ਸਿਰ-ਸਿਹਰਾ

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਨ੍ਹਾਂ ਸਰੀਰ ਦੇ ਵੱਖ ਵੱਖ ਅੰਗਾਂ ਦਾ ਨਾਦ ਪੇਸ਼ ਕੀਤਾ ਹੈ। ਉਹ ਨੈਣਾਂ, ਮੂੰਹ, ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕਰ ਚੁਕੇ ਹਨ; ਹੱਥਾਂ ਦੀ ਦਾਸਤਾਨ ਦੱਸ ਚੁਕੇ ਹਨ ਕਿ ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ।

ਲੱਤਾਂ ਦੀ ਵਾਰਤਾ ਸੁਣਾਉਂਦਿਆਂ ਉਨ੍ਹਾਂ ਬਾਬਾ ਫਰੀਦ ਦੇ ਸਲੋਕ “ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ॥” ਦਾ ਹਵਾਲਾ ਦਿੱਤਾ ਸੀ। ਡਾæ ਭੰਡਾਲ ਬੰਦੇ ਦੇ ਪੈਰਾਂ, ਮੁੱਖੜੇ, ਹਿੱਕ ਤੇ ਮਨ ਦੀ ਬਾਤ ਪਾ ਚੁਕੇ ਹਨ। ਗਰਦਨ ਅਤੇ ਬੁੱਲੀਆਂ ਦਾ ਵਿਖਿਆਨ ਵੀ ਕਰ ਚੁਕੇ ਹਨ। ਵਾਤਾਵਰਣ ਸੰਭਾਲ ਦੀ ਗੱਲ ਕਰਦਿਆਂ ਡਾæ ਭੰਡਾਲ ਨੇ ਨਸੀਹਤ ਕੀਤੀ ਸੀ ਕਿ ਸਾਹ ਆਉਂਦੇ ਜਾਂਦੇ ਰਹਿਣ, ਇਸ ਲਈ ਜਰੂਰੀ ਹੈ ਕਿ ਅਸੀਂ ਵਾਤਾਵਰਣੀ, ਕੁਦਰਤੀ, ਸਮਾਜਿਕ ਅਤੇ ਪਰਿਵਾਰਕ ਸਰੋਕਾਰਾਂ ਵਿਚੋਂ ਹੀ ਖੁਦ ਨੂੰ ਵਿਸਥਾਰਈਏ। ਉਨ੍ਹਾਂ ਨੱਕ ਦੀ ਵਾਰਤਾ ਸੁਣਾਉਂਦਿਆਂ ਦੱਸਿਆ ਕਿ ਕਈ ਵਾਰ ਮਨੁੱਖ ਨੱਕ ਨੂੰ ਉਚਾ ਕਰਨ ਖਾਤਰ ਕਰਜ਼ੇ ਵਿਚ ਡੁੱਬ, ਖੁਦਕੁਸ਼ੀਆਂ ਦੇ ਰਾਹ ਵੀ ਤੁਰ ਪੈਂਦਾ। ਬਾਹਾਂ ਦੀ ਤਸ਼ਬੀਹ ਵਿਚ ਉਨ੍ਹਾਂ ਕਿਹਾ ਸੀ ਕਿ ਬਾਂਹਾਂ ਦੀ ਬਾਂਹਾਂ ਸੰਗ ਯਾਰੀ, ਮਨ-ਵਿਹੜੇ ਮੌਲੇ ਸਰਦਾਰੀ। ਉਂਗਲਾਂ ਦੀ ਵਾਰਤਾ ਕਹਿੰਦਿਆਂ ਡਾæ ਭੰਡਾਲ ਨੇ ਕਿਹਾ ਸੀ, “ਕਦੇ ਵੀ ਕਿਸੇ ਵੱਲ ਬੇਲੋੜੀ ਉਂਗਲ ਨਾ ਕਰੋ। ਉਸ ਦੀਆਂ ਕਮੀਆਂ, ਊਣਤਾਈਆਂ ਤੇ ਕਮਜ਼ੋਰੀਆਂ ‘ਤੇ ਉਂਗਲ ਨਾ ਧਰੋ ਕਿਉਂਕਿ ਜਦ ਅਸੀਂ ਇਕ ਉਂਗਲ ਕਿਸੇ ਵੱਲ ਕਰਦੇ ਹਾਂ ਤਾਂ ਤਿੰਨ ਉਂਗਲਾਂ ਸਾਡੇ ਵੰਨੀ ਆਪਣੇ ਆਪ ਹੀ ਹੋ ਜਾਂਦੀਆਂ ਨੇ।” ਪਿਛਲੇ ਲੇਖ ਵਿਚ ਉਨ੍ਹਾਂ ਹਿਰਦੇ ਦੀ ਗੱਲ ਕੀਤੀ ਸੀ ਕਿ ਹਿਰਦੇ ਵਿਚ ਉਠੀ ਵੇਦਨਾ ਹੀ ਹੁੰਦੀ ਜੋ ਕੂਕਦੀ ਏ, ‘ਸੱਜਣਾਂ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ।’ ਜਾਂ ਸੁਕਰਾਤ ਵਰਗਾ ਮਹਾਂ-ਪੁਰਖ ਬਿਗਾਨਿਆਂ ਦੇ ਪੱਥਰਾਂ ਦੀ ਪੀੜ ਨੂੰ ਤਾਂ ਹੱਸ ਕੇ ਜਰਦਾ ਏ ਪਰ ਮਿੱਤਰ ਦੇ ਮਾਰੇ ਫੁੱਲ ਦੀ ਪੀੜਾ ਉਸ ਦੀ ਰੂਹ ਨੂੰ ਜਖਮੀ ਕਰ ਜਾਂਦੀ ਏ। ਹਥਲੇ ਲੇਖ ਵਿਚ ਉਨ੍ਹਾਂ ਸਿਰ ਦੀਆਂ ਪਰਤਾਂ ਫੋਲਦਿਆਂ ਦੱਸਿਆ ਹੈ ਕਿ ਜਦ ਤਲੀ ‘ਤੇ ਸਿਰ ਰੱਖ ਕੇ ਕੋਈ ਯੋਧਾ ਪ੍ਰਣ-ਪੂਰਤੀ ਲਈ, ਖੁਦ ਨੂੰ ਗੁਰੂ ਦੀ ਸ਼ਰਨ ਵਿਚ ਅਰਪਿਤ ਕਰਦਾ ਤਾਂ ਬਾਬਾ ਦੀਪ ਸਿੰਘ ਦੀ ਸ਼ਹਾਦਤ ਦੇ ਨਵੇਂ ਅਰਥ ਇਤਿਹਾਸ ਦੇ ਵਰਕੇ ‘ਤੇ ਧਰੇ ਜਾਂਦੇ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਸਿਰ, ਸਿਰਦਾਰੀ ਦਾ ਚਿੰਨ੍ਹ, ਸਿਰਤਾਜ-ਬਸੇਰਾ, ਮੁਕਟ-ਮੰਥਨ, ਤਾਜ ਦਾ ਮਾਣ ਅਤੇ ਤਾਜਪੋਸ਼ੀ ਦਾ ਸਬੱਬ।
ਮਨੁੱਖ ਬਾਅਦ ਵਿਚ ਜਨਮ ਲੈਂਦਾ ਪਰ ਸਿਰ ਸਭ ਤੋਂ ਪਹਿਲਾਂ ਆਪਣੇ ਆਗਮਨ ਦਾ ਐਲਾਨ ਕਰਦਾ। ਸੱਚ ਹੈ, ਸਿਰ ਨਾਲ ਹੀ ਮਨੁੱਖ ਦੀ ਹੋਂਦ ਜੁੜੀ ਹੋਈ ਏ।
ਸਿਰ, ਸਰੀਰ-ਸਿਖਰ, ਪਛਾਣ-ਪੈਮਾਨਾ, ਸੋਚ-ਸਮਝ ਦਾ ਸਰੋਤ, ਮਨੁੱਖੀ ਪਿੰਜਰ ਦਾ ਕੰਟਰੋਲ-ਰੂਮ ਅਤੇ ਸਰੀਰਕ ਗਤੀਵਿਧੀਆਂ ਦਾ ਧੁਰਾ।
ਸਿਰ, ਸੇਧ, ਸੁਪਨਾ ਅਤੇ ਸਾਧਨਾ ਬਣ ਜਦ ਜੀਵਨ-ਸੱਚ ਤੇ ਸੁਚੇਤਨਾ ਦਾ ਸੰਗਮ ਹੁੰਦਾ ਤਾਂ ਜ਼ਿੰਦਗੀ ਨੂੰ ਨਰੋਏ ਅਰਥ ਮਿਲਦੇ।
ਸਾਵੀਂ-ਸੋਚ ਵਾਲੇ ਸਿਰਾਂ ਦੀ ਫਸਲ, ਕੌਮ, ਸਮਾਜ ਜਾਂ ਦੇਸ਼ ਲਈ ਸੰਜੀਵਨੀ। ਇਸ ਦੀਆਂ ਮੁਹਾਰਾਂ ਸੂਰਜੀ-ਪੰਧ ਵੱਲ ਮੋੜ, ਕਦਰਾਂ-ਕੀਮਤਾਂ ਦੀ ਪਿਉਂਦ, ਹਰ ਮਸਤਕ ਵਿਚ ਲਾਉਂਦੀ।
ਜਦ ਤਲੀ ‘ਤੇ ਸਿਰ ਰੱਖ ਕੇ ਕੋਈ ਯੋਧਾ ਪ੍ਰਣ-ਪੂਰਤੀ ਲਈ, ਖੁਦ ਨੂੰ ਗੁਰੂ ਦੀ ਸ਼ਰਨ ਵਿਚ ਅਰਪਿਤ ਕਰਦਾ ਤਾਂ ਬਾਬਾ ਦੀਪ ਸਿੰਘ ਦੀ ਸ਼ਹਾਦਤ ਦੇ ਨਵੇਂ ਅਰਥ ਇਤਿਹਾਸ ਦੇ ਵਰਕੇ ‘ਤੇ ਧਰੇ ਜਾਂਦੇ।
ਸ਼ੇਰ-ਸਿਰ, ਲੱਖਾਂ ਗਿੱਦੜਾਂ ‘ਤੇ ਹਾਵੀ। ਗਿੱਦੜ-ਸਿਰ ਸਿਰਫ ਭੀੜ ਹੁੰਦੇ ਜਦਕਿ ਸ਼ੇਰ-ਸਿਰ ਇਕ ਹੀ ਦਹਾੜ ਨਾਲ ਜੰਗਲ ਨੂੰ ਕੰਬਣ ਲਾ ਦਿੰਦਾ।
‘ਕੱਲੇ ‘ਕੱਲੇ ਸਿਰਾਂ ਨੂੰ ਕੌਣ ਪੁੱਛਦਾ? ਪਰ ਜਦ ਸਿਰ, ਸਿਰਾਂ ਨਾਲ ਜੁੜ ਕੇ ਸੋਚ, ਸਲਾਹ, ਸਦਭਾਵਨਾ ਤੇ ਸਮਰਪਿਤਾ ਲਈ ਪ੍ਰਤੀਬੱਧ ਹੋ ਅਕੀਦੇ ਦੀ ਪੂਰਨਤਾ ਲਈ ਕਸਮ ਬਣਦੇ ਤਾਂ ਲੋਕ-ਲਹਿਰ ਰਾਹੀਂ ਨਵੇਂ ਸਮਾਜ, ਕੌਮ ਜਾਂ ਸਭਿਅਤਾ ਦੀ ਪਹਿਲੀ ਪਉੜੀ ਬਣਦੇ। ਨਸਲਾਂ ਤੇ ਨੀਂਹਾਂ ਸੰਦਲੀ ਰੰਗ ਵਿਚ ਰੰਗੀਆਂ ਜਾਂਦੀਆਂ।
ਸਿਰ ‘ਤੇ ਸਜਣ ਵਾਲੀ ਵਸਤ, ਮਨੁੱਖੀ ਪਛਾਣ। ਦਸਤਾਰ, ਸਰਦਾਰੀ ਦਾ ਮੁਜੱਸਮਾ। ਟੋਪੀ, ਪਟਕਾ ਜਾਂ ਹਿਜ਼ਾਬ ਦਾ ਆਪੋ-ਆਪਣਾ ਰਹਿਤਲੀ ਰੂਪ। ਜਦ ਪਛਾਣ ਰਲ-ਗਡ ਹੁੰਦੀ ਤਾਂ ਕਈ ਬੇਕਸੂਰ ਵਿਅਕਤੀ ਨਫਰਤ ਤੇ ਧਰਮੀ ਜਾਹਲਪੁਣੇ ਦਾ ਸ਼ਿਕਾਰ ਹੋ ਆਪਣੀ ਜਾਨ ਗਵਾ ਬਹਿੰਦੇ।
ਸਿਰ ਜਦ ਹਦਵਾਣਿਆਂ ਵਾਂਗ ਪੈਰਾਂ ‘ਚ ਰੋਲੇ ਜਾਂਦੇ, ਜੁਲਮ ਦੀ ਅਤਿ ਹੁੰਦੀ ਤਾਂ ਸਿਤਮ ਨੂੰ ਖਤਮ ਕਰਨ ਲਈ ਧਰਮੀ ਤਲਵਾਰ ਉਠਦੀ ਜੋ ਕਤਲ ਕੀਤੇ ਗਏ ਸਿਰਾਂ ਦੀਆਂ ਕੁਰਬਾਨੀਆਂ ਦੀ ਤਵਾਰੀਖ ਲਿਖਦੀ ਅਤੇ ਨਵੀਂ ਸਵੇਰ ਨੂੰ ਸ਼ੁਭ-ਆਗਮਨ ਕਹਿੰਦੀ।
ਜਿੰਨਾ ਚਿਰ ਸਿਰ ‘ਤੇ ਮਾਪਿਆਂ ਦਾ ਅਸ਼ੀਰਵਾਦ-ਰੂਪੀ ਹੱਥ ਰਹਿੰਦਾ, ਬਜ਼ੁਰਗਾਂ ਦੀਆਂ ਅਸੀਸਾਂ ਤੇ ਦੁਆਵਾਂ ਮਿਲਦੀਆਂ ਜਾਂ ਅਧਿਆਪਕਾਂ ਦੀਆਂ ਸ਼ੁਭ-ਇਛਾਵਾਂ ਸਿਰ ਪਲੋਸਦੀਆਂ ਤਦ ਤੀਕ ਜੀਵਨ-ਸਫਰ ‘ਚ ਤਾਰੇ ਉਗਦੇ, ਰਾਹਾਂ ‘ਚ ਮੁਹੱਬਤ ਤੇ ਨਿੱਘ ਦਾ ਤਰੌਂਕਾ ਹੁੰਦਾ ਅਤੇ ਜਿਉਣ ਨੂੰ ਜੀਅ ਕਰਦਾ।
ਮਾਂ ਜਦ ਆਪਣੇ ਲਾਡਲੇ ਦੇ ਸਿਰ ‘ਚ ਤੇਲ ਝੱਸਦੀ, ਪੋਲਾ-ਪੋਲਾ ਝੱਸਦੀ, ਵਾਲ ਸੰਵਾਰਦੀ ਅਤੇ ਉਸ ਦੇ ਸਿਰ ‘ਤੇ ਮੰਡਰਾਉਂਦੀਆਂ ਬਲਾਵਾਂ ਨੂੰ ਆਪਣੇ ਸਿਰ ‘ਤੇ ਲੈਂਦੀ ਤਾਂ ਖੁਦਾ ਵੀ ਮਾਂ-ਰੂਪੀ ਆਕ੍ਰਿਤੀ ਦੇ ਵਾਰੇ-ਵਾਰੇ ਜਾਂਦਾ।
ਸਿਰਾਂ ‘ਤੇ ਸਜੇ ਜੂੜੇ, ਪਾਏ ਡਾਕ-ਬੰਗਲੇ ਜਾਂ ਗੁੰਦੀਆਂ ਮੀਢੀਆਂ, ਵਿਰਸੇ ਰਾਹੀਂ ਆਪਣੀ ਦਿੱਖ ਨੂੰ ਸੁਚੱਜਾ ਤੇ ਸੁਚਾਰੂ ਰੂਪ ਦੇਣ ਦੀ ਧਾਰਨਾ। ਅਜਿਹੀ ਸੋਚ ਜਦ ਆਖਰੀ ਸਾਹਾਂ ‘ਤੇ ਹੋਵੇ ਤਾਂ ਕੌਮ ਆਪਣੇ ਵਿਰਸੇ ਤੋਂ ਦੂਰ ਹੁੰਦੀ, ਆਪਣੀਆਂ ਰਵਾਇਤਾਂ ਨੂੰ ਤਿਲਾਂਜਲੀ ਦੇ ਦਿੰਦੀ।
ਦੋ ਜਿਸਮ ਇਕ ਜਾਨ ਦਾ ਸੰਕਲਪ ਜਦ ਮਨ-ਬੀਹੀ ਵਿਚ ਆਪਣਾ ਰੈਣ-ਬਸੇਰਾ ਬਣਾਉਂਦਾ ਤਾਂ ਸਿਰਾਂ ਦੀ ਸਾਂਝ ਜਨਮਦੀ। ਇਕ ਸੁਰ ਹੋਈ ਸੋਚ, ਸਮਿਆਂ ਨੂੰ ਸੁਚੱਜੀਆਂ ਸੇਧਾਂ ਤੇ ਸਫਲਤਾਵਾਂ ਦਾ ਸਿਰਨਾਵਾਂ ਬਣਦੀ।
ਮਾਂ ਵਲੋਂ ਆਪਣੇ ਬੱਚੇ ਦਾ ਸਿਰ ਗੋਦ ਵਿਚ ਰੱਖਣਾ, ਬੱਚੇ ਦੇ ਵਾਲਾਂ ਨੂੰ ਸਹਿਲਾਉਣਾ, ਨਿੱਕੀਆਂ ਨਿੱਕੀਆਂ ਪਟੋਕੀਆਂ ਨਾਲ ਵਿਸਮਾਦੀ ਹੁਲਾਰ ਪੈਦਾ ਕਰਨਾ ਅਤੇ ਬੱਚੇ ਦਾ ਨੀਂਦ ਦੇ ਆਗੋਸ਼ ਵਿਚ ਜਾ ਸੁਪਨਈ ਦੁਨੀਆਂ ਵਿਚ ਵਿਚਰਨਾ, ਇਕ ਬਹਿਸ਼ਤੀ ਅਹਿਸਾਸ। ਅਜਿਹੇ ਅਹਿਸਾਸ ਨੂੰ ਆਪਣੇ ਚੇਤਿਆਂ ਵਿਚ ਸਜੀਵ ਰੱਖਣ ਵਾਲੇ, ਮਾਂ ਦੀ ਹਾਕ ਦਾ ਹੁੰਗਾਰਾ ਹੁੰਦੇ। ਅਜਿਹੇ ਲੋਕ ਮਮਤਾਈ-ਨਿਆਮਤਾਂ ਦੇ ਸਦਾ ਕਰਜ਼ਦਾਰ। ਮਾਂ ਦੀ ਗੋਦ ਤੋਂ ਮਹਿਰੂਮ ਬੱਚੇ ਦਾ ਮਨ ਫਰੋਲਣਾ, ਤੁਹਾਡੇ ਨੈਣਾਂ ਵਿਚ ਖਾਰਾ ਪਾਣੀ ਆ ਜਾਵੇਗਾ।
ਮਿੱਤਰ ਦੀ ਗੋਦ ਵਿਚ ਸਿਰ ਰੱਖ ਕੇ ਕੁਝ ਪਲ ਸੁਸਤਾਉਣਾ, ਮੋਹ ਭਿੱਜੇ ਪਲਾਂ ਨੂੰ ਜਿਉਣਾ, ਉਮਰ ਜੇਡਾ ਪਲ ਹੁੰਦਾ। ਮਨ ਕਦੇ ਵੀ ਅਜਿਹਾ ਪਲ ਬੀਤਣ ਬਾਰੇ ਕਿਆਸ ਨਾ ਕਰਦਾ। ਕਦੇ ਕਦਾਈਂ ਜਦ ਇਹ ਪਲ ਹੰਕਾਰ ਬਣ ਜਾਂਦਾ ਤਾਂ ਟੋਟੇ-ਟੋਟੇ ਹੋਇਆ ਮਿਰਜ਼ਾ, ਸਾਹਿਬਾਂ ਦੀ ਝੋਲੀ ਵਿਚ ਰੁਲਦਾ, ਆਪਣੀ ਤੇ ਸਾਹਿਬਾਂ ਦੀ ਹੋਣੀ ਦਾ ਕਸੂਰਵਾਰ ਬਣ ਜਾਂਦਾ।
ਸਿਰ, ਸੋਚ, ਸਾਧਨਾ, ਸਮਰਪਣ, ਸੁਪਨਾ, ਸੰਭਾਵਨਾ, ਸੂਖਮਤਾ, ਸੁਹਜ, ਸਹਿਜ ਅਤੇ ਸਕੂਨ ਦਾ ਸਰੋਤ। ਸਿਰ ਤੇ ਸੰਵੇਦਨਾ ਦਾ ਗੂੜ੍ਹਾ ਸਬੰਧ ਅਤੇ ਇਸ ਵਿਚੋਂ ਹੁੰਦਾ ਸ਼ਖਸੀਅਤ ਦਾ ਵਿਕਾਸ।
ਜਦ ਪਰਦੇਸ ਨੂੰ ਤੁਰਦੇ ਪੁੱਤਰ ਜਾਂ ਸਹੁਰੇ ਜਾਂਦੀ ਧੀ ਦਾ ਸਿਰ ਮਾਪਿਆਂ ਦੀ ਹਿੱਕ ਨਾਲ ਲੱਗਦਾ ਤਾਂ ਇਕ ਚਸਕ ਮਨ ਵਿਚ ਪੈਦਾ ਹੁੰਦੀ ਜੋ ਦੂਰ ਜਾਂਦੀਆਂ ਪੈੜਾਂ ਨਿਹਾਰਨ ਦਾ ਸੁੱਚਾ ਕਰਮ ਕਿਆਸ ਕੇ ਹੀ ਸਿੱਲੀਆਂ ਅੱਖਾਂ ਬਣ ਜਾਂਦੀ। ਇਹ ਮਾਪਿਆਂ ਦੀਆਂ ਅਸੀਸਾਂ ਹੀ ਹੁੰਦੀਆਂ ਜੋ ਘਰ ਤੋਂ ਬਾਹਰ ਜਾਂਦੇ ਪੈਰਾਂ ਦਾ ਸਦੀਵੀ ਸਾਥ ਨਿਭਾਉਂਦੀਆਂ, ਨਵੀਂਆਂ ਰਾਹਾਂ ਤੇ ਮੰਜ਼ਿਲਾਂ ਦਾ ਨਾਮਕਰਨ ਹੁੰਦੀਆਂ।
ਨਾਕਾਮੀ, ਉਦਾਸੀ ਜਾਂ ਸੁਪਨ-ਅਪੂਰਤੀ ਤੋਂ ਨਿਰਾਸ਼, ਸਿਰ ਸੁੱਟ ਕੇ ਬੈਠਿਆਂ ਦੇ ਮਨ-ਮਸਤਕ ਵਿਚ ਜਦ ਹੱਲਾਸ਼ੇਰੀ ਤੇ ਪ੍ਰੇਰਨਾ ਦਾ ਸੋਚ-ਚੋਗਾ ਧਰਿਆ ਜਾਂਦਾ ਤਾਂ ਉਹ ਨਵੇਂ ਉਤਸ਼ਾਹ ਤੇ ਉਮਾਹ ਨਾਲ ਰੁੱਸੇ ਹੋਏ ਸੁਪਨਿਆਂ ਨੂੰ ਮਨਾਉਣ ਵਿਚ ਕਾਮਯਾਬ ਹੁੰਦੇ। ਹਰ ਕਾਮਯਾਬੀ ਤੇ ਸਫਲ ਵਿਅਕਤੀਆਂ ਦਾ ਰਾਜ਼ ਹੀ ਇਹ ਹੈ ਕਿ ਉਨ੍ਹਾਂ ਨੇ ਉਦਾਸੀ, ਹੇਰਵੇ ਅਤੇ ਨਿਰਾਸ਼ਾ ਨੂੰ ਨਵੇਂ ਅਰਥਾਂ ਨਾਲ ਪਰਿਭਾਸ਼ਤ ਕਰਕੇ ਜੀਵਨ-ਜਾਚ ਨੂੰ ਨਵਾਂ ਪਰਿਪੇਖ ਦਿਤਾ।
ਸਿਰ ਨੂੰ ਉਚਾ ਕਰਕੇ ਜਿਉਣ ਲਈ ਮਿਹਨਤ ਦਾ ਕ੍ਰਿਸ਼ਮਾ, ਸੱਚਾਈ ਦਾ ਸਾਥ, ਹੱਕ-ਸੱਚ ਦੀ ਬੁਲੰਦਗੀ, ਮਾਨਵੀ-ਕਦਰਾਂ ਦੀ ਕਦਰ ਜਾਂ ਖੁਦ ਵਿਚੋਂ ਖੁਦ ਦਾ ਮਨਫੀ ਹੋਣਾ ਜਰੂਰੀ। ਸਿੱਧੇ ਸਿਰਾਂ ਨੂੰ ਸਲਾਮਾਂ ਹੁੰਦੀਆਂ, ਉਨ੍ਹਾਂ ਦੇ ਪੈਰਾਂ ਵਿਚ ਸਲਤਨਤਾਂ ਵਾਰੀਆਂ ਜਾਂਦੀਆਂ ਅਤੇ ਬਾਦਸ਼ਾਹ, ਪਾਤਸ਼ਾਹਾਂ ਨੂੰ ਸਿੱਜਦਾ ਕਰਦੇ।
ਧਾਰਮਿਕ ਸਥਾਨ ਦੇ ਦਰਾਂ ‘ਤੇ ਝੁਕਾਇਆ ਸਿਰ, ਸੱਚੀ-ਸੁੱਚੀ ਅਕੀਦਤ ਦਾ ਹਲਫਨਾਮਾ। ਸਿਰਫ ਸੁੱਚੀਆਂ ਰੂਹਾਂ ਹੀ ਕੁਝ ਪ੍ਰਾਪਤ ਕਰਨ ਦੇ ਯੋਗ। ਦਿਖਾਵੇ ਲਈ ਧਾਰਮਿਕ ਅਸਥਾਨਾਂ ‘ਤੇ ਭਰੀਆਂ ਜਾ ਰਹੀਆਂ ਹਾਜਰੀਆਂ, ਪੈਰਾਂ ਵਿਚ ਲਿਫਣ ਦਾ ਡਰਾਮਾ ਜਾਂ ਦਰ-ਧੂੜ ਨੂੰ ਮੱਥੇ ਨਾਲ ਛੂਹਾਉਣਾ, ਸਿਰਫ ਨਾਟਕ। ਅਜੋਕਾ ਮਨੁੱਖ ਇਹ ਰੋਲ ਬਾਖੂਬੀ ਨਿਭਾ ਰਿਹਾ ਏ।
ਸਿਰ ਹੈ ਤਾਂ ਮਨੁੱਖ ਹੈ, ਸੂਖਮ ਵਿਚਾਰ ਹਨ, ਸਹਿਜ ਸੋਚ ਹੈ, ਸਦਾਚਾਰਕ ਵਿਹਾਰ ਤੇ ਕਿਰਦਾਰ ਹੈ ਅਤੇ ਮਨੁੱਖ ਵਿਚ ਜਿਉਂਦਾ ਮਨੁੱਖੀ-ਦਾਰੋਮਦਾਰ ਹੈ। ਸਿਰ ਨਾ ਹੋਵੇ ਤਾਂ ਮਨੁੱਖ ਇਕ ਲੋਥ, ਅਹਿਸਾਸ-ਵਿਹੂਣਾ, ਸੋਚ-ਵਿਗੁੱਤਾ ਅਤੇ ਕਰਮਹੀਣ। ਕਈ ਵਾਰ ਸਿਰ ਦੀ ਗੰਭੀਰ ਸੱਟ ਕਾਰਨ, ਸਾਹਸੱਤਹੀਣ ਅਤੇ ਗਤੀਹੀਣ ਹੋਇਆ ਮਨੁੱਖ, ਹਸਪਤਾਲ ਦੇ ਬਿਸਤਰੇ ‘ਤੇ ਸਿਰਫ ਇਕ ਮਾਸ ਦਾ ਲੋਥੜਾ ਹੁੰਦਾ। ਕਈ ਵਾਰ ਡਾਕਟਰ ਮਨੁੱਖੀ ਕਸ਼ਟ ਤੋਂ ਨਿਜ਼ਾਤ ਪਵਾਉਣ ਲਈ, ਵਾਰਸਾਂ ਨੂੰ ਅਜਿਹੇ ਵਿਅਕਤੀ ਲਈ ਮੌਤ ਦਾ ਹੱਲ ਸੁਝਾਉਂਦੇ। ਪਰ ਬਹੁਤ ਔਖਾ ਹੁੰਦਾ ਏ ਜਿਉਂਦੇ ਜਾਗਦੇ ਵਿਅਕਤੀ ਨੂੰ ਪੀੜ-ਪਰੁੱਚੀ ਲਾਸ਼ ਦੇ ਰੂਪ ਵਿਚ ਕਿਆਸਣਾ!
ਸਿਰ, ਮਨੁੱਖ ਨੂੰ ਬਾਦਸ਼ਾਹ ਵੀ ਬਣਾਉਂਦਾ ਅਤੇ ਪਾਤਸ਼ਾਹ ਵੀ। ਇਹ ਮਨੁੱਖੀ ਸੋਚ-ਸੰਵੇਦਨਾ ਅਤੇ ਕਰਮ-ਭਾਵਨਾ ਨੇ ਨਿਰਧਾਰਤ ਕਰਨਾ ਹੁੰਦਾ ਕਿ ਪਾਤਸ਼ਾਹ ਬਣ ਕੇ ਕਰਮ-ਸ਼ੈਲੀ ਦੀ ਮਕਬੂਲੀਅਤ ਵਿਚੋਂ ਆਤਮਿਕ ਸਕੂਨ ਦਾ ਅੰਬਰੀ ਹੁਲਾਰਾ ਲੈਣਾ ਏ ਜਾਂ ਬਾਦਸ਼ਾਹ ਬਣ ਕੇ ਦੁਨਿਆਵੀ ਸੁੱਖ-ਸਾਧਨਾਂ ਵਿਚ ਹੀ ਉਲਝ ਕੇ ਜੀਵਨ-ਪੈਂਡਾ ਖੋਟਾ ਕਰਨਾ ਏ।
ਸਿਰ ‘ਚ ਸਮੋਈ ਸਾਧਨਾ ਹੀ ਹੁੰਦੀ ਜੋ ਪੱਥਰ ਵਿਚੋਂ ਵੀ ਰੱਬ ਨੂੰ ਭਾਲ ਲੈਂਦੀ। ਪਰ ਕੁਝ ਲੋਕ ਰੱਬ ਦੇ ਕੋਲ ਰਹਿ ਕੇ ਵੀ ਰੱਬ ਤੋਂ ਸਦਾ ਲਈ ਦੂਰ ਰਹਿੰਦੇ। ਕਾਜ਼ੀ, ਪਾਠੀ ਜਾਂ ਪੰਡਿਤ ਬਣ ਕੇ ਨਹੀਂ, ਸਗੋਂ ਇਨਸਾਨ ਬਣ ਕੇ ਹੀ ਜੀਵਨ-ਜੁਗਤ ਨੂੰ ਮਾਣਿਆ ਜਾ ਸਕਦਾ।
ਸਿਰ ਜਦ ਸਿਦਕਵਾਨ ਹੋਵੇ, ਸਿਰੜੀ ਬਣ ਕੇ ਖੁਦ ਨੂੰ ਪਰਖੇ ਜਾਂ ਸਮੂਹਕਤਾ ਵਿਚੋਂ ਹੀ ਖੁਦ ਨੂੰ ਤਲਾਸ਼ਣ ਦੇ ਸੂਖਮ-ਭਾਵੀ ਕਰਮ ਵਿਚ ਡੁਬੋਵੇ ਤਾਂ ਉਹ ਆਪਣੀਆਂ ਝੋਲੀਆਂ ਭਰੇ ਅਤੇ ਬਰਕਤਾਂ ਦਾ ਸਾਗਰ ਤਰੇ।
ਸਿਰ-ਸੰਜੀਦਗੀ, ਸਫਲ ਜ਼ਿੰਦਗੀ ਲਈ ਸਭ ਤੋਂ ਜਰੂਰੀ। ਗੈਰ-ਸੰਜੀਦਾ ਲੋਕ ਆਪਣੇ ਹੀ ਰਾਹਾਂ ਲਈ ਕੰਡੇ, ਤਨ ਲਈ ਲੰਗਾਰ ਅਤੇ ਸੱਚ-ਦੁਆਰ ਲਈ ਫਟਕਾਰ। ਕਦੇ-ਕਦਾਈਂ ਖੁਦ ਨਾਲ ਸੰਜੀਦਾ ਜਰੂਰ ਹੋਵੋ ਤਾਂ ਕਿ ਜੀਵਨ-ਪੈੜਾਂ ਤੁਹਾਨੂੰ ਮੁਖਾਤਬ ਹੋਣ ਅਤੇ ਤੁਸੀਂ ਇਸ ‘ਚੋਂ ਖੁਦ ਨੂੰ ਸਿਰਜੋ।
ਕਦੇ ਵੀ ਕੁਕਰਮਾਂ ਦੀ ਖੇਤੀ ਨਾ ਕਰੋ ਤਾਂ ਕਿ ਸਿਰ ‘ਚ ਸੁਆਹ ਜਾਂ ਸਿਰ ਜੁੱਤੀਆਂ ਦੀ ਧਰਾਤਲ ਬਣੇ। ਫਿਰ ਤਾਂ ਮਨੁੱਖ, ਨਮੋਸ਼ੀ ਨੂੰ ਪੱਲੇ ਬੰਨ ਸਾਰੀ ਉਮਰ ਸਾਹਾਂ ਨੂੰ ਕੋਸਣ ਜੋਗਾ ਹੀ ਰਹਿ ਜਾਂਦਾ।
ਚੜ੍ਹਦੀ ਉਮਰੇ ਜੁਆਕ ਦੀ ਦਸਤਾਰਬੰਦੀ, ਵਿਰਸੇ ਨਾਲ ਜੁੜਨ, ਰਹੁ-ਰੀਤਾਂ ਨੂੰ ਅੱਗੇ ਤੋਰਨ ਤੇ ਚਿਰੰਜੀਵ ਰੱਖਣ ਦੀ ਧਾਰਨਾ। ਸਿਰ ‘ਤੇ ਰੱਖਿਆ ਬਸਤਾ, ਗਿਆਨ-ਸਾਗਰ ਨੂੰ ਜਾਂਦਾ ਮਾਰਗ। ਸਿਰ ‘ਤੇ ਸਜਿਆ ਸਿਹਰਾ, ਨਵੀਂ ਜਿੰਦਗੀ ਦੀ ਸ਼ੁਰੂਆਤ ਦਾ ਸ਼ੁਭ-ਸ਼ਗਨ। ਮਾਂਗ ਵਿਚ ਪੈਂਦਾ ਸੰਧੂਰ, ਸੰਦਲੀ ਰਾਹਾਂ ਦੀ ਤਾਜਪੋਸ਼ੀ। ਸਿਰ ‘ਤੇ ਚੁੱਕਿਆ ਭੱਤਾ, ਮਾਹੀ ਨੂੰ ਮਿਲਣ ਦਾ ਸੁੱਚਾ ਸਬੱਬ। ਸਿਰ ‘ਤੇ ਸਜਿਆ ਤਾਜ, ਬਾਦਸ਼ਾਹੀ ਜਾਂ ਪਾਤਸ਼ਾਹੀ ਵੰਨੀਂ ਸਫਰ ਦਾ ਆਗਾਜ਼; ਅਤੇ ਬਜੁਰਗਾਂ ਦੇ ਤੁਰ ਜਾਣ ਪਿਛੋਂ ਸਿਰ ‘ਤੇ ਧਰੀ ਪਗੜੀ ਜਿੰਮੇਵਾਰੀ ਦਾ ਅਹਿਸਾਸ।
ਸਿਰ ‘ਤੇ ਝੂਲਦੇ ਚੌਰ, ਸਾਨੋ-ਸ਼ੌਕਤ ਦਾ ਦਿਖਾਵਾ। ਪਰ ਜਦ ਇਹ ਚੌਰ ਮਨੁੱਖੀ ਮਨ ਵਿਚ ਪ੍ਰਸ਼ਨ ਬਣ ਜਾਣ ਤਾਂ ਬਾਦਸ਼ਾਹੀਆਂ ਖਤਮ ਹੋਣ ਵਿਚ ਦੇਰ ਵੀ ਨਹੀਂ ਲੱਗਦੀ।
ਜੀਵਨ ਦੀ ਸਾਵੀਂ ਤੋਰ ਲਈ ਦਿਲ ਤੇ ਸਿਰ ਦਾ ਸੰਤੁਲਨ ਬਹੁਤ ਜਰੂਰੀ। ਇਨ੍ਹਾਂ ਦਾ ਅਸਾਵਾਂਪਣ ਜੀਵਨ ਦੀਆਂ ਚੂਲਾਂ ਹੀ ਹਿਲਾ ਦਿੰਦਾ।
ਹਰ ਵਾਰ ਡਿੱਗ ਕੇ ਉਠਣ ਵਾਲੇ ਅਤੇ ਸਿਰ ਉਚਾ ਕਰਕੇ ਤੁਰਨ ਵਾਲਿਆਂ ਨੂੰ ਦੁਨੀਆਂ ਸਲਾਮ ਕਰਦੀ ਹੈ। ਡਿੱਗੇ ਹੋਏ ਸਿਰ ਬੜੀ ਜਲਦੀ ਭੀੜ ਦੇ ਪੈਰਾਂ ‘ਚ ਮਧੋਲੇ ਜਾਂਦੇ।
ਸਿਰ ਝੁਕਾ ਕੇ ਤੁਰਦਿਆਂ, ਤੁਹਾਨੂੰ ਦੂਰ ਤੱਕ ਰਾਹ ਨਜ਼ਰ ਨਹੀਂ ਆਵੇਗਾ ਅਤੇ ਦੁਨੀਆਂ ਦੀਆਂ ਚਾਲਾਂ ਨੂੰ ਦੇਖ ਨਹੀਂ ਸਕੋਗੇ। ਸਿਰ ਸਿੱਧਾ ਰੱਖ ਕੇ ਦੁਨੀਆਂ ਦੀਆਂ ਨਜ਼ਰਾਂ ਵਿਚ ਝਾਕੋ। ਮਾਣਮੱਤੇ ਲੋਕ ਤੁਹਾਡੇ ਨਾਲ ਅੱਖਾਂ ਮਿਲਾਉਣਗੇ ਜਦਕਿ ਕਮੀਨੇ ਲੋਕ ਅੱਖਾਂ ਨੀਵੀਂਆਂ ਕਰਕੇ ਰਾਹ ਬਦਲ ਲੈਣਗੇ।
ਘਰ, ਪਰਿਵਾਰ, ਸਮਾਜ ਅਤੇ ਦੁਨੀਆਂ ਤੁਹਾਡੇ ਸਿਰ ਵਿਚ ਵੱਸਦੀ ਏ। ਇਸ ਰਾਹੀਂ ਹੀ ਹੁੰਦੀ ਹਰ ਰਿਸ਼ਤੇ ਤੇ ਸਬੰਧ ਵਿਚ ਸੁਖਾਵੇਂਪਣ ਦੀ ਦਸਤਕ। ਇਨ੍ਹਾਂ ਦੀ ਮਜਬੂਤੀ ਤੇ ਚਿਰੰਜੀਵਤਾ, ਤੁਹਾਡਾ ਧੰਨ ਭਾਗ।
ਸਿਰਾਂ ਵਾਲੇ ਜਦ ਆਪਣੀ ਅੜੀ ‘ਤੇ ਆ ਜਾਣ ਤਾਂ ਕੰਕਰੀਟ ਦੀਆਂ ਕੰਧਾਂ ਵਿਚ ਵੀ ਮਘੋਰੇ ਕਰ ਦਿੰਦੇ ਅਤੇ ਨਵੇਂ ਰਾਹ ਸਿਰਜਦੇ। ਐਵੇਂ ਕੰਧਾਂ ‘ਚ ਸਿਰ ਮਾਰ ਕੇ ਖੁਦ ਨੂੰ ਪੀੜਤ ਨਾ ਕਰੋ ਸਗੋਂ ਸਿਰੜ-ਸਾਧਨਾ ਨਾਲ ਕੰਧਾਂ ਤੋੜੋ, ਇਹ ਭਾਵੇਂ ਬਰਲਿਨ ਦੀ ਦੀਵਾਰ ਹੋਵੇ ਜਾਂ ਵਾਹਗੇ ਦੀ ਕੰਡਿਆਲੀ ਵਾੜ। ਕੰਧਾਂ ਬਹੁਤ ਕਮਜ਼ੋਰ ਹੁੰਦੀਆਂ ਜੋ ਮਨੁੱਖ ਦੀ ਹਿੰਮਤ ਅਤੇ ਲਗਨ ਸਾਹਵੇਂ ਬੌਣੀਆਂ ਹੁੰਦੀਆਂ।
ਸਿਰ ਵਿਚ ਡਰ ਦਾ ਡੇਰਾ ਲਾਉਣ ਵਾਲੇ ਲੋਕਾਂ ਨੂੰ ਸੁਪਨੇ ਨਹੀਂ ਆਉਂਦੇ। ਇਨ੍ਹਾਂ ਦੀ ਪੂਰਨਤਾ ਬਾਰੇ ਕਿਆਸਣਾ ਤਾਂ ਫਜੂਲ। ਬੇਖੌਫ ਮਨ ਹੀ ਸੁਪਨਸਾਜ਼ ਹੁੰਦਾ।
ਸਿਰ ‘ਚ ਦਿਮਾਗ, ਪੈਰਾਂ ‘ਚ ਧੌੜੀ ਦੀ ਜੁੱਤੀ ਅਤੇ ਮਨ ‘ਚ ਮੰਜ਼ਿਲਾਂ ਨੂੰ ਪਾਉਣ ਦਾ ਚਾਅ ਹੋਵੇ ਤਾਂ ਹਰ ਮੰਜ਼ਿਲ ਤੁਹਾਡੀ ਹੁੰਦੀ।
ਸਰੀਰ ਦੀ ਮਿਣਤੀ ਕਰਨ ਲੱਗਿਆਂ ਵੀ ਸਿਰ ਸਿੱਧਾ ਰੱਖਣਾ ਪੈਂਦਾ ਕਿਉਂਕਿ ਸਿਰ ਹੀ ਤੁਹਾਡੇ ਅਸਲੀ ਕੱਦ-ਕਾਠ ਅਤੇ ਸ਼ਖਸੀਅਤ ਦਾ ਪੈਮਾਨਾ ਹੁੰਦਾ।
ਹਮੇਸ਼ਾ ਸਿਰ ਸਿੱਧਾ ਰੱਖੋ ਵਰਨਾ ਸਿਰ ‘ਤੇ ਸਜਾਈ ਦਸਤਾਰ, ਸਜਿਆ ਮੁਕਟ ਜਾਂ ਸ਼ਾਹੀ ਤਾਜ ਵੀ ਡਿੱਗ ਕੇ ਪੈਰਾਂ ‘ਚ ਰੁਲ ਜਾਂਦਾ। ਲਿਬੜੀ ਦਸਤਾਰ ਜਾਂ ਮਟਮੈਲਾ ਤਾਜ ਸਿਰ ‘ਤੇ ਨਹੀਂ ਸੋਂਹਦੇ।
ਉਦਾਸੀ, ਪੀੜਾ ਜਾਂ ਨਿਰਾਸ਼ਾ ਵਿਚ ਸਿਰ ਸੁਟ ਕੇ ਬਹਿ ਜਾਣਾ, ਕਿਸੇ ਸਮੱਸਿਆ ਦਾ ਹੱਲ ਨਹੀਂ। ਸਮੇਂ, ਸਥਾਨ ਅਤੇ ਸਥਿਤੀਆਂ ਦਾ ਨਿਰੀਖਣ ਕਰੋ। ਆਪਣੇ ਆਪ ਨੂੰ ਸੰਭਾਲੋ। ਨਵੀਂਆਂ ਤਰਜ਼ੀਹਾਂ ਤੇ ਤਦਬੀਰਾਂ ਵਿਉਂਤੋ। ਖੁਸ਼ੀ ਤੇ ਖੇੜੇ ਤੁਹਾਡੇ ਨੈਣਾਂ ਵਿਚ ਡਲ੍ਹਕਣਗੇ।
ਜਦ ਸਿਰ ਸ਼ਾਂਤ ਹੁੰਦਾ ਤਾਂ ਤੁਹਾਡੀ ਆਤਮਾ ਬੋਲਦੀ। ਤੁਸੀਂ ਖੁਦ ਦੇ ਸਨਮੁੱਖ ਹੋ, ਖੁਦ ‘ਚੋਂ ਖੁਦ ਦੀ ਤਲਾਸ਼ ‘ਚ ਰੁੱਝੇ ਹੁਸੀਨ ਤੇ ਅਨੰਦਿਤ ਪਲਾਂ ਦਾ ਪੀਹੜਾ ਹੁੰਦੇ।
ਬਾਬਰਵਾਣੀ ਵਿਚ ਗੁਰੂ ਨਾਨਕ ਦੇਵ ਜੀ ਜਦ ਬਾਬਰ ਵਲੋਂ ਢਾਹੇ ਜੁਲਮ ਨੂੰ ਬਿਆਨਦਿਆਂ ਇਸਤਰੀਆਂ ਦੀ ਹੋ ਰਹੀ ਦੁਰਦਸ਼ਾ ਬਾਰੇ ਫੁਰਮਾਉਂਦੇ, “ਜਿਨ ਸਿਰ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥ ਸੇ ਸਿਰ ਕਾਤੀ ਮੁੰਨੀਅਨਿਹ ਗਲ ਵਿਚ ਆਵੈ ਧੂੜਿ॥” ਤਾਂ ਰੂਹ ਕੰਬ ਜਾਂਦੀ। ਮਨ ਨਾਨਕ ਸ਼ਾਇਰ ਦੇ ਬਲਿਹਾਰੇ ਜਾਂਦਾ ਜਿਸ ਨੇ ਹਕੂਮਤੀ ਜੁਲਮ ਨੂੰ ਹਰਫਾਂ ਦੀ ਜ਼ੁਬਾਨ ਦਿਤੀ ਅਤੇ ਰੱਬ ਨੂੰ ਵੀ “ਤੈਂ ਕੀ ਦਰਦ ਨ ਆਇਆ” ਦਾ ਉਲਾਂਭਾ ਦਿਤਾ।
ਸਿਰ ਨੂੰ ਗਲਤੀਆਂ, ਗੁਨਾਹਾਂ, ਗਲਤਫਹਿਮੀਆਂ ਅਤੇ ਗਰੂਰ ਨਾਲ ਨਾ ਭਰੋ। ਸਗੋਂ ਇਸ ਵਿਚ ਨਿਰਮਾਣਤਾ, ਨਰਮੀ, ਨੇਕ-ਨੀਅਤੀ, ਨੇਕੀ ਅਤੇ ਨਦੀ ਵਰਗੀ ਦਰਿਆ-ਦਿਲੀ ਦੀ ਮਹਿਕ ਬਿਖੇਰੋ। ਚੌਗਿਰਦਾ ਮਹਿਕੀਲੀ ਇਬਾਦਤ ਬਣ ਜਾਵੇਗਾ।
ਸਿਰ ਸਦਾ ਸਲਾਮਤ ਰਹੇ ਅਤੇ ਸਦੀਵ ਰਹਿਣ ਸਰਦਾਰੀਆਂ, ਸਿਰਤਾਜ, ਸੁਪਨੇ ਅਤੇ ਸੁਹੰਢਣੀਆਂ ਸਫਲਤਾਵਾਂ।
ਆਮੀਨ।