ਪ੍ਰੋæ ਅਵਤਾਰ ਸਿੰਘ ਅਤੇ ਪ੍ਰੋæ ਹਰਪਾਲ ਸਿੰਘ ਦੇ ਪ੍ਰਤੀਕਰਮ ਪੜ੍ਹ ਕੇ ਨਿਰਾਸ਼ਾ ਹੋਈ। ਦੋ ਗੱਲਾਂ ਮਨ ‘ਚ ਆਈਆਂ। ਸੋਚਿਆ, ਇਹ ਕਿਸ ਕਿਸਮ ਦੀ ਬਹਿਸ ਹੈ? ਇਉਂ ਤਾਂ ਕਚਹਿਰੀਆਂ ‘ਚ ਵਕੀਲ ਕਰਦੇ ਹੁੰਦੇ ਨੇ; ਜਿਥੇ ਮਕਸਦ ਸੱਚ ਦੀ ਤਲਾਸ਼ ਨਹੀਂ ਹੁੰਦਾ, ਸਗੋਂ ਸਾਰਾ ਜ਼ੋਰ ਇਕ ਦੂਸਰੇ ਨੂੰ ਹਰਾਉਣ ‘ਤੇ ਲੱਗਿਆ ਹੁੰਦਾ ਹੈ। ਗੁਰਬਾਣੀ ‘ਚ ਅਕੀਦਾ ਰੱਖਣ ਵਾਲੇ ਵਿਦਵਾਨ ਪ੍ਰੋਫੈਸਰ ਵੀ ਇਸ ਕਿਸਮ ਦੀ ਬਹਿਸ ਕਰ ਸਕਦੇ ਨੇ, ਇਹਦੀ ਆਸ ਨਹੀਂ ਸੀ। ਸੋਚ ਆਈ, ਮਨਾ ਇਸ ਅਖਾੜੇ ਵਿਚ, ਜਿਥੇ ਪ੍ਰੋਫੈਸਰ ਫਰੀ-ਸਟਾਈਲ ਕੁਸ਼ਤੀ ਲੜ ਰਹੇ ਹੋਣ, ਤੈਂ ਕਿਉਂ ਵੜਨਾ ਸੀ!
ਮੈਂ ਭਲਾ ਆਪਣੇ ਲੇਖ ਵਿਚ ਕੀ ਕਿਹਾ ਸੀ? ਮੈਂ ਕਿਹਾ ਸੀ, ਆਪਣੇ ਲੇਖ ਵਿਚ ਪ੍ਰਭਸ਼ਰਨਬੀਰ ਸਿੰਘ ਨੇ ਆਧਾਰਹੀਣ ਫਤਵਾ ਸੁਣਾ ਦਿਤਾ ਹੈ ਕਿ ਸੁਰਜੀਤ ਪਾਤਰ ਦੀ ਸ਼ਾਇਰੀ, ਰੋਗੀ ਮਨ ਦੀ ਉਪਜ ਹੈ। ਇਹ ਅਵਿਗਿਆਨਕ ਪਹੁੰਚ ਹੈ। ਸਿਰਫ ਇਕ ਬੰਦ ਲੈ ਕੇ ਕਿਸੇ ਦੀ ਸਮੁੱਚੀ ਰਚਨਾ ਨੂੰ ਨਿੰਦ ਦੇਣਾ ਅਨਿਆਂ ਹੈ। ਅਵਤਾਰ ਸਿੰਘ ਨੂੰ ਮੈਂ ਬਸ ਇੰਨਾ ਹੀ ਕਿਹਾ ਕਿ ਉਹਨੂੰ ਚਾਹੀਦਾ ਸੀ ਪਾਤਰ ਦੀ ਕਵਿਤਾ ਵਿਚੋਂ ਕੁਝ ਹਵਾਲੇ ਦੇ ਕੇ ਪ੍ਰਭਸ਼ਰਨਬੀਰ ਦੀ ਦਲੀਲ ਕੱਟ ਦਿੰਦਾ। ਦੱਸ ਦਿੰਦਾ, ਉਹਦੀ ਰਾਇ ਸਹੀ ਨਹੀਂ। ਕਿਸੇ ਹੱਦ ਤੱਕ ਉਹਨੇ ਇਉਂ ਕੀਤਾ ਵੀ, ਪਰ ਫਿਰ ਉਹ ਆਵੇਸ਼ ਵਿਚ ਗਲਤ ਰਾਹੇ ਪੈ ਗਿਆ ਤੇ ਪ੍ਰਭਸ਼ਰਨਬੀਰ ਉਤੇ ਜਾਤੀਵਾਦੀ ਹੋਣ ਦਾ ਦੋਸ਼ ਮੜ੍ਹ ਦਿਤਾ। ਅਵਤਾਰ ਸਿੰਘ ਅਨੁਸਾਰ, ਪ੍ਰਭਸ਼ਰਨਬੀਰ ਦੀ ਮਹਿਬੂਬ ਅਤੇ ਪਾਤਰ ਬਾਰੇ ਰਾਇ ਜਾਤੀ ਭਾਵ ਵਿਚੋਂ ਪੈਦਾ ਹੋਈ ਸੀ। ਇਹ ਵੀ ਇਕ ਬੇਬੁਨਿਆਦ ਤੇ ਅਪ੍ਰਸੰਗਿਕ ਦੋਸ਼ ਸੀ ਜੀਹਦਾ ਸਿੱਟਾ ਇਹ ਨਿਕਲਿਆ ਕਿ ਸਾਰੀ ਚਰਚਾ ਹੀ ਲੀਹੋਂ ਲਹਿ ਗਈ।
ਜਿਹੜੇ ਅਰਥ ਇਨ੍ਹਾਂ ਦੋਹਾਂ ਸੱਜਣਾਂ ਨੇ ਮੇਰੇ ਲੇਖ ਦੇ ਕੱਢੇ, ਉਹ ਅਨਰਥਕ ਹਨ। ਜੋ ਮੈਂ ਕਿਹਾ, ਉਹਦੇ ਐਨ ਉਲਟ ਮੈਨੂੰ ਹੀ ਜਾਤੀਵਾਦੀ ਬਣਾ ਧਰਿਆ! ਨਿਰਪੱਖ ਲੇਖ ਦੀ ਜੜ੍ਹ ਵੱਢ ਦਿੱਤੀ।
-ਸੰਨੀ ਮਲਹਾਂਸ