ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਨ੍ਹਾਂ ਸਰੀਰ ਦੇ ਵੱਖ ਵੱਖ ਅੰਗਾਂ ਦਾ ਨਾਦ ਪੇਸ਼ ਕੀਤਾ ਹੈ। ਉਹ ਨੈਣਾਂ, ਮੂੰਹ, ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕਰ ਚੁਕੇ ਹਨ; ਹੱਥਾਂ ਦੀ ਦਾਸਤਾਨ ਦੱਸ ਚੁਕੇ ਹਨ ਕਿ ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ
ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ। ਲੱਤਾਂ ਦੀ ਵਾਰਤਾ ਸੁਣਾਉਂਦਿਆਂ ਉਨ੍ਹਾਂ ਬਾਬਾ ਫਰੀਦ ਦੇ ਸਲੋਕ “ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ॥” ਦਾ ਹਵਾਲਾ ਦਿੱਤਾ ਸੀ। ਡਾæ ਭੰਡਾਲ ਬੰਦੇ ਦੇ ਪੈਰਾਂ, ਮੁੱਖੜੇ, ਹਿੱਕ ਤੇ ਮਨ ਦੀ ਬਾਤ ਪਾ ਚੁਕੇ ਹਨ। ਗਰਦਨ ਅਤੇ ਬੁੱਲੀਆਂ ਦਾ ਵਿਖਿਆਨ ਵੀ ਕਰ ਚੁਕੇ ਹਨ। ਵਾਤਾਵਰਣ ਸੰਭਾਲ ਦੀ ਗੱਲ ਕਰਦਿਆਂ ਡਾæ ਭੰਡਾਲ ਨੇ ਨਸੀਹਤ ਕੀਤੀ ਸੀ ਕਿ ਸਾਹ ਆਉਂਦੇ ਜਾਂਦੇ ਰਹਿਣ, ਇਸ ਲਈ ਜਰੂਰੀ ਹੈ ਕਿ ਅਸੀਂ ਵਾਤਾਵਰਣੀ, ਕੁਦਰਤੀ, ਸਮਾਜਿਕ ਅਤੇ ਪਰਿਵਾਰਕ ਸਰੋਕਾਰਾਂ ਵਿਚੋਂ ਹੀ ਖੁਦ ਨੂੰ ਵਿਸਥਾਰਈਏ। ਉਨ੍ਹਾਂ ਨੱਕ ਦੀ ਵਾਰਤਾ ਸੁਣਾਉਂਦਿਆਂ ਦੱਸਿਆ ਕਿ ਕਈ ਵਾਰ ਮਨੁੱਖ ਨੱਕ ਨੂੰ ਉਚਾ ਕਰਨ ਖਾਤਰ ਕਰਜ਼ੇ ਵਿਚ ਡੁੱਬ, ਖੁਦਕੁਸ਼ੀਆਂ ਦੇ ਰਾਹ ਵੀ ਤੁਰ ਪੈਂਦਾ। ਬਾਹਾਂ ਦੀ ਤਸ਼ਬੀਹ ਵਿਚ ਉਨ੍ਹਾਂ ਕਿਹਾ ਸੀ ਕਿ ਬਾਂਹਾਂ ਦੀ ਬਾਂਹਾਂ ਸੰਗ ਯਾਰੀ, ਮਨ-ਵਿਹੜੇ ਮੌਲੇ ਸਰਦਾਰੀ। ਉਨ੍ਹਾਂ ਨਸੀਹਤ ਕੀਤੀ ਸੀ ਕਿ ਪੇਟ ਦਾ ਪੀਹੜਾ ਨੀਵਾਂ ਰੱਖੋ। ਇਸ ਦੀ ਬਰੂਹੀਂ ਕੁੰਡਾ ਰੱਖੋ। ਪਿਛਲੇ ਲੇਖ ਵਿਚ ਵਿਚ ਡਾæ ਭੰਡਾਲ ਨੇ ਕਿਹਾ ਸੀ, “ਕਦੇ ਵੀ ਕਿਸੇ ਵੱਲ ਬੇਲੋੜੀ ਉਂਗਲ ਨਾ ਕਰੋ। ਉਸ ਦੀਆਂ ਕਮੀਆਂ, ਊਣਤਾਈਆਂ ਤੇ ਕਮਜ਼ੋਰੀਆਂ ‘ਤੇ ਉਂਗਲ ਨਾ ਧਰੋ ਕਿਉਂਕਿ ਜਦ ਅਸੀਂ ਇਕ ਉਂਗਲ ਕਿਸੇ ਵੱਲ ਕਰਦੇ ਹਾਂ ਤਾਂ ਤਿੰਨ ਉਂਗਲਾਂ ਸਾਡੇ ਵੰਨੀ ਆਪਣੇ ਆਪ ਹੀ ਹੋ ਜਾਂਦੀਆਂ ਨੇ।” ਹਥਲੇ ਲੇਖ ਵਿਚ ਉਨ੍ਹਾਂ ਹਿਰਦੇ ਦੀ ਗੱਲ ਕਰਦਿਆਂ ਕਿਹਾ ਹੈ, ਹਿਰਦੇ ਵਿਚ ਉਠੀ ਵੇਦਨਾ ਹੀ ਹੁੰਦੀ ਜੋ ਕੂਕਦੀ ਏ, ‘ਸੱਜਣਾਂ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ।’ ਜਾਂ ਸੁਕਰਾਤ ਵਰਗਾ ਮਹਾਂ-ਪੁਰਖ ਬਿਗਾਨਿਆਂ ਦੇ ਪੱਥਰਾਂ ਦੀ ਪੀੜ ਨੂੰ ਤਾਂ ਹੱਸ ਕੇ ਜਰਦਾ ਏ ਪਰ ਮਿੱਤਰ ਦੇ ਮਾਰੇ ਫੁੱਲ ਦੀ ਪੀੜਾ ਉਸ ਦੀ ਰੂਹ ਨੂੰ ਜਖਮੀ ਕਰ ਜਾਂਦੀ ਏ। -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਹਿਰਦਾ, ਸਰੀਰ ਦਾ ਕੁਝ ਵੀ ਨਾ ਹੁੰਦਾ ਹੋਇਆ ਸਭ ਕੁਝ ਹੈ।
ਮਨੁੱਖੀ ਭਾਵਨਾ, ਅਹਿਸਾਸ, ਸੰਵੇਦਨਾ, ਸਕੂਨ, ਸਹਿਜ, ਸ਼ਾਂਤੀ, ਮਾਨਸਿਕ ਖੁਸ਼ੀ, ਪੀੜਾ, ਗਮ, ਹੁਲਾਸ, ਚਾਅ ਆਦਿ ਦਾ ਅਸਥੂਲ ਸੰਗ੍ਰਿਹ ਹੈ ਹਿਰਦਾ।
ਹਿਰਦੇ ਵਾਲੇ ਮਨੁੱਖ ਵਿਚ ਇਨਸਾਨੀਅਤ, ਬੰਦਿਆਈ, ਭਲਿਆਈ, ਚੰਗਿਆਈ, ਦਾਨਾਈ, ਸਰਬ-ਸੁਖਨ ਦੀ ਕਾਮਨਾ, ਸਰਬੱਤ ਦਾ ਭਲਾ ਅਤੇ ਹਰੇਕ ਦੇ ਕੰਮ ਆਉਣ ਦੀ ਪ੍ਰਬਲਤਾ।
ਹਿਰਦਾ, ਕਲਾ-ਮਦੀਨਾ, ਹਰਫ-ਬੰਦਨਾ, ਅਰਥ-ਅਰਦਾਸ, ਸੰਗੀਤਕ-ਅਰਾਧਨਾ, ਮਾਨਵੀ ਵਰਤਾਰਾ, ਪੀੜਾ ਹਰਨ ਦਾ ਉਦਮ, ਹੰਝੂ ਪੂੰਝਣ ਦੀ ਆਸਥਾ, ਤਨ-ਲੰਗਾਰਾਂ ਦੀ ਸਿਊਣ-ਸੋਚ ਅਤੇ ਮਨ ‘ਤੇ ਪਈਆਂ ਝਰੀਟਾਂ ਨੂੰ ਮਿਟਾਉਣ ਦੀ ਲੋਚ।
ਹਿਰਦੇ ਤੋਂ ਬਗੈਰ ਮਨੁੱਖ ਸਿਰਫ ਰੋਬੋਟ। ਹੈਵਾਨੀਅਤ ਭਰਪੂਰ ਕਿਰਿਆਵਾਂ ਵਿਚ ਰੁੱਝੀ ਮਾਨਵ-ਜਾਤ। ਅਹਿਸਾਸ ਵਿਹੂਣੇ ਲੋਕ ਹਿਰਦਾ-ਹੀਣ ਹੁੰਦੇ।
ਹਿਰਦਾ, ਹੰਕਾਰ, ਹੱਠ-ਧਰਮੀ, ਹਾਅ, ਹੂੰਗਰ, ਹੇਰਵਾ, ਹੂਕ, ਹੁੰਗਾਰਾ, ਹਾਕ, ਹੁਲਾਰਾ, ਹਲੀਮੀ, ਹੱਲਾਸ਼ੇਰੀ, ਹੁਕਮ ਆਦਿ ਵਿਚੋਂ ਆਪਣੇ ਨੂੰ ਪਰਿਭਾਸ਼ਤ ਕਰਦਾ।
ਹਿਰਦੇ ਵਿਚ ਵੱਸਦਾ ਏ ਆਪਾ, ਖੁਦ ‘ਚੋਂ ਖੁਦੀ ਦਾ ਝਲਕਾਰਾ। ਸਵੈ ‘ਚੋਂ ਅਦਿੱਖ ਸੋਚ ਤੇ ਕਰਮਧਾਰਾ ਦਾ ਵਹਾਅ ਤੇ ਅਸੀਮ ਪਸਾਰਾ।
ਹਿਰਦਾ ਕੋਮਲ ਵੀ ਤੇ ਕਠੋਰ ਵੀ, ਮਲੂਕ ਵੀ ਤੇ ਖੁਰਦੁਰਾ ਵੀ, ਤਰਲ ਵੀ ਤੇ ਠੋਸ ਵੀ, ਅਦਿੱਖ ਵੀ ਤੇ ਦਿਸਦਾ ਵੀ, ਅਬੋਲ ਵੀ ਤੇ ਗੁਣਗਣਾਉਂਦਾ ਵੀ ਅਤੇ ਨਿਰਲੇਪ ਵੀ ਪਰ ਸਮਾਉਣ ਲੱਗਿਆਂ ਪਲ ਵੀ ਨਾ ਲਾਉਂਦਾ।
ਹਿਰਦਾ ਸਰੂਰ ‘ਚ ਹੁੰਦਾ ਤਾਂ ਹਾਸੇ-ਖੇੜੇ ਇਸ ਦੀ ਜੂਹ ‘ਚ ਸਿਜਦਾ ਕਰਦੇ, ਚਾਵਾਂ ਦੀ ਚਮੇਲੀ ਮੁਹਾਂਦਰੇ ਨੂੰ ਮਹਿਕਾਉਂਦੀ, ਫੁੱਲ-ਪੱਤੀਆਂ ਰੂਹ-ਪੈੜ ‘ਤੇ ਪੁਸ਼ਪ-ਬਰਖਾ ਕਰਦੀਆਂ ਅਤੇ ਸਮੁੱਚ ਬਣਦਾ ਮਹਿਕ-ਵਣਜਾਰਾ।
ਹਿਰਦਾ ਦੁਖੀ ਹੁੰਦਾ ਤਾਂ ਇਸ ਦੀ ਬੀਹੀ ‘ਚ ਲੇਰ ਗੂੰਜਦੀ, ਖਾਰੇ ਪਾਣੀਆਂ ਦੀ ਬਾਰਸ਼ ਹੁੰਦੀ ਅਤੇ ਪੀੜਾ ਦੀ ਗੰਗਾ ਉਛਲਦੀ। ਜਦ ਅਸੀਮਤ ਦਰਦ ਵਿਚ ਕਿਸੇ ਦਾ ਹਿਰਦਾ ਬਾਹਰ ਆਵੇ ਤਾਂ ਮੁੱਖ ‘ਤੇ ਕਸੀਸ ਅਤੇ ਦਰਦ ਦੇ ਪ੍ਰਛਾਵੇਂ, ਫਿਜ਼ਾ ਵਿਚ ਚੁੱਪ-ਹਉਕਾ ਧਰ ਜਾਂਦੇ।
ਹਿਰਦੇ ਵਿਚ ਉਠੀ ਵੇਦਨਾ ਹੀ ਹੁੰਦੀ ਜੋ ਕੂਕਦੀ ਏ, ‘ਸੱਜਣਾਂ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ।’ ਜਾਂ ਸੁਕਰਾਤ ਵਰਗਾ ਮਹਾਂ-ਪੁਰਖ ਬਿਗਾਨਿਆਂ ਦੇ ਪੱਥਰਾਂ ਦੀ ਪੀੜ ਨੂੰ ਤਾਂ ਹੱਸ ਕੇ ਜਰਦਾ ਏ ਪਰ ਮਿੱਤਰ ਦੇ ਮਾਰੇ ਫੁੱਲ ਦੀ ਪੀੜਾ ਉਸ ਦੀ ਰੂਹ ਨੂੰ ਜਖਮੀ ਕਰ ਜਾਂਦੀ ਏ।
ਕੋਮਲ ਭਾਵੀ ਵਿਅਕਤੀ ਦੀ ਰੂਹ ਛਿੱਲੀ ਜਾਂਦੀ ਜਦ ਉਹ ਦਰਦ ਭਿੰਨੀ ਵੇਦਨਾ ਸੁਣਦਾ, ਪੈਰਾਂ ਵਿਚ ਰੁਲਦੀ ਪੱਗ ਦੇਖਦਾ, ਖੇਤਾਂ ਵਿਚ ਉਗਦੀਆਂ ਖੁਦਕੁਸ਼ੀਆਂ ਵੰਨੀਂ ਝਾਕਦਾ, ਲੀਰਾਂ ਹੋ ਰਹੀ ਅਜ਼ਮਤ ਦੀ ਬੇਚਾਰਗੀ ਅੱਗੇ ਬੇਬੱਸ ਹੁੰਦਾ, ਪਰਵਾਸੀ ਪੁੱਤ ਦੀ ਪੈੜਚਾਲ ਦੀ ਆਸ ‘ਚ ਸੁੱਕਣੇ ਪਏ ਮਾਪਿਆਂ ਨੂੰ ਚੇਤੇ ਕਰਦਾ, ਸੂਹੇ ਚੂੜੇ ਵਿਚ ਪਸਰ ਰਹੀ ਪਲਿੱਤਣ ਦੇਖਦਾ, ਪੇਕਿਆਂ ਨੂੰ ਉਡੀਕਦੀ ਧੀ ਦੇ ਸੁੰਨੇ ਬਨੇਰੇ ਨੂੰ ਕਿਆਸਦਾ ਜਾਂ ਭੈਣ ਦੀ ਰੱਖੜੀ ਵਾਲਾ ਗੁੱਟ ਕਿਸੇ ਨਹਿਰ ਕਿਨਾਰੇ ਜਾਂ ਰੇਲ ਗੱਡੀ ਦੀ ਲਾਈਨ ‘ਤੇ ਲਾਸ਼ ਬਣ ਜਾਂਦਾ।
ਹਿਰਦੇਵੇਦਕ ਘਟਨਾਵਾਂ ਦੇ ਨਾਮ ਤੋਂ ਤ੍ਰਭਕਣ ਵਾਲੇ ਲੋਕਾਂ ਦੇ ਮੱਥੇ ਵਿਚ ਹੁੰਦਾ ਏ ਸੁਹਜ, ਸੰਵੇਦਨਾ ਅਤੇ ਸੁੱਚਮ ਨੂੰ ਅਕੀਦੇ ‘ਚ ਪਰੋਣਾ, ਕਿਸੇ ਦਾ ਹੋਣਾ ਅਤੇ ਕਿਸੇ ਦੇ ਅੱਥਰੂਆਂ ਦੇ ਨਾਂਵੇਂ ਮਾਸੂਮ ਹਾਸਾ ਲਾਉਣਾ।
ਹਿਰਦੇ ਦੀ ਸ਼ਫਾਫਤ ਵਾਲੇ ਲੋਕ ਚਾਵਾਂ ਦਾ ਨਿਉਂਦਾ, ਭਾਵਨਾਵਾਂ ਦੀ ਤਸਬੀ, ਸ਼ੁਭ ਇੱਛਾਵਾਂ ਦੀ ਮੂਕ-ਅਰਦਾਸ, ਭਲੇ ਦਿਨਾਂ ਦੀ ਆਸ, ਚਾਨਣ ਵੰਡਦੀ ਪ੍ਰਭਾਤ ਅਤੇ ਸਾਹਾਂ ਵਿਚ ਮਹਿਕਾਂ ਬਿਖੇਰਦੀ ਬਹਾਰ-ਸੁਗਾਤ।
ਹਿਰਦੇ ਦੀ ਕੋਮਲਤਾ, ਮਾਸੂਮੀਅਤ ਦੀ ਤਸ਼ਬੀਹ, ਫਰੇਬ ਤੋਂ ਕੋਹਾਂ ਦੂਰ, ਮਗਰੂਰੀ ਅਤੇ ਮਜਬੂਰੀ ਤੋਂ ਆਜ਼ਾਦ। ਅਜਿਹੇ ਲੋਕ ਰੂਹ ਦੀ ਆਵਾਜ਼ ਸੁਣਦੇ ਅਤੇ ਆਪਣੇ ਰੰਗ ਵਿਚ ਜਿੰæਦਗੀ ਨੂੰ ਪਰਿਭਾਸ਼ਤ ਕਰਦੇ।
ਹਿਰਦੇ ਵਿਚ ਪਿਆਰ, ਮੋਹ, ਅਪਣੱਤ, ਸਨੇਹ, ਸਮਰਪਣ ਤੇ ਸਾਦਗੀ ਨੂੰ ਵਸਾਉਣ ਵਾਲੇ ਲੋਕ ਮਾਨਵਤਾ ਦਾ ਸੁਰਖ ਮੁਹਾਂਦਰਾ ਹੁੰਦੇ ਜਿਹਦੇ ਨਾਲ ਸਮਾਜਿਕ ਲਿਸ਼ਕ ਪੈਦਾ ਹੁੰਦੀ।
ਹਿਰਦਾ ਹਿਰਦਾ ਹੋਣ ਵਾਲੇ ਲੋਕ ਖੁਦ ਨਾਲ ਸੰਵਾਦ ਰਚਾਉਂਦੇ, ਆਪਣੀ ਕਥਨੀ ਅਤੇ ਕਰਨੀ ਦਾ ਫਰਕ ਮਿਟਾਉਂਦੇ, ਆਪਣੇ ਕੀਤੇ ਦਾ ਲੇਖਾ-ਜੋਖਾ ਰੂਹ ਦੇ ਛਾਬੇ ‘ਚ ਪਾਉਂਦੇ ਅਤੇ ਫਿਰ ਘਾਟੇ-ਵਾਧੇ ਨੂੰ ਝੋਲੀ ਵਿਚ ਪਾ, ਨਿਵੇਕਲੀ ਸੇਧ ਵੰਨੀਂ ਪੈਰ ਟਿਕਾਉਂਦੇ। ਮਨੁੱਖ ਹਰੇਕ ਨਾਲ ਫਰੇਬ ਕਰ ਸਕਦਾ, ਝੂਠ ਬੋਲ ਸਕਦਾ, ਕਪਟੀ ਹੋ ਸਕਦਾ ਪਰ ਖੁਦ ਦੇ ਰੂਬਰੂ ਹੁੰਦਿਆਂ ਬੇਪਰਦ ਜਰੂਰ ਹੁੰਦਾ।
ਜਦ ਕਿਸੇ ਦੇ ਨੈਣਾਂ ਵਿਚ ਸਿੱਲ ਉਤਰਦੀ, ਅੱਖ ਭਰਦੀ ਜਾਂ ਉਹ ਗੁਮਸੁੰਨਤਾ ਦਾ ਸਾਇਆ ਬਣ ਜਾਂਦਾ ਤਾਂ ਹਿਰਦੇ ਵਿਚ ਜ਼ਖਮ ਉਗਦੇ, ਅਸਹਿ ਪੀੜ ਫੁੱਟਦੀ ਅਤੇ ਫਿਰ ਕਿਸੇ ਮਰ੍ਹਮ, ਫੇਹੇ, ਦਵਾ ਜਾਂ ਦੁਆ ਲਈ ਫਰਿਆਦ ਕਰਦਾ। ਪਰ ਬਹੁਤ ਘੱਟ ਲੋਕ ਕਿਸੇ ਦੀ ਰੂਹ ਵਿਚ ਉਤਰ, ਉਸ ਦੇ ਗਮਾਂ ਦੀ ਥਾਹ ਪਾਉਂਦੇ। ਅਜਿਹੇ ਵਕਤ ਸਿਰਫ ਰੂਹਾਂ ਦੇ ਹਾਣੀ ਹੀ ਹੁੰਦੇ ਜੋ ਰੂਹ ਨੂੰ ਅੰਬਰੀਵੀ ਸਾਥੀ ਬਣਾਉਂਦੇ।
ਜਦ ਹਿਰਦੇ ਵਿਚ ਉਗੀ ਹੂਕ ਫਿਜ਼ਾ ਨੂੰ ਚੀਰਦੀ, ਕਿਸੇ ਧਾਰਮਿਕ ਦੁਆਰ ਨੂੰ ਨਤਮਸਤਕ ਹੁੰਦੀ ਜਾਂ ਕਿਸੇ ਪੈਗੰਬਰ ਨੂੰ ਮੁਖਾਤਬ ਹੁੰਦੀ ਤਾਂ ਹਵਾ ਵਿਚ ਸਿਸਕੀ ਉਗਦੀ। ਇਕ ਇਲਹਾਮੀ ਆਵੇਸ਼ ਪੈਦਾ ਹੁੰਦਾ ਜਿਸ ਲਈ ਬਹੁਤੇ ਲੋਕ ਕਿਆਸਦੇ ਹੀ ਰਹਿ ਜਾਂਦੇ। ਹਿਰਦੇ ਵਿਚ ਉਤਰਨ ਵਾਲੇ ਹੀ ਸੁਪਨਿਆਂ ਦੀ ਤਸ਼ਬੀਹ ਬਣਦੇ।
ਹਿਰਦੇ ਵਿਚ ਹਉਕਾ ਨਹੀਂ ਸਗੋਂ ਹੱਲਾਸ਼ੇਰੀ ਧਰੋ, ਮਾਤਮ ਨਹੀਂ ਸਗੋਂ ਮਦਹੋਸ਼ੀ ਭਰੋ, ਸੋਗ ਨਹੀਂ ਸਗੋਂ ਸੁਪਨੇ ਵਰੋ, ਹਨੇਰਾ ਨਹੀਂ ਸਗੋਂ ਚਾਨਣ ਕਰੋ ਅਤੇ ਇਸ ਦੀ ਬੀਆਬਾਨੀ ਦੇ ਨਾਮ ਰੰਗਾਂ ਦਾ ਦਰਿਆ ਕਰੋ।
ਹਿਰਦਾ ਅਤੇ ਮਨ ਦਾ ਗਹਿਰਾ ਸਬੰਧ। ਇਕ ਦੂਜੇ ਦੇ ਪੂਰਕ, ਆਸਥਾ ਅਤੇ ਅਹਿਸਾਸ। ਹਿਰਦੇ ਵਿਚ ਵੱਸਦੇ ਅਚੇਤ ਅਤੇ ਸੁਚੇਤ ਭਾਵ ਜਦ ਕਿ ਮਨ ਵਿਚ ਨਜ਼ਰ ਆਉਂਦੇ ਪ੍ਰਗਟਾਏ ਹੋਏ ਹਾਵ-ਭਾਵ, ਅਹਿਸਾਸ, ਮਨੋਭਾਵਨਾਵਾਂ ਤੇ ਕਾਮਨਾਵਾਂ। ਗਮ, ਦਰਦ, ਉਦਾਸੀ, ਖੁਸ਼ੀ, ਖੇੜੇ ਆਦਿ ਭਾਵ ਅਸੀਂ ਆਪਣੇ ਅੰਗਾਂ ਰਾਹੀਂ ਵੱਖ ਵੱਖ ਰੂਪ ਅਤੇ ਅੰਦਾਜ਼ ਵਿਚ ਪ੍ਰਗਟ ਕਰਦੇ। ਪਰ ਸਾਡੇ ਹਿਰਦੇ ਵਿਚ ਕੀ ਕੁਝ ਹੈ, ਅਸੀਂ ਇਸ ਨੂੰ ਕਈ ਵਾਰ ਪ੍ਰਗਟ ਕਰਨ ਤੋਂ ਅਸਮਰਥ ਹੁੰਦੇ। ਕਈ ਵਾਰ ਅੰਤਰੀਵੀ ਰੂਪ ਵਿਚ ਉਦਾਸ ਹੁੰਦਿਆਂ ਵੀ ਕਿਸੇ ਮੌਕੇ ‘ਤੇ ਬਨਾਉਟੀ ਹਾਸੀ ਲਿਆਉਂਣੀ ਪੈਂਦੀ, ਮਨ ਵਿਚ ਮਰਨ ਦੀ ਇੱਛਾ ਰੱਖ ਕੇ ਜਿਉਣ ਦਾ ਢਕਵੰਜ ਕਰਨਾ ਪੈਂਦਾ ਜਾਂ ਕਿਸੇ ਨਾਲ ਪਲ ਦੀ ਸਾਂਝ ਪਾਉਣ ਤੋਂ ਮੁਨਕਰੀ ਦੇ ਬਾਵਜੂਦ ਸਾਥ ਸਾਥ ਤੁਰਨ ਲਈ ਮਜਬੂਰ ਹੋਣਾ ਪੈਂਦਾ। ਇਹ ਸਾਡੇ ਮਨ ਅਤੇ ਹਿਰਦੇ ਵਿਚਲੀ ਕਸ਼ਮਕਸ਼ ਕਾਰਨ ਹੀ ਵਾਪਰਦਾ। ਅਸੀਂ ਕਿਸੇ ਰੋਬੋਟ ਵਾਂਗ ਅਜਿਹੇ ਸਵੈ-ਵਿਰੋਧੀ ਪਲਾਂ ਵਿਚ ਪਿੱਸਦਿਆਂ, ਸਾਹਾਂ ਦੀ ਵੰਝਲੀ ਵਜਾਉਂਦੇ ਰਹਿੰਦੇ ਭਾਵੇਂ ਇਸ ਵਿਚੋਂ ਸੁਰ ਦੀ ਬਜਾਏ ਸੰਤਾਪੀ ਹੂਕ ਹੀ ਕਿਉਂ ਨਾ ਨਿਕਲਦੀ ਹੋਵੇ।
ਹਿਰਦਾ ਕਦੇ ਅੰਬਰ ਨੂੰ ਹੱਥ ਲਾਵੇ, ਕਦੇ ਪਤਾਲ ਵਿਚ ਗਰਕ ਜਾਵੇ। ਕਦੇ ਫੁੱਲਾਂ ਦੀ ਪਿਉਂਦ, ਕਦੇ ਟੁੱਟੇ ਪੱਤੇ ਦੀ ਅਉਧ। ਕਦੇ ਖਿੜਦੀ ਹਾਸੀ, ਕਦੇ ਢਲਦੀ ਸ਼ਾਮ ਦੀ ਉਦਾਸੀ। ਕਦੇ ਸੁੰਨੇ ਬਨੇਰੇ, ਕਦੇ ਉਗਮਦੇ ਸਵੇਰੇ। ਕਦੇ ਸਾਹ-ਸੰਗੀਤ, ਕਦੇ ਸਰਾਪੀ ਸੀਤ। ਕਦੇ ਰਾਹਾਂ ਦੇ ਰੋੜ, ਕਦੇ ਸੰਦਲੀ ਮੋੜ। ਕਦੇ ਸਿਆਲ ਦੀ ਨਿੱਘੀ ਸਵੇਰ, ਕਦੇ ਤਿੜਕਦੀ ਦੁਪਹਿਰ। ਕਦੇ ਰੁੱਤਾਂ ਦਾ ਰੋਣਾ, ਕਦੇ ਅੱਲ੍ਹਾ ਜਖਮ ਸਿਊਣਾ। ਕਦੇ ਆਪੇ ਦਾ ਸਿਮਟਣਾ, ਕਦੇ ਖੁਦ ਦਾ ਵਿਗਸਣਾ। ਕਦੇ ਅਸਗਾਹ, ਕਦੇ ਦੁਆ। ਕਦੇ ਬੰਦਗੀ, ਕਦੇ ਦਰਿੰਦਗੀ। ਕਦੇ ਪਲ-ਪਲ ਖੁਰਦਾ ਦੀਦਾਰ, ਕਦੇ ਡੁੱਲ੍ਹ-ਡੁੱਲ੍ਹ ਪੈਂਦਾ ਪਿਆਰ। ਕਦੇ ਖੁਆਰੀ, ਕਦੇ ਖੁਮਾਰੀ। ਕਦੇ ਸ਼ਬਦਾਂ ਦੀ ਮੁਥਾਜੀ, ਕਦੇ ਅਰਥ-ਬਜ਼ਾਜ਼ੀ। ਕਦੇ ਅਬੋਲ ਹੋ ਜਾਣਾ, ਕਦੇ ਗੁੰਗਾ ਦਰਦ ਹੰਢਾਉਣਾ। ਕਦੇ ਬੋਲਾਂ ਦਾ ਨਗਰ, ਕਦੇ ਖਾਮੋਸ਼-ਡਗਰ। ਹਿਰਦੇ ਦੇ ਅਨੇਕ ਰੂਪ, ਰਿਦਮ, ਰਫਤਾਰ, ਰਸੀਲਤਾ ਅਤੇ ਰੰਗ।
ਕਦੇ ਕਦੇ ਹਿਰਦੇ ਮੁੱਢ ਬਹਿਣਾ, ਮਨ ਦੀਆਂ ਬਾਤਾਂ ਕਹਿਣਾ, ਇਸ ਦੇ ਹੁੰਗਾਰੇ ਨੂੰ ਉਡੀਕਣਾ ਅਤੇ ਇਸ ਦੀ ਸਲਾਹ ਤੇ ਸੰਗਤੀ ਵਿਚੋਂ ਆਪਣੇ ਆਪ ਨੂੰ ਵਿਸਥਾਰਨਾ, ਹਿਰਦੇ ‘ਚ ਰਹਿਣ ਵਾਲੇ, ਹਿਰਦੇ ‘ਚ ਵਸਾਉਣ ਵਾਲੇ ਅਤੇ ਹਿਰਦਿਆਂ ਦੀ ਬਾਤ ਪਾਉਣ ਵਾਲਿਆਂ ਦੀ ਨਗਰੀ ਵਿਚ ਤੁਹਾਡਾ ਸੁਆਗਤ ਕੀਤਾ ਜਾਵੇਗਾ। ਪਰ ਬਹੁਤ ਘੱਟ ਲੋਕ ਅਜਿਹੀ ਨਗਰੀ ਵਿਚ ਜਾਣ ਦੇ ਚਾਹਵਾਨ ਕਿਉਂਕਿ ਸਭ ਤੋਂ ਔਖਾ ਹੁੰਦਾ ਏ ਹਿਰਦੇ ਦੇ ਮਾਰਗ ਨੂੰ ਜੀਵਨ-ਮਾਰਗ ਬਣਾਉਣਾ।
ਹਿਰਦੇ ਦੀਆਂ ਸਭ ਬਾਤਾਂ ਪਾਉਂਦੇ, ਵੱਖ-ਵੱਖ ਰੂਪਾਂ ਦੀ ਸੰਗਤ ਵੀ ਮਾਣਦੇ, ਇਸ ਨੂੰ ਜੀਵਨੀ ਰੂਪ ਵਿਚ ਵੀ ਢਾਲਦੇ ਪਰ ਫਿਰ ਵੀ ਹਿਰਦੇਵਾਨ ਵਿਅਕਤੀ ਕੋਮਲ ਭਾਵਨਾਵਾਂ ਅਤੇ ਸੱਚੀਆਂ-ਸੁੱਚੀਆਂ ਭਾਵਨਾਵਾਂ ਨੂੰ ਜੀਵਨੀ ਤਰਤੀਬ ਵਿਚ ਲਿਆਉਣ ਤੋਂ ਪਾਸਾ ਹੀ ਵੱਟਦੇ। ਅਜਿਹਾ ਸਾਡੇ ਮਨ ਵਿਚ ਵੱਸੇ ਕਪਟੀ ਵਿਹਾਰ, ਦੋਗਲੀ ਸੋਚ ਅਤੇ ਦੰਭੀ ਕਿਰਦਾਰ ਕਰਕੇ ਹੀ ਹੋ ਰਿਹਾ ਹੈ। ਮਨੁੱਖ ਦੀ ਸਭ ਤੋਂ ਵੱਡੀ ਤ੍ਰਾਸਦੀ ਹੀ ਇਹ ਹੈ ਕਿ ਉਹ ਖੁਦ ਵਿਚੋਂ ਖੁਦੀ ਨੂੰ ਮਿਟਾ ਕੇ, ਜੀਵਨ ਦੇ ਸੰਦਲੀ ਮਾਰਗ ਦਾ ਪਾਂਧੀ ਬਣਨ ਤੋਂ ਇਨਕਾਰੀ ਏ।
ਹਿਰਦੇ ਰਾਹੀਂ ਤੁਰਦੇ ਜਾਣਾ ਹੀ ਦਰਅਸਲ ਇਸ ਨੂੰ ਆਪਣਾ ਆਦਰਸ਼ ਬਣਾਉਣਾ ਅਤੇ ਇਸ ਦੀ ਸੱਦ ‘ਚੋਂ ਸੁਪਨ ਸੰਸਾਰ ਸਜਾਉਣਾ ਤੇ ਜੀਵਨੀ ਸੰਦਰਭ ਨੂੰ ਉਲਥਾਉਣਾ ਹੁੰਦਾ।
ਹਿਰਦੇ ਵਿਚ ਵੱਸਣ ਵਾਲਾ ਪਿਆਰ ਸਾਰਿਆਂ ਲਈ ਇਕਸਾਰ, ਪਰਿੰਦਿਆਂ, ਪਸ਼ੂਆਂ, ਕੁਦਰਤ ਅਤੇ ਕੁਦਰਤੀ ਕਿਆਮਤਾਂ ਨਾਲ ਜੁੜੇ ਸੁੱਚੇ ਸਰੋਕਾਰ ਅਤੇ ਇਨ੍ਹਾਂ ਦੇ ਵਿਸਥਾਰ ਵਿਚੋਂ ਮਨੁੱਖ ਦਾ ਸੁੱਚਾ ਕਿਰਦਾਰ।
ਦੁੱਖ ਇਸ ਗੱਲ ਦਾ ਹੈ ਕਿ ਅਜੋਕੇ ਸਮੇਂ ਵਿਚ ਹਿਰਦੇ ਤੋਂ ਅਤੇ ਹਿਰਦੇ ਨਾਲ ਪਿਆਰ ਕਰਨ ਵਾਲਿਆਂ ਦਾ ਤੁਖਮ-ਨਾਸ਼। ਵਿਕਦਾ ਹੈ ਮੋਹ, ਤਨ-ਮਨ ਦੀ ਲੱਗਦੀ ਹੈ ਬੋਲੀ ਅਤੇ ਤੱਕੜੀ ਵਿਚ ਤੁਲਦੇ ਹਨ ਸਬੰਧ, ਸਕੀਰੀਆਂ ਤੇ ਸਬੰਧੀ।
ਹਿਰਦਾ ਦੁਖਾਉਣਾ, ਨਾ-ਮੁਆਫੀ ਯੋਗ ਗੁਨਾਹ। ਹਿਰਦੇ ਵਿਚ ਹੀ ਬੰਦਿਆਈ ਵਸਦੀ ਏ। ਇਸੇ ਲਈ ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, “ਹਿਆਉ ਨ ਕੇਹੀ ਠਾਹਿ ਮਾਣਕ ਸਭ ਅਮੋਲਵੇ।”
ਹਿਰਦੇ ਤੋਂ ਉਠੀਆਂ ਤਰੰਗਾਂ ਮਨ ਦੀ ਬੀਹੀ ਵਿਚ ਦੀਪਕ ਰਾਗ ਛੇੜਦੀਆਂ, ਮਸਤਕ-ਵਿਹੜੇ ਵਿਚ ਰੌਸ਼ਨ ਫਿਜ਼ਾਵਾਂ ਦਾ ਨਿਉਂਦਾ ਅਤੇ ਇਸ ਪਾਕ ਫਿਜ਼ਾ ਵਿਚ ਮੌਲਦੇ ਸੁੱਚੀਆਂ ਭਾਵਨਾਵਾਂ ਦੇ ਚਿੱਟੇ ਗੁਲਾਬ।
ਹਿਰਦੇ ‘ਚੋਂ ਫੁੱਟਦੀ ਦਿਲਦਾਰੀ ਮੋਹ ਦੀ ਹਾਕ ਹੀ ਹੁੰਦੀ ਜੋ ਕਦੇ ਮਾਰੂਥਲਾਂ ਨੂੰ ਗਾਹੁੰਦੀ, ਕਦੇ ਝਨਾਂ ਦੀ ਹਿੱਕ ‘ਤੇ ਤਰਦੀ, ਕਦੇ ਮੱਝੀਆਂ ਦਾ ਵਾਗੀ ਅਤੇ ਕਦੇ ਮਾਛੀਵਾੜੇ ਦੇ ਜੰਗਲਾਂ ਵਿਚ ਮਿੱਤਰ-ਪਿਆਰੇ ਲਈ ਕੂਕਦੀ ਤਾਂ ਪਿਆਰ, ਸਰੀਰਕ ਤੋਂ ਰੂਹਾਨੀ ਪੰਧ ਦਾ ਸਫਰਨਾਮਾ ਬਣ ਜਾਂਦਾ।
ਹਿਰਦੇ ਰਾਹੀਂ ਦਿਲ ਵਿਚ ਉਤਰੇ ਵਿਚਾਰ, ਭਾਵ-ਸੰਚਾਰ ਅਤੇ ਸੁਪਨਈ ਸੰਸਾਰ ਜਦ ਕਰਦਾ ਏ ਅੰਤਰੀਵ ਦੇ ਦੀਦਾਰ ਤਾਂ ਹੋ ਜਾਂਦਾ ਏ ਅੱਗ ਦਾ ਦਰਿਆ ਪਾਰ। ਫੁੱਲ ਹਮੇਸ਼ਾ ਕੰਡਿਆਂ ਦੀ ਸੰਗਤ ਵਿਚ ਆਪਣੀ ਨੂਰਾਨੀ ਅਤੇ ਅਦੀਬੀ ਮਹਿਕ ਨੂੰ ਬਖੇਰਨ ਵਿਚ ਮਾਣ ਮਹਿਸੂਸ ਕਰਦੇ ਨੇ।
ਹਿਰਦੇ ਵਿਚ ਵੱਸਦੀ ਰੂਹਾਨੀ ਦੇਵਨੀਤੀ ਦਾ ਹਾਰਦਿਕ ਸੁਆਗਤ ਕਰੋ। ਇਸ ਵਿਚ ਪਨਪਦੇ ਸਦ-ਵਿਚਾਰਾਂ, ਸਰੋਕਾਰਾਂ, ਸਹਿਚਾਰਾਂ ਤੇ ਸੁਖਨ-ਹੁਲਾਰਾਂ ਨੂੰ ਆਪਣੇ ਜੀਵਨ ਦਾ ਹਾਸਲ ਬਣਾਓ। ਜੀਵਨ ਦੀ ਸਤਰੰਗੀ ਵਿਚ ਹਰ ਰੰਗ ਦਾ ਨਿਖਾਰ, ਜੀਵਨ-ਅੰਬਰ ਨੂੰ ਚਾਰ ਚੰਨ ਲਾਵੇਗਾ।
ਆਮੀਨ।