ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਵਿਧਾਨ ਸਭਾ ਚੋਣਾਂ ਤੋਂ ਢਾਈ-ਤਿੰਨ ਮਹੀਨੇ ਪਹਿਲਾਂ ਪੰਜਾਬ ਦੀ ਸਿਆਸਤ ਵਿਚ ਜੋੜ-ਤੋੜ ਦਾ ਰੁਝਾਨ ਸਿਖਰਾਂ ‘ਤੇ ਹੈ। ਵੱਡੀਆਂ ਸਿਆਸੀ ਧਿਰਾਂ ਵੱਲੋਂ ਜਿਥੇ ਛੋਟੇ ਸਿਆਸੀ ਦਲ ਨੂੰ ਆਪਣੇ ਵਿਚ ਮਰਜ਼ ਕਰਨ ਦੀ ਦੌੜ ਲੱਗੀ ਹੋਈ ਹੈ, ਉਥੇ ਟਿਕਟ ਨਾ ਮਿਲਣ ਤੋਂ ਨਾਰਾਜ਼ ਆਗੂਆਂ ਨੇ ਖੁੱਲ੍ਹ ਕੇ ਬਗਾਵਤ ਦਾ ਰਾਹ ਫੜ ਲਿਆ ਹੈ। ਬਗਾਵਤ ਦਾ ਸਭ ਤੋਂ ਵੱਧ ਸੇਕ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਅਤੇ ਉਮੀਦਵਾਰਾਂ ਦੀ ਪਹਿਲੀ ਸੂਚੀ ਪਿੱਛੋਂ ਹੀ ਉਸ ਦੇ ਚਾਰ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ।
ਮੌਜੂਦਾ ਵਿਧਾਨ ਸਭਾ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਭ ਤੋਂ ਵੱਧ ਛੇ ਵਾਰ ਜਿੱਤੇ ਸਰਵਨ ਸਿੰਘ ਫਿਲੌਰ ਟਿਕਟ ਨਾ ਦੇਣ ਕਾਰਨ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਬਸਪਾ ਵਿਚੋਂ ਆ ਕੇ ਅਕਾਲੀ ਵਿਧਾਇਕ ਬਣੇ ਅਵਿਨਾਸ਼ ਚੰਦਰ ਨੇ ਵੀ ਟਿਕਟ ਨਾ ਮਿਲਣ ਕਰ ਕੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤੀ ਹੈ ਅਤੇ ਮੁੜ ਬਸਪਾ ਵਿਚ ਜਾਣ ਦੀ ਤਿਆਰੀ ਵਿਚ ਹਨ। ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਨਾਲ ਵਿਵਾਦ ਦੇ ਕਾਰਨ ਨਿਹਾਲ ਸਿੰਘ ਵਾਲਾ ਤੋਂ ਰਾਜਵਿੰਦਰ ਕੌਰ ਭਾਗੀਬਾਂਦਰ ਨੇ ਆਜ਼ਾਦ ਚੋਣ ਲੜਨ ਦੀ ਚਿਤਾਵਨੀ ਦੇ ਦਿੱਤੀ ਹੈ। ਬਾਘਾਪੁਰਾਣਾ ਤੋਂ ਅਕਾਲੀ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਵੀ ਪਾਰਟੀ ਚੋਂ ਅਸਤੀਫਾ ਦੇ ਦਿੱਤਾ ਹੈ। ਅਕਾਲੀ ਦਲ ਵੱਲੋਂ ਐਲਾਨੇ ਉਮੀਦਵਾਰਾਂ ਵਿਚੋਂ ਸੁੱਚਾ ਸਿੰਘ ਲੰਗਾਹ ਅਤੇ ਜਥੇਦਾਰ ਤੋਤਾ ਸਿੰਘ ਨੂੰ ਅਦਾਲਤ ਵੱਲੋਂ ਸਜ਼ਾ ਹੋਣ ਕਾਰਨ ਇਨ੍ਹਾਂ ਦੇ ਚੋਣ ਲੜ ਸਕਣ ਦੀਆਂ ਸੰਭਾਵਨਾਵਾਂ ਉਤੇ ਸੁਆਲ ਉਠਾਏ ਜਾ ਰਹੇ ਹਨ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬੇਟੀ ਕੁਲਦੀਪ ਕੌਰ ਨੂੰ ਆਮ ਆਦਮੀ ਪਾਰਟੀ ਨੇ ਟੌਹੜਾ ਸਮਰਥਕ ਮੰਨੇ ਜਾਣ ਵਾਲੇ, ਪਰ ਬਾਦਲ ਦੇ ਪਾਲੇ ਵਿਚ ਚਲੇ ਗਏ ਪ੍ਰੇਮ ਸਿੰਘ ਚੰਦੂਮਾਜਰਾ ਦੇ ਫਰਜ਼ੰਦ ਦੇ ਮੁਕਾਬਲੇ ਸਨੌਰ ਤੋਂ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ। ਇਸੇ ਤਰ੍ਹਾਂ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸੁਖਬੀਰ ਬਾਦਲ ਨੇ ਨੇੜੇ ਮੰਨੇ ਜਾਂਦੇ ਐਨæਕੇæ ਸ਼ਰਮਾ ਨੂੰ ਕੈਪਟਨ ਕੰਵਲਜੀਤ ਸਿੰਘ ਦੀ ਵਿਧਵਾ ਸਰਬਜੀਤ ਕੌਰ ਆਮ ਆਦਮੀ ਪਾਰਟੀ ਵੱਲੋਂ ਡੇਰਾਬਸੀ ਤੋਂ ਚੁਣੌਤੀ ਦੇ ਰਹੇ ਹਨ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਇਨ੍ਹੀਂ ਦਿਨੀਂ ਪੰਜਾਬ ਡੇਰੇ ਲਾਏ ਹੋਏ ਹਨ। ਉਨ੍ਹਾਂ ਦੀ ਹਾਜ਼ਰੀ ਵਿਚ ਲੁਧਿਆਣਾ ਤੋਂ ਆਜ਼ਾਦ ਵਿਧਾਇਕਾਂ ਬੈਂਸ ਭਰਾਵਾਂ ਵੱਲੋਂ ਆਪਣੀ ‘ਇਨਸਾਫ਼ ਪਾਰਟੀ’ ਦੇ ਆਪ ਨਾਲ ਗੱਠਜੋੜ ਦਾ ਐਲਾਨ ਕਰ ਦਿੱਤਾ। ਇਸ ਐਲਾਨ ਨਾਲ ਜਿਥੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਲਈ ਚੁਣੌਤੀ ਹੋਰ ਵਧ ਗਈ ਹੈ, ਉਥੇ ਨਵਜੋਤ ਸਿੰਘ ਸਿੱਧੂ ਦੀ ‘ਆਵਾਜ਼-ਏ-ਪੰਜਾਬ’ ਦਾ ਭਵਿੱਖ ਵੀ ਧੁੰਦਲਾ ਹੋ ਗਿਆ ਹੈ। ਕਾਂਗਰਸ ਵਿਚ ਵਿਚ ਸਭ ਅੱਛਾ ਨਹੀਂ ਹੈ, ਮੰਨਿਆ ਜਾ ਰਿਹਾ ਹੈ ਟਿਕਟਾਂ ਦੇ ਐਲਾਨ ਪਿੱਛੋਂ ਪਾਰਟੀ ਵਿਚ ਵੱਡੀ ਬਗਾਵਤ ਦੇ ਅਸਾਰ ਹਨ। ਕਈ ਆਸਵੰਦ ਕਾਰਕੁਨਾਂ ਨੂੰ ਟਿਕਟਾਂ ਨਾ ਮਿਲਣ ਕਰ ਕੇ ਆਪ ਵਿਚ ਵੀ ਕਾਫੀ ਬਗਾਵਤੀ ਸੁਰਾਂ ਉਠੀਆਂ, ਪਰ ਹੁਣ ਇਹ ਮੱਧਮ ਪੈ ਚੁੱਕੀਆਂ ਹਨ। ਆਮ ਆਦਮੀ ਪਾਰਟੀ ਤੋਂ ਵੱਖ ਹੋਏ ਧੜੇ ਸੁੱਚਾ ਸਿੰਘ ਛੋਟੇਪੁਰ ਦੀ ‘ਆਪਣਾ ਪੰਜਾਬ ਪਾਰਟੀ’ ਨੇ ਭਾਵੇਂ ਵੱਖਰੇ ਤੌਰ ਉਤੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ, ਪਰ ਹਾਲੇ ਤੱਕ ਇਸ ਵਿਚ ਆਪ ਨੂੰ ਚੁਣੌਤੀ ਦੇਣ ਦੀ ਸਮਰੱਥਾ ਨਜ਼ਰ ਨਹੀਂ ਆ ਰਹੀ। ਖੱਬੇ ਪੱਖੀ ਧਿਰਾਂ ਨੇ ਵੀ ਕੁਝ ਸੀਟਾਂ ‘ਤੇ ਆਪਣੀ ਡਫਲੀ ਵਜਾਉਣ ਦਾ ਐਲਾਨ ਕੀਤਾ ਹੈ ਜਦੋਂਕਿ ਬਹੁਜਨ ਸਮਾਜ ਪਾਰਟੀ ਨੇ ਵੀ ਸਾਰੀਆਂ ਸੀਟਾਂ ਉਤੇ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ। ਭਾਜਪਾ ਨੇ ਹਾਲੇ ਉਮੀਦਵਾਰਾਂ ਦੇ ਨਾਂਵਾਂ ਵਾਲਾ ਪੱਤਾ ਨਹੀਂ ਖੋਲ੍ਹਿਆ, ਪਰ ਸਰਕਾਰ ਵਿਰੁੱਧ ਗੁੱਸੇ ਦੀ ਲਹਿਰ ਦਾ ਇਸ ਉਤੇ ਵੀ ਪ੍ਰਭਾਵ ਪੈਣਾ ਸੁਭਾਵਿਕ ਹੈ।
_________________________________
‘ਆਪ’ ਦੀ ਰਣਨੀਤੀ ਨੇ ਹਾਕਮਾਂ ਦਾ ਫਿਕਰ ਵਧਾਇਆ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਰਣਨੀਤੀ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਫਿਕਰਾਂ ਵਿਚ ਪਾਇਆ ਹੋਇਆ ਹੈ। ‘ਆਪ’ ਨੇ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਉਨ੍ਹਾਂ ਦੇ ਗੜ੍ਹ ਵਿਚ ਹੀ ਘੇਰਨ ਦਾ ਐਲਾਨ ਕੀਤਾ ਹੋਇਆ ਹੈ। ਜਲਾਲਾਬਾਦ ਵਿਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਭਗਵੰਤ ਮਾਨ ਟੱਕਰ ਦੇਣਗੇ। ਇਹ ਵੀ ਚਰਚਾ ਹੈ ਕਿ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨਾਲ ਆਪ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਭਿੜਨਗੇ। ਆਪ ਦੀ ਰਣਨੀਤੀ ਹੈ ਕਿ ਵੱਡੇ ਲੀਡਰਾਂ ਨੂੰ ਉਨ੍ਹਾਂ ਦੇ ਹਲਕਿਆਂ ਵਿਚ ਹੀ ਘੇਰਿਆ ਜਾਵੇ ਤਾਂ ਜੋ ਉਹ ਬਾਹਰ ਜਾ ਕੇ ਚੋਣ ਪ੍ਰਚਾਰ ਨਾ ਕਰ ਸਕਣ। ਚੋਣ ਮਾਹਰਾਂ ਅਨੁਸਾਰ ਜਲਾਲਾਬਾਦ ਸੀਟ ਉਤੇ ਭਗਵੰਤ ਮਾਨ ਦੇ ਆਉਣ ਨਾਲ ਇਸ ਸੀਟ ਉਤੇ ਮੁਕਾਬਲਾ ਰੌਚਕ ਬਣ ਗਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣ ਦੌਰਾਨ ਲਹਿਰਾ ਹਲਕੇ ਤੋਂ ਕਾਂਗਰਸ ਦੀ ਸੀਨੀਅਰ ਆਗੂ ਰਾਜਿੰਦਰ ਕੌਰ ਭੱਠਲ ਖਿਲਾਫ਼ ਪੀæਪੀæਪੀæ ਪਾਰਟੀ ਵੱਲੋਂ ਭਗਵੰਤ ਮਾਨ ਨੇ ਆਪਣੇ ਰਾਜਨੀਤਕ ਸਫਰ ਦੀ ਸ਼ੁਰੂਆਤ ਕੀਤੀ ਸੀ, ਪਰ ਉਸ ਨੂੰ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਤੇ ਲੋਕ ਸਭਾ ਹਲਕੇ ਸੰਗਰੂਰ ਤੋਂ ਉਨ੍ਹਾਂ ਨੇ ਅਕਾਲੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਖਿਲਾਫ਼ ਚੋਣ ਲੜੀ। ਉਨ੍ਹਾਂ ਨੂੰ ਵੱਡੇ ਫਰਕ ਨਾਲ ਹਰਾ ਕੇ ਸੀਟ ਉਤੇ ਜਿੱਤ ਦਰਜ ਕੀਤੀ।