ਬਲਜੀਤ ਬਾਸੀ
‘ਸਾਢਿਆਂ ਦੇ ਪਹਾੜੇ’ ਵਿਚ ਮੇਰੇ ਵਲੋਂ ਗਵਾਂਢ ਸ਼ਬਦ ਦੀ ਦਰਸਾਈ ਨਿਰੁਕਤੀ ‘ਤੇ ਜਸਵੀਰ ਸਿੰਘ ਲੰਗੜੋਆ ਨੇ ਕਿੰਤੂ ਕੀਤਾ ਹੈ ਤੇ ਨਾਲ ਹੀ ਆਪਣੇ ਵਲੋਂ ਮੁਤਬਾਦਲ ਵਿਉਤਪਤੀ ਪੇਸ਼ ਕੀਤੀ ਹੈ। ਮੈਂ ਇਸ ਸ਼ਬਦ ਨੂੰ ਸੰਸਕ੍ਰਿਤ ਦੇ ਸੰਯੁਕਤ ਸ਼ਬਦ ‘ਗ੍ਰਾਮ+ਅਰਧ’ ਤੋਂ ਵਿਗਸਿਆ ਦੱਸਿਆ ਸੀ ਜਿਸ ਵਿਚਲਾ ‘ਅਰਧ’ ਸ਼ਬਦ ਅੱਧ ਬਣਦਾ ਬਣਦਾ ਕਈ ਥਾਂਵਾਂ ‘ਤੇ ‘ਅਢ’ ਦਾ ਰੂਪ ਧਾਰ ਗਿਆ। ਲੰਗੜੋਆ ਸਾਹਿਬ ਨੂੰ ‘ਧ’ ਧੁਨੀ ਦੇ ‘ਢ’ ਵਿਚ ਪਲਟ ਜਾਣ ਦੀ ਸੂਚਨਾ ਤੋਂ ਚਿੰਤਾ ਹੋਈ ਕਿਉਂਕਿ ਇਸ ਵਰਤਾਰੇ ਨਾਲ ਉਨ੍ਹਾਂ ਦੀ ਆਪਣੀ ਸਥਾਪਨਾ ਖਤਰੇ ਵਿਚ ਪੈ ਗਈ।
ਤਦੇ ਤਾਂ ਉਨ੍ਹਾਂ ਕਿਹਾ ਕਿ ਇੱਕਾ ਦੁੱਕਾ ਸ਼ਬਦ ਤਾਂ ਇਸ ਤਰ੍ਹਾਂ ਦੀ ਤਬਦੀਲੀ ਨਾਲ ਬਣੇ ਹੋ ਸਕਦੇ ਹਨ, ਸਾਰੇ ਨਹੀਂ। ਉਨ੍ਹਾਂ ਦੀ ਇਕ ਆਦਤ ਹੈ ਕਿ ਮੱਲੋ ਮੱਲੀ ਮੇਰੇ ਮੂੰਹ ਵਿਚ ਕਥਨ ਪਾ ਦਿੰਦੇ ਹਨ। ਮੈਂ ਕਿਤੇ ਵੀ ਨਹੀਂ ਕਿਹਾ ਕਿ ਸਾਰੇ ਸ਼ਬਦ ਇਸ ਤਰ੍ਹਾਂ ਤਬਦੀਲ ਹੁੰਦੇ ਹਨ। ‘ਅੱਧਾ’ ਸ਼ਬਦ ਦੀ ਮੇਰੇ ਵਲੋਂ ਛੇੜੀ ਚਰਚਾ ਹੀ ਇਹ ਦਸਦੀ ਹੈ ਕਿ ‘ਧ’ ਧੁਨੀ ਕਾਇਮ ਹੈ। ਉਨ੍ਹਾਂ ਦੀ ਦੂਜੀ ਆਦਤ ਹੈ ਕਿ ਉਹ ਵੱਡੇ ਦਾਅਵੇ ਨਾਲ ਕੋਈ ਬਿਆਨ ਦਾਗ ਦਿੰਦੇ ਹਨ ਪਰ ਗਲਤ ਸਾਬਤ ਹੋਣ ‘ਤੇ ਇਸ ਨੂੰ ਤੁੱਛ ਬਣਾ ਦਿੰਦੇ ਹਨ। ਇਕ ਵਾਰੀ ਠੋਕ ਵਜਾ ਕੇ ਕਿਹਾ ਕਿ ਪਾਣੀ ਦੇ ਅਰਥਾਂ ਵਾਲਾ ‘ਅਪ’ ਕੋਈ ਸ਼ਬਦ ਹੈ ਹੀ ਨਹੀਂ ਪਰ ਫਿਰ ਇਹ ਕਹਿ ਕੇ ਪੱਲਾ ਛੁਡਾ ਲਿਆ ਕਿ ਇਹ ਆਮ ਨਹੀਂ। ਖੈਰ, ਪਹਿਲਾਂ ਮੁਢਲੇ ਦਾਅਵੇ ਨਾਲ ਨਿਪਟ ਲਈਏ। ‘ਧ’ ਧੁਨੀ ਦੇ ‘ਢ’ ਅਤੇ ‘ਡ’ ਵਿਚ ਪਲਟ ਜਾਣ ਦੀਆਂ ਕੁਝ ਮਿਸਾਲਾਂ ਹਨ: ਧਵੰਸ> ਢਹਿਣਾ; ਵਰਿਧੀ> ਬੁੱਢਾ; ਵਰਧ> ਵਢ; ਕੰਧ> ਕੰਢਾ; ਧ੍ਰਿਸ਼ਟ> ਢੀਠ; ਧਰ> ਢੇਰ; ਧਿਮਕਾ> ਢਿਮਕਾ; ਧਰੇਕ> ਡੇਕ।
ਅਲਪੱਗ ਹੋਣ ਦਾ ਸੂਚਕ ਇਕ ਹੋਰ ਦਾਅਵਾ ਹੈ, “ਅਰਧ ਸ਼ਬਦ ਦਾ ਅਰਥ ਹਮੇਸ਼ਾ ‘ਅੱਧਾ’ ਹੀ ਹੁੰਦਾ ਹੈ।” ਕੁਝ ਅੱਗੇ ਜਾ ਕੇ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਵੀ ਉਨ੍ਹਾਂ ਕੀਤੀ ਹੈ ਕਿ ਇਹ ਸ਼ਬਦ ਵਿਸ਼ੇਸ਼ਣ ਦੇ ਤੌਰ ‘ਤੇ ਹੀ ਵਰਤਿਆ ਜਾਂਦਾ ਹੈ, ਇਸ ਲਈ ਵਿਸ਼ੇਸ਼ਤਾ ਪ੍ਰਗਟ ਕਰਦਾ ਹੈ। ਲੇਖ ਵਿਚ ਮੈਂ ‘ਕਲ੍ਹ ਦੀ ਭੂਤਨੀ ਸਿਵਿਆਂ ਚ ਅੱਧ’ ਅਖਾਣ ਦੀ ਮਿਸਾਲ ਦਿੱਤੀ ਸੀ, ਕੀ ਇਸ ਵਿਚ ‘ਅੱਧ’ ਵਿਸ਼ੇਸ਼ਣ ਹੈ? ਬਥੇਰੇ ਸ਼ਬਦ ਨਾਂਵ ਤੇ ਵਿਸ਼ੇਸ਼ਣ ਦੋਵੇਂ ਹੁੰਦੇ ਹਨ। ਉਂਜ ਸ਼ਬਦ-ਨਿਰਮਾਣ ਪ੍ਰਕਿਰਿਆ ਇਸ ਤਰ੍ਹਾਂ ਦੀ ਸਕੂਲੀ ਵਿਆਕਰਣ ਵਿਚ ਨਹੀਂ ਬਝਦੀ। ਪੁਆਧ (ਪੂਰਬ+ਅਰਧ) ਵਿਚਲਾ ਅਰਧ/ਅੱਧ ਨਾਂਵ ਹੈ ਨਾ ਕਿ ਵਿਸ਼ੇਸ਼ਣ ਤੇ ਇਸ ਦਾ ਅਰਥ ਭਾਗ, ਖੇਤਰ, ਇਲਾਕਾ ਹੈ। ਪੁਆਧ ਸ਼ਬਦ ਮਾਝਾ, ਮਾਲਵਾ, ਦੁਆਬਾ ਦੀ ਤਰ੍ਹਾਂ ਇਕ ਖਿੱਤੇ ਦਾ ਨਾਂ ਹੈ। ਧਿਆਨ ਰਹੇ, ਅਜਿਹੇ ਸ਼ਬਦਾਂ ਵਿਚ ਮੁਢਲੇ ਅਰਥ ਦੀ ਗੂੰਜ ਵੀ ਸੁਣਾਈ ਦਿਆ ਕਰਦੀ ਹੈ ਜਿਵੇਂ ਦੇਸ਼ ਦੇ ਪੂਰਬੀ ਭਾਗ ਦਾ ਮਤਲਬ ਪੂਰਬੀ ਖੇਤਰ ਹੈ। ਇਕ ਸ਼ਬਦ ਦੀ ਵਿਆਖਿਆ ਦੂਜੇ ਸ਼ਬਦਾਂ ਰਾਹੀਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਸ ਦਾ ਮਤਲਬ ਇਹ ਨਹੀਂ ਕਿ ਵਿਆਖਿਆਕਾਰੀ ਸ਼ਬਦ ਪੂਰੀ ਤਰ੍ਹਾਂ ਵਿਆਖਿਆਏ ਜਾ ਰਹੇ ਸ਼ਬਦ ਦੀ ਥਾਂ ਲੈ ਸਕਦਾ ਹੈ। ਮੋਨੀਅਰ ਵਿਲੀਅਮਜ਼ ਦੇ ਪ੍ਰਸਿੱਧ ‘ਸੰਸਕ੍ਰਿਤ-ਅੰਗਰੇਜ਼ੀ ਕੋਸ਼’ ਵਿਚੋਂ ਅਰਧ ਸ਼ਬਦ ਦੇ ਇੰਦਰਾਜ ਦਾ ਚਿੱਤਰ ਦਿੱਤਾ ਜਾ ਰਿਹਾ ਹੈ ਜਿਸ ਤੋਂ ਇਸ ਸ਼ਬਦ ਬਾਰੇ ਇਹ ਦੋਵੇਂ ਭੁਲੇਖੇ ਦੂਰ ਹੋ ਜਾਣੇ ਚਾਹੀਦੇ ਹਨ।
ਲੰਗੜੋਆ ਜੀ ਸਮਝਦੇ ਹਨ ਕਿ ਮੈਂ ਸ਼ਾਇਦ ਟਪਾਰਾਂ ਲਾਉਂਦਾ ਰਹਿੰਦਾ ਹਾਂ। ਗਵਾਂਢ/ਗੁਆਂਢ ਸ਼ਬਦ ਦੀ ਮੇਰੇ ਵਲੋਂ ਪ੍ਰਸਤੁਤ ਵਿਉਤਪਤੀ ਪ੍ਰਸਿੱਧ ਨਿਰੁਕਤਕਾਰ ਰਾਲਫ ਲਿਲੀ ਟਰਨਰ ਦੁਆਰਾ ਡੂੰਘੀ ਖੋਜ ਪਿਛੋਂ ਪ੍ਰਕਾਸ਼ਿਤ ਕੀਤੇ ‘ਹਿੰਦ-ਆਰਿਆਈ ਭਾਸ਼ਾਵਾਂ ਦਾ ਤੁਲਨਾਤਮਕ ਕੋਸ਼’ ਵਿਚੋਂ ਲਈ ਗਈ ਹੈ। ਜਦ ਹੋਰ ਭਾਸ਼ਾਵਾਂ ਵਿਚ ਵੀ ਇਕੋ ਜਿਹੇ ਅਰਥਾਂ ਤੇ ਰੂਪ ਵਾਲੇ ਸ਼ਬਦ ਮਿਲਦੇ ਹੋਣ ਤਾਂ ਇਨ੍ਹਾਂ ਨੂੰ ਵਡੇਰੇ ਭਾਸ਼ਾਈ ਪ੍ਰਸੰਗ ਵਿਚ ਸਮਝਣਾ ਚਾਹੀਦਾ ਹੈ ਨਾ ਕਿ ਸਿਰਫ ਆਪਣੀ ਭਾਸ਼ਾ ਦੇ ਸੀਮਿਤ ਦਾਇਰੇ ਵਿਚ ਰੱਖ ਕੇ। ਕੋਸ਼ ਵਿਚ ਗਵਾਂਢ ਨਾਲ ਸਬੰਧਤ ਸੁਜਾਤੀ ਸ਼ਬਦਾਂ ਦੇ ਦੋ ਇੰਦਰਾਜ ਮਿਲਦੇ ਹਨ। ‘ਗ੍ਰਾਮਅੰਤ’ (ਗ੍ਰਾਮ+ਅੰਤ = ਗ੍ਰਾਮ ਦਾ ਅੰਤ) ਦੇ ਇੰਦਰਾਜ ਅਧੀਨ ਇਸ ਦਾ ਸ਼ਾਬਦਿਕ ਅਰਥ ਦਿੱਤਾ ਹੈ, ‘ਪਿੰਡ ਦੀ ਸੀਮਾ’ ਤੇ ਇਸ ਤੋਂ ਬਣੇ ‘ਗ੍ਰਾਮਅੰਤਿਯ’ ਦਾ ਅਰਥ, ‘ਪਿੰਡ ਨੇੜੇ ਦੀ ਜਗਾਹ’। ਇਸ ਤੋਂ ਪਾਲੀ ਵਿਚ ਸ਼ਬਦ ਬਣਿਆ ‘ਗਾਮੰਤ’ ਜਿਸ ਦੀ ਵਿਆਖਿਆ ਪਿੰਡ ਦਾ ਗਵਾਂਢ ਅਰਥਾਤ ਨਾਲ ਦੇ ਪਿੰਡ ਵਜੋਂ ਕੀਤੀ ਗਈ ਹੈ। ਇਸ ਤੋਂ ਬਣੇ ਪ੍ਰਾਕ੍ਰਿਤ ਸ਼ਬਦ ‘ਗਾਮੰਤਿਯਾ’ ਦਾ ਅਰਥ ਹੈ ਪਿੰਡ ਦੇ ਕਿਨਾਰੇ ਰਹਿੰਦਾ; ਪਿੰਡ ਦੀ ਸੀਮਾ। ਲਹਿੰਦਾ ਦੀ ਖੇਤਰਾਣੀ ਉਪਭਾਸ਼ਾ ਵਿਚ ਇਸ ਤੋਂ ਬਣੇ ‘ਗਾਵਾਂਡੀ’ ਦਾ ਅਰਥ ਹੈ, ਗਵਾਂਢੀ। ਉੜੀਆ ਭਾਸ਼ਾ ਦੇ ਇਸ ਤੋਂ ਵਿਗਸੇ ਸ਼ਬਦ ਗਾਂਤੀਆ ਜਾਂ ਗੌਂਤੀਆ ਦਾ ਅਰਥ ਹੈ, ਪਿੰਡ ਦਾ ਮੁਖੀ। ਸ਼ਿਆਮ ਦੇਵ ਪਰਾਸ਼ਰ ਨੇ ਆਪਣੀ ਪੁਸਤਕ ‘ਸੰਸਕ੍ਰਿਤ ਤਥਾ ਪੰਜਾਬੀ ਕੇ ਸਬੰਧ’ ਵਿਚ ਗਵਾਂਢ ਸ਼ਬਦ ਦੀ ਇਹੋ ਵਿਉਤਪਤੀ ਸੁਝਾਈ ਹੈ।
ਟਰਨਰ ਦੇ ਕੋਸ਼ ਵਿਚ ਗਵਾਂਢ ਸ਼ਬਦ ਨਾਲ ਸਬੰਧਤ ਦੂਜਾ ਇੰਦਰਾਜ ਹੈ, ‘ਗ੍ਰਾਮਅਰਧ’ ਜਿਸ ਦਾ ਅਰਥ ਦਿੱਤਾ ਹੈ, ਪਿੰਡ ਦਾ ਚੁਗਿਰਦਾ, ਆਲਾ ਦੁਆਲਾ। ਇਸ ਤੋਂ ਬਣੇ ਸੰਸਕ੍ਰਿਤ ਸ਼ਬਦ ‘ਗ੍ਰਾਮਆਰਧਿਨ’ ਦਾ ਅਰਥ ਹੈ, ਗੁਆਂਢੀ। ਇਸੇ ਤੋਂ ਵਿਕਸਿਤ ਹੋ ਕੇ ਪ੍ਰਾਕ੍ਰਿਤ ਸ਼ਬਦ ਗਾਮਾਧਾ ਪ੍ਰਗਟ ਹੋਇਆ ਜਿਸ ਦਾ ਅਰਥ ਹੈ, ਪਿੰਡ ਦਾ ਭਾਗ। ਇਸ ਦਾ ਹੋਰ ਵਿਕਸਿਤ ਸ਼ਬਦ ਦੱਸਿਆ ਗਿਆ ਹੈ, ਲਹਿੰਦਾ ਭਾਸ਼ਾ ਦਾ ਗਾਵਾਂਢ ਜਾਂ ਗਵਾਂਢ ਅਤੇ ਪੰਜਾਬੀ ਦਾ ਗਵਾਂਢ। ਇਸੇ ਕੜੀ ਵਿਚ ਆਉਂਦੇ ਹਨ, ਭੋਜਪੁਰੀ ਦਾ ਸ਼ਬਦ ‘ਗੋਯਾੜਾ’ ਭਾਵ ਪਿੰਡ ਦਾ ਚੌਗਿਰਦਾ ਤੇ ਮਰਾਠੀ ਦਾ ‘ਗਾਵਧੇ’ ਜਿਸ ਦਾ ਅਰਥ ਦਿੱਤਾ ਗਿਆ ਹੈ ਪਿੰਡੀ, ਦੂਜੇ ਪਿੰਡ ਵਿਚ ਕਾਰੋਬਾਰ। ਮੈਂ ਮਰਾਠੀ ਕੋਸ਼ਾਂ ਵਿਚ ਪੜਤਾਲ ਕੀਤੀ ਹੈ, ਗਾਵਧੇ ਦਾ ਇਕ ਰੁਪਾਂਤਰ ਗਾਵਾਢੇ ਵੀ ਹੈ।
ਗਵਾਂਢ ਸ਼ਬਦ ਬਾਰੇ ਟਰਨਰ ਦੇ ਕੋਸ਼ ਵਿਚ ਮੈਨੂੰ ਕੁਝ ਵਿਰੋਧਾਭਾਸ ਵੀ ਮਾਲੂਮ ਹੋਇਆ ਹੈ। ਖੇਤਰਾਣੀ ਵਿਚਲਾ ਗਵਾਂਢੀ ‘ਗ੍ਰਾਮ-ਅੰਤ’ ਤੋਂ ਪਰ ਪੰਜਾਬੀ ਅਤੇ ਲਹਿੰਦਾ ਦਾ ਗਵਾਂਢ ‘ਗ੍ਰਾਮ-ਅਰਧ’ ਤੋਂ ਬਣਿਆ ਦੱਸਿਆ ਗਿਆ ਹੈ। ਖੈਰ, ਮੈਨੂੰ ਦੋਵਾਂ ਮੁਢੀਆਂ ਵਿਚੋਂ ‘ਗ੍ਰਾਮਅਰਧ’ ਵਧੇਰੇ ਜਚੀ ਹੈ ਕਿਉਂਕਿ ‘ਧ’ ਧੁਨੀ ਦੇ ‘ਢ’ ਵਿਚ ਬਦਲਣ ਦੀ ਵੱਧ ਸੰਭਾਵਨਾ ਹੈ। ਉਪਰੋਕਤ ਦੋਨੋਂ ਵਿਉਤਪਤੀਆਂ ਤੋਂ ਇਕ ਗੱਲ ਤਾਂ ਸਮਝ ਪੈਂਦੀ ਹੈ ਕਿ ਮੁਢਲੇ ਤੌਰ ‘ਤੇ ‘ਗ੍ਰਾਮਅੰਤ’ ਜਾਂ ‘ਗ੍ਰਾਮਅਰਧ’ ਤੋਂ ਮੁਰਾਦ ਹੈ, ਗ੍ਰਾਮ ਜਾਂ ਪਿੰਡ ਦੇ ਲਾਗਲਾ ਪਿੰਡ। ਮਰਾਠੀ ਵਿਚ ‘ਗਾਵਾਢੇ’ ਜਾਨਾ ਦਾ ਮਤਲਬ ਹੋਵੇਗਾ ਨਾਲ ਦੇ ਪਿੰਡ ਜਾਣਾ। ਕਈ ਲੋਕਾਂ ਦੀਆਂ ਜ਼ਮੀਨਾਂ ਅਤੇ ਹੋਰ ਕਾਰੋਬਾਰ ਨਾਲ ਦੇ ਪਿੰਡ ਵਿਚ ਹੁੰਦੇ ਹਨ। ‘ਨਾਲ ਦਾ ਪਿੰਡ’ ਤੋਂ ਹੀ ਇਸ ਦਾ ਭਾਵ ਹੋਰ ਵਿਸਤਾਰ ਲੈ ਕੇ ‘ਆਪਣੇ ਘਰ ਦੇ ਨਾਲ ਦੇ ਘਰ’ ਅਰਥਾਤ ਪੜੋਸ ਵੀ ਹੋ ਗਿਆ। ਪਹਿਲਾਂ ਮੈਂ ਇਸ ਨੂੰ ਪਿੰਡ ਦੇ ਭਾਗ ਜਾਂ ਖੇਤਰ ਵਜੋਂ ਹੀ ਲਿਆ ਸੀ ਜਿਸ ਦਾ ਅਰਥ ਸੁੰਗੜ ਕੇ ਪੜੋਸੀ ਦੇ ਭਾਵ ਦੇਣ ਲੱਗ ਪਿਆ। ਗ਼ਸ਼ ਰਿਆਲ ਨੇ ਵੀ ਇਸ ਦਾ ਅਰਥ ਪਿੰਡ ਦੇ ਭਾਗ ਵਜੋਂ ਹੀ ਕੀਤਾ ਹੈ ਪਰ ਅਸਲ ਵਿਚ ਇਹ ਪਿੰਡ ਦੇ ਨਾਲ ਲਗਦਾ ਖੇਤਰ ਹੈ। ਕੁਝ ਵੀ ਹੋਵੇ, ਅਰਧ ਸ਼ਬਦ ਦਾ ਅਰਥ ਭਾਗ, ਖੇਤਰ, ਇਲਾਕਾ, ਦੇਸ਼ ਆਦਿ ਹੈ ਤੇ ਇਹ ਤੱਥ ਸੰਸਕ੍ਰਿਤ ਤੇ ਹਿੰਦੀ ਕੋਸ਼ਾਂ ਤੋਂ ਭਲੀ ਭਾਂਤ ਸਪੱਸ਼ਟ ਹੋ ਜਾਂਦਾ ਹੈ। ਸ਼ਬਦਾਂ ਦੇ ਅਰਥਾਂ ਦਾ ਸੰਕੋਚ ਤੇ ਵਿਸਥਾਰ ਤਾਂ ਆਮ ਵਰਤਾਰਾ ਹੈ, ਸ਼ਬਦਾਂ ਦੀ ਅਰਥ ਸਮਰਥਾ ਇਸੇ ਤਰ੍ਹਾਂ ਵਧਦੀ ਹੈ। ਸਮਝ ਨਹੀਂ ਲਗਦੀ ਸ਼ਬਦ ਅਧਿਐਨ ਵਿਚ ਜੁਟੇ ਲੰਗੜੋਆ ਜੀ ਇਸ ਗੱਲ ਵੱਲ ਕਿਉਂ ਨਹੀਂ ਧਿਆਨ ਦਿੰਦੇ। ਮੈਂ ਕੁਝ ਹੋਰ ਸ਼ਬਦਾਂ ਜਿਵੇਂ ‘ਸਿਕਦਾਰ’ ਅਤੇ ਅੰਗਰੇਜ਼ੀ ‘ਪਾਰਟਸ’ ਦੀਆਂ ਮਿਸਾਲਾਂ ਦੇ ਕੇ ਸਮਾਨਅੰਤਰ ਅਰਥ-ਵਿਕਾਸ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਨੂੰ ਦੁਹਰਾਉਣ ਦੀ ਲੋੜ ਨਹੀਂ। ਅੰਗਰੇਜ਼ੀ ‘ਕੰਟਰੀ’ ਸ਼ਬਦ ਦਾ ਅਰਥ ਪੇਂਡੂ ਇਲਾਕਾ ਵੀ ਹੈ ਤੇ ਦੇਸ਼ ਵੀ। ਲਾਤੀਨੀ ਸ਼ਬਦ ਠeਰਰਅ ਛੋਨਟਰਅਟਅ ਤੋਂ ਬਣੇ ਇਸ ਸ਼ਬਦ ਦਾ ਮੁਢਲਾ ਅਰਥ ਸੀ ‘ਸਾਹਮਣੇ ਪਸਰੀ ਜ਼ਮੀਨ’। ਅੰਗਰੇਜ਼ੀ ਸਿਟੀਜ਼ਨ ਪਹਿਲਾਂ ਸ਼ਹਿਰ ਦਾ ਵਾਸੀ ਹੁੰਦਾ ਸੀ ਹੁਣ ਦੇਸ਼ ਦਾ ਵਾਸੀ ਵੀ ਸਿਟੀਜ਼ਨ ਹੀ ਹੈ। ਅਸੀਂ ਇਸ ਤੋਂ ਅਨੁਵਾਦੇ ਸ਼ਬਦ ‘ਸ਼ਹਿਰੀ’ ਅਤੇ ‘ਨਾਗਰਿਕ’ ਤੋਂ ਵੀ ਦੋਵੇਂ ਅਰਥ ਲੈਣੇ ਸ਼ੁਰੂ ਕਰ ਦਿੱਤੇ।
ਹਰ ਸ਼ਬਦ ਵਿਭਿੰਨ ਕਾਲਖੰਡਾਂ ਅਤੇ ਭੂਖੰਡਾਂ ‘ਚ ਗੁਜ਼ਰਦਾ ਸਮੇਂ ਸਥਾਨ ਦੀਆਂ ਧੁਨੀਆਂ ਨਾਲ ਲਬਰੇਜ਼ ਹੁੰਦਾ ਕਈ ਤਰਾਂ ਦੇ ਅਰਥ ਗ੍ਰਹਿਣ ਕਰਦਾ ਤੇ ਤਿਆਗਦਾ ਹੈ। ਵਿਭਿੰਨ ਸ਼ਬਦਾਂ ਦੀਆਂ ਸਮਾਨ ਧੁਨੀਆਂ ਦਾ ਅਵਲੋਕਣ ਕਰਕੇ ਹੀ ਉਨ੍ਹਾਂ ਦੇ ਅੰਤਰਮੁਖੀ ਢੰਗ ਨਾਲ ਸਮਾਨ ਅਰਥ ਢੂੰਡੀ ਜਾਣਾ ਨਿਰੁਕਤਕਾਰੀ ਨਹੀਂ ਹੈ। ਕੋਈ ਨਿਰਣਾ ਲੈਣ ਤੋਂ ਪਹਿਲਾਂ ਸ਼ਬਦਾਂ ਜਾਂ ਧੁਨੀ ਖੰਡਾਂ ਦਾ ਇਤਿਹਾਸ ਫੋਲਣਾ ਹੁੰਦਾ ਹੈ, ਹੋਰ ਭਾਸ਼ਾਵਾਂ ਨਾਲ ਜੋੜ ਬਿਠਾਉਣਾ ਹੁੰਦਾ ਹੈ ਤੇ ਜਾਣਨਾ ਹੁੰਦਾ ਹੈ ਕਿ ਹੋਰ ਪ੍ਰਮੁੱਖ ਨਿਰੁੱਕਤਕਾਰਾਂ ਨੇ ਕੀ ਕਿਹਾ ਹੈ।
ਲੰਗੜੋਆ ਅਨੁਸਾਰ ‘ਆਂਢ ਗੁਆਂਢ’ ਸ਼ਬਦ ਸੰਸਕ੍ਰਿਤ ਦਾ ਨਹੀਂ ਸਗੋਂ ਸਾਡੀਆਂ ਦੇਸੀ ਭਾਸ਼ਾਵਾਂ ਨੇ ਈਜਾਦ ਕੀਤਾ ਹੈ। ਮੈਂ ਸ਼ਬਦਾਂ ਦੀ ਦੇਸੀ ਘਾੜਤ ਤੋਂ ਇਨਕਾਰੀ ਨਹੀਂ ਪਰ ਮੇਰੀ ਜਾਚੇ ਗੁਆਂਢ ਸ਼ਬਦ ਦੇਸੀ ਅਸਲੇ ਵਾਲਾ ਨਹੀਂ। ਇਹ ਵੀ ਸਪੱਸ਼ਟ ਕਰ ਦੇਵਾਂ ਕਿ ਸ਼ਬਦ ਦਾ ਮੁਢਲਾ ਰੂਪ ‘ਗਵਾਂਢ’ ਹੈ ਨਾ ਕਿ ‘ਗੁਆਂਢ’, ਇਸ ਦੇ ਵਿਗ੍ਰਹਿ ਤੋਂ ਏਹੀ ਸਾਬਤ ਹੁੰਦਾ ਹੈ। ਜਿਵੇਂ ਸਵਾਧੀਨ ਤੋਂ ਸੁਆਧੀਨ, ਸੰਵਾਰਨਾ ਤੋਂ ਸੁਆਰਨਾ, ਸਵਾਦ ਤੋਂ ਸੁਆਦ ਬਣੇ ਇਸੇ ਤਰ੍ਹਾਂ ਗਵਾਂਢ ਤੋਂ ਗੁਆਂਢ। ਲੰਗੜੋਆ ਸਾਹਿਬ ਫੁਰਮਾਉਂਦੇ ਹਨ ਕਿ ਗੁਆਂਢ ਸ਼ਬਦ ਆਂਢ ਸ਼ਬਦ ਤੋਂ ਬਣਿਆ ਹੈ ਜਿਸ ਦੇ ਕੋਸ਼ਗਤ ਅਰਥ ਹਨ ਗੰਢ, ਗਿਰ੍ਹਾ, ਮੇਲ। ਮਤਲਬ ਆਂਢ ਸ਼ਬਦ ਦੇ ਮੇਲ ਵਾਲੇ ਭਾਵ ਤੋਂ ਦੋ ਚੀਜ਼ਾਂ ਨੂੰ ਇਕ ਦੂਜੇ ਦੇ ਨੇੜੇ ਲਿਆ ਕੇ ਮੇਲ ਕਰਾਉਣਾ। ਗੁਆਂਢ ਇਹੋ ਹੁੰਦਾ ਹੈ, ਨੇੜੇ ਰਹਿਣ ਵਾਲਾ। ਦਿਲਚਸਪ ਗੱਲ ਹੈ ਕਿ ਉਨ੍ਹਾਂ ਆਂਢ ਦਾ ਇਹ ਅਰਥ ਤਾਂ ਦੱਸ ਦਿੱਤਾ ਪਰ ਚਰਚਾ ਤਾਂ ਗਵਾਂਢ/ਗੁਆਂਢ ਸ਼ਬਦ ਦੀ ਹੋ ਰਹੀ ਹੈ, ਇਸ ਵਿਚਲੇ ਮੁਢਲੇ ਅੰਸ਼ ਗਵਾਂ/ਗੁਆਂ ਦੀ ਕੀ ਵਿਆਖਿਆ ਹੈ? ਇਹ ‘ਧੁਨੀ’ ਕਾਸ ਦੀ ਸੂਚਕ ਹੈ? ਮੇਰੀ ਜਾਚੇ ਅਸਲ ਸ਼ਬਦ ‘ਗਵਾਂਢ’ ਹੈ ਤੇ ਉਸ ਦੇ ਮੂਹਰੇ ਲੱਗਾ ‘ਆਂਢ’ ਤਥਾਕਥਿਤ ਨਿਰਾਰਥਕ ਸ਼ਬਦ ਹੈ ਜਿਵੇਂ ‘ਅਤਾ ਪਤਾ’ ਵਿਚਲਾ ਅਤਾ। ਉਂਜ ਮੈਂ ਇਸ ਗੱਲੋਂ ਸੁਚੇਤ ਹਾਂ ਕਿ ਬਹੁਤ ਸਾਰੇ ਨਿਰਾਰਥਕ ਸਮਝੇ ਜਾਂਦੇ ਸ਼ਬਦ ਵੀ ਸਾਰਥਕ ਹੁੰਦੇ ਹਨ ਤੇ ਆਂਢ ਇਸ ਕੋਟੀ ਦਾ ਹੋ ਸਕਦਾ ਹੈ। ਲੰਗੜੋਆ ਸਾਹਿਬ ਵਲੋਂ ਆਂਢ ਸ਼ਬਦ ਤੇ ਉਨ੍ਹਾਂ ਅਨੁਸਾਰ ਇਸ ਧੁਨੀ ਤੋਂ ਬਣੇ ਹੋਰ ਸ਼ਬਦ ਜਿਵੇਂ ਆਢਾ, ਆਂਟ, ਸਾਂਢਾ, ਆੜ ਬਾਰੇ ਇਨ੍ਹਾਂ ਪੰਨਿਆਂ ਵਿਚ ਸਮੇਂ ਸਮੇਂ ਸਿਰ ਚਰਚਾ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਇੱਕ ਦੂਜੇ ਦੇ ਕਿੰਨੇ ਕੁ ਸਕੇ ਹਨ ਤੇ ਕਿੰਨੇ ਕੁ ਬਿਗਾਨੇ। ਵਾਰਸ ਸ਼ਾਹ ਦੀ ਸਹਾਇਤਾ ਨਾਲ ਕਿਰਕਰਾ ਹੋਇਆ ਮਜ਼ਾ ਠੀਕ ਕਰ ਲਈਏ:
ਬੁੱਕਲ ਲੇਫ ਦੀ ਤੇ ਜੱਫੀ ਵਹੁਟੀਆਂ ਦੀ,
ਇਹ ਰੁਤ ਸਿਆਲ ਦਾ ਭੋਗ ਹੈ ਨੀ।
ਸੌਂਕਣ ਰੰਨ ਗਵਾਂਢ ਕੁਪੱਤਿਆਂ ਦਾ,
ਭਲੇ ਮਰਦ ਦੇ ਬਾਬ ਦਾ ਰੋਗ ਹੈ ਨੀ।