਾਲ ਤੋਂ ਮੁਕਤ ਹੈ। ਕਾਲ ਦੇ ਖਿਆਲ ਨਾਲ ਦੇਸ ਵੀ ਜੁੜਿਆ ਹੋਇਆ ਹੈ, ਕਿਉਂਕਿ ਦੇਸ, ਬਿਨਾ ਕਾਲ ਬਾਬਤ ਸੋਚਿਆ ਨਹੀਂ ਜਾ ਸਕਦਾ। ਆਪਣੇ ਆਪ ਨੂੰ ਕਾਲ ਅਧੀਨ ਕਰਨ ਦਾ ਮਤਲਬ ਦੇਸ ਅਧੀਨ ਕਰਨਾ ਹੈ। ਕਾਲ ਦਾ ਫੁਰਨਾ ਦੇਸ ਨੂੰ ਦੇਖ ਕੇ ਫੁਰਦਾ ਹੈ, “ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ॥ ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ॥” ਦੇਸ ਬਦਲਣਹਾਰ ਹੈ, ਚੱਲਣਹਾਰ ਹੈ। ਇਹ ਬਦਲਦਾ ਹੀ ਚਲੇ ਜਾਣਾ ਹੈ ਅਤੇ ਚਲੇ ਜਾਣਾ ਹੀ ਕਾਲ ਹੈ।
ਕਾਲ ਨਜ਼ਰ ਨਹੀਂ ਆਉਂਦਾ, ਦੇਸ ਨਜ਼ਰ ਆਉਂਦਾ ਹੈ। ਦੇਸ ਵੀ ਤਾਂ ਨਜ਼ਰ ਆਉਂਦਾ ਹੈ, ਕਿਉਂਕਿ ਕਾਲ ਅਧੀਨ ਹੈ। ਦੇਸ ਜੇ ਕਾਲ ਅਧੀਨ ਨਾ ਹੋਵੇ, ਤਾਂ ਨਜ਼ਰ ਵੀ ਨਾ ਆਵੇ। ਤਬਦੀਲੀ ਕਾਰਨ ਹੀ ਦ੍ਰਿਸ਼ ਨਜ਼ਰ ਆਉਂਦੇ ਹਨ। ਬੰਦਾ ਗੱਡੀ ‘ਚ ਬੈਠਾ ਹੋਵੇ ਤਾਂ ਰੁੱਖ ਦੌੜਦੇ ਲਗਦੇ ਹਨ। ਬਾਹਰ ਹੋਵੇ ਤਾਂ ਗੱਡੀਆਂ ਦੌੜਦੀਆਂ ਜਾਪਦੀਆਂ ਹਨ। ਬਰੋਬਰਾਬਰ ਚੱਲਦੀਆਂ ਗੱਡੀਆਂ ਦੀ ਗਤੀਸ਼ੀਲਤਾ ਦਾ ਅੰਦਾਜ਼ਾ ਹੀ ਨਹੀਂ ਲਗਦਾ। ਗਤੀਸ਼ੀਲਤਾ ਜਾਣਨ ਲਈ ਇਕ ਦਾ ਰੁਕਣਾ ਜ਼ਰੂਰੀ ਹੈ।
ਗੁਰੂ ਨੇ ਸੱਚ ਨੂੰ ਅਕਾਲ ਆਖਿਆ। ਸਿਰਫ ਅਕਾਲ ਹੀ ਅ-ਬਦਲ, ਅਰਥਾਤ ਤਬਦੀਲੀ ਰਹਿਤ ਹੈ। ਅਕਾਲ ਤੋਂ ਟੁੱਟੇ ਹੋਏ ਲੋਕ ਹੀ ਨਿਤ ਬਦਲਦੇ ਦ੍ਰਿਸ਼ਾਂ ਵਿਚ ਉਲਝਦੇ ਹਨ। ਅਕਾਲੀ ਦਾ ਕੋਈ ਦੇਸ ਨਹੀਂ। ਕਾਲੀ ਹੀ ਦੇਸ ਮਗਰ ਦੌੜਦੇ ਹਨ। ਨਿਤ ਬਦਲਦੇ ਕਾਲੀ ਹੀ ਅਕਾਲ ਨੂੰ ਬਦਲ ਦੇਣ ਦੀ ਚਾਹਤ ਪਾਲਦੇ ਹਨ; ਪਰ, ਇਕੱਤਰ ਹੋਏ ਅਕਾਲੀ ਸਿੱਖ ਜਦ ਅਕਾਲ ਅਕਾਲ ਦੇ ਜੈਕਾਰੇ ਗਜਾਉਂਦੇ ਹਨ, ਤਾਂ ਉਹ ਇਹੀ ਸੱਚ ਪ੍ਰਗਟਾ ਰਹੇ ਹੁੰਦੇ ਹਨ ਕਿ ਉਹ ਅ-ਬਦਲ ਹਨ ਤੇ ਬਦਲਣ ਵਾਲੀ ਕਿਸੇ ਵੀ ਸ਼ੈਅ, ਦੇਸ ਜਾਂ ਦੇਸ ਦੇ ਕਿਸੇ ਭਾਗ, ਅਰਥਾਤ ਮੁਲਖ ਨਾਲ ਕੋਈ ਵਾਸਤਾ ਨਹੀਂ ਰੱਖਦੇ। ਸਿੱਖੀ ਕਿਸੇ ਮੁਲਖ ਦਾ ਸੱਚ ਨਹੀਂ ਹੈ। ਮੁਲਖ ਦੇ ਸੱਚ ਨੂੰ ਪ੍ਰਣਾਏ ਲੋਕ ਸਿੱਖੀ ਵਿਚ ਮੁਲਖੱਈਆ ਕਹੇ ਜਾਂਦੇ ਹਨ।
ਮੁਲਖੱਈਆ ਜਦ ਜੋਸ਼ ਵਿਚ ਆਉਂਦਾ ਹੈ ਤਾਂ ਅਕਾਲ ਨੂੰ ਕਾਲ ਵਿਚ ਵੰਡਦਾ ਹੈ, ਤੇ ਦੇਸ ਨੂੰ ਨਿਕੇ ਨਿਕੇ ਭੂ ਖੰਡਾਂ ਵਿਚ ਤਬਦੀਲ ਕਰਦਾ ਹੈ। ਅਕਾਲੀ ਜੋੜਦਾ ਹੈ ਤੇ ਕਾਲੀ ਤੋੜਦਾ ਹੈ। ਅਕਾਲੀ ਵੀ ਕਦੀ ਕਦੀ ਤੋੜਦਾ ਹੈ। ਲੋਕ ਹੈਰਾਨ ਹੁੰਦੇ ਹਨ, ਪਰ ਅਕਾਲੀ ਸਿਰਫ ਤੋੜਨ ਵਾਲੇ ਨੂੰ ਤੋੜਦਾ ਹੈ। ਅਕਾਲੀ ਜਦ ਤੋੜਦਾ ਹੈ ਤਾਂ ਉਸ ਦਾ ਮਕਦਸ ਜੋੜਨਾ ਹੁੰਦਾ ਹੈ; ਪਰ, ਜੋੜ-ਤੋੜ ਦੇ ਇਸ ਮਰ੍ਹਮ ਤੋਂ ਅਣਜਾਣ ਲੋਕ ਜਦ ਸਿਰਫ ਤੋੜਨ ਲਈ ਤੋੜਦੇ ਹਨ, ਤਾਂ ਉਹ ਵਿਨਾਸ਼ਕਾਰੀ ਹੁੰਦੇ ਹਨ। ਵਿਨਾਸ਼ਕਾਰੀ ਜੋੜ-ਤੋੜ ਦੀ ਮੁਲਖੱਈਆ ਸੋਚ ਅਕਾਲੀ ਨਹੀਂ, ਕਾਲੀ ਹੈ। ਜਦੋਂ ਦੀ ਸਿੱਖੀ ਵਿਚ ਕਾਲੀ ਸੋਚ ਦਾਖਲ ਹੋਈ ਹੈ, ਉਦੋਂ ਤੋਂ ਸਿੱਖ ਵੀ ਤੋੜਨ ਦੀਆਂ ਗੱਲਾਂ ਕਰਨ ਲੱਗੇ ਹਨ ਅਤੇ ਜੋੜਨ ਵਾਲਿਆਂ ਨੂੰ ਆਪਣੇ ਦੁਸ਼ਮਣ ਸਮਝਣ ਲੱਗੇ ਹਨ। ਜੁੜਦਿਆਂ ਨੂੰ ਕੋਈ ਨਹੀਂ ਦੇਖਦਾ, “ਟੁੱਟਦੀ ਨੂੰ ਜੱਗ ਜਾਣਦਾ।” “ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ॥” ਤੋੜਨਹਾਰਿਆਂ ਤੋਂ ਖਬਰਦਾਰ ਕਰਨਾ ਬਹੁਤ ਜ਼ਰੂਰੀ ਹੈ। ਇਹ ਸਿੱਖੀ ਹੈ। ਇਹੀ ਅਕਾਲੀ ਹੋਣਾ ਹੈ।
ਅੱਜ ਕੱਲ੍ਹ ਸਿੱਖਾਂ ਵਿਚ ਦੋ ਤਰ੍ਹਾਂ ਦੇ ਵਿਚਾਰ ਚੱਲ ਰਹੇ ਹਨ। ਜੋੜਨਹਾਰੇ ਜੋੜਨ ਵਿਚ ਮਸਰੂਫ ਹਨ ਤੇ ਤੋੜਨਹਾਰੇ ਤੋੜਨ ਵਿਚ। ਦੋਵੇਂ ਤਰ੍ਹਾਂ ਦੇ ਸਿੱਖ ਬਾਣੀ ਅਤੇ ਇਤਿਹਾਸ ਵਿਚੋਂ ਹਵਾਲੇ ਦੇ ਰਹੇ ਹਨ। ਕੌਣ ਸੁਹਿਰਦ ਹੈ, ਕੌਣ ਨਹੀਂ; ਇਸ ਦਾ ਕੋਈ ਸਪਸ਼ਟ ਨਿਖੇੜਾ ਨਹੀਂ ਹੈ; ਦੋਵੇਂ ਧੜੇ ਇਕ ਦੂਸਰੇ ਦੀ ਸੁਹਿਰਦਤਾ ‘ਤੇ ਸ਼ੱਕ ਕਰਦੇ ਹਨ। ਕੋਈ ਧੜਾ ਵੀ ਦੂਸਰੇ ਦੀ ਤਸੱਲੀ ਨਹੀਂ ਕਰਵਾ ਸਕਦਾ।
ਦੋ ਵਿਦਿਆਰਥੀ ਜੇ ਕਿਸੇ ਇਕੋ ਸਵਾਲ ਦੇ ਦੋ ਉਤਰ ਦਿੰਦੇ ਹੋਣ, ਤਾਂ ਦੋਵੇਂ ਸਹੀ ਹੋਣ ਦੀ ਜ਼ਿਦ ਵੀ ਕਰਦੇ ਹੋਣ, ਤਾਂ ਸਿਆਣਾ ਬੰਦਾ ਦੋਹਾਂ ਨੂੰ ਸਹੀ ਨਹੀਂ ਮੰਨ ਸਕਦਾ। ਅਜਿਹੇ ਸਮੇਂ ਸਿਆਣੇ ਬੰਦੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਦੇਖੇ ਕਿ ਉਹ ਵਿਦਿਆਰਥੀ ਕਿਸ ਵਿਧੀ ਵਿਧਾਨ ਦਾ ਇਸਤੇਮਾਲ ਕਰ ਰਹੇ ਹਨ। ਵਿਧੀਆਂ ਦੇ ਫਰਕ ਨਾਲ ਜਵਾਬ ਵਿਚ ਵੀ ਫਰਕ ਆ ਜਾਂਦਾ ਹੈ। ਇਸ ਕਰ ਕੇ ਗੁਰਮਤਿ ਵਿਧੀ ਵਿਧਾਨ ਨਿਸ਼ਚਿਤ ਹੋਣਾ ਲਾਜ਼ਮੀ ਹੈ ਜਿਸ ਅਨੁਸਾਰ ਗੁਰਮਤਿ ਦੇ ਫੈਸਲੇ ਹੋਣੇ ਚਾਹੀਦੇ ਹਨ।
ਤੋੜਨਹਾਰੇ ਨਵੀਨ ਅਤੇ ਕਾਲੀ ਸਿੱਖ ਵਿਦਵਾਨਾਂ ਦੀਆਂ ਲਿਖਤਾਂ ਵਿਚ ਅਕਸਰ ਦੇਖਿਆ ਗਿਆ ਹੈ ਕਿ ਉਨ੍ਹਾਂ ਵਿਚ ਗਾਂਧੀ ਅਤੇ ਨਹਿਰੂ ਨੂੰ ਰੱਜ ਰੱਜ ਕੇ ਕੋਸਿਆ ਤੇ ਭੰਡਿਆ ਜਾਂਦਾ ਹੈ। ਇਸ ਵਿਚ ਆਰæਐਸ਼ਐਸ਼ ਦਾ ਨਾਂ ਵੀ ਸ਼ਾਮਲ ਹੈ। ਕਈ ਵਿਦਵਾਨ ਅਜਿਹੇ ਹਨ ਜਿਹੜੇ ਆਰæਐਸ਼ਐਸ਼ ਦਾ ਨਾਂ ਲਏ ਬਗੈਰ ਭਾਸ਼ਣ ਨਹੀਂ ਕਰ ਸਕਦੇ। ਕੁਝ ਲੋਕ ਗਾਂਧੀ ਨੂੰ ਭਗਤ ਸਿੰਘ ਦੇ ਵਿਰੋਧ ਵਿਚ ਦੇਖਦੇ ਹਨ ਤੇ ਕੁਝ ਅੰਬੇਦਕਰ ਦੇ। ਇਹ ਗੱਲ ਬੇਸ਼ੱਕ ਕਿਸੇ ਨੂੰ ਹਜ਼ਮ ਹੋਣੀ ਮੁਸ਼ਕਿਲ ਹੈ, ਪਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਕ ਅਧਿਆਪਕ ਨੇ ਦੱਸਿਆ ਕਿ ਗਾਂਧੀ ਨੇ ਮਾਸਟਰ ਤਾਰਾ ਸਿੰਘ ਨੂੰ ਆਖਿਆ ਸੀ ਕਿ ਦਸਮ ਪਾਤਸ਼ਾਹ ਦਾ ਅਸਲ ਵਾਰਸ ਉਹ ਨਹੀਂ, ਗਾਂਧੀ ਹੈ। ਬੰਗਿਆਂ ਦੇ ਸਿੱਖ ਨੈਸ਼ਨਲ ਕਾਲਜ ਵਿਚ ਮਾਰਕਸਵਾਦੀ ਚਿੰਤਕ ਪ੍ਰੋæ ਰਣਧੀਰ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਗਾਂਧੀ ਦਾ ਅੱਖਰ ਅੱਖਰ ਪੜ੍ਹਿਆ ਹੈ, ਉਹ ਗਾਂਧੀ ਦੀ ਇੱਜਤ ਕਰਦੇ ਸਨ ਅਤੇ ਸਮਝਦੇ ਸਨ ਕਿ ਗਾਂਧੀ ਭਾਰਤੀ ਤਹਿਜ਼ੀਬ ਨੂੰ ਬੇਹੱਦ ਪਿਆਰ ਕਰਦਾ ਸੀ।
ਸ੍ਰੀ ਨਨਕਾਣਾ ਸਾਹਿਬ ਤੋਂ ਬਦਲ ਕੇ ਸ੍ਰੀ ਅਕਾਲ ਤਖਤ ਵਿਖੇ ਆਏ ਇੱਕ ਗ੍ਰੰਥੀ ਸਿੰਘ ਦੇ ਕਮਿਊਨਿਸਟ ਬੇਟੇ, ਮਾਸਟਰ ਪ੍ਰੀਤਮ ਸਿੰਘ ਆਜ਼ਾਦ ਨੇ ਗਾਂਧੀ ਦੇ ਕਤਲ ਦੀ ਖਬਰ ਰੇਡੀਓ ਤੋਂ ਸੁਣ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਛੱਤ ‘ਤੇ ਚੜ੍ਹ ਕੇ ਨਜ਼ਮ ਲਿਖੀ ਸੀ। ਗਾਂਧੀ ਦੇ ਵਿਛੋੜੇ ਵਿਚ ਲਿਖੀ ਇਹ ਪਹਿਲੀ ਕਵਿਤਾ ਹੈ; ਪਰ, ਇਹ ਤੱਥ ਕਿਤਨਾ ਵਿਸ਼ੇਸ਼ ਹੈ ਕਿ ਉਹ ਸ੍ਰੀ ਅਕਾਲ ਤਖਤ ਵਿਖੇ ਲਿਖੀ ਗਈ। ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਨੇ ਵੀ ਗਾਂਧੀ ‘ਤੇ ਕਵਿਤਾ ਲਿਖੀ ਸੀ।
ਅੱਜ ਬੇਸ਼ੱਕ ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਨੂੰ ਇਕੋ ਵਿਚਾਰਧਾਰਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਪਰ ਅਜਿਹਾ ਨਹੀਂ ਸੀ। ਭਗਤ ਸਿੰਘ ਦੇ ਖਿਆਲ ਵਿਚ ਬੋਸ ਬੇਸ਼ੱਕ ਦੇਸ ਭਗਤ ਸੀ, ਪਰ ਉਹ ਦੇਸ ਵਿਚ ਕੇਵਲ ਸਿਆਸੀ ਆਜ਼ਾਦੀ ਦਾ ਹਾਮੀ ਸੀ। ਉਹ ਦੇਸ ਨੂੰ ਮੁੜ ਵੇਦਾਂ ਦੇ ਜ਼ਮਾਨੇ ਵਿਚ ਲਿਜਾਣਾ ਚਾਹੁੰਦਾ ਸੀ। ਉਸ ਮੁਤਾਬਕ ਪੰਚਾਇਤੀ ਰਾਜ, ਲੋਕ ਰਾਜ ਅਤੇ ਸਮਾਜਵਾਦ ਤੱਕ, ਸਭ ਪ੍ਰਾਚੀਨ ਭਾਰਤ ਦੀ ਦੇਣ ਸਨ। ਉਹ ਤਾਜ ਮਹਿਲ ਦੀ ਸੁੰਦਰਤਾ ਦਾ ਪੁੱਜ ਕੇ ਕਾਇਲ ਸੀ ਅਤੇ ਸੁਪਨ ਸੰਸਾਰ ਵਿਚ ਰਹਿਣਾ ਉਸ ਦੀ ਫਿਤਰਤ ਸੀ। ਕੌਮਾਂਤਰੀਵਾਦ ਦੇ ਮੁਕਾਬਲੇ ਉਹ ਰਾਸ਼ਟਰਵਾਦ ਦਾ ਉਪਾਸ਼ਕ ਸੀ, ਜਿਸ ਨੂੰ ਉਹ ‘ਸਤਿਯਮ ਸ਼ਿਵਮ ਸੁੰਦਰਮ’ ਦੀ ਵਿਆਖਿਆ ਹੀ ਅਨੁਮਾਨਦਾ ਸੀ। ਭਗਤ ਸਿੰਘ ਬੋਸ ਦੇ ਅਜਿਹੇ ਵਿਚਾਰਾਂ ਨਾਲ ਸਹਿਮਤ ਨਹੀਂ ਸੀ।
ਭਗਤ ਸਿੰਘ ਮੁਤਾਬਕ ਨਹਿਰੂ ਦਾ ਵਿਚਾਰ ਸੀ ਕਿ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਕੇਵਲ ਉਨ੍ਹਾਂ ਕੋਲ ਹੀ ਵਿਸ਼ਵ ਦੇ ਕਲਿਆਣ ਦਾ ਕੋਈ ਸੂਤਰ ਹੈ, ਉਹ ਗਲਤ ਸੋਚਦੇ ਹਨ। ਬੋਸ ਦੇ ਵਿਪਰੀਤ ਨਹਿਰੂ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਤਬਦੀਲੀ ਵੀ ਚਾਹੁੰਦਾ ਸੀ। ਨਹਿਰੂ ਦਾ ਮੱਤ ਸੀ, ਕਿਸੇ ਦਾ ਮਾਨਸਿਕ ਸੰਸਾਰ ਕਿਤੇ ਰੁਕ ਸਕਦਾ ਹੈ, ਪਰ ਅਸਲ ਸੰਸਾਰ ਸਦਾ ਬਦਲਣਹਾਰ ਹੈ। ਨਹਿਰੂ ਵੇਦਵਾਦ ਦਾ ਪ੍ਰਚਾਰਕ ਅਤੇ ਪ੍ਰਸਾਰਕ ਬਿਲਕੁਲ ਨਹੀਂ ਸੀ। ਬੋਸ ਦੀਆਂ ਭਾਵੁਕਤਾ ਭਰੀਆਂ ਤਕਰੀਰਾਂ ਦੇ ਉਲਟ ਉਹ ਸਦਾ ਬਾਦਲੀਲ ਅਤੇ ਤਰਕਸੰਗਤ ਵਿਚਾਰ ਪੇਸ਼ ਕਰਦਾ ਸੀ। ਇਸੇ ਕਾਰਨ ਭਗਤ ਸਿੰਘ ਨਹਿਰੂ ਦੇ ਵਿਚਾਰਾਂ ਦਾ ਕਾਇਲ ਸੀ ਤੇ ਪ੍ਰੋੜ੍ਹਤਾ ਵੀ ਕਰਦਾ ਸੀ।
ਸਿੱਖ ਹਲਕਿਆਂ ਵਿਚ ਅਕਸਰ ਤੁਕਾਂਤਮੇਲ ਸੁਣਨ ਨੂੰ ਮਿਲਦਾ ਹੈ, “ਗੰਗੂ ਹੀ ਗੰਗੂ ਨੇ ਹੋਰ ਇਥੇ ਕੀ ਏ, ਗਾਂਧੀ ਜਾਂ ਨਹਿਰੂ ਜਾਂ ਨਹਿਰੂ ਦੀ ਧੀ ਏ।” ਜਿਹੜੇ ਲੋਕ ਗੰਗੂ, ਗਾਂਧੀ, ਨਹਿਰੂ ਜਾਂ ਨਹਿਰੂ ਦੀ ਧੀ ਵਿਚ ਫਰਕ ਕਰਨ ਜਾਂ ਲੱਭਣ ਲਈ ਤਿਆਰ ਨਹੀਂ, ਉਹ ਕਿਤਨੇ ਕੁ ਬਿਬੇਕਸ਼ੀਲ ਹੋ ਸਕਦੇ ਹਨ! ਸਾਵਰਕਰ, ਗਾਂਧੀ, ਨਹਿਰੂ ਤੇ ਭਗਤ ਸਿੰਘ ਨੂੰ ਇਕੋ ਭਾਅ ਤੋਲਣਾ ਸਹੀ ਨਹੀਂ।
ਡਾæ ਓਬਰਾਏ ਨੇ ਸਾਵਰਕਰ ਤੇ ਗਾਂਧੀ ਦੀ ਨੀਤੀ ਅਤੇ ਨੀਅਤ ਨੂੰ ਸ਼ੱਤਰੂ ਅਤੇ ਮਿੱਤਰਭਾਵ ਦੇ ਹਿਸਾਬ ਸਪਸ਼ਟ ਕੀਤਾ ਹੈ ਕਿ ਸਾਵਰਕਰ ਹਤਿਆਰਿਆਂ ਅਤੇ ਆਤੰਕੀਆਂ ਦਾ ਪ੍ਰੇਰਨਾ ਸਰੋਤ ਸੀ। ਸਮੂਹ ਰਾਜਨੀਤੀ ਦਾ ਹਿੰਦੂਕਰਨ ਅਤੇ ਹਿੰਦੂਆਂ ਦਾ ਫੌਜੀਕਰਨ ਉਸ ਦਾ ਨਾਅਰਾ ਸੀ। ਉਹ ਭਾਰਤੀ ਆਜ਼ਾਦੀ ਸੰਗਰਾਮ ਦਾ ਨਾਇਕ ਸੀ ਅਤੇ ਉਹ ਹਿੰਦੂਆਂ ਨੂੰ ਰਾਸ਼ਟਰ ਦੀ ਬੁਨਿਆਦ ਅਤੇ ਰਾਖਵੀਂ ਸੈਨਾ ਤਸਲੀਮ ਕਰਦਾ ਸੀ।
ਆਜ਼ਾਦੀ ਦੇ ਸੰਗਰਾਮ ਵਿਚ ਲੋਕਾਂ ਦੀ ਅਗਵਾਈ ਕਰਨ ਵਾਲਾ ਗਾਂਧੀ, ਹਿੰਦ ਸਵਰਾਜ ਅਤੇ ਹਿੰਦੂ ਮੁਸਲਿਮ ਏਕਤਾ, ਛੂਆ-ਛਾਤ ਦੀ ਸਮਾਪਤੀ ਅਤੇ ਸਵਦੇਸੀ ਮੁਹਿੰਮ ਦਾ ਪ੍ਰਥਮ ਸ਼ਹੀਦ ਸੀ। ਉਸ ਦਾ ਨਾਅਰਾ ਸੀ, ਆਪਣੇ ਗੁਆਂਢੀ ਅਤੇ ਉਸ ਦੇ ਕੰਮ ਨਾਲ ਪਿਆਰ ਕਰੋ। ਗਾਂਧੀ ਖਾਲਕ ਅਤੇ ਖਲਕਤ ਨੂੰ ਰਾਸ਼ਟਰ ਤੋਂ ਉਤੇ ਮੰਨਦਾ ਸੀ। ਗਾਂਧੀ ਚਾਹੁੰਦਾ ਸੀ ਕਿ ਭਾਰਤ ਵਿਚ ਹਰ ਧਰਮ, ਨਸਲ ਅਤੇ ਸਭਿਆਚਾਰ ਦੇ ਲੋਕ ਮਿਲ-ਜੁਲ ਕੇ ਬਰਾਬਰੀ ਅਤੇ ਭਰਾਤਰੀ ਭਾਵ ਵਿਚ ਰਹਿਣ। ਮਕਸਦ ਨਾਲੋਂ ਸਾਧਨ ਨੂੰ ਉਸ ਨੇ ਹਮੇਸ਼ਾ ਪਹਿਲ ਦਿਤੀ; ਪਰ ਸਾਵਰਕਰ ਭਾਰਤੀ ਰਾਸ਼ਟਰ ਦੀ ਅਸਲ ਤਾਕਤ ਹਿਫਾਜ਼ਤ ਵਿਚ ਨਹੀਂ, ਹਮਲਾਵਰ ਹੋਣ ਵਿਚ ਦੇਖਦਾ ਸੀ। ਉਸ ਨੇ ਗਾਂਧੀ ਦੇ ਤੌਰ ਤਰੀਕਿਆਂ ਨੂੰ ਸਵੈਘਾਤੀ ਅਤੇ ਪਾਪ ਵਾਲੇ ਗਰਦਾਨ ਕੇ ਰੱਦ ਕਰ ਦਿਤਾ।
ਗਾਂਧੀ ਹਮੇਸ਼ਾ ਦੂਸਰੇ ਦੀ ਅੱਖ ਵਿਚ ਆਪਣਾ ਅਕਸ ਦੇਖ ਕੇ ਉਸ ਨੂੰ ਆਪਣਾ ਰੂਪ ਸਮਝਦਾ ਸੀ ਅਤੇ ਕਿਸੇ ਤਰ੍ਹਾਂ ਦੇ ਭਾਵੀ ਖਤਰੇ ਤੋਂ ਨਿਸਚਿੰਤ ਅਤੇ ਬੇਖੌਫ ਗੱਲਬਾਤ ਕਰਦਾ ਸੀ। ਉਸ ਲਈ ਸਵਰਾਜ ਦੇ ਅਰਥ ਲੋਕਾਂ ਦਾ ਆਪਣਾ ਰਾਜ ਅਤੇ ਸੁਧਾਰ-ਦੋਵੇਂ ਸਨ। ਉਸ ਲਈ ਰਾਮ ਰਾਜ ਦਾ ਭਾਵ ਲੋਕਾਂ ਵਿਚ ਧਰਮ ਦੇ ਅਹਿਸਾਸ ਨੂੰ ਤੀਬਰ ਕਰਨ ਤੋਂ ਸੀ। ਡਾæ ਓਬਰਾਏ ਮੁਤਾਬਕ, ਗਾਂਧੀ ਦੇ ਖਿਆਲਾਤ ਅਤੇ ਸਤਿਆਗ੍ਰਹਿ ਨੂੰ 1920-25 ਦੇ ਸਿੱਖ ਸੰਗਰਾਮ ਅਤੇ ਸ਼ਹਾਦਤ ਦੇ ਨਾਲ ਮੇਚ ਕੇ ਦੇਖਿਆ ਜਾ ਸਕਦਾ ਹੈ।
ਮੁਗਲ ਸਾਮਰਾਜ ਦੇ ਇਕ ਕੇਂਦਰ, ਲਾਹੌਰ ਵਿਚ ਹਿੰਦੂ ਮੁਸਲਿਮ ਏਕਤਾ ਦੇ ਦੋਸ਼ ਹੇਠ ਜਹਾਂਗੀਰ ਨੇ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਨੂੰ ਸ਼ਹੀਦ ਕੀਤਾ। ਉਨ੍ਹਾਂ ਦੇ ਪੁੱਤਰ ਗੁਰੂ ਨੇ ਕਲਗੀ ਸਜਾਈ, ਤਖਤ ਸਥਾਪਤ ਕੀਤਾ, ਸ਼ਸਤਰ ਇਕੱਠੇ ਕੀਤੇ ਅਤੇ ਲੋੜ ਪੈਣ ‘ਤੇ ਯੁੱਧ ਕੀਤੇ। ਦੂਸਰੇ ਕੇਂਦਰ ਦਿੱਲੀ ਵਿਖੇ ਨਾਸ਼ਮਾਨਤਾ ਦਾ ਸਬਕ ਸਿਖਾਉਣ ਵਾਲੇ, ਵੈਰਾਗ ਦੀ ਮੂਰਤ ਨੌਵੇਂ ਪਾਤਸਾਹ ਨੂੰ ਔਰੰਗਜ਼ੇਬ ਨੇ ਸ਼ਹੀਦ ਕੀਤਾ। ਉਨ੍ਹਾਂ ਦੇ ਪੁੱਤਰ ਗੁਰੂ ਨੇ ਵੀ ਕਲਗੀ ਸਜਾਈ, ਤਖਤ ਸਥਾਪਤ ਕੀਤਾ, ਸ਼ਸਤਰ ਇਕੱਠੇ ਕੀਤੇ ਅਤੇ ਲੋੜ ਪੈਣ ‘ਤੇ ਯੁੱਧ ਕੀਤੇ।
ਗੁਰਮਤਿ ਵਿਚ ਸ਼ਹੀਦ ਅਤੇ ਯੁੱਧ ਨਾਇਕ ਅਲਹਿਦਗੀ ਵਿਚ ਨਹੀਂ, ਸਿਰਫ ਗੁਰਮਤਿ ਦੇ ਗਾਡੀ ਰਾਹ ਦੇ ਦੋ ਪਹਿਲੂ ਹਨ; ਪਰ, ਸ਼ਹੀਦ ਅਤੇ ਨਾਇਕ ਵਿਚ ਅੰਤਰ ਹੈ। ਸ਼ਹੀਦ ਤਲਵਾਰ ਅਤੇ ਢਾਲ ਦੀ ਵਰਤੋਂ ਨਹੀਂ ਕਰਦੇ। ਨਾਇਕ ਤਲਵਾਰ ਦੇ ਨਾਲ ਢਾਲ ਵੀ ਰੱਖਦੇ ਹਨ। ਨਾਇਕ ਦੂਸਰੇ ਨੂੰ ਮਾਰਨ ਲਈ ਤਲਵਾਰ ਇਸਤੇਮਾਲ ਕਰਦੇ ਹਨ ਅਤੇ ਦੂਸਰੇ ਤੋਂ ਖੁਦ ਨੂੰ ਬਚਾਉਣ ਹਿਤ ਢਾਲ ਦੀ ਵਰਤੋਂ ਕਰਦੇ ਹਨ; ਪਰ, ਸ਼ਹੀਦ ਨਾ ਦੂਸਰੇ ਨੂੰ ਮਾਰਦੇ ਜਾਂ ਮਾਰਨ ਜਾਂਦੇ ਹਨ ਅਤੇ ਨਾ ਹੀ ਖੁਦ ਨੂੰ ਬਚਾਉਣ ਦਾ ਕੋਈ ਯਤਨ ਕਰਦੇ ਹਨ। ਪੰਚਮ ਅਤੇ ਨੌਵੇਂ ਪਾਤਸ਼ਾਹ ਦਾ ਕਿਸੇ ਨੂੰ ਮਾਰਨ ਦਾ ਕੋਈ ਪ੍ਰਯੋਜਨ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੇ ਖੁਦ ਨੂੰ ਬਚਾਉਣ ਦਾ ਕੋਈ ਉਪਰਾਲਾ ਕੀਤਾ।
ਛੇਵੇਂ ਪਾਤਸ਼ਾਹ ਨੇ ਜੰਗ ਟਾਲਦਿਆਂ ਅੰਮ੍ਰਿਤਸਰ ਤੋਂ ਕੀਰਤਪੁਰ ਕੂਚ ਕਰ ਦਿਤਾ ਸੀ; ਰਸਤੇ ਵਿਚ ਭਾਵੇਂ ਕਈ ਥਾਂਈਂ ਜੰਗ ਕਰਨਾ ਪਿਆ। ਅਖੀਰ ਕੀਰਤਪੁਰ ਪਹੁੰਚ ਕੇ ਦਮ ਲਿਆ। ਦਸਮ ਪਿਤਾ ਨੇ ਵੀ ਅਨੰਦਪੁਰ ਸਾਹਿਬ ਤੋਂ ਨਾਂਦੇੜ ਕੂਚ ਕਰ ਦਿਤਾ ਸੀ। ਉਨ੍ਹਾਂ ਨੂੰ ਵੀ ਬੇਸ਼ੱਕ, ਰਾਹ ਵਿਚ ਜੰਗ ਕਰਨੇ ਪਏ। ਚਮਕੌਰ ਦੀ ਗੜ੍ਹੀ ਵਿਚੋਂ ਜਾਣ ਸਮੇਂ ਮਹਾਂ ਸਿੰਘ, ਸਾਹਿਬਜ਼ਾਦਿਆਂ ਦੀ ਦੇਹ ‘ਤੇ ਕਫਨ ਦੇਣ ਲਈ ਰੁਕ ਗਿਆ ਸੀ, ਪਰ ਗੁਰੂ ਨੇ ਉਸ ਨੂੰ ਵਰਜਦਿਆਂ ਕਿਹਾ, ਮੈਂ ਇਹ ਤਾਂ ਬਰਦਾਸ਼ਤ ਕਰ ਲਵਾਂਗਾ, ਜੇ ਜ਼ਮਾਨਾ ਮੈਨੂੰ ਰਣ ਦਾ ਚੋਰ ਸਮਝੇ, ਪਰ ਇਹ ਬਰਦਾਸ਼ਤ ਨਹੀਂ ਕਰ ਸਕਾਂਗਾ ਕਿ ਗੁਰੂ ਨੇ ਪੁੱਤ ਹੋਰ ਸਮਝੇ, ਸਿੱਖ ਹੋਰ। ਗੁਰੂ ਲਈ ਜੰਗ ਤੋਂ ਵਧੇਰੇ ਅਹਿਮ ਸਿੱਖੀ ਕਿਰਦਾਰ ਸੀ। ਜੰਗਾਂ ਗੁਰੂ ਨੇ ਹਮਲਾਵਰ ਹੋਣ ਲਈ ਨਹੀਂ, ਹਿਫਾਜ਼ਤ ਲਈ ਲੜੀਆਂ।
ਸਿੱਖੀ ਦੇ ਹਿਫਾਜ਼ਤ ਨੇਮ ਨੂੰ ਹਮਲਾਵਰ ਹੋਣ ਵਿਚ ਕਿਸ ਨੇ ਕਦ ਬਦਲਿਆ, ਇਹ ਲੰਮੀ ਕਹਾਣੀ ਹੈ। ਦਰਅਸਲ, ਬੰਦੇ ਬਹਾਦਰ ਦੀ ਫੌਜ ਵਿਚ ਸ਼ਾਮਿਲ ਹੋਏ ਮੁਲਖੱਈਏ ਬਾਬਤ ਸਿੱਖ ਅਕਾਦਮਿਕਤਾ ਵਿਚ ਅਜੇ ਤਕ ਕੋਈ ਅਧਿਐਨ ਨਹੀਂ ਹੋਇਆ। ਇਹ ਮੁਲਖੱਈਆ ਕਿਥੋਂ ਆਇਆ, ਕਾਹਦੇ ਲਈ ਆਇਆ ਤੇ ਕਿਥੇ ਗਿਆ? ਗਿਆ ਵੀ ਕਿ ਨਹੀਂ? ਇਹ ਸਵਾਲ ਅਜੇ ਤਕ ਜਵਾਬ ਰਹਿਤ ਹਨ। ਮੁਲਖੱਈਆ ਬਿਰਤੀ ਨੇ ਸ਼ਹਾਦਤ ਦੇ ਸਿਧਾਂਤ ਅਤੇ ਪਰੰਪਰਾ ਨੂੰ ਕਮਜ਼ੋਰ ਕੀਤਾ, ਹਿਫਾਜ਼ਤ ਨੂੰ ਹਮਲਾਵਰ ਹੋਣ ਵਿਚ ਬਦਲਿਆ ਅਤੇ ਸਿੱਖੀ ਦੇ ਯੁੱਧ ਸਦਾਚਾਰ ਨੂੰ ਅਨਾਚਾਰ ਨਾਲ ਰਲਗਡ ਕੀਤਾ। ਲੁੱਟ ਜਾਂ ਭਰਾਮਾਰੀ ਦੇ ਇਵਜ਼ ਵਿਚ ਮਿਲੀ ਮਿਲਖ ਜਦ ਮੁਲਖ ਬਣਦੀ ਹੈ ਤਾਂ ਮੁਲਖੱਈਆ ਸੋਚ ਉਪਜਦੀ ਹੈ। ਮੁਲਖੱਈਆ ਕਿਸੇ ਨੂੰ ਮਾਰਨ ਵਿਚ ਹੀ ਯਕੀਨ ਰੱਖਦਾ ਹੈ, ਮਰਨ ਵਿਚ ਨਹੀਂ।
ਕੁਦਰਤ ਦਾ ਨੇਮ ਹੈ, ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ। ਵਿਰਲੇ ਸਿੱਖਾਂ ਨੇ ਸ਼ਹਾਦਤ ਦੇ ਸ਼ੁੱਧ ਸੰਕਲਪ ਅਤੇ ਯੁੱਧ ਅਸੂਲ ਨੂੰ ਕਾਇਮ ਰੱਖਿਆ; ਪਰ, ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਸਿੱਖ ਸਮਾਜ ਵਿਚ ਸ਼ਹਾਦਤ ਦੇ ਸੰਕਲਪ ਦਾ ਮੂੰਹ ਮੁਹਾਂਦਰਾ ਵਿਗਾੜਿਆ ਗਿਆ ਅਤੇ ਯੁੱਧ ਅਸੂਲਾਂ ਨਾਲ ਖਿਲਵਾੜ ਕੀਤਾ ਗਿਆ, ਸ਼ਾਇਦ ਹੀ ਕਿਸੇ ਹੋਰ ਸਮਾਜ ਵਿਚ ਇਹ ਸਭ ਬਰਦਾਸ਼ਤ ਕੀਤਾ ਜਾਂਦਾ। ਅੱਜ ਵੀ ਕਹੇ ਜਾਂਦੇ ਸਿੱਖ ਵਿਦਵਾਨ ਉਸੇ ਮੁਲਖੱਈਆ ਸੋਚ ਨੂੰ ਪ੍ਰਣਾਏ ਹੋਏ, ਉਸੇ ਨੂੰ ਫੈਲਾ ਰਹੇ ਹਨ। ਇਕੋ ਸਾਹੇ ਸਾਵਰਕਰ ਨੂੰ ਵੀ ਕੋਸਦੇ ਹਨ, ਗਾਂਧੀ ਤੇ ਨਹਿਰੂ ਨੂੰ ਵੀ। ਸਿੱਖ ਚਿੰਤਕਾਂ ਨੇ ਆਟੇ ਦਾਣੇ ਦਾ ਭਾਅ ਇਕ ਕਰ ਰੱਖਿਆ ਹੈ।
ਗੁਰੂ, ਸਿੱਖੀ, ਸ਼ਹਾਦਤ ਅਤੇ ਯੁੱਧ ਦੇ ਨਾਂ ‘ਤੇ ਬਰਬਰਤਾ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲਿਆਂ ਨੂੰ ਕੀ ਕਹੀਏ! ਕੁੱਤੇ, ਸਹੇ ਅਤੇ ਪਹੇ ਨੂੰ ਇਕੋ ਰੱਸੇ ਨੂੜਨਾ ਸਿਆਣਪ ਨਹੀਂ। ਸਿੱਖ ਮਰਨ ਦੇ ਭੈਅ ਵਿਚ ਜੰਗ ਤੋਂ ਪ੍ਰਹੇਜ਼ ਨਹੀਂ ਕਰਦਾ। ਫਰਕ ਇਹ ਹੈ ਕਿ ਜੰਗ ਦੂਸਰੇ ਨੂੰ ਮਾਰਨ ਲਈ ਕੀਤੀ ਜਾਂਦੀ ਹੈ, ਜਦਕਿ ਸ਼ਹਾਦਤ ਖੁਦ ਮਰਨਾ ਹੈ। ਸ਼ਹਾਦਤ ਖੁਦਕੁਸ਼ੀ ਨਹੀਂ, ਸੱਚ ਪਤੀਜਣ ਖਾਤਰ, ਧਰਮ ਮਾਰਗ ‘ਤੇ ਚੱਲਦਿਆਂ ‘ਮੁਹਿ ਮਰਨੇ ਕਾ ਚਾਉ’ ਅਧੀਨ ‘ਜੂਝ ਮਰਉ’ ਦਾ ਸੰਕਲਪ ਹੈ। ਇਹ ਇਕ ਕੋਲੋਂ ਦਸ, ਪੈਂਤੀ ਜਾਂ ਸਵਾ ਲੱਖ ਮਰਵਾਉਣ ਦੀ ਪ੍ਰਤਿਗਿਆ ਨਹੀਂ, ਬਲਕਿ ਸਵਾ ਲੱਖ ਨਾਲ ਇਕ ਨੂੰ ਲੜਾਉਣ ਦਾ ਧਰਮ ਹੈ।
ਪੁਰਅਮਨ ਅਕਾਲੀ ਧਰਮ ਯੁੱਧ ਮੋਰਚੇ ਨੂੰ ਗਰਮਾਉਣ, ਭੜਕਾਉਣ ਤੇ ਭਟਕਾਉਣ ਵਾਲੇ ਕੌਣ ਸਨ, ਕਿਥੋਂ ਤੁਰੇ ਤੇ ਕਿਥੇ ਪੁੱਜੇ? ਕੀ ਪਾਇਆ ਤੇ ਕੀ ਗੁਆਇਆ? ਕੌਣ ਜਾਣਨਾ ਚਾਹੁੰਦਾ ਹੈ? ਬੰਦਿਆਂ ਦੀ ਮੁਲਖੱਈਆ ਸੋਚ ਦੇ ਕਿੱਸੇ ਕਹਾਣੀਆਂ ਸਭ ਸੁਣਾਉਂਦੇ ਹਨ, ਸਿੱਖੀ ਗੁਫਤਾਰ ਜਾਂ ਰਫਤਾਰ ਦੀ ਨਹੀਂ, ਕਿਰਦਾਰ ਦੀ ਹੈ। ਪੰਜਾਬੀ ਸੰਗੀਤ ਸੁਣ ਲਉ, ਫਿਲਮ ਦੇਖ ਲਉ ਜਾਂ ਅਖਬਾਰ ਪੜ੍ਹ ਲਉ, ਚੰਦ ਮਿੰਟਾਂ ਵਿਚ ਸਿੱਖ ਕਿਰਦਾਰ ਸਾਹਮਣੇ ਆ ਜਾਂਦਾ ਹੈ।
ਭਾਸ਼ਾ ਦੀ ਸਹਿਜ ਤਰਤੀਬ ਵਿਚ ਲਏ ਜਾਂਦੇ ਨਾਂ ‘ਸੁੱਖਾ-ਜਿੰਦਾ’ ਵਿਚ ਕੀ ਖੋਟ ਸੀ? ਸੁੱਖਾ-ਜਿੰਦਾ ਕੌਣ ਸਨ? ਇਸ ਨੂੰ ਉਲਟਾ ਕਰ ਕੇ ‘ਜਿੰਦਾ ਸੁੱਖਾ’ ਕਹਿਣ ਦੀ ਪਿਰਤ ਕਿਸ ਨੇ ਪਾਈ? ਕੀ ਮਨੋਰਥ ਸੀ? ਨੀਤੀ ਅਤੇ ਨੀਅਤ ਕੀ ਸੀ? ਇਸ ਇਕੋ ਸਵਾਲ ਦੇ ਜਵਾਬ ਨਾਲ ਅਸਲ, ਸਮੂਹ ਸਰੋਕਾਰ ਸਪਸ਼ਟ ਹੋ ਜਾਣਗੇ; ਪਰ ਇਨ੍ਹਾਂ ਸਵਾਲਾਂ ਦੇ ਜਵਾਬ ਸਾਨੂੰ ਸੁਣਨੇ, ਪੜ੍ਹਨੇ ਤੇ ਜਾਣਨੇ ਪਸੰਦ ਨਹੀਂ। ਗਲਤੀ ਕਰਨ ਵਾਲੇ ਨੂੰ ਨਹੀਂ, ਗਲਤੀ ਕੱਢਣ ਵਾਲੇ ਨੂੰ ਗਲਤ ਕਹਿਣ ਦਾ ਰੁਝਾਨ ਹੈ।
ਇਤਿਹਾਸ ਦਾ ਅਧਿਐਨ, ਸਮਾਜ ਦਾ ਅਧਿਐਨ ਹੈ ਅਤੇ ਸਮਾਜ ਦਾ ਅਧਿਐਨ ਕਿਰਦਾਰ ਦਾ ਅਧਿਐਨ ਹੈ। ਇਖਲਾਕੀ ਪਾਵਨਤਾ ਖਲਕਤ ਨੂੰ ਇਤਿਹਾਸ ਦੇ ਸੁਨਹਿਰੀ ਪੰਨਿਆਂ ‘ਤੇ ਸੁਸ਼ੋਭਿਤ ਕਰਦੀ ਹੈ। ਇਖਲਾਕ ਤੋਂ ਦੂਰ ਹੋਈ ਖਲਕਤ ਇਤਿਹਾਸ ਦੇ ਪੰਨਿਆਂ ਤੋਂ ਦੂਰ ਹੋ ਜਾਂਦੀ ਹੈ ਤੇ ਅਖੀਰ ਸਮਾਜ ਵਿਚੋਂ ਮਨਫੀ ਹੋ ਜਾਂਦੀ ਹੈ। ਇਤਿਹਾਸ ਦੇ ਕਿਸ ਦੌਰ ਵਿਚ ਕੋਈ ਸਮਾਜ ਕਿਸ ਕਦਰ ਕਿਰਦਾਰ ਦੀ ਬੁਲੰਦੀ ਵੱਲ ਵਧਿਆ ਜਾਂ ਇਖਲਾਕ ਨੂੰ ਕਾਇਮ ਰੱਖ ਸਕਿਆ ਤੇ ਕਿਸ ਕਦਰ ਹੇਠਾਂ ਸਰਕ ਗਿਆ, ਇਹ ਬੜਾ ਰੌਚਕ, ਲਾਹੇਵੰਦ ਅਤੇ ਲਾਜ਼ਮੀ ਅਧਿਐਨ ਹੈ।
ਪੰਜਾਬ ਦੇ ਇਤਿਹਾਸ ਵਿਚ ਅਠਾਰਵੀਂ ਸਦੀ ਦੇ ਅਰੰਭ ਅਤੇ ਉਨ੍ਹੀਵੀਂ ਸਦੀ ਦੇ ਅੱਧ ਦਾ ਸਮਾਂ ਅਸਲ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਲੋਕ ਗਮਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮਾਪਨ ਦਾ ਅੰਤਰਾਲ ਹੈ ਜਿਸ ਵਿਚ ਬੇਹੱਦ ਖੌਫਜ਼ਦਾ ਅਤੇ ਵਿਚਿਤਰ ਕਿਸਮ ਦੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਦੇ ਅਧਿਐਨ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਸਾਹਿਬਾਨ ਨੇ ਬਾਣੀ ਅਤੇ ਸਾਖੀ ਰਾਹੀਂ ਜਿਸ ਅਡੋਲ ਕਿਰਦਾਰ ਵਾਲੇ ਨਿੱਗਰ ਸਮਾਜ ਦੀ ਸਿਰਜਣਾ ਕੀਤੀ ਸੀ, ਉਹ ਸਹਿਜੇ ਸਹਿਜੇ ਸਹਿਜ ਤੋਂ ਦੂਰ ਹੁੰਦਾ ਗਿਆ ਅਤੇ ਕਿਰਦਾਰ ਪੱਖੋਂ ਕਮਜ਼ੋਰ ਹੁੰਦਾ ਹੁੰਦਾ, ਨੀਅਤ ਤੇ ਇਖਲਾਕੀ ਸੰਜਮ ਤੋਂ ਹੈਰਾਨੀ ਦੀ ਹੱਦ ਤੱਕ ਡੋਲ ਗਿਆ।
ਗੁਰੂ ਕਾਲ ਵਿਚ ਸਿੱਖਾਂ ਨੂੰ ਕੇਵਲ ਦੋ ਲਕਬ ਦਿੱਤੇ ਅਤੇ ਪ੍ਰਚਲਿਤ ਕੀਤੇ ਗਏ: ਬਾਬਾ ਅਤੇ ਭਾਈ। ਗੁਰੂ ਦੇ ਰਿਸ਼ਤੇ ਵਿਚੋਂ ਹਰ ਉਮਰ ਦੇ ਸਿੱਖ ਲਈ ਬਾਬਾ ਲਕਬ ਇਸਤੇਮਾਲ ਹੋਇਆ: ਬਾਬਾ ਸ੍ਰੀਚੰਦ, ਬਾਬਾ ਅਟੱਲ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਇਸੇ ਤਰ੍ਹਾਂ ਗੁਰੂ ਸਾਹਿਬਾਨ ਦੇ ਪੂਰਨਿਆਂ ‘ਤੇ ਚੱਲਣ ਵਾਲੇ ਸਿੱਖਾਂ ਨੂੰ ਭਾਈ ਆਖਿਆ ਗਿਆ: ਭਾਈ ਬਿਧੀ ਚੰਦ, ਭਾਈ ਮਤੀਦਾਸ, ਭਾਈ ਵਚਿਤਰ ਸਿੰਘ, ਭਾਈ ਘਨੱਈਆ ਅਤੇ ਭਾਈ ਨੰਦ ਲਾਲ। ਚੰਦ ਕੁ ਮਿਸਾਲਾਂ ਅਜਿਹੀਆਂ ਵੀ ਹਨ, ਜਿਥੇ ਇਹ ਪਰੰਪਰਾ ਨਜ਼ਰਅੰਦਾਜ਼ ਹੋਈ। ਗੁਰੂ ਦੇ ਰਿਸ਼ਤੇ ਵਿਚੋਂ ਵਿਦਵਾਨ ਹਸਤੀ ਭਾਈ ਗੁਰਦਾਸ ਨੂੰ ਬਾਬਾ ਨਹੀਂ ਕਿਹਾ ਗਿਆ। ਬਾਬਾ ਦੀਪ ਸਿੰਘ ਅਤੇ ਬਾਬਾ ਬੰਦਾ ਬਹਾਦਰ ਨੂੰ ਭਾਈ ਨਹੀਂ ਕਿਹਾ ਗਿਆ।
ਭਾਰਤੀ ਸਮਾਜ ਵਿਚ ਜਾਤ ਪਰੰਪਰਾ ਨੇ ਊਚ ਨੀਚ ਨੂੰ ਜਨਮ ਦਿਤਾ ਜਿਸ ਨੂੰ ਗੁਰੂ ਸਾਹਿਬਾਨ ਨੇ ਮੁਢੋਂ ਖਾਰਜ ਕਰਦਿਆਂ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਦੇ ਸੰਦੇਸ਼ ਅਤੇ ਉਪਦੇਸ਼ ਨਾਲ ਮਹਾਂ ਸਤਿਕਾਰਤ ਲਕਬ ‘ਭਾਈ’ ਨੂੰ ਅਭਿਆਸ ਯੁਕਤ ਕੀਤਾ। ਗੁਰਮਤਿ ਵਿਚ ਅੱਗੜ-ਪਿਛੜ ਵਾਲੀ ਲਾਈਨ ਦੀ ਪਰੰਪਰਾ ਨਹੀਂ, ਸਿਰਫ ਲੰਗਰ ਵਿਚ ਗੋਡੇ ਨਾਲ ਗੋਡਾ ਜੋੜ ਕੇ ਪੰਗਤ ਦੀ ਮਰਿਆਦਾ ਹੈ। ਇਸ ਤਰ੍ਹਾਂ ਬਹਿਣ ਨਾਲ ਮਨ ਵਿਚ ਭਰਾਤਰੀ ਭਾਵ ਜਾਗਦਾ ਹੈ; ਅੱਗੇ-ਪਿਛੇ ਬੈਠਣ ਨਾਲ ਅੱਵਲ-ਦੋਇਮ ਦਾ ਅਹਿਸਾਸ ਪਣਪਦਾ ਹੈ; ਜਿਸ ਵੱਲ ਸੁਖਮਨੀ ਸਾਹਿਬ ਵਿਚ ਇਸ਼ਾਰਾ ਕੀਤਾ ਗਿਆ, “ਆਪਸ ਕਉ ਜੋ ਭਲਾ ਕਹਾਵੈ॥ ਤਿਸਹਿ ਭਲਾਈ ਨਿਕਟਿ ਨ ਆਵੈ॥” ਅਤੇ “ਆਪਸ ਕਉ ਜੋ ਜਾਣੈ ਨੀਚਾ॥ ਸੋਊ ਗਨੀਐ ਸਭ ਤੇ ਊਚਾ॥” ਇਨ੍ਹਾਂ ਅਨੁਸਾਰ ਭਾਈ ਲਕਬ ਸਿੱਖ ਕਿਰਦਾਰ ਦੀ ਚੂਲ ਹੈ।
ਕਿਰਦਾਰ ਪ੍ਰੇਮ ਅਤੇ ਜੰਗ ਦੌਰਾਨ ਪ੍ਰਤੱਖ ਹੁੰਦਾ ਹੈ, “ਐਵਰੀ ਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ।” ਭਾਰਤੀ ਪ੍ਰਸੰਗ ਵਿਚ ਕ੍ਰਿਸ਼ਨ ਨੂੰ ਇਸ ਵਿਚਾਰ ਨਾਲ ਜੋੜਿਆ ਜਾਂਦਾ ਹੈ। ਮਹਾਂਭਾਰਤ ਵਿਚ ਕ੍ਰਿਸ਼ਨ ਨੇ ਭੀਮ ਨੂੰ ਦੁਰਯੋਧਨ ‘ਤੇ ਵਾਰ ਕਰਨ ਲਈ ‘ਬਿਲੋਅ ਦਾ ਬੈਲਟ’, ਅਰਥਾਤ ਉਸ ਦੀ ਕਮਜ਼ੋਰ ਥਾਂ ਦਾ ਸੰਕੇਤ ਕੀਤਾ ਸੀ, ਜਿਸ ਦਾ ਉਨ੍ਹਾਂ ਦੇ ਭਾਈ ਬਲਰਾਮ ਨੇ ਵਿਰੋਧ ਕੀਤਾ। ਕ੍ਰਿਸ਼ਨ ਨੇ ਪ੍ਰੇਮ ਦੇ ਸਿਲਸਿਲੇ ਵਿਚ ਵੀ ‘ਪਰ ਨਾਰੀ’ ਚੰਦ੍ਰਾਵਲ ਨਾਲ ਛਲ ਕੀਤਾ, ਪਰ ਬਲਰਾਮ ਨੇ ਸ਼ਾਦੀਸ਼ੁਦਾ ‘ਨਿਜ ਨਾਰੀ’ ਦੀ ਪ੍ਰੇਮ ਸੀਮਾ ਦਾ ਉਲੰਘਣ ਨਹੀਂ ਕੀਤਾ। ਕ੍ਰਿਸ਼ਨ ਨੂੰ ਪੀਲੇ ਵਸਤਰਾਂ ਵਾਲਾ ਪੀਤਾਂਬਰ ਕਿਹਾ ਗਿਆ। ਭਾਰਤੀ ਪ੍ਰਤੀਕ ਵਿਧਾਨ ਵਿਚ ਪੀਲਾ ਰੰਗ ਬਸੰਤ ਦੀ ਸ਼ਰਾਰਤੀ ਰੋਮਾਂਚਕਾਰੀ, ਪ੍ਰੇਮ ਲੀਲ੍ਹਾ, ਵਿਲਾਸ ਅਤੇ ਚੁਹਲ-ਮੁਹਲ ਦਾ ਸੰਕੇਤਕ ਹੈ। ਕ੍ਰਿਸ਼ਨ ਦੀ ਜੀਵਨ ਲੀਲ੍ਹਾ ਵਲ ਛਲ ਅਤੇ ਫਰੇਬ ਦੇ ਅਨੇਕ ਕਿੱਸਿਆਂ ਨਾਲ ਭਰਪੂਰ ਹੈ। ਬਲਰਾਮ ਨੂੰ ਨੀਲ ਵਸਤਰ ਕਿਹਾ ਗਿਆ। ਪੀਤਾਂਬਰ ਦੇ ਵਿਪਰੀਤ ਨੀਲ ਵਸਤਰ ਪ੍ਰੇਮ ਵਿਚ ਨਿਜ ਨਾਰੀ ਦੇ ਇਖਲਾਕ ਅਤੇ ਜੰਗ ਦੇ ਉਚ ਮਿਆਰ ਦੇ ਸੂਚਕ ਹਨ। ਇਸਤਰੀ ਪੁਰਸ਼ ਦੇ ਸੰਯੋਗ ਸਮੇਂ ਲਾਵਾਂ ਦੇ ਸਿਰਲੇਖ ਵਾਲੀ ਬਾਣੀ ਵਿਚ ਗੁਰੂ ਰਾਮਦਾਸ ਨੇ ਅਕਾਲ ਪੁਰਖ ਨੂੰ ਬਲਰਾਮ ਦੇ ਨਾਂ ਨਾਲ ਯਾਦ ਕਰਦਿਆਂ ਇਸਤਰੀ-ਪੁਰਖ ਦੇ ਸੰਯੋਗ ਨੂੰ ਨਿਜ ਨਾਰੀ ਦੀ ਇਖਲਾਕੀ ਪਰੰਪਰਾ ਨਾਲ ਜੋੜਿਆ। ਦਸਮ ਪਾਤਸ਼ਾਹ ਨੇ ਖਾਲਸੇ ਦੀ ਸਾਜਨਾ ਸਮੇਂ ਨੀਲੇ ਵਸਤਰ ਪਹਿਨੇ। ਨੀਲਾ ਰੰਗ ਯੁੱਧ ਅਤੇ ਪ੍ਰੇਮ ਦੇ ਉਚ ਇਖਲਾਕ ਦਾ ਸੂਚਕ ਹੈ।
ਜਿੱਤ ਸਮੇਂ ਸਾਜ਼ੋ-ਸਮਾਨ ਅਤੇ ਔਰਤਾਂ ਦੀ ਲੁੱਟ ਤੋਂ ਪਰਹੇਜ਼ ਰੱਖਣ ਦੀ ਸਖਤ ਤਾੜਨਾ ਕਰਦਿਆਂ ਕਲਗੀਧਰ ਪਾਤਸ਼ਾਹ ਨੇ ਸਿੱਖਾਂ ਨੂੰ ਆਖਿਆ ਸੀ, “ਤਬ ਸ੍ਰੀ ਸਤਿਗੁਰ ਬਚਨ ਉਬੇਰੋ, ਹਮ ਲੇ ਜਾਨੋ ਪੰਥ ਉਚੇਰੋ।” ਭਾਈ ਘਨੱਈਆ ਨੂੰ ਪਾਣੀ ਪਿਲਾਉਣ ਪਿਛੋਂ ਮਰ੍ਹਮ ਪੱਟੀ ਦੀ ਸਿਫਾਰਿਸ਼ ਨਾਲ ਦਸਮ ਪਿਤਾ ਨੇ ਖਾਲਸੇ ਦਾ ਜੰਗੀ ਨੇਮ ਅਤੇ ਮਿਆਰ ਦ੍ਰਿੜ੍ਹ ਕਰਵਾ ਦਿਤਾ। ਪਰਾਈ ਇਸਤਰੀ ਬਾਬਤ ਭਾਈ ਗੁਰਦਾਸ ਨੇ ਗੁਰਉਪਦੇਸ਼ ਨੂੰ ਦ੍ਰਿੜ ਕਰਦਿਆਂ ਲਿਖਿਆ, “ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ।” ਮਰਿਆਦਾ ਤੈਅ ਕਰਦਿਆਂ ਪਰਇਸਤਰੀ ਗਮਨ ਨੂੰ ਬੱਜਰ ਕੁਰਹਿਤ ਕਰਾਰ ਦੇਣਾ ਖਾਲਸਾ ਕਿਰਦਾਰ ਪ੍ਰਤੀ ਗੁਰੂ ਸਰੋਕਾਰ ਦੀ ਸ਼ਿੱਦਤ ਦਰਸਾਉਂਦਾ ਹੈ।
1710 ਈਸਵੀ ਵਿਚ ਦਿੱਲੀ ਤਖਤ ਤੋਂ ਫਰੁਖਸ਼ੀਅਰ ਨੇ ਸ਼ਾਹੀ ਹੁਕਮ ਜਾਰੀ ਕੀਤਾ ਸੀ ਕਿ ਜਿਥੇ ਸਿੱਖ ਨਜ਼ਰ ਆਵੇ, ਬੇਝਿਜਕ ਮਾਰ ਦਿਤਾ ਜਾਵੇ। ਜਵਾਬ ਵਿਚ ਬਾਬਾ ਬੰਦਾ ਬਹਾਦਰ ਨੇ 1712 ਵਿਚ ਆਦੇਸ਼ ਜਾਰੀ ਕੀਤਾ ਕਿ ਖਾਲਸੇ ਦਾ ਵੈਰ ਸਿਰਫ ਜ਼ੁਲਮ ਨਾਲ ਹੈ, ਕਿਸੇ ਮਜ਼ਹਬ ਜਾਂ ਕੌਮ ਨਾਲ ਨਹੀਂ। ਬਾਬਾ ਬੰਦਾ ਬਹਾਦਰ ਦੇ ਲੋਪ ਹੋਣ ਪਿਛੋਂ ਸਿੱਖਾਂ ‘ਤੇ ਘੋਰ ਤੱਦੀ ਦਾ ਦੌਰ ਅਰੰਭ ਹੋਇਆ। ਕਤਲ ਹੋਏ ਬੱਚਿਆਂ ਦੇ ਟੁਕੜੇ ਮਾਂਵਾਂ ਨੇ ਝੋਲੀਆਂ ਵਿਚ ਪੁਆਏ, ਸਿਰਾਂ ਦੇ ਮੁੱਲ ਪਏ, ਨੇਜਿਆਂ ‘ਤੇ ਟੰਗੇ ਗਏ, ਖੋਪਰੀਆਂ ਉਤਰੀਆਂ ਅਤੇ ਚਰਖੜੀਆਂ ‘ਤੇ ਚਾੜ੍ਹੇ ਗਏ।
1733 ਈਸਵੀ ਵਿਚ ਜ਼ਕਰੀਆ ਖਾਨ ਨੇ ਸਿੱਖਾਂ ਨਾਲ ਨੀਤੀਗਤ ਸਮਝੌਤਾ ਕਰਨ ਲਈ ਖਿਲਅਤ ਅਤੇ ਨਵਾਬੀ ਪੇਸ਼ ਕੀਤੀ। ਖਿਲਅਤ ਬਾਦਸ਼ਾਹ ਦੀ ਉਤਾਰੀ ਹੋਈ ਪੁਸ਼ਾਕ ਨੂੰ ਕਹਿੰਦੇ ਹਨ। ‘ਤਵਾਰੀਖ ਗੁਰੂ ਖਾਲਸਾ’ ਵਿਚ ਦੱਸਿਆ ਹੈ ਕਿ ਸਿੰਘ ਅੰਮ੍ਰਿਤਸਰ ਇਕੱਠੇ ਹੋਏ ਅਤੇ ਖਿਲਅਤ ਦੇ ਦੁਆਲੇ ਦਾਇਰਾ ਬਣਾ ਕੇ ਖਲੋ ਗਏ। ਨਵਾਬੀ ਨੂੰ ਖਰਾਬੀ ਮੰਨਦਿਆਂ “ਦੋ ਇਕ ਘੜੀ ਤਾਂ ਸਭ ਨੇ ਐਸੀ ਬੇਪ੍ਰਵਾਹੀ ਦਿਖਾਈ ਜੋ ਨਵਾਬੀ ਦਾ ਖਿਲਅਤ, ਚੌਗਾਨ ਦੀ ਗੇਂਦ ਕਰ ਰੱਖਿਆ। ਜਿਸ ਅੱਗੇ ਰੱਖਿਆ ਜਾਵੇ, ਉਹੋ ਪੈਰ ਦੀ ਠੋਕਰ ਮਾਰ ਕੇ ਧਕੇਲ ਦੇਵੇ।” ਸਿਆਣਪ ਜਾਣ ਕੇ ਅਸਤਬਲ ਦੇ ਸੇਵਾਦਾਰ ਕਪੂਰ ਸਿੰਘ ਨੂੰ ਨਵਾਬ ਥਾਪ ਲਿਆ। ਜਲਦੀ ਬਾਅਦ ਬਜ਼ੁਰਗ ਅਤੇ ਜਵਾਨ ਸਿੰਘਾਂ ਵਿਚ ਪਹਿਲੀ ਵਾਰ ਮਾਲ-ਅਸਬਾਬ ਦੀ ਵੰਡ ਨੂੰ ਲੈ ਕੇ ਦੁਫੇੜ ਪੈ ਗਿਆ। ਗੁਰੂ ਕਾ ਪੰਥ, ਬੁੱਢਾ ਦਲ ਤੇ ਤਰਨਾ ਦਲ ਵਿਚ ਤਕਸੀਮ ਹੋ ਗਿਆ। ਵਖਰੇਵਾਂ ਹੋਰ ਵਧਿਆ ਤਾਂ ਤਰਨਾ ਦਲ ਪੰਜ ਹਿੱਸਿਆਂ ਵਿਚ ਵੰਡਿਆ ਗਿਆ।
ਇਸ ਪਿਛੋਂ ਪੰਥ ਵਿਚ ਆਪਾ-ਧਾਪੀ ਪੈ ਗਈ ਅਤੇ ਫੁੱਟ ਜ਼ੋਰ ਫੜ ਗਈ। ਜਿਸ ਵੇਲੇ “ਸਿੱਖ 65 ਜੱਥਿਆਂ ਵਿਚ ਵੰਡੇ ਹੋਏ ਸਨ। ਹਰ ਇਕ ਦਾ ਵੱਖਰਾ ਸਰਦਾਰ ਸੀæææ 29 ਮਾਰਚ 1748 ਵਿਸਾਖੀ ਦੇ ਦਿਹਾੜੇ ਉਨ੍ਹਾਂ ਗੁਰਮਤੇ ਰਾਹੀਂ ਸਿੰਘ ਸਾਹਿਬ, ਮਹਾਨ ਜਥੇਦਾਰ, ਸੁਲਤਾਨ-ਉਲ-ਕੌਮ ਨਵਾਬ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਕਮਾਨ ਹੇਠ ਇਕ ਹੋਣ ਦਾ ਫੈਸਲਾ ਕੀਤਾ।” ਇਸ ਇਕੱਠ ਨੂੰ ਦਲ ਖਾਲਸਾ ਦਾ ਨਾਂ ਦਿੱਤਾ ਗਿਆ। ਇਹ ਜੱਸਾ ਸਿੰਘ ਤੇ ਨਵਾਬ ਕਪੂਰ ਸਿੰਘ ਦੀ ਦੇਖ-ਰੇਖ ਅਤੇ ਉਸਤਾਦੀ ਵਿਚ ਪਲਿਆ।
ਇਸ ਸਮੇਂ ਸਿੱਖ, ਪਠਾਣੀ ਲਕਬ ‘ਸਰਦਾਰ’ ਅਤੇ ‘ਸੁਲਤਾਨ’ ਦੀ ਕਸ਼ਿਸ਼ ਅਧੀਨ ਹੋ ਗਏ। ਸਰਦਾਰ ਦੀ ਚੜ੍ਹਤ ਅਤੇ ਖਿੱਚ ਨੇ ਭਾਈ ਦਾ ਲਕਬ ਕਮਜ਼ੋਰ ਕਰ ਦਿਤਾ। ਸਿੱਖ ਭਰਾਤਰੀ ਭਾਵ ਵਿਚੋਂ ਨਿਕਲ ਕੇ ਸਰਦਾਰੀ ਦੇ ਪ੍ਰਭਾਵ ਵਿਚ ਗ੍ਰਸੇ ਗਏ। ਜ਼ਮੀਨਾਂ ਦੀ ਮਾਲਕੀ ਜਿਉਂ ਜਿਉਂ ਜਾਗੀਰਦਾਰਾਨਾ ਹਕੂਮਤੀ ਨਸ਼ੇ ਵਿਚ ਚੂਰ ਕਰਦੀ ਗਈ, ਉਵੇਂ ਉਵੇਂ ਖਾਲਸਾ ਸਿੱਖੀ ਤੋਂ ਦੂਰ ਹੁੰਦਾ ਗਿਆ। ਸਰਦਾਰੀਆਂ ਨੇ ਜਿੱਤਾਂ ਦੇ ਨਾਲ ਨਾਲ ਖੁਆਰੀਆਂ ਵੀ ਦਿਤੀਆਂ। ਨਵਾਬੀਆਂ ਨੇ ਚੜ੍ਹਤ ਦੇ ਨਸ਼ੇ ਨਾਲ ਖਰਾਬੀਆਂ ਕੀਤੀਆਂ। ਕੌਮ ਲਕਬ ਨੇ ਸਿੱਖੀ ਅਭਿਆਸ ਨੂੰ ਸੰਕਲਪ ਨਾਲੋਂ ਤੋੜ ਕੇ ਨਸਲ ਨਾਲ ਨੱਥੀ ਕਰ ਦਿਤਾ ਜਿਸ ਵਿਚੋਂ ਮਿਸਲ ਸ਼ਬਦ ਦਾ ਜਨਮ ਹੋਇਆ। ਕਨਿੰਘਮ ਨੇ ਡੇਵਿਡ ਔਕਟਰਲੋਨੀ ਦੇ ਹਵਾਲੇ ਨਾਲ ਦੱਸਿਆ ਕਿ ਮਿਸਲ ਸ਼ਬਦ ਤੋਂ ਸਿੱਖਾਂ ਦਾ ਮਨੋਰਥ ‘ਕੌਨਫੈਡਰੇਸੀ’ ਨਹੀਂ, ਜਾਤੀ ਜਾਂ ਕਬੀਲਾ ਸੀ।
ਕੌਨਫੈਡਰੇਸੀ ਸ਼ਬਦ ਕੌਨਫੈਡਰੇਸ਼ਨ ਤੋਂ ਬਣਿਆ ਜੋ ਅਗਾਂਹ ਦੋ ਸ਼ਬਦਾਂ ਕੌਨ ਅਤੇ ਫੈਡਰੇਸ਼ਨ ਦਾ ਸੁਮੇਲ ਹੈ। ਕੌਨ ਦਾ ਅਰਥ ਹੈ, ਇਕੱਤਰਤਾ ਅਤੇ ਫੈਡਰੇਸ਼ਨ ਦਾ ਅਰਥ ਹੈ, ਧਰਮ। ਕੌਨਫੈਡਰੇਸ਼ਨ ਦਾ ਅਰਥ ਧਾਰਮਿਕ ਸਮੂਹ, ਅਰਥਾਤ ਸੰਗਤ ਬਣਦਾ ਹੈ; ਜਦਕਿ ਔਕਟਰਲੋਨੀ ਮੁਤਾਬਕ ਮਿਸਲ ਦਾ ਅਰਥ ਜਾਤੀ ਜਾਂ ਕਬੀਲਾ ਹੈ ਜਿਸ ਦਾ ਆਧਾਰ ਖੂਨ ਅਤੇ ਦੇਹ ਹੈ, ਵਿਚਾਰ ਜਾਂ ਵਿਸ਼ਵਾਸ ਨਹੀਂ। ਜਦ ਖਾਲਸੇ ਨੇ ਖੁਦ ਨੂੰ ਕੌਮ ਤਸਲੀਮ ਕਰ ਲਿਆ ਤਾਂ ਉਹ ਧਰਮ ਦੇ ਸੰਗਤੀ ਸੰਕਲਪ ਤੋਂ ਅਲਹਿਦਾ ਹੋ ਕੇ ਜਾਤੀ ਸੂਚਕ ਲਕਬ ਕੌਮ ਦੇ ਸੰਕਲਪ ਅਧੀਨ ਹੋ ਗਿਆ। ਸਮੂਹ ਖਾਲਸਾ ਧਰਮ ਯੁੱਧ ਦੀ ਥਾਂ ਕਬੀਲਾ ਯੁੱਧ ਵਿਚ ਰੁਚਿਤ ਹੋ ਗਿਆ। ਕੌਮ, ਮਿੱਲਤ ਅਤੇ ਉਮਤ ਦੇ ਅਰਬੀ ਬੋਧ ਤੋਂ ਅਣਜਾਣ ਖਾਲਸਾ, ਸੰਗਤ ਅਤੇ ਪੰਥ ਦੇ ਰਹੱਸਮਈ ਔਜ ਤੋਂ ਹੇਠਾਂ ਸਰਕ ਗਿਆ। ਸੰਗਤ ਲੋਕ ਹੋ ਗਈ, ਪੰਥ ਕੌਮ ਹੋ ਗਿਆ ਤੇ ਮੁਲਖਈਏ ਦਾ ਉਦਭਵ ਹੋਇਆ।
ਖਾਲਸਾ ਕਦੀ ਦੋ, ਕਦੀ ਪੰਜ, ਕਦੀ ਬਾਰਾਂ, ਕਦੀ ਬੱਤੀ, ਕਦੀ ਪੈਂਹਟ ਜਥਿਆਂ ਵਿਚ ਤਕਸੀਮ ਹੋਇਆ। ਸਿੱਖਾਂ ਦੇ ਸਿਰ ਹੰਨੇ-ਹੰਨੇ ਮੀਰੀ ਦਾ ਭੂਤ ਸਵਾਰ ਤਾਂ ਹੋਇਆ, ਪਰ ਹੰਨੇ-ਹੰਨੇ ਪੀਰੀ ਭੁੱਲੀ ਵਿਸਰੀ ਦਾਸਤਾਂ ਹੋ ਗਈ। ਭਾਈਆਂ ਦੇ ਸਿਰ ਨੂੰ ਸਰਦਾਰੀ ਚੜ੍ਹੀ ਹੋਈ ਸੀ। ਫਿਰ ‘ਮਹਾਂਬਲੀ’ ਯੋਧਾ ਸਿੱਖ ਇਤਿਹਾਸ ਵਿਚ ਅਜਿਹਾ ਪ੍ਰਗਟ ਹੋਇਆ ਜਿਸ ਨੇ ਭਰਪੂਰ ਚਤੁਰਾਈ ਅਤੇ ਜ਼ੋਰ ਜਬਰ ਨਾਲ ਮਿਸਲਾਂ ਦੀ ਹੰਨੇ-ਹੰਨੇ ਮੀਰੀ ਦਾ ਉਗਰਤਾ ਨਾਲ ਹਨਨ ਕਰ ਦਿਤਾ। ਆਪਣੇ ਤਿੰਨ ਭਾਈਆਂ-ਗੁੱਜਰ ਸਿੰਘ, ਲਹਿਣਾ ਸਿੰਘ ਅਤੇ ਸੋਭਾ ਸਿੰਘ ਤੋਂ ਤੀਹ ਸਾਲ ਪੁਰਾਣਾ ਰਾਜ, ਲਾਹੌਰ ਖੋਹਿਆ ਅਤੇ ਉਨ੍ਹਾਂ ਦੀਆਂ ਪਤਨੀਆਂ ਨਾਲ ਆਪਣਾ ਜਨਾਨਖਾਨਾ ਸ਼ਿੰਗਾਰਿਆ। ਫਿਰ ਦੋ ਭਾਈਆਂ ਤੋਂ ਅੰਮ੍ਰਿਤਸਰ ਖੋਹਿਆ। ਕਈ ਸਰਦਾਰ ਭਰਾਵਾਂ ਨੂੰ ਮਾਰ ਮੁਕਾਇਆ ਤੇ ਉਨ੍ਹਾਂ ਦੀਆਂ ਬੇਵਾ ਪਤਨੀਆਂ ਨਾਲ ਆਪਣੇ ਜਨਾਨਖਾਨੇ ਦੀ ਗਿਣਤੀ ਵਧਾਈ। ਜਰਨੈਲ ਹਰੀ ਸਿੰਘ ਨਲੂਏ ਨੂੰ ਜੀਂਦੇ ਜੀ ‘ਮੂਰਤ-ਏ-ਖਾਲਸਾ’ ਦਾ ਗੌਰਵਮਈ ਤਖੱਲਸ ਦੇਈ ਰੱਖਿਆ। ਮਰਨ ਉਪਰੰਤ ਉਸ ਦੇ ਬੇਟਿਆਂ ਨੂੰ ਬੁਲਾਇਆ ਤੇ ਦਿਲਾਸਾ ਦੇਣ ਦੀ ਥਾਂ ਜਾਗੀਰ ਜ਼ਬਤ ਕਰ ਕੇ ਗੁਰਬਤ ਵਿਚ ਧੱਕ ਦਿਤਾ। ਰਾਮਗੜ੍ਹੀਆ ਮਿਸਲ ਦੇ ਮੁਖੀ ਜੋਧ ਸਿੰਘ ਨਾਲ ਸ੍ਰੀ ਹਰਿਮੰਦਰ ਸਾਹਿਬ ਸਾਹਮਣੇ ਕਸਮ ਪਾ ਕੇ ਦੋਸਤੀ ਦਾ ਲਿਖਤੀ ਅਹਿਦ ਕੀਤਾ, ਜਿਸ ਦੇ ਮਰਨ ਉਪਰੰਤ ਉਸ ਦੇ ਪੁੱਤਰਾਂ ਨੂੰ ਧੋਖੇ ਨਾਲ ਕੈਦ ਕਰ ਲਿਆ ਅਤੇ ਜਾਗੀਰ ਜ਼ਬਤ ਕਰ ਲਈ। ਭਾਈ ਬੀਰ ਸਿੰਘ ਨੌਰੰਗਾਵਾਦੀ ਨੂੰ ਮਾਰ ਕੇ ਮੁਲਖੱਈਆ ਸੋਚ ਦੀ ਭੂਤ ਮੰਡਲੀ ਕੱਛਾਂ ਵਜਾ ਵਜਾ ਆਖਦੀ ਸੀ, “ਭਾਈ ਬੀਰ ਸਿੰਘ ਜਹੇ ਅਸੀਂ ਨਹੀਂ ਛੱਡੇ।”
ਬਾਬਾ ਬੰਦਾ ਬਹਾਦੁਰ ਤੋਂ ਲੈ ਕੇ (ਮਹਾਰਾਜਾ) ਰਣਜੀਤ ਸਿੰਘ ਦੇ ਇਤਿਹਾਸ ਦੌਰਾਨ ਭਾਈ ਤੋਂ ਸਰਦਾਰ ਬਣੇ, ਸਿੱਖ ਕਿਰਦਾਰ ਵਿਚ ਤਬਦੀਲੀ ਹੋਈ। “ਰਣਜੀਤ ਸਿੰਘ ਦੀ ਦਾਦੀ ਮਾਈ ਦੇਸਾਂ ਦਾ ਕਤਲ ਉਸ ਦੇ ਬਾਪ ਨੇ ਕਿਸੇ ਸਾਜ਼ਿਸ਼ੀ ਸ਼ੱਕ ਅਧੀਨ ਕੀਤਾ ਸੀ, ਤੇ ਕਿਹਾ ਜਾਂਦਾ ਹੈ ਕਿ ਰਣਜੀਤ ਸਿੰਘ ਨੇ ਵੀ ਕਿਸੇ ਅਜਿਹੇ ਸ਼ੱਕ ਅਧੀਨ ਆਪਣੀ ਮਾਤਾ ਰਾਜ ਕੌਰ ਦਾ ਕਤਲ ਕੀਤਾ।” ਇਤਿਹਾਸ ਦੇ ਵਿਦਿਆਰਥੀ ਉਹ ਪੈੜਾਂ ਵੀ ਲੱਭ ਰਹੇ ਹਨ ਜਿਨ੍ਹਾਂ ਨੇ ਭਾਈ ਬੀਰ ਸਿੰਘ ਅਤੇ ਉਸ ਦੇ ਰੰਘਰੇਟਾ ਦਲ ਦੇ ਤੇਰਾਂ ਸੌ ਸਿੰਘਾਂ ਦਾ ਖੁਰਾ ਖੋਜ ਮੇਟ ਕੇ ਮੁਕੰਮਲ ਸਫਾਇਆ ਕਰ ਦਿਤਾ ਸੀ। ਪੰਜ ਮੁੱਖ ਦਲਾਂ ਵਿਚ ਰੰਘਰੇਟਾ ਦਲ ਵੀ ਸੀ ਜਿਸ ਦਾ ਮੁਖੀ ਬੀਰ ਸਿੰਘ ਸੀ। ਉਸ ਕੋਲ ਤੇਰਾਂ ਸੌ ਘੋੜ ਸਵਾਰਾਂ ਦਾ ਜਥਾ ਸੀ। ਮੁਗਲ ਅਤਿਆਚਾਰ ਦੇ ਭੀਹਾਵਲੇ ਸਮੇਂ ਉਪਰੰਤ ਰਤਾ ਸੁੱਖ ਦਾ ਸਾਹ ਆਉਣ ਸਮੇਂ ਸਿੱਖ ਸਰਦਾਰ ਆਪੋ ਆਪਣੀਆਂ ਜਾਤੀ ਰਿਆਸਤਾਂ ਕਾਇਮ ਕਰਨ ਦੇ ਮਨਸੂਬੇ ਘੜਨ ਲੱਗੇ ਤਾਂ ਰੰਘਰੇਟੇ ਬੀਰ ਸਿੰਘ ਨੇ ਸਿੱਖੀ ਸਿਧਾਂਤ ਅਤੇ ਰਵਾਇਤ ਦੇ ਹਵਾਲੇ ਨਾਲ ਰੋਕ ਦਿਤਾ। ਇਸ ਪਿਛੋਂ ਪਟਿਆਲਾ ਦੇ ਬਾਨੀ ਆਲਾ ਸਿੰਘ ਅਤੇ ਰਣਜੀਤ ਸਿੰਘ ਦੇ ਪਿਤਾ ਚੜ੍ਹਤ ਸਿੰਘ ਨੇ ਧੋਖੇ ਨਾਲ ਬੀਰ ਸਿੰਘ ਨੂੰ ਅੰਮ੍ਰਿਤਸਰ ਸੱਦਿਆ। ਮਰਿਆਦਾ ਦੇ ਬਹਾਨੇ ਹਥਿਆਰ ਬਾਹਰ ਰਖਵਾ ਦਿਤੇ ਅਤੇ ਪੰਜ ਪੰਜ ਕਰ ਕੇ ਅੰਦਰ ਆਉਣ ਲਈ ਆਖਿਆ। ਅਗਾਊਂ ਘਾਤ ਲਾਈ ਬੈਠੇ ਦੁਸ਼ਟਾਂ ਨੇ ਅੰਮ੍ਰਿਤਸਰ ਵਿਖੇ ਸਮੂਹ ਰੰਘਰੇਟੇ ਦਲ ਦਾ ਮੁਕੰਮਲ ਖੁਰਾ ਖੋਜ ਮਿਟਾ ਦਿਤਾ। ਬੀਰ ਸਿੰਘ ਨੂੰ ਮਾਰ ਕੇ ਸੰਦੂਕੜੀ ਵਿਚ ਬੰਦ ਕਰ ਕੇ ਬਿਆਸ ਵਿਚ ਸੁੱਟ ਦਿਤਾ। ਫਿਰ ਕਦੀ ਕਿਸੇ ਰੰਘਰੇਟੇ ਨੂੰ ਪੰਥ ਵਿਚ ਕੋਈ ਵੀ ਸਨਮਾਨਯੋਗ ਥਾਂ ਨਾ ਦਿਤੀ ਗਈ।
ਅਧਰੰਗ ਦੌਰਾਨ ਰਣਜੀਤ ਸਿੰਘ ਨੂੰ ਉਸ ਦੇ ਕਾਰਿੰਦੇ ਮੰਨਾ ਸਿੰਘ ਔਲਖ ਨੇ ਸਲਾਹ ਦਿਤੀ ਕਿ ਜੇ ਮਹਾਰਾਜਾ ਉਸ ਦੀ ਖੂਬਸੂਰਤ ਤੇ ਭਰ ਜਵਾਨ ਬੇਟੀ ਜਿੰਦਾਂ ਨਾਲ ਸ਼ਾਦੀ ਕਰਵਾ ਲਵੇ ਤਾਂ ਉਹ ਮੁੜ ਚੁਸਤ ਹੋ ਜਾਵੇਗਾ। ਮਹਾਰਾਜੇ ਨੇ ਇਹ ਸਲਾਹ ਮੰਨ ਕੇ ਆਪ ਤੋਂ ਸੈਂਤੀ ਸਾਲ ਛੋਟੀ ਜਿੰਦਾਂ ਨਾਲ ਸ਼ਾਦੀ ਰਚਾਈ। ਉਹ ਪੱਚੀ ਪੱਚੀ ਸਾਲ ਦੀਆਂ ਭਰ ਜਵਾਨ, ਸਵਾ ਸੌ ਹੁਸੀਨ ਯੁਵਤੀਆਂ ਦਾ ਸ਼ਾਹੀ ਹਜੂਮ ਜਮਾਂ ਰੱਖਦਾ ਸੀ ਜਿਨ੍ਹਾਂ ਵਿਚੋਂ ਆਪਣੇ ਚੋਣਵੇਂ ਅਹਿਲਕਾਰਾਂ ਨੂੰ ਕੋਈ ਇਨਾਮ ਵਜੋਂ ਬਖ਼ਸ਼ ਦਿੰਦਾ ਸੀ। ਇਨ੍ਹਾਂ ਵਿਚੋਂ ਬਸ਼ੀਰਾਂ ਨਾਂ ਦੀ ਯੁਵਤੀ ਦਾ ਰਣਜੀਤ ਸਿੰਘ ਪੁੱਜ ਕੇ ਉਪਾਸ਼ਕ ਸੀ, ਜਿਸ ਦੀਆਂ ਬਲੌਰੀ ਅੱਖਾਂ ਕਾਰਨ ਬਿੱਲੋ ਨਾਮ ਰੱਖਿਆ ਹੋਇਆ ਸੀ। ਇਕ ਸਮੇਂ ਰਣਜੀਤ ਸਿੰਘ ਨੇ ਹਾਸੇ ਵਿਚ ਬਿੱਲੋ ਨੂੰ ਆਖਿਆ ਕਿ ਜੇ ਉਹ ਰਾਜ ਦੇ ਸਤਿਕਾਰਤ ਫਕੀਰ ਨੂਰਉਦਦੀਨ ਨੂੰ ਆਪਣੇ ਨੈਣਾਂ ਦੇ ਜਾਦੂ ਨਾਲ ਕੀਲ ਲਵੇ ਤਾਂ ਉਸ ਦੀ ਜਾਗੀਰ ਵਿਚ ਵਾਧੇ ਦੇ ਨਾਲ ਪੰਦਰਾਂ ਹਜ਼ਾਰ ਰੁਪਏ ਦੇ ਗਹਿਣੇ ਘੜਾ ਦੇਵੇਗਾ। ਬਸ਼ੀਰਾਂ ਨੇ ਯਕਲਖਤ ਤੌਬਾ ਕੀਤੀ ਕਿ ਮਹਾਰਾਜਾ ਇਹ ਚਾਹੁੰਦੇ ਹਨ ਕਿ ਉਹ ਪਵਿਤਰ ਆਤਮਾ ਨੂੰ ਮਲੀਨ ਨਜ਼ਰ ਨਾਲ ਤੱਕੇ ਤੇ ਅੰਨ੍ਹੀ ਹੋ ਜਾਵੇ! ਇਸ ਵਾਕੇ ਵਿਚ ਫਕੀਰ ਨੂਰਉਦਦੀਨ ਦੇ ਕਿਰਦਾਰ ਦੀ ਪਾਵਨਤਾ ਸਪਸ਼ਟ ਹੁੰਦੀ ਹੈ, ਬਸ਼ੀਰਾਂ ਦੀ ਨੇਕ ਆਤਮਾ ਦਾ ਸਬੂਤ ਹੈ ਤੇ ਰਣਜੀਤ ਸਿੰਘ ਦੇ ਕਿਰਦਾਰ ਦੀ ਮਲੀਨਤਾ ਝਲਕਦੀ ਹੈ।
ਦਸਮ ਪਾਤਸ਼ਾਹ ਨੇ ਚਿੜੀਆਂ ਤੋਂ ਬਾਜ ਤੁੜਾਉਣ ਦਾ ਸੰਕੇਤ ਕੀਤਾ ਸੀ, ਪਰ ਰਣਜੀਤ ਸਿੰਘ ਦੇ ਬੇਟੇ ਸ਼ੇਰ ਸਿੰਘ ਬਾਬਤ ਲਿਖਿਆ ਗਿਆ ਹੈ ਕਿ ਉਹ “ਜਦ ਦਾ ਤਖਤ ਉਤੇ ਬੈਠਾ ਹੈ, ਕੁਝ ਕੁ ਹਜ਼ਾਰ ਆਦਮੀਆਂ ਨੂੰ ਫਾਹੇ ਦੇ ਚੁੱਕਾ ਹੈ, ਜਾਂ ਉਨ੍ਹਾਂ ਦੇ ਹੱਥ ਪੈਰ ਵੱਢ ਚੁੱਕਾ ਹੈæææ ਇਸ ਤੋਂ ਬਿਨਾ ਲੋਹੇ ਦਾ ਪਿੰਜਰਾ ਬਣਵਾ ਰੱਖਿਆ ਹੋਇਆ ਹੈ, ਹਰ ਰੋਜ਼ ਸੈਂਕੜੇ ਚਿੜੀਆਂ ਉਸ ਪਿੰਜਰੇ ਵਿਚ ਪਾ ਕੇ ਅਤੇ ਅੱਗ ਬਾਲ ਕੇ, ਆਪਣੇ ਹੱਥ ਨਾਲ ਉਸ ਪਿੰਜਰੇ ਨੂੰ ਅੱਗ ਵਿਚ ਰੱਖ ਦੇਂਦਾ ਹੈ, ਤੇ ਚਿੜੀਆਂ ਨੂੰ ਭੁੰਨਦਾ ਹੈ। ਇਸ ਦਾ ਨਾਮ ਉਸ ਨੇ ਹੌਲਾਂ ਰੱਖਿਆ ਹੋਇਆ ਹੈ।”
ਇਹੀ “ਸ਼ੇਰ ਸਿੰਘ ਤਖਤ ਉਤੇ ਬੈਠਾ ਤਾਂ ਉਸ ਨੇ ਸਾਰੀ ਫੌਜ ਦੀਆਂ ਤਨਖਾਹਾਂ ਵਧਾ ਦਿਤੀਆਂæææ ਹੁਕਮ ਦੇ ਦਿਤਾ ਕਿ ਅੱਠ ਦਿਨ ਨੌਕਰੀ ਤੇ ਪਰੇਡ ਵਲੋਂ ਛੁੱਟੀ ਹੈ, ਬੇਸ਼ੱਕ ਮੌਜਾਂ ਕਰੋ। ਜਦ ਸਿਪਾਹੀਆਂ ਨੇ ਸ਼ੇਰ ਸਿੰਘ ਨੂੰ ਨਰਮ ਵੇਖਿਆ ਤਾਂ ਉਹ ਲੋਕਾਂ ਨੂੰ ਲੁੱਟਣ ਲੱਗ ਪਏ, ਬਲਕਣ ਖੂਨ ਕਰਨੋਂ ਵੀ ਨਹੀਂ ਸੰਗਦੇ ਸਨ।” ਇਸ ਦੌਰ ਦੇ ਸਿੱਖ ਸਰਦਾਰਾਂ ਵਿਚ ਜੇ ਕਿਤੇ ਦਾਨ ਪੁੰਨ ਦੀਆਂ ਕਹਾਣੀਆਂ ਪ੍ਰਚਲਿਤ ਹਨ ਤਾਂ ਉਸ ਪਿਛੇ ਧਾਰਮਿਕਤਾ ਕਾਰਜਸ਼ੀਲ ਨਹੀਂ, ਬਲਕਿ ਧਾਰਮਿਕਤਾ ਦੇ ਲਿਬਾਸ ਵਾਲੀ ਮਾਨਸਿਕਤਾ ਦਾ ਅੰਧਵਿਸ਼ਵਾਸ ਹੈ। ਲੈਪਲ ਗ੍ਰਿਫਨ ਨੇ ਰਣਜੀਤ ਸਿੰਘ ਨੂੰ ਸਿਰੇ ਦਾ ਅੰਧਵਿਸ਼ਵਾਸੀ ਲਿਖਿਆ ਹੈ।
ਬੋਤਾ ਸਿੰਘ ਨੇ ਮਸੂਲ ਉਗਰਾਹੁਣ ਉਪਰੰਤ ਬੇਸ਼ੱਕ ਜ਼ਕਰੀਆ ਖਾਨ ਦੇ ਸੀਨੇ ਅੱਗ ਬਾਲਣ ਲਈ ਲਿਖੀ ਚਿੱਠੀ ਵਿਚ ਉਸ ਦੀ ਭੈਣ ਨੂੰ ‘ਭਾਬੀ ਖਾਨੋ’ ਲਿਖਿਆ ਸੀ, ਪਰ ਇਸ ਵਿਚ ਉਸ ਦੀ ਖੁਦ ਦੀ ਮਨੋਦਸ਼ਾ ਦਾ ਸੰਕੇਤ ਵੀ ਹੈ। ਇਹ ‘ਭਾਬੀ ਖਾਨੋ’ ਮੁਸਲਿਮ ਇਤਿਹਾਸ ਵਿਚ ਪਾਕ ਰੂਹ ਵਜੋਂ ਸਤਿਕਾਰੀ ਗਈ ਹੈ। ਰਣਜੀਤ ਸਿੰਘ ਦੇ ਚਲਾਣੇ ਉਪਰੰਤ ਅੰਗਰੇਜ਼ਾਂ ਨਾਲ ਹੋਣ ਵਾਲੀ ਤੀਸਰੀ ਜੰਗ ਦੀ ਤਿਆਰੀ ਵਿਚ ਖਾਲਸਾ ਫੌਜਾਂ ਦਾ ਉਪਲਕਸ਼ ਦੇਖੋ: “ਜ਼ਬਤ ਕਰਾਂਗੇ ਮਾਲ ਫਰੰਗੀਆਂ ਦੇ, ਉਥੋਂ ਲਿਆਵਾਂਗੇ ਦੌਲਤਾਂ ਬੋਰੀਆਂ ਨੀ। ਪਿਛੋਂ ਬੜਾਂਗੇ ਉਨ੍ਹਾਂ ਦੇ ਸਤਰ ਖਾਨੇ, ਬੰਨ੍ਹ ਲਿਆਵਾਂਗੇ ਉਨ੍ਹਾਂ ਦੀਆਂ ਗੋਰੀਆਂ ਨੀ।”
ਸਾਹਿਰ ਨੇ ਲਿਖਿਆ, “ਸਬਤ ਜਿਸ ਰਾਹ ਪੇ ਹੋਂ ਸਤਵਤੇ ਸ਼ਾਹੀ ਕੇ ਨਿਸ਼ਾਂ, ਉਸ ਪੇ ਉਲਫਤ ਭਰੀ ਰੂਹੋਂ ਕਾ ਸਫਰ ਕਿਆ ਮਾਅਨੇ।” ਜਿਸ ਰਸਤੇ ਪਰ ਬਾਦਸ਼ਾਹੀ ਦਮਨ ਦੇ ਨਿਸ਼ਾਨ ਉਕਰੇ ਹੋਣ, ਉਥੇ ਪਿਆਰ ਭਰੀਆਂ ਰੂਹਾਂ ਦੇ ਸਫਰ ਦਾ ਕੀ ਅਰਥ! ਖਰਾਬ ਜ਼ਿਹਨੀਅਤ ਦੀ ਉਪਜ ਨਵਾਬੀ, ਰੱਬ ਜਿਡੇ ਦਾਅਵੇ ਦਾ ਸੂਚਕ ਸੁਲਤਾਨ ਅਤੇ ਮਿੱਟੀ ਦੇ ਮੋਹ ਵਿਚੋਂ ਉਪਜੀ ਕੌਮੀ ਸਰਦਾਰੀ, ਜਾਗੀਰਦਾਰੀ ਜਾਂ ਜ਼ਿਮੀਦਾਰੀ ਦੇ ਇਤਿਹਾਸ ਵਿਚੋਂ ਸਿੱਖੀ ਪ੍ਰੇਮ ਦੇ ਨਿਸ਼ਾਨ ਲਗਭਗ ਮਨਫੀ ਹਨ। ਜੇ ਸਿੱਖ ਜਜ਼ਬੇ ਦੇ ਦਰਸ਼ਨ ਕਰਨੇ ਹੋਣ ਤਾਂ ਭਾਈ ਸਾਹਿਬਾਨ ਦੇ ਦਰ ਢੁਕਣਾ ਪਵੇਗਾ।
ਸਿੱਖ ਰਾਜ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਭਾਈ ਮਨਸਾ ਸਿੰਘ ਇਤਨੇ ਗਰੀਬ ਸਨ ਕਿ ਤਵਾ ਵੀ ਮਿੱਟੀ ਦਾ ਇਸਤੇਮਾਲ ਕਰਦੇ ਸਨ। ਮਹਾਰਾਜੇ ਨੂੰ ਪਤਾ ਲੱਗਾ ਤਾਂ ਰੁਪਈਆਂ ਦੀ ਥੈਲੀ ਭਰ ਕੇ ਹਾਥੀ ‘ਤੇ ਸਵਾਰ ਹੋ ਅੰਮ੍ਰਿਤਸਰ ਨੂੰ ਚੱਲ ਪਏ। ਭਾਈ ਸਾਹਿਬ ਦੇ ਘਰ ਨਜ਼ਦੀਕ ਪੁੱਜੇ ਤਾਂ ਭਾਈ ਸਾਹਿਬ ਨੇ ਦਰ ਢੋ ਲਿਆ ਤੇ ਖਿੜਕੀ ਬੰਦ ਕਰ ਲਈ। ਅਹਿਲਕਾਰਾਂ ਨੇ ਬੂਹਾ ਖੋਲ੍ਹਣ ਲਈ ਆਵਾਜ਼ਾਂ ਮਾਰੀਆਂ, ਪਰ ਭਾਈ ਸਾਹਿਬ ਟੱਸ ਤੋਂ ਮੱਸ ਨਾ ਹੋਏ, ਕਹਿੰਦੇ “ਬੂਹਾ ਖੋਲ੍ਹਾਂ ਨਾ ਤਾਕੀæææ ਇਨ੍ਹਾਂ ਦੇ ਚਰਨ ਪੈਂਦੇ ਸਾਰ ਗਰੀਬੀ ਗਦਾ ਜਾਂਦੀ ਰਹੇਗੀæææ ਜੋ ਮੇਰੀ ਸਿੱਖੀ ਦੀ ਜਿੰਦ ਜਾਨ ਹੈ।”
ਸ੍ਰੀ ਦਰਬਾਰ ਸਾਹਿਬ ਗੁਰੂ ਕੇ ਬਾਗ ਵਿਚ ਕੋਈ ਗੁਰਮੁਖ ਪ੍ਰੇਮੀ ਭਾਈ ਸਾਹਿਬ ਉਤਰੇ ਹੋਏ ਸਨ। ਰਾਤ ਸਮੇਂ ਸੰਗਤ ਜੁੜਦੀ, ਕਥਾ ਵਾਰਤਾ ਹੁੰਦੀ। ਮਹਾਰਾਜੇ ਨੂੰ ਪਤਾ ਲੱਗਾ ਤਾਂ ਦੋ ਥਾਲ ਮੋਹਰਾਂ ਦੇ ਭਰ ਕੇ ਲੈ ਆਏ। ਸਤਿਸੰਗ ਦਾ ਅਨੰਦ ਲਿਆ ਤੇ ਮੋਹਰਾਂ ਦੇ ਥਾਲ ਪੇਸ਼ ਕੀਤੇ। ਭਾਈ ਸਾਹਿਬ ਨੇ ਕਿਹਾ, “ਗੁਰਮੁਖੋ ਇਹ ਮਾਇਆ ਸਾਡੇ ਕਿਸੇ ਕੰਮ ਨਹੀਂ, ਲੋੜਵੰਦਾਂ ਨੂੰ ਦੇ ਦਿਉ।” ਮਹਾਰਾਜੇ ਨੇ ਅਧੀਨਗੀ ਨਾਲ ਕਿਹਾ, “ਆਪ ਹੀ ਜਿਸ ਨੂੰ ਲੋੜਵੰਦ ਦੇਖੋ, ਦੇ ਦੇਣੀ।” ਭਾਈ ਸਾਹਿਬ ਨੇ ਮਾਇਆ ਪ੍ਰਵਾਨ ਨਾ ਕੀਤੀ। ਮਹਾਰਾਜੇ ਨੇ ਬੇਨਤੀ ਕੀਤੀ, “ਮੇਰੇ ਲਈ ਕੋਈ ਹੋਰ ਹੁਕਮ।” ਭਾਈ ਸਾਹਿਬ ਬੋਲੇ, “ਅੱਗੇ ਨੂੰ ਨਾ ਦਰਸ਼ਨ ਦੇਣੇ ਤੇ ਨਾ ਲੈਣੇ।” ਅੱਜ ਵੀ ਜੇ ਸ਼ੁੱਧ ਸਿੱਖ ਜਜ਼ਬੇ ਦੇ ਦੀਦਾਰ ਕਰਨੇ ਹੋਣ ਤਾਂ ਗੁਰੂ ਕੇ ਪਿਆਰੇ ਭਾਈ ਸਾਹਿਬਾਨ ਅਤੇ ਅਨਿੰਨ ਅਰਦਾਸੀਏ ਉਜਲ ਮੁਖ ਭਾਈ ਸਾਹਿਬ ‘ਤੇ ਨਜ਼ਰ ਟਿਕਦੀ ਹੈ; ਸਰਦਾਰਾਂ ਦੇ ਭ੍ਰਿਸ਼ਟ ਮੁੱਖ ‘ਤੇ ਨਹੀਂ।