ਜਲੰਧਰ: ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਭਾਜਪਾ ਬੂਥ ਵਰਕਰ ਸਮਾਗਮ ਦੌਰਾਨ ਲੋਕਾਂ ਨੂੰ ਉਮੀਦਵਾਰ ਦੇਖਣ ਦੀ ਬਜਾਏ ‘ਮੋਦੀ-ਬਾਦਲ ਦੀ ਵਿਕਾਸ ਜੋੜੀ’ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਭਾਜਪਾ ਪ੍ਰਧਾਨ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਏਕਤਾ ਦਾ ਪ੍ਰਤੀਕ ਦੱਸਦਿਆਂ ਪੰਚਾਇਤ ਤੋਂ ਲੈ ਕੇ ਸੰਸਦ ਤੱਕ ਐਨæਡੀæਏæ ਦੇ ਸ਼ਾਸਨ ਨੂੰ ਦੇਸ਼ ਦੀ ਲੋੜ ਦੱਸਿਆ। ਉਨ੍ਹਾਂ ਕਿਹਾ ਕਿ ਆਉਂਦੀਆਂ ਚੋਣਾਂ ‘ਚ ਅਕਾਲੀ ਦਲ-ਭਾਜਪਾ ਗੱਠਜੋੜ ਦਾ ਜਿੱਤਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਭਾਜਪਾ ਪੂਰੇ ਦੇਸ਼ ‘ਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਉਣ ਦੀ ਤਿਆਰੀ ਕਰ ਰਹੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਡਾæ ਅੰਬੇਦਕਰ ਦੀ ਸੋਚ ਨਾਲ ਦੇਸ਼ ਨੂੰ ਅੱਗੇ ਲੈ ਕੇ ਜਾ ਰਹੀ ਹੈ। ਨੋਟਬੰਦੀ ਦੇ ਫੈਸਲੇ ਨੂੰ ਸਹੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਵਿਚ ਕਾਲਾ ਧਨ ਖਤਮ ਕਰਨ ਦੀ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਮ ਲਾਲ ਨੇ ਆਪਣੇ ਸੰਬੋਧਨ ‘ਚ ਪਾਰਟੀ ਵਰਕਰਾਂ ਨੂੰ ‘ਬੂਥ ਜੀਤਾ, ਚੁਨਾਵ ਜੀਤਾ’ ਦਾ ਨਾਅਰਾ ਦਿੱਤਾ। ਉਨ੍ਹਾਂ ਨੇ ਵਰਕਰਾਂ ਨੂੰ ਕਿਹਾ ਕਿ ਸਾਰੇ ਵਰਕਰ ਆਪਣੇ ਬੂਥਾਂ ਦੀਆਂ ਵੋਟਰ ਲਿਸਟਾਂ ਦੀ ਘੋਖ ਕਰਨ ਅਤੇ ਆਪਣੇ ਸਮਰਥਕ ਵੋਟਰਾਂ ਦੀ ਪਛਾਣ ਕਰ ਕੇ ਚੋਣਾਂ ‘ਚ ਉਨ੍ਹਾਂ ਦੀ ਵੋਟ ਆਪਣੇ ਹੱਕ ਵਿਚ ਭੁਗਤਣੀ ਯਕੀਨੀ ਬਣਾਉਣ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਭਾਜਪਾ ਦਾ ਸਭ ਤੋਂ ਵਧੀਆ ਸਾਥੀ ਦੱਸਿਆ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਕੇਂਦਰ ਅਤੇ ਪੰਜਾਬ ‘ਚ ‘ਉਨ੍ਹਾਂ ਦੀ’ ਹੀ ਸਰਕਾਰ ਹੈ। ਇਸੇ ਕਾਰਨ ਕੇਂਦਰ ਵੱਲੋਂ ਪੰਜਾਬ ‘ਚ ਚਾਰ ਅਤੇ ਛੇ ਲੇਨ ਸੜਕਾਂ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਮਿਲ ਸਕੀ ਹੈ। ਸ੍ਰੀ ਬਾਦਲ ਨੇ ਨਰੇਂਦਰ ਮੋਦੀ ਨੂੰ ਦਲੇਰ ਪ੍ਰਧਾਨ ਮੰਤਰੀ ਕਰਾਰ ਦਿੱਤਾ। ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਵਰਕਰਾਂ ਨੂੰ ਚੋਣਾਂ ਜਿੱਤਣ ਲਈ ਡੱਟ ਕੇ ਮਿਹਨਤ ਕਰਨ ਦਾ ਸੱਦਾ ਦਿੱਤਾ। ਨੋਟਬੰਦੀ ਬਾਰੇ ਉਨ੍ਹਾਂ ਕਿਹਾ ਕਿ ਮੁਸ਼ਕਲਾਂ ਦੇ ਬਾਵਜੂਦ ਲੋਕ ਇਸ ਫ਼ੈਸਲੇ ਤੋਂ ਖੁਸ਼ ਹਨ।
ਭਾਜਪਾ ਦੇ ਸਮਾਗਮ ਦੌਰਾਨ ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਬੀਰ ਬਾਦਲ ਆਪਣੇ ਹੋਰ ਵਿਕਾਸ ਕਾਰਜਾਂ ਬਾਰੇ ਤਾਂ ਦੱਸਦੇ ਰਹੇ, ਪਰ ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਇਕ ਸ਼ਬਦ ਵੀ ਨਹੀਂ ਬੋਲੇ। ਸੁਖਬੀਰ ਤੋਂ ਇਲਾਵਾ ਭਾਜਪਾ ਦੇ ਵੀ ਕਿਸੇ ਆਗੂ ਨੇ ਇਸ ਬਾਰੇ ਗੱਲ ਨਹੀਂ ਕੀਤੀ। ਸ੍ਰੀ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ‘ਚ ਸਿਰਫ਼ 6-7 ਸੀਟਾਂ ਹੀ ਜਿੱਤ ਸਕੇਗੀ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਤਾਂ ਕਾਂਗਰਸ ਖ਼ੁਦ ਹੀ ਹਰਾ ਦੇਵੇਗੀ।
_______________________________________
ਸੁਖਬੀਰ ਬਾਦਲ ਵਿਰੁਧ ਚੋਣ ਲੜਨਗੇ ਭਗਵੰਤ ਮਾਨ
ਜਲਾਲਾਬਾਦ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਲਾਲਾਬਾਦ ਤੋਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਖਿਲਾਫ਼ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਉਮੀਦਵਾਰ ਐਲਾਨਦਿਆਂ ਕਿਹਾ ਕਿ ਜੇ ਸੁਖਬੀਰ ਕਿਸੇ ਹੋਰ ਹਲਕੇ ਤੋਂ ਚੋਣ ਲੜਨਗੇ ਤਾਂ ‘ਆਪ’ ਵੱਲੋਂ ਭਗਵੰਤ ਮਾਨ ਹੀ ਉਥੋਂ ਉਮੀਦਵਾਰ ਹੋਣਗੇ। ਉਨ੍ਹਾਂ ਦਿੱਲੀ ਸਰਕਾਰ ਵੱਲੋਂ ਕੀਤੇ ਕੰਮ ਵੀ ਗਿਣਾਏ। ਪੰਜਾਬ ਦੇ ਵਿਕਾਸ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਲਈ ਖਾਕਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਭ੍ਰਿਸ਼ਟਾਚਾਰ ਤੇ ਨਸ਼ਿਆਂ ਨੂੰ ਵੀ ਸਖ਼ਤੀ ਨਾਲ ਖਤਮ ਕਰਨ ਦਾ ਵਾਅਦਾ ਕੀਤਾ। ਕੈਪਟਨ ਤੇ ਬਾਦਲ ਦੇ ਰਿਸ਼ਤਿਆਂ ਦੀ ਗੱਲ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਆਪਸ ਵਿਚ ਰਲੇ ਹੋਏ ਹਨ, ਜਿਸ ਦੀ ਮਿਸਾਲ ਅਕਾਲੀ ਸਰਕਾਰ ਵੱਲੋਂ ਕੈਪਟਨ ਖਿਲਾਫ਼ ਚੱਲ ਰਹੇ ਕੇਸ ਵਾਪਸ ਲੈਣ ਅਤੇ ਕੈਪਟਨ ਵੱਲੋਂ ਨਸ਼ਿਆਂ ਦੇ ਮਾਮਲੇ ਵਿਚ ਮਜੀਠੀਆ ਦਾ ਪੱਖ ਪੂਰਨਾ ਹੈ। ਇਸ ਮੌਕੇ ਜਲਾਲਾਬਾਦ ਤੋਂ ਐਲਾਨੇ ਪਾਰਟੀ ਉਮੀਦਵਾਰ ਭਗਵੰਤ ਮਾਨ ਨੇ ਲੋਕਾਂ ਕੋਲੋਂ ਸਹਿਯੋਗ ਮੰਗਦਿਆਂ ਕਿਹਾ ਕਿ ਪਾਰਟੀ ਦਾ ਜੋ ਫੈਸਲਾ ਹੈ, ਉਹ ਉਨ੍ਹਾਂ ਨੂੰ ਪ੍ਰਵਾਨ ਹੈ। ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ਅਮੀਰਾਂ ਅਤੇ ਜ਼ਮੀਰਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਖਾਤਿਆਂ ਵਿਚ ਪੈਸੇ ਨਹੀਂ, ਪਰ ਲੋਕਾਂ ਦੇ ਪਿਆਰ ਤੇ ਸਹਿਯੋਗ ਨਾਲ ਅਕਾਲੀ ਸਰਕਾਰ ਨੂੰ ਪੰਜਾਬ ਵਿਚੋਂ ਚੱਲਦਾ ਕੀਤਾ ਜਾਵੇਗਾ।
________________________________________
ਸੁਖਬੀਰ ਵੱਲੋਂ ਕੇਜਰੀਵਾਲ ਨੂੰ ਜਲਾਲਾਬਾਦ ਤੋਂ ਸੱਦਾ
ਚੰਡੀਗੜ੍ਹ: ਆਪ ਦੇ ਆਗੂ ਭਗਵੰਤ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ਼ ਚੋਣ ਲੜਾਉਣ ਦੇ ਆਏ ਐਲਾਨ ਨੇ ਜਿਥੇ ਕਈ ਸਿਆਸੀ ਕਿਆਸਅਰਾਈਆਂ ਨੂੰ ਜਨਮ ਦਿੱਤਾ ਹੈ, ਉਥੇ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚੈਲੰਜ ਕੀਤਾ ਹੈ ਕਿ ਉਹ ਆਗਾਮੀ ਅਸੈਂਬਲੀ ਚੋਣਾਂ ‘ਚ ਜਲਾਲਾਬਾਦ ਹਲਕੇ ਤੋਂ ਉਸ ਖਿਲਾਫ਼ ਚੋਣ ਲੜਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ, ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ, ਪਰ ਇਥੋਂ ਚੋਣ ਲੜਨ ਤੋਂ ਭੱਜ ਰਿਹਾ ਹੈ। ਕੇਜਰੀਵਾਲ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਕਿਹਾ ਕਿ ਜੇ ਤੁਸੀਂ ਇਹ ਦੇਖਣਾ ਹੈ ਕਿ ਪੰਜਾਬ ‘ਚ ਤੁਸੀਂ ਕਿੰਨੇ ਕੁ ਹਰਮਨ-ਪਿਆਰੇ ਹੋ ਤਾਂ ਜਲਾਲਾਬਾਦ ਹਲਕੇ ਤੋਂ ਚੋਣ ਲੜੋ। ਭਗਵੰਤ ਮਾਨ ਨੂੰ ਉਮੀਦਵਾਰ ਐਲਾਨੇ ਜਾਣ ਬਾਰੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਹਰ ਵਿਅਕਤੀ ਇਹ ਜਾਣਦਾ ਹੈ ਕਿ ਭਗਵੰਤ ਮਾਨ ਨੂੰ ਸਿਆਸੀ ਤੌਰ ‘ਤੇ ਖ਼ਤਮ ਕਰਨ ਲਈ ਉਸ ਨੂੰ ਜਲਾਲਾਬਾਦ ਤੋਂ ਚੋਣ ਲੜਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਆਪਣਾ ਇਹ ਮਨਸੂਬਾ ਪਹਿਲਾਂ ਵੀ ਜ਼ਾਹਰ ਕਰ ਚੁੱਕੇ ਹਨ ਕਿਉਂਕਿ ਉਨ੍ਹਾਂ ਨੇ ਮਾਨ ਦੇ ਕਿਸੇ ਵੀ ਕਰੀਬੀ ਨੂੰ ਟਿਕਟ ਨਹੀਂ ਦਿੱਤੀ, ਇਸੇ ਤਹਿਤ ਹੁਣ ਚੋਣਾਂ ਰਾਹੀਂ ਮਾਨ ਨੂੰ ਲਾਂਭੇ ਕੀਤਾ ਜਾ ਰਿਹਾ ਹੈ, ਇਸੇ ਲਈ ਉਸ ਨੂੰ ਸੰਗਰੂਰ ਤੋਂ ਫਿਰੋਜ਼ਪੁਰ ਤਬਦੀਲ ਕੀਤਾ ਗਿਆ, ਜਿਥੇ ਉਸ ਨੂੰ ਲੋਕ ਜਾਣਦੇ ਹੀ ਨਹੀਂ।