ਵੱਡੇ ਨੋਟ ਬੰਦ ਕਰਨ ਦੀ ਖੇਡ ਅਤੇ ਰਾਮ ਜੇਠਮਲਾਨੀ

-ਜਤਿੰਦਰ ਪਨੂੰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੇਸ਼ ਦੇ ਲੋਕਾਂ ਨੂੰ ਜਦੋਂ ਕੁਝ ਭਰੋਸਾ ਦੇਵੇ ਤਾਂ ਕੀਲ ਕੇ ਰਖ ਦਿੰਦਾ ਹੈ, ਪਰ ਅਮਲ ਵਿਚ ਗੱਲ ਉਹ ਨਹੀਂ ਹੁੰਦੀ, ਜਿਹੜੀ ਲੋਕਾਂ ਨੂੰ ਬਣਦੀ ਦੱਸੀ ਜਾਂਦੀ ਹੈ। ਉਸ ਨੇ ਜਦੋਂ ਕਿਹਾ ਕਿ ਵਿਦੇਸ਼ਾਂ ਵਿਚ ਪਿਆ ਕਾਲਾ ਧਨ ਵਾਪਸ ਲਿਆਂਦਾ ਜਾਵੇਗਾ ਅਤੇ ਹਰ ਨਾਗਰਿਕ ਦੇ ਖਾਤੇ ਵਿਚ ਤਿੰਨ-ਤਿੰਨ ਲੱਖ ਰੁਪਏ ਪਾ ਦੇਣੇ ਹਨ ਤਾਂ ਲੋਕਾਂ ਨੇ ਭਰੋਸਾ ਕਰ ਲਿਆ ਸੀ। ਲੋਕ ਸੋਚਦੇ ਸਨ ਕਿ ਕਮਾਲ ਦਾ ਆਦਮੀ ਹੈ ਜੋ ਸਰਕਾਰ ਸੰਭਾਲਣ ਤੋਂ ਪਹਿਲਾਂ ਹੀ ਅੰਕੜੇ ਵੀ ਪਤਾ ਕਰੀ ਬੈਠਾ ਹੈ ਕਿ ਕਾਲਾ ਧਨ ਕੁੱਲ ਕਿੰਨਾਂ ਹੈ ਤੇ ਕਿਸ-ਕਿਸ ਦੇ ਖਾਤੇ ਵਿਚ ਕਿੰਨਾ-ਕਿੰਨਾ ਪਾਉਣਾ ਹੈ,

ਪਰ ਬਾਅਦ ਵਿਚ ਆਪ ਹੀ ਪਾਰਲੀਮੈਂਟ ਵਿਚ ਇਹ ਵੀ ਮੰਨ ਲਿਆ ਕਿ ਭਾਰਤ ਦਾ ਕਿਸੇ ਦੇਸ਼ ਵਿਚ ਕਿੰਨਾਂ ਧਨ ਪਿਆ ਹੈ, ਇਸ ਦਾ ਪਤਾ ਨਹੀਂ। ਆਰਾਮ ਨਾਲ ਲੋਕਾਂ ਨੂੰ ਕਹਿ ਦਿੱਤਾ ਕਿ ਉਹ ਇੱਕ ਚੋਣ ਜੁਮਲਾ ਸੀ, ਉਸ ਨੂੰ ਭੁਲਾ ਦਿਓ। ਫਿਰ ਉਹ ਕੁਝ ਹੋਰ ਜੁਮਲੇ ਛੱਡਣ ਲੱਗ ਪਿਆ।
ਹੁਣ ਉਸ ਨੇ ਲੰਘੀ 8 ਨਵੰਬਰ ਨੂੰ ਇੱਕ ਸ਼ੋਸ਼ਾ ਛੱਡ ਦਿੱਤਾ ਕਿ ਵੱਡੇ ਕਰੰਸੀ ਨੋਟ ਇਸ ਲਈ ਬੰਦ ਕਰਨੇ ਹਨ ਕਿ ਜਿਨ੍ਹਾਂ ਕੋਲ ਕਾਲਾ ਧਨ ਹੈ, ਉਹ ਵੱਡੇ ਨੋਟਾਂ ਵਿਚ ਰੱਖਦੇ ਹਨ। ਨਾਲ ਇਹ ਕਹਿ ਦਿੱਤਾ ਕਿ ਹੁਣ ਪੰਜ ਸੌ ਦਾ ਨਵਾਂ ਨੋਟ ਤੇ ਇੱਕ ਹਜ਼ਾਰ ਦੇ ਨੋਟ ਦੀ ਥਾਂ ਦੋ ਹਜ਼ਾਰ ਦੇ ਨੋਟ ਚਲਾਵਾਂਗੇ। ਜਿਨ੍ਹਾਂ ਚੋਰਾਂ ਨੇ ਇੱਕ ਹਜ਼ਾਰ ਦੇ ਨੋਟਾਂ ਵਿਚ ਕਾਲਾ ਧਨ ਰੱਖਿਆ ਹੋਇਆ ਸੀ, ਉਨ੍ਹਾਂ ਨੂੰ ਦੋ ਹਜ਼ਾਰ ਦੇ ਨੋਟ ਨਾਲ ਅੜਿੱਕਾ ਨਹੀਂ ਪੈਣਾ, ਸਗੋਂ ਅੱਗੋਂ ਲਈ ਕਾਲਾ ਧਨ ਰੱਖਣ ਦੀ ਸੌਖ ਹੋ ਜਾਵੇਗੀ। ਪਹਿਲਾਂ ਇੱਕ ਕਰੋੜ ਦਾ ਕਾਲਾ ਧਨ ਸਾਂਭਣ ਲਈ ਇੱਕ ਲੱਖ ਦੀਆਂ ਸੌ ਗੱਠੀਆਂ ਲੁਕਾਉਣੀਆਂ ਪੈਂਦੀਆਂ ਹਨ, ਹੁਣ ਪੰਜਾਹ ਗੱਠੀਆਂ ਲੁਕਾਉਣ ਨਾਲ ਕੰਮ ਸਰ ਜਾਉ। ਮਤਲਬ ਇੱਕ ਕਰੋੜ ਵਾਲੇ ਪੁਰਾਣੇ ਬਕਸੇ ਵਿਚ ਹੁਣ ਦੋ ਕਰੋੜ ਰੁਪਏ ਕਾਲਾ ਧਨ ਰੱਖਿਆ ਜਾ ਸਕੇਗਾ। ਬੈਂਕ ਦੇ ਲਾਕਰਾਂ ਵਿਚ ਵੀ ਪਹਿਲਾਂ ਨਾਲੋਂ ਦੁੱਗਣੇ ਨੋਟ ਲੁਕਾਏ ਜਾ ਸਕਣਗੇ।
ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਉਹ ਕਾਲੇ ਧਨ ਵਾਲੇ ਲੋਕਾਂ ਨੂੰ ਟਿਕਣ ਨਹੀਂ ਦੇਣਗੇ, ਪਰ ਉਨ੍ਹਾਂ ਦਾ ਇਹ ਐਲਾਨ ਆਮ ਆਦਮੀ ਲਈ ਮੁਸੀਬਤਾਂ ਲੈ ਕੇ ਆਇਆ। ਹਰ ਕੰਮ ਰੁਕਿਆ ਪਿਆ ਹੈ। ਜਿਨ੍ਹਾਂ ਨੇ ਧੀ ਦੇ ਵਿਆਹ ਲਈ ਪੈਲੇਸ ਬੁੱਕ ਕਰਵਾਇਆ ਸੀ, ਵਿਆਹ ਦਾ ਹੋਰ ਸਾਮਾਨ ਵੀ ਲੈਣਾ ਸੀ, ਸਭ ਥਾਂ ਨਵੇਂ ਨੋਟ ਜਾਂ ਪਹਿਲੇ ਛੋਟੇ ਨੋਟ ਮੰਗੇ ਜਾਣ ਕਾਰਨ ਕੁੜਿੱਤਣ ਫੈਲ ਰਹੀ ਹੈ। ਕਿਸੇ ਕਾਰੋਬਾਰ ਦੇ ਸਿਲਸਿਲੇ ਵਿਚ ਜਾਂ ਕਿਸੇ ਤੀਰਥ ਯਾਤਰਾ ਲਈ ਜਿਹੜੇ ਲੋਕ ਕਿਤੇ ਗਏ ਸਨ, ਰਾਹ ਵਿਚ ਉਨ੍ਹਾਂ ਕੋਲੋਂ ਸੌ ਅਤੇ ਇਸ ਤੋਂ ਛੋਟੇ ਨੋਟ ਮੁੱਕ ਜਾਣ ਪਿੱਛੋਂ ਰੇਲ ਦਾ ਸਫਰ ਕਰਦਿਆਂ ਆਪਣੇ ਲਈ ਜਾਂ ਆਪਣੇ ਬੱਚਿਆਂ ਲਈ ਖਾਣਾ ਖਰੀਦਣ ਜੋਗੇ ਪੈਸੇ ਨਹੀਂ ਬਚੇ ਅਤੇ ਪੰਜ ਸੌ ਦਾ ਨੋਟ ਕੋਈ ਲੈਂਦਾ ਨਹੀਂ। ਹਸਪਤਾਲਾਂ ਵਿਚ ਕਈ ਥਾਂ ਕਿਸੇ ਮਰੀਜ਼ ਦਾ ਇਲਾਜ ਕਰਨ ਲਈ ਜਾਂ ਮੌਤ ਹੋ ਜਾਣ ਪਿਛੋਂ ਲਾਸ਼ ਚੁੱਕਣ ਵੇਲੇ ਨਵੇਂ ਨੋਟ ਲਈ ਅੜਿੱਕਾ ਪੈ ਗਿਆ ਅਤੇ ਆਮ ਲੋਕਾਂ ਨੂੰ ਆਪੋ ਵਿਚ ਉਗਰਾਹੀ ਕਰ ਕੇ ਪੀੜਤ ਪਰਿਵਾਰ ਦੀ ਮਦਦ ਕਰਨੀ ਪਈ। ਬੈਂਕਾਂ ਦੇ ਬਾਹਰ ਲੱਗੀਆਂ ਲਾਈਨਾਂ ਨੂੰ ਪ੍ਰਧਾਨ ਮੰਤਰੀ ਨੇ ਇੱਕ ਭਾਸ਼ਣ ਦੌਰਾਨ ਕਾਲੇ ਧਨ ਵਾਲੇ ਲੋਕਾਂ ਦੀ ਭੀੜ ਵੀ ਕਹਿ ਦਿੱਤਾ। ਕਿਸੇ ਬੈਂਕ ਅੱਗੇ ਕੋਈ ਵੱਡਾ ਪੂੰਜੀਪਤੀ ਪੈਸੇ ਲੈਣ ਨੂੰ ਖੜਾ ਦਿਖਾਈ ਨਹੀਂ ਦਿੱਤਾ, ਆਮ ਲੋਕਾਂ ਦੀ ਹੀ ਭੀੜ ਸੀ। ਪਾਰਲੀਮੈਂਟ ਮੈਂਬਰ ਵੀ ਉਥੇ ਨਹੀਂ ਸੀ ਗਏ। ਉਨ੍ਹਾਂ ਦੇ ਕਰਿੰਦੇ ਆ ਕੇ ਏਨਾ ਕੰਮ ਕਰ ਗਏ ਹੋਣਗੇ ਤੇ ਉਨ੍ਹਾਂ ਦੇ ਆਪਣੇ ਖਾਤੇ ਵਿਚ ਐਂਟਰੀ ਵੀ ਨਹੀਂ ਹੋਈ ਹੋਵੇਗੀ।
ਦੋ ਵਿਸ਼ੇਸ਼ ਹਸਤੀਆਂ ਦੀ ਇਸ ਦੌਰਾਨ ਲਾਈਨ ਵਿਚ ਲੱਗਣ ਦੀ ਫੋਟੋ ਲੋਕਾਂ ਨੇ ਵੇਖੀ ਹੈ। ਇੱਕ ਤਾਂ ਰਾਹੁਲ ਗਾਂਧੀ ਨੇ ਦਿੱਲੀ ਤੇ ਮੁੰਬਈ ਵਿਚ ਏ ਟੀ ਐਮ ਮਸ਼ੀਨ ਵਿਚੋਂ ਪੈਸੇ ਕਢਵਾਉਣ ਦੇ ਬਹਾਨੇ ਲੋਕਾਂ ਦੀ ਭੀੜ ਵਿਚ ਪਹੁੰਚ ਕੇ ਸਰਕਾਰ ਦੀ ਭੰਡੀ ਕੀਤੀ ਹੈ। ਭਾਜਪਾ ਦੇ ਬੁਲਾਰੇ ਟਿੱਪਣੀ ਕਰਦੇ ਸੁਣੇ ਗਏ ਕਿ ਅੱਗੇ ਕਦੇ ਰਾਹੁਲ ਗਾਂਧੀ ਏ ਟੀ ਐਮ ਮਸ਼ੀਨ ਤੱਕ ਜਾਂਦਾ ਨਹੀਂ ਦਿੱਸਿਆ, ਹੁਣ ਸਿਰਫ ਰਾਜਨੀਤੀ ਕਰਨ ਗਿਆ ਹੈ, ਤਾਂ ਕਿ ਲੋਕਾਂ ਨੂੰ ਵਰਗਲਾਇਆ ਜਾ ਸਕੇ। ਦੂਜੀ ਵਿਸ਼ੇਸ਼ ਹਸਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾ ਬੇਨ ਕਿਸੇ ਬੈਂਕ ਦੇ ਦਰਵਾਜ਼ੇ ਉਤੇ ਪੁਰਾਣੇ ਨੋਟ ਬਦਲਾਉਣ ਲਈ ਗਈ ਸੀ। ਸਿਰਫ ਚਾਰ ਹਜ਼ਾਰ ਰੁਪਏ ਦੇ ਪੁਰਾਣੇ ਨੋਟ ਬਦਲਣ ਲਈ ਪ੍ਰਧਾਨ ਮੰਤਰੀ ਦੀ ਮਾਤਾ ਨੂੰ ਬੈਂਕ ਜਾਣ ਦੀ ਲੋੜ ਨਹੀਂ ਸੀ, ਪਹਿਲਾਂ ਵੀ ਕਦੇ ਨਹੀਂ ਸੀ ਗਈ। ਉਮਰ ਦੇ ਇਸ ਪੜਾਅ ‘ਤੇ ਉਸ ਦਾ ਬੈਂਕ ਜਾਣਾ ਵੀ ਰਾਹੁਲ ਗਾਂਧੀ ਦੀ ਜਨ ਸੰਪਰਕ ਮੁਹਿੰਮ ਵਾਂਗ ਹੀ ਹੈ। ਇਨੀ ਸਸਤੇ ਪੱਧਰ ਦੀ ਮਸ਼ਹੂਰੀ ਖੱਟਣ ਲਈ ਉਸ ਪ੍ਰਧਾਨ ਮੰਤਰੀ ਮੋਦੀ ਦੀ ਮਾਤਾ ਇਸ ਮੌਕੇ ਖੁਦ ਚੱਲ ਕੇ ਬੈਂਕ ਗਈ, ਜਿਹੜਾ ਕਹਿੰਦਾ ਹੈ ਕਿ ਉਸ ਨੇ ਦੇਸ਼ ਦੀ ਸੇਵਾ ਕਰਨ ਲਈ ਆਪਣਾ ਪਰਿਵਾਰ ਛੱਡ ਦਿੱਤਾ ਹੈ ਤਾਂ ਸਿਰਫ ਚਾਰ ਹਜ਼ਾਰ ਰੁਪਏ ਦੇ ਨੋਟ ਬਦਲਣ ਲਈ ਪ੍ਰਧਾਨ ਮੰਤਰੀ ਦੀ ਮਾਤਾ ਦਾ ਬੈਂਕ ਜਾਣਾ ਮੀਡੀਏ ਵਿਚ ਇਸ ਤਰ੍ਹਾਂ ਪੇਸ਼ ਕਰਨ ਦੀ ਕੀ ਲੋੜ ਸੀ? ਆਮ ਲੋਕਾਂ ਨੂੰ ਸਮਝ ਨਹੀਂ ਆਈ।
ਰਹੀ ਗੱਲ ਨੋਟ ਬੰਦ ਕਰਨ ਅਤੇ ਇਸ ਨਾਲ ਕਾਲਾ ਧਨ ਕਢਵਾ ਲੈਣ ਦੀ, ਇਹ ਤਮਾਸ਼ਾ ਪਹਿਲਾਂ ਵੀ ਹੋ ਚੁੱਕਾ ਹੈ। ਦੂਸਰੀ ਸੰਸਾਰ ਜੰਗ ਤੋਂ ਬਾਅਦ ਜਦੋਂ ਵੇਖਿਆ ਕਿ ਦੇਸ਼ ਆਜ਼ਾਦ ਹੋਣ ਲੱਗਾ ਹੈ ਤਾਂ ਜਿਹੜੇ ਵੱਡੇ ਭਾਰਤੀ ਸੇਠ ਰਾਤੋ-ਰਾਤ ਖੁੱਲ੍ਹ ਕੇ ਆਜ਼ਾਦੀ ਲਹਿਰ ਦੇ ਪੱਖ ਵਿਚ ਖੜੇ ਹੋਣ ਲੱਗ ਪਏ ਅਤੇ ਅੰਗਰੇਜ਼ਾਂ ਦਾ ਖਾਧਾ ਨਮਕ ਭੁੱਲਣ ਲੱਗੇ ਸਨ, ਬਰਤਾਨਵੀ ਹਾਕਮਾਂ ਨੇ ਵੀ ਉਨ੍ਹਾਂ ਨੂੰ ਝਟਕਾ ਦਿੱਤਾ ਸੀ। ਆਜ਼ਾਦੀ ਦੇਣ ਤੋਂ ਡੇਢ ਸਾਲ ਪਹਿਲਾਂ ਉਨ੍ਹਾਂ ਨੇ ਇੱਕ ਹਜ਼ਾਰ ਅਤੇ ਦਸ ਹਜ਼ਾਰ ਰੁਪਏ ਦੇ ਨੋਟ ਬੰਦ ਕਰ ਦਿੱਤੇ ਸਨ। ਇਹ ਉਨ੍ਹਾਂ ਲੋਕਾਂ ਲਈ ਵੱਡਾ ਝਟਕਾ ਸੀ, ਜਿਨ੍ਹਾਂ ਨੇ ਸੰਸਾਰ ਜੰਗ ਦੌਰਾਨ ਅੰਗਰੇਜ਼ਾਂ ਦੀ ਕਿਰਪਾ ਨਾਲ ਜੰਗੀ ਠੇਕੇ ਲਏ ਤੇ ਮੋਟਾ ਮਾਲ ਕਮਾਇਆ ਸੀ। ਮੁੱਢਲੇ ਸਾਲਾਂ ਵਿਚ ਪੰਡਿਤ ਨਹਿਰੂ ਨੂੰ ਬੜਾ ਇਮਾਨਦਾਰ ਕਿਹਾ ਜਾਂਦਾ ਸੀ। ਉਸ ਨੇ ਆਪਣੇ ਰਾਜ ਦੇ ਸੱਤਵੇਂ ਸਾਲ ਵਿਚ ਅੰਗਰੇਜ਼ਾਂ ਦੇ ਬੰਦ ਕੀਤੇ ਦੋਵੇਂ ਵੱਡੇ ਨੋਟਾਂ ਵਿਚਾਲੇ ਇੱਕ ਪੰਜ ਹਜ਼ਾਰ ਵਾਲਾ ਨੋਟ ਚਲਾ ਦਿੱਤਾ ਸੀ। ਕਾਲਾ ਧਨ ਸਾਂਭਣ ਦਾ ਵਸੀਲਾ ਦੱਸੇ ਜਾਂਦੇ ਇਹ ਤਿੰਨੇ ਨੋਟ ਫਿਰ ਮੋਰਾਰਜੀ ਦੇਸਾਈ ਦੇ ਰਾਜ ਦੌਰਾਨ ਬੰਦ ਕੀਤੇ ਗਏ, ਪਰ ਸੱਤ ਸਾਲ ਪਿੱਛੋਂ ਰਾਜੀਵ ਗਾਂਧੀ ਨੇ ਫਿਰ ਪੰਜ ਸੌ ਦਾ ਨੋਟ ਚਾਲੂ ਕਰ ਦਿੱਤਾ ਤੇ ਤੇਰਾਂ ਸਾਲ ਬਾਅਦ ਭਾਜਪਾ ਦੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਇੱਕ ਹਜ਼ਾਰ ਦਾ ਨੋਟ ਬਾਜ਼ਾਰ ਵਿਚ ਆ ਗਿਆ। ਹੁਣ ਆ ਕੇ ਨਰਿੰਦਰ ਮੋਦੀ ਨੇ ਰਾਜੀਵ ਗਾਂਧੀ ਤੇ ਵਾਜਪਾਈ-ਦੋਵਾਂ ਦੀ ਚਲਾਈ ਕਰੰਸੀ ਬੰਦ ਕਰ ਕੇ ਜਦੋਂ ਕਿਹਾ ਹੈ ਕਿ ਇਹ ਨੋਟ ਸਿਰਫ ਕਾਲਾ ਧਨ ਜਮਾਂ ਕਰਨ ਦੇ ਕੰਮ ਆਉਂਦੇ ਹਨ ਤਾਂ ਇਸ ਦਾ ਇਹ ਵੀ ਮਤਲਬ ਹੈ ਕਿ ਚੋਰਾਂ ਨੂੰ ਕਾਲਾ ਧਨ ਜੋੜਨ ਦਾ ਮੌਕਾ ਰਾਜੀਵ ਗਾਂਧੀ ਤੇ ਅਟਲ ਬਿਹਾਰੀ ਵਾਜਪਾਈ, ਦੋਵਾਂ ਨੇ ਦਿੱਤਾ ਸੀ।
ਸਵਾਲ ਹੈ ਕਿ ਕੀ ਹੁਣ ਵਾਲੀ ਸਰਕਾਰ ਵਿਚ ਉਨ੍ਹਾਂ ਚੋਰਾਂ ਨਾਲ ਸਾਂਝ ਰੱਖਣ ਵਾਲਾ ਕੋਈ ਨਹੀਂ ਰਹਿ ਗਿਆ? ਭਾਜਪਾ ਦਾ ਚਿਰਾਂ ਦਾ ਸਾਥੀ, ਕਈ ਵਾਰੀ ਰਾਜ ਸਭਾ ਵਿਚ ਇਸ ਪਾਰਟੀ ਦੀ ਪ੍ਰਤੀਨਿਧਤਾ ਕਰ ਚੁੱਕਾ ਤੇ ਕੇਂਦਰ ਦਾ ਕਾਨੂੰਨ ਮੰਤਰੀ ਰਹਿ ਚੁੱਕਾ ਸੀਨੀਅਰ ਵਕੀਲ ਰਾਮ ਜੇਠਮਲਾਨੀ ਕਹਿੰਦਾ ਹੈ ਕਿ ਇਹ ਕਦਮ ਚੋਰਾਂ ਦੇ ਪਰਦੇ ਢੱਕਣ ਲਈ ਹੀ ਚੁੱਕਿਆ ਗਿਆ ਹੈ। ਇਹ ਵੱਡੇ ਚੋਰ ਕੌਣ ਹਨ? ਉਨ੍ਹਾਂ ਵਿਚੋਂ ਕਿੰਨੇ ਲੋਕਾਂ ਨੂੰ ਮੋਦੀ ਰਾਜ ਵਿਚ ਹੱਥ ਪਾਇਆ ਗਿਆ, ਇਹ ਖਬਰ ਕਦੇ ਸੁਣੀ ਨਹੀਂ ਗਈ। ਪ੍ਰਧਾਨ ਮੰਤਰੀ ਕਹਿ ਰਿਹਾ ਹੈ ਕਿ ਸਰਕਾਰ ਦੇ ਵੱਡੇ ਅਫਸਰ ਤੇ ਆਗੂ ਦਿੱਲੀ ਵਿਚ ਰਹਿੰਦੇ ਹਨ ਤੇ ਗੋਆ ਆਦਿ ਵਿਚ ਕਿਸੇ ਹੋਰ ਦੇ ਨਾਂ ਹੇਠ ਬੰਗਲਿਆਂ ਤੇ ਹੋਟਲਾਂ ਦੇ ਮਾਲਕ ਹਨ। ਇਹ ਗੱਲ ਜਦੋਂ ਪਤਾ ਹੈ ਤਾਂ ਉਨ੍ਹਾਂ ਵਿਰੁਧ ਕਾਰਵਾਈ ਹੋਣੀ ਚਾਹੀਦੀ ਹੈ।
26 ਮਈ 2014 ਨੂੰ ਸਹੁੰ ਚੁੱਕ ਕੇ ਦੇਸ਼ ਦੀ ਕਮਾਨ ਸੰਭਾਲਣ ਵਾਲੀ ਨਰਿੰਦਰ ਮੋਦੀ ਸਰਕਾਰ ਇਸ ਛੱਬੀ ਨਵੰਬਰ ਨੂੰ ਆਪਣੀ ਅੱਧੀ ਮਿਆਦ ਲੰਘਾ ਲਵੇਗੀ, ਪਰ ਉਨ੍ਹਾਂ ਬੇਨਾਮੀ ਜਾਇਦਾਦਾਂ ਵਾਲੇ ਅਫਸਰਾਂ ਅਤੇ ਆਗੂਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਜਦੋਂ ਕਰਨ ਲੱਗਣਗੇ ਤਾਂ ਪਹਿਲਾਂ ਆਪਣੇ ਨੇੜਲੇ ਫਸਣ ਦਾ ਡਰ ਹੈ।
ਲੰਘੇ ਸ਼ੁੱਕਰਵਾਰ ਮਹਾਰਾਸ਼ਟਰ ਵਿਚ ਭਾਜਪਾ ਸਰਕਾਰ ਦੇ ਕੋਆਪਰੇਟਿਵ ਮਹਿਕਮੇ ਦੇ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਦੀ ਕਾਰ ਵਿਚੋਂ 92 ਲੱਖ ਰੁਪਏ ਫੜੇ ਜਾਣ ਦੀ ਖਬਰ ਆਈ ਹੈ। ਦੋ ਦਿਨ ਪਹਿਲਾਂ ਚੰਡੀਗੜ੍ਹੋਂ ਆਉਂਦੀ ਇੱਕ ਕਾਰ ਨੂੰ ਪੁਲਿਸ ਨੇ ਰੋਕਿਆ ਤਾਂ ਉਸ ਵਿਚੋਂ ਕਾਫੀ ਮੋਟੀ ਰਕਮ ਦੇ ਪੁਰਾਣੇ ਨੋਟ ਮਿਲੇ ਅਤੇ ਉਸ ਕਾਰ ਦੇ ਸਵਾਰਾਂ ਨੇ ਕਿਹਾ ਕਿ ਉਹ ਹੁਸ਼ਿਆਰਪੁਰ ਦੇ ਕਿਸੇ ਵੱਡੇ ਭਾਜਪਾ ਨੇਤਾ ਤੋਂ ਇਹ ਨੋਟ ਬਦਲਵਾਉਣ ਜਾ ਰਹੇ ਸਨ। ਇਸ ਪਿੱਛੋਂ ਕੀ ਹੋਇਆ, ਇਹ ਗੱਲ ਕੋਈ ਨਹੀਂ ਜਾਣ ਸਕਿਆ। ਇਸ ਤਰ੍ਹਾਂ ਦੇ ਅਣਗਿਣਤ ਕਿੱਸੇ ਮਿਲ ਸਕਦੇ ਹਨ।
ਭਾਰਤ ਦੀ ਰਾਜਨੀਤੀ ਵਿੱਚ ਦੁੱਧ-ਧੋਤਾ ਕੋਈ ਆਗੂ ਲੱਭਣਾ ਔਖਾ ਹੈ। ਇੱਕ ਗੱਲ ਕਈ ਵਾਰੀ ਚੇਤੇ ਆ ਜਾਂਦੀ ਹੈ ਕਿ ਦਿੱਲੀ ਤੋਂ ਇੱਕ ਨੇਤਾ ਨੇ ਜਦੋਂ ਅੰਮ੍ਰਿਤਸਰ ਤੋਂ ਪਾਰਲੀਮੈਂਟ ਚੋਣ ਲੜਨੀ ਸੀ, ਉਸ ਨੂੰ ਹਵਾਈ ਅੱਡੇ ਤੋਂ ਸਿੱਧਾ ਇੱਕ ਸਿਆਸੀ ਮੀਟਿੰਗ ਵਿਚ ਲਿਜਾਇਆ ਗਿਆ ਸੀ ਅਤੇ ਉਸ ਦੇ ਸਾਮਾਨ ਵਿਚ ਇੱਕ ਵੱਡਾ ਬੈਗ ਸੀ। ਬੈਠਕ ਮੁੱਕਣ ਤੱਕ ਉਹ ਬੈਗ ਗੁੰਮ ਹੋ ਗਿਆ ਤੇ ਫਿਰ ਲੱਭਾ ਹੀ ਨਹੀਂ। ਮਾਮਲਾ ਕਾਫੀ ਮੋਟੇ ਮਾਲ ਦਾ ਦੱਸਿਆ ਗਿਆ ਸੀ। ਇਸ ਬਾਰੇ ਅਖਬਾਰਾਂ ਵਿਚ ਕੁਝ ਖਬਰਾਂ ਆਈਆਂ ਤੇ ਫਿਰ ਚੁੱਪ ਛਾ ਗਈ। ਦੋ ਭਾਈਵਾਲ ਪਾਰਟੀਆਂ ਦੇ ਆਗੂ ਇੱਕ ਦੂਸਰੇ ਵੱਲ ਇਸ਼ਾਰੇ ਕਰਦੇ ਰਹੇ ਸਨ। ਉਸ ਬੈਗ ਬਾਰੇ ਅੱਜ ਤੱਕ ਪਤਾ ਨਹੀਂ ਲੱਗ ਸਕਿਆ।
ਸ਼ਾਇਦ ਰਾਮ ਜੇਠਮਲਾਨੀ ਠੀਕ ਆਖਦਾ ਹੈ ਕਿ ਵੱਡੇ ਨੋਟ ਬੰਦ ਕਰ ਕੇ ਉਸ ਨਾਲੋਂ ਵੱਡੇ ਨੋਟ ਚਾਲੂ ਕਰਨ ਦੇ ਨਾਲ ਇਹ ਕਹਿਣਾ ਕਿ ਕਾਲੇ ਧਨ ਉਤੇ ਚੋਟ ਕੀਤੀ ਹੈ, ਇਸ ਤੋਂ ਵੱਡਾ ਮਜ਼ਾਕ ਕੋਈ ਨਹੀਂ ਹੋ ਸਕਦਾ।