ਪੁਖਰਾਈਆਂ (ਯੂæਪੀæ): ਕਾਨਪੁਰ ਦਿਹਾਤੀ ਇਲਾਕੇ ਵਿਚ ਵਾਪਰੇ ਭਿਆਨਕ ਰੇਲ ਹਾਦਸੇ ਵਿਚ 146 ਮੁਸਾਫਰ ਮਾਰੇ ਗਏ ਜਦੋਂ ਕਿ 200 ਤੋਂ ਵੱਧ ਜਖਮੀ ਹੋ ਗਏ। ਪਟਨਾ ਜਾ ਰਹੀ ਇੰਦੌਰ-ਪਟਨਾ ਐਕਸਪ੍ਰੈਸ ਦੇ 14 ਡੱਬੇ ਲੀਹੋਂ ਲੱਥ ਗਏ ਜਿਨ੍ਹਾਂ ‘ਚੋਂ ਚਾਰ ਸਲੀਪਰ ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ। ਇਨ੍ਹਾਂ ਚਾਰ ਡੱਬਿਆਂ ਵਿਚੋਂ ਐਸ1 ਅਤੇ ਐਸ2 ਡੱਬੇ ਇਕ-ਦੂਜੇ ‘ਤੇ ਚੜ੍ਹ ਗਏ ਅਤੇ ਜ਼ਿਆਦਾਤਰ ਮੌਤਾਂ ਇਨ੍ਹਾਂ ਡੱਬਿਆਂ ‘ਚ ਹੋਈਆਂ ਹਨ। ਇਨ੍ਹਾਂ ਡੱਬਿਆਂ ‘ਚ ਲੋਕ ਜ਼ੋਰਦਾਰ ਝਟਕਾ ਲੱਗਣ ਅਤੇ ਹਨੇਰਾ ਹੋਣ ਕਾਰਨ ਇਕ-ਦੂਜੇ ਉਪਰ ਡਿੱਗ ਪਏ ਅਤੇ ਡੱਬਿਆਂ ਅੰਦਰ ਹੀ ਫਸ ਗਏ।
ਹਾਦਸੇ ਮਗਰੋਂ ਰੇਲ ਰਾਜ ਮੰਤਰੀ ਮਨੋਜ ਸਿਨਹਾ ਮੌਕੇ ‘ਤੇ ਪਹੁੰਚ ਗਏ ਜਿਨ੍ਹਾਂ ਖ਼ਦਸ਼ਾ ਜਤਾਇਆ ਕਿ ਪਟੜੀ ਟੁੱਟੀ ਹੋਣ ਕਾਰਨ ਡੱਬੇ ਲੀਹੋਂ ਲੱਥੇ। ਉਨ੍ਹਾਂ ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦਿੱਤੇ ਅਤੇ ਚਿਤਾਵਨੀ ਦਿੱਤੀ ਕਿ ਜਿਹੜਾ ਵੀ ਕੋਤਾਹੀ ਲਈ ਜ਼ਿੰਮੇਵਾਰ ਪਾਇਆ ਗਿਆ, ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਰੇਲਵੇ ਬੋਰਡ ਦੇ ਮੈਂਬਰ (ਇੰਜੀਨੀਅਰਿੰਗ) ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨਗੇ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਹਾਦਸੇ ਤੋਂ ਬਾਅਦ ਚਾਰ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਜਦਕਿ 14 ਦੇ ਰੂਟ ਬਦਲ ਦਿੱਤੇ ਗਏ।
ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਈ ਡੱਬੇ ਤਾਂ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਮਰਨ ਵਾਲਿਆਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਰੇਲ ਮੰਤਰੀ ਵੱਲੋਂ ਉਚਿਤ ਮੁਆਵਜ਼ੇ ਅਤੇ ਰਾਹਤ ਦੇਣ ਦਾ ਐਲਾਨ ਕਰਨ ਦੇ ਨਾਲ ਨਾਲ ਹਾਦਸੇ ਦੇ ਕਾਰਨਾਂ ਦੀ ਉਚ ਪੱਧਰੀ ਜਾਂਚ ਕਰਵਾਉਣ ਦੇ ਆਦੇਸ਼ ਵੀ ਦਿੱਤੇ ਹਨ। ਪ੍ਰਧਾਨ ਮੰਤਰੀ ਤੋਂ ਇਲਾਵਾ ਉਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸਰਕਾਰ ਨੇ ਵੀ ਹਾਦਸਾ ਪੀੜਤਾਂ ਨੂੰ ਰਾਹਤ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ।
ਇਸ ਹਾਦਸੇ ਦੇ ਕਾਰਨਾਂ ਦਾ ਸਹੀ ਪਤਾ ਤਾਂ ਭਾਵੇਂ ਰਿਪੋਰਟ ਆਉਣ ‘ਤੇ ਹੀ ਲੱਗੇਗਾ, ਪਰ ਰੇਲ ਮੰਤਰਾਲੇ ਅਨੁਸਾਰ ਫ਼ਿਲਹਾਲ ਇਹ ਨੁਕਸਦਾਰ ਰੇਲਵੇ ਟਰੈਕ ਜਾਂ ਰੇਲ ਗੱਡੀ ਦੀ ਅੰਦਰੂਨੀ ਟੁੱਟ-ਭੱਜ ਨਾਲ ਵਾਪਰਿਆ ਮੰਿਨਆ ਜਾ ਰਿਹਾ ਹੈ ਜਦੋਂਕਿ ਹੁਣ ਤੱਕ ਹੁੰਦੇ ਰਹੇ ਹਾਦਸਿਆਂ ਮੌਕੇ ਅਕਸਰ ਹੀ ਇਲਜ਼ਾਮ ਡਰਾਈਵਰ ਜਾਂ ਰੇਲਵੇ ਟਰੈਕ ਦੇ ਨਿਗਰਾਨ ਸਟਾਫ ਸਿਰ ਲਗਦਾ ਰਿਹਾ ਹੈ। ਰੇਲ ਪਟੜੀਆਂ ਨੁਕਸਦਾਰ ਹੋਣ ਕਾਰਨ ਪਹਿਲਾਂ ਵੀ ਕਈ ਰੇਲ ਹਾਦਸੇ ਵਾਪਰੇ ਹਨ। ਕੁਝ ਸਾਲ ਪਹਿਲਾਂ ਹੋਈ ਇਕ ਦੁਰਘਟਨਾ ਦੀ ਜਾਂਚ ਰਿਪੋਰਟ ਵਿਚ ਵੀ ਰੇਲ ਟਰੈਕਾਂ ਦੀ ਮਾੜੀ ਹਾਲਤ ਸਬੰਧੀ ਸੰਕੇਤ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਇਸ ਪਾਸੇ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ। ਇਹੀ ਕਾਰਨ ਹੈ ਕਿ ਰੇਲ ਦੁਰਘਟਨਾਵਾਂ ਨੂੰ ਠੱਲ੍ਹ ਨਹੀਂ ਪੈ ਰਹੀ।
ਪਿਛਲੇ ਕਈ ਦਹਾਕਿਆਂ ਤੋਂ ਕੇਂਦਰ ਦੀਆਂ ਗੱਠਜੋੜ ਸਰਕਾਰਾਂ ਵਿਚ ਭਾਈਵਾਲ ਪਾਰਟੀਆਂ ਦੇ ਰੇਲ ਮੰਤਰੀਆਂ ਵੱਲੋਂ ਰੇਲ ਬਜਟ ਪੇਸ਼ ਕਰਨ ਵੇਲੇ ਸਸਤੀ ਸ਼ੁਹਰਤ ਅਤੇ ਆਪੋ-ਆਪਣੇ ਸੂਬਿਆਂ ਨੂੰ ਤਰਜੀਹ ਦੇਣ ਦੀ ਲਾਲਸਾ ਨੇ ਮੁਸਾਫਰਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਅਣਗੌਲਿਆ ਕਰ ਦਿੱਤਾ ਹੈ। ਰੇਲ ਮੰਤਰੀਆਂ ਵੱਲੋਂ ਨਵੀਆਂ ਰੇਲ ਗੱਡੀਆਂ ਚਲਾਉਣ, ਉਨ੍ਹਾਂ ਦੇ ਗੇੜੇ ਵਧਾਉਣ ਅਤੇ ਰੇਲਵੇ ਦੇ ਵਿਸਥਾਰ ਦੇ ਐਲਾਨ ਤਾਂ ਕੀਤੇ ਜਾਂਦੇ ਹਨ, ਪਰ ਰੇਲਵੇ ਦੀ ਆਮਦਨ ਵਧਾਉਣ ਲਈ ਜ਼ਰੂਰੀ ਕਦਮ ਪੁੱਟਣ ਵਿਚ ਸੰਕੋਚ ਵਰਤਣ ਦੇ ਨਾਲ-ਨਾਲ ਕਿਰਾਇਆ ਵਧਾਉਣ ਤੋਂ ਵੀ ਪਾਸਾ ਵੱਟਿਆ ਜਾਂਦਾ ਰਿਹਾ ਹੈ।
ਸਿੱਟੇ ਵਜੋਂ ਰੇਲਵੇ ਟਰੈਕਾਂ ਦੀ ਮਜ਼ਬੂਤੀ, ਨਵੀਨੀਕਰਨ ਅਤੇ ਸੁਰੱਖਿਆ ਪ੍ਰਬੰਧਾਂ ਵੱਲ ਖ਼ਾਸ ਧਿਆਨ ਨਹੀਂ ਦਿੱਤਾ ਗਿਆ। ਮੁਸਾਫਰ ਸੁਵਿਧਾਵਾਂ ਅਤੇ ਸੁਰੱਖਿਆ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਜਾਂਦਾ ਰਿਹਾ ਹੈ। ਮੋਦੀ ਸਰਕਾਰ ਨੇ ਰੇਲਵੇ ਮੰਤਰਾਲੇ ਅਤੇ ਇਸ ਦੀ ਕਾਰਗੁਜ਼ਾਰੀ ਵਿਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਦੇ ਦਾਅਵੇ ਕੀਤੇ ਸਨ, ਪਰ ਇਹ ਵੀ ਬੁਲੇਟ ਟਰੇਨ ਸਮੇਤ ਤੇਜ਼ ਰਫਤਾਰ ਗੱਡੀਆਂ ਚਲਾਉਣ ਦੀ ਸਸਤੀ ਸ਼ੁਹਰਤ ਦੇ ਰਾਹ ਪੈ ਗਈ ਅਤੇ ਮੁਸਾਫਰਾਂ ਦੀ ਸੁਰੱਖਿਆ ਨੂੰ ਅਣਗੌਲਿਆ ਕਰ ਦਿੱਤਾ ਗਿਆ ਹੈ। ਪਿਛਲੇ ਦੋ ਰੇਲ ਬਜਟਾਂ ਵਿਚ ਰੇਲ ਮੰਤਰੀ ਪ੍ਰਭੂ ਨੇ ਮੁਸਾਫਰ ਸੁਰੱਖਿਆ ਯਕੀਨੀ ਬਣਾਉਣ ਲਈ ਜੋ ਦਾਅਵੇ ਕੀਤੇ ਸਨ, ਉਹ ਹਾਲੇ ਤੱਕ ਅਮਲੀ ਰੂਪ ਵਿਚ ਸਾਹਮਣੇ ਆਏ ਨਹੀਂ ਦਿਸਦੇ।