ਡਾæ ਗੁਰਨਾਮ ਕੌਰ, ਕੈਨੇਡਾ
ਪਿਛਲੇ ਲੇਖ ਵਿਚ ਅਸੀਂ ਵਾਦ ਜਾਂ ਬਾਦ ਦੀ ਗੱਲ ਕੀਤੀ ਸੀ ਅਤੇ ਇਸ ਦੇ ਨਾਲ ਹੀ ਅਜਿਹੇ ਤਰਕ ਨੂੰ ਅੱਗੇ ਲੈ ਜਾਣ ਵਾਲੇ ਵਿਅਕਤੀ, ਜਿਸ ਨੂੰ ਬਾਣੀ ਵਿਚ ਵਾਦੀ ਜਾਂ ਬਾਦੀ ਕਿਹਾ ਗਿਆ ਹੈ, ਦਾ ਵੀ ਜ਼ਿਕਰ ਕੀਤਾ ਸੀ। ਇਸ ਲੇਖ ਵਿਚ ਅਸੀਂ ਬਾਦ/ਵਾਦ ਦੇ ਉਲਟ ਖੋਜ ਅਤੇ ਅਜਿਹੇ ਤਰਕ ਨੂੰ ਅੱਗੇ ਲੈ ਜਾਣ ਵਾਲੇ ਵਿਅਕਤੀ ਦੀ ਗੱਲ ਕਰਾਂਗੇ ਜਿਸ ਨੂੰ ਸਿੱਖ ਧਰਮ-ਚਿੰਤਨ ਵਿਚ ਖੋਜੀ ਕਿਹਾ ਗਿਆ ਹੈ। ਖੋਜ ਸ਼ਬਦ ਸੰਸਕ੍ਰਿਤ ਦੇ ਸ਼ਬਦ ਸ਼ੋਧ ਤੋਂ ਬਣਿਆ ਹੈ ਜਿਸ ਦਾ ਅਰਥ ਹੈ, ਸ਼ੁਧ ਕਰਨਾ, ਸਾਫ ਕਰਨਾ, ਠੀਕ ਕਰਨਾ, ਸਹੀ ਕਰਨਾ/ਥਾਂ ਸਿਰ ਕਰਨਾ;
ਅਤੇ ਸ਼ਬਦ ਸ਼ੋਧਕ ਦਾ ਅਰਥ ਹੈ ਸਾਫ ਕਰਨ ਵਾਲਾ, ਠੀਕ ਕਰਨ ਵਾਲਾ, ਸਹੀ ਜਾਂ ਥਾਂ ਸਿਰ ਕਰਨ ਵਾਲਾ। ਸ਼ਬਦ ਸ਼ੋਧਨਾ ਦਾ ਪੰਜਾਬੀ ਰੂਪ ਹੈ, ਖੋਜਨਾ ਜਿਸ ਦਾ ਅਰਥ ਆਮ ਤੌਰ ‘ਤੇ ਨਿਰਮਲ ਕਰਨਾ, ਨਿਰੀਖਣ ਕਰਨਾ, ਪੜਤਾਲ ਕਰਨਾ, ਲੱਭਣਾ ਕੀਤਾ ਜਾਂਦਾ ਹੈ।
ਪਿਛਲੇ ਲੇਖ ਵਿਚ ਗੱਲ ਕੀਤੀ ਗਈ ਸੀ ਕਿ ਗਿਆਨ ਪ੍ਰਾਪਤੀ ਦੇ ਦੋ ਪੱਖ ਹਨ-ਬਾਦ ਜਾਂ ਵਾਦ ਅਤੇ ਖੋਜ। ਜਿਸ ਤਰ੍ਹਾਂ ਇਸ ਦੇ ਸੰਸਕ੍ਰਿਤ ਵਿਚ ਅਰਥਾਂ ਤੋਂ ਸੰਕੇਤ ਮਿਲਦਾ ਹੈ, ਸ਼ਬਦ ਸ਼ੋਧ ਜਾਂ ਖੋਜ ਇਸ ਦਾ ਹਾਂ-ਮੁਖੀ ਪੱਖ ਹੈ ਜਦਕਿ ਵਾਦ ਜਾਂ ਬਾਦ ਇਸ ਦਾ ਨਾਂਹ-ਮੁਖੀ ਪੱਖ ਹੈ ਜੋ ਕਿਸੇ ਤਣ-ਪੱਤਣ ਨਹੀਂ ਲਾਉਂਦਾ। ਇਸ ਤਰ੍ਹਾਂ ਸੱਚੇ ਜਾਂ ਸਤਿ ਦੇ ਗਿਆਨ ਦੇ ਜਗਿਆਸੂ ਨੂੰ ਸਿੱਖ ਧਰਮ-ਚਿੰਤਨ ਵਿਚ ਖੋਜੀ ਕਿਹਾ ਗਿਆ ਹੈ। ਖੋਜ ਸਤਿ ਦੀ ਭਾਲ ਜਾਂ ਜਗਿਆਸਾ ਹੈ, ਸਤਿ ਤੱਕ ਪਹੁੰਚਣ ਦੀ ਯਾਤਰਾ ਹੈ। ਗੁਰੂ ਨਾਨਕ ਸਾਹਿਬ ਨੇ ਰਾਗ ਮਲਾਰ ਵਿਚ ਖੋਜ ਨੂੰ ਆਤਮ ਚੀਨਣ ਕਿਹਾ ਹੈ। ਅਸੀਂ ਪਹਿਲਾਂ ਵੀ ਇਸ ਤੱਥ ਦਾ ਜ਼ਿਕਰ ਆਮ ਕਰਦੇ ਰਹੇ ਹਾਂ ਕਿ ਸਿੱਖ ਧਰਮ ਚਿੰਤਨ ਵਿਚ ਗੁਰੂ ਦਾ ਬਹੁਤ ਹੀ ਅਹਿਮ ਸਥਾਨ ਹੈ ਕਿਉਂਕਿ ਗੁਰੂ ਦੇ ਰਾਹੀਂ ਹੀ ਮਨੁੱਖ ਨੂੰ ਸੱਚ ਤੇ ਝੂਠ, ਭਲੇ ਤੇ ਬੁਰੇ ਅਤੇ ਠੀਕ ਤੇ ਗਲਤ ਦੀ ਸੋਝੀ ਹੁੰਦੀ ਹੈ। ਇੱਥੇ ਵੀ ਗੁਰੂ ਨਾਨਕ ਸਾਹਿਬ ਗੁਰੂ ਨੂੰ ਸੰਬੋਧਿਤ ਹਨ ਕਿ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ਕਿਉਂਕਿ ਗੁਰੂ ਮਿਹਰ ਕਰਦਾ ਹੈ ਤਾਂ ਉਸ ਦੀ ਮਿਹਰ ਸਦਕਾ ਮੇਰੀ ਸੁਰਤਿ ਭਗਤੀ ਅਤੇ ਸੇਵਾ ਵਿਚ ਲੱਗੀ ਰਹਿੰਦੀ ਹੈ, ਪੂਰਨ ਅਨੰਦ ਵਿਚ ਟਿਕ ਕੇ ਮਨ ਉਸ ਅਕਾਲ ਪੁਰਖ ਦੇ ਗੁਣ ਗਾਉਂਦਾ ਹੈ (ਗੁਣਾਂ ਦਾ ਗਾਇਨ ਕਰਕੇ ਹੀ ਉਨ੍ਹਾਂ ਨੁੰ ਆਪਣੇ ਵਿਅਕਤੀਤਵ ਵਿਚ ਵਸਾਇਆ ਜਾ ਸਕਦਾ ਹੈ ਜੋ ਕਿ ਮਨੁੱਖ ਦੀ ਸਭ ਤੋਂ ਵੱਡੀ ਲੋੜ ਹੈ)। ਗੁਰੂ ਦੇ ਲੜ ਲੱਗਿਆਂ ਹੀ, ਉਸ ਦੀ ਸ਼ਰਨ ਪੈ ਕੇ ਹੀ ਮਨੁੱਖ ਇਸ ਗੱਲ ‘ਤੇ ਵਿਚਾਰ ਕਰਦਾ ਹੈ ਕਿ ਉਹ ਅਕਾਲ ਪੁਰਖ ਨਾਲ, ਉਸ ਦੇ ਗੁਣਾਂ ਨਾਲ ਸਦੀਵੀ ਸਾਂਝ ਬਣਾਵੇ ਅਤੇ ਇਸ ਸਾਂਝ ਨੂੰ ਸਦਾ ਬਣਾਈ ਰੱਖੇ। ਗੁਰੂ ਇਸ ਗੱਲ ਦੇ ਸਮਰੱਥ ਹੈ ਕਿ ਉਹ ਮਨੁੱਖ ਨੂੰ ਬਾਣੀ ਨਾਲ ਜੋੜ ਕੇ, ਸ਼ਬਦ ਨਾਲ ਜੋੜ ਕੇ ਮਨੁੱਖ ਦਾ ਜੀਵਨ ਸੰਵਾਰੇ। ਜਿਹੜਾ ਮਨੁੱਖ ਜੀਵਨ ਨੂੰ ਸੰਵਾਰਨ, ਉਸ ਦੇ ਗੁਣਾਂ ਨੂੰ ਖੋਜਣ ਵਾਲਾ ਹੈ, ਉਹ ਮਨੁੱਖ ਆਤਮਕ ਉਚਾਈਆਂ ਨੂੰ ਪ੍ਰਾਪਤ ਕਰ ਲੈਂਦਾ ਹੈ, ਪਰ ਇਸ ਦੇ ਉਲਟ ਬਿਰਤੀ ਵਾਲਾ ਮਨੁੱਖ ਮਾਇਆਵੀ ਝਗੜਿਆਂ ਵਿਚ ਰੁੱਝ ਕੇ ਆਪਣੇ ਆਤਮਕ ਜੀਵਨ ਨੂੰ ਖਰਾਬ ਕਰ ਲੈਂਦਾ ਹੈ। ਤ੍ਰਿਸ਼ਨਾ ਵਿਚ ਫਸਣ ਵਾਲਾ ਮਨੁੱਖ ਮੂਰਖ ਹੁੰਦਾ ਹੈ ਅਤੇ ਕਿਉਂਕਿ ਉਹ ਕੋਸ਼ਿਸ਼ ਨਹੀਂ ਕਰਦਾ ਕਿ ਆਤਮ-ਚੀਨਣ ਕਰਕੇ ਅਸਲੀਅਤ ਤੱਕ ਪਹੁੰਚੇ। ਜਿੱਥੇ ਆਤਮ-ਚੀਨਣ ਹੁੰਦਾ ਹੈ, ਆਪੇ ਦੀ ਵਿਚਾਰ ਹੁੰਦੀ ਹੈ, ਉਥੇ ਮਨੁੱਖ ਵਿਕਾਰਾਂ ਤੋਂ ਬਚ ਜਾਂਦਾ ਹੈ ਕਿਉਂਕਿ ਉਸ ਨੂੰ ਗੁਰੂ ਰਾਹੀਂ ਆਪਣੇ ਜੀਵਨ ਨੂੰ ਵਿਕਾਰਾਂ ਤੋਂ ਬਚਾਉਣ ਦਾ ਰਸਤਾ ਪਤਾ ਲੱਗ ਜਾਂਦਾ ਹੈ ਅਤੇ ਅਜਿਹੇ ਮਨੁੱਖ ਦੀ ਸਹਾਇਤਾ ਲਈ ਅਕਾਲ ਪੁਰਖ ਆਪ ਸਹਾਈ ਹੁੰਦਾ ਹੈ ਕਿਉਂਕਿ ਉਹ ਸਦਾ ਕਾਇਮ ਰਹਿਣ ਵਾਲੀ ਹਸਤੀ ਹੈ ਜੋ ਮਨੁੱਖ ਨੂੰ ਤਾਰਨ ਦੇ ਸਮਰੱਥ ਹੈ:
ਸੇਵਾ ਸੁਰਤਿ ਰਹਸਿ ਗੁਣ ਗਾਵਾ ਗੁਰਮੁਖਿ ਗਿਆਨੁ ਬੀਚਾਰਾ॥
ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ॥
ਹਮ ਨੀਚ ਹੋਤੇ ਹੀਣਮਤਿ ਝੂਠੇ ਤੂ ਸਬਦਿ ਸਵਾਰਣਹਾਰਾ॥
ਆਤਮ ਚੀਨਿ ਤਹਾ ਤੂ ਤਾਰਣ ਸਚੁ ਤਾਰੇ ਤਾਰਣਹਾਰਾ॥੩॥ (ਪੰਨਾ ੧੨੫੫)
ਬਾਦੀ ਅਤੇ ਖੋਜੀ ਇਨ੍ਹਾਂ ਦੋ ਸੰਕਲਪਾਂ ‘ਤੇ ਵਿਚਾਰ ਕਰਦਿਆਂ ਗੁਰੂ ਨਾਨਕ ਸਾਹਿਬ ਨੇ ਖੋਜੀ ਨੂੰ ਰਚਨਾਤਮਕ ਵਿਅਕਤੀ ‘ਖੋਜੀ ਉਪਜੈ’ ਕਿਹਾ ਹੈ। ਉਪਜੈ ਸ਼ਬਦ ਵੀ ਸੰਸਕ੍ਰਿਤ ਦੇ ਸ਼ਬਦ ‘ਉਪਜਣ’ ਤੋਂ ਆਇਆ ਹੈ ਜਿਸ ਦਾ ਅਰਥ ਹੈ, ਵਾਧਾ ਕਰਨਾ, ਬੁੱਧੀ ਦਾ ਵਿਕਾਸ ਕਰਨਾ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦੀ ਵਰਤੋਂ ਜਿਸ ਤਰ੍ਹਾਂ ਹੋਈ ਹੈ, ਉਸ ਅਨੁਸਾਰ ਇਸ ਦਾ ਅਰਥ ਪੈਦਾ ਕਰਨਾ ਵੀ ਬਣਦਾ ਹੈ। ਖੋਜੀ ਦਾ ਅਰਥ ਵਿਅਕਤੀਗਤ ਨਹੀਂ ਹੈ, ਇਸ ਦਾ ਅਰਥ ਪੂਰਨ ਥੀਣ ਵਾਸਤੇ ਇੱਕ ਤਰ੍ਹਾਂ ਦੀ ਬ੍ਰਹਿਮੰਡੀ ਪ੍ਰੇਰਨਾ ਹੈ। ਖੋਜੀ ਨੂੰ ਗੁਰੂਆਂ ਨੇ ਗੁਰਮੁਖਿ ਕਿਹਾ ਹੈ। ਗੁਰਮੁਖਿ ਦਾ ਆਦਰਸ਼ ਗਿਆਨ ਦੀ ਜਗਿਆਸਾ ਕਰਨਾ ਅਤੇ ਉਸ ‘ਤੇ ਵਿਚਾਰ ਕਰਨਾ ਹੈ, ਮਨਣ ਕਰਨਾ ਹੈ। ਖੋਜੀ ਆਪਣੇ ਗਿਆਨ ਨੂੰ ਦੂਸਰਿਆਂ ਨਾਲ ਵੰਡਦਾ ਹੈ ਅਤੇ ਇਸ ਗਿਆਨ ਨੂੰ ਦੂਸਰਿਆਂ ਦੀ ਸੇਵਾ ਲਈ ਕਰਮ ਕਰਨ ਤੇ ਭਲਾ ਕਰਨ ਲਈ ਵਰਤਦਾ ਹੈ। ਸੇਵਾ ਇੱਥੇ ਕੋਈ ਬਾਹਰੋਂ ਲੱਦਿਆ ਹੋਇਆ ਫਰਜ਼ ਨਹੀਂ ਹੈ ਬਲਕਿ ਉਸ ਦੇ ਅੰਤ੍ਰੀਵੀ ਅਨੁਭਵ ਅਤੇ ਵਿਕਾਸ ਦਾ ਨਤੀਜਾ ਹੈ। ਉਹ ਆਪਣੀ ਦ੍ਰਿਸ਼ਟੀ ਅਤੇ ਸੁਰਤਿ ਨੂੰ ਸ਼ਬਦ ਰਾਹੀਂ ਸੰਵਾਰਨ ਦਾ ਕਾਰਜ ਵੀ ਕਰਦਾ ਹੈ। ਇਸ ਕਿਸਮ ਦੀ ਜਗਿਆਸਾ ਅਤੇ ਖੋਜ ਹੀ ਫਲਦਾਇਕ ਹੁੰਦੀ ਹੈ। ਇਹ ਵਿਚਾਰਸ਼ੀਲ ਅਤੇ ਸਹੀ ਸੇਧ ਵਿਚ ਕੀਤੀ ਖੋਜ ਹੈ। ਸੁਰਤਿ ਡੂੰਘਾਈ ਵਿਚ ਸੋਚਣਾ, ਧਿਆਨ ਲਾਉਣਾ ਅਤੇ ਉਚੀ ਚੇਤੰਨਤਾ, ਸੋਝੀ ਦੇ ਅਰਥਾਂ ਵਿਚ ਹੈ। ਸੁਰਤਿ ਬਹੁ-ਪਰਤੀ ਸੰਕਲਪ ਹੈ। ਇਹ ਵੀ ਕਿਹਾ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਮਨੁੱਖ ਨੂੰ ਇਹ ਵੀ ਦੱਸਦੀਆਂ ਹਨ ਕਿ ਬੁੱਧੀ ਵਾਦ ਰੂਪੀ ਤਰਕ ਤੋਂ ਪਾਸੇ ਹਟਾਉਣੀ ਚਾਹੀਦੀ ਹੈ ਅਤੇ ਆਪਣੇ ਮਨ ਨੂੰ ਸ਼ਬਦ ਵਿਚ ਇਸ ਤਰ੍ਹਾਂ ਰੰਗਣਾ ਚਾਹੀਦਾ ਹੈ ਕਿ ਅਕਾਲ ਪੁਰਖ ਦਾ ਸੱਚਾ ਦ੍ਰਿਸ਼ ਉਸ ਦੀ ਸੁਰਤਿ ਵਿਚ ਸਾਫ ਅਤੇ ਸਪੱਸ਼ਟ ਹੋ ਜਾਵੇ।
ਗੁਰੂ ਅਮਰਦਾਸ ਜੀ ਨੇ ਭਾਵੇਂ ਖੋਜੀ ਸ਼ਬਦ ਸਿੱਧੇ ਰੂਪ ਵਿਚ ਨਹੀਂ ਵਰਤਿਆ ਪਰ ਉਨ੍ਹਾਂ ਨੇ ‘ਬਾਦੀ’ ਦੇ ਸਬੰਧ ਵਿਚ ਗੱਲ ਕਰਦਿਆਂ ‘ਖੋਜ’ ਸ਼ਬਦ ਵਰਤਿਆ ਹੈ। ਗੁਰੂ ਅਮਰਦਾਸ ਅਨੁਸਾਰ ਵਿਅਕਤੀ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਉਚੇ ਗਿਆਨ ਦੀ ਜਗਿਆਸਾ ਕਰ ਸਕਦਾ ਹੈ ਅਤੇ ਗਿਆਨ ਪ੍ਰਾਪਤ ਕਰ ਸਕਦਾ ਹੈ। ਇਹ ਸੰਭਵ ਹੈ ਕਿਉਂਕਿ ਮਨੁੱਖ ਵਿਚ ਇਸ ਦੀ ਬੇਅੰਤ ਸਮਰੱਥਾ ਹੈ ਕਿ ਉਹ ਗੁਰੂ ਰਾਹੀਂ ਅਕਾਲ ਪੁਰਖ ਦੀ ਮਿਹਰ ਸਦਕਾ ਨਾਮ-ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸਕਦਾ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਜਿਸ ਮਨੁੱਖ ਦੀ ਇਹ ਕਾਇਆ, ਇਹ ਸਰੀਰ ਗੁਰੂ ਦੇ ਸ਼ਬਦ ਨਾਲ ਰੰਗਿਆ ਹੋਇਆ ਹੈ ਅਤੇ ਉਸ ਸਦੀਵੀ ਹਸਤੀ ਅਕਾਲ ਪੁਰਖ ਦੇ ਨਾਮ ਨਾਲ ਪ੍ਰੇਮ ਕਰਦਾ ਹੈ, ਉਸ ਮਨੁੱਖ ਦੇ ਸਰੀਰ ਵਿਚੋਂ ਗੁਰੂ ਦੇ ਸ਼ਬਦ ਰਾਹੀਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ ਅਤੇ ਉਸ ਦਾ ਸਰੀਰ ਵਿਕਾਰਾਂ ਦੀ ਮੈਲ ਦੇ ਧੋਤੇ ਜਾਣ ਨਾਲ ਸੋਨੇ ਵਾਂਗ ਨਿਰਮਲ ਅਤੇ ਸ਼ੁਧ ਹੋ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਸਰੀਰ ਅਕਾਲ ਪੁਰਖ ਦੇ ਨਾਮ ਰੂਪੀ ਅੰਮ੍ਰਿਤ ਜਲ ਨਾਲ ਸਦੀਵੀ ਭਰਿਆ ਰਹਿੰਦਾ ਹੈ, ਉਹ ਸਰੀਰ ਪਵਿੱਤਰ ਹੈ ਪਰ ਇਹ ਨਾਮ ਜਲ ਮਨੁੱਖ ਨੂੰ ਗੁਰੂ ਦੇ ਸ਼ਬਦ ਰਾਹੀਂ ਗੁਰੂ ਦੇ ਸ਼ਬਦ ‘ਤੇ ਵਿਚਾਰ ਕੀਤਿਆਂ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਜਿਹੜੇ ਮਨੁੱਖ ਆਪਣੇ ਸਰੀਰ, ਆਪਣੀ ਕਾਇਆ ਅੰਦਰ ਹੀ ਉਸ ਅਕਾਲ ਪੁਰਖ ਨੂੰ ਲੱਭਦੇ ਹਨ, ਉਸ ਦੀ ਖੋਜ ਕਰਦੇ ਹਨ (ਬਾਣੀ ਅਨੁਸਾਰ ਉਹ ਅਕਾਲ ਪੁਰਖ ਜੋਤਿ ਸਰੂਪ ਹੋ ਕੇ ਮਨੁੱਖ ਦੇ ਅੰਦਰ ਵੱਸ ਰਿਹਾ ਹੈ), ਉਨ੍ਹਾਂ ਦਾ ਉਸ ਅਕਾਲ ਪੁਰਖ ਨਾਲ ਮੇਲ ਹੋ ਜਾਂਦਾ ਹੈ। ਇਸ ਦੇ ਉਲਟ ਜਿਹੜੇ ਆਪਣੇ ਭੇਖ ਜਾਂ ਗਿਆਨ ਦੇ ਅਹੰਕਾਰ ਵਿਚ ਉਸ ਅਕਾਲ ਪੁਰਖ ਨੂੰ ਬਾਹਰ ਲੱਭਦੇ ਹਨ, ਉਹ ਆਪਣੀ ਆਤਮਕ ਮੌਤ ਸਹੇੜ ਲੈਂਦੇ ਹਨ। ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੇ ਪ੍ਰੇਮ ਵਿਚ, ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਪਰਮਾਤਮ ਭਗਤੀ ਵਿਚ ਲੱਗੇ ਰਹਿੰਦੇ ਹਨ, ਉਸ ਦੀ ਸੇਵਾ ਕਰਦੇ ਹਨ ਉਹ ਉਸ ਨਾਲ ਮਿਲਾਪ ਪ੍ਰਾਪਤ ਕਰ ਲੈਂਦੇ ਹਨ ਪਰ ਜਿਹੜੇ ਮਨੁੱਖ ਵਾਦ-ਵਿਵਾਦ ਵਿਚ ਪਏ ਰਹਿੰਦੇ ਹਨ, ਉਹ ਆਤਮਕ ਤੌਰ ‘ਤੇ ਮਰ ਜਾਂਦੇ ਹਨ। ਇਸ ਲਈ ਅਸਲੀ ਜੋਗੀ (ਜਿਸ ਨੇ ਪਰਮਾਤਮਾ ਨਾਲ ਮੇਲ ਪ੍ਰਾਪਤ ਕਰ ਲਿਆ ਹੋਵੇ) ਉਹ ਹੈ, ਜੋ ਅਕਾਲ ਪੁਰਖ ਨਾਲ ਜੁੜਿਆ ਹੋਇਆ ਹੈ, ਜਿਸ ਨੇ ਆਪਣੇ ਅੰਦਰੋਂ ਗੁਰੂ ਦੇ ਸ਼ਬਦ ਰਾਹੀਂ ਹਉਮੈ, ਤ੍ਰਿਸ਼ਨਾ ਆਦਿ ਵਿਕਾਰਾਂ ਨੂੰ ਖਤਮ ਕਰ ਦਿੱਤਾ ਹੈ, ਜੋ ਉਤਮ ਗਿਆਨ ਤੇ ਵਿਚਾਰ ਕਰਦਾ ਹੈ, ਇਸ ਬ੍ਰਹਿਮੰਡ ਦੇ ਮੂਲ ਅਕਾਲ ਪੁਰਖ ਦੇ ਗੁਣਾਂ ‘ਤੇ ਵਿਚਾਰ ਕਰਕੇ ਉਸ ਨਾਲ ਸਾਂਝ ਬਣਾਉਂਦਾ ਹੈ, ਗੁਣਾਂ ਨੂੰ ਆਪਣੇ ਅੰਦਰ ਵਸਾਉਂਦਾ ਹੈ:
ਕਾਇਆ ਕੰਚਨੁ ਸਬਦੇ ਰਾਤੀ ਸਾਚੈ ਨਾਇ ਪਿਆਰੀ॥
ਕਾਇਆ ਅੰਮ੍ਰਿਤਿ ਰਹੀ ਭਰਪੂਰੇ ਪਾਈਆ ਸਬਦਿ ਵੀਚਾਰੀ॥
ਜੋ ਪ੍ਰਭੁ ਖੋਜਹਿ ਸੇਈ ਪਾਵਹਿ ਹੋਰਿ ਫੂਟਿ ਮੂਏ ਅਹੰਕਾਰੀ॥
ਬਾਦੀ ਬਿਨਸਹਿ ਸੇਵਕ ਸੇਵਹਿ ਗੁਰ ਕੈ ਹੇਤਿ ਪਿਆਰੀ॥
ਸੋ ਜੋਗੀ ਤਤੁ ਗਿਆਨੁ ਬੀਚਾਰੇ ਹਉਮੈ ਤ੍ਰਿਸਨਾ ਮਾਰੀ॥ (ਪੰਨਾ ੯੧੧)
ਗੁਰੂ ਰਾਮਦਾਸ ਜੀ ਨੇ ਸ਼ਬਦ ‘ਖੋਜੀ’ ਅਤੇ ਇਸ ਵਿਚ ਨਿਹਤ ਸੰਕਲਪ ਵੱਲ ਸੰਕੇਤ ਕੀਤਾ ਹੈ। ਗੁਰੂ ਸਾਹਿਬ ਨੇ ਸਪੱਸ਼ਟ ਕੀਤਾ ਹੈ ਕਿ ਖੋਜ ਦਾ ਸਬੰਧ ਮਨੁੱਖ ਦੇ ਸਰੀਰ ਅਤੇ ਮਨ-ਦੋਵਾਂ ਨਾਲ ਹੈ। ਇਹ ਗਿਆਨ ਮਨੁੱਖ ਨੇ ਆਪਣੇ ਗਿਆਨ ਇੰਦ੍ਰਿਆਂ ਰਾਹੀਂ ਪ੍ਰਾਪਤ ਕਰਨਾ ਹੈ ਅਤੇ ਫਿਰ ਉਸ ਨੂੰ ਆਪਣੇ ਮਨ ਨਾਲ, ਬੁੱਧੀ ਨਾਲ ਆਤਮਸਾਤ ਕਰਨਾ ਹੈ, ਫਿਰ ਇਹ ਗਿਆਨ ਮਨੁੱਖ ਦੇ ਮਨ ਤੇ ਤਨ ਦਾ ਹਿੱਸਾ ਬਣਦਾ ਹੈ ਅਤੇ ਉਸ ਨੂੰ ਅਕਾਲ ਪੁਰਖ ਦਾ ਅਨੁਭਵ ਹੁੰਦਾ ਹੈ। ਗੁਰੂ ਰਾਮਦਾਸ ਜੀ ਵੀ ਮਨੁੱਖ ਨੂੰ ਇਹ ਅਹਿਸਾਸ ਕਰਾਉਂਦੇ ਹਨ ਕਿ ਅਕਾਲ ਪੁਰਖ ਮਨੁੱਖ ਦੇ ਮਨ, ਤਨ ਅਤੇ ਪ੍ਰਾਣਾਂ ਵਿਚ ਵੱਸ ਰਿਹਾ ਹੈ। ਕੋਈ ਉਸ ਦਾ ਰਸਤਾ ਦੱਸਣ ਵਾਲਾ ਚਾਹੀਦਾ ਹੈ ਭਾਵ ਉਸ ਨੂੰ ਪਾਉਣ ਦਾ ਜਾਂ ਅਨੁਭਵ ਕਰਨ ਦਾ ਰਸਤਾ ਕਿਹੜਾ ਹੈ? ਇਹ ਗੁਰੂ ਤੋਂ ਪਤਾ ਲੱਗਦਾ ਹੈ।
ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ ਕਿ ਮੈਂ ਆਪਣੇ ਮਨ ਅਤੇ ਤਨ-ਦੋਵਾਂ ਦੀ ਖੋਜ ਕਰਦਾ ਹਾਂ ਤਾਂ ਕਿ ਮੈਂ ਉਸ ਨੂੰ ਮਿਲ ਸਕਾਂ। ਇਹ ਖੋਜ ਪੂਰੀ ਕਿਸ ਤਰ੍ਹਾਂ ਹੁੰਦੀ ਹੈ? ਸਤਿ ਸੰਗਤਿ ਵਿਚ ਜਾ ਕੇ ਇਸ ਨੂੰ ਖੋਜ ਸਕੀਦਾ ਹੈ ਕਿਉਂਕਿ ਬਾਣੀ ਅਨੁਸਾਰ ਸਤਿ ਸੰਗਤਿ ਵਿਚ ਅਕਾਲ ਪੁਰਖ ਦਾ ਨਿਵਾਸ ਹੈ। ਸਤਿ ਸੰਗਤ ਤੋਂ ਮਨੁੱਖ ਨੂੰ ਉਸ ਨੂੰ ਪਾਉਣ ਦਾ ਰਸਤਾ ਪਤਾ ਲੱਗਦਾ ਹੈ। ਗੁਰੂ ਰਾਮਦਾਸ ਅਨੁਸਾਰ ਖੋਜ ਦਾ ਆਦਰਸ਼ ਉਚਾ ਗਿਆਨ ਪ੍ਰਾਪਤ ਕਰਨਾ ਹੈ ਜੋ ਮਨੁੱਖ ਨੂੰ ਅਕਾਲ ਪੁਰਖ ਵੱਲ ਲੈ ਜਾਵੇ। ਗਿਆਨ ਦੀ ਇਹ ਖੋਜ ਵਿਅਕਤੀਗਤ ਕਾਰਜ ਨਹੀਂ ਹੈ ਬਲਕਿ ਸੰਗਤੀ ਯਤਨ ਹੈ। ਸਤਿ ਦਾ ਖੋਜੀ ਦੂਸਰਿਆਂ ਅਰਥਾਤ ਸਤਿ ਸੰਗਤਿ ਦੀ ਮਦਦ ਲੈਂਦਾ ਹੈ। ਇਹ ਸਾਂਝਾ ਯਤਨ ਹੈ ਜਿਸ ਵਿਚ ਦੂਸਰਿਆਂ ਦੀਆਂ ਕੋਸ਼ਿਸ਼ਾਂ ਵੀ ਸ਼ਾਮਲ ਹਨ। ‘ਭਾਲਿ ਭਾਲਾਈ’ ਦਾ ਸਬੰਧ ਸਵੈ ਨਾਲ ਅਤੇ ਸੰਗਤ- ਦੋਵਾਂ ਨਾਲ ਹੈ। ਇਸੇ ਲਈ ਸਿੱਖ ਧਰਮ ਏਕਾਂਤਕ ਧਰਮ ਨਹੀਂ, ਸੰਗਤੀ ਹੈ:
ਮਧੁਸੂਦਨ ਮੇਰੇ ਮਨ ਤਨ ਪ੍ਰਾਨਾ॥
ਹਉ ਹਰਿ ਬਿਨੁ ਦੂਜਾ ਅਵਰੁ ਨ ਜਾਨਾ॥
ਕੋਈ ਸਜਣੁ ਸੰਤੁ ਮਿਲੈ ਵਡਭਾਗੀ
ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ॥੧॥
ਹਉ ਮਨੁ ਤਨੁ ਖੋਜੀ ਭਾਲਿ ਭਾਲਾਈ॥
ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ॥
ਮਿਲਿ ਸਤਿਸੰਗਤਿ ਖੋਜੁ ਦਸਾਈ
ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ॥੨॥ (ਪੰਨਾ ੯੪)
ਗੁਰੂ ਅਰਜਨ ਦੇਵ ਜੀ ਨੇ ਖੋਜ ‘ਤੇ ਚਰਚਾ ਬਹੁਤ ਵਿਸਥਾਰ ਵਿਚ ਚਰਚਾ ਕੀਤੀ ਹੈ। ਉਨ੍ਹਾਂ ਨੇ ਇਸ ਸ਼ਬਦ ਦੀ ਵਰਤੋਂ ਦੋ ਸੰਦਰਭਾਂ ਵਿਚ ਕੀਤੀ ਹੈ; ਇਕ ਹੈ, ਲਧਮ ਭਾਵ ਲੱਭ ਲੈਣਾ, ਖੋਜ ਲੈਣਾ। ਦੂਸਰਾ, ਉਜੜ ਅਤੇ ਉਜੜ ਦਾ ਸਬੰਧ ਤਬਾਹੀ ਨਾਲ ਹੈ, ਖਤਮ ਹੋ ਜਾਣ ਨਾਲ ਹੈ। ਗੁਰੂ ਅਰਜਨ ਦੇਵ ਜੀ ਨੇ ਭਾਵੇਂ ‘ਖੋਜੀ’ ਦਾ ਉਲਟ ਸ਼ਬਦ ਬਾਦੀ ਨਹੀਂ ਵਰਤਿਆ ਪਰ ਅਸੀਂ ਦੇਖ ਚੁੱਕੇ ਹਾਂ ਕਿ ਇਸ ਦਾ ਇੱਕ ਪੱਖ ਬਾਦ ਵੀ ਹੈ। ਮਨੁੱਖ ਆਪਣੀਆਂ ਅਸਲੀ ਸੰਭਾਵਨਾਵਾਂ ਨੂੰ ਗੁਆ ਸਕਦਾ ਹੈ ਅਗਰ ਉਹ ਮਹਿਜ ਆਪਣੇ ਇੰਦ੍ਰਿਆਵੀ ਗਿਆਨ ‘ਤੇ ਹੀ ਨਿਰਭਰ ਕਰੇਗਾ ਕਿਉਂਕਿ ਇਹ ਗਿਆਨ ਸੀਮਤ ਹੁੰਦਾ ਹੈ। ਪ੍ਰੰਤੂ ਜੇ ਉਹ ਆਪਣੇ ਗਿਆਨ ਨੂੰ ਆਪਣੀ ਉਚ ਬੁੱਧੀ ਨਾਲ ਇੰਦ੍ਰਿਆਂ ਤੋਂ ਅੱਗੇ ਲੈ ਜਾਂਦਾ ਹੈ ਤਾਂ ਉਹ ਉਚਾ ਗਿਆਨ ਪ੍ਰਾਪਤ ਕਰ ਸਕਦਾ ਹੈ, ਜਿਸ ਨੂੰ ਖੋਜ ਕਹਿੰਦੇ ਹਨ। ਇੱਥੇ ਗੁਰੂ ਅਰਜਨ ਦੇਵ ਇੱਕ ਰਸਤਾ ਸੁਝਾਉਂਦੇ ਹਨ ਅਤੇ ਉਹ ਰਸਤਾ ਗੁਰੂ ਦਾ ਰਸਤਾ ਹੈ। ਗੁਰੂ ਗਿਆਨ ਦਾ ਜਗਿਆਸੂ ਵੀ ਹੈ ਭਾਵ ਗਿਆਨ ਦੀ ਖੋਜ ਵੀ ਕਰਦਾ ਹੈ ਅਤੇ ਗਿਆਨ ਦੇ ਰਸਤੇ ‘ਤੇ ਤੋਰਨ ਵਾਲਾ ਵੀ ਹੈ।
ਗੁਰੂ ਅਰਜਨ ਦੇਵ ਫੁਰਮਾਉਂਦੇ ਹਨ ਕਿ ਖੋਜੀ (ਗੁਰੂ) ਪਾਸੋਂ ਮੈਨੂੰ ਪਤਾ ਲੱਗ ਗਿਆ ਹੈ, ਖੋਜ ਮਿਲ ਗਈ ਹੈ ਕਿ ਮੇਰੀ ਖੇਤੀ ਕਿਸ ਨੇ ਉਜਾੜੀ ਹੈ। ਭਾਵ ਗੁਰੂ ਪਾਸੋਂ ਮੈਨੂੰ ਪਤਾ ਲੱਗ ਗਿਆ ਹੈ ਕਿ ਕੀਤੇ ਹੋਏ ਬੁਰੇ ਕਰਮ ਅਰਥਾਤ ਪਾਪ-ਕਰਮ ਕਿਸ ਤਰ੍ਹਾਂ ਮੇਰੀ ਖੇਤੀ ਨੂੰ ਉਜਾੜਦੇ ਹਨ। ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ ਹੈ ਕਿ ਤੂੰ ਮਾਲਕ ਨੇ ਮੇਰੀ ਖੇਤੀ ਨੂੰ ਗੁਰੂ ਰੂਪੀ ਸਹਾਇਤਾ ਦੇ ਕੇ ਵਾੜ ਦੇ ਦਿੱਤੀ ਹੈ ਜਿਸ ਨਾਲ ਮੇਰੀ ਖੇਤੀ ਬਚ ਗਈ ਹੈ ਅਤੇ ਹੁਣ ਉਜੜੇਗੀ ਨਹੀਂ:
ਖੋਜੀ ਲਧਮੁ ਖੋਜੁ ਛਡੀਆ ਉਜਾੜਿ॥
ਤੈ ਸਹਿ ਦਿਤੀ ਵਾੜਿ ਨਾਨਕ ਖੇਤੁ ਨ ਛਿਜਈ॥੨॥ (ਪੰਨਾ ੫੨੧)
ਗੁਰੂ ਅਰਜਨ ਦੇਵ ਅਨੁਸਾਰ ਅਜਿਹੀ ਖੋਜ ਦਾ ਮਾਧਿਅਮ ਸਤਿ ਪੁਰਸ਼ਾਂ ਦੀ ਸੰਗਤ ਅਰਥਾਤ ਸਤਿ ਸੰਗਤਿ ਹੈ। ਇਥੇ ਗੁਰੂ ਸਾਹਿਬ ਨੇ ਗਿਆਨ ਨੂੰ ਰਤਨ ਕਿਹਾ ਹੈ ਜੋ ਬਹੁਤ ਕੀਮਤੀ ਹੁੰਦਾ ਹੈ ਅਤੇ ਜਿਸ ਨੂੰ ਪ੍ਰਾਪਤ ਕਰਨ ਵਿਚ ਸੰਤਾਂ ਭਾਵ ਗੁਰਮੁਖਾਂ ਦੀ ਸੰਗਤ ਸਹਾਈ ਹੁੰਦੀ ਹੈ। ਉਨ੍ਹਾਂ ਨੇ ਮਾਧਿਅਮ ਦੀ ਗੱਲ ਕਰਦਿਆਂ ਅੱਗੇ ਕਿਹਾ ਹੈ ਕਿ ਮਾਧਿਅਮ ਉਹ ਹੀ ਆਹਲਾ ਜਾਂ ਸਹੀ ਹੈ ਜੋ ਮਨੁੱਖ ਨੂੰ ਸੱਚੇ ਗਿਆਨ ਵੱਲ ਲੈ ਕੇ ਜਾਂਦਾ ਹੈ ਅਤੇ ਉਨ੍ਹਾਂ ਅਨੁਸਾਰ ਇਹ ਮਾਧਿਅਮ ਸਤਿ ਸੰਗਤਿ ਹੈ, ਗੁਰਮੁਖਾਂ ਦੀ, ਭਲੇ ਪੁਰਸ਼ਾਂ ਦੀ ਸੰਗਤ ਹੈ:
ਭਇਆ ਸਮਾਹੜਾ ਹਰਿ ਰਤਨੁ ਵਿਸਾਹਾ ਰਾਮ॥
ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ॥
ਮਿਲੇ ਸੰਤ ਪਿਆਰੇ ਦਇਆ ਧਾਰੇ ਕਥਹਿ ਅਕਥ ਬੀਚਾਰੋ॥
ਇਕ ਚਿਤਿ ਇਕ ਮਨਿ ਧਿਆਇ ਸੁਆਮੀ ਲਾਇ ਪ੍ਰੀਤਿ ਪਿਆਰੋ॥ (ਪੰਨਾ ੮੪੫)
ਇਸ ਸੰਖੇਪ ਚਰਚਾ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਸਿੱਖ ਧਰਮ ਚਿੰਤਨ ਅਨੁਸਾਰ ਸੱਚ ਦੀ ਜਗਿਆਸਾ ਅਤੇ ਸੱਚੇ ਗਿਆਨ ਦੀ ਜਗਿਆਸਾ ਕੀਤੀ ਗਈ ਹੈ ਜਿਸ ਦੇ ਸਿੱਟੇ ਰਚਨਾਤਮਕ ਨਿਕਲਦੇ ਹਨ। ਅਜਿਹੇ ਗਿਆਨ ਲਈ ਮਨੁੱਖ ਨੂੰ ਉਤਸ਼ਾਹਿਤ ਵੀ ਕੀਤਾ ਗਿਆ ਹੈ ਅਤੇ ਅਜਿਹੇ ਗਿਆਨ ਦੀ ਸ਼ਲਾਘਾ ਵੀ ਕੀਤੀ ਗਈ ਹੈ। ਜੋ ਗਿਆਨ ਖੜੋਤ ਵਿਚ ਹੈ ਅਤੇ ਮਨੁੱਖ ਨੂੰ ਭਰਮ-ਮੁਕਤਿ ਨਹੀਂ ਕਰਦਾ, ਉਸ ਦੇ ਸ਼ੰਕਿਆਂ ਨੂੰ ਦੂਰ ਨਹੀਂ ਕਰਦਾ, ਕਿਸੇ ਉਸਾਰੂ ਪਾਸੇ ਨਹੀਂ ਲਗਾਉਂਦਾ, ਅਜਿਹੇ ਗਿਆਨ ਤੋਂ ਮਨੁੱਖ ਨੂੰ ਪ੍ਰਹੇਜ ਕਰਨ ਦੀ ਸਲਾਹ ਦਿੱਤੀ ਗਈ ਹੈ, ਜਿਸ ਨੂੰ ਬਾਣੀ ਵਿਚ ਬਾਦ ਜਾਂ ਵਾਦ ਕਿਹਾ ਗਿਆ ਹੈ।