ਪ੍ਰਿੰæ ਸਰਵਣ ਸਿੰਘ
ਪੰਜਾਬ ਸਰਕਾਰ ਦੇ ਪੰਝੀ ਕਰੋੜੀ ਕਬੱਡੀ ਵਰਲਡ ਕੱਪ ਦਾ ਭੋਗ ਪੈ ਗਿਆ ਹੈ। ਉਂਜ ਇਹ ਨਾਂ ਦਾ ਹੀ ‘ਵਰਲਡ ਕੱਪ’ ਸੀ, ਵੈਸੇ ਲੰਗੜਾ ਕੱਪ ਸੀ। ਇਸ ਦਾ ਮਿਆਰ ਪਿੰਡਾਂ ਵਿਚ ਹੁੰਦੇ ਆਮ ਕੱਪਾਂ ਨਾਲੋਂ ਬਿਹਤਰ ਨਹੀਂ ਸੀ। ਨਾ ਹੀ ਦਰਸ਼ਕ ਆਮ ਪੇਂਡੂ ਟੂਰਨਾਮੈਂਟਾਂ ਦੇ ਦਰਸ਼ਕਾਂ ਨਾਲੋਂ ਵੱਧ ਢੁੱਕੇ। ਇਹ ਗੱਲ ਆਮ ਕਹੀ ਜਾ ਰਹੀ ਹੈ ਕਿ ਐਤਕੀਂ ਕਬੱਡੀ ਵਰਲਡ ਕੱਪ ਦਾ ਪਹਿਲਾਂ ਜਿੰਨਾ ਸੁਆਦ ਨਹੀਂ ਆਇਆ। ਚੋਟੀ ਦੀਆਂ ਟੀਮਾਂ ਦੇ ਫਸਵੇਂ ਮੈਚਾਂ ਤੋਂ ਬਿਨਾ ਇਹ ਕੱਪ ਅਸਲੋਂ ਫਿੱਕਾ ਰਿਹਾ। ਸੁਆਲ ਕੀਤਾ ਜਾ ਰਿਹੈ, ਜੇ ਬਾਹਰਲੇ ਦੇਸ਼ਾਂ ਤੋਂ ਅਸਲੀ ਟੀਮਾਂ ਨਹੀਂ ਸਨ ਆਉਣੀਆਂ ਤਾਂ ਕੀ ਲੋੜ ਸੀ, ਏਨਾ ਮਹਿੰਗਾ ਕੱਪ ਕਰਾਉਣ ਦੀ?
ਕਦੇ ਮੈਂ ਲਿਖਿਆ ਸੀ, “ਬੇਸ਼ੱਕ ਬਿਜਲੀ ਕੜਕਦੀ ਹੋਵੇ, ਝੱਖੜ ਝੁਲਦਾ ਹੋਵੇ, ਨਦੀ ਚੜ੍ਹੀ ਹੋਵੇ, ਸ਼ੀਹਾਂ ਨੇ ਪੱਤਣ ਮੱਲੇ ਹੋਣ ਪਰ ਪਤਾ ਲੱਗ ਜਾਵੇ ਸਹੀ ਕਿ ਨਦੀ ਦੇ ਪਰਲੇ ਪਾਰ ਕਬੱਡੀ ਦਾ ਕਾਂਟੇਦਾਰ ਮੈਚ ਹੋ ਰਿਹੈ। ਫੇਰ ਕਿਹੜਾ ਪੰਜਾਬੀ ਹੈ ਜਿਹੜਾ ਵਗਦੀ ਨੈਂ ਨਾ ਠਿੱਲ੍ਹੇ? ਉਹ ਰਾਹ ‘ਚ ਪੈਂਦੇ ਸੱਪਾਂ-ਸ਼ੀਹਾਂ ਦੀ ਵੀ ਪਰਵਾਹ ਨਹੀਂ ਕਰੇਗਾ ਤੇ ਕਬੱਡੀ ਦੇ ਪਿੜ ਦੁਆਲੇ ਜਾ ਖੜ੍ਹੇਗਾ। ਜਿਵੇਂ ਹਿੰਦ ਮਹਾਂਦੀਪ ਦੇ ਲੋਕਾਂ ਨੂੰ ਕ੍ਰਿਕਟ ਨੇ ਪੱਟਿਆ, ਜੱਗ ਜਹਾਨ ਦੇ ਗੋਰੇ ਕਾਲਿਆਂ ਨੂੰ ਫੁੱਟਬਾਲ ਨੇ ਕਮਲੇ ਕੀਤਾ, ਉਵੇਂ ਪੂਰਬ ਤੇ ਪੱਛਮ ‘ਚ ਵਸੇ ਪੰਜਾਬੀਆਂ ਨੂੰ ਕਬੱਡੀ ਚੜ੍ਹੀ ਹੋਈ ਹੈ।”
ਪਰ ਇਸ ਵਾਰ ਦੇ ਕਬੱਡੀ ਵਰਲਡ ਕੱਪ ਨੇ ਉਪਰੋਕਤ ਕਥਨ ਝੂਠਾ ਪਾ ਦਿੱਤਾ। ਕਬੱਡੀ ਪ੍ਰੇਮੀ ਪਹਿਲਾਂ ਵਾਂਗ ਹੁਮ ਹੁਮਾ ਕੇ ਨਹੀਂ ਢੁੱਕੇ। ਕਈ ਥਾਂਈਂ ਦਰਸ਼ਕਾਂ ਦੀ ਭੀੜ ਵਿਖਾਉਣ ਲਈ ਸਕੂਲਾਂ ਦੇ ਬੱਚੇ ਬੰਨ੍ਹ ਕੇ ਬਹਾਉਣੇ ਪਏ। ਇਸ ਵਿਚ ਕਸੂਰ ਕਬੱਡੀ ਦੀ ਖੇਡ ਦਾ ਨਹੀਂ, ਕਬੱਡੀ ਕੱਪ ਕਸੂਤੇ ਵੇਲੇ ਕਰਾਉਣ ਦਾ ਹੈ। 2016 ਦਾ ਕਬੱਡੀ ਵਿਸ਼ਵ ਕੱਪ ਕਰਾਉਣ ਲਈ 3 ਤੋਂ 17 ਨਵੰਬਰ ਦਾ ਸਮਾਂ ਬਿਲਕੁਲ ਢੁੱਕਵਾਂ ਨਹੀਂ ਸੀ। ਪੰਜਾਬ ਵਿਧਾਨ ਸਭਾ ਦੇ ਚੋਣ ਬੁਖਾਰ ਦੌਰਾਨ ਵਿਸ਼ਵ ਪੱਧਰ ਦਾ ਈਵੈਂਟ ਕਰਾਉਣਾ ਬਿਲਕੁਲ ਨਹੀਂ ਸੀ ਸ਼ੋਭਦਾ।
3 ਨਵੰਬਰ ਦਾ ਦਿਨ ਤਾਂ ਵੈਸੇ ਹੀ ਦਿੱਲੀ ਦੇ ਸਿੱਖ ਕਤਲੇਆਮ ਕਾਰਨ ਪੰਜਾਬੀਆਂ ਲਈ ਸੋਗ ਦਾ ਦਿਨ ਸੀ। ਸਾਰੀ ਦੁਨੀਆਂ ਵਿਚ ਖਿਲਰੇ ਪੰਜਾਬੀ ਇਸ ਨੂੰ ਇਸ ਵੇਲੇ ਸਭਨਾਂ ਪੰਜਾਬੀਆਂ ਦਾ ਸਾਂਝਾ ਖੇਡ ਮੇਲਾ ਨਹੀਂ ਸਨ ਸਮਝ ਸਕਦੇ। ਅਮਰੀਕਾ, ਕੈਨੇਡਾ, ਇੰਗਲੈਂਡ ਤੇ ਯੂਰਪ ਦੀਆਂ ਕਬੱਡੀ ਫੈਡਰੇਸ਼ਨਾਂ ਨੇ ਵਰਲਡ ਕੱਪ ਦੇ ਬਾਈਕਾਟ ਦਾ ਐਲਾਨ ਕੱਪ ਸ਼ੁਰੂ ਹੋਣ ਤੋਂ ਕਾਫੀ ਪਹਿਲਾਂ ਹੀ ਕਰ ਦਿੱਤਾ ਸੀ। ਭਾਰਤ-ਪਾਕਿ ਸਰਹੱਦੀ ਤਣਾਅ ਕਾਰਨ ਪਾਕਿਸਤਾਨ ਦੀ ਟੀਮ ਨੇ ਉਂਜ ਹੀ ਨਹੀਂ ਸੀ ਆਉਣਾ। ਪਾਕਿਸਤਾਨ ਦੀ ਟੀਮ ਬਿਨਾ ਕਾਹਦਾ ਕੱਪ? ਜਿਹੜੀਆਂ ਟੀਮਾਂ ਆਈਆਂ, ਉਹ ਵੀ ਦੋ ਨੰਬਰੀਆਂ! ਕਈ ਟੀਮਾਂ ਦੇ ਤਾਂ ਖਿਡਾਰੀ ਵੀ ਪੂਰੇ ਨਹੀਂ ਸਨ।
ਸਿਆਣਪ ਇਹਦੇ ਵਿਚ ਸੀ ਕਿ ਪੰਝੀ ਕਰੋੜ ਰੁਪਿਆਂ ਦਾ ਲੰਗੜਾ ਕੱਪ ਇਨ੍ਹੀਂ ਦਿਨੀਂ ਕਰਵਾਇਆ ਹੀ ਨਾ ਜਾਂਦਾ। ਪਿਛਲੇ ਸਾਲ ਦੇ ਕੱਪ ਵਾਂਗ ਮੁਲਤਵੀ ਕਰ ਦਿੱਤਾ ਜਾਂਦਾ। ਹਾਲਾਤ ਉਹੀ ਸਨ। ਪਿਛਲੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਕੱਪ ਮੁਲਤਵੀ ਕੀਤਾ ਗਿਆ ਸੀ। ਅਜੇ ਤਕ ਵੀ ਦੋਸ਼ੀ ਨਹੀਂ ਫੜੇ ਗਏ ਤੇ ਬੇਅਦਬੀ ਦੀਆਂ ਵਾਰਦਾਤਾਂ ਵੀ ਉਵੇਂ ਹੀ ਵਰਤ ਰਹੀਆਂ ਸਨ। ਇਸ ਵਾਰ ਤਾਂ ਚੋਣ ਬੁਖਾਰ ਤੋਂ ਬਿਨਾ ਸਤਲੁਜ-ਯਮਨਾ ਲਿੰਕ ਨਹਿਰ ਅਤੇ ਅਚਾਨਕ ਹੋਈ ਨੋਟ-ਬੰਦੀ ਦੇ ਮੁੱਦੇ ਵੀ ਹਾਵੀ ਸਨ। ਲੋਕਾਂ ਦਾ ਧਿਆਨ ਕਬੱਡੀ ਕੱਪ ਦੀ ਥਾਂ ਇਨ੍ਹਾਂ ਭਖਦੇ ਮੁੱਦਿਆਂ ਵੱਲ ਹੀ ਰਿਹਾ। ਜੇ ਕੱਪ ਫਰਵਰੀ/ਮਾਰਚ 2017 ਵਿਚ ਕਰਾਇਆ ਜਾਂਦਾ ਤਾਂ ਵੇਖਦੇ ਮੈਚ ਕਿੰਨੇ ਕਾਂਟੇਦਾਰ ਹੁੰਦੇ ਤੇ ਮੈਚ ਵੇਖਣ ਲਈ ਭੀੜਾਂ ਕਿਵੇਂ ਉਮਡਦੀਆਂ।
ਪੰਜਾਬ ਸਰਕਾਰ ਵੱਲੋਂ ਕਬੱਡੀ ਦੇ ਵਰਲਡ ਕੱਪ 2010 ਤੋਂ ਕਰਾਏ ਜਾ ਰਹੇ ਹਨ। 2010, 11, 12, 13 ਤੇ 14 ਵਿਚ ਇਹ ਕਾਫੀ ਭਰਵੇਂ ਰਹੇ। ਕੁਲ ਦੁਨੀਆਂ ਦੇ ਪੰਜਾਬੀਆਂ ਵਿਚ ਕਬੱਡੀ-ਕਬੱਡੀ ਹੋਈ। ਕਾਰਨ ਸੀ, ਉਨ੍ਹਾਂ ਕੱਪਾਂ ਵਿਚ ਪਾਕਿਸਤਾਨ, ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੀਆਂ ਤਕੜੀਆਂ ਟੀਮਾਂ ਹਿੱਸਾ ਲੈਂਦੀਆਂ ਰਹੀਆਂ। ਦਾਇਰੇ ਵਾਲੀ ਕਬੱਡੀ ਅਸਲ ਵਿਚ ਪੰਜਾਬੀਆਂ ਦੀ ਹੀ ਖੇਡ ਹੈ। ਸਭ ਤੋਂ ਵੱਧ ਪੰਜਾਬੀ ਪਾਕਿਸਤਾਨ ਵਿਚ, ਦੂਜੇ ਥਾਂ ਭਾਰਤ, ਤੀਜੇ ਥਾਂ ਅਮਰੀਕਾ, ਕੈਨੇਡਾ ਤੇ ਇੰਗਲੈਂਡ ਵਿਚ ਵਸਦੇ ਹਨ। ਇਸ ਵਾਰ ਦੇ ਕਬੱਡੀ ਵਰਲਡ ਕੱਪ ਵਿਚ ਸਿਰਫ ਭਾਰਤ ਦੇ ਮਰਦਾਂ ਤੇ ਔਰਤਾਂ ਦੀਆਂ ਟੀਮਾਂ ਹੀ ਅਸਲੀ ਸਨ ਜਿਸ ਕਰਕੇ ਇਕ ਦੋ ਮੈਚਾਂ ਤੋਂ ਬਿਨਾ ਕੋਈ ਵੀ ਮੈਚ ਫਸਵਾਂ ਜਾਂ ਕਾਂਟੇਦਾਰ ਨਹੀਂ ਹੋ ਸਕਿਆ। ਇਕਪਾਸੜ ਮੈਚਾਂ ਨੇ ਕਬੱਡੀ ਪ੍ਰੇਮੀਆਂ ਦਾ ਮੱਚ ਮਾਰ ਦਿੱਤਾ ਜਿਸ ਕਰਕੇ ਬਹੁਤੇ ਦਰਸ਼ਕਾਂ ਨੇ ਛੇਵੇਂ ਕਬੱਡੀ ਕੱਪ ਵਿਚ ਦਿਲਚਸਪੀ ਨਹੀਂ ਵਿਖਾਈ।
ਕਿਸੇ ਵੀ ਖੇਡ ਦੇ ਫਾਈਨਲ ਮੈਚ ਸਭ ਤੋਂ ਵੱਧ ਖਿਚ ਪਾਊ ਮੰਨੇ ਜਾਂਦੇ ਹਨ। ਕਿਥੇ 2014 ਦੇ ਪੰਜਵੇਂ ਕਬੱਡੀ ਕੱਪ ਵਿਚ ਭਾਰਤ ਤੇ ਪਾਕਿਸਤਾਨ ਦਾ ਫਾਈਨਲ ਮੈਚ ਤੇ ਕਿਥੇ 2016 ਦੇ ਛੇਵੇਂ ਕੱਪ ਦਾ ਭਾਰਤ ਬਨਾਮ ਇੰਗਲੈਂਡ ਦਾ ਫਾਈਨਲ ਮੈਚ! ਛੇਵੇਂ ਕੱਪ ਦੇ ਫਾਈਨਲ ਮੈਚ ਦਾ ਸਕੋਰ ਵੇਖੋ: ਪਹਿਲਾ ਕੁਆਟਰ 14-06, ਦੂਜਾ 16-04, ਤੀਜਾ 15-07, ਚੌਥਾ 17-03; ਕੁਲ ਜੋੜ 62-20 ਅੰਕ। ਕੁੜੀਆਂ ਦੇ ਫਾਈਨਲ ਮੈਚ ਦਾ ਸਕੋਰ: ਭਾਰਤ 45 ਅੰਕ, ਅਮਰੀਕਾ 10 ਅੰਕ। ਅਜਿਹੇ ਇਕਪਾਸੜ ਮੈਚ ਕਾਂਟੇਦਾਰ ਮੈਚ ਨਹੀਂ ਕਹੇ ਜਾ ਸਕਦੇ। ਅਜਿਹੇ ਮੈਚ ਦਰਸ਼ਕਾਂ ਨੂੰ ਖਿੱਚ ਨਹੀਂ ਪਾ ਸਕਦੇ। ਕਬੱਡੀ ਦੇ ਬਹੁਤ ਸਾਰੇ ਸਟਾਰ ਖਿਡਾਰੀ ਤਾਂ ਵਿਸ਼ਵ ਕੱਪ ਵਿਚ ਸ਼ਾਮਲ ਹੀ ਨਹੀਂ ਹੋਏ।
ਇਕ ਹੋਰ ਅਹਿਮ ਸੁਆਲ ਪੁੱਛਿਆ ਜਾ ਰਿਹੈ। ਪਹਿਲੇ ਪੰਜਾਂ ਵਿਸ਼ਵ ਕੱਪਾਂ ਵਿਚ ਖਿਡਾਰੀਆਂ ਦੇ ਡੋਪ ਟੈਸਟ ਹੁੰਦੇ ਰਹੇ ਤੇ ਨਾਲ ਦੀ ਨਾਲ ਨਤੀਜੇ ਵੀ ਨਿਕਲਦੇ ਰਹੇ। ਐਤਕੀਂ ਦੱਸਿਆ ਹੀ ਨਹੀਂ ਗਿਆ ਕਿ ਕਿੰਨੇ ਖਿਡਾਰੀਆਂ ਦੇ ਡੋਪ ਟੈਸਟ ਕੀਤੇ, ਕਿੰਨੇ ਫੇਲ੍ਹ ਨਿਕਲੇ ਤੇ ਕਿੰਨੇ ਪਾਸ? ਡੋਪ ਟੈਸਟਾਂ ਲਈ 40-45 ਲੱਖ ਰੁਪਏ ਰੱਖੇ ਗਏ ਸਨ। ਪੰਜਾਬ ਸਰਕਾਰ ਨੂੰ ਡੋਪ ਟੈਸਟਾਂ ਦੇ ਨਤੀਜਿਆਂ ਬਾਰੇ ਜਨਤਾ ਨੂੰ ਜ਼ਰੂਰ ਦੱਸਣਾ ਚਾਹੀਦੈ ਕਿਉਂਕਿ ਇਕ ਪਾਸੇ ਡਰੱਗ ਕਬੱਡੀ ਨੂੰ ਲੈ ਬੈਠੀ ਹੈ ਤੇ ਦੂਜੇ ਪਾਸੇ ਸਿਆਸਤ।
ਹੁਣ ਜਦੋਂ ਕਬੱਡੀ ਕੱਪ ਦੀ ਉਡਾਈ ਧੂੜ ਬੈਠ ਚੁੱਕੀ ਹੈ ਤਾਂ ਖੇਡ ਪ੍ਰੇਮੀਆਂ ਨੂੰ ਸਿਰ ਜੋੜ ਕੇ ਵਿਚਾਰ ਕਰਨੀ ਚਾਹੀਦੀ ਹੈ ਕਿ ਪੰਜਾਬ ਨੂੰ ਭਾਰਤ ਦੀਆਂ ਖੇਡਾਂ ਵਿਚ ਪਹਿਲਾਂ ਵਾਂਗ ਮੋਹਰੀ ਸੂਬਾ ਕਿਵੇਂ ਬਣਾਇਆ ਜਾਵੇ? ਪੰਜਾਬ ਦੇ ਖਿਡਾਰੀ ਕੌਮੀ, ਸੈਫ, ਏਸ਼ਿਆਈ, ਕਾਮਨਵੈਲਥ, ਓਲੰਪਿਕ ਅਥਵਾ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਕਿਵੇਂ ਵਧੇਰੇ ਗਿਣਤੀ ‘ਚ ਜਾਣ, ਕਿਵੇਂ ਉਹ ਜਿੱਤ-ਮੰਚਾਂ ਉਤੇ ਚੜ੍ਹਨ ਜੋਗੇ ਹੋਣ ਤੇ ਕਿਵੇਂ ਪੰਜਾਬ ਦਾ ਨਾਂ ਖੇਡਾਂ ਦੀ ਦੁਨੀਆਂ ਵਿਚ ਰੌਸ਼ਨ ਕਰਨ? ਕਬੱਡੀ ਦੀ ਬੱਲੇ-ਬੱਲੇ ਨਾਲ ਹੋਰਨਾਂ ਖੇਡਾਂ ਦੀ ਬੱਲੇ-ਬੱਲੇ ਕਿਵੇਂ ਹੋਵੇ? ਪੰਜਾਬ ਵਿਚ ਕਿਹੋ ਜਿਹਾ ਖੇਡ ਸਭਿਆਚਾਰ ਸਿਰਜਿਆ ਜਾਵੇ?
ਭਾਰਤ ਦੇ ਆਜ਼ਾਦ ਹੋਣ ਵੇਲੇ ਤੋਂ ਲੈ ਕੇ ਪੱਚੀ ਤੀਹ ਸਾਲ ਤਕ ਪੰਜਾਬੀ ਖਿਡਾਰੀ ਭਾਰਤੀ ਖੇਡਾਂ ਉਤੇ ਛਾਏ ਰਹੇ। ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ‘ਚੋਂ ਭਾਰਤ ਜਿੰਨੇ ਵੀ ਮੈਡਲ ਜਿੱਤਦਾ, ਉਨ੍ਹਾਂ ‘ਚ ਅੱਧਿਓਂ ਵੱਧ ਪੰਜਾਬੀ ਖਿਡਾਰੀ ਜਿੱਤਦੇ। ਦੂਜੀਆਂ ਤੇ ਤੀਜੀਆਂ ਏਸ਼ਿਆਈ ਖੇਡਾਂ ‘ਚੋਂ ਤਾਂ ਜਿੰਨੇ ਗੋਲਡ ਮੈਡਲ ਭਾਰਤ ਦੇ ਖਿਡਾਰੀਆਂ ਨੇ ਜਿੱਤੇ, ਉਹ ਸਭ ਜੂੜਿਆਂ ਵਾਲੇ ਖਿਡਾਰੀਆਂ ਰਾਹੀਂ ਹੀ ਜਿੱਤੇ। 1966 ਵਿਚ ਭਾਰਤੀ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਵਿਚ ਪਹਿਲੀ ਵਾਰ ਹਾਕੀ ਦਾ ਗੋਲਡ ਮੈਡਲ ਜਿੱਤਿਆ ਤਾਂ ਭਾਰਤੀ ਟੀਮ ਵਿਚ ਦਸ ਖਿਡਾਰੀ ਜੂੜਿਆਂ ਉਤੇ ਰੁਮਾਲ ਬੰਨ੍ਹ ਕੇ ਖੇਡ ਰਹੇ ਸਨ। ਉਨ੍ਹੀਂ ਦਿਨੀਂ ਪੰਜਾਬੀ ਖਿਡਾਰੀਆਂ ਦੀ ਝੰਡੀ ਹੁੰਦੀ ਸੀ।
ਗਲਤ ਨੀਤੀਆਂ ਕਾਰਨ ਹੌਲੀ-ਹੌਲੀ ਪੰਜਾਬ ਦੇ ਖਿਡਾਰੀ ਕੌਮੀ ਤੇ ਕੌਮਾਂਤਰੀ ਜਿੱਤ-ਮੰਚਾਂ ‘ਤੇ ਚੜ੍ਹਨੋਂ ਘਟਦੇ ਗਏ ਅਤੇ ਦਿੱਲੀ ਦੀਆਂ ਕਾਮਨਵੈਲਥ ਖੇਡਾਂ ਤੇ ਲੰਡਨ ਦੀਆਂ ਉਲੰਪਿਕ ਖੇਡਾਂ ਤਕ ਪਹੁੰਚਦਿਆਂ ਉਹ ਪਛੜੇ ਸੂਬੇ ਹਰਿਆਣੇ ਤੋਂ ਵੀ ਪਛੜ ਗਏ। ਹੁਣ ਇਹ ਹਾਲ ਹੈ ਕਿ ਕੌਮੀ ਖੇਡਾਂ ਵਿਚ ਹੀ ਪੰਜਾਬ ਕਈ ਸੂਬਿਆਂ ਤੋਂ ਪਿੱਛੇ ਹੈ। ਖੇਡ ਮਾਹਿਰਾਂ ਨੂੰ ਪੰਜਾਬ ਦੇ ਖੇਡਾਂ ਵਿਚ ਪਛੜ ਜਾਣ ਦੇ ਕਾਰਨ ਲੱਭਣੇ ਤੇ ਹੱਲ ਵਿਚਾਰਨੇ ਚਾਹੀਦੇ ਹਨ। ‘ਕੱਲੇ ਕਬੱਡੀ ਕੱਪਾਂ ਨਾਲ ਪੰਜਾਬ ਨੇ ਖੇਡਾਂ ਵਿਚ ਮੂਹਰੇ ਨਹੀਂ ਆ ਜਾਣਾ। ਅਤਿ ਮਹਿੰਗੇ ਤੇ ਉਹ ਵੀ ਲੰਗੜੇ ਕਬੱਡੀ ਕੱਪ ਕਰਾਉਣ ਦੀ ਥਾਂ ਸਾਰੀਆਂ ਖੇਡਾਂ ਵੱਲ ਧਿਆਨ ਦੇਣ ਦੀ ਲੋੜ ਹੈ। ਤਦ ਹੀ ਪੰਜਾਬ ਹਰਿਆਣੇ ਦਾ ਮੁਕਾਬਲਾ ਕਰ ਸਕੇਗਾ ਤੇ ਭਾਰਤ ਵਿਚ ਮੀਰੀ ਆ ਸਕੇਗਾ।