ਸਿਆਸੀ ਧਿਰਾਂ ਦੀਆਂ ਸਰਗਰਮੀਆਂ ਨਾਲ ਮਾਲਵੇ ਦੀ ਸਿਆਸਤ ਵਿਚ ਉਬਾਲ

ਬਠਿੰਡਾ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਗੜ੍ਹ ਸਮਝੇ ਜਾਂਦੇ ਕੇਂਦਰੀ ਮਾਲਵੇ ਵਿਚ ਰਾਜਸੀ ਸਰਗਰਮੀਆਂ ਇਕਦਮ ਤੇਜ਼ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰੀ ਮਾਲਵੇ ਦੇ ਜ਼ਿਆਦਾਤਰ ਹਲਕਿਆਂ ਵਿਚ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਦੇ ਬਾਅਦ ਰਾਜਨੀਤੀ ਵਿਚ ਉਬਾਲ ਆਉਣਾ ਸ਼ੁਰੂ ਹੋ ਗਿਆ ਹੈ।

ਟਿਕਟਾਂ ਨਾ ਮਿਲਣ ਤੋਂ ਰੁੱਸੇ ਕਈ ਸੀਨੀਅਰ ਅਕਾਲੀ ਆਗੂਆਂ ਨੇ ਅਕਾਲੀ ਵਿਰੋਧੀ ਧਿਰਾਂ ਨਾਲ ਸੁਰ ਮਿਲਾਉਣੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਦੇ ਬਾਅਦ ਕੇਂਦਰੀ ਮਾਲਵਾ ਵਿਚ ਹਲਕਾ ਨਿਹਾਲ ਸਿੰਘ ਵਾਲਾ ਦੇ ਮੌਜੂਦਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਦੀ ਟਿਕਟ ਕੱਟ ਦਿੱਤੀ ਗਈ ਹੈ, ਉਸ ਦੀ ਥਾਂ ਜਗਰਾਓਂ ਦੇ ਵਿਧਾਇਕ ਐਸ਼ਆਰæਕਲੇਰ ਨੂੰ ਟਿਕਟ ਦੇ ਦਿੱਤੀ ਗਈ ਹੈ, ਜਿਸ ਕਰ ਕੇ ਬੀਬੀ ਰਾਜਵਿੰਦਰ ਕੌਰ ਬਗਾਵਤ ਲਈ ਤਿਆਰ ਬੈਠੀ ਹੈ। ਮੁਕਤਸਰ ਹਲਕੇ ਵਿਚ ਯੂਥ ਅਕਾਲੀ ਦਲ ਮਾਲਵਾ ਜ਼ੋਨ ਦੇ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਟਿਕਟ ਦੇਣ ਦੇ ਬਾਅਦ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾਹੜ੍ਹ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਰਹੇ ਹਨ। ਮੋਗਾ, ਜੈਤੋ, ਬਠਿੰਡਾ ਦਿਹਾਤੀ, ਭੁੱਚੋ ਮੰਡੀ ਤੇ ਬੁਢਲਾਢਾ ਰਾਖਵੇਂ ਹਲਕਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਧੜੇਬੰਦੀ ਕਾਰਨ ਉਮੀਦਵਾਰ ਦਾ ਐਲਾਨ ਕਰਨ ਵਿਚ ਮੁਸ਼ਕਲ ਆ ਰਹੀ ਹੈ।
ਉਧਰ, ਫ਼ਿਰੋਜ਼ਪੁਰ ਤੋਂ ਮੈਂਬਰ ਲੋਕ ਸਭਾ ਸ਼ੇਰ ਸਿੰਘ ਘੁਬਾਇਆ ਵੀ ਪਾਰਟੀ ਲੀਡਰਸ਼ਿਪ ਤੋਂ ਸਖ਼ਤ ਨਰਾਜ਼ ਦੱਸੇ ਜਾ ਰਹੇ ਹਨ। ਉਨ੍ਹਾਂ ਦੀ ਨਰਾਜ਼ਗੀ ਫਿਰੋਜ਼ਪੁਰ ਜ਼ਿਲ੍ਹੇ ਵਿਚ ਸ਼੍ਰੋਮਣੀ ਅਕਾਲੀ ਦਲ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸੇ ਤਰ੍ਹਾਂ ਮਾਲਵੇ ਦੇ ਤਕਰੀਬਨ ਇਕ ਦਰਜਨ ਹਲਕਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਉਮੀਦਵਾਰ ਦੀ ਚੋਣ ਕਰਨ ਲਈ ਗੰਭੀਰ ਵਿਚਾਰਾਂ ਕਰਨੀਆਂ ਪੈ ਰਹੀਆਂ ਹਨ, ਜਿਸ ‘ਚ ਮਾਨਸਾ, ਸੁਨਾਮ, ਬਰਨਾਲਾ ਆਦਿ ਵੀ ਸ਼ਾਮਲ ਹਨ। ਆਮ ਆਦਮੀ ਪਾਰਟੀ ਟਿਕਟਾਂ ਦੀ ਵੰਡ ਵਿਚ ਮੋਹਰੀ ਹੈ। ਉਸ ਨੇ ਕੇਂਦਰੀ ਮਾਲਵੇ ਦੇ 80 ਪ੍ਰਤੀਸ਼ਤ ਤੋਂ ਵੱਧ ਹਲਕਿਆਂ ਵਿਚ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ। ਕਾਂਗਰਸ ਪਾਰਟੀ ਕੇਂਦਰੀ ਮਾਲਵੇ ਜ਼ਿਲ੍ਹੇ ਵਿਚ ਹਾਲੇ ਤੱਕ ਇਕ ਵੀ ਉਮੀਦਵਾਰ ਦਾ ਐਲਾਨ ਨਹੀਂ ਕਰ ਸਕੀ, ਜਿਸ ਕਰ ਕੇ ਉਸ ਦੀ ਚੋਣ ਮੁਹਿੰਮ ਪ੍ਰਭਾਵਿਤ ਹੋ ਰਹੀ ਹੈ।
ਕਾਂਗਰਸ ਪਾਰਟੀ ਨੂੰ ਧੜੇਬੰਦੀ ਕਾਰਨ ਮੌੜ ਮੰਡੀ, ਮਾਨਸਾ, ਤਲਵੰਡੀ ਸਾਬੋ, ਬੁਢਲਾਡਾ, ਬਠਿੰਡਾ ਦਿਹਾਤੀ, ਬਠਿੰਡਾ ਸ਼ਹਿਰੀ, ਕੋਟਕਪੂਰਾ, ਫ਼ਰੀਦਕੋਟ, ਮੋਗਾ ਆਦਿ ਥਾਵਾਂ ਉਤੇ ਉਮੀਦਵਾਰ ਖੜ੍ਹੇ ਕਰਨ ਵਿਚ ਦਿੱਕਤਾਂ ਆ ਰਹੀਆਂ ਹਨ। ਬਠਿੰਡਾ ਸ਼ਹਿਰੀ ਸੀਟ ਤੋਂ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਵੱਲੋਂ ਸ਼ਰੇਆਮ ਪਾਰਟੀ ਵਰਕਰਾਂ ਦੀ ਮੀਟਿੰਗ ਕਰਕੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਾਂ ਸਾਬਕਾ ਮੰਤਰੀ ਸੁਰਿੰਦਰ ਸਿੰਗਲਾ ਨੂੰ ਟਿਕਟ ਦੇਣ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ, ਉਸ ਦੇ ਸਮਰਥਕ ਜਿਸ ‘ਚ ਸ਼ਹਿਰੀ ਪ੍ਰਧਾਨ ਬਠਿੰਡਾ ਮੋਹਨ ਲਾਲ ਝੁੰਬਾਂ ਵੀ ਸ਼ਾਮਲ ਹਨ, ਉਕਤ ਦੋਵਾਂ ਆਗੂਆਂ ਵਿਚ ਇਕ ਨੂੰ ਵੀ ਪਾਰਟੀ ਟਿਕਟ ਦਿੱਤੇ ਜਾਣ ਦੀ ਸੂਰਤ ਵਿਚ ਉਹ ਪਾਰਟੀ ਛੱਡਣ ਦੀ ਚਿਤਾਵਨੀ ਦੇ ਰਹੇ ਹਨ।
______________________________________________
ਕੈਪਟਨ ਨੇ ਨੌਜਵਾਨਾਂ ਲਈ ਲਾਈ ਵਾਅਦਿਆਂ ਦੀ ਝੜੀ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਕਾਂਗਰਸ ਦੇ ਸੱਤਾ ਵਿਚ ਆਉਣ ‘ਤੇ ਨੌਜਵਾਨਾਂ ਨੂੰ ਮੁਫਤ ਡਾਟਾਕਾਰਡ ਤੇ ਕਾਲਿੰਗ ਸਮੇਤ 50 ਲੱਖ ਸਮਾਰਟ ਫੋਨ ਦਿੱਤੇ ਜਾਣਗੇ। ਉਨ੍ਹਾਂ ਇਹ ਐਲਾਨ ਇਥੇ ਸੈਕਟਰ 42 ਵਿੱਚ ‘ਕੈਪਟਨ ਸਮਾਰਟ ਕੁਨੈਕਟ’ ਸਕੀਮ ਲਾਂਚ ਕਰਨ ਮੌਕੇ ਕੀਤਾ। ਉਨ੍ਹਾਂ ਵਾਅਦਾ ਕੀਤਾ ਕਿ ਇਸ ਸਕੀਮ ਤਹਿਤ ਖ਼ੁਦ ਨੂੰ ਰਜਿਸਟਰ ਕਰਨ ਵਾਲਿਆਂ ਨੂੰ ਕਾਂਗਰਸ ਸਰਕਾਰ ਬਣਨ ਉਤੇ 100 ਦਿਨਾਂ ਦੇ ਅੰਦਰ-ਅੰਦਰ ਸਮਾਰਟ ਫੋਨ ਦਿੱਤੇ ਜਾਣਗੇ। ਇਸ ਸਕੀਮ ਤਹਿਤ ਵੈੱਬਸਾਈਟ ਉਪਰ ਰਜਿਸਟਰੇਸ਼ਨ ਲਈ ਆਖਰੀ ਤਰੀਕ 30 ਨਵੰਬਰ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਸਕੀਮ ‘ਤੇ ਪਹਿਲੇ ਸਾਲ ਨਿਵੇਸ਼ ਤੋਂ ਬਾਅਦ ਹਰ ਸਾਲ 300-400 ਕਰੋੜ ਰੁਪਏ ਦਾ ਖਰਚਾ ਆਵੇਗਾ। ਉਨ੍ਹਾਂ ਦੀ ਸਰਕਾਰ ਬਣਨ ਪਿੱਛੋਂ ਯੂਥ ਵੈਲਫੇਅਰ ਪ੍ਰੋਗਰਾਮ ਤਹਿਤ ਸਕੀਮ ਨੂੰ ਫੰਡ ਦੇਣ ਵਾਸਤੇ ਸੂਬੇ ਦੇ ਬਜਟ ਵਿਚ ਵਿਵਸਥਾ ਕੀਤੀ ਜਾਵੇਗੀ।