ਮੋਦੀ ਸਰਕਾਰ ਲਈ ਵੰਗਾਰ ਬਣਿਆ ਨੋਟਬੰਦੀ ਵਾਲਾ ਫੈਸਲਾ

ਚੰਡੀਗੜ੍ਹ: ਦੇਸ਼ ਵਿਚ 500 ਤੇ 1000 ਰੁਪਏ ਦੇ ਨੋਟਾਂ ‘ਤੇ ਪਾਬੰਦੀ ਨਰੇਂਦਰ ਮੋਦੀ ਸਰਕਾਰ ਲਈ ਵੰਗਾਰ ਬਣ ਗਈ ਹੈ। ਸੰਸਦ ਦੇ ਅੰਦਰ-ਬਾਹਰ ਇਥੋਂ ਤੱਕ ਕਿ ਸੁਪਰੀਮ ਕੋਰਟ ਵਿਚ ਵੀ ਮੋਦੀ ਸਰਕਾਰ ਦੇ ਇਸ ਫੈਸਲੇ ਨੂੰ ਚੁਣੌਤੀਆਂ ਮਿਲ ਰਹੀਆਂ ਹਨ। ਮੋਦੀ ਸਰਕਾਰ ਨੇ ਭਾਵੇਂ ਇਸ ਕਦਮ ਨੂੰ ਕਾਲਾ ਧਨ ਬਾਹਰ ਕਢਵਾਉਣ ਦੇ ਇਰਾਦੇ ਨਾਲ ਚੁੱਕਿਆ ਕਿਹਾ ਹੈ, ਪਰ ਹਾਲ ਦੀ ਘੜੀ ਇਸ ਤੋਂ ਆਮ ਲੋਕ ਹੀ ਪੀੜਤ ਦਿਖਾਈ ਦੇ ਰਹੇ ਹਨ।

ਲਗਭਗ 20 ਕਰੋੜ ਆਮ ਭਾਰਤੀ ਆਪਣੇ ਜ਼ਰੂਰੀ ਕੰਮ-ਧੰਦੇ ਛੱਡ ਕੇ ਆਪਣੀ ਹੀ ਕਮਾਈ ਦੇ 2000 ਰੁਪਏ ਪ੍ਰਾਪਤ ਕਰਨ ਲਈ ਰੋਜ਼ਾਨਾ ਘੰਟਿਆਂ-ਬੱਧੀ ਲਾਈਨਾਂ ਵਿਚ ਖੜ੍ਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਦੀਆਂ ਲੋੜਾਂ ਅਤੇ ਪ੍ਰੇਸ਼ਾਨੀਆਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਦਵਾਈਆਂ ਤੇ ਇਲਾਜ ਲਈ ਪੈਸੇ ਦੀ ਤੋਟ ਦੇ ਨਾਲ-ਨਾਲ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀ ਕਾਰਨ ਮੁਲਕ ਵਿਚ ਚਾਰ ਦਰਜਨ ਤੋਂ ਵੱਧ ਵਿਅਕਤੀ ਦਮ ਤੋੜ ਗਏ ਹਨ। ਆਮ ਲੋਕ ਨਿੱਤ ਵਰਤੋਂ ਦੀਆਂ ਜ਼ਰੂਰੀ ਵਸਤਾਂ ਖਰੀਦਣ ਤੋਂ ਵੀ ਅਵਾਜ਼ਾਰ ਹਨ।
ਨਵੀਂ ਕਰੰਸੀ ਵੰਡਣ ਅਤੇ ਪੁਰਾਣੀ ਲੈਣ-ਦੇਣ ਦੇ ਮਾਮਲੇ ਵਿਚ ਸਹਿਕਾਰੀ ਬੈਂਕਾਂ ਨਾਲ ਕੀਤਾ ਜਾ ਰਿਹਾ ਦੂਜੈਲਾ ਵਿਹਾਰ ਕਿਸਾਨਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਅਰਥਚਾਰਾ ਬਹੁਤਾ ਇਨ੍ਹਾਂ ‘ਤੇ ਹੀ ਨਿਰਭਰ ਹੈ। ਵਿਆਹ-ਸ਼ਾਦੀਆਂ, ਸੈਰ-ਸਪਾਟਾ ਅਤੇ ਹੋਰ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ। ਨੋਟਬੰਦੀ ਦੇ ਐਲਾਨ ਸਮੇਂ ਪ੍ਰਧਾਨ ਮੰਤਰੀ ਵੱਲੋਂ ਕੁਝ ਦਿਨਾਂ ਵਿਚ ਹੀ ਸਥਿਤੀ ਆਮ ਵਰਗੀ ਹੋਣ ਦੇ ਕੀਤੇ ਦਾਅਵੇ ਹਵਾ ਹੋ ਗਏ ਹਨ। ਸਿਆਸੀ ਆਗੂਆਂ ਤੋਂ ਇਲਾਵਾ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਮਾਰਕੰਡੇ ਕਾਟਜੂ ਨੇ ਮੁਲਕ ਦੇ ਕਰੋੜਾਂ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਸਰਕਾਰ ਦੇ ਇਸ ਕਦਮ ਨੂੰ ਗਲਤ ਕਰਾਰ ਦਿੱਤਾ ਹੈ।
ਸਰਕਾਰ ਵੱਲੋਂ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਕੀਤੇ ਅਤੇ ਸੁਝਾਏ ਜਾ ਰਹੇ ਹੱਲ ਕਰੰਸੀ ਦੀ ਘਾਟ ਕਾਰਨ ਬੇਅਸਰ ਸਿੱਧ ਹੋ ਰਹੇ ਹਨ। ਨਵੀਂ ਕਰੰਸੀ ਏæਟੀæਐਮæ ਦੇ ਅਨੁਕੂਲ ਨਾ ਹੋਣ ਕਾਰਨ ਲੋਕ ਇਸ ਸਹੂਲਤ ਤੋਂ ਵੀ ਵਿਰਵੇ ਹੋ ਗਏ ਹਨ। ਸਰਵਰਾਂ ‘ਤੇ ਭਾਰ ਵਧਣ ਨਾਲ ਇਲੈਕਟ੍ਰੋਨਿਕ ਲੈਣ-ਦੇਣ ਵਿਚ ਵੀ ਰੁਕਾਵਟਾਂ ਆ ਰਹੀਆਂ ਹਨ। 2000 ਰੁਪਏ ਦਾ ਨਵਾਂ ਨੋਟ ਵੀ ਖੋਟਾ ਹੀ ਸਾਬਤ ਹੋ ਰਿਹਾ ਹੈ ਕਿਉਂਕਿ ਇਸ ਨਾਲ ਆਮ ਆਦਮੀ ਕੋਈ ਵੀ ਜ਼ਰੂਰੀ ਲੋੜੀਂਦੀ ਵਸਤੂ ਖਰੀਦ ਨਹੀਂ ਸਕਦਾ। ਮੌਜੂਦਾ ਪ੍ਰਸਥਿਤੀਆਂ ਤੋਂ ਜਾਪਦਾ ਹੈ ਕਿ ਆਮ ਲੋਕਾਂ ਨੂੰ ਇਸ ਸੰਕਟ ਤੋਂ ਕਈ ਮਹੀਨਿਆਂ ਤੱਕ ਰਾਹਤ ਮਿਲਣੀ ਸੰਭਵ ਨਹੀਂ। ਦੂਜੇ ਪਾਸੇ ਕਿਸੇ ਵੀ ਧਨ ਕੁਬੇਰ ਦੇ ਸਰਕਾਰ ਦੇ ਇਸ ਕਦਮ ਤੋਂ ਪ੍ਰੇਸ਼ਾਨ ਹੋਣ ਦੀ ਜਾਣਕਾਰੀ ਨਹੀਂ ਮਿਲੀ। ਭਾਜਪਾ ਆਗੂ ਜਨਾਰਦਨ ਰੈਡੀ ਨੇ ਹਾਲ ਹੀ ਵਿਚ ਬੇਟੀ ਦੀ ਸ਼ਾਦੀ ‘ਤੇ 600 ਕਰੋੜ ਤੋਂ ਵੱਧ ਧਨ ਖਰਚਿਆ ਹੈ, ਪਰ ਕਿਸੇ ਆਮਦਨ ਕਰ ਅਧਿਕਾਰੀ ਨੇ ਉਸ ਨੂੰ ਪੁੱਛਿਆ ਤੱਕ ਨਹੀਂ। ਉਧਰ ਸਰਕਾਰ ਨੇ ਮੁਲਕ ਦੇ 63 ਵੱਡੇ ਕਾਰੋਬਾਰੀ ਕਰਜ਼ਦਾਰਾਂ ਦੇ 10,673 ਕਰੋੜ ਰੁਪਏ ਦੇ ਕਰਜ਼ੇ ਵੱਟੇ-ਖਾਤੇ ਪਾ ਕੇ ਉਨ੍ਹਾਂ ਨੂੰ ਭਾਰੀ ਰਾਹਤ ਪ੍ਰਦਾਨ ਕਰ ਦਿੱਤੀ ਹੈ। ਜਾਪਦਾ ਹੈ ਕਿ ਸਰਕਾਰ ਦਾ ਨੋਟਬੰਦੀ ਵਾਲਾ ਕਦਮ ਭ੍ਰਿਸ਼ਟਾਚਾਰ ਰੋਕਣ ਅਤੇ ਕਾਲਾ ਧਨ ਖਤਮ ਕਰਨ ਲਈ ਨਹੀਂ ਸਗੋਂ ਧਨ ਕੁਬੇਰਾਂ ਦੇ ਕਰਜ਼ਿਆ ਦੀ ਮੁਆਫੀ ਨਾਲ ਪੈਦਾ ਹੋਏ ਪੂੰਜੀ ਦੇ ਖੱਪੇ ਨੂੰ ਪੂਰਾ ਕਰਨ ਲਈ ਚੁੱਕਿਆ ਹੈ।
__________________________________
ਪਹਿਲਾਂ ਨਹੀਂ ਕੀਤੇ ਢੁਕਵੇਂ ਪ੍ਰਬੰਧ: ਕੈਪਟਨ
ਡੇਰਾਬਸੀ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨੋਟਬੰਦੀ ਦੇ ਫੈਸਲੇ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਦੇਸ਼ ਦੀ 86 ਪ੍ਰਤੀਸ਼ਤ ਕਰੰਸੀ ਵਾਪਸ ਤਾਂ ਲੈ ਰਹੀ, ਪਰ ਇਸ ਲਈ ਬਦਲਵੇਂ ਪ੍ਰਬੰਧ ਨਹੀਂ ਕੀਤੇ ਗਏ ਹਨ। ਨਤੀਜੇ ਵਜੋਂ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ, ਜਿਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਾਲੇ ਧੰਨ ਖਿਲਾਫ ਆਉਣ ਵਾਲੇ ਹਰੇਕ ਫੈਸਲੇ ਦਾ ਸਵਾਗਤ ਕਰਦੀ ਹੈ, ਪਰ ਇਸ ਤੋਂ ਪਹਿਲਾਂ ਲੋਕਾਂ ਦੀ ਸਹੂਲਤ ਲਈ ਪ੍ਰਬੰਧ ਕੀਤੇ ਜਾਣੇ ਜ਼ਰੂਰੀ ਹਨ, ਜਿਸ ਵਿਚ ਮੋਦੀ ਸਰਕਾਰ ਪੂਰੀ ਤਰਾਂ ਫੇਲ੍ਹ ਹੋਈ ਹੈ।
______________________________
ਬਾਦਲ ਦੀ ਵਿੱਤ ਮੰਤਰੀ ਜੇਤਲੀ ਨੂੰ ਚਿੱਠੀ
ਚੰਡੀਗੜ੍ਹ: ਨੋਟਬੰਦੀ ਕਾਰਨ ਆਮ ਜਨਤਾ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ, ਪਰ ਵੱਡੀ ਮੁਸ਼ਕਲ ਕਿਸਾਨਾਂ ਲਈ ਬਣੀ ਹੋਈ ਹੈ। ਕਿਉਂਕਿ ਸਰਕਾਰ ਨੇ ਸਹਿਕਾਰੀ ਬੈਂਕਾਂ ‘ਚ ਪੁਰਾਣੇ 500 ਤੇ 1000 ਦੇ ਨੋਟ ਲੈਣ ਉਤੇ ਰੋਕ ਲਗਾ ਦਿੱਤੀ ਹੈ। ਇਨ੍ਹਾਂ ਬੈਂਕਾਂ ‘ਚ ਜ਼ਿਆਦਾਤਰ ਖਾਤੇ ਕਿਸਾਨਾਂ ਦੇ ਹੀ ਹਨ। ਅਜਿਹੇ ‘ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਨਿੱਜੀ ਦਖਲ ਦੇ ਕੇ ਸਹਿਕਾਰੀ ਬੈਂਕਾਂ ‘ਚ ਵੀ ਪੁਰਾਣੇ ਨੋਟ ਲਏ ਜਾਣ ਦੀ ਖੁੱਲ੍ਹ ਦੇਣ ਲਈ ਕਿਹਾ ਹੈ।ਬਾਦਲ ਨੇ ਇਕ ਪੱਤਰ ਲਿਖ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੂੰ ਬੈਂਕਿੰਗ ਰੈਗੂਲੇਸ਼ਨ ਐਕਟ 1949 ਤਹਿਤ ਪਰਿਭਾਸ਼ਤ ਬੈਂਕਾਂ ਦੀ ਤਰਜ਼ ਉਤੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਨੂੰ ਵੀ ਸਰਕਾਰੀ ਨੋਟਬੰਦੀ ਦੇ ਫੈਸਲੇ ਨਾਲ ਸਬੰਧਤ ਸਕੀਮ ਨੂੰ ਲਾਗੂ ਕਰਨ ਲਈ ਆਗਿਆ ਦੇਣ ਵਾਸਤੇ ਭਾਰਤੀ ਰਿਜ਼ਰਵ ਬੈਂਕ ਨੂੰ ਤੁਰਤ ਲੋੜੀਂਦੀਆਂ ਹਦਾਇਤਾਂ ਦੇਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਕਰਜ਼ਿਆਂ ਨੂੰ ਮੋੜਨ ਤੇ ਮੁੜ ਚੁੱਕਣ ਦੀ ਪ੍ਰਵਾਨਗੀ ਪਹਿਲਾਂ ਜਾਰੀ ਕੀਤੀਆਂ ਗਈਆਂ ਹਦਾਇਤਾਂ ‘ਤੇ ਹੀ ਆਧਾਰਤ ਹੋਵੇਗੀ। ਕੇਂਦਰੀ ਸਹਿਕਾਰੀ ਬੈਂਕਾਂ ਦੀਆਂ ਬਹੁਤੀਆਂ ਸ਼ਾਖਾਵਾਂ ਉਨ੍ਹਾਂ ਖੇਤਰਾਂ ਵਿਚ ਕੰਮ ਕਰ ਰਹੀਆਂ ਹਨ ਜਿਨ੍ਹਾਂ ਵਿਚ ਕੋਈ ਹੋਰ ਨਿੱਜੀ ਜਾਂ ਜਨਤਕ ਖੇਤਰ ਦੇ ਬੈਂਕ ਦੀ ਸ਼ਾਖਾ ਮੌਜੂਦਾ ਨਹੀਂ ਹੈ।
__________________________________
ਨੋਟਬੰਦੀ ਦੀ ਮਾਰ: ਸ਼੍ਰੋਮਣੀ ਕਮੇਟੀ ਦੀ ਆਮਦਨ 80%ਘਟੀ
ਅੰਮ੍ਰਿਤਸਰ: ਦੇਸ਼ ਵਿਚ ਨੋਟਬੰਦੀ ਦੇ ਚਲਦਿਆਂ ਹੋਰਨਾਂ ਧਰਮਾਂ ਦੇ ਧਾਰਮਿਕ ਸਥਾਨਾਂ ਵਿਚ ਦਾਨ ਦੀ ਰਕਮ ਆਮ ਨਾਲੋਂ ਵੱਧ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਪਰ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ 500 ਤੇ 1000 ਦੇ ਪੁਰਾਣੇ ਨੋਟ ਨਾ ਲੈਣ ਕਰ ਕੇ ਗੁਰਦੁਆਰਿਆਂ ਦੀਆਂ ਗੋਲਕਾਂ, ਸ੍ਰੀ ਅਖੰਡ ਪਾਠ ਸਾਹਿਬ ਦੀ ਬੁਕਿੰਗ ਕਰਵਾਉਣ, ਲੰਗਰ, ਬਿਲਡਿੰਗ, ਸਰਾਵਾਂ ਅਤੇ ਕੜਾਹ ਪ੍ਰਸ਼ਾਦ ਦੀ ਭੇਟਾ ‘ਚ ਵੱਡੀ ਕਮੀ ਆਈ ਹੈ।
ਪੁਰਾਣੇ ਨੋਟਾਂ ਉਤੇ ਰੋਕ ਲਗਾਏ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਤੇ ਸੀæਏæ ਵੱਲੋਂ ਅਖੰਡ ਪਾਠ ਦੀ ਬੁਕਿੰਗ, ਲੰਗਰ ਲਈ ਨਗਦ ਰਾਸ਼ੀ ਪ੍ਰਾਪਤ ਕਰਨ ਤੇ ਸਰਾਵਾਂ ਦੇ ਕਮਰਿਆਂ ਦੇ ਕਿਰਾਏ ਤੋਂ ਇਲਾਵਾ ਭੇਟਾ ਦੇ ਰੂਪ ‘ਚ ਪ੍ਰਾਪਤ ਹੋਣ ਰਾਸ਼ੀ ਪੁਰਾਣੇ 500 ਅਤੇ 1000 ਦੇ ਨੋਟਾਂ ਦੇ ਰੂਪ ਵਿਚ ਲੈਣ ਉਤੇ ਰੋਕ ਲਗਾ ਦਿੱਤੀ ਹੈ। ਜਿਸ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਦੀ ਆਮਦਨ 80 ਫੀਸਦੀ ਘੱਟ ਕੇ ਸਿਰਫ 20 ਫੀਸਦੀ ਹੀ ਰਹਿ ਗਈ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਵੱਖ-ਵੱਖ ਗੁਰਧਾਮਾਂ ‘ਚ ਅਖੰਡ ਪਾਠ ਕਰਵਾਉਣ ਲਈ ਬੁਕਿੰਗ ਸਿਰਫ 10 ਫੀਸਦੀ ਹੀ ਰਹਿ ਗਈ ਹੈ।
ਇਸ ਤੋਂ ਇਲਾਵਾ ਲੰਗਰ ‘ਚ ਸੁੱਕੀ ਰਸਦ ਤਾਂ ਆਮ ਵਾਂਗ ਹੀ ਆ ਰਹੀ ਹੈ, ਪਰ ਨਗਦ ਰਾਸ਼ੀ ਦੇ ਰੂਪ ‘ਚ ਸ਼ਰਧਾਲੂਆਂ ਵੱਲੋਂ ਦਿੱਤੀ ਜਾ ਰਹੀ ਰਾਸ਼ੀ 100 ਦੇ ਜਾਂ ਇਸ ਤੋਂ ਛੋਟੇ ਨੋਟਾਂ ਅਤੇ 2000 ਦੇ ਨਵੇਂ ਨੋਟਾਂ ਦੇ ਰੂਪ ‘ਚ ਤਾਂ ਸਵੀਕਾਰ ਕੀਤੀ ਜਾਂਦੀ ਹੈ, ਪਰ ਪੁਰਾਣੇ 500 ਅਤੇ 1000 ਦੇ ਨੋਟ ਸਵੀਕਾਰ ਨਹੀਂ ਕੀਤੇ ਜਾ ਰਹੇ।
ਸ਼੍ਰੋਮਣੀ ਕਮੇਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਤਰ੍ਹਾਂ ਹਰ ਰੋਜ਼ ਉਨ੍ਹਾਂ ਨੂੰ ਲੱਖਾਂ ਰੁਪਏ ਦੀ ਦਾਨ ਰਾਸ਼ੀ ਮੋੜਨੀ ਪੈ ਰਹੀ ਹੈ। ਮੈਨੇਜਰ ਸ੍ਰੀ ਦਰਬਾਰ ਸਾਹਿਬ ਸੁੱਲਖਣ ਸਿੰਘ ਭੰਗਾਲੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਸਾਰੇ ਗੁਰਦੁਆਰਿਆਂ ‘ਚ ਗੋਲਕਾਂ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਦਾਨ ਰਾਸ਼ੀ ਪੁਰਾਣੇ 500 ਅਤੇ 1000 ਦੇ ਰੂਪ ‘ਚ ਸਵੀਕਾਰ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਹ ਰਾਸ਼ੀ 2000 ਦੇ ਨਵੇ ਨੋਟਾਂ ਜਾਂ ਪੁਰਾਣੇ 100 ਜਾਂ ਇਸ ਤੋਂ ਹੇਠਲੇ ਨੋਟਾਂ ਦੇ ਰੂਪ ‘ਚ ਹੀ ਸਵੀਕਾਰ ਕੀਤੀ ਜਾਂਦੀ ਹੈ।