ਚੰਡੀਗੜ੍ਹ: ਟਿਕਟਾਂ ਦੀ ਵੰਡ ਸਬੰਧੀ ਸ਼੍ਰੋਮਣੀ ਅਕਾਲੀ ਦਲ ‘ਚ ਸਿਆਸੀ ਭੂਚਾਲ ਆਇਆ ਹੋਇਆ ਹੈ। ਜਲੰਧਰ ਦੇ 3 ਅਕਾਲੀ ਵਿਧਾਇਕਾਂ ਦੇ ਅਸਤੀਫਿਆਂ ਨਾਲ ਪਾਰਟੀ ਹਿੱਲ ਗਈ ਹੈ। ਅਕਾਲੀ ਦਲ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਵਿਧਾਨ ਸਭਾ ਦੀਆਂ ਸੀਟਾਂ ਐਲਾਨਣ ਉਪਰੰਤ ਅਜਿਹਾ ਤਿੱਖਾ ਵਿਰੋਧ ਵੇਖਣ ਨੂੰ ਮਿਲਿਆ ਹੋਵੇ।
ਭਾਵੇਂ ਜਲੰਧਰ ਛਾਉਣੀ ਹਲਕੇ ਦੇ ਵਿਧਾਇਕ ਪ੍ਰਗਟ ਸਿੰਘ ਵੱਲੋਂ ਅਸਤੀਫਾ ਦੇਣ ਦਾ ਕਾਰਨ ਟਿਕਟਾਂ ਦੀ ਵੰਡ ਨਹੀਂ ਹੈ, ਪਰ ਉਨ੍ਹਾਂ ਵੱਲੋਂ ਵੀ ਇਹ ਕਦਮ ਪਾਰਟੀ ਅੰਦਰ ਉਨ੍ਹਾਂ ਦੀ ਪੁੱਛ ਪ੍ਰਤੀਤ ਨਾ ਹੋਣ ਕਾਰਨ ਹੀ ਚੁੱਕਿਆ ਗਿਆ ਸੀ, ਜਦਕਿ ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ ਤੇ ਵਿਧਾਇਕ ਅਵਿਨਾਸ਼ ਚੰਦਰ ਨੇ ਆਪਣੇ ਅਸਤੀਫੇ ਟਿਕਟਾਂ ਨਾ ਮਿਲਣ ਦੇ ਰੋਸ ਵਜੋਂ ਦਿੱਤੇ ਹਨ। ਉਧਰ, ਇਨ੍ਹਾਂ ਤਿੰਨਾਂ ਵਿਧਾਇਕਾਂ ਦੇ ਕਦਮ ਅਸਤੀਫੇ ਦੇਣ ਤੱਕ ਹੀ ਨਹੀਂ ਰੁਕੇ, ਸਗੋਂ ਇਨ੍ਹਾਂ ਦੇ ਕਦਮ ਅਕਾਲੀ ਦਲ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਵੱਲ ਵੀ ਵਧ ਰਹੇ ਹਨ।
ਦੱਸਣਯੋਗ ਹੈ ਕਿ ਕਿਸੇ ਸਮੇਂ ਕਾਂਗਰਸ ਦਾ ਗੜ੍ਹ ਮੰਨੇ ਜਾਣ ਵਾਲੇ ਜਲੰਧਰ ਜ਼ਿਲ੍ਹੇ ਵਿਚੋਂ ਕਾਂਗਰਸ ਦਾ ਸਫਾਇਆ ਇਸ ਕਦਰ ਹੋਇਆ ਸੀ ਕਿ ਇਹ ਜ਼ਿਲ੍ਹਾ ਲੰਘੀਆਂ ਦੋ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਬਣਾਉਣ ‘ਚ ਮੋਹਰੀ ਰੋਲ ਨਿਭਾਉਂਦਾ ਰਿਹਾ ਹੈ, ਪਰ ਇਸ ਵਾਰ ਅਕਾਲੀ ਦਲ ਦੇ ਹਿੱਸੇ ਦੀਆਂ 6 ਸੀਟਾਂ ‘ਚੋਂ ਅੱਧੀਆਂ ਉਤੇ ਪਾਰਟੀ ਉਮੀਦਵਾਰਾਂ ਦਾ ਸਿੱਧਾ ਵਿਰੋਧ ਤੇ ਬਾਕੀਆਂ ‘ਤੇ ਆਉਣ ਵਾਲੇ ਦਿਨਾਂ ਵਿਚ ਉਠਣ ਵਾਲੀਆਂ ਬਾਗੀ ਸੁਰਾਂ ਅਕਾਲੀ ਦਲ ਲਈ ਚਿੰਤਾ ਹੀ ਪੈਦਾ ਨਹੀਂ ਕਰ ਸਕਦੀਆਂ ਸਗੋਂ ਚੁਣੌਤੀ ਵੀ ਬਣ ਸਕਦੀਆਂ ਹਨ।
ਜਲੰਧਰ ਛਾਉਣੀ ਹਲਕੇ ਤੋਂ ਐਲਾਨੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਦਾ ਵਿਰੋਧ ਜ਼ਿਲ੍ਹਾ ਅਕਾਲੀ ਜਥੇ ਦੇ ਪ੍ਰਧਾਨ ਤੇ ਜ਼ਿਲ੍ਹਾ ਕਮੇਟੀ ਦੇ ਚੇਅਰਮੈਨ ਗੁਰਚਰਨ ਸਿੰਘ ਚੰਨੀ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਤੇ ਹੋਰਾਂ ਆਗੂਆਂ ਵਲੋਂ ਕੀਤਾ ਜਾ ਰਿਹਾ ਹੈ। ਇਨ੍ਹਾਂ ਆਗੂਆਂ ਵੱਲੋਂ ਅਗਲੀ ਰਣਨੀਤੀ ਲਈ ਇਕ 9-ਮੈਂਬਰੀ ਕਮੇਟੀ ਦਾ ਗਠਨ ਵੀ ਕਰ ਲਿਆ ਹੈ। ਇਨ੍ਹਾਂ ਤਿੰਨਾਂ ਹਲਕਿਆਂ ਤੋਂ ਬਾਅਦ ਆਦਮਪੁਰ ਤੇ ਨਕੋਦਰ ਵਿਚ ਵੀ ਇਸ ਅੱਗ ਦਾ ਸੇਕ ਪੁੱਜਣ ਦੀ ਸੰਭਾਵਨਾ ਹੈ ਕਿਉਂਕਿ ਆਦਮਪੁਰ ਹਲਕੇ ਦੇ ਅਕਾਲੀ ਜਥੇਦਾਰ ਪਹਿਲਾਂ ਹੀ ਪਾਰਟੀ ਪ੍ਰਧਾਨ ਨਾਲ ਤਿੰਨ ਵਾਰ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾ ਚੁੱਕੇ ਹਨ। ਉਧਰ ਅਕਾਲੀ ਦਲ ‘ਚ ਉਠੀਆਂ ਇਨ੍ਹਾਂ ਬਗਾਵਤੀ ਸੁਰਾਂ ਲਈ ਸਿਆਸੀ ਮਾਹਰ ਅਕਾਲੀ ਦਲ ਦੀ ਡੰਗ ਟਪਾਊ ਨੀਤੀ ਨੂੰ ਮੰਨ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਨੇ ਉਮੀਦਵਾਰਾਂ ਦੀ ਚੋਣ ਲਈ ਹਮੇਸ਼ਾ ਡੰਗ ਟਪਾਊ ਨੀਤੀ ਤਹਿਤ ਬਾਹਰੋਂ ਲਿਆ ਕੇ ਆਗੂਆਂ ਨੂੰ ਟਿਕਟਾਂ ਨਾਲ ਨਿਵਾਜਿਆ ਹੈ, ਜਿਸ ਨਾਲ ਪੁਰਾਣੇ ਟਕਸਾਲੀ ਅਕਾਲੀ ਆਗੂਆਂ ‘ਚ ਰੋਸ ਪੈਦਾ ਹੋਣਾ ਸੁਭਾਵਕ ਹੈ। ਇਸ ਵਾਰ ਵੀ ਅਕਾਲੀ ਦਲ ਵੱਲੋਂ ਸੇਠ ਸਤਪਾਲ ਮੱਲ ਨੂੰ ਕਾਂਗਰਸ ਤੋਂ ਲਿਆ ਕੇ ਕਰਤਾਰਪੁਰ ਹਲਕੇ ਤੋਂ ਅਤੇ ਬਲਦੇਵ ਸਿੰਘ ਖਹਿਰਾ ਨੂੰ ਬਸਪਾ ਤੋਂ ਲਿਆ ਕੇ ਫਿਲੌਰ ਹਲਕੇ ਤੋਂ ਟਿਕਟਾਂ ਦਿੱਤੀਆਂ ਹਨ ਤੇ ਇਨ੍ਹਾਂ ਦੋਵਾਂ ਹਲਕਿਆਂ ਤੋਂ ਮੌਜੂਦਾ ਵਿਧਾਇਕਾਂ ਨੇ ਰੋਸ ਵਜੋਂ ਅਸਤੀਫੇ ਦਿੱਤੇ ਹਨ।
__________________________________________
ਜਲਾਲਾਬਾਦ ਹਲਕਾ ਬਣੇਗਾ ਬਾਦਲਾਂ ਲਈ ਵੰਗਾਰ
ਫ਼ਾਜ਼ਿਲਕਾ: ਪੰਜਾਬ ਵਿਧਾਨ ਸਭਾ 2017 ਦਾ ਚੋਣ ਅਖਾੜਾ ਪੂਰੀ ਤਰ੍ਹਾਂ ਭਖਣ ਲੱਗਾ ਹੈ। ਇਨ੍ਹਾਂ ਚੋਣਾ ‘ਚ ਤੀਜੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਨੇ 69 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੂਬੇ ਵਿਚ ਮੁੱਖ ਸਿਆਸੀ ਪਾਰਟੀ ਕਾਂਗਰਸ ਵੱਲੋਂ ਵੀ ਉਮੀਦਵਾਰਾਂ ਦਾ ਐਲਾਨ ਛੇਤੀ ਕਰਨ ਦੀ ਗੱਲ ਕਹੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਕੀਤੀ ਸੂਚੀ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਲੰਬੀ ਤੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਦਾ ਨਾਂ ਇਸ ਸੂਚੀ ‘ਚ ਸ਼ਾਮਲ ਨਹੀਂ ਹੈ।
ਆਮ ਆਦਮੀ ਪਾਰਟੀ ਤੇ ਕਾਂਗਰਸ ਇਨ੍ਹਾਂ ਚੋਣਾਂ ‘ਚ ਸੱਤਾਧਾਰੀ ਪਾਰਟੀ ਦੇ ਮੁੱਖ ਆਗੂਆਂ ਨੂੰ ਉਨ੍ਹਾਂ ਦੇ ਹਲਕਿਆਂ ਵਿਚ ਘੇਰਨ ਦੀ ਤਿਆਰੀ ‘ਚ ਲੱਗੀਆਂ ਹੋਈਆਂ ਹਨ। ਆਪ ਨੇ ਭਗਵੰਤ ਮਾਨ ਨੂੰ ਇਸ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਭਾਵੇਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਹਲਕੇ ਤੋਂ ਬੀਤੀਆਂ ਚੋਣਾਂ ਦੌਰਾਨ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਜਲਾਲਾਬਾਦ ਹਲਕੇ ਤੋਂ ਉਪ ਮੁੱਖ ਮੰਤਰੀ ਦਾ ਨਾਂ ਨਾ ਘੋਸ਼ਿਤ ਕਰਨ ‘ਤੇ ਕਈ ਚਰਚਾਵਾਂ ਜਨਮ ਲੈ ਰਹੀਆਂ ਹਨ। ਜਲਾਲਾਬਾਦ ਹਲਕੇ ਨਾਲ ਸਬੰਧਤ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਚੱਲ ਰਹੇ ਮਤਭੇਦ ਜੱਗ ਜ਼ਾਹਿਰ ਹਨ।