ਸਿੱਖੀ ਅਤੇ ਕਵਿਤਾ

ਪ੍ਰਭਸ਼ਰਨਬੀਰ ਸਿੰਘ ਦਾ ਲੇਖ ਅਤੇ ਉਸ ਬਾਰੇ ਵਿਦਵਾਨਾਂ ਵਲੋਂ ਕੀਤੀ ਚਰਚਾ ਪੜ੍ਹਨ ਨੂੰ ਮਿਲੀ। ਪ੍ਰੋæ ਅਵਤਾਰ ਸਿੰਘ ਸਮੇਤ ਲਗਭਗ ਸਾਰੇ ਚਿੰਤਕਾਂ ਨੇ ਲੇਖ ਵਿਚਲੇ ਕਵੀਆਂ ਦੀ ਕਾਵਿ ਦ੍ਰਿਸ਼ਟੀ ਅਤੇ ਮਹਾਨ ਕਵਿਤਾ ਦੇ ਅਦ੍ਰਿਸ਼ਟ ਪ੍ਰੇਰਨਾ ਸੋਮਿਆਂ ਬਾਰੇ ਪ੍ਰਭਾਵਸ਼ਾਲੀ ਸੰਵਾਦ ਰਚਾਉਣ ਦੀ ਥਾਂ ਲੇਖ ਦੇ ਅੰਤਰੀਵ ਵਿਸ਼ੇ ਤੋਂ ਦੂਰ ਜਾ ਕੇ ਹਰਿੰਦਰ ਸਿੰਘ ਮਹਿਬੂਬ ਉਤੇ ਇਕ ਪਾਸੜ ਅਤੇ ਜਾਤੀਵਾਦ ਨਾਲ ਜੁੜੇ ਹੋਣ ਦਾ ਦੋਸ਼ ਲਾ ਧਰਿਆ।

ਸੁਰਜੀਤ ਪਾਤਰ ਵਲੋਂ ਪੰਜਾਬ ਦੇ ਪੁੱਤਰਾਂ ਨੂੰ ਆਪਣੇ ਗੁਰੂ ਨਾਲ ਕੌਲ ਪਾਲਣ ਦੀ ਸ਼ਿੱਦਤ ਅਤੇ ਅਹਿਸਾਸ ਨਾਲੋਂ ਅਲਹਿਦਾ ਕਰ ਕੇ, ਆਪਣੀਆਂ ਵਿਸ਼ੇਸ਼ ਮਨੋਬਿਰਤੀ ਵਾਲੀਆਂ ਕਾਵਿ-ਮਈ ਜੁਗਤਾਂ ਨਾਲ ਬੇਚਾਰੇ, ਬੇਦੋਸ਼, ਬੇਵੱਸ ਅਤੇ ਮਜਲੂਮ ਜਿਹੇ ਇਕਹਿਰੇ ਵਿਸ਼ੇਸ਼ਣਾਂ ਨਾਲ ਨਿਵਾਜਣਾ ਸਰਾਸਰ ਬੇਇਨਸਾਫੀ ਹੈ। ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ, ਉਨ੍ਹਾਂ ਲਈ ਆਪਣੇ ਇਸ਼ਟ ਨਾਲ ਨਿਭਿਆ ਇਕਰਾਰ ਹੀ ਸਭ ਤੋਂ ਉਪਰਲੀ ਆਜ਼ਾਦੀ ਹੈ, ਅਦਾਲਤਾਂ ਤੋਂ ਮਿਲਣ ਵਾਲੀ ਭੀਖ ਨਹੀਂ। ਇਸ ਭੀਖ ਦੇ ਬਦਲੇ ਗੁਰੂ ਦਾ ਇਕਰਾਰ ਤੋੜ ਕੇ ਅੱਜ ਵੀ ਕੋਈ ਸਿੱਖ ਜੇਲ੍ਹ ਤੋਂ ਬਾਹਰ ਆਉਣਾ ਸਵੀਕਾਰ ਨਹੀਂ ਕਰੇਗਾ। 1947 ਤੋਂ 1984 ਤੱਕ ਦੀ ਤਬਾਹੀ ਦੇ ਮੰਜ਼ਰ ਵਿਚ ਜੇਤੂ ਦ੍ਰਿਸ਼ ਦੀ ਸਿਰਜਣਾ ਕਰਦੀ ਗੁਰੂ ਲਿਵ ਅਤੇ ਅਪਣੱਤ ਵੱਲ ਲਗਾਤਾਰ ਪਿੱਠ ਕਰ ਕੇ ਤੇ ਹਾਕਮੀ ਸਾਜ਼ਿਸ਼ਾਂ ਨੂੰ ਹਕੀਕਤ ਦਾ ਵੇਸ ਧਾਰਨ ਕਰਾਉਣ ਵਿਚ ਪਾਤਰ ਸਮੇਤ ਬਹੁਗਿਣਤੀ ਕਵੀਆਂ, ਲੇਖਕਾਂ ਅਤੇ ਪੱਤਰਕਾਰਾਂ ਨੇ ਪੰਜਾਬੀ ਸਿੱਖ ਮਾਨਸਿਕਤਾ ਨਾਲ ਸਹੀ ਨਹੀਂ ਕੀਤਾ। ਮਹਿਬੂਬ ਮੁਤਾਬਿਕ “ਅਜਿਹੀ ਸਥਿਤੀ ਵਿਚ ਪੈਦਾ ਹੋਈ ਸੁੰਦਰ ਕਵਿਤਾ ਵੀ ਸਦੀਵੀ ਪ੍ਰੇਰਨਾ ਤੋਂ ਰਹਿਤ ਹੁੰਦੀ ਹੈ ਕਿਉਂਕਿ ਇਤਿਹਾਸ ਦੇ ਗਲਤ ਫੈਸਲਿਆਂ ਉਤੇ ਖਲੋਤੀਆਂ ਨਜ਼ਮਾਂ ਦੀ ਦਾਰਸ਼ਨਿਕ ਜੜ੍ਹ ਪ੍ਰਚਲਿਤ ਸਮੂਹਿਕ ਭ੍ਰਮ ਵਿਚ ਲੱਗੀ ਹੁੰਦੀ ਹੈ।”
ਡਾæ ਗੁਰਨਾਮ ਕੌਰ ਚਰਚਾ ਦੇ ਬੰਦ ਹੋਣ ਦਾ ਸ਼ੁਕਰ ਕਰਨ ਦੀ ਥਾਂ ਅਗਰ ਇਸ ਨੂੰ ਚਲਦਾ ਰੱਖਣ ਲਈ ਆਪਣੇ ਵਲੋਂ ਯੋਗ ਅਧਿਆਤਮਕ ਫਰਜ਼ ਨਿਭਾਉਂਦੇ ਜਾਂ ਅਗਵਾਈ ਕਰਨ ਦੀ ਪੇਸ਼ਕਸ਼ ਕਰਦੇ ਤਾਂ ਜਿਆਦਾ ਚੰਗਾ ਹੁੰਦਾ। ਉਨ੍ਹਾਂ ਨੇ ਮਹਿਬੂਬ ਦਾ ਸਤਿਕਾਰ ਕਰਨਾ, ਉਸ ਦੇ ਸਮਾਜਿਕ ਅਤੇ ਦੁਨਿਆਵੀ ਜਸ਼ਨਾਂ ਵਿਚ ਭਾਈਵਾਲ ਹੋਣ ਦੀ ਗੱਲ ਤਾਂ ਮੰਨੀ ਹੈ, ਪਰ ਉਸ ਦੇ ਕਾਵਿਕ ਆਵੇਸ਼ ਦੇ ਮੇਲੇ ਵਿਚੋਂ ਸਦਾ ਗੈਰਹਾਜ਼ਿਰ ਹੀ ਰਹੇ। ਉਨ੍ਹਾਂ ਦਾ ਬਹੁਤਾ ਝੁਕਾਅ ਪਾਤਰ ਦੀ ਸੁਰੱਖਿਆ ਕਰਨ ਵਲ ਹੀ ਸੀ।
ਬਾਹਰੀ ਜ਼ਿੰਦਗੀ ਦੇ ਤਾਲਮੇਲ ਦਰਸਾ ਕੇ ਕਵੀ ਦੀ ਸਿਰਜਣਾ ਦਾ ਅੰਦਾਜ਼ਾ ਲਗਾਉਣਾ ਠੀਕ ਚਿੰਤਨ ਨਹੀਂ। ਰੂਸੀ ਪਰੀ ਕਹਾਣੀ ਦੇ ਸਾਰੇ ਪਾਤਰ ਉਸ ਵਿਚਲੇ ਬਾਗ ਦੀ ਰਾਖੀ ਆਪਣੀ ਪੂਰੀ ਤਨਦੇਹੀ ਅਤੇ ਸ਼ਿੱਦਤ ਨਾਲ ਕਰਦੇ ਹਨ, ਪਰ ਰਾਤ ਵੇਲੇ ਬਾਗ ਵਿਚ ਆਉਣ ਵਾਲੇ ਪੰਛੀ ਦੀ ਇਵਾਨ ਤੋਂ ਬਿਨਾ ਕਿਸੇ ਨੂੰ ਵੀ ਕੋਈ ਖਬਰ ਨਹੀਂ। ਜੇ ਅਗਨ ਪੰਛੀ ਪੂਰਨ ਪਰਵਾਜ਼ ਹੈ ਤਾਂ ਇਵਾਨ ਕੋਲ ਉਸ ਦਾ ਘੱਟੋ-ਘੱਟ ਇਕ ਖੰਭ ਜ਼ਰੂਰ ਹੈ। ਬਾਕੀਆਂ ਕੋਲ ਕੇਵਲ ਬਾਗ ਦੇ ਰਾਤ ਦੇ ਸਮੇਂ ਦੇ ਦ੍ਰਿਸ਼ਾਂ ਦੀਆਂ ਮਨਮੋਹਣੀਆਂ ਗੱਲਾਂ ਹੀ ਹਨ ਜਿਹੜੀਆਂ ਪੂਰਨ ਪਰਵਾਜ਼ ਦੀ ਹੋਂਦ ਤੋਂ ਬਿਲਕੁਲ ਅਣਜਾਣ ਅਤੇ ਸੱਖਣੀਆਂ ਹਨ। ਸਿੱਖੀ ਪੂਰਨ ਪਰਵਾਜ਼ ਹੈ, ਇਸ ਦੀ ਹੋਂਦ ਤੋਂ ਸੱਖਣੀ ਕਵਿਤਾ ਪੰਜਾਬ ਵਿਚ ਵੱਸਦੇ ਸਿੱਖ ਅਤੇ ਪੰਜਾਬੀ ਸੁਭਾਅ ਦੀ ਤਰਜਮਾਨੀ ਕਰਨ ਦੇ ਯੋਗ ਨਹੀਂ ਹੋ ਸਕਦੀ।
-ਸਰਤਾਜ ਸਿੱਧੂ
ਮਿਲਟਨ ਓਂਟਾਰੀਓ, ਕੈਨੇਡਾ।