ਸਰਬੱਤ ਖਾਲਸਾ: ਪੰਥਕ ਧਿਰਾਂ ਹਾਕਮਾਂ ਨਾਲ ਆਢਾ ਲਾਉਣ ਦੇ ਰੌਂਅ ‘ਚ

ਬਠਿੰਡਾ: ਪੰਥਕ ਧਿਰਾਂ ਹੁਣ ਸਰਬੱਤ ਖਾਲਸਾ ਦੇ ਮਾਮਲੇ ਉਤੇ ਹਾਕਮ ਧਿਰ ਨਾਲ ਟੱਕਰ ਲੈਣ ਦੇ ਰੌਂਅ ਵਿਚ ਹਨ। ਪੰਥਕ ਆਗੂਆਂ ਨੇ ਅੱਠ ਦਸੰਬਰ ਦੇ ਸਰਬੱਤ ਖਾਲਸਾ ਲਈ ਪ੍ਰਸ਼ਾਸਨ ਤੋਂ ਕੋਈ ਪ੍ਰਵਾਨਗੀ ਨਾ ਲੈਣ ਦਾ ਫੈਸਲਾ ਕੀਤਾ ਹੈ। ਉਧਰ, ਗਠਜੋੜ ਸਰਕਾਰ ਵੀ ਮੋਗਾ ਰੈਲੀ ਦੀ ਸਫਲਤਾ ਲਈ ਸਰਬੱਤ ਖਾਲਸਾ ਦੇ ਫੈਸਲੇ ਨੂੰ ਸੌਖੇ ਹਜ਼ਮ ਕਰਨ ਦੇ ਰੌਂਅ ਵਿਚ ਨਹੀਂ ਹੈ।

ਪੰਥਕ ਧਿਰਾਂ ਅਤੇ ਮੁਤਵਾਜ਼ੀ ਜਥੇਦਾਰਾਂ ਨੇ ਅੱਠ ਦਸੰਬਰ ਦੇ ਸਰਬੱਤ ਖਾਲਸਾ ਦੀ ਤਿਆਰੀ ਲਈ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਹੈ। ਤਕਰੀਬਨ 42 ਏਕੜ ਜਗ੍ਹਾ ਵਿਚ ਸਰਬੱਤ ਖਾਲਸਾ ਹੋਵੇਗਾ ਅਤੇ ਉਸ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਮੋਗਾ ਵਿਚ ‘ਪਾਣੀ ਬਚਾਓ, ਪੰਜਾਬ ਬਚਾਓ’ ਰੈਲੀ ਕਰੇਗਾ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਨੂੰ ਅਗਾਊਂ ਹੀ ਗ੍ਰਿਫ਼ਤਾਰ ਕਰ ਸਕਦੀ ਹੈ ਤੇ ਪ੍ਰਬੰਧਕਾਂ ਨੂੰ ਵੀ ਇਸ ਦਾ ਖਦਸ਼ਾ ਹੈ। ਪ੍ਰਬੰਧਕਾਂ ਨੇ ਪ੍ਰਣ ਕੀਤਾ ਹੈ ਕਿ ਉਹ ਦਮਦਮਾ ਸਾਹਿਬ ਵਿਚ ਹਰ ਹੀਲੇ ਸਰਬੱਤ ਖਾਲਸਾ ਕਰਨਗੇ। ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਸੀ ਕਿ ਐਤਕੀਂ ਸਰਕਾਰ ਸਰਬੱਤ ਖਾਲਸਾ ਰੋਕਣ ਲਈ ਕੁਝ ਵੀ ਕਰੇ, ਪਰ ਸਰਬੱਤ ਖਾਲਸਾ ਮੁਲਤਵੀ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਆਖਿਆ ਕਿ ਸਰਕਾਰ ਨਾਜਾਇਜ਼ ਹੀ ਧਾਰਮਿਕ ਸਮਾਗਮ ਵਿਚ ਰੁਕਾਵਟ ਪਾ ਰਹੀ ਹੈ। ਸਰਬੱਤ ਖਾਲਸਾ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਚੱਲ ਪਈਆਂ ਹਨ ਅਤੇ ਬਾਦਲ ਪਰਿਵਾਰ ਦੇ ਸਿਆਸੀ ਬਾਈਕਾਟ ਦੇ ਅਮਲ ਲਈ ਜ਼ਮੀਨੀ ਪੱਧਰ ‘ਤੇ ਮੁਹਿੰਮ ਚੱਲੇਗੀ ਤੇ ਉਹ ਕਾਨੂੰਨੀ ਲੜਾਈ ਵੀ ਲੜਨਗੇ। ਇਸ ਦੌਰਾਨ ਬਠਿੰਡਾ ਜ਼ੋਨ ਦੇ ਆਈæਜੀæ ਐਸ਼ਕੇæਅਸਥਾਨਾ ਦਾ ਕਹਿਣਾ ਸੀ ਕਿ ਅਮਨ-ਸ਼ਾਂਤੀ ਕਿਸੇ ਵੀ ਕੀਮਤ ‘ਤੇ ਭੰਗ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸਰਬੱਤ ਖ਼ਾਲਸਾ ਲਈ ਪ੍ਰਵਾਨਗੀ ਦਾ ਫੈਸਲਾ ਡਿਪਟੀ ਕਮਿਸ਼ਨਰ ਵੱਲੋਂ ਲਿਆ ਜਾਣਾ ਹੈ।
ਉਧਰ, ਪੰਜ ਪਿਆਰੇ ਤੇ ਉਨ੍ਹਾਂ ਨਾਲ ਸਬੰਧਤ ਧਿਰਾਂ ਦੇ ਇਸ ਸਮਾਗਮ ਤੋਂ ਦੂਰ ਰਹਿਣ ਦੀ ਸੰਭਾਵਨਾ ਹੈ। ਪੰਜ ਪਿਆਰਿਆਂ ਤੇ ਉਨ੍ਹਾਂ ਨਾਲ ਸਬੰਧਤ ਧਿਰਾਂ ਨੇ ਆਖਿਆ ਕਿ ਸਰਬੱਤ ਖਾਲਸਾ ਸੱਦਣ ਬਾਰੇ ਉਨ੍ਹਾਂ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ ਅਤੇ ਨਾ ਇਸ ਬਾਰੇ ਕੋਈ ਜਾਣਕਾਰੀ ਹੈ। ਪੰਜ ਪਿਆਰਿਆਂ ਵਿਚ ਸ਼ਾਮਲ ਭਾਈ ਸਤਨਾਮ ਸਿੰਘ ਖੰਡਾ ਨੇ ਆਖਿਆ ਕਿ ਉਨ੍ਹਾਂ ਨੂੰ ਸਰਬੱਤ ਖਾਲਸਾ 8 ਦਸੰਬਰ ਨੂੰ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਦਿੱਤੀ ਗਈ ਹੈ।
ਪ੍ਰਬੰਧਕਾਂ ਨੂੰ ਇਸ ਐਲਾਨ ਤੋਂ ਪਹਿਲਾਂ ਸਾਰੀਆਂ ਧਿਰਾਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਸੀ। ਉਨ੍ਹਾਂ ਆਖਿਆ ਕਿ ਜਦੋਂ ਇਸ ਸਬੰਧੀ ਭਰੋਸੇ ਵਿਚ ਹੀ ਨਹੀਂ ਲਿਆ ਤਾਂ ਫਿਰ ਉਹ ਕਿਵੇਂ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਸਬੰਧੀ ਕੋਈ ਠੋਸ ਫੈਸਲਾ ਨਹੀਂ ਕੀਤਾ ਹੈ ਤੇ ਛੇਤੀ ਹੀ ਵਿਧੀ ਵਿਧਾਨ ਤਿਆਰ ਕਰਨ ਵਾਲੀ ਕਮੇਟੀ ਨਾਲ ਮੀਟਿੰਗ ਕਰਨਗੇ ਤੇ ਵਿਧੀ ਵਿਧਾਨ ਤਿਆਰ ਹੋਣ ਦਾ ਜਾਇਜ਼ਾ ਲੈਣਗੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਜਰਨੈਲ ਸਿੰਘ ਸਖੀਰਾ ਨੇ ਆਖਿਆ ਕਿ 8 ਦਸੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਰਬੱਤ ਖਾਲਸਾ ਸਮਾਗਮ ਹੋਵੇਗਾ। ਉਨ੍ਹਾਂ ਆਖਿਆ ਕਿ ਪਹਿਲਾਂ ਸਰਕਾਰ ਨੇ ਜਬਰੀ ਇਸ ਸਮਾਗਮ ਨੂੰ ਮੁਲਤਵੀ ਕਰਾ ਦਿੱਤਾ ਸੀ। ਇਕ ਮਹੀਨੇ ਬਾਅਦ ਹੀ ਮੁੜ ਸਰਬੱਤ ਖਾਲਸਾ ਸੱਦ ਕੇ ਪ੍ਰਬੰਧਕਾਂ ਨੇ ਸਰਕਾਰੀ ਜਬਰ ਨੂੰ ਵੰਗਾਰਿਆ ਹੈ।
____________________________________
ਸਰਬੱਤ ਖਾਲਸਾ ਮੌਕੇ ਗ੍ਰਿਫਤਾਰੀਆਂ ਬਾਰੇ ਪਟੀਸ਼ਨ ਦਾ ਨਿਬੇੜਾ
ਚੰਡੀਗੜ੍ਹ: 10 ਨਵੰਬਰ, 2016 ਨੂੰ ਸਰਬੱਤ ਖਾਲਸਾ ਕਰਵਾਉਣ ਦੇ ਮਾਮਲੇ ਵਿਚ ਪੁਲਿਸ ਵੱਲੋਂ ਨਾਜਾਇਜ਼ ਤਰੀਕੇ ਨਾਲ ਲੀਡਰਾਂ ਨੂੰ ਹਿਰਾਸਤ ‘ਚ ਰੱਖਣ ਤੇ ਉਨ੍ਹਾਂ ਦੇ ਜ਼ਮਾਨਤੀ ਬਾਂਡ ਨਾ ਮੰਨਣ ਖਿਲਾਫ ਦਾਇਰ ਪਟੀਸ਼ਨ ਉਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਸੀ। ਇਸ ‘ਤੇ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਇਸ ਮਾਮਲੇ ‘ਚ ਸਾਵਧਾਨੀ ਵਜੋਂ ਸੂਬੇ ਦੇ ਵੱਖ-ਵੱਖ ਥਾਣਿਆਂ ਵਿਚ 134 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਪੁੱਛਗਿੱਛ ਕਰ ਕੇ ਛੱਡ ਦਿੱਤਾ ਗਿਆ ਹੈ। ਜਵਾਬ ‘ਤੇ ਸੰਤੁਸ਼ਟੀ ਜਤਾਉਂਦੇ ਹੋਏ ਜੱਜ ਜਤਿੰਦਰ ਚੌਹਾਨ ਨੇ ਇਸ ਪਟੀਸ਼ਨ ਦਾ ਨਿਬੇੜਾ ਕਰ ਦਿੱਤਾ ਹੈ। ਐਡਵੋਕੇਟ ਸਿਮਰਨਜੀਤ ਸਿੰਘ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕਰ ਕੇ ਦੱਸਿਆ ਸੀ ਕਿ ਉਨ੍ਹਾਂ ਨੇ ਇਹ ਪਟੀਸ਼ਨ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਆਦੇਸ਼ ‘ਤੇ ਦਾਖਲ ਕੀਤੀ ਸੀ। ਦਾਖਲ ਪਟੀਸ਼ਨ ‘ਚ ਉਨ੍ਹਾਂ ਨੇ ਇਸ ਤਰ੍ਹਾਂ ਦੇ 46 ਲੋਕਾਂ ਦੀ ਸੂਚੀ ਹਾਈ ਕੋਰਟ ਨੂੰ ਸੌਂਪੀ ਸੀ ਜਿਨ੍ਹਾਂ ਨੂੰ ਪੁਲਿਸ ਨੇ ਵੱਖ-ਵੱਖ ਜੇਲ੍ਹਾਂ ‘ਚ ਹਿਰਾਸਤ ਵਿਚ ਰੱਖਿਆ ਸੀ।
____________________________________
ਅਕਾਲੀ ਦਲ ਦੀ ਰੈਲੀ ਦੇ ਬਾਈਕਾਟ ਕਰਨ ਦਾ ਸੱਦਾ
ਚੰਡੀਗੜ੍ਹ: ਮੁਤਵਾਜ਼ੀ ਜਥੇਦਾਰਾਂ ਨੇ ਸਿੱਖ ਕੌਮ ਨੂੰ ਸੱਦਾ ਦਿੱਤਾ ਕਿ ਉਹ 8 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਰੈਲੀ ਦਾ ਬਾਈਕਾਟ ਕਰ ਕੇ ਸਰਬੱਤ ਖ਼ਾਲਸਾ ਵਿਚ ਪੁੱਜਣ। ਪੰਥਕ ਆਗੂਆਂ ਨੇ ਆਖਿਆ ਕਿ ਬਾਦਲ ਪਰਿਵਾਰ ਦੇ ਸਿਆਸੀ ਬਾਈਕਾਟ ਦਾ ਉਨ੍ਹਾਂ ਪਹਿਲਾਂ ਹੀ ਸੱਦਾ ਦਿੱਤਾ ਹੋਇਆ ਹੈ। ਮੁਤਵਾਜ਼ੀ ਜਥੇਦਾਰਾਂ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਵਰਜਦਿਆਂ ਕਿਹਾ ਹੈ ਕਿ ਉਹ ਸਰਬੱਤ ਖ਼ਾਲਸਾ ਵਿਚ ਵਿਘਨ ਪਾਉਣ ਲਈ ਉਪ ਮੁੱਖ ਮੰਤਰੀ ਦੇ ਕਿਸੇ ਵੀ ਗ਼ੈਰਕਾਨੂੰਨੀ ਹੁਕਮ ਨੂੰ ਨਾ ਮੰਨਣ।