ਸਾਧੋ ਮਨ ਕਾ ਮਾਨ ਤਿਆਗੋ

ਡਾæ ਗੁਰਨਾਮ ਕੌਰ, ਕੈਨੇਡਾ
ਮਨ ਦਾ ਸੰਕਲਪ ਸਿੱਖ ਧਰਮ ਚਿੰਤਨ ਵਿਚ ਰੂਹਾਨੀ ਤੇ ਦੁਨਿਆਵੀ-ਦੋਵਾਂ ਹੀ ਪੱਖਾਂ ਤੋਂ ਬਹੁਤ ਅਹਿਮ ਹੈ। ਮਨੁੱਖ ਦਾ ਮਨ ਹੀ ਹੈ ਜਿਸ ਨੂੰ ਸੇਧ ਕੇ ਮਨੁੱਖ ਨੇ ਗੁਰੂ ਦੇ ਦਿਖਾਏ ਰਸਤੇ ‘ਤੇ ਚੱਲਣਾ ਹੈ ਅਤੇ ਮਨ ਹੀ ਹੈ ਜੇ ਮਨੁੱਖ ਨੂੰ ਆਪਣੇ ਮਗਰ ਲਾ ਲਵੇ ਤਾਂ ਉਸ ਤੋਂ ਬੁਰੇ ਤੋਂ ਬੁਰਾ ਕੰਮ ਵੀ ਕਰਵਾ ਸਕਦਾ ਹੈ। ਇਸੇ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਵਾਰ ਵਾਰ ਮਨੁੱਖ ਨੂੰ ਇਸ ਪੱਖ ਤੋਂ ਸੁਚੇਤ ਕੀਤਾ ਗਿਆ ਹੈ।

ਇਸੇ ਲਈ ਸਿੱਖ ਧਰਮ ਚਿੰਤਨ ਵਿਚ ਮਨੁੱਖ ਦੀਆਂ ਦੋ ਹੀ ਕੋਟੀਆਂ ਪ੍ਰਵਾਨ ਕੀਤੀਆਂ ਗਈਆਂ ਹਨ-ਗੁਰਮੁਖਿ ਤੇ ਮਨਮੁਖਿ; ਹੋਰ ਕਿਸੇ ਵੀ ਤਰ੍ਹਾਂ ਦੀ ਮਨੁੱਖ ਦੀ ਵੰਡ ਪ੍ਰਵਾਨ ਨਹੀਂ ਕੀਤੀ ਗਈ। ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦਾ ਹੈ, ਉਸ ਨੂੰ ਗੁਰਮੁਖਿ ਕਿਹਾ ਗਿਆ ਹੈ ਅਤੇ ਜੋ ਮਨੁੱਖ ਆਪਣੇ ਮਨ ਦੀ ਮਤਿ ਦੇ ਪਿੱਛੇ ਲੱਗ ਕੇ ਚੱਲਦਾ ਹੈ, ਮਨ ਦੇ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਦੇ ਪਿੱਛੇ ਲੱਗ ਕੇ ਮੰਦੇ ਕੰਮਾਂ ਵਿਚ ਪੈ ਜਾਂਦਾ ਹੈ, ਉਸ ਨੂੰ ਮਨਮੁਖਿ ਕਿਹਾ ਗਿਆ ਹੈ। ਇਸੇ ਮਨ ਰਾਹੀਂ ਗੁਰੂ ਅਮਰਦਾਸ ਨੇ ਮਨੁੱਖ ਨੂੰ ਸਮਝਾਇਆ ਹੈ ਕਿ ਤੇਰਾ ਮੂਲ, ਤੇਰੇ ਸੰਸਾਰ ‘ਤੇ ਪੈਦਾ ਹੋਣ ਦਾ ਸੋਮਾ ਅਕਾਲ ਪੁਰਖ ਹੈ। ਤੂੰ ਆਪਣੇ ਅਸਲੇ ਨੂੰ ਅਨੁਭਵ ਕਰ, ਆਪਣੇ ਜੋਤਿ ਸਰੂਪ ਹੋਣ ਦੀ ਪਛਾਣ ਕਰ।
ਗੁਰੂ ਤੇਗ ਬਹਾਦਰ ਇਸੇ ਮਨ ਦੀ ਗੱਲ ਕਰ ਰਹੇ ਹਨ, ਇਸ ਅੰਦਰ ਵੱਸ ਰਹੇ ਵਿਕਾਰਾਂ ਦੀ ਗੱਲ ਕਰ ਰਹੇ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਦੁਰਜਨ ਕਿਹਾ ਹੈ ਅਤੇ ਨਾਲ ਹੀ ਇਨ੍ਹਾਂ ਤੋਂ ਬਚਣਾ ਦਾ ਰਸਤਾ ਵੀ ਸੁਝਾਇਆ ਹੈ। ਗੁਰੂ ਨਾਨਕ ਸਾਹਿਬ ਨੇ ਜਪੁਜੀ ਵਿਚ ਹੀ ਦੱਸ ਦਿੱਤਾ ਹੈ ਕਿ ਮਨੁੱਖ ਦੇ ਸਚਿਆਰ ਬਣਨ ਦੇ ਰਸਤੇ ਦਾ ਸਭ ਤੋਂ ਵੱਡਾ ਰੋੜਾ ਹਉਮੈ ਹੈ ਅਤੇ ਹਉਮੈ ਕਿਸੇ ਵੀ ਚੀਜ਼ ਦੀ ਹੋ ਸਕਦੀ ਹੈ-ਧਾਰਮਿਕ, ਦੌਲਤ, ਦੁਨਿਆਵੀ ਸ਼ੁਹਰਤ, ਵਿੱਦਿਆ ਅਤੇ ਗਿਆਨ ਆਦਿਕ, ਜੋ ਮਨੁੱਖ ਨੂੰ ਅਸਲੀਅਤ ਦਾ ਅਨੁਭਵ ਨਹੀਂ ਹੋਣ ਦਿੰਦੀ। ਗੁਰੂ ਤੇਗ ਬਹਾਦਰ ਵੀ ਰੱਬ ਦੇ ਰਸਤੇ ‘ਤੇ ਚੱਲਣ ਵਾਲਿਆਂ ਨੂੰ ਮਨ ਦਾ ਮਾਨ ਤਿਆਗਣਾ ਦਾ ਉਪਦੇਸ਼ ਦਿੰਦੇ ਹਨ। ਅਧਿਆਤਮਕਤਾ ਦਾ ਰਸਤਾ ਸੁਝਾਉਂਦਿਆਂ ਗੁਰੂ ਤੇਗ ਬਹਾਦਰ ਮਨੁੱਖ ਨੂੰ ਸੁਚੇਤ ਕਰਦੇ ਹਨ, ਸੰਤ ਜਨੋ! ਆਪਣੇ ਮਨ ਦਾ ਮਾਣ ਸਭ ਤੋਂ ਪਹਿਲਾਂ ਦੂਰ ਕਰੋ। ਫਿਰ ਇਸ ਮਨ ਦੇ ਅੰਦਰ ਹੀ ਵੱਸ ਰਹੇ ਕਾਮ ਤੇ ਕ੍ਰੋਧ ਤੋਂ ਵੀ ਦੂਰ ਰਹੋ। ਬਾਣੀ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਪੰਜ ਚੋਰ ਕਿਹਾ ਗਿਆ ਹੈ ਜੋ ਮਨੁੱਖ ਦੇ ਅੰਦਰੋਂ ਚੰਗੇ ਗੁਣਾਂ ਨੂੰ ਚੁਰਾ ਲੈਂਦੇ ਹਨ। ਇਥੇ ਨੌਂਵੇਂ ਪਾਤਿਸ਼ਾਹ ਨੇ ਕਾਮ ਤੇ ਕ੍ਰੋਧ ਨੂੰ ‘ਦੁਰਜਨ’ ਕਿਹਾ ਹੈ। ਦੁਰਜਨ ਦੀ ਸੰਗਤਿ ਤੋਂ ਬਚਣ ਦੀ ਇਸ ਲਈ ਜ਼ਰੂਰਤ ਹੁੰਦੀ ਹੈ ਕਿਉਂਕਿ ਭੈੜੇ ਬੰਦੇ ਦੀ ਸੰਗਤਿ ਵਿਚ ਮਨੁੱਖ ਭੈੜੇ ਕੰਮ ਕਰਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਕਾਮ ਤੇ ਕ੍ਰੋਧ ਨੂੰ ਦੁਰਜਨ ਕਿਹਾ ਹੈ ਕਿਉਂਕਿ ਮਨੁੱਖੀ ਮਨ ਇਨ੍ਹਾਂ ਦੀ ਸੰਗਤਿ ਵਿਚ ਰਹਿੰਦਾ ਹੈ, ਜਦੋਂ ਇਹ ਬਿਰਤੀਆਂ ਮਨ ਉਤੇ ਹਾਵੀ ਹੁੰਦੀਆਂ ਹਨ ਤਾਂ ਮਨੁੱਖ ਬੁਰੇ ਕੰਮ ਕਰਦਾ ਹੈ, ਇਹ ਚੰਗਿਆਈ ਖੋਹ ਲੈਂਦੀਆਂ ਹਨ:
ਸਾਧੋ ਮਨ ਕਾ ਮਾਨੁ ਤਿਆਗਉ॥
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ
ਤਾ ਤੇ ਅਹਿਨਿਸਿ ਭਾਗਉ॥੧॥ਰਹਾਉ॥
ਅਧਿਆਤਮਕ ਪ੍ਰਾਪਤੀ ਲਈ ਮਨੁੱਖ ਨੂੰ ਦੁੱਖ ਤੇ ਸੁੱਖ-ਦੋਵਾਂ ਤੋਂ ਉਤਾਂਹ ਉਠ ਕੇ ਜਿਉਣ ਦੀ ਲੋੜ ਹੈ। ਗੁਰਬਾਣੀ ਵਿਚ ਦੁੱਖ-ਸੁੱਖ ਨੂੰ ਜ਼ਿੰਦਗੀ ਦਾ ਹਿੱਸਾ ਅਤੇ ਅਕਾਲ ਪੁਰਖ ਦੀ ਦੇਣ ਮੰਨਿਆ ਗਿਆ ਹੈ। ਇਸੇ ਲਈ ਮਨੁੱਖ ਨੇ ਸੁੱਖ ਵਿਚ ਇੰਨਾ ਗਲਤਾਨ ਵੀ ਨਹੀਂ ਹੋਣਾ ਕਿ ਉਹ ਰੱਬ ਨੂੰ ਭੁੱਲ ਜਾਵੇ ਅਤੇ ਦੁੱਖ ਵਿਚ ਇੰਨਾ ਟੁੱਟ ਵੀ ਨਹੀਂ ਜਾਣਾ ਕਿ ਉਹ ਅਕਾਲ ਪੁਰਖ ਦੇ ਬਖਸ਼ਿਸ਼ ਕੀਤੇ ਜੀਵਨ ਦੇ ਫਰਜ਼ਾਂ ਨੂੰ ਨਿਭਾਉਣ ਯੋਗ ਹੀ ਨਾ ਰਹੇ। ਇਸੇ ਗੱਲ ਤੋਂ ਗੁਰੂ ਤੇਗ ਬਹਾਦਰ ਸੁਚੇਤ ਕਰਦੇ ਹਨ ਕਿ ਅਧਿਆਤਮਕਤਾ ਦੇ ਰਸਤੇ ‘ਤੇ ਅਡੋਲ ਹੋ ਕੇ ਉਹ ਮਨੁੱਖ ਹੀ ਚੱਲ ਸਕਦਾ ਹੈ ਜੋ ਦੁੱਖ-ਸੁੱਖ ਨੂੰ ਇੱਕੋ ਜਿਹਾ ਕਰਕੇ ਜਾਣਦਾ ਹੈ ਭਾਵ ਉਹ ਇਸ ਗੱਲ ਤੋਂ ਚੇਤੰਨ ਹੋ ਕੇ ਵਿਚਰਦਾ ਹੈ ਕਿ ਦੁੱਖ-ਸੁੱਖ ਜ਼ਿੰਦਗੀ ਦਾ ਹਿੱਸਾ ਹਨ। ਇਹੀ ਹੀ ਨਹੀਂ ਕਿ ਦੁੱਖ-ਸੁੱਖ ਨੂੰ ਇੱਕੋ ਜਿਹੇ ਸਮਝ ਕੇ ਵਿਚਰਨਾ ਹੈ ਬਲਕਿ ਅਧਿਆਤਮਕਤਾ ਦੇ ਰਸਤੇ ‘ਤੇ ਅਡੋਲ ਹੋ ਕੇ ਤੁਰਨ ਲਈ ਮਾਨ ਅਤੇ ਅਪਮਾਨ-ਦੋਹਾਂ ਦੀ ਪਰਵਾਹ ਕੀਤੇ ਬਿਨਾ ਚੱਲਣਾ ਹੈ। ਭਾਵ ਜੇ ਕੋਈ ਬਹੁਤ ਜ਼ਿਆਦਾ ਮਾਣ ਬਖਸ਼ਿਸ਼ ਕਰਦਾ ਹੈ ਤਾਂ ਉਸ ਨਾਲ ਵੀ ਮਨ ਨੇ ਅਹੰਕਾਰ ਨਹੀਂ ਕਰਨਾ ਅਤੇ ਜੇ ਕੋਈ ਅਪਮਾਨ ਕਰਦਾ ਹੈ, ਨਿੰਦਦਾ ਹੈ ਤਾਂ ਉਸ ਦੀ ਵੀ ਪਰਵਾਹ ਨਹੀਂ ਕਰਨੀ, ਆਪਣੇ ਰਸਤੇ ਦਾ ਪਤਾ ਹੋਣਾ ਚਾਹੀਦਾ ਹੈ ਕਿ ਜਿਸ ‘ਤੇ ਮੈਂ ਚੱਲ ਰਿਹਾ ਹਾਂ, ਉਹ ਸਹੀ ਹੈ। ਇਸ ਤਰ੍ਹਾਂ ਦੁੱਖ-ਸੁੱਖ ਵਾਂਗ ਮਾਨ-ਅਪਮਾਨ ਨੂੰ ਵੀ ਬਰਾਬਰ ਕਰਕੇ ਜਾਣਨਾ ਹੈ। ਉਤਾਂਹ ਉਠੇ ਹੋਏ ਮਨ ਦੀ ਇਹੀ ਨਿਸ਼ਾਨੀ ਹੈ ਕਿ ਉਹ ਸੁੱਖ-ਦੁੱਖ ਅਤੇ ਮਾਨ-ਅਪਮਾਨ ਨੂੰ ਇੱਕੋ ਜਿਹਾ ਸਮਝ ਕੇ ਵਰਤਾਉ ਕਰਦਾ ਹੈ ਤੇ ਇਨ੍ਹਾਂ ਤੋਂ ਨਿਰਲੇਪ ਹੋ ਕੇ ਜੀਵਨ ਪੰਧ ‘ਤੇ ਅੱਗੇ ਵੱਲ ਕਦਮ ਪੁੱਟਦਾ ਹੈ। ਗੁਰੂ ਸਾਹਿਬ ਮਨੁੱਖ ਨੂੰ ਹਰਖ ਤੇ ਸੋਗ ਤੋਂ ਅਤੀਤ ਹੋ ਕੇ, ਨਿਰਲੇਪ ਹੋ ਕੇ ਵਿਚਰਨ ਦਾ ਆਦੇਸ਼ ਦਿੰਦੇ ਹਨ। ਜਦੋਂ ਮਨੁੱਖ ਖੁਸ਼ੀ ਤੇ ਗਮੀ ਤੋਂ ਨਿਰਲੇਪ ਹੋ ਕੇ ਜਿਉਂਦਾ ਹੈ ਤਾਂ ਹੀ ਉਸ ਨੂੰ ਇਸ ਸੰਸਾਰ ‘ਤੇ ਜੀਵਨ ਦਾ ਭੇਦ, ਇਸ ਦੀ ਅਸਲੀਅਤ ਦੀ ਸਮਝ ਲੱਗਦੀ ਹੈ। ਇਸੇ ਨੂੰ ਗੁਰਬਾਣੀ ਵਿਚ ਕੰਵਲ ਫੁੱਲ ਦੀ ਤਰ੍ਹਾਂ ਨਿਰਲੇਪ ਹੋ ਕੇ ਜਿਉਣਾ ਕਿਹਾ ਹੈ। ਕੰਵਲ ਦਾ ਫੁੱਲ ਚਿੱਕੜ ਵਿਚ ਅਰਥਾਤ ਛੱਪੜ ਦੀ ਮਿੱਟੀ ਵਿਚ ਉਗਦਾ ਹੈ ਪਰ ਸਵੱਛ ਹੋ ਕੇ ਪਾਣੀ ਦੇ ਉਤੇ ਖਿੜਿਆ ਰਹਿੰਦਾ ਹੈ, ਜਿਸ ਚਿੱਕੜ ਵਿਚੋਂ ਉਹ ਉਗਦਾ ਹੈ, ਉਸ ਦਾ ਉਸ ਦੇ ਖੇੜੇ ‘ਤੇ ਮਾਸਾ ਵੀ ਅਸਰ ਨਹੀਂ ਹੁੰਦਾ:
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥੧॥
ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਮਨੁੱਖ ਨੂੰ ਉਸਤਤਿ ਅਤੇ ਨਿੰਦਾ ਦਾ ਵੀ ਤਿਆਗ ਕਰਨਾ ਬਣਦਾ ਹੈ। ਭਾਵ ਕਿਸੇ ਦੀ ਏਨੀ ਉਸਤਤਿ ਵੀ ਨਹੀਂ ਕਰਨੀ ਕਿ ਉਹ ਖੁਸ਼ਾਮਦ ਦਾ ਰੂਪ ਧਾਰ ਲਵੇ, ਨਿਰੀ ਪ੍ਰਸ਼ੰਸਾ ਕਰਨ ਤੋਂ ਵੀ ਦੂਰ ਰਹਿਣਾ ਹੈ ਅਤੇ ਕਿਸੇ ਦੀ ਨਿੰਦਾ ਵੀ ਨਹੀਂ ਕਰਨੀ ਕਿਉਂਕਿ ਨਿੰਦਾ-ਚੁਗਲੀ ਨੂੰ ਵੀ ਮਾੜੀਆਂ ਬਿਰਤੀਆਂ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਨੂੰ ਛੱਡ ਕੇ ਮਨੁੱਖ ਨੇ ਕਰਨਾ ਕੀ ਹੈ? ਜਿਸ ਦੀ ਖੋਜ ਮਨੁੱਖ ਨੇ ਕਰਨੀ ਹੈ, ਜਿਸ ਨੂੰ ਉਸ ਨੇ ਲੱਭਣਾ ਹੈ, ਉਸ ਨੂੰ ਗੁਰੂ ਤੇਗ ਬਹਾਦਰ ਨੇ ‘ਨਿਰਬਾਣ ਪਦ’ ਕਿਹਾ ਹੈ। ਨਿਰਬਾਣ ਪਦ ਗੁਰਬਾਣੀ ਅਨੁਸਾਰ ਕੀ ਹੈ? ਇਹ ਉਹ ਆਤਮਕ ਅਵਸਥਾ ਹੈ ਜਿਸ ਵਿਚ ਮਨੁੱਖ ਨੂੰ ਕੋਈ ਮਾੜੀ ਬਿਰਤੀ ਪੋਹ ਨਹੀਂ ਸਕਦੀ। ਉਹ ਹਰ ਤਰ੍ਹਾਂ ਦੀਆਂ ਬਿਰਤੀਆਂ ਤੋਂ ਉਤੇ ਉਠ ਜਾਂਦਾ ਹੈ, ਨਿਰਲੇਪ ਹੋ ਕੇ ਸੰਸਾਰ ‘ਤੇ ਵਿਚਰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਰਸਤਾ ਹੈ ਬਹੁਤ ਔਖਾ। ਇਸੇ ਲਈ ਇਸ ‘ਤੇ ਕੋਈ ਵਿਰਲਾ ਮਨੁੱਖ ਗੁਰੂ ਦੀ ਅਗਵਾਈ ਪ੍ਰਾਪਤ ਕਰਕੇ ਹੀ ਚੱਲਦਾ ਹੈ:
ਉਸਤਤਿ ਨਿੰਦਾ ਦੋਊ ਤਿਆਗੈ
ਖੋਜੈ ਪਦੁ ਨਿਰਬਾਨਾ॥
ਜਨ ਨਾਨਕ ਇਹੁ ਖੇਲੁ ਕਠਨੁ ਹੈ
ਕਿਨਹੂੰ ਗੁਰਮੁਖਿ ਜਾਨਾ॥੨॥੧॥ (ਪੰਨਾ ੨੧੯)
ਅਗਲੇ ਸ਼ਬਦ ਵਿਚ ਗੁਰੂ ਤੇਗ ਬਹਾਦਰ ਅਕਾਲ ਪੁਰਖ ਵੱਲੋਂ ਇਸ ਬ੍ਰਹਿਮੰਡ ਦੀ ਸਿਰਜਣਾ ਦੀ ਵਿਆਖਿਆ ਕਰ ਰਹੇ ਹਨ ਕਿ ਇਹ ਸੰਸਾਰ ਅਕਾਲ ਪੁਰਖ ਨੇ ਰਚਿਆ ਹੈ ਜਿਸ ਵਿਚ ਕੋਈ ਆ ਰਿਹਾ ਹੈ ਅਤੇ ਕੋਈ ਆਪਣਾ ਸਮਾਂ ਭੋਗ ਕੇ ਜਾ ਰਿਹਾ ਹੈ। ਰਚਨਾ ਦੇ ਇਸ ਅਸਚਰਜ ਵਰਤਾਰੇ ਨੂੰ ਸਮਝਣਾ ਔਖਾ ਹੈ ਅਤੇ ਲੋਕ ਮਰਦਿਆਂ ਨੂੰ ਦੇਖ ਕੇ ਵੀ ਇਹ ਨਹੀਂ ਸਮਝਦੇ ਕਿ ਉਨ੍ਹਾਂ ਨੇ ਵੀ ਇੱਕ ਦਿਨ ਤੁਰ ਜਾਣਾ ਹੈ, ਆਪਣੇ ਆਪ ਨੂੰ ਸਥਿਰ ਸਮਝ ਬੈਠਦੇ ਹਨ, ਬੜਾ ਅਜੀਬ ਤੇ ਸਮਝ ਤੋਂ ਬਾਹਰ ਵਰਤਾਰਾ ਹੈ:
ਸਾਧੋ ਰਚਨਾ ਰਾਮ ਬਨਾਈ॥
ਇਕਿ ਬਿਨਸੈ ਇਕ ਅਸਥਿਰੁ ਮਾਨੈ
ਅਚਰਜੁ ਲਖਿਓ ਨ ਜਾਈ॥੧॥ਰਹਾਉ॥
ਪਹਿਲਾਂ ਵੀ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਮਨੁੱਖ ਆਪਣੇ ਮਨ ਦੀਆਂ ਬਿਰਤੀਆਂ ਕਾਮ, ਕ੍ਰੋਧ ਅਤੇ ਮੋਹ ਆਦਿ ਦੇ ਵੱਸ ਵਿਚ ਪੈ ਜਾਂਦਾ ਹੈ ਤੇ ਉਨ੍ਹਾਂ ਦੇ ਪਿੱਛੇ ਲੱਗ ਤੁਰਦਾ ਹੈ, ਫਿਰ ਉਹ ਆਪਣੇ ਅਸਲੀ ਰਸਤੇ ਤੋਂ ਵਿਚਲਿਤ ਹੋ ਜਾਂਦਾ ਹੈ। ਗੁਰੂ ਤੇਗ ਬਹਾਦਰ ਵੀ ਮਨੁੱਖ ਨੂੰ ਸੁਚੇਤ ਕਰਦੇ ਹਨ ਕਿ ਜੀਵ ਨੇ ਕਾਮ, ਕ੍ਰੋਧ ਅਤੇ ਮੋਹ ਦੇ ਵੱਸ ਵਿਚ ਪੈ ਕੇ ਅਕਾਲ ਪੁਰਖ ਨੂੰ ਮਨ ਵਿਚੋਂ ਵਿਸਾਰ ਦਿੱਤਾ ਹੈ। ਇਸ ਸਰੀਰ ਨੇ ਬਿਨਸ ਜਾਣਾ ਹੈ, ਇਹ ਆਉਣੀ-ਜਾਣੀ ਚੀਜ਼ ਹੈ ਅਤੇ ਸਥਿਰ ਨਹੀਂ ਰਹਿਣੀ। ਇਸ ਲਈ ਇਹ ਸਰੀਰ ਸਦੀਵੀ ਸੱਚ ਨਹੀਂ ਹੈ, ਝੂਠਾ ਹੈ ਪਰ ਮਨੁੱਖ ਦਾ ਇਹ ਦੁਖਾਂਤ ਹੈ ਕਿ ਉਹ ਇਸ ਨੂੰ ਸਦੀਵੀ ਮੰਨ ਕੇ ਕਰਮ ਕਰਦਾ ਹੈ। ਇਹ ਉਸ ਸੁਪਨੇ ਦੀ ਤਰ੍ਹਾਂ ਹੈ ਜੋ ਮਨੁੱਖ ਰਾਤ ਨੂੰ ਸੁੱਤਿਆਂ ਪਿਆਂ ਵੇਖਦਾ ਹੈ ਅਤੇ ਸੱਚ ਸਮਝ ਲੈਂਦਾ ਹੈ ਪਰ ਜਦੋਂ ਨੀਂਦਰ ਤੋਂ ਜਾਗਦਾ ਹੈ ਤਾਂ ਸੁਪਨੇ ਦੀ ਕੋਈ ਹੋਂਦ ਨਹੀਂ ਬਚਦੀ:
ਕਾਮ ਕ੍ਰੋਧ ਮੋਹ ਬਸਿ ਪ੍ਰਾਨੀ
ਹਰਿ ਮੂਰਤਿ ਬਿਸਰਾਈ॥
ਝੂਠਾ ਤਨੁ ਸਾਚਾ ਕਰਿ ਮਾਨਿਓ
ਜਿਉ ਸੁਪਨਾ ਰੈਨਾਈ॥੧॥
ਗੁਰਮਤਿ ਅਨੁਸਾਰ ਇਹ ਸਾਰੀ ਸ੍ਰਿਸ਼ਟੀ ਬਿਨਸਨਹਾਰ ਹੈ ਕਿਉਂਕਿ ਜੋ ਵੀ ਚੀਜ਼ ਪੈਦਾ ਹੁੰਦੀ ਹੈ ਜਾਂ ਅਕਾਲ ਪੁਰਖ ਦੀ ਰਚੀ ਹੋਈ ਹੈ, ਉਸ ਨੇ ਇੱਕ ਦਿਨ ਨਸ਼ਟ ਹੋਣਾ ਹੈ; ਅਬਿਨਾਸ਼ੀ ਸਿਰਫ ਅਕਾਲ ਪੁਰਖ ਹੈ। ਇਸੇ ਸਿਧਾਂਤ ਨੂੰ ਦ੍ਰਿੜ ਕਰਵਾਉਂਦਿਆਂ ਗੁਰੂ ਤੇਗ ਬਹਾਦਰ ਅੱਗੇ ਦੱਸਦੇ ਹਨ ਕਿ ਇਹ ਜੋ ਕੁਝ ਵੀ ਨਜ਼ਰ ਆ ਰਿਹਾ, ਇਸ ਨੇ ਇੱਕ ਦਿਨ ਮਿਟ ਜਾਣਾ ਹੈ; ਉਸੇ ਤਰ੍ਹਾਂ ਜਿਵੇਂ ਬੱਦਲ ਦੀ ਛਾਂ ਸਥਿਰ ਨਹੀਂ ਰਹਿੰਦੀ, ਉਸੇ ਤਰ੍ਹਾਂ ਇਹ ਦਿਸਦਾ ਸੰਸਾਰ ਵੀ ਸਥਿਰ ਨਹੀਂ ਹੈ। ਇਸ ਲਈ ਮਨੁੱਖ ਨੂੰ ਸੰਸਾਰ ਦੀ ਚਲਾਇਮਾਨਤਾ ਨੂੰ ਸਮਝ ਕੇ ਸੰਸਾਰਕ ਮੋਹ ਤੋਂ ਨਿਰਲੇਪ ਹੋਣ ਅਤੇ ਉਸ ਅਕਾਲ ਪੁਰਖ ਦੀ ਸ਼ਰਨ ਵਿਚ ਆਉਣ ਦਾ ਉਪਦੇਸ਼ ਦਿੱਤਾ ਹੈ:
ਜੋ ਦੀਸੈ ਸੋ ਸਗਲ ਬਿਨਾਸੈ
ਜਿਉ ਬਾਦਰ ਕੀ ਛਾਈ॥
ਜਨ ਨਾਨਕੁ ਜਗੁ ਜਾਨਿਓ ਮਿਥਿਆ
ਰਹਿਓ ਰਾਮ ਸਰਨਾਈ॥੨॥ (ਪੰਨਾ ੨੧੯)
ਅਗਲੇ ਸ਼ਬਦ ਵਿਚ ਗੁਰੂ ਸਾਹਿਬ ਮਨੁੱਖ ਨੂੰ ਅਹਿਸਾਸ ਕਰਾਉਂਦੇ ਹਨ ਕਿ ਜੀਵ ਨੂੰ ਅਕਾਲ ਪੁਰਖ ਦੀ ਵਡਿਆਈ, ਉਸ ਦੀ ਸਿਫਤਿ-ਸਾਲਾਹ ਆਪਣੇ ਮਨ ਵਿਚ ਵਸਾਉਣੀ ਨਹੀਂ ਆਉਂਦੀ। ਦਿਨ ਰਾਤ ਉਸ ਦਾ ਮਨ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ ਅਤੇ ਇਸ ਸੰਸਾਰਕ ਮੋਹ-ਮਾਇਆ ਵਿਚ ਪੈ ਕੇ ਉਸ ਸਿਰਜਣਹਾਰ ਅਕਾਲ ਪੁਰਖ ਦਾ ਚੇਤਾ ਨਹੀਂ ਰਹਿੰਦਾ, ਉਸ ਦੇ ਗੁਣਾਂ ਦਾ ਗਾਇਨ ਕਿਵੇਂ ਕਰੇ, ਉਸ ਨੂੰ ਇਹ ਭੁੱਲ ਜਾਂਦਾ ਹੈ:
ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ॥
ਅਹਿਨਿਸਿ ਮਗਨੁ ਰਹੈ ਮਾਇਆ ਮੈ
ਕਹੁ ਕੈਸੇ ਗੁਨ ਗਾਵੈ॥੧॥ਰਹਾਉ॥
ਮਨੁੱਖ ਮਾਇਆ ਦੇ ਮੋਹ ਵਿਚ ਮਸਤ ਹੋ ਕੇ ਪੁੱਤਰ, ਮਿੱਤਰ, ਦੁਨਿਆਵੀ ਵਸਤੂਆਂ ਆਦਿ ਦੇ ਮੋਹ ਵਿਚ ਅਪਣੱਤ ਵਿਚ ਬੰਨ੍ਹਿਆ ਰਹਿੰਦਾ ਹੈ, ਇਨ੍ਹਾਂ ਸਭ ਚੀਜ਼ਾਂ ਦੇ ਬੰਧਨ ਆਪ ਹੀ ਬਣਾ ਲੈਂਦਾ ਹੈ ਅਤੇ ਇਨ੍ਹਾਂ ਬੰਧਨਾਂ ਨੂੰ ਪਾਲਦਾ ਰਹਿੰਦਾ ਹੈ। ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ ਇਹ ਨਹੀਂ ਸੋਚਦਾ ਕਿ ਇਹ ਮਾਇਆ-ਮੋਹ ਤਾਂ ਮ੍ਰਿਗ ਤ੍ਰਿਸ਼ਨਾ ਦੀ ਤਰ੍ਹਾਂ ਹੈ ਜਿਸ ਦਾ ਕੋਈ ਵਜੂਦ ਨਹੀਂ ਹੁੰਦਾ। ਮ੍ਰਿਗ ਤ੍ਰਿਸ਼ਨਾ ਦਾ ਭਾਵ ਹੈ ਕਿ ਸੂਰਜ ਦੀਆਂ ਕਿਰਨਾਂ ਜਦੋਂ ਰੇਤਲੇ ਮੈਦਾਨਾਂ ‘ਤੇ ਪੈਂਦੀਆਂ ਹਨ ਤਾਂ ਦੂਰ ਤੋਂ ਉਨ੍ਹਾਂ ਦੀ ਚਮਕ ਪਾਣੀ ਹੋਣ ਦਾ ਭੁਲੇਖਾ ਪਾਉਂਦੀ ਹੈ ਅਤੇ ਮ੍ਰਿਗ ਆਦਿ ਪਸ਼ੂ ਚਮਕਦੇ ਰੇਤ ਨੂੰ ਪਾਣੀ ਸਮਝ ਕੇ ਉਸ ਵੱਲ ਦੌੜਦੇ ਹਨ ਪਰ ਨੇੜੇ ਗਿਆਂ ਪਿਆਸ ਨਹੀਂ ਬੁਝਦੀ। (ਬਾਣੀ ਵਿਚ ਮਾਇਆ ਦੀ ਲਾਲਸਾ ਅਤੇ ਹੋਰ ਅਨਸਥਿਰ ਭੋਗਾਂ ਲਈ ਸ਼ਬਦ ‘ਮ੍ਰਿਗ ਤ੍ਰਿਸ਼ਨਾ’ ਵਰਤਿਆ ਗਿਆ ਹੈ। ਸੂਰਜ ਦੇ ਢਲਣ ਨਾਲ ਮ੍ਰਿਗ ਨੂੰ ਅਸਲੀਅਤ ਦੀ ਸਮਝ ਪੈਂਦੀ ਹੈ ਅਤੇ ਮਨੁੱਖ ਨੂੰ ਵੀ ਇਸ ਸੰਸਾਰ ਤੋਂ ਜਾਣ ਵੇਲੇ ਹੀ ਇਸ ਦਾ ਅਹਿਸਾਸ ਹੁੰਦਾ ਹੈ):
ਪੂਤ ਮੀਤ ਮਾਇਆ ਮਮਤਾ ਸਿਉ
ਇਹ ਬਿਧਿ ਆਪੁ ਬੰਧਾਵੈ॥
ਮ੍ਰਿਗ ਤ੍ਰਿਸਨਾ ਜਿਉ ਝੂਠੋ
ਇਹੁ ਜਗ ਦੇਖਿ ਤਾਸਿ ਉਠਿ ਧਾਵੈ॥੧॥
ਅੱਗੇ ਦੱਸਿਆ ਗਿਆ ਹੈ ਕਿ ਸਿਰਜਣਹਾਰ ਹੀ ਮਨੁੱਖ ਨੂੰ ਸਭ ਕੁਝ ਦੇਣ ਵਾਲਾ ਹੈ। ਉਹ ਹੀ ਸੰਸਾਰ ਉਤੇ ਮਨੁੱਖ ਨੂੰ ਦੁਨਿਆਵੀ ਦਾਤਾਂ ਦੀ ਬਖਸ਼ਿਸ਼ ਕਰਦਾ ਹੈ ਅਤੇ ਉਹ ਹੀ ਮਨੁੱਖ ਦਾ ਮੁਕਤੀ ਦਾਤਾ ਹੈ ਅਰਥਾਤ ਉਸ ਦੀ ਮਿਹਰ ਨਾਲ ਹੀ ਮਨੁੱਖ ਉਸ ਦੇ ਚਰਨ ਕੰਵਲਾਂ ਦੀ ਪ੍ਰੀਤ ਪ੍ਰਾਪਤ ਕਰ ਸਕਦਾ ਹੈ, ਪਰ ਮੂਰਖ ਮਨੁੱਖ ਸਭ ਦਾਤਾਂ ਬਖਸ਼ਣ ਵਾਲੇ ਪ੍ਰਭੂ ਨੂੰ ਭੁੱਲ ਜਾਂਦਾ ਹੈ। ਗੁਰੂ ਸਾਹਿਬ ਅੱਗੇ ਫੁਰਮਾਉਂਦੇ ਹਨ ਕਿ ਇਸ ਸੰਸਾਰ ‘ਤੇ ਕਰੋੜਾਂ ਵਿਚੋਂ ਕੋਈ ਵਿਰਲਾ ਹੀ ਹੁੰਦਾ ਹੈ ਜੋ ਮੋਹ-ਮਾਇਆ ਤੋਂ ਉਤੇ ਉਠ ਕੇ ਅਕਾਲ ਪੁਰਖ ਦੀ ਭਗਤੀ ਪ੍ਰਾਪਤ ਕਰਦਾ ਹੈ:
ਭੁਗਤਿ ਮੁਕਤਿ ਕਾ ਕਾਰਨੁ ਸੁਆਮੀ
ਮੂੜ ਤਾਹੇ ਬਿਸਰਾਵੈ॥
ਜਨ ਨਾਨਕ ਕੋਟਨ ਮੈ ਕੋਊ
ਭਜਨੁ ਰਾਮ ਕੋ ਪਾਵੈ॥੨॥ (ਪੰਨਾ ੨੧੯)
ਅਗਲੇ ਸ਼ਬਦ ਵਿਚ ਗੁਰੂ ਤੇਗ ਬਹਾਦਰ ਦੱਸਦੇ ਹਨ ਕਿ ਇਸ ਮਨ ਨੂੰ ਵੱਸ ਵਿਚ ਕਰਨਾ ਮੁਸ਼ਕਿਲ ਹੈ ਕਿਉਂਕਿ ਇਹ ਸਦਾ ਚੰਚਲ ਅਰਥਾਤ ਕਈ ਤਰ੍ਹਾਂ ਨਾਲ ਭਰਮਾਉਣ ਵਾਲੀ ਤ੍ਰਿਸ਼ਨਾ ਦੀ ਸੰਗਤਿ ਵਿਚ ਰਹਿੰਦਾ ਹੈ, ਇਸ ਲਈ ਟਿਕਦਾ ਨਹੀਂ। ਮਨੁੱਖ ਦੇ ਕਾਬੂ ਵਿਚ ਨਾ ਆ ਸਕਣ ਵਾਲਾ ਕ੍ਰੋਧ ਵੀ ਇਸੇ ਮਨ ਵਿਚ ਵਸਦਾ ਹੈ ਜੋ ਮਨੁੱਖ ਦੀ ਹਰ ਤਰ੍ਹਾਂ ਨਾਲ ਮਤਿ ਮਾਰ ਦਿੰਦਾ ਹੈ, ਉਸ ਦੀ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ। ਇਹ ਕ੍ਰੋਧ ਮਨੁੱਖ ਦੇ ਸ੍ਰੇਸ਼ਟ ਗਿਆਨ ਨੂੰ ਵੀ ਹਰ ਲੈਂਦਾ ਹੈ ਅਤੇ ਉਸ ਕ੍ਰੋਧ ਨਾਲ ਕਿਸੇ ਦੀ ਪੇਸ਼ ਨਹੀਂ ਜਾਂਦੀ:
ਸਾਧੋ ਇਹੁ ਮਨ ਗਹਿਓ ਨ ਜਾਈ॥
ਚੰਚਲ ਤ੍ਰਿਸਨਾ ਸੰਗਿ ਬਸਤੁ ਹੈ
ਯਾ ਤੇ ਥਿਰੁ ਨ ਰਹਾਈ॥੧॥ਰਹਾਉ॥
ਕਠਨ ਕਰੋਧ ਘਟ ਹੀ ਕੇ ਭੀਤਰਿ
ਜਿਹ ਸੁਧਿ ਸਭ ਬਿਸਰਾਈ॥
ਰਤਨੁ ਗਿਆਨੁ ਸਭ ਕੋ ਹਿਰਿ ਲੀਨਾ
ਤਾ ਸਿਉ ਕਛੁ ਨਾ ਬਸਾਈ॥੧॥
ਅੱਗੇ ਦੱਸਿਆ ਗਿਆ ਹੈ ਕਿ ਇਹ ਮਨ ਸਿਰਫ ਅਕਾਲ ਪੁਰਖ ਦੀ ਮਿਹਰ ਨਾਲ ਵੱਸ ਵਿਚ ਆਉਂਦਾ ਹੈ। ਜੋਗੀ ਲੋਕ ਜੋਗ ਸਾਧਨਾ ਕਰਦੇ ਹਾਰ ਜਾਂਦੇ ਹਨ ਅਤੇ ਗੁਣੀ ਬੰਦੇ ਗੁਣਾਂ ਦਾ ਗਾਇਨ ਕਰਦੇ ਥੱਕ ਜਾਂਦੇ ਹਨ ਪਰ ਇਹ ਮਨ ਵੱਸ ਵਿਚ ਨਹੀਂ ਆਉਂਦਾ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਜਦੋਂ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ ਤਾਂ ਇਸ ਮਨ ਨੂੰ ਕਾਬੂ ਵਿਚ ਰੱਖਣ ਦੇ ਸਾਰੇ ਵਸੀਲੇ ਬਣ ਜਾਂਦੇ ਹਨ। ਭਾਵ ਅਕਾਲ ਪੁਰਖ ਦੀ ਮਿਹਰ ਪ੍ਰਾਪਤ ਕਰਨ ਦੇ ਉਪਾ ਕਰਨੇ ਚਾਹੀਦੇ ਹਨ:
ਜੋਗੀ ਜਤਨ ਕਰਤ ਸਭਿ ਹਾਰੇ
ਗੁਨੀ ਰਹੇ ਗੁਨ ਗਾਈ॥
ਜਨ ਨਾਨਕ ਹਰਿ ਭਏ ਦਇਆਲਾ
ਤਉ ਸਭ ਬਿਧਿ ਬਨਿ ਆਈ॥੨॥੪॥ (ਪੰਨਾ ੨੧੯)