ਇਸਤਰੀ ਮਨੋਬਲ ਦੀ ਬਾਤ ਪਾਉਂਦੇ ਨਾਟਕ

ਗੁਲਜ਼ਾਰ ਸਿੰਘ ਸੰਧੂ
ਗੁਰਸ਼ਰਨ ਸਿੰਘ ਨਾਟ ਉਤਸਵ ਦਾ ਤੇਰ੍ਹਵਾਂ ਨਾਟਕ ਮੇਲਾ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਚ ਇਸਤਰੀ ਸ਼ਕਤੀ ਦੀਆਂ ਤਹਿਆਂ ਤੱਕ ਜਾਣ ਵਾਲਾ ਸੀ। ਇਸ ਪੰਜ ਰੋਜ਼ਾ ਉਤਸਵ ਦੀ ਖਾਸ ਵਿਲੱਖਣਤਾ ਇਹ ਸੀ ਕਿ ਅਨੀਤਾ ਸ਼ਬਦੀਸ਼, ਸੀਮਾ ਬਿਸਵਾਸ ਤੇ ਮਨਦੀਪ ਘਈ ਦੀ ਸੋਲੋ ਅਦਾਕਾਰੀ (ਮਨਬਚਨੀ) ਨੇ ਕ੍ਰਮਵਾਰ ‘ਮਨ ਮਿੱਟੀ’, ‘ਸਟ੍ਰੀਟ ਪਤਰ’ ਤੇ ‘ਕੁਦੇਸਣ’ ਨਾਂ ਦੇ ਨਾਟਕਾਂ ਵਿਚ ਇਸਤਰੀ ਜਾਤੀ ਦੇ ਵੱਖ-ਵੱਖ ਰੂਪਾਂ ਬਾਰੇ ਕਮਾਲ ਦੀ ਅਦਾਕਾਰੀ ਨਾਲ ਅਤਿਅੰਤ ਗੰਭੀਰ ਤੇ ਦਿਲ ਖਿਚਵਾਂ ਚਾਨਣਾ ਪਾਇਆ।

ਅਨੀਤਾ ਦੀ ਸੋਲੋ ਅਦਾਕਾਰੀ ਨੇ ਦਿੱਲੀ ਵਾਲੀ ਦਾਮਨੀ ਦੇ ਬਲਾਤਕਾਰ ਅਤੇ ਪਾਕਿਸਤਾਨ ਦੀ ਮੁਖਤਾਰ ਮਾਈ ਦੇ ਪਿੰਡ ਦੀ ਪੰਚਾਇਤ ਵੱਲੋਂ ਕੀਤੇ ਸਮੂਹਕ ਜਬਰ-ਜਨਾਹ ਵਰਗੀਆਂ ਅਮਾਨਵੀ ਤੇ ਵਹਿਸ਼ੀ ਘਟਨਾਵਾਂ ਨੂੰ ਇਸ ਤਰ੍ਹਾਂ ਲੀਰੋ ਲੀਰ ਕੀਤਾ ਕਿ ਦਰਸ਼ਕ ਦੰਗ ਰਹਿ ਗਏ। ਆਪਣੇ ਜੀਵਨ ਸਾਥੀ ਸਬਦੀਸ਼ ਦੀ ਲਿਖੀ ਇਹ ਪਟ-ਕਥਾ ਉਹ ਚੰਡੀਗੜ੍ਹ ਤੋਂ ਪਹਿਲਾਂ ਬਰਤਾਨੀਆ ਦੇ ਕਈ ਸ਼ਹਿਰਾਂ ਵਿਚ ਪੇਸ਼ ਕਰਕੇ ਨਾਮਣਾ ਖੱਟ ਚੁੱਕੀ ਹੈ। ਨਿਸ਼ਚੇ ਹੀ ਦਰਸ਼ਕਾਂ ਦੀਆਂ ਤਾੜੀਆਂ ਦੀ ਗੂੰਜ ਨੇ ਟੈਗੋਰ ਥੀਏਟਰ ਦੀਆਂ ਕੰਧਾਂ ਵੀ ਕੰਬਣ ਲਾ ਦਿੱਤੀਆਂ ਸਨ। ਓਧਰ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਵਾਲਿਆਂ ਦੇ ‘ਕੁਦੇਸਣ’ ਨਾਟਕ ਨੂੰ ਮਨਦੀਪ ਘਈ (ਗੰਗੋ) ਨੇ ਵੀ ਉਹ ਜ਼ੁਬਾਨ ਦਿੱਤੀ ਜਿਹੜੀ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ। ਬਿਹਾਰ ਦੀ ਜੰਮੀ ਜਾਈ ਗੰਗੋ ਨੂੰ ਉਸ ਦੇ ਮਾਪੇ ਪੈਸੇ ਦੇ ਲਾਲਚ ਵਿਚ ਮੱਝਾਂ ਗਾਈਆਂ ਦੇ ਭਾਅ ਪੰਜਾਬੀ ਸਿੱਖ ਨੂੰ ਵੇਚ ਦਿੰਦੇ ਹਨ ਤਾਂ ਉਹ ਵੀ ਉਸ ਦੀ ਕੁੱਖ ਤੋਂ ਮੁੰਡਾ ਪ੍ਰਾਪਤ ਹੋਣ ਪਿਛੋਂ ਉਸ ਨੂੰ ਉਦੂੰ ਵੀ ਘੱਟ ਮੁੱਲ ਉਤੇ ਅੱਗੇ ਕਿਸੇ ਮੁਸਲਿਮ ਦੇ ਲੜ ਲਾ ਦਿੰਦਾ ਹੈ ਤੇ ਉਹ ਅੱਗੇ ਹੋਰ ਵੀ ਘੱਟ ਪੈਸਿਆਂ ਵਿਚ ਕਿਸੇ ਇਸਾਈ ਦੇ ਲੜ। ਅੰਤ ਵਿਚ ਗੰਗਾ ਦੇ ਅੰਦਰਲੇ ਮਨ ਦੀ ਸੁਹਿਰਦਤਾ ਨੂੰ ਪਹਿਚਾਣਦਿਆਂ ਇੱਕ ਅਧਿਆਪਕ ਜੀਊੜਾ ਉਸ ਨੂੰ ਆਪਣੇ ਘਰ ਵਸਾ ਲੈਂਦਾ ਹੈ। ਜਤਿੰਦਰ ਬਰਾੜ ਦੀ ਇਸ ਰਚਨਾ ਦਾ ਯੋਗ ਸਵਾਗਤ ਹੋ ਰਿਹਾ ਹੈ।
ਇਸ ਲੜੀ ਵਿਚ ਸੀਮਾ ਬਿਸਵਾਸ ਦੀ ਅਦਾਕਾਰੀ ਵਾਲੇ ਟੈਗੋਰ ਦੇ ਨਾਟਕ ਦਾ ਪੰਜਾਬੀ ਰੂਪ ਵੀ ਨਾਇਕਾ ਦੀ ਸਰੀਰਕ ਖੂਬਸੂਰਤੀ ਨਾਲੋਂ ਉਸ ਦੀ ਅਕਲ ਨੂੰ ਉਸ ਦੀ ਅਸਲੀ ਦੁਸ਼ਮਣ ਬਣਾ ਕੇ ਪੇਸ਼ ਕਰਦਾ ਹੈ। ਇਨ੍ਹਾਂ ਨਾਟਕਾਂ ਦੀ ਪੇਸ਼ਕਾਰੀ ਤੇ ਵਿਲੱਖਣਤਾ ਏਨੀ ਗਜ਼ਬ ਦੀ ਸੀ ਕਿ ਕਿਰਪਾਲ ਕਜ਼ਾਕ ਦੀਆਂ ਚਾਰ ਕਹਾਣੀਆਂ ਉਤੇ ਅਧਾਰਤ ‘ਹੁੰਮਸ’ ਨਾਂ ਦੇ ਨਾਟਕ ਵਧੀਆ ਅਦਾਕਾਰੀ ਦੇ ਬਾਵਜੂਦ ਪੂਰੀ ਤਰ੍ਹਾਂ ਚਮਕ ਨਹੀਂ ਸਕਿਆ।
ਸੁਚੇਤਕ ਰੰਗ ਮੰਚ ਵੱਲੋਂ ਚੁਣੇ ਗਏ ਇਨ੍ਹਾਂ ਨਾਟਕਾਂ ਦੀ ਅਗਾਂਹ ਵਧੂ ਪਹੁੰਚ ਨੇ ਅੱਸੀ ਵਰ੍ਹੇ ਪਹਿਲਾਂ ਦੀ ਉਹ ਅਗਾਂਹਵਧੂ ਲਹਿਰ ਚੇਤੇ ਕਰਵਾ ਦਿੱਤੀ ਜਿਸ ਨੂੰ ਫੈਜ਼ ਅਹਿਮਦ ਫੈਜ਼ ਵਰਗੇ ਉਘੇ ਹਸਤਾਖਰ ਹੀ ਨਹੀਂ, ਸੰਤ ਸਿੰਘ ਸੇਖੋਂ ਤੇ ਮੋਹਨ ਸਿੰਘ ਮਾਹਰ ਵਰਗੇ ਸੁਪ੍ਰਸਿੱਧ ਸਾਹਿਤਕਾਰ ਵੀ ਪਰਨਾਏ ਹੋਏ ਸਨ। ਸੁਚੇਤਕ ਰੰਗਮੰਚ ਮੁਹਾਲੀ ਨੂੰ ਤੇਰ੍ਹਵਾਂ ਗੁਰਸ਼ਰਨ ਸਿੰਘ ਉਤਸਵ ਮੁਬਾਰਕ!
ਪੰਜਾਬੀ ਅੰਗ-ਸੰਗੀਆਂ ਦੇ ਮਰਸੀਏ ਤੇ ਮੁਹਾਂਦਰੇ: ਯੂਰਪੀ ਪੰਜਾਬੀ ਸੱਥ ਵੱਲੋਂ ਪ੍ਰਕਾਸ਼ਿਤ ਸ਼ਾਮ ਸਿੰਘ ‘ਅੰਗ-ਸੰਗ’ ਦੀ ਲਿਖੀ ‘ਤੁਰ ਗਏ ਯਾਰ ਨਿਰਾਲੇ’ ਨਾਂ ਦੀ ਪੁਸਤਕ ਇੱਕ ਵੱਖਰੀ ਪਹਿਚਾਣ ਵਾਲੀ ਰਚਨਾ ਹੈ। ਇਸ ਵਿਚ 1905 ਵਿਚ ਜਨਮੇ ਮੋਹਨ ਸਿੰਘ ਮਾਹਿਰ ਤੋਂ ਲੈ ਕੇ ਹਾਲ ਵਿਚ ਚਲਾਣਾ ਕਰਨ ਵਾਲੇ ਦਲਬੀਰ ਤੱਕ ਦੇ ਮੁਹਾਂਦਰੇ ਹੀ ਨਹੀਂ ਗੁਣਾਂ ਦਾ ਗੁਣ ਗਾਇਨ ਵੀ ਹੈ। ਇਸ ਵਿਚ ਚੁਤਾਲੀ-ਪੰਜਤਾਲੀ ਕਲਮਕਾਰਾਂ, ਕਲਾਕਾਰਾਂ, ਕਥਾਕਾਰਾਂ, ਰੰਗਕਰਮੀਆਂ ਤੇ ਸਮਾਜ ਸੇਵਕਾਂ ਦੇ ਮਰਸੀਏ ਹਨ। ਸ਼ਾਮ ਸਿੰਘ ਇਨ੍ਹਾਂ ਹਸਤੀਆਂ ਨਾਲ ਪੰਜਾਬੀ ਟ੍ਰਿਬਿਊਨ ਵਿਚ ਕੰਮ ਕਰਦਿਆਂ ਤੇ ਉਸ ਪਿਛੋਂ ਨੇੜਿਓਂ ਵਿਚਰਦਾ ਰਿਹਾ ਹੈ। ਇਨ੍ਹਾਂ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਨ੍ਹਾਂ ਵਿਚ ਕਾਵਿਕ ਉਤਮਤਾ ਨਾਲੋਂ ਸੁਹਿਰਦਤਾ ਪ੍ਰਧਾਨ ਹੈ। ਇਨ੍ਹਾਂ ਵਿਚ ‘ਟਾਕੀਆਂ ਲਾਉਂਦਾ ਰਿਹਾ ਉਹ ਪਾਤਰਾਂ ਨੂੰ ਸ਼ਬਦਾਂ ਅਰਥਾਂ ਨਾਲ ਉਸੇ ਸਿਲਾਈ ਕੀਤੀ’ ਵਾਲਾ ਦੇਵਿੰਦਰ ਸਤਿਆਰਥੀ ਵੀ ਹੈ; ‘ਜਿੰਦ ਜਾਨ ਸੀ ਉਸ ਦੀ ਗ਼ਜ਼ਲਕਾਰੀ ਬਹਿਰ ਏਧਰੋਂ ਉਧਰ ਨਾ ਕਦੇ ਹੁੰਦੀ’ ਵਾਲਾ ਸਾਧੂ ਸਿੰਘ ਹਮਦਰਦ ਵੀ; ‘ਸਖਤ ਬੋਲਦਾ ਸੱਚੇ ਅੰਦਾਜ਼ ਅੰਦਰ, ਹਰਫ ਐਸੇ ਕਿ ਵਕਤ ਜਗਾਣ ਵਾਲੇ’ ਦਾ ਲੇਖਕ ਭਾਈ ਮੰਨਾ ਸਿੰਘ ਵੀ; ‘ਕਲਮ ਵਾਲਿਆਂ ਨੂੰ ਕੀਤਾ ਉਸ ‘ਕੱਠਾ, ਸਾਰੇ ਮਿਲ ਕੇ ਲੋਕਾਂ ਦੀ ਸਾਰ ਲਈਏ’ ਵਾਲਾ ਤੇਰਾ ਸਿੰਘ ਚੰਨ ਵੀ; ‘ਉਹ ਆਵਾਜ਼ ਦਾ ਧਨੀ ਸੀ ਲਰਜ਼ਦਾ ਸੀ, ਸਮੇਂ ਉਤੇ ਸੀ ਤੈਰਦਾ ਹਵਾ ਬਣ ਕੇ’ ਵਰਗਾ ਸ਼ਿਵ ਬਟਾਲਵੀ ਤੇ ‘ਕਦੇ ਚਲ ਚਿੱਤਰ ਕਦੇ ਤੇਲ ਚਿੱਤਰ’ ਚਿੱਤਰ ਸਿਰਜ ਕੇ ਕਲਾ ਵਿਚ ਜਾਨ ਪਾਉਣ ਵਾਲਾ ਸ਼ਿਵ ਸਿੰਘ ਵੀ। ਇਨ੍ਹਾਂ ਤੋਂ ਬਿਨਾਂ ‘ਕਦੇ ਦੇਖਿਆ ਨਹੀਂ ਗਰਮ ਨਹੀਂ ਸੀ ਗਰਮ ਉਹਨੂੰ ਦਿਲਦਾਰ ਵੀ ਸੀ ਠੰਢਾ ਠਾਰ ਵੀ ਸੀ (ਮੀਸ਼ਾ); ਹੌਲੀ ਬੋਲਦਾ ਸੀ ਨਰਮ ਸ਼ਬਦ ਲੈ ਕੇ ਰੰਗ ਜਿਵੇਂ ਰੂਹਾਨੀ ਬਿਖੇਰ ਦਿੰਦਾ’ (ਨੇਕੀ); ‘ਕਰਨ ਵਾਸਤੇ ਟਿੱਪਣੀ ਰੋਜ਼ ਸੱਜਰੀ, ਪੱਕੀ ਸੋਚ ਦੀ ਛਤਰੀ ਤਾਣਦਾ ਸੀ’ (ਬੰਨੂਆਣਾ); ‘ਉਹਦੀ ਦਾੜ੍ਹੀ ਸੀ ਧੁੰਨੀ ਤੱਕ ਚਲੀ ਜਾਂਦੀ, ਜਿਸ ਦੀ ਉਸ ਨੂੰ ਉਕਾ ਹੀ ਲੋੜ ਨਹੀਂ ਸੀ (ਭੂਸ਼ਨ ਧਿਆਨਪੁਰੀ) ਵਰਗਿਆਂ ਦੇ ਅੰਗ ਸੰਗ ਰਹਿ ਕੇ ਲੇਖਕ ਨੇ ਉਨ੍ਹਾਂ ਦੀ ਨਬਜ਼ ਹੀ ਨਹੀਂ ਪਛਾਣੀ ਉਨ੍ਹਾਂ ਦੀ ਆਤਮਾ ਨੂੰ ਬਣਦੀ ਸਰਦੀ ਦਾਰੂ ਵੀ ਦਿੱਤੀ ਹੈ। ਜਾਣੇ-ਪਛਾਣੇ ਪੰਜਾਬੀਆਂ ਬਾਰੇ ਇਹ ਦਸਦਤਾਵੇਜ਼ ਸਾਂਭ ਕੇ ਰੱਖਣ ਵਾਲੀ ਹੈ।
ਨਵੀਂ ਨੋਟ ਨੀਤੀ ਦੀ ਪਰਿਭਾਸ਼ਾ: ਉਹ ਨੀਤੀ ਜਿਸ ਨਾਲ ਆਪਣਾ ਕਾਲਾ ਦਿਨ ਚਿੱਟਾ ਕੀਤਾ ਜਾਂਦਾ ਹੈ ਤੇ ਲੋਕਾਂ ਦਾ ਚਿੱਟਾ ਧਨ ਕਾਲਾ।
ਅੰਤਿਕਾ:
(ਸ਼ਾਮ ਸਿੰਘ ਦੀ ਨਜ਼ਰ ਵਿਚ ਭਗਤ ਪੂਰਨ ਸਿੰਘ)
ਲਾਹੌਰ ਛੱਡ ਅੰਮ੍ਰਿਤਸਰ ਲਾਏ ਡੇਰੇ,
ਜ਼ਮੀਨ ਲਭ ਕੇ ਡੇਰਾ ਲਗਾ ਲਿਆ ਸੀ।
ਰੋਗੀ ਉਥੋਂ ਹੀ ਪਿੱਠ ‘ਤੇ ਲੈ ਆਇਆ,
ਹੋਰ ਅਪਾਹਜਾਂ ਨੂੰ ਗਲੇ ਲਾ ਲਿਆ ਸੀ।
ਨਾਂਹ ਕਦੀ ਵੀ ਕਿਸੇ ਨੂੰ ਨਹੀਂ ਕੀਤੀ,
ਵਾਤਾਵਰਣ ਹੀ ਐਸਾ ਬਣਾ ਲਿਆ ਸੀ।
ਬੁੱਕਲ ਵਿਚ ਲੈ ਕੇ ਕਾਇਨਾਤ ਸਾਰੀ,
ਹਰ ਇੱਕ ਰੱਬ ਨੂੰ ਜੇਬ ਵਿਚ ਪਾ ਲਿਆ ਸੀ।