ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਦੀ ਐਲਾਨੀ ਗਈ ਪਹਿਲੀ ਸੂਚੀ ਨੇ ਤੈਅ ਕਰ ਦਿੱਤਾ ਹੈ ਕਿ ਹਾਕਮ ਪਾਰਟੀ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਦਾ ਮੈਦਾਨ ਸਰ ਕਰਨ ਲਈ ਰਾਖਵੀਆਂ ਸੀਟਾਂ ਉਤੇ ਜ਼ਿਆਦਾ ਟੇਕ ਰੱਖੀ ਹੋਈ ਹੈ। ਅਕਾਲੀ ਦਲ ਦੀ ਪਹਿਲੀ ਹੀ ਸੂਚੀ ਵਿਚ ਛੇ ਦਲਿਤ ਉਮੀਦਵਾਰ, ਜਿਨ੍ਹਾਂ ਵਿਚੋਂ ਚਾਰ ਵਿਧਾਇਕ ਹਨ, ਦਾ ਨਾਮ ਐਲਾਨਿਆ ਹੀ ਨਹੀਂ ਗਿਆ। ਪਾਰਟੀ ਵੱਲੋਂ ਭਾਵੇਂ ਕੁਝ ਜਨਰਲ ਸੀਟਾਂ ‘ਤੇ ਵੀ ਉਮੀਦਵਾਰਾਂ ਦੀ ਅਦਲਾ-ਬਦਲੀ ਕੀਤੀ ਗਈ ਹੈ, ਪਰ ਵਧੇਰੇ ਜ਼ੋਰ ਰਾਖਵੀਂਆਂ ਸੀਟਾਂ ਉਤੇ ਹੀ ਦਿੱਤਾ ਗਿਆ ਹੈ।
ਪਾਰਟੀ ਦੀ ਪਹਿਲੀ ਸੂਚੀ ਵਿਚ ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ, ਅਵਿਨਾਸ਼ ਚੰਦਰ, ਦਰਬਾਰਾ ਸਿੰਘ ਗੁਰੂ, ਸਤਵੰਤ ਕੌਰ ਸੰਧੂ, ਗੁਰਤੇਜ ਸਿੰਘ ਘੁੜਿਆਣਾ, ਗੋਬਿੰਦ ਸਿੰਘ ਕਾਂਝਲਾ ਅਤੇ ਰਾਜਵਿੰਦਰ ਕੌਰ ਭਾਗੀਕੇ ਦੀ ਥਾਂ ਨਵੇਂ ਉਮੀਦਵਾਰਾਂ ਦੇ ਨਾਮ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਸ੍ਰੀ ਫਿਲੌਰ, ਅਵਿਨਾਸ਼ ਚੰਦਰ, ਘੁੜਿਆਣਾ ਅਤੇ ਭਾਗੀਕੇ ਤਾਂ ਮੌਜੂਦਾ ਸਮੇਂ ਵਿਧਾਇਕ ਵੀ ਹਨ। ਸ੍ਰੀ ਫਿਲੌਰ ਤੇ ਅਵਿਨਾਸ਼ ਚੰਦਰ ਦੇ ਵਿਵਾਦਾਂ ਵਿਚ ਘਿਰੇ ਹੋਣ ਕਾਰਨ ਟਿਕਟ ਕੱਟੀ ਗਈ। ਪਾਰਟੀ ਸੂਤਰਾਂ ਦਾ ਦੱਸਣਾ ਹੈ ਕਿ ਜੈਤੋਂ ਤੋਂ ਗੁਰਦੇਵ ਸਿੰਘ ਬਾਦਲ, ਬੁਢਲਾਡਾ ਤੋਂ ਚਤਿੰਨ ਸਿੰਘ ਸਮਾਉਂ ਅਤੇ ਬਠਿੰਡਾ (ਦਿਹਾਤੀ) ਤੋਂ ਦਰਸ਼ਨ ਸਿੰਘ ਕੋਟ ਫੱਤਾ ਦੇ ਹਲਕੇ ਬਦਲਣ ਅਤੇ ਕਈਆਂ ਦੀ ਛੁੱਟੀ ਹੋਣ ਦੇ ਆਸਾਰ ਹਨ। ਬਸੀ ਪਠਾਣਾਂ ਤੋਂ ਵਿਧਾਇਕ ਜਸਟਿਸ (ਸੇਵਾ ਮੁਕਤ) ਨਿਰਮਲ ਸਿੰਘ ਨੂੰ ਚਮਕੌਰ ਸਾਹਿਬ ਤੋਂ ਅਤੇ ਬਲਬੀਰ ਸਿੰਘ ਘੁੰਨਸ ਨੂੰ ਭਦੌੜ ਤੋਂ ਟਿਕਟ ਦੇਣ ਨਾਲ ਇਹ ਵੀ ਤੈਅ ਹੋ ਗਿਆ ਹੈ ਕਿ ਦਿੜ੍ਹਬਾ ਅਤੇ ਬਸੀ ਪਠਾਣਾਂ ਹਲਕਿਆਂ ਤੋਂ ਪਾਰਟੀ ਨਵੇਂ ਚਿਹਰੇ ਸਾਹਮਣੇ ਲਿਆਵੇਗੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਏ ਗਏ ਸਰਵੇਖਣ ਮੁਤਾਬਕ ਰਾਖਵੇਂ ਹਲਕਿਆਂ ਵਾਲੇ ਵਿਧਾਇਕਾਂ ਦੀ ਹਾਲਤ ਜ਼ਿਆਦਾ ਪਤਲੀ ਹੈ। ਇਸੇ ਕਰ ਕੇ ਜ਼ਿਆਦਾ ਉਮੀਦਵਾਰ ਇਸੇ ਵਰਗ ਦੇ ਬਦਲੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਇਹ ਫੈਸਲਾ ਕੀਤਾ ਗਿਆ ਸੀ ਕਿ ਰਾਖਵੀਆਂ ਸੀਟਾਂ ‘ਤੇ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਨਿਗਰਾਨੀ ਕੀਤੀ ਜਾਵੇ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਅਕਾਲੀ ਦਲ ਨੂੰ ਪੰਜ ਸਾਲ ਪਹਿਲਾਂ ਵੀ ਰਾਖਵੀਆਂ ਸੀਟਾਂ ‘ਤੇ ਹੋਈ ਵੱਡੀ ਜਿੱਤ ਕਰ ਕੇ ਸੱਤਾ ਮਿਲੀ ਸੀ।
ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਸੂਚੀ ਵਿਚ ਕਈ ਤਰ੍ਹਾਂ ਦੇ ਹੋਰ ਦਿਲਚਸਪ ਤੱਥ ਦੇਖਣ ਨੂੰ ਵੀ ਮਿਲੇ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਰੀਬੀ ਰਹੇ ਬਸੰਤ ਸਿੰਘ ਖ਼ਾਲਸਾ ਦੇ ਪੁੱਤਰ ਬਿਕਰਜੀਤ ਸਿੰਘ ਖ਼ਾਲਸਾ ਦਾ ਪੱਤਾ ਕੱਟ ਦਿੱਤਾ ਗਿਆ ਤੇ ਪ੍ਰੇਮ ਸਿੰਘ ਚੰਦੂਮਾਜਰਾ ਦੀ ਦੂਜੀ ਪੀੜ੍ਹੀ ਨੂੰ ਸੱਤਾ ‘ਚ ਦਾਖਲ ਕਰਨ ਦਾ ਮੌਕਾ ਦਿੰਦਿਆਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਟਿਕਟ ਦੇ ਦਿੱਤੀ ਗਈ ਹੈ। ਪਿਛਲੇ ਕਈ ਮਹੀਨਿਆਂ ਤੋਂ ਵਿਵਾਦਾਂ ‘ਚ ਚੱਲੇ ਆ ਰਹੇ ਤੇ ਸੀæਬੀæਆਈæ ਦੀ ਗ੍ਰਿਫਤ ‘ਚ ਆ ਚੁੱਕੇ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੇ ਰਿਸ਼ਤੇਦਾਰ ਮੰਨੇ ਜਾਂਦੇ ਸਤਬੀਰ ਸਿੰਘ ਖੱਟੜਾ ਨੂੰ ਵੀ ਅਕਾਲੀ ਦਲ ਨੇ ਪਹਿਲੀ ਸੂਚੀ ਵਿਚ ਹੀ ਥਾਂ ਦੇ ਦਿੱਤੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਥਾਂ ਉਨ੍ਹਾਂ ਦੇ ਪੁੱਤਰ ਇੰਦਰਇਕਬਾਲ ਸਿੰਘ ਅਟਵਾਲ ਨੂੰ ਟਿਕਟ ਦਿੱਤੀ ਗਈ ਹੈ। ਇਸ ਤਰ੍ਹਾਂ ਨਾਲ ਸ੍ਰੀ ਅਟਵਾਲ ਵੱਲੋਂ ਚੋਣ ਲੜਨ ਦੀਆਂ ਸੰਭਾਵਨਾਵਾਂ ਨਹੀਂ ਰਹੀਆਂ।
_______________________________________
ਇਹ ਹੋਵੇਗੀ ਹਾਕਮ ਧਿਰ ਦੀ ਰਣਨੀਤੀ
ਚੰਡੀਗੜ੍ਹ: ਸਾਲ 2012 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ 21 ਵਿਧਾਨ ਸਭਾ ਹਲਕਿਆਂ ‘ਤੇ ਜਿੱਤ ਹਾਸਲ ਕੀਤੀ ਸੀ। ਕਾਂਗਰਸ ਨੂੰ 34 ਰਾਖਵੀਆਂ ਸੀਟਾਂ ਵਿਚੋਂ ਸਿਰਫ 10 ਸੀਟਾਂ ਮਿਲੀਆਂ ਸਨ ਤੇ 3 ਹਲਕਿਆਂ ‘ਤੇ ਭਾਜਪਾ ਦੇ ਉਮੀਦਵਾਰ ਜਿੱਤੇ ਸਨ। ਸ਼੍ਰੋਮਣੀ ਅਕਾਲੀ ਦਲ ਨੇ ਰਣਨੀਤੀ ਬਣਾਈ ਹੈ ਕਿ ਆਗਾਮੀ ਚੋਣਾਂ ਦੌਰਾਨ 34 ਵਿਧਾਨ ਸਭਾ ਹਲਕਿਆਂ ਵਿਚੋਂ ਸਭ ਤੋਂ ਵੱਧ ਸੀਟਾਂ ਹਥਿਆਈਆਂ ਜਾਣ। ਅਕਾਲੀ-ਭਾਜਪਾ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਰਾਹੀਂ ਵੀ ਦਲਿਤਾਂ ਨੂੰ ਪਤਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਅਕਾਲੀ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਹਾਕਮ ਪਾਰਟੀ ਦੇ ਉਮੀਦਵਾਰ ਹੋਰਨਾਂ ਪਾਰਟੀਆਂ ਦੇ ਮੁਕਾਬਲੇ ਪੈਸਾ ਵੀ ਜ਼ਿਆਦਾ ਖ਼ਰਚ ਕਰ ਕੇ ਜਿੱਤ ਦੇ ਨੇੜੇ ਪਹੁੰਚ ਸਕਦੇ ਹਨ।