ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਅਮਰੀਕਾ ਵਿਚ ਜੇ ਕਿਸੇ ਨੂੰ ‘ਟਿਕਟ’ ਮਿਲ ਗਈ ਹੋਵੇ ਤਾਂ ਉਹਦਾ ਮੂੰਹ ਕਈ ਦਿਨ ਕੁਨੈਣ ਪੀਤੀ ਵਰਗਾ ਹੋਇਆ ਰਹਿੰਦਾ, ਪਰ ਸਾਡੇ ਪੰਜਾਬ ਵਿਚ ਇਨ੍ਹੀਂ ਦਿਨੀਂ ਹਰ ਵਿਧਾਨ ਸਭਾ ਹਲਕੇ ਵਿਚ ਕਈ-ਕਈ ਬੰਦੇ ਟਿਕਟਾਂ ਬਦਲੇ ਤੜੀਂ-ਫੜੀਂ ਹੋਏ ਫਿਰਦੇ ਆ। ਜਿਨ੍ਹਾਂ ਹਲਕਿਆਂ ਵਿਚ ਵੱਖ-ਵੱਖ ਪਾਰਟੀਆਂ ਨੇ ਟਿਕਟਾਂ ਵੰਡ ਦਿੱਤੀਆਂ, ਉਥੇ ਕਈ ਕਈ ਦਾਅਵੇਦਾਰ ‘ਆਪਣੇ ਹੱਕ’ ਦਾ ਢੰਡੋਰਾ ਪਿੱਟ ਰਹੇ ਹਨ।
ਜਿਹੜੇ ਹਲਕੇ ਅਜੇ ਰਹਿੰਦੇ ਨੇ, ਉਥੇ ਟਿਕਟਾਂ ਲਈ ਦੌੜਾਂ ਲੱਗੀਆਂ ਹੋਈਆਂ ਹਨ। ਟਿਕਟਾਂ ਲੈ ਚੁੱਕੇ ਆਗੂਆਂ ਖਿਲਾਫ ਜਦੋਂ ਉਨ੍ਹਾਂ ਦੇ ਸਥਾਨਕ ਵਿਰੋਧੀ ਅਕਸਰ ਇਹ ਇਤਰਾਜ਼ ਕਰਦੇ ਨੇ ਕਿ ਹਲਕੇ ਤੋਂ ਬਾਹਰਲਾ ਬੰਦਾ ਸਾਡੇ ਪੱਲੇ ਪਾ ਦਿੱਤਾ ਹੈ, ਤਾਂ ਮੈਨੂੰ ਸੰਨ 1996 ਦੇ ਉਹ ਦਿਨ ਯਾਦ ਆ ਜਾਂਦੇ ਹਨ, ਜਦੋਂ ਬੰਗਾ-ਬਹਿਰਾਮ ਦੇ ਕੁਝ ਸਿਆਸੀ ਆਗੂ ਇਹੀ ਹਥਿਆਰ ਮੇਰੇ ਵਿਰੁਧ ਚੁੱਕੀ ਫਿਰਦੇ ਰਹੇ ਸਨ। ਆਪੋ-ਆਪਣੇ ਮੂੰਹ-ਮੁਲਾਹਜ਼ੇ ਵਾਲੇ ਬੰਦਿਆਂ ਨੂੰ ਟਿਕਟ ਦਿਵਾਉਣ ਦੀ ਕੋਸ਼ਿਸ਼ ਵਿਚ ਲੱਗਿਆਂ ਮੂੰਹੋਂ, ਖੁਦ ਨੂੰ ‘ਬਾਹਰਲਾ’ ਉਮੀਦਵਾਰ ਸੁਣ ਕੇ ਮੈਨੂੰ ਵੀ ਉਦੋਂ ਬੜੀ ਤਕਲੀਫ ਹੁੰਦੀ ਹੁੰਦੀ ਸੀ। ਹੁਣ ‘ਟਿਕਟਾਂ’ ਅਤੇ ‘ਬਾਹਰਲਾ ਬੰਦਾ’ ਵਰਗੇ ਸ਼ਬਦਾਂ ਦਾ ਰੌਲਾ ਪੈਂਦਾ ਸੁਣਿਆ ਤਾਂ ਮੈਨੂੰ ਵੀ ਆਪਣੀ ‘ਟਿਕਟ ਕਹਾਣੀ’ ਯਾਦ ਆ ਗਈ।
ਇਸ ਨੂੰ ਕਿਸਮਤ ਦੀ ਖੇਡ ਕਹਿ ਲਓ ਜਾਂ ਕੁਝ ਹੋਰ, ਮੇਰਾ ਨਵਾਂ ਸ਼ਹਿਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਚੁਣਿਆ ਜਾਣਾ ‘ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ’ ਵਾਲੀ ਗੱਲ ਹੀ ਸੀ। ਜਵਾਨੀ ਪਹਿਰੇ ਤੋਂ ਹੀ ਇਲਾਕੇ ਦੇ ਸਮਾਜਿਕ, ਧਾਰਮਿਕ ਤੇ ਸਿਆਸੀ ਇਕੱਠਾਂ ਵਿਚ ਸਟੇਜ ਸੈਕਟਰੀ ਜਾਂ ਆਮ ਬੁਲਾਰੇ ਵਜੋਂ ਸ਼ਾਮਲ ਹੁੰਦਾ ਰਿਹਾ ਹੋਣ ਕਾਰਨ ਭਾਵੇਂ ਸਾਰੇ ਸਥਾਨਕ ਸਿੱਖ ਆਗੂਆਂ ਨਾਲ ਮੇਰੀ ਜਾਣ-ਪਛਾਣ ਚੰਗੀ ਸੀ, ਪਰ ਸਤਾਰਾਂ ਸਾਲਾਂ ਬਾਅਦ ਹੋ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਹਲਕੇ ਤੋਂ ਮੇਰੀ ਥਾਂ ਇਕ ਹੋਰ ਸੱਜਣ ਤਿਆਰ ਕੀਤਾ ਗਿਆ ਸੀ। ਕਿਤੇ ਨਾ ਕਿਤੇ ਭਾਵੇਂ ਮੇਰੇ ਮਨ ਵਿਚ ਵੀ ਐਸ਼ਜੀæਪੀæਸੀæ ਦਾ ਮੈਂਬਰ ਬਣਨ ਦੀ ਰੀਝ ਸੀ, ਕਿਉਂਕਿ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਹੁਰਾਂ ਦੇ ਵੇਲਿਆਂ ਤੋਂ ਹੀ ਸਾਡਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਆ ਰਿਹਾ ਸੀ ਤੇ ਸਾਡੇ ਘਰ ਸਿੱਖ ਸਿਆਸਤ ਬਾਰੇ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਸਨ। ਸੰਨ 1996 ਤੋਂ ਸਤਾਰਾਂ ਸਾਲ ਪਹਿਲਾਂ 1979 ਵਿਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਮੈਂ ਵੋਟਾਂ ਵੀ ਬਣਾਉਂਦਾ ਰਿਹਾ ਸਾਂ ਤੇ ਚੋਣ ਪ੍ਰਚਾਰ ਵਿਚ ਵੀ ਯਥਾ-ਯੋਗ ਹਿੱਸਾ ਪਾਉਂਦਾ ਰਿਹਾ।
ਉਂਜ ਖੁਦ ਮੈਂਬਰ ਬਣਨ ਦੀ ਰੀਝ, ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਇੰਨੀ ‘ਮਰੀ ਜਿਹੀ’ ਹੀ ਸੀ, ਜੋ ਮੈਨੂੰ ਨਾ ਤਰਸਾਉਂਦੀ ਸੀ ਤੇ ਨਾ ਹੀ ਤੜਫਾਉਣ ਜੋਗੀ ਸੀ। ਹਾਂ, ਮੈਂ ਗਾਹੇ-ਬਗਾਹੇ ਉਤਲੇ ਆਗੂਆਂ ਮੂੰਹੋਂ ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਗੱਲਾਂ ਜ਼ਰੂਰ ਸੁਣਦਾ ਰਹਿੰਦਾ ਸੀ। ਹਲਕੇ ਤੋਂ ਉਮੀਦਵਾਰ ਵਜੋਂ ਤਿਆਰ ਕੀਤੇ ਗਏ ਉਸ ਸੱਜਣ ਦੀ ਕਿਸਮਤ ਮਾੜੀ ਸਮਝੋ ਜਾਂ ਕੋਈ ਕੁਦਰਤ ਦਾ ਪਲਟਾ ਕਹੋ, ਉਹ ਸਾਡੇ ਜ਼ਿਲ੍ਹੇ ਦੀ ਸਿੱਖ ਲੀਡਰਸ਼ਿਪ ਦੇ ਮਨੋਂ ਲਹਿ ਗਿਆ। ਹਕੀਕਤ ਦਾ ਪਤਾ ਨਹੀਂ, ਪਰ ਸੁਣਨ ਵਿਚ ਆਇਆ ਸੀ ਕਿ ਉਸ ਨੇ ਕਿਸੇ ਸੀਨੀਅਰ ਆਗੂ ਨਾਲ ‘ਸਿੱਧੀਆਂ ਤਾਰਾਂ ਜੁੜਨ’ ਸਦਕਾ ਜ਼ਿਲ੍ਹਾ ਜਥੇਦਾਰ ਸ਼ ਕਰੀਹਾ ਨੂੰ ਛੁਟਿਆਉਣਾ ਸ਼ੁਰੂ ਕਰ ਦਿੱਤਾ। ਕਹਿੰਦੇ, ਉਸ ਨੇ ਕਿਸੇ ਕੋਲ ਇਹ ਵੀ ਕਹਿ ਦਿੱਤਾ ਕਿ ਟਿਕਟ ਤਾਂ ਮੇਰੀ ਜੇਬ ਵਿਚ ਪਈ ਹੈ, ਜਦਕਿ ਉਦੋਂ ਦੇ ਹਾਲਾਤ ਅਨੁਸਾਰ ਅਕਾਲੀ ਹਾਈ ਕਮਾਂਡ ਨੇ ਟਿਕਟ ਸ਼ ਕਰੀਹਾ ਦੇ ਪੱਲੇ ਹੀ ਪਾਉਣੀ ਸੀ। ਸੋ, ਉਸ ਸੱਜਣ ਦਾ ਰਵੱਈਆ ਦੇਖ ਕੇ ਸ਼ ਕਰੀਹਾ ਨੇ ਟਿਕਟ ਉਸ ਦੀ ਜੇਬ ਵਿਚੋਂ ਕੱਢਣੀ ਸ਼ੁਰੂ ਕਰ ਦਿੱਤੀ।
ਮੈਨੂੰ ਇਹ ਗੱਲਾਂ ਕੱਲ੍ਹ ਵਾਂਗ ਯਾਦ ਨੇ ਕਿ ਕਸ਼ਮਕਸ਼ ਦੇ ਉਨ੍ਹੀਂ ਦਿਨੀਂ ਮੈਂ ਆਪਣੇ ਘਰੇਲੂ ਕਾਰ-ਵਿਹਾਰ ਵਿਚ ਰੁੱਝਾ ਕਿਸੇ ਸ਼ਾਮ ਜਾਡਲਾ ਕਸਬੇ ਤੋਂ ਸੌਦਾ-ਪੱਤਾ ਲੈਣ ਗਿਆ ਹੋਇਆ ਸਾਂ। ਝੋਲਿਆਂ ਵਿਚ ਸਾਮਾਨ ਪੁਆ ਕੇ ਜਦੋਂ ਮੈਂ ਬਾਹਰ ਖੜ੍ਹੇ ਸਾਈਕਲ ਦੇ ਹੈਂਡਲ ਨਾਲ ਬੰਨ੍ਹ ਰਿਹਾ ਸਾਂ ਤਾਂ ਸਰਕਲ ਜਥੇਦਾਰ ਦਿਲਦਾਰ ਸਿੰਘ ਨੇ ਮੇਰੇ ਕੋਲ ਆ ਕੇ ਸਕੂਟਰ ਰੋਕ ਲਿਆ, “ਚੱਲ ਬਈ ਜਥੇਦਾਰਾ, ਤੈਨੂੰ ਸ਼੍ਰੋਮਣੀ ਕਮੇਟੀ ਮੈਂਬਰ ਬਣਾਈਏ?”
ਆਪਣੇ ਹਾਣੀ ਅਤੇ ਸ਼ੁਗਲੀ ਸੁਭਾਅ ਦੇ ਜਥੇਦਾਰ ਨੂੰ ਮੈਂ ਵੀ ਮੋਹਰਿਓਂ ਮਖੌਲ ਵਿਚ ਕੁਝ ਕਿਹਾ ਤਾਂ ਉਹ ਗੰਭੀਰ ਹੁੰਦਿਆਂ ਬੋਲਿਆ, “ਭਰਾਵਾ ਮੈਨੂੰ ਤਾਂ ਕਰੀਹਾ ਸਾਹਿਬ ਨੇ ਸਵੇਰ ਦਾ ਤੈਨੂੰ ਲੱਭਣ ਲਈ ਭੇਜਿਆ ਹੋਇਐæææ ਤੇਰੇ ਜਾਡਲੇ ਹੋਣ ਦਾ ਪਤਾ ਵੀ ਤੁਹਾਡੋ ਘਰੋਂ ਹੀ ਲੱਗਾæææ ਝੋਲੇ ਰੱਖ ਹਾਲੇ ਦੁਕਾਨ ਵਿਚ ਹੀ, ਚੱਲ ਮੇਰੇ ਪਿੱਛੇ ਬਹਿ, ਤੇ ਚੱਲੀਏ ਨਵੇਂ ਸ਼ਹਿਰæææ ਉਥੇ ਸਾਰਿਆਂ ਨੇ ਇਕੱਠੇ ਹੋਣੈ।”
ਲਓ ਜੀ, ਇਥੋਂ ਸ਼ੁਰੂ ਹੋ ਗਿਆ ਮੇਰਾ ਸ਼੍ਰੋਮਣੀ ਕਮੇਟੀ ਮੈਂਬਰ ਬਣਨ ਦਾ ਸਫਰ। ਨਵਾਂ ਸ਼ਹਿਰ ਸੈਂਟਰਲ ਕੋਆਪਰੇਟਿਵ ਬੈਂਕ ਹੁੰਦਾ ਸੀ, ਅਕਾਲੀਆਂ ਦਾ ਅੱਡਾ। ਉਥੇ ਸਾਰੀਆਂ ਗੱਲਾਂ-ਬਾਤਾਂ ਹੋਈਆਂæææ ਮੈਂ ਆਪਣੇ ਆਰਥਿਕ ਹਾਲਾਤ ਬਾਰੇ ਸੱਚੋ-ਸੱਚ ਦੱਸਿਆ ਕਿ ਮੇਰੇ ਕੋਲ ਤਾਂ ਸਾਈਕਲ ਹੀ ਹੈ। ਤਦ ਸ਼ ਕਰੀਹਾ ਆਪਣੀ ਗੱਡੀ ਵੱਲ ਹੱਥ ਕਰ ਕੇ ਹੱਸਦਿਆਂ ਕਹਿਣ ਲੱਗੇ, “ਆਹ ਗੱਡੀ ਤੇਰੀ ਹੀ ਆ, ਜਿਥੇ ਚਾਹੇਂ, ਉਥੇ ਈ ਲੈ ਜਾਵੀਂ।”
ਇਸ ਪਲੇਠੀ ਮੀਟਿੰਗ ਤੋਂ ਦੂਜੇ-ਤੀਜੇ ਦਿਨ ਹੀ ਚੰਡੀਗੜ੍ਹ ਸ਼੍ਰੋਮਣੀ ਕਮੇਟੀ ਦੇ ਸਬ ਆਫਿਸ ਵਿਚ ਮੇਰਾ ਉਮੀਦਵਾਰੀ ਲਈ ਅਰਜ਼ੀ ਫਾਰਮ ਭਰਵਾਇਆ ਗਿਆ। ਫਿਰ ਸ਼ੁਰੂ ਹੋਇਆ ਜਥੇਦਾਰ ਕੁਲਦੀਪ ਸਿੰਘ ਵਡਾਲਾ, ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਹੋਰ ਆਗੂਆਂ ਨਾਲ ਮੇਰੇ ਮੇਲ-ਮਿਲਾਪ ਦਾ ਦੌਰæææ ਕਦੇ ਜਲੰਧਰ, ਕਦੇ ਚੰਡੀਗੜ੍ਹ-ਅੰਮ੍ਰਿਤਸਰ। ਇਥੋਂ ਕੁ ਤੱਕ ਤਾਂ ਸਾਰਾ ਅਮਲ ਅਮਨ-ਅਮਾਨ ਨਾਲ ਚੱਲਦਾ ਰਿਹਾ, ਤੇ ਕਿਸੇ ਹੱਦ ਤੱਕ ਗੁਪਤ ਵੀ ਰਿਹਾ, ਪਰ ਜਦੋਂ ਜੁਲਾਈ ਵਿਚ ਟਿਕਟਾਂ ਦੀ ਸੂਚੀ ਅਖਬਾਰਾਂ ਵਿਚ ਛਪ ਗਈ ਤਾਂ ਮੇਰਾ ਵਿਰੋਧ ਵੀ ਨਾਲ ਹੀ ਸ਼ੁਰੂ ਹੋ ਗਿਆ। ਖਹਿਬਾਜ਼ੀ ਤੇ ਧੜੇਬੰਦੀ ਤਾਂ ਆਗੂਆਂ ਦੀ ਆਪਣੀ ਸੀ, ਪਰ ਮੇਰੇ ਟਿਕਟ ਦੇ ਵਿਰੋਧ ਦਾ ਕਾਰਨ ਇਹ ਬਣਾ ਲਿਆ ਗਿਆ ਕਿ ਮੈਂ ਹਲਕੇ ਤੋਂ ਬਾਹਰਲਾ ਹਾਂ। ਮਸਲਾ ਇਹ ਸੀ ਕਿ ਮੇਰਾ ਪਿੰਡ ਸ਼੍ਰੋਮਣੀ ਕਮੇਟੀ ਹਲਕਾ ਬਲਾਚੌਰ ਵਿਚ ਪੈਂਦਾ ਸੀ। ਇਹ ਸੀ ਤਾਂ ਭਾਵੇਂ ਹਲਕਾ ਜ਼ਿਲ੍ਹਾ ਨਵਾਂ ਸ਼ਹਿਰ ਵਿਚ ਹੀ, ਪਰ ਇਸ ਹਲਕੇ ਵਿਚ ਨਹੀਂ ਸੀ।
ਹਰ ਰੋਜ਼ ਅਖਬਾਰਾਂ ਵਿਚ ਕਰੀਹਾ-ਗਰੁਪ ਵਿਰੁਧ ਬਿਆਨਬਾਜ਼ੀ ਹੋਣ ਲੱਗੀ। ਉਧਰ, ਪਾਰਟੀ ਹਾਈਕਮਾਂਡ ਦੇ ਕਈ ਸੀਨੀਅਰ ਲੀਡਰ ਵੀ ਵਾਰੀ ਵਾਰੀ ਅਸਤੀਫੇ ਦੇਣ ਲੱਗ ਪਏ। ਅਖੇ, ਬਾਦਲ ਸਾਹਿਬ ਟੌਹੜਾ ਗਰੁਪ ਨੂੰ ਟਿਕਟਾਂ ਜ਼ਿਆਦਾ ਦੇ ਗਏ। ਅਕਾਲੀ ਦਲ ਵਿਚ ਆਪਾ-ਧਾਪੀ ਜਿਹੀ ਮਚ ਗਈ। ਸ਼ ਕਰੀਹਾ ਦੇ ਘਰੇ ਤੜਕੇ ਹੀ ਅਖਬਾਰਾਂ ਆ ਜਾਂਦੀਆਂ ਸਨ। ਅੱਠ ਕੁ ਵਜੇ ਸਾਨੂੰ ਉਥੇ ਪਹੁੰਚਿਆਂ ਨੂੰ ਉਨ੍ਹਾਂ ਦਾ ਗੋਰਖਾ ਨਾਲੇ ਚਾਹ ਪਿਲਾਇਆ ਕਰੇ, ਨਾਲੇ ਨਵੇਂ ਅਸਤੀਫਿਆਂ ਬਾਰੇ ਦੱਸਿਆ ਕਰੇ। ਇਕ ਸਵੇਰ ਉਹ ਸਾਡੇ ਕੋਲ ਭੱਜਾ-ਭੱਜਾ ਆ ਕੇ ਕਹਿੰਦਾ, “ਜਤੇਦਾਰੋ ਤੁਮ੍ਹਾਰਾ ਟੀਣਸਾ ਵੀ ਗਿਆ।” ਸਾਨੂੰ ਸਮਝ ਨਾ ਲੱਗੀ ਤਾਂ ਉਸ ਨੇ ਅਖਬਾਰ ਸਾਡੇ ਮੋਹਰੇ ਕੀਤੀ। ਅਸਲ ਵਿਚ ਉਸ ਦਿਨ ਸ਼ ਸੁਖਦੇਵ ਸਿੰਘ ਢੀਂਡਸਾ ਨੇ ਵੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।
ਇਸ ਖਿੱਚੋਤਾਣ ਵਿਚ ਸ਼ ਕਰੀਹਾ ਤੇ ਚੇਅਰਮੈਨ ਜੋਗਿੰਦਰ ਸਿੰਘ ਹੁਰਾਂ ਨੇ ਮੇਰੀ ਟਿਕਟ ਬਚਾਉਣ ਲਈ ਜਦੋਜਹਿਦ ਹੋਰ ਤਿੱਖੀ ਕਰ ਦਿੱਤੀ। ਦੂਜੇ-ਤੀਜੇ ਹੁੰਦੀਆਂ ਮੀਟਿੰਗਾਂ ਵਿਚ ਜ਼ਿੰਦਾਬਾਦ-ਮੁਰਦਾਬਾਦ ਹੁੰਦੀ ਰਹਿੰਦੀ। ਤਕਰਾਰ ਅਤੇ ਵਾਕ ਆਊਟ ਵੀ ਹੋਣ ਲੱਗ ਪਏ। ਸੁਣਿਆ ਸੀ ਕਿ ਉਦੋਂ ਬੰਗਿਆਂ ਦੇ ਵਿਧਾਨਕਾਰ ਸ਼ਾਇਦ ਹਾਈਕਮਾਂਡ ਕੋਲ ਵੀ ਮੇਰੀ ਟਿਕਟ ਬਦਲਾਉਣ ਲਈ ਜਾ ਪਹੁੰਚੇ ਸਨ। ਬਾਦਲ ਸਾਹਿਬ ਤੇ ਜਥੇਦਾਰ ਟੌਹੜਾ ਨੇ ਇਕ ਦਿਨ ਸ਼ ਕਰੀਹਾ ਨੂੰ ਉਚੇਚੇ ਤੌਰ ‘ਤੇ ਸੱਦਿਆ ਅਤੇ ਮੇਰੀ ਟਿਕਟ ਬਾਰੇ ਪੁੱਛਗਿੱਛ ਕੀਤੀ।
ਨਵਾਂ ਸ਼ਹਿਰ ਦੀ ਸਿੱਖ ਸਿਆਸਤ ਵਿਚ ਹਾਲਾਤ ਇੰਨੇ ਤਲਖ ਹੋ ਗਏ ਕਿ ਇਕ ਮੀਟਿੰਗ ਤੋਂ ਪਹਿਲਾਂ ਬੰਗਿਆਂ ਵਾਲੇ ਮੇਰੇ ਵਿਰੋਧੀਆਂ ਨੇ ਇਕ ਤਰ੍ਹਾਂ ਦਾ ਅਲਟੀਮੇਟਮ ਹੀ ਦੇ ਦਿੱਤਾ ਕਿ ਮੀਟਿੰਗ ਵਿਚ ਕੱਟਾ-ਕੱਟੀ ਕੱਢ ਹੀ ਦੇਣਾ ਹੈ। ਸਾਡੇ ਗਰੁਪ ਨੇ ਇਕ ਰਾਤ ਪਹਿਲਾਂ ਸ਼ ਕਰੀਹਾ ਦੇ ਘਰੇ ਬਹਿ ਕੇ ‘ਪਲੈਨ’ ਬਣਾਈ। ਮੈਨੂੰ ਸਾਰੀ ਵਿਉਂਤ ‘ਸਮਝਾ’ ਦਿੱਤੀ ਗਈ। ਲੋਹੇ-ਲਾਖੇ ਮਾਹੌਲ ਵਿਚ ਹੋ ਰਹੀ ਮੀਟਿੰਗ ਦੇ ਵਿਚਕਾਰ ਜਿਹੇ ਸ਼ ਕਰੀਹਾ ਨੇ ਗੁਸੈਲ ਜਿਹਾ ਚਿਹਰਾ ਬਣਾ ਕੇ ਮੈਨੂੰ ਕਿਹਾ, “ਆ ਭਾਈ, ਮਾਈਕ ‘ਤੇ ਆ ਕੇ ਟਿਕਟ ਵਾਪਸ ਕਰਨ ਦਾ ਐਲਾਨ ਕਰ ਦੇਹ!”
ਮੈਂ ਹਾਲੇ ਮਾਈਕ ਵੱਲ ਵਧਿਆ ਹੀ ਸਾਂ ਕਿ ਮੈਥੋਂ ਪਹਿਲਾਂ ਹੀ ਆਪ-ਮੁਹਾਰੇ ਜਥੇਦਾਰ ਚੈਨ ਸਿੰਘ ਮਹਿੰਦਪੁਰੀਆ ਸਟੇਜ ‘ਤੇ ਜਾ ਚੜ੍ਹਿਆ, “ਖਾਲਸਾ ਜੀ, ਤੁਸੀਂ ਕਦੇ ਦੇਖਿਐ ਕਿ ਵਿਆਹ ਦੀ ਤਰੀਕ ਬੱਝ ਗਈ ਹੋਵੇæææ ਮੁੰਡੇ ਨੂੰ ਮਾਈਂਆਂ ਲੱਗ ਚੁਕਾ ਹੋਵੇæææ ਬੈਂਡ ਵਾਜਾ ਵੱਜਣ ਲੱਗ ਪਿਆ ਹੋਵੇæææ ਤੇ ਕਲਗੀ ਲਾਈ ਬੈਠੇ ਮੁੰਡੇ ਨੂੰ ਕਹੀਏ ਕਿ ਕਾਕਾ ਲਿਆ ਕਲਗੀ, ਆਹ ਫਲਾਣੇ ਦੇ ਲਾ ਦੇ, ਪਹਿਲਾਂ ਇਹਨੂੰ ਵਿਆਹ ਲਿਆਈਏ! ਕਦੇ ਇੱਦਾਂ ਹੁੰਦਾ ਦੇਖਿਆ ਕਿਸੇ ਨੇ?”
ਉਸ ਤੋਂ ਮਗਰੋਂ ਜਿਵੇਂ ਮੈਨੂੰ ਦੱਸਿਆ ਹੀ ਹੋਇਆ ਸੀ, ਮੈਂ ਮਾਈਕ ‘ਤੇ ਜਾ ਕੇ ਇੰਨੇ ਕੁ ਲਫਜ਼ ਕਹੇ, “ਮੈਨੂੰ ਟਿਕਟ ਦਿਵਾਉਣ ਵਾਲਿਆਂ ਦਾ ਧੰਨਵਾਦ, ਪਰ ਟਿਕਟ ਮੈਨੂੰ ਦਿੱਤੀ ਹੈ ਬਾਦਲ ਸਾਹਿਬ ਤੇ ਟੌਹੜਾ ਸਾਹਿਬ ਦੋਹਾਂ ਨੇæææ ਜੇ ਉਹ ਮੈਨੂੰ ਕਹਿਣ, ਤਦ ਮੈਂ ਟਿਕਟ ਵਾਪਸ ਕਰ ਦਿਆਂਗਾ, ਨਹੀਂ ਤੇ ਬਿਲਕੁਲ ਨਹੀਂ।” ਸਾਡੇ ਵਿਰੋਧੀ ਸੱਜਣ ਤਾਹਨੇ-ਮਿਹਣੇ ਮਾਰਦੇ ਵਾਕ ਆਊਟ ਕਰ ਗਏ ਅਤੇ ਮੇਰੇ ਬਾਈਕਾਟ ਦੀ ਧਮਕੀ ਵੀ ਦੇ ਗਏ।
ਅਸੀਂ ਫਿਰ ਵੱਡੇ ਆਗੂਆਂ ਕੋਲ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਇਕ ਮਰਹਲੇ ‘ਤੇ ਮੈਨੂੰ ਮਹਿਸੂਸ ਹੋਣ ਲੱਗ ਪਿਆ ਕਿ ਮੇਰੀ ਟਿਕਟ ਕੱਟੀ ਹੀ ਜਾਣੀ ਹੈ। ਭੱਜ-ਦੌੜ ਵਾਲੇ ਇਸ ਮਾਹੌਲ ਵਿਚ ਵੀ ਮੈਂ ਮੌਕੇ ਦੇ ਹਾਲਾਤ ਮੁਤਾਬਿਕ ਕਾਵਿ-ਵਿਅੰਗ ਲਿਖ-ਲਿਖ ਅਖਬਾਰਾਂ ਨੂੰ ਭੇਜਦਾ ਰਹਿੰਦਾ। ਉਨ੍ਹਾਂ ਦਿਨਾਂ ਵਿਚ ਛਪੇ ਇਕ ਕਾਵਿ-ਟੋਟੇ ਦੀਆਂ ਕੁਝ ਸਤਰਾਂ ਅਜੇ ਵੀ ਯਾਦ ਨੇ:
ਕਾਰਾਂ ਕੋਠੀਆਂ ਬੰਗਲੇ ਕੋਲ ਜਿਸ ਦੇ
ਉਹੀ ਟਿਕਟ ਦੀ ਕਰੇਗਾ ਮੰਗ ਮੀਆਂ।
ਧੂੜਾਂ ਫੱਕਦਾ ਐਵੇਂ ਦੁਪਾਲਪੁਰੀਆ
ਹੁੰਦਾ ਜੇਬ ਤੋਂ ਸਦਾ ਮਲੰਗ ਮੀਆਂ।
ਇਸੇ ਕਾਰਨ ਬੰਗਾ ਇਲਾਕੇ ਦੇ ਕਈ ਸੱਜਣ ਭਾਵੇਂ ਮੇਰੀ ਮੁਖਾਲਫਤ ਕਰ ਰਹੇ ਸਨ, ਪਰ ਮੇਰੇ ਸਾਹਿਤਕ ਮਿੱਤਰ ਸ਼ ਹਰਿੰਦਰ ਸਿੰਘ ਬੀਸਲਾ ਹਮੇਸ਼ਾ ਮੇਰਾ ਹੌਸਲਾ ਵਧਾਉਂਦੇ ਰਹੇ; ਸਗੋਂ ਉਹ ਇਹ ਕਹਿ ਕੇ ਖੁਸ਼ ਹੁੰਦੇ ਕਿ ਕੋਈ ਸਾਹਿਤਕ ਮੱਸ ਵਾਲਾ ਵੀ ਸ਼੍ਰੋਮਣੀ ਕਮੇਟੀ ਵਿਚ ਜਾ ਰਿਹਾ ਹੈ। ਇੰਜ ਹੀ ਉਸ ਚੋਣ ਮੌਕੇ ਮੇਰੀ ਸਭ ਤੋਂ ਪਹਿਲਾਂ ਮਾਲੀ ਮਦਦ ਕਰਨ ਵਾਲੇ ਸ਼ ਪਿਆਰਾ ਸਿੰਘ ਸ਼ੇਖੂਪੁਰ, ਮੇਰੀ ਟਿਕਟ ਦੀ ਚਿੰਤਾ ਵਿਚ ਰੋਜ਼ਾਨਾ ‘ਅਜੀਤ’ ਦੇ ਦਫਤਰ ਜਾ ਕੇ ਸੰਪਾਦਕ ਨੂੰ ਮਿਲ ਕੇ ਵੀ ਆਏ। ਉਸ ਮੌਕੇ ਹੋਰ ਵੀ ਕਈ ਦੋਸਤਾਂ ਨੇ ਮੇਰੀ ਟਿਕਟ ਕੱਟਣੋਂ ਬਚਾਉਣ ਲਈ ਆਪੋ-ਆਪਣਾ ਯੋਗਦਾਨ ਪਾਇਆ, ਪਰ ਮੈਨੂੰ ਸੁਖ ਦਾ ਸਾਹ ਉਦੋਂ ਆਇਆ ਜਦੋਂ ਸਾਰੇ ਗਰੁਪ ਚੋਣ ਪ੍ਰਚਾਰ ਲਈ ਸਾਡੇ ਨਾਲ ਤੁਰ ਪਏ ਅਤੇ ਅਕਤੂਬਰ 1996 ਵਿਚ ਮੈਂ ਸ਼੍ਰੋਮਣੀ ਕਮੇਟੀ ਮੈਂਬਰ ਚੁਣਿਆ ਗਿਆ।