‘ਪੰਜਾਬ ਟਾਈਮਜ਼’ ਵਿਚੋਂ ਦਲਜੀਤ ਅਮੀ ਕਾਫੀ ਅਰਸੇ ਤੋਂ ਗੈਰਹਾਜ਼ਰ ਹੈ। ਉਸ ਦੀ ਲਿਖਤ ਤੋਂ ਬਿਨਾ ਲਗਦਾ ਹੈ ਜਿਵੇਂ ਅਖਬਾਰ ਕੁਝ ਊਣਾ ਰਹਿ ਗਿਆ ਹੋਵੇ। ਖਤ ਇਸ ਲਈ ਲਿਖ ਰਹੀ ਹਾਂ ਕਿ ਹਰਿੰਦਰ ਸਿੰਘ ਮਹਿਬੂਬ ਅਤੇ ਸੁਰਜੀਤ ਪਾਤਰ ਦੀ ਸ਼ਾਇਰੀ ‘ਤੇ ਕਾਫੀ ਬਹਿਸ ਹੋ ਗਈ ਹੈ; ਚੰਗਾ ਹੋਇਆ, ਇਹ ਬਹਿਸ ਸਮਾਪਤ ਕਰ ਦਿਤੀ ਗਈ ਹੈ।
ਬਹਿਸ ਦੇ ਲੇਖਕਾਂ ਨੂੰ ਚਾਹੀਦਾ ਹੈ, ਹੁਣ ਕਿਸੇ ਹੋਰ ਵਿਸ਼ੇ ‘ਤੇ ਲਿਖ ਲੈਣ। ਦੋਵੇਂ ਕਾਫੀ ਸਮਝਦਾਰ, ਸਿਆਣੇ ਅਤੇ ਸਾਹਿਤ ਦੇ, ਖਾਸ ਕਰ ਕੇ ਉਤਰ-ਆਧੁਨਿਕਤਾਵਾਦ ਦੇ ‘ਧੁਨੰਤਰ ਵੈਦ’ ਹਨ। ਜਦੋਂ ਕਿਸੇ ਸਾਹਿਤ, ਦਰਸ਼ਨ ਜਾਂ ਵਿਸ਼ੇ ‘ਤੇ ਵਿਚਾਰ-ਚਰਚਾ ਪੂਰਵ ਨਿਰਧਾਰਤ ਵਿਚਾਰਾਂ ਜਾਂ ਨਿਰਣਿਆਂ ਨੂੰ ਮਨ ਵਿਚ ਰੱਖ ਕੇ ਕੀਤੀ ਜਾਂਦੀ ਹੈ ਤਾਂ ਉਹ ਵਿਚਾਰ-ਚਰਚਾ ਨਾ ਰਹਿ ਕੇ ਵਾਦ-ਵਿਵਾਦ ਬਣ ਜਾਂਦੀ ਹੈ। ਸਿੱਟਾ ਕੋਈ ਨਹੀਂ ਨਿਕਲਦਾ। ਇਹ ਉਹ ਅਵਸਥਾ ਹੁੰਦੀ ਹੈ ਜਿਸ ਨੂੰ ਭਾਈ ਗੁਰਦਾਸ ਨੇ ‘ਬ੍ਰਹਮਣਿ ਬਹੁ ਪਰਕਾਰਿ ਕਰਿ ਸਾਸਤ੍ਰਿ ਵੇਦ ਪੁਰਾਣਿ ਲੜਾਏ’ ਆਖਿਆ ਹੈ। ਮੈਂ ਹਰਿੰਦਰ ਸਿੰਘ ਮਹਿਬੂਬ ਅਤੇ ਸੁਰਜੀਤ ਪਾਤਰ-ਦੋਵਾਂ ਦਾ ਬਹੁਤ ਸਤਿਕਾਰ ਕਰਦੀ ਹਾਂ। ਮਹਿਬੂਬ ਸਾਹਿਬ ਦੀਆਂ ਪੁਸਤਕਾਂ ‘ਸਹਿਜੇ ਰਚਿਓ ਖਾਲਸਾ’ ਅਤੇ ‘ਝਨਾਂ ਦੀ ਰਾਤ’ ਦੇ ਰਿਲੀਜ਼ ਸਮਾਰੋਹਾਂ ਵਿਚ ਹਿੱਸਾ ਵੀ ਪਾਇਆ ਹੈ ਅਤੇ ਆਪਣੇ ਘਰੇ ਮਹਿਬੂਬ ਤੇ ਉਨ੍ਹਾਂ ਦੇ ਦੋਸਤਾਂ ਨੂੰ ਸੱਦ ਕੇ ਜਸ਼ਨ ਵੀ ਮਨਾਏ ਹਨ। ਮੇਰਾ ਕਿਸੇ ਵੀ ਬਹਿਸ ਵਿਚ ਪੈਣ ਦਾ ਕੋਈ ਇਰਾਦਾ ਨਹੀਂ, ਪਰ ਬਹਿਸ ਵਿਚ ਕੁਝ ਅਜਿਹੇ ਨੁਕਤੇ ਸਾਹਮਣੇ ਆਏ ਹਨ ਜੋ ਸਿੱਖ ਧਰਮ ਦੀ ਵਿਦਿਆਰਥਣ ਹੋਣ ਦੇ ਨਾਤੇ ਮੈਨੂੰ ਰੜਕਦੇ ਹਨ।
ਗੁਰੂ ਨਾਨਕ ਦਾ ਹਿੰਦੂ ਧਰਮ ਜਾਂ ਅੱਜ ਕੱਲ੍ਹ ਆਮ ਵਰਤੇ ਜਾਂਦੇ ਸ਼ਬਦ ‘ਬ੍ਰਾਹਮਣਵਾਦ’ ਤੋਂ ਸਭ ਤੋਂ ਪਹਿਲਾ ਅਤੇ ਵੱਡਾ ਡੀਪਾਰਚਰ/ਵਖਰੇਵਾਂ ਵਰਣ ਆਸ਼ਰਮ ਧਰਮ ਦੇ ਸਿਧਾਂਤ ਨੂੰ ਰੱਦ ਕਰਨਾ ਅਤੇ ਅਕਾਲ ਪੁਰਖ ਨੂੰ ਇੱਕੋ ਇੱਕ ਪਰਮ ਹਸਤੀ ਮੰਨਦਿਆਂ ਸਾਰੇ ਮਨੁੱਖਾਂ ਨੂੰ ਇੱਕ ਅਕਾਲ ਪੁਰਖ ਤੋਂ ਪੈਦਾ ਹੋਏ ਮੰਨ ਕੇ ‘ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥’ ਦੇ ਸਿਧਾਂਤ ਅਨੁਸਾਰ ਜਾਤ-ਪਾਤ ਨੂੰ ਰੱਦ ਕਰਨਾ ਹੈ। ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਸਾਹਿਬਾਨ ਇਸ ਸਿਧਾਂਤ ਨੂੰ ਅੱਗੇ ਲੈ ਕੇ ਗਏ ਅਤੇ ਇਸ ਦੇ ਅਮਲੀ ਪ੍ਰਕਾਸ਼ਨ ਲਈ ਸੰਗਤ, ਲੰਗਰ, ਧਰਮਸਾਲ/ਗੁਰਦੁਆਰਾ ਦੀ ਸਥਾਪਨਾ ਕੀਤੀ। ਇਸ ਦਾ ਸਿਖਰ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸਾ ਸਾਜਣ ਅਤੇ ਪੰਜ ਪਿਆਰਿਆਂ ਵਿਚ ਨੀਵੀਂਆਂ ਕਹੀਆਂ ਜਾਣ ਵਾਲੀਆਂ ਜਾਤਾਂ ਵਿਚੋਂ ਸਿੰਘ ਸਜਾਉਣਾ ਅਤੇ ਇਕ ਬਾਟੇ ਵਿਚੋਂ ਅੰਮ੍ਰਿਤ ਛਕਾਉਣਾ ਸੀ। ਇਸ ਲਈ ਸਿੱਖ ਹੋ ਕੇ ਇਹ ਕਹਿਣਾ ਕਿ ਪਾਤਰ ਅਤੇ ਅਵਤਾਰ ਸਿੰਘ ਦੀ ਇਕੋ ਜਾਤ ਹੈ, ਇਹ ਕਿਸ ਕਿਸਮ ਦੇ ਸਿੱਖ ਹਾਂ ਅਸੀਂ? ਦੂਜੀ ਗੱਲ, ‘ਬ੍ਰਾਹਮਣਵਾਦ’ ਨੇ ਸਿੱਖ ਧਰਮ ਦੀ ਮੁਖਾਲਫਤ ਦਾ ਵੱਡਾ ਨੁਕਤਾ ਲਿਆ ਹੀ ਵਰਣ ਆਸ਼ਰਮ ਧਰਮ ਨੂੰ ਨਾ ਮੰਨਣਾ ਹੈ।æææ ਤੇ ਅਸੀਂ ਸਿੱਖ ਕੀ ਕਰ ਰਹੇ ਹਾਂ? ਸਭ ਤੋਂ ਵੱਧ ਧੱਜੀਆਂ ਗੁਰੂ ਦੇ ਇਸ ਪਹਿਲੇ ਸਿਧਾਂਤ ਦੀਆਂ ਹੀ ਉਡਾ ਰਹੇ ਹਾਂ। ਅਸੀਂ ਅੱਜ ਗੁਰੂ ਦੇ ਸਿੱਖ ਨਾ ਹੋ ਕੇ ਹੋਰ ਹਰ ਤਰ੍ਹਾਂ ਦੇ ਸਿੱਖ ਹਾਂ; ਮਸਲਨ, ਜੱਟ, ਭਾਪੇ, ਖੱਤਰੀ, ਆਹਲੂਵਾਲੀਏ, ਰਾਮਗੜ੍ਹੀਏ, ਲੁਬਾਣੇ, ਸੈਣੀ, ਕੰਬੋ, ਰਮਦਾਸੀਏ, ਰੰਘਰੇਟੇ ਵਗੈਰਾ ਵਗੈਰਾ। ਇਹੀ ਨਹੀਂ ਗੁਰਦੁਆਰੇ, ਵਿਦਿਅਕ ਸੰਸਥਾਵਾਂ ਸਭ ਹੀ ਇਨ੍ਹਾਂ ਨਾਂਵਾਂ ਥੱਲੇ ਉਸਾਰੀਆਂ ਹੋਈਆਂ ਹਨ। ਇਹ ਰੁਝਾਨ ਚੁਰਾਸੀ ਤੋਂ ਬਾਅਦ ਘਟਣਾ ਚਾਹੀਦਾ ਸੀ, ਪਰ ਦੁੱਗਣਾ-ਚੌਗਣਾ ਵਧ ਗਿਆ ਹੈ। ਗੁਰੂ ਗੋਬਿੰਦ ਸਿੰਘ ਨੇ ਤਾਂ ਪੱਕੀ ਤਰ੍ਹਾਂ ਜਾਤ-ਪਾਤ ਦਾ ਨਾਸ ਕੀਤਾ ਸੀ ਤੇ ਅਸੀਂ ਇਸ ਦਾ ਜ਼ਿਕਰ ਕਰ ਕੇ ਆਪਣੇ ਆਪ ਨੂੰ ਵਿਦਵਾਨ ਕਹਾਉਂਦੇ ਹਾਂ। ਹਰਪਾਲ ਸਿੰਘ ਨੇ ਠੀਕ ਕਿਹਾ ਹੈ, “ਜਦੋਂ ਬਹਿਸ ਅਧੀਨ ਵਿਸ਼ਾ ਪੰਜਾਬ, ਸਿੱਖੀ ਅਤੇ ਸਿੱਖ ਇਤਿਹਾਸ ਹੋਵੇ ਤਾਂ ਸਿੱਖ ਚਿੰਤਨ ਨੂੰ ਕਸਵੱਟੀ ਵੱਜੋਂ ਵਰਤਣਾ ਕਿਵੇਂ ਅਣਉਚਿਤ ਹੋਇਆ।” ਸੰਨੀ ਮਲਹਾਂਸ ਨੇ ਲਿਖਿਆ ਹੈ, “ਪ੍ਰਭਸ਼ਰਨਬੀਰ ਦੇ ਉਤਰ ਵਿਚ ਅਵਤਾਰ ਨੇ ਦੂਸਰਾ ਪ੍ਰਤੀਕਰਮ ਦਿੱਤਾ ਜਿਸ ਵਿਚ ਉਹਨੇ ਮਹਿਬੂਬ ਦੀ ਸ਼ਾਇਰੀ, ਪਿਛੋਕੜ ਤੇ ਸ਼ਖਸੀਅਤ ਦੀ ਆਲੋਚਨਾ ਕੀਤੀ, ਜਿਸ ਦੀ ਸੁਰ ਤਿੱਖੀ ਸੀ ਤੇ ਤੀਜੇ ਪ੍ਰਤੀਕਰਮ ਤੱਕ ਪਹੁੰਚਦਿਆਂ ਤਿਖੇਰੀ ਹੀ ਨਹੀਂ, ਬੇਸੁਰੀ ਹੋ ਗਈ।” ਇਹ ਇਲਜ਼ਾਮ ਇਕੱਲੇ ਅਵਤਾਰ ਸਿੰਘ ‘ਤੇ ਹੀ ਨਹੀਂ ਲੱਗਦਾ, ਪ੍ਰਭਸ਼ਰਨਬੀਰ ਸਿੰਘ ਉਤੇ ਵੀ ਉਨਾ ਹੀ ਲੱਗਦਾ ਹੈ। ਉਸ ਨੇ ਸੁਰਜੀਤ ਪਾਤਰ ‘ਤੇ ਜਿਹੜੇ ਫੁੱਲ ਵਰਸਾਏ ਹਨ, ਸੰਨੀ ਮਲਹਾਂਸ ਨੂੰ ਜੇ ਨਜ਼ਰ ਆਏ ਹਨ ਤਾਂ ਉਨ੍ਹਾਂ ਦਾ ਵੀ ਖੁਲਾਸਾ ਕਰ ਦਿੰਦਾ। ਦੋਵਾਂ ਦੀ ਸੁਰ ਵਿਚ ਕੋਈ ਫਰਕ ਨਹੀਂ। ਉਸ ਨੂੰ ਵੀ ਪਾਤਰ ਕਵੀ ਨਾਲੋਂ ਵੱਧ ਮਾਨਸਿਕ ਰੋਗੀ ਜ਼ਿਆਦਾ ਨਜ਼ਰ ਆਉਂਦਾ ਹੈ।
ਮੈਂ ਕੋਈ ਕਵੀ ਨਹੀਂ, ਇਸ ਲਈ ਬਹੁਤਾ ਕੁਝ ਨਹੀਂ ਕਹਿ ਸਕਦੀ, ਪਰ ਜਿੰਨਾ ਕੁ ਅਹਿਸਾਸ ਹੈ ਜਾਂ ਪਤਾ ਹੈ, ਉਸ ਅਨੁਸਾਰ ਕਵਿਤਾ ਜ਼ਬਰਦਸਤੀ ਨਹੀਂ ਲਿਖੀ ਜਾਂਦੀ, ਇਹ ਕਵੀ ਦੇ ਅਨੁਭਵ ਵਿਚੋਂ ਨਿਕਲਦੀ ਜਾਂ ਕਹਿ ਲਉ ਉਤਰਦੀ ਹੈ। ਚੁਰਾਸੀ ਦਾ ਵਰਤਾਰਾ ਇਕ-ਪਾਸੜ ਨਹੀਂ ਹੈ, ਇਸ ਦੀਆਂ ਕਈ ਪਰਤਾਂ ਹਨ। ਇਕ ਪਰਤ ਉਹ ਹੈ ਜੋ ਮਹਿਬੂਬ ਜਾਂ ਪ੍ਰਭਸ਼ਰਨਬੀਰ ਨੇ ਹੰਢਾਈ ਹੈ। ਇਸ ਦੀ ਦੂਜੀ ਪਰਤ ਵੀ ਹੈ ਜੋ ਪਾਤਰ ਜਾਂ ਆਮ ਲੋਕਾਂ ਨੇ ਹੰਢਾਈ ਹੈ। ਪਾਤਰ ਦੀਆਂ ਇਨ੍ਹਾਂ ਦੋ ਪੰਕਤੀਆਂ ‘ਤੇ ਬੜਾ ਵਾ-ਵੇਲਾ ਉਠਾਇਆ ਹੈ- ‘ਮਾਤਮ, ਹਿੰਸਾ, ਖੌਫ, ਬੇਵਸੀ ਤੇ ਅਨਿਆਂ; ਇਹ ਨੇ ਅੱਜ ਕੱਲ੍ਹ ਮੇਰੇ ਦਰਿਆਵਾਂ ਦੇ ਨਾਂ।’ ਇਸ ਵਿਚ ਬਿਮਾਰ ਮਾਨਸਿਕਤਾ ਵਾਲੀ ਕਿਹੜੀ ਗੱਲ ਹੈ? ਜਦੋਂ ਕਿਸੇ ਦਾ ਪੁੱਤ ਪੁਲਿਸ ਹੱਥੋਂ ਮਰਦਾ ਸੀ, ਤਾਂ ਕੀ ਉਸ ਘਰ ਵਿਚ ਮਾਤਮ ਨਹੀਂ ਸੀ ਹੁੰਦਾ? ਖਾਸ ਕਰ ਕੇ ਜਦੋਂ ਕੋਈ ਬੇਕਸੂਰ ਮਰਦਾ ਸੀ? ਜਦੋਂ ਬੱਸਾਂ ਵਿਚੋਂ ਕੱਢ ਕੇ ਲੋਕਾਂ ਨੂੰ ਮਾਰਿਆ ਜਾਂਦਾ ਜਾਂ ਸੁੱਤੇ ਪਿਆਂ ‘ਤੇ ਅਸਾਲਟਾਂ ਨਾਲ ਵਾਰ ਹੁੰਦੇ ਸਨ, ਜਬਰੀ ਪਨਾਹ ਲੈਣ ਵਾਲੇ ਘਰਾਂ ਦੀਆਂ ਬੁੱਢੀਆਂ ਔਰਤਾਂ ਨੂੰ ਦਸੰਬਰ ਦੇ ਮਹੀਨੇ ਘਰ ਦੀਆਂ ਛੱਤਾਂ ‘ਤੇ ਬੈਠ ਕੇ ਘਰ ਵੱਲ ਆਉਂਦੇ ਰਾਹ ‘ਤੇ ਨਿਗ੍ਹਾ ਰੱਖਣ ਲਈ ਕਿਹਾ ਜਾਂਦਾ ਤਾਂ ਕਿ ਪੁਲਿਸ ਦੀ ਬਿੜਕ ਰੱਖਣ, ਉਸ ਨੂੰ ਹਿੰਸਾ ਨਹੀਂ ਤਾਂ ਕਿਹੜਾ ਨਾਮ ਦਿੱਤਾ ਜਾਵੇਗਾ? ਲੋਕ ਖੌਫਜ਼ਦਾ ਅਤੇ ਬੇਵਸ ਸਨ, ਕਿਉਂਕਿ ਪਤਾ ਹੀ ਨਹੀਂ ਸੀ ਲਗਦਾ ਕਿ ਕਦੋਂ ਆ ਕੇ ਖਾੜਕੂਆਂ ਦੇ ਭੇਸ ਵਿਚ ਰਾਤ ਨੂੰ ਕੋਈ ਦਰਵਾਜ਼ਾ ਖੜਕਾਵੇਗਾ ਅਤੇ ਫਿਰੌਤੀ, ਲੰਗਰ, ਗੱਡੀ ਜਾਂ ਰਾਤ ਰਹਿਣਾ ਮੰਗੇਗਾ ਅਤੇ ਦਿਨ ਚੜ੍ਹਦੇ ਨੂੰ ਪੁਲਿਸ ਆ ਘੇਰੇਗੀ ਕਿ ਤੁਸੀਂ ਪਨਾਹ ਦਿਤੀ ਹੈ। ਜਿਨ੍ਹਾਂ ਲੋਕਾਂ ਨੂੰ ਅਜਿਹਾ ਦੂਹਰਾ ਸੰਤਾਪ ਝੱਲਣਾ ਪਿਆ, ਉਨ੍ਹਾਂ ਨੂੰ ਇਕ ਵਾਰ ਪੁੱਛ ਕੇ ਤਾਂ ਵੇਖੋ? ਘਰਾਂ ਵਿਚ ਸੱਥਰ ਇਕੱਲੀ ਪੁਲਿਸ ਨੇ ਨਹੀਂ ਵਿਛਾਏ, ਦੂਜੇ ਪਾਸੇ ਤੋਂ ਵੀ ਬਥੇਰੇ ਘਰ ਉਜਾੜੇ ਗਏ। ਇਸ ਨੂੰ ਇਹ ਕਹਿ ਕੇ ਨਹੀਂ ਟਾਲਿਆ ਜਾ ਸਕਦਾ ਕਿ ਯੁੱਧ ਵਿਚ ਸਭ ਜਾਇਜ਼ ਹੁੰਦਾ ਹੈ, ਕਿਉਂਕਿ ਸਾਡੇ ਗੁਰੂ ਨੇ ‘ਯੁੱਧ’ ਦੀ ਨੈਤਿਕਤਾ ਬਹੁਤ ਸਪਸ਼ਟ ਸ਼ਬਦਾਂ ਵਿਚ ਨਿਰਧਾਰਤ ਕੀਤੀ ਹੋਈ ਹੈ ਅਤੇ ਗੁਰੂ ਦੇ ਸਿਦਕੀ ਸਿੱਖ ਇਸ ਦੀ ਵੱਡੇ ਤੋਂ ਵੱਡੇ ਸੰਕਟ ਸਮੇਂ ਵੀ ਪਾਲਣਾ ਕਰਦੇ ਆਏ ਹਨ। ਤਸਵੀਰ ਦੇ ਦੋਵੇਂ ਪਾਸੇ ਹੁੰਦੇ ਹਨ। ਪੰਜਾਬ ਦੇ ਸਾਧਾਰਨ ਆਵਾਮ ਨੇ ਇਸ ਸਭ ਕੁਝ ਨੂੰ ਪਿੰਡੇ ‘ਤੇ ਹੰਢਾਇਆ ਹੈ। ਜੇ ਕਵੀ ਨੇ ਇਸ ਅਹਿਸਾਸ ਨੂੰ ਪ੍ਰਗਟ ਕੀਤਾ ਹੈ ਤਾਂ ਉਹ ਨਿਰਾਸ਼ਾਵਾਦੀ ਕਿਵੇਂ ਹੋਇਆ?
ਮੈਂ ਗੁਰੂ ਨਾਨਕ ਦੇ ਬਾਬਰ ਦੇ ਹਮਲੇ ਸਬੰਧੀ ਉਚਾਰੇ ਸ਼ਬਦ ‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ’ ਦੀ ਗੱਲ ਨਹੀਂ ਕਰਾਂਗੀ, ਕਿਉਂਕਿ ਗੁਰੂ ਦੀ ਤੁਲਨਾ ਕਰਨ ਦੀ ਅਵੱਗਿਆ ਮੈਂ ਨਹੀਂ ਕਰ ਸਕਦੀ, ਪਰ ਕੁਲਵੰਤ ਸਿੰਘ ਗਰੇਵਾਲ (ਮੈਂ ਉਨ੍ਹਾਂ ਦਾ ਵੀ ਬਹੁਤ ਸਤਿਕਾਰ ਕਰਦੀ ਹਾਂ) ਦੀ ਪੰਕਤੀ ਹੈ- ‘ਬੂੰਦ ਬੂੰਦ ਤਰਸ ਗਏ ਅਸੀਂ ਪੁੱਤ ਦਰਿਆਵਾਂ ਦੇ।’ ਇਸ ਵਿਚ ਉਹ ਤਤਕਾਲੀਨ ਅਵਸਥਾ ਨੂੰ ਬਿਆਨ ਕਰ ਰਿਹਾ ਹੈ। ਜੇ ਉਸ ਦੇ ਇਸ ਬੰਦ ਨੂੰ ਚੁੱਕ ਕੇ ਇਸ ‘ਤੇ ਕੋਈ ਖਾਹਮਖਾਹ ਨਿਰਾਸ਼ਾਵਾਦ ਦਾ ਠੱਪਾ ਲਾ ਦੇਵੇ ਤਾਂ ਇਹ ਬੰਦੇ ਦੀ ਆਪਣੀ ਮਾਨਸਿਕਤਾ ਜਾਂ ਨਜ਼ਰੀਆ ਹੈ। ਇਸੇ ਤਰ੍ਹਾਂ ਪਾਤਰ ਨੇ ਬਹਿਸ ਅਧੀਨ ਪੰਕਤੀਆਂ ਵਿਚ ਉਸ ਸਮੇਂ ਦੇ ਹਾਲਾਤ ਨੂੰ ਦਰਿਆਵਾਂ ਦੇ ਜ਼ਰੀਏ ਚਿਤਰਿਆ ਹੈ, ਇਹ ਕੋਈ ਨਾ-ਬਖਸ਼ਣ ਯੋਗ ਗੁਨਾਹ ਨਹੀਂ ਹੈ। ਵਰਤਮਾਨ ਸਮੇਂ ਵਿਚ ਪੰਜਾਬ ਦੇ ਦਰਿਆਵਾਂ ਦਾ ਪਾਣੀ ਸੁੱਕ ਗਿਆ ਹੈ; ਦਰਿਆ ਪੰਜਾਬ ਦੀ ਜ਼ਮੀਨ ਦੀ ਪਿਆਸ ਬੁਝਾਉਣ ਦੀ ਥਾਂ ਰੇਤ-ਮਾਫੀਆ ਦੀਆਂ ਤਿਜੌਰੀਆਂ ਭਰਨ ਦਾ ਸਾਧਨ ਬਣ ਗਏ ਹਨ; ਧਰਤੀ ਹੇਠਲਾ ਪਾਣੀ ਮੁੱਕ ਚੱਲਿਆ ਹੈ; ਪੰਜਾਬ ਦੀ ਮਿੱਟੀ, ਹਵਾ, ਪਾਣੀ ਸਭ ਗੰਧਲਾ ਹੋ ਗਿਆ ਹੈ; ਨੌਜੁਆਨ ਪੀੜ੍ਹੀ ਨਸ਼ਿਆਂ ਨਾਲ ਮਰ ਰਹੀ ਹੈ; ਕਿਸਾਨ ਕਰਜ਼ਾਈ ਹੋ ਕੇ ਖੁਦਕਸ਼ੀਆਂ ਕਰ ਰਹੇ ਹਨ; ਗੁਰੂ ਵਰੋਸਾਏ ਵਿਦਵਾਨ ਚੜ੍ਹਦੀ ਕਲਾ ਵਿਚ ਰਹਿਣ ਵਾਲੇ, ਸਰਬੱਤ ਦੇ ਭਲੇ ਦੀਆਂ ਅਰਦਾਸਾਂ ਕਰਨ ਵਾਲੇ ਇਸ ਖਾਤਰ ਕੀ ਕਰ ਰਹੇ ਹਨ? ਜੇ ਕੋਈ ਕਵੀ ਕੱਲ੍ਹ ਨੂੰ ਇਸ ਦਾ ਜ਼ਿਕਰ ਕਰੇਗਾ ਤਾਂ ਉਹ ਬਿਮਾਰ ਮਾਨਸਿਕਤਾ ਦਾ ਮਾਲਕ ਹੋਵੇਗਾ? ਮੇਰੇ ਛੋਟੇ ਵੀਰੋ! ਇਸ ਤੋਂ ਪਹਿਲਾਂ ਕਿ ਕੋਈ ਇਸ ‘ਤੇ ਕਵਿਤਾ ਰਚੇ, ਇਸ ਨੂੰ ਸੰਭਾਲੋ। ਪਾਤਰ ਨੇ ਤਾਂ ਇਹ ਵੀ ਕਿਹਾ ਹੈ:
ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ।
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।
ਹੁਣ ਇਸ ਵਿਚ ਨਿਰਾਸ਼ਾਵਾਦ ਵਾਲੀ ਕਿਹੜੀ ਗੱਲ ਹੈ, ਇਸ ਵਿਚੋਂ ਆਸ਼ਾਵਾਦ ਮੇਰੇ ਵਰਗੇ ਸਾਧਾਰਨ ਵਿਅਕਤੀ ਨੂੰ ਵੀ ਮਹਿਸੂਸ ਹੁੰਦਾ ਹੈ। ਵਿਗਿਆਨ ਤੇ ਧਰਮ ਵਿਚ ਕੋਈ ਵਿਰੋਧਾਭਾਸ ਨਹੀਂ, ਕਿਉਂਕਿ ਦੋਵਾਂ ਦਾ ‘ਏਰੀਆ ਆਫ ਓਪਰੇਸ਼ਨ’ ਯਾਨਿ ਅਮਲ ਦਾ ਖੇਤਰ ਵੱਖਰਾ ਵੱਖਰਾ ਹੈ। ਮਹਿਬੂਬ ਦੀ ਕਵਿਤਾ ਦਾ ਖੇਤਰ ਅਲੱਗ ਹੈ ਅਤੇ ਪਾਤਰ ਦਾ ਅਲੱਗ। ਇਸ ਲਈ ਤੁਲਨਾ ਕਰਨੀ ਕਿਉਂ ਜ਼ਰੂਰੀ ਹੋ ਗਈ? ਪ੍ਰਭਸ਼ਰਨਬੀਰ ਸਿੰਘ ਨੇ ਲਿਖਿਆ ਹੈ, ‘ਸ਼ੰਕਰ ਨੇ ਅਦਵੈਤ ਵੇਦਾਂਤ ਦਾ ਫਲਸਫਾ ਦਿਤਾ ਜਿਸ ਦੇ ਦੋ ਮੁੱਖ ਆਧਾਰ ਹਨ। ਪਹਿਲਾ ਕੇਵਲ ਬ੍ਰਾਹਮਣ ਹੀ ਸੱਚ ਹੈæææ’ ਅਤੇ ਦੂਜਾ ‘ਬ੍ਰਹਮਸੂਤਰ ਭਾਸ਼ਯ; ਜੋ ਭਦਰਾਇਣ ਰਿਸ਼ੀ ਦੇ ਬ੍ਰਹਮਸੂਤਰਾਂ ਦੀ ਵਿਆਖਿਆ ਹੈ।’ ਜਿੰਨਾ ਕੁ ਮੈਨੂੰ ਇਸ ਬਾਰੇ ਪਤਾ ਹੈ, ਉਸ ਅਨੁਸਾਰ ਸ਼ੰਕਰ ਨੇ ‘ਬ੍ਰਹਮ’ ਦਾ ਸੰਕਲਪ ਦਿਤਾ ਹੈ ਜਿਸ ਨੂੰ ਉਹ ‘ਸੱਚ’ ਮੰਨਦਾ ਹੈ। ਸ਼ਾਇਦ ਅੰਗਰੇਜ਼ੀ ਤੋਂ ਅਨੁਵਾਦ ਕਰਦਿਆਂ ਇਸ ਨੂੰ ਭੁਲੇਖੇ ਨਾਲ ‘ਬ੍ਰਾਹਮਣ’ ਲਿਖ ਦਿਤਾ ਹੈ, ਪ੍ਰਭਸ਼ਰਨਬੀਰ ਸਿੰਘ ਨੇ। ‘ਬ੍ਰਹਮ’ ਵੇਦਾਂਤ ਦਰਸ਼ਨ ਦਾ ਇਕ ਸੰਕਲਪ ਹੈ ਤੇ ‘ਬ੍ਰਾਹਮਣ’ ਵਰਣ ਵੰਡ ਵਿਚ ਸਭ ਤੋਂ ਉਪਰਲਾ ਵਰਣ ਜਾਂ ਜਾਤੀ ਮੰਨੀ ਗਈ ਹੈ ਅਤੇ ਹਰ ਇਕ ਵੇਦ ਦੇ ਚਾਰ ਭਾਗ ਮੰਨੇ ਜਾਂਦੇ ਹਨ-ਵੇਦ ਸੰਹਿਤਾ, ਆਰਣਿਕ ਗ੍ਰੰਥ, ਬ੍ਰਾਹਮਣ ਗ੍ਰੰਥ ਅਤੇ ਉਪਨਿਸ਼ਦ। ਇਸ ਤਰ੍ਹਾਂ ‘ਬ੍ਰਾਹਮਣ ਗ੍ਰੰਥ’ ਵੇਦਾਂ ਦਾ ਭਾਗ ਵੀ ਹਨ। ਜਿਸ ਨੇ ‘ਬ੍ਰਹਮ ਸੂਤਰ’ ਦੀ ਰਚਨਾ ਕੀਤੀ ਹੈ, ਉਸ ਨੂੰ ਆਮ ਤੌਰ ‘ਤੇ ਵਾਦਰਾਇਣ ਜਾਂ ਬਾਦਰਾਇਣ ਰਿਸ਼ੀ ਕਰ ਕੇ ਜਾਣਿਆ ਜਾਂਦਾ ਹੈ; ਭਦਰਾਇਣ ਨਹੀਂ। ਮੇਰੀ ਬੇਨਤੀ ਸਿਰਫ ਇੰਨੀ ਹੈ ਕਿ ਜੇ ਕੋਈ ਨੁਕਤਾ ਕਿਸੇ ਨੂੰ ਠੀਕ ਲਗਦਾ ਹੈ ਤਾਂ ਅਪਨਾ ਲਵੇ; ਨਹੀਂ ਠੀਕ ਲਗਦਾ ਤਾਂ ਛੱਡ ਦੇਵੇ, ਪਰ ਦੋ ਕਵੀਆਂ ਨੂੰ ਧੂਹੀ ਫਿਰਨ ਦੀ ਗੱਲ ਹੁਣ ਛੱਡ ਦੇਣੀ ਚਾਹੀਦੀ ਹੈ। ਪਾਤਰ ਦਾ ਹੀ ਬੰਦ ਹੈ:
ਮੈਂ ਹੀ ਮੈਂ ਜਦ ਕਿਹਾ ਤਾਂ ਖਾਮੋਸ਼ੀ ਤਣੀ
ਰੁੱਖ ਲੱਗੇ ਧੁਖਣ, ਪੌਣ ਧੂੰਆਂ ਬਣੀ।
ਜਦ ਮੈਂ ਆਪਾਂ ਕਿਹਾ, ਪੱਤੇ ਬਣ ਗਏ ਸੁਰਾਂ
ਹੋਈ ਜੰਗਲ ਦੇ ਵਿਚ ਕੂਹੂਕੂ-ਕੂਹੂਕੂ।
ਤੇ ਗੁਰੂ ਸਾਹਿਬਾਨ ਨੇ ਹਉਮੈ ਨੂੰ ‘ਦੀਰਘ ਰੋਗੁ’ ਕਿਹਾ ਹੈ।
-ਗੁਰਨਾਮ ਕੌਰ,
ਸਾਬਕਾ ਮੁਖੀ, ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।