ਸਨਾਤਨਤਾ ਦੀ ਦਲਦਲ ‘ਚ ਖੁੱਭੀ ਮਾਨਸਿਕਤਾ ਦਾ ਸੱਚ-ਕੱਚ

ਪੰਜਾਬ ਟਾਈਮਜ਼ ਦੇ 17 ਸਤੰਬਰ ਦੇ ਅੰਕ ਵਿਚ ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਲੇਖ ‘ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ’ ਵਿਚ ਪ੍ਰੋæ ਹਰਿੰਦਰ ਸਿੰਘ ਮਹਿਬੂਬ ਅਤੇ ਸੁਰਜੀਤ ਪਾਤਰ ਦੀ ਕਵਿਤਾ ਬਾਰੇ ਕੁਝ ਟਿੱਪਣੀਆਂ ਕੀਤੀਆਂ ਸਨ ਜਿਨ੍ਹਾਂ ਦੇ ਪ੍ਰਤੀਕਰਮ ਵਜੋਂ ਪ੍ਰੋæ ਅਵਤਾਰ ਸਿੰਘ ਦਾ ਲੇਖ 24 ਸਤੰਬਰ ਦੇ ਅੰਕ ਵਿਚ ਛਾਪਿਆ ਜਾ ਚੁੱਕਾ ਹੈ।

ਇਸੇ ਲੜੀ ਵਿਚ ਉਘੇ ਪੰਜਾਬੀ ਸ਼ਾਇਰ ਤੇ ਆਲੋਚਕ ਗੁਰਦੇਵ ਚੌਹਾਨ ਦਾ ਲੇਖ ਛਾਪ ਚੁਕੇ ਹਾਂ। ਪ੍ਰਤੀਕਰਮ-ਦਰ-ਪ੍ਰਤੀਕਰਮ ਵਿਚ ਪ੍ਰਭਸ਼ਰਨਬੀਰ ਸਿੰਘ, ਪ੍ਰੋæ ਅਵਤਾਰ ਸਿੰਘ ਅਤੇ ਗੁਰਦੇਵ ਚੌਹਾਨ ਦੇ ਲੇਖ ਛਾਪ ਚੁਕੇ ਹਾਂ। ਇਸ ਤੋਂ ਇਲਾਵਾ ਪਿਛਲੇ ਅੰਕ ਵਿਚ ਸੰਨੀ ਮਲਹਾਂਸ ਦੇ ਲੇਖ ਛਪਿਆ ਸੀ। ਇਸ ਅੰਕ ਵਿਚ ਉਨ੍ਹਾਂ ਦੀ ਲਿਖਤ ਦੇ ਪ੍ਰਤੀਕਰਮ ਵਿਚ ਆਈਆਂ ਪ੍ਰੋæ ਅਵਤਾਰ ਸਿੰਘ ਤੇ ਪ੍ਰੋæ ਹਰਪਾਲ ਸਿੰਘ ਅਤੇ ਪ੍ਰਭਸ਼ਰਨਬੀਰ ਸਿੰਘ ਦੀਆਂ ਲਿਖਤਾਂ ਛਾਪ ਰਹੇ ਹਾਂ। ਸਾਡਾ ਮਨੋਰਥ ਉਸਾਰੂ ਬਹਿਸ ਲਈ ਮੰਚ ਮੁਹੱਈਆ ਕਰਨਾ ਸੀ ਪਰ ਸਾਡੇ ਪਾਠਕਾਂ ਨੇ ਮਹਿਸੂਸ ਕੀਤਾ ਹੈ ਕਿ ਬਹਿਸ ਦੀ ਥਾਂ ਗੱਲ ਆਪਸੀ ਕਿੜ ‘ਤੇ ਪੁੱਜ ਚੁਕੀ ਹੈ। ਸੋ ਅਸੀਂ ਇਸ ਬਹਿਸ ਨੂੰ ਇਥੇ ਹੀ ਸਮਾਪਤ ਕਰਦੇ ਹਾਂ। -ਸੰਪਾਦਕ

ਪ੍ਰਭਸ਼ਰਨਬੀਰ ਸਿੰਘ
ਫੋਨ: 778-836-7901
ਅਵਤਾਰ ਸਿੰਘ ਨੇ ਆਪਣੀ ਜਿੱਤ ਦਾ ਆਪ ਹੀ ਐਲਾਨ ਕਰਦਿਆਂ ਬਹਿਸ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪਾਤਰ ਦੀ ਵਕਾਲਤ ਕਰਦਾ ਕਰਦਾ ਉਹ ਜੱਜ ਵੀ ਆਪ ਹੀ ਬਣ ਬੈਠਾ ਹੈ। ਸੁਆਲਾਂ ਤੋਂ ਭੱਜਦੇ ਭੱਜਦੇ ਹਫ ਗਿਆ ਹੋਣੈ। ਇਸ ਸਦਮੇ ਵਿਚੋਂ ਉਸ ਨੇ ਮੇਰੇ ਖਿਲਾਫ ਤਾਂ ਬੋਲਣਾ ਹੀ ਸੀ, ਸਿੱਖੀ ਦੀ ਨਿਆਰੀ ਹਸਤੀ ਨੂੰ ਵੇਦਾਂਤ ਦੇ ਇੱਕ ਅੰਗ ਵਜੋਂ ਦਿਖਾਉਣ ਤੇ ਬ੍ਰਾਹਮਣਵਾਦ ਦੀ ਪ੍ਰੋੜਤਾ ਕਰਨ ਦੀ ਵੀ ਬੇਤੁਕੀ ਹਰਕਤ ਕੀਤੀ ਹੈ।
ਉਸ ਦੀ ਦਲੀਲ ਹੈ ਕਿ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚ ਬ੍ਰਾਹਮਣਵਾਦ ਨੂੰ ਰੱਦ ਕੀਤਾ ਜਾ ਚੁਕਾ ਹੈ, ਇਸ ਲਈ ਹੁਣ ਇਸ ਦੀ ਆਲੋਚਨਾ ਕਰਨ ਦੀ ਕੋਈ ਤੁਕ ਨਹੀਂ ਬਣਦੀ। ਉਹ ਕਹਿੰਦਾ ਹੈ, ‘ਬ੍ਰਾਹਮਣਵਾਦ ਦਾ ਇਹ ਰੋਣਾ ਕਿਸੇ ਹੋਰ ਦੁਖਦੀ ਰਗ ਦਾ ਪੱਜ ਹੈ।’ ਉਸ ਦੀ ਇਹ ਗੱਲ ਸਹੀ ਹੋਣੀ ਸੀ ਜੇ ਬ੍ਰਾਹਮਣਵਾਦ ਦੀ ਸਮਾਜਕ-ਰਾਜਨੀਤਕ ਅਜਾਰੇਦਾਰੀ ਧਰਤੀ ਤੋਂ ਖਤਮ ਹੋ ਗਈ ਹੁੰਦੀ। ਧਾਰਮਿਕ ਪੱਖੋਂ ਸਿੱਖੀ ਜ਼ਰੂਰ ਬ੍ਰਾਹਮਣਵਾਦ ਤੋਂ ਮੁਕਤ ਹੈ, ਭਾਵੇਂ ਕਿ ਅਵਤਾਰ ਵਰਗੇ ‘ਵਿਦਵਾਨ’ ਇਸ ਨੂੰ ਹੋਰ ਨਾਂਵਾਂ ਹੇਠ ਬ੍ਰਾਹਮਣਵਾਦ ਦਾ ਹੀ ਅੰਗ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ 1947 ਦੀ ਸੱਤਾ ਤਬਦੀਲੀ ਤੋਂ ਬਾਅਦ ਬ੍ਰਾਹਮਣਵਾਦ ਦੀ ਸਮਾਜਕ-ਰਾਜਨੀਤਕ ਅਜਾਰੇਦਾਰੀ ਹੋਰ ਮਜ਼ਬੂਤ ਹੋਈ ਹੈ। ਭਾਰਤ ਵਿਚ ਉਭਰ ਰਿਹਾ ਹਿੰਦੂ ਫਾਸ਼ੀਵਾਦ ਵੀ ਇਸੇ ਦਾ ਹੀ ਹਿੱਸਾ ਹੈ। ਇਸ ਖਿੱਤੇ ਵਿਚ ਰਹਿਣ ਵਾਲੀਆਂ ਘੱਟ-ਗਿਣਤੀ ਕੌਮਾਂ, ਦਲਿਤ, ਅਤੇ ਆਦਿਵਾਸੀ ਲੋਕ ਇਸ ਅਜਾਰੇਦਾਰੀ ਨੂੰ ਨਿੱਤ ਆਪਣੇ ਪਿੰਡੇ ‘ਤੇ ਹੰਢਾਉਂਦੇ ਹਨ। ਦੱਖਣੀ ਭਾਰਤ ਦੇ ਦਲਿਤ ਬ੍ਰਾਹਮਣਵਾਦ ਦੇ ਖਤਰੇ ਬਾਰੇ ਬੇਹੱਦ ਚੇਤੰਨ ਹਨ। ਸ਼ਾਇਦ ਇਸੇ ਲਈ ਉਹ ਸਿੱਖ ਸੰਘਰਸ਼ ਅਤੇ ਖਾਲਿਸਤਾਨ ਦੇ ਹਾਮੀ ਹਨ।
ਅਵਤਾਰ ਦਾ ਕਹਿਣਾ ਹੈ ਕਿ ਬ੍ਰਾਹਮਣਵਾਦ ਅਤੇ ਸਨਾਤਨਵਾਦ ਦੋ ਅੱਡ-ਅੱਡ ਗੱਲਾਂ ਹਨ, ਇੱਕ ਨਹੀਂ। ਆਪਣੀ ਦਲੀਲ ਦੇ ਹੱਕ ਵਿਚ ਉਹ ਭਗਤ ਕਬੀਰ ਦੀ ਇੱਕ ਤੁਕ ਵੀ ਵਰਤਦਾ ਹੈ ਜਿਸ ਵਿਚ ਉਨ੍ਹਾਂ ਨੇ ਸਨਾਤਨ ਸ਼ਬਦ ਦੀ ਵਰਤੋਂ ਕੀਤੀ ਹੈ। ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਗੁਰਬਾਣੀ ਵਿਚ ਪੁਰਾਤਨ ਸ਼ਬਦਾਂ ਅਤੇ ਸੰਕਲਪਾਂ ਦੀ ਹਾਂ-ਪੱਖੀ ਸੁਰ ਵਿਚ ਵਰਤੋਂ ਕੀਤੀ ਗਈ ਹੈ ਪਰ ਉਨ੍ਹਾਂ ਨੂੰ ਨਵੇਂ ਅਰਥ ਪ੍ਰਦਾਨ ਕਰਨ ਤੋਂ ਬਾਅਦ। ਗੁਰਬਾਣੀ ਦਾ ਫੁਰਮਾਨ ਹੈ:
ਜੋਗੁ ਬਨਿਆ ਤੇਰਾ ਕੀਰਤਨ ਗਾਈ॥
ਜਿਵੇਂ ਅਵਤਾਰ ਨੇ ਭਗਤ ਕਬੀਰ ਦੀ ਤੁਕ ਵਿਚ ਆਏ ਸਨਾਤਨ ਸ਼ਬਦ ਦੇ ਬਹਾਨੇ ਸਿੱਖੀ ਨੂੰ ਸ਼ੰਕਰ ਦੇ ਸਨਾਤਨਵਾਦ ਨਾਲ ਜੋੜ ਦਿੱਤਾ ਹੈ, ਉਹ ਉਪਰਲੀ ਤੁਕ ਦਾ ਵੀ ਇਹੀ ਅਰਥ ਕੱਢੇਗਾ ਕਿ ਗੁਰਬਾਣੀ ਦੀ ਪਤੰਜਲੀ ਦੇ ਯੋਗ ਨਾਲ ਅੰਤਰੀਵ ਸਾਂਝ ਹੈ। ਪਰ ਇੰਜ ਨਹੀਂ ਹੈ ਕਿਉਂਕਿ ਗੁਰਬਾਣੀ ਵਿਚ ਜੋਗ ਨੂੰ ਪਰੰਪਰਾਗਤ ਅਰਥਾਂ ਵਿਚ ਨਹੀਂ ਸਗੋਂ ਨਵੇਂ ਅਰਥਾਂ ਵਿਚ ਵਰਤਿਆ ਗਿਆ ਹੈ। ਪਰੰਪਰਾਗਤ ਅਰਥ ਸਿਰਫ ਉਥੇ ਵਰਤੇ ਗਏ ਹਨ ਜਿੱਥੇ ਜੋਗ ਦਾ ਖੰਡਨ ਹੈ। ਜਿਵੇਂ:
ਜੋਗੁ ਨ ਖਿੰਥਾ ਜੋਗੁ ਨ ਡੰਡੈ
ਜੋਗੁ ਨ ਭਸਮ ਚੜਾਈਐ॥
ਜੋਗੁ ਨ ਮੁੰਦੀ ਮੂੰਡਿ ਮੁਡਾਇਐ
ਜੋਗੁ ਨ ਸਿੰਙੀ ਵਾਈਐ॥
ਅੰਜਨ ਮਾਹਿ ਨਿਰੰਜਨ ਰਹੀਐ
ਜੋਗ ਜੁਗਤਿ ਇਵ ਪਾਈਐ॥
ਸਪੱਸ਼ਟ ਹੈ, ਗੁਰਬਾਣੀ ਦਾ ਜੋਗੁ ਪਤੰਜਲੀ ਦਾ ਯੋਗ ਨਹੀਂ, ਸਗੋਂ ਅਸਲੋਂ ਹੀ ਨਵੀਂ ਧਾਰਾ ਹੈ। ਇਸੇ ਤਰ੍ਹਾਂ ਭਗਤ ਕਬੀਰ ਦੀ ਤੁਕ ਵਿਚ ਆਏ ਸਨਾਤਨ ਸ਼ਬਦ ਦਾ ਭਾਵ ਆਪਣੇ ਆਦਿ-ਜੁਗਾਦੀ ਮੂਲ ਨਾਲ ਜੁੜਨ ਤੋਂ ਹੈ ਨਾ ਕਿ ਸ਼ੰਕਰ ਦੇ ਸਨਾਤਨਵਾਦ ਤੋਂ। ਭਾਈ ਵੀਰ ਸਿੰਘ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਵਿਚ ਸਨਾਤਨ ਸ਼ਬਦ ਦੇ ਤਿੰਨ ਅਰਥ ਕੀਤੇ ਹਨ: 1æ ਬ੍ਰਹਮਾ ਦੇ ਇਕ ਪੁਤਰ ਦਾ ਨਾਮ, 2æ ਪੁਰਾਤਨ ਅਤੇ 3æ ਜਿਹੋ-ਜਿਹਾ ਪਹਿਲਾਂ ਆਪਣੇ ਅਸਲੀ ਰੂਪ ਵਿਚ ਸੀ। ਯਥਾ- ‘ਅਬ ਮਨ ਉਲਟ ਸਨਾਤਨ ਹੂਆ’ (327)। ਉਨ੍ਹਾਂ ਨੇ ਉਦਾਹਰਣ ਵਜੋਂ ਵੀ ਉਹੀ ਤੁਕ ਵਰਤੀ ਹੈ ਜਿਹੜੀ ਅਵਤਾਰ ਨੇ, ਪਰ ਅਰਥ ਅਵਤਾਰ ਦੇ ਉਲਟ ਕੀਤੇ ਹਨ। ਸਪੱਸ਼ਟ ਹੈ, ਇੱਥੇ ਮਨ ਦੇ ਆਦਿ-ਜੁਗਾਦੀ ਸਰੂਪ ਦੀ ਗੱਲ ਹੈ, ਨਾ ਕਿ ਸ਼ੰਕਰ ਦੇ ਸਨਾਤਨਵਾਦ ਦੀ। ਗੁਰਬਾਣੀ ਅਨੁਸਾਰ:
ਮਨ ਤੂੰ ਜੋਤਿ ਸਰੂਪੁ ਹੈ
ਆਪਣਾ ਮੂਲੁ ਪਛਾਣੁ॥
ਅਵਤਾਰ ਦਾ ਕਹਿਣਾ ਹੈ, ‘ਸਿੱਖੀ ਨੇ ਉਦਾਸੀ ਪਰੰਪਰਾ ਰਾਹੀਂ ਸ਼ੰਕਰ ਦੇ ਪ੍ਰਚਾਰਿਤ ਹਿੰਦੂ ਧਰਮ ਦੇ ਗਰਭ ‘ਚ ਪਏ ਸਨਾਤਨੀ ਸੱਚ ਨਾਲ ਵਿਚਾਰਧਾਰਕ ਤੰਦਾਂ ਜੋੜੀਆਂ।’ ਇਹ ਇੱਕ ਵਾਕ ਅਵਤਾਰ ਦੇ ਵਿਚਾਰਧਾਰਕ ਆਧਾਰਾਂ ਨੂੰ ਵੀ ਨਸ਼ਰ ਕਰਦਾ ਹੈ ਤੇ ਇਸ ਬਹਿਸ ਲਈ ਉਸ ਦੀ ਉਕਸਾਹਟ ਦੇ ਸੋਮੇ ਦੀ ਦੱਸ ਵੀ ਪਾਉਂਦਾ ਹੈ। ਇੱਥੇ ਲੋੜ ਹੈ, ਸ਼ੰਕਰ ਦੇ ਸਨਾਤਨੀ ਸੱਚ ਨੂੰ ਥੋੜ੍ਹਾ ਵਿਸਥਾਰ ਵਿਚ ਸਮਝਿਆ ਜਾਵੇ। ਸ਼ੰਕਰ ਨੇ ਅਦਵੈਤ-ਵੇਦਾਂਤ ਦਾ ਫਲਸਫਾ ਦਿੱਤਾ ਜਿਸ ਦੇ ਦੋ ਮੁੱਖ ਆਧਾਰ ਹਨ। ਪਹਿਲਾ, ਕੇਵਲ ਬ੍ਰਾਹਮਣ ਹੀ ਸੱਚ ਹੈ, ਬਾਕੀ ਸਭ ਮਿਥਿਆ ਹੈ। ਜਦੋਂ ਜਗਤ ਦੇ ਮਿਥਿਆ ਅਤੇ ਬ੍ਰਾਹਮਣ ਦੇ ਸੱਚ ਹੋਣ ਦੀ ਸੋਝੀ ਆ ਗਈ ਤਾਂ ਮੁਕਤੀ ਪ੍ਰਾਪਤ ਹੋ ਜਾਵੇਗੀ। ਗਿਆਨ ਹੀ ਮੁਕਤੀ ਦਾ ਸੋਮਾ ਹੈ। ਸਿੱਖੀ ਵਿਚ ਇਸ ਦੇ ਉਲਟ ਗੁਰ-ਪ੍ਰਸਾਦਿ ਭਾਵ ਗੁਰੂ ਦੀ ਬਖਸ਼ਿਸ਼ ਨੂੰ ਅਸਲ ਸੱਚ ਮੰਨਿਆ ਗਿਆ ਹੈ। ਗੁਰਬਾਣੀ ਅਨੁਸਾਰ ਜੀਵਨ ਦਾ ਅੰਤਮ ਮਨੋਰਥ ਮੁਕਤੀ ਵੀ ਨਹੀਂ ਹੈ, ਸਗੋਂ ਅਕਾਲ-ਪੁਰਖ ਨਾਲ ਪ੍ਰੇਮ-ਬੰਧਨ ਵਿਚ ਬੱਝੇ ਹੋਣਾ ਹੈ। ਦੂਜਾ, ਸ਼ੰਕਰ ਮੰਨਦਾ ਸੀ ਕਿ ਸਾਧਕ ਦਾ ਮੁਕਤੀ ਪ੍ਰਾਪਤ ਕਰਨ ਲਈ ਸੰਨਿਆਸੀ ਹੋਣਾ ਜ਼ਰੂਰੀ ਹੈ। ਸਿੱਖੀ ਵਿਚ ਗ੍ਰਹਿਸਥ ਵਿਚ ਰਹਿ ਕੇ ਪ੍ਰੇਮਾ-ਭਗਤੀ ਕਰਨ ਦੀ ਗੱਲ ਹੈ। ਸਿੱਖੀ ਅਤੇ ਵੇਦਾਂਤ ਵਿਚ ਇਕ ਹੋਰ ਫਰਕ ਇਹ ਹੈ ਕਿ ਵੇਦਾਂਤ ਕਾਇਨਾਤ ਦੇ ਪਸਾਰੇ ਦਾ ਪਰਾਭੌਤਿਕ ਵਰਣਨ ਕਰਦਾ ਹੈ ਜਦਕਿ ਸਿੱਖੀ ਜੀਵ ਦਾ ਅਕਾਲ ਪੁਰਖ ਨਾਲ ਅੰਤਰੀਵ ਰਿਸ਼ਤਾ ਜੋੜਨ ਨੂੰ ਤਰਜੀਹ ਦਿੰਦੀ ਹੈ। ਅਵਤਾਰ ਨੇ ਆਪਣੇ ਨੁਕਤੇ ਨੂੰ ਸਥਾਪਤ ਕਰਨ ਲਈ ਸ਼ੰਕਰ ਦੀ ਕਿਸੇ ਲਿਖਤ ਦਾ ਹਵਾਲਾ ਨਹੀਂ ਦਿੱਤਾ, ਸਿਰਫ ਭਗਤ ਕਬੀਰ ਵੱਲੋਂ ਸਨਾਤਨ ਸ਼ਬਦ ਦੀ ਵਰਤੋਂ ਕੀਤੇ ਜਾਣ ਨੂੰ ਹੀ ਆਪਣੇ ਹਿਸਾਬ ਨਾਲ ਵਰਤ ਲਿਆ।
ਅਵਤਾਰ ਨੇ ਸ਼ੰਕਰ ਦੀ ‘ਮਨੀਸ਼ ਪੰਚਕਮ’ ਦੇ ਹਵਾਲੇ ਨਾਲ ਕਿਹਾ ਹੈ ਕਿ ਸ਼ੰਕਰ ਨੇ ਜਾਤ-ਪਾਤ ਦਾ ਖੰਡਨ ਕੀਤਾ ਹੈ। ‘ਮਨੀਸ਼-ਪੰਚਕਮ’ ਦੀ ਜਿਸ ਕਥਾ ਦੀ ਉਹ ਗੱਲ ਕਰ ਰਿਹਾ ਹੈ, ਪਹਿਲਾਂ ਉਸ ‘ਤੇ ਨਜ਼ਰ ਮਾਰੀਏ। ਇਕ ਵਾਰ ਸ਼ੰਕਰ ਆਪਣੇ ਚੇਲਿਆਂ ਨਾਲ ਜਾ ਰਿਹਾ ਸੀ ਕਿ ਸਾਹਮਣੇ ਤੋਂ ਇਕ ਚੰਡਾਲ ਤੁਰਿਆ ਆਵੇ। ਸ਼ੰਕਰ ਦੇ ਚੇਲਿਆਂ ਨੇ ਉਸ ਨੂੰ ਪਾਸੇ ਹੋਣ ਲਈ ਕਿਹਾ, ਜਿਸ ‘ਤੇ ਉਸ ਨੇ ਪ੍ਰਸ਼ਨ ਉਠਾਇਆ ਕਿ ਜੇ ਬ੍ਰਾਹਮਣ ਹੀ ਇਕੋ-ਇਕ ਸੱਚ ਹੈ ਤਾਂ ਮੈਂ ਤੁਹਾਡੇ ਨਾਲੋਂ ਵੱਖਰਾ ਕਿਵੇਂ ਹੋਇਆ? ਇਸ ਦਲੀਲ ਅੱਗੇ ਸ਼ੰਕਰ ਨਿਰਉਤਰ ਹੋ ਗਿਆ। ਉਸ ਨੂੰ ਮੰਨਣਾ ਪਿਆ ਕਿ ਜੇ ਬ੍ਰਾਹਮਣ ਹੀ ਇਕੋ ਇਕ ਸੱਚਾਈ ਹੈ ਤਾਂ ਫਿਰ ਕਿਸੇ ਨਾਲ ਜਾਤ ਦੇ ਆਧਾਰ ‘ਤੇ ਪੱਖਪਾਤ ਨਹੀਂ ਕੀਤਾ ਜਾ ਸਕਦਾ। ਪਰ ਇਸ ਘਟਨਾ ਪਿਛੋਂ ਪੈਦਾ ਹੋਈ ਲਿਖਤ ‘ਉਪਦੇਸ-ਸਹਿਸਰੀ’ ਵਿਚ ਸ਼ੰਕਰ ਸਾਫ ਲਿਖਦਾ ਹੈ ਕਿ ਜਨਮ ਤੋਂ ਬ੍ਰਾਹਮਣ ਪੈਦਾ ਹੋਣ ਵਾਲਾ ਹੀ ਬ੍ਰਹਮ ਦਾ ਗਿਆਨ ਪ੍ਰਾਪਤ ਕਰ ਸਕਦਾ ਹੈ, ਹੋਰ ਕੋਈ ਨਹੀਂ। ਸ਼ੰਕਰ ਦੀ ਸਭ ਤੋਂ ਮਸ਼ਹੂਰ ਲਿਖਤ ‘ਬ੍ਰਹਮਸੂਤਰਭਾਸ਼ਯ’, ਜੋ ਭਦਰਾਇਣ ਰਿਸ਼ੀ ਦੇ ਬ੍ਰਹਮ ਸੂਤਰਾਂ ਦੀ ਵਿਆਖਿਆ ਹੈ, ਵਿਚ ਵੀ ਕਿਹਾ ਗਿਆ ਹੈ ਕਿ ਗਿਆਨ ਕੇਵਲ ਬ੍ਰਾਹਮਣ ਹੀ ਪ੍ਰਾਪਤ ਕਰ ਸਕਦਾ ਹੈ। ਇਨ੍ਹਾਂ ਹਵਾਲਿਆਂ ਦੀ ਰੌਸ਼ਨੀ ਵਿਚ ਪਾਠਕ ਖੁਦ ਵੇਖ ਸਕਦੇ ਹਨ ਕਿ ਕਿਵੇਂ ਸ਼ੰਕਰ ਨੂੰ ਸਹੀ ਦੱਸਣ ਦੇ ਜਨੂੰਨ ਵਿਚ ਅਵਤਾਰ ਸ਼ੰਕਰ ਦੀਆਂ ਆਪਣੀਆਂ ਲਿਖਤਾਂ ਦੇ ਹਵਾਲਿਆਂ ਨੂੰ ਅੱਖੋਂ-ਪਰੋਖੇ ਕਰ ਇਕ ਕਹਾਣੀ ਦੇ ਤੋੜੇ-ਮਰੋੜੇ ਅਰਥਾਂ ‘ਤੇ ਨਿਰਭਰ ਕਰ ਰਿਹਾ ਹੈ।
ਨਾਰਾਇਣ ਪੰਡਿਤਾਚਾਰਿਆ ਨੇ ਆਪਣੀ ਪੁਸਤਕ ‘ਮਨੀਮੰਜਾਰੀ’ ਵਿਚ ਸ਼ੰਕਰ ਦਾ ਵਰਣਨ ਇਉਂ ਕੀਤਾ ਹੈ: ‘ਮਨਮਤਿ ਨੇ ਸ਼ੰਕਰ ਦੇ ਰੂਪ ਵਿਚ ਇਕ ਵਿਧਵਾ ਦੇ ਘਰ ਜਨਮ ਲਿਆ। ਉਸ ਨੇ ਆਪਣੇ ਬ੍ਰਾਹਮਣ ਜਜਮਾਨ ਦੀ ਪਤਨੀ ਨੂੰ ਆਪਣੇ ਜਾਦੂ ਨਾਲ ਵਰਗਲਾ ਲਿਆ ਸੀ। ਉਸ ਨੂੰ ਮੰਨਣ ਵਾਲੇ ਲੋਕ ਜ਼ਾਲਮ ਹਨ ਜੋ ਮੱਠਾਂ ਨੂੰ ਅੱਗ ਲਾ ਕੇ ਰਾਖ ਕਰ ਦਿੰਦੇ ਹਨ, ਪਸ਼ੂਆਂ ਨੂੰ ਤਬਾਹ ਕਰ ਦਿੰਦੇ ਹਨ ਤੇ ਔਰਤਾਂ ਤੇ ਬੱਚਿਆਂ ਦੇ ਕਤਲ ਕਰਦੇ ਹਨ। ਜੋ ਲੋਕ ਵੇਦਾਂ ਨੂੰ ਨਹੀਂ ਮੰਨਦੇ, ਉਹ ਉਨ੍ਹਾਂ ਨੂੰ ਕੋੜੇ ਮਾਰਦੇ ਹਨ ਤੇ ਦੂਜਿਆਂ ਨੂੰ ਧੱਕੇ ਨਾਲ ਆਪਣੇ ਨਾਲ ਰਲਾ ਲੈਂਦੇ ਹਨ।’
ਸ਼ੰਕਰ ਦੀ ਸਭ ਤੋਂ ਪੁਰਾਣੀ ਜੀਵਨੀ ‘ਸ਼ੰਕਰ ਦਿਗਵਿਜੈ’ ਵਿਚ ਇਕ ਵੇਰਵਾ ਆਉਂਦਾ ਹੈ। ਜਦੋਂ ਸ਼ੰਕਰ ਨੇ ਮੰਡਨ ਮਿਸ਼ਰਾ ਨੂੰ ਬਹਿਸ ਵਿਚ ਹਰਾਇਆ ਤਾਂ ਉਸ ਦੀ ਪਤਨੀ ਉਭੈਯਾ ਭਾਰਤੀ ਨੇ ਸ਼ੰਕਰ ਨੂੰ ਬਹਿਸ ਲਈ ਵੰਗਾਰਿਆ। 17 ਦਿਨ ਬਹਿਸ ਚਲਦੀ ਰਹੀ। ਜਦੋਂ ਗੱਲ ਕਾਮ-ਸ਼ਾਸਤਰ ਉਤੇ ਆਈ ਤਾਂ ਸ਼ੰਕਰ ਉਲਝ ਗਿਆ। ਉਸ ਨੇ ਭਾਰਤੀ ਤੋਂ ਇਕ ਮਹੀਨੇ ਦਾ ਸਮਾਂ ਮੰਗਿਆ ਜੋ ਉਸ ਨੇ ਦੇ ਦਿੱਤਾ। ਸ਼ੰਕਰ ਆਪਣੇ ਚੇਲਿਆਂ ਨਾਲ ਸਫਰ ‘ਤੇ ਨਿਕਲ ਪਿਆ। ਰਸਤੇ ‘ਚ ਇਕ ਮ੍ਰਿਤਕ ਰਾਜੇ ਦੀ ਦੇਹ ਨਜ਼ਰ ਪਈ ਤਾਂ ਸ਼ੰਕਰ ਨੇ ਦੇਹ-ਪ੍ਰਵੇਸ਼ ਕਰਨ ਦਾ ਫੈਸਲਾ ਕੀਤਾ। ਕਾਰਣ ਸੀ ਕਿ ਬ੍ਰਹਮਚਾਰੀ ਹੋਣ ਕਰਕੇ ਉਸ ਨੂੰ ਕਾਮ ਦਾ ਗਿਆਨ ਨਹੀਂ ਸੀ ਤੇ ਉਹ ਕਦੇ ਵੀ ਭਾਰਤੀ ਤੋਂ ਜਿੱਤ ਨਹੀਂ ਸੀ ਸਕਦਾ। ਰਾਜੇ ਦੀ ਦੇਹ ਰਾਹੀਂ ਉਹ ਕਾਮ-ਕ੍ਰੀੜਾ ਦਾ ਅਨੁਭਵ ਕਰਨਾ ਚਾਹੁੰਦਾ ਸੀ। ਜਦੋਂ ਉਸ ਦੇ ਚੇਲਿਆਂ ਨੇ ਇਤਰਾਜ਼ ਕੀਤਾ ਕਿ ਬ੍ਰਹਮਚਾਰੀ ਹੋਣ ਦੇ ਨਾਤੇ ਅਜਿਹਾ ਕਰਨਾ ਠੀਕ ਨਹੀਂ ਤਾਂ ਸ਼ੰਕਰ ਦਾ ਜੁਆਬ ਸੀ ਕਿ ਜਿਸ ਨੇ ਬ੍ਰਾਹਮਣ ਦਾ ਗਿਆਨ ਪਾ ਲਿਆ ਹੋਵੇ, ਉਸ ਨੂੰ ਦੁਨੀਆਂ ਦਾ ਕੋਈ ਵੀ ਪਾਪ ਛੂਹ ਨਹੀਂ ਸਕਦਾ। ਉਹ ਜੋ ਵੀ ਕਰੇ, ਠੀਕ ਹੀ ਹੁੰਦਾ ਹੈ। ਸ਼ੰਕਰ ਦਾ ਜੁਆਬ ਬ੍ਰਾਹਮਣ ਦੇ ਤਥਾਕਥਿਤ ਉਚ ਦਰਜੇ ਦਾ ਪਰਾਭੌਤਿਕ ਤਰਕ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸ਼ੰਕਰ ਦਾ ਅਦਵੈਤ ਵੇਦਾਂਤ ਨੈਤਿਕਤਾ ਤੋਂ ਕੋਰਾ ਗਿਆਨ ਹੈ। ਪਾਠਕ ਅੰਦਾਜ਼ਾ ਲਾ ਸਕਦੇ ਹਨ ਕਿ ‘ਸ਼ੰਕਰ ਵੱਲੋਂ ਪ੍ਰਚਾਰੇ ਜਾਂਦੇ ਹਿੰਦੂ ਧਰਮ ਦੇ ਗਰਭ ਵਿਚ ਪਏ ਸਨਾਤਨੀ ਸੱਚ’ ਨਾਲ ਸਿੱਖੀ ਦੀ ਕਿੰਨੀ ਕੁ ਵਿਚਾਰਧਾਰਕ ਸਾਂਝ ਹੋ ਸਕਦੀ ਹੈ। ਉਪਰੋਕਤ ਮਿਸਾਲ ਤੋਂ ਸਪੱਸ਼ਟ ਹੈ ਕਿ ਸ਼ੰਕਰ ਦੇ ਫਲਸਫੇ ਦਾ ਸਿੱਖੀ ਨਾਲ ਕੋਈ ਮੇਲ ਨਹੀਂ, ਸਗੋਂ ਸ਼ੰਕਰ ਆਪਣੇ ਜੀਵਨ ਵਿਚ ਵੀ ਕਥਨੀ ਤੇ ਕਰਨੀ ਵਿਚ ਖਰਾ ਉਤਰਨ ਵਾਲਾ ਇਨਸਾਨ ਨਹੀਂ ਸੀ।
ਗੁਰਬਾਣੀ ਸਗਲੀ ਕਾਇਨਾਤ ਨੂੰ ਕਲਾਵੇ ਵਿਚ ਲੈਂਦੀ ਹੈ। ਵਿਭਿੰਨ ਸਥਾਨਕਤਾਵਾਂ, ਆਪਣੀਆਂ ਵਿਲੱਖਣਤਾਵਾਂ ਸਣੇ ਕਾਇਨਾਤ ਦਾ ਹੀ ਇਕ ਅੰਗ ਹਨ। ਗੁਰਬਾਣੀ ਸਥਾਨਕਤਾ ਨੂੰ ਨਿਵਾਜਦੀ ਹੈ, ਰੱਦ ਨਹੀਂ ਕਰਦੀ। ਆਪਣੀ ਸਥਾਨਕਤਾ ਨਾਲ ਅਪਣੱਤ ਭਰਿਆ ਰਿਸ਼ਤਾ ਰੱਖਣਾ ਗੁਨਾਹ ਨਹੀਂ ਹੈ। ਸਥਾਨਕਤਾ ਦੇ ਦਾਇਰੇ ਵਿਚ ਕੈਦ ਹੋ ਕੇ ‘ਪਰ’ ਨਾਲ ਵਿਸਮਾਦੀ ਮਿਲਣ ਤੋਂ ਮੂੰਹ ਮੋੜਨਾ ਗਲਤ ਹੈ ਅਤੇ ਇਹੀ ਸਨਾਤਨਤਾ ਹੈ। ਇਸੇ ਲਈ ਸਨਾਤਨਤਾ ਸੰਨਿਆਸੀ ਹੈ। ਅਜਿਹੀ ਸਨਾਤਨਤਾ ਦੀ ਦਲਦਲ ‘ਚ ਫਸਿਆ ਹੋਣ ਕਰਕੇ ਹੀ ਅਵਤਾਰ ਯੂਰਪੀ ਫਲਸਫੇ ਨਾਲ ਸੰਵਾਦ ਤੋਂ ਤ੍ਰਹਿੰਦਾ ਹੈ। ਸਥਾਨਕਤਾਵਾਂ ਸਾਂਝੀ ਮਨੁੱਖੀ ਸੱਭਿਅਤਾ ਦੇ ਬਾਗ ਵਿਚ ਖਿੜੇ ਵੰਨ-ਸੁਵੰਨੇ ਫੁੱਲਾਂ ਦੀ ਨਿਆਈਂ ਹਨ। ਇਨ੍ਹਾਂ ਨੂੰ ਰੂਪ, ਰੰਗ ਅਤੇ ਖੇੜਾ ਧਰਤੀ ਬਖਸ਼ਦੀ ਹੈ। ਕਾਇਨਾਤੀ ਦ੍ਰਿਸ਼ਟੀ ਤੋਂ ਦੇਖਿਆਂ ਧਰਤੀ ਖੁਦ ਇਕ ਸਥਾਨਕਤਾ ਹੈ ਜਿਸ ਦੀ ਹੋਂਦ ਅਸੀਮ ਬ੍ਰਹਿਮੰਡ ਅੰਦਰ ਰੇਤ ਦੇ ਇਕ ਕਣ ਜਿੰਨੀ ਹੈ। ਦੱਖਣੀ ਏਸ਼ੀਆ ਦੀ ਵੀ ਆਪਣੀ ਇਕ ਸਥਾਨਕਤਾ ਹੈ। ਬਸਤੀਵਾਦ ਤੋਂ ਬਾਅਦ ਪੱਛਮੀ ਫਲਸਫੇ ਅਤੇ ਪ੍ਰਵਚਨਾਂ ਨੇ ਦੁਨੀਆਂ ‘ਤੇ ਆਪਣਾ ਗਲਬਾ ਸਥਾਪਤ ਕਰ ਲਿਆ ਹੈ। ਇਸ ਨਾਲ ਰਾਜਨੀਤਕ ਸ਼ਕਤੀ ਤੋਂ ਵਾਂਝੇ ਸਮੂਹਾਂ ਦੀ ਸੱਭਿਆਚਾਰਕ ਸਲਾਮਤੀ ਨੂੰ ਖਤਰਾ ਪੈਦਾ ਹੋ ਗਿਆ ਹੈ। ਸਥਾਨਕਤਾ ਨਾਲ ਅਪਣੱਤ ਪਾਲਣੀ ਅਲਹਿਦਗੀ ਵਿਚ ਵਿਚਰਣ ਵਾਲੀ ਗੱਲ ਨਹੀਂ ਹੈ। ਇਹ ਆਪਣੀ ਹਸਤੀ ਦੀ ਵਿਲੱਖਣਤਾ ਨੂੰ ਬਰਕਰਾਰ ਰੱਖਦਿਆਂ ਦੂਸਰੇ ਨਾਲ ਸੰਵਾਦੀ ਮਿਲਣ ਦੀ ਤਮੰਨਾ ਦਾ ਜੀਵੰਤ ਅਤੇ ਸੁਹਜਮਈ ਪ੍ਰਗਟਾਵਾ ਹੈ। ਇਸ ਦੇ ਉਲਟ ਸਨਾਤਨਤਾ ਆਪਣੇ ਭੂਤਕਾਲ ਦੀ ਮਹਾਨਤਾ ਦੇ ਵਹਿਮ ‘ਚੋਂ ਉਪਜੀ ਹਉਂ ਵਿਚ ਵਿਚਰਦੀ ਹੈ। ਇਹ ਦੁਨੀਆਂ ਉਤੇ ਆਪਣਾ ਗਲਬਾ ਸਥਾਪਤ ਕਰਨਾ ਲੋਚਦੀ ਹੈ। ਇਸੇ ਲਈ ਸਨਾਤਨੀ ਵਿਚਾਰਧਾਰਾਵਾਂ ਵਿਚੋਂ ਸਿਆਸੀ ਫਾਸ਼ੀਵਾਦ ਪੈਦਾ ਹੁੰਦਾ ਹੈ ਜਿਵੇਂ ਅੱਜ ਭਾਰਤ ‘ਚ ਹੋ ਰਿਹਾ ਹੈ। ਸਨਾਤਨੀ ਫਾਸ਼ੀਵਾਦ ਜ਼ਿੰਦਗੀ ਦੇ ਭਰੇ ਹੋਏ ਮੇਲੇ ਨੂੰ ਇਕ ਰੰਗ ਵਿਚ ਰੰਗਣਾ ਲੋਚਦਾ ਹੈ। ਇਹ ਇਸ ਮੇਲੇ ਦੀ ਮਾਸੂਮ ਚਹਿਚਹਾਹਟ ਨੂੰ ਅਨੁਸ਼ਾਸਨੀ ਤਰਤੀਬ ਵਿਚ ਕੈਦ ਕਰਨਾ ਚਾਹੁੰਦਾ ਹੈ। ਕੋਈ ਸ਼ੱਕ ਨਹੀਂ ਕਿ ਸਥਾਨਕਤਾ ਵੀ ਕਈ ਵਾਰ ਸੰਕੀਰਣ ਰੂਪ ਅਖਤਿਆਰ ਕਰ ਲੈਂਦੀ ਹੈ। ਇਸ ਤੋਂ ਬਚਣਾ ਹੀ ਅੱਜ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਹੈ। ਇਹ ਸਥਾਨਕਤਾ ਨੂੰ ‘ਹਨੇਰੀ ਖੁੱਡ’ ਕਹਿਣ ਨਾਲ ਨਹੀਂ ਹੋ ਸਕਦਾ ਜਿਵੇਂ ਅਵਤਾਰ ਕਰਦਾ ਹੈ। ਇਸ ਲਈ ਮਨ-ਮਸਤਕ ਦੇ ਦਰ ਖੁੱਲ੍ਹੇ ਰੱਖਣੇ ਪੈਂਦੇ ਹਨ। ਸਗਲੀ ਕਾਇਨਾਤ ਇਕ ਅੰਤਰ-ਸਬੰਧਤ ਸੁਰਤਾਲ ਵਿਚ ਗੁਣਗੁਣਾ ਰਹੀ ਹੈ। ਸਨਾਤਨੀ ਸੰਕੀਰਣਤਾ ਇਸ ਬ੍ਰਹਿਮੰਡੀ ਸੁਰਤਾਲ ਵਿਚ ਵਿਘਨ ਪੈਦਾ ਕਰਦੀ ਹੈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਜਦ ‘ਸ੍ਰਿਸ਼ਟਿ ਉਬਾਰਣ’ ਦੀ ਵੱਡੀ ਜ਼ਿੰਮੇਵਾਰੀ ਖਾਲਸੇ ਦੀ ਝੋਲੀ ਪਾਈ ਤਾਂ ਇਸ਼ਾਰਾ ਅਜਿਹੇ ਵਿਘਨਾਂ ਦੇ ਨਾਸ਼ ਵੱਲ ਹੀ ਸੀ।
ਅਵਤਾਰ ਦਾ ਕਹਿਣਾ ਹੈ ਕਿ ਮੈਂ ‘ਨਾਦ ਪ੍ਰਗਾਸ’ ਦੇ ਲੰਗਰਾਂ ਵਿਚੋਂ ਦਾਲ ਛਕਦਾ ਰਿਹਾ ਹਾਂ ਜਿਸ ਵਿਚ ਲੂਣ ਵੀ ਹੁੰਦਾ ਹੈ। ਇਸ ਟਿੱਪਣੀ ਨਾਲ ਅਵਤਾਰ ਦੀ ਅਸਲ ਫਿਤਰਤ ਸਾਹਮਣੇ ਆਉਂਦੀ ਹੈ। ਜਗਦੀਸ਼ ਨਾਲ ਮੇਰੀ ਕਦੇ ਦੋਸਤੀ ਰਹੀ ਹੈ। ਮੈਂ ਵੀ ਅੰਮ੍ਰਿਤਸਰ ‘ਨਾਦ ਪ੍ਰਗਾਸ’ ਦੇ ਦਫਤਰ ਜਾਂਦਾ ਰਿਹਾਂ ਤੇ ਉਹ ਵੀ ਮੇਰੇ ਕੋਲ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਵਿਚ ਠਹਿਰਦੇ ਰਹੇ ਹਨ। ਨਾ ਉਸ ਵੇਲੇ ਜਗਦੀਸ਼ ਦਾ ਮੇਰੇ ਕੋਲ ਆਉਣਾ ਕੋਈ ਬੋਝ ਸੀ ਤੇ ਨਾ ਹੀ ਮੈਨੂੰ ਹੁਣ ਅਵਤਾਰ ਦੇ ਪੱਧਰ ਦੇ ਤਾਹਨੇ ਮਿਹਣੇ ਮਾਰਨ ਦੀ ਲੋੜ ਲੱਗਦੀ ਹੈ। ਮੈਨੂੰ ਜਗਦੀਸ਼ ਨੂੰ ਮਿਲਣ ਤੋਂ ਬਹੁਤ ਸਾਲ ਪਹਿਲਾਂ ਹੀ ਸਾਹਿਤ ਅਤੇ ਫਲਸਫੇ ਦਾ ਸ਼ੌਕ ਸੀ। ਮੈਂ ਕਦੇ ਵੀ ਅਜਿਹੀ ਸੰਸਥਾ ਵਿਚ ਵਿਦਿਆਰਥੀ ਨਹੀਂ ਰਿਹਾ ਜਿੱਥੇ ਜਗਦੀਸ਼ ਅਧਿਆਪਕ ਹੋਵੇ। ਸੋ ਉਂਗਲ ਫੜ ਕੇ ਤੁਰਨਾ ਸਿਖਾਉਣ ਵਰਗੀ ਕੋਈ ਗੱਲ ਨਹੀਂ ਹੈ। ਜਗਦੀਸ਼ ਨੂੰ ‘ਨਾਦ ਪ੍ਰਗਾਸ’ ਚਲਾਉਂਦਿਆਂ ਇਕ ਦਹਾਕੇ ਤੋਂ ਉਪਰ ਹੋ ਗਿਆ ਹੈ, ਜੇ ਉਹ ਏਡਾ ਹੀ ਧਨੰਤਰ ਹੁੰਦਾ ਤਾਂ ਉਹ ਹੁਣ ਤੱਕ ਵਿਦਵਾਨਾਂ ਦਾ ਇਕ ਪੋਚ ਤਿਆਰ ਕਰ ਲੈਂਦਾ। ਉਸ ਦੀ ਸੋਚ ਵਿਚ ਅਚਾਨਕ ਆਈ ਤਬਦੀਲੀ ਤੋਂ ਮੈਨੂੰ ਲੱਗਾ ਕਿ ਉਹ ਸਿੱਖੀ ਦੀ ਬ੍ਰਾਹਮਣਵਾਦੀ ਵਿਆਖਿਆ ਦੇ ਰਾਹ ਪੈ ਰਿਹਾ ਹੈ। ਇਨ੍ਹਾਂ ਵਿਚਾਰਧਾਰਕ ਵਖਰੇਵਿਆਂ ਦੇ ਮੱਦੇਨਜ਼ਰ ਤੂੰ-ਤੂੰ, ਮੈਂ-ਮੈਂ ਵਿਚ ਪੈਣ ਦੀ ਬਜਾਏ ਮੈਂ ਚੁੱਪ-ਚਾਪ ਪਾਸਾ ਵੱਟਣਾ ਬਿਹਤਰ ਸਮਝਿਆ।
ਅਵਤਾਰ ਨੇ ਆਪਣੇ ਹਰ ਪ੍ਰਤੀਕਰਮ ਵਿਚ ਬਾਹਰਲੇ ਸਿੱਖਾਂ ਨੂੰ ਮਿਹਣੇ ਮਾਰੇ ਹਨ। ਅਜੀਬ ਗੱਲ ਹੈ, ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ‘ਨਾਦ ਪ੍ਰਗਾਸ’ ਬਾਹਰਲੇ ਸਿੱਖਾਂ ਦੀ ਕਿਰਤ-ਕਮਾਈ ‘ਤੇ ਹੀ ਚੱਲ ਰਹੀ ਹੈ। ਪਰ ਸ਼ੰਕਰ ਦੀ ਸਨਾਤਨੀ ਸੋਚ ਨਾਲ ਜੁੜੇ ਲੋਕਾਂ ਵਿਚ ਐਨੀ ਅਕ੍ਰਿਤਘਣਤਾ ਹੋਣੀ ਕੋਈ ਹੈਰਾਨੀ ਦੀ ਗੱਲ ਨਹੀਂ।
ਭੂਤਵਾੜੇ ਦੀ ਗੱਲ ਕਰਨ ਤੋਂ ਮੇਰਾ ਇਹ ਭਾਵ ਨਹੀਂ ਸੀ ਕਿ ਬਾਂਸ ‘ਤੇ ਟੰਗੇ ਕੱਛੇ/ਕੱਛੀ ਨੂੰ ਨਿਸ਼ਾਨ ਸਾਹਿਬ ਮੰਨ ਲਿਆ ਜਾਵੇ। ਭੂਤਵਾੜੇ ਦੇ ਮੈਂਬਰ ਅਜਿਹੇ ਕੁਕਰਮਾਂ ਲਈ ਸਾਂਝੇ ਤੌਰ ‘ਤੇ ਜ਼ਿੰਮੇਵਾਰ ਸਨ। ਮੈਂ ਤਾਂ ਸਿਰਫ ਅਵਤਾਰ ਅਤੇ ‘ਨਾਦ ਪ੍ਰਗਾਸ’ ਦੇ ਦੂਹਰੇ ਮਾਪਦੰਡਾਂ ਵੱਲ ਧਿਆਨ ਦਿਵਾਉਣਾ ਚਾਹੁੰਦਾ ਸੀ ਕਿ ਭੂਤਵਾੜੇ ਦੇ ਹਰ ਪੁੱਠੇ ਕੰਮ ਦਾ ਦੋਸ਼ ਸਿਰਫ ਮਹਿਬੂਬ ਸਾਹਿਬ ਸਿਰ ਮੜ੍ਹ ਦਿੰਦੇ ਹਨ ਜਦਕਿ ਦੂਜਿਆਂ ਨਾਲ ਪੱਕੇ ਯਾਰਾਨੇ ਰੱਖਦੇ ਹਨ। ਨਿਸ਼ਾਨ ਸਾਹਿਬ ਦੀ ਬੇਅਦਬੀ ਦਾ ਇਨ੍ਹਾਂ ਨੂੰ ਕੋਈ ਦੁੱਖ ਨਹੀਂ, ਇਹ ਤਾਂ ਉਸ ਬੇਅਦਬੀ ਨੂੰ ਵੀ ਨਿਜੀ ਕਿੜ੍ਹਾਂ ਕੱਢਣ ਲਈ ਹਥਿਆਰ ਵਜੋਂ ਵਰਤਦੇ ਹਨ।
ਪ੍ਰਾਚੀਨ ਅਤੇ ਮੱਧ-ਕਾਲੀਨ ਸਾਹਿਤ ਆਧੁਨਿਕ ਸਾਹਿਤ ਨਾਲੋਂ ਬੁਨਿਆਦੀ ਤੌਰ ‘ਤੇ ਭਿੰਨ ਹੈ। ਉਦੋਂ ਅਜੇ ਛਾਪਾਖਾਨਾ ਈਜਾਦ ਨਹੀਂ ਹੋਇਆ ਸੀ। ਸਾਹਿਤ ਦਾ ਅਦਾਨ-ਪ੍ਰਦਾਨ ਵੱਖਰੇ ਰੂਪ ਵਿਚ ਹੁੰਦਾ ਸੀ। ਸਾਰੇ ਧਾਰਮਿਕ ਗ੍ਰੰਥਾਂ ਵਿਚ ਜੀਵਨ ਦੇ ਮੁੱਢਲੇ ਅਤੇ ਸਦੀਵੀ ਸੱਚ ਦਾ ਜ਼ਿਕਰ ਮਿਲਦਾ ਹੈ। ਵਖਰੇਵਾਂ ਉਸ ਸੱਚ ਨੂੰ ਨਿਜੀ ਅਤੇ ਸਮੂਹਿਕ ਜੀਵਨ ਵਿਚ ਉਤਾਰਨ ਦੇ ਤਰੀਕਿਆਂ ਵਿਚ ਹੈ। ਪਾਤਰ ਦੀ ਸਾਹਿਤਕ ਚੋਰੀ ਸਿਰਫ ਖਿਆਲ ਦੀ ਸਮਰੂਪਤਾ ਵਿਚ ਨਹੀਂ ਸਗੋਂ ਰੂਪਕ ਦੀ ਨਕਲ ਵਿਚ ਵੀ ਹੈ। ਕਵਿਤਾ ਕਿਸੇ ਖਿਆਲ ਨੂੰ ਸੁਹਜਮਈ ਤਰੀਕੇ ਨਾਲ ਰੂਪਕ, ਅਲੰਕਾਰ ਤੇ ਹੋਰ ਭਾਸ਼ਾਈ ਵਿਧੀਆਂ ਵਰਤ ਕੇ ਪ੍ਰਗਟ ਕਰਦੀ ਹੈ। ਆਧੁਨਿਕ ਜ਼ਮਾਨੇ ਵਿਚ, ਜਦੋਂ ਪਾਤਰ ਦੀ ਕਵਿਤਾ ਪਾਤਰ ਦੇ ਨਾਂ ਕਾਪੀ ਰਾਈਟ ਹੈ ਤੇ ਉਹ ਇਸ ਦੀ ਰਾਇਲਟੀ ਵੀ ਲੈ ਰਿਹਾ ਹੈ ਤਾਂ ਉਸ ਦਾ ਇਹ ਵੀ ਫਰਜ਼ ਬਣਦਾ ਹੈ ਕਿ ਉਹ ਯਕੀਨੀ ਬਣਾਵੇ ਕਿ ਉਸ ਦੇ ਸ਼ੇਅਰ ਕਿਤੇ ਹੋਰ ਇੰਨ-ਬਿੰਨ ਰੂਪ ਵਿਚ ਤਾਂ ਨਹੀਂ ਮਿਲਦੇ।
ਗੁਰਦੇਵ ਚੌਹਾਨ ਨੇ ਇਸੇ ਮਾਮਲੇ ਸਬੰਧੀ ਇੱਕ ਹੋਰ ਨੁਕਤਾ ਉਠਾਇਆ ਹੈ ਕਿ ਸ਼ਾਇਦ ਪਾਤਰ ਨੂੰ ਫਾਰਸੀ ਆਉਂਦੀ ਹੀ ਨਾ ਹੋਵੇ, ਸੋ ਉਸ ਲਈ ਰੂਮੀ ਦੀ ਮਸਨਵੀ ‘ਚੋਂ ਸ਼ੇਅਰ ਚੋਰੀ ਕਰਨਾ ਸੰਭਵ ਨਹੀਂ। ਮੈਨੂੰ ਵੀ ਲੱਗਦਾ ਹੈ ਕਿ ਪਾਤਰ ਨੂੰ ਫਾਰਸੀ ਨਹੀਂ ਆਉਂਦੀ ਹੋਵੇਗੀ ਕਿਉਂਕਿ ਫਾਰਸੀ ਸਾਹਿਤ ਦਾ ਪਾਠਕ ਏਨੀ ਨਿਕੰਮੀ ਕਵਿਤਾ ਨਹੀਂ ਰਚ ਸਕਦਾ। ਪਰ ਸ਼ਾਇਦ ਚੌਹਾਨ ਸਾਹਿਬ ਨੂੰ ਨਹੀਂ ਪਤਾ ਕਿ ਰੂਮੀ ਦੀ ਮਸਨਵੀ ਨੂੰ ਦਰਸ਼ਨ ਸਿੰਘ ਅਵਾਰਾ ਨੇ ਪੰਜਾਬੀ ਵਿਚ ਉਲਥਾਇਆ ਹੈ ਜੋ ਭਾਸ਼ਾ ਵਿਭਾਗ ਨੇ 1962 ਵਿਚ ਪ੍ਰਕਾਸ਼ਿਤ ਕੀਤੀ ਸੀ; ਹਵਾ ਵਿਚ ਲਿਖੇ ਹਰਫ ਦੇ ਪ੍ਰਕਾਸ਼ਿਤ ਹੋਣ ਤੋਂ ਕਾਫੀ ਚਿਰ ਪਹਿਲਾਂ। ਪਾਤਰ ਦਾ ਵਿਚਾਰਅਧੀਨ ਸ਼ੇਅਰ ਉਸ ਅਨੁਵਾਦ ਦੇ ਪਹਿਲੇ ਸ਼ੇਅਰ ਦੀ ਨਕਲ ਹੈ; ਸ਼ਬਦਾਵਲੀ ਵੀ ਹੂਬਹੂ ਮਿਲਦੀ ਹੈ।
ਅਵਤਾਰ ਦਾ ਕਹਿਣਾ ਹੈ, ‘ਕਿਸ ਸਮੇਂ ਕਵਿਤਾ ਬਾਰਬਰਿਕ ਹੈ ਜਾਂ ਨਹੀਂ ਇਹ ਸੇਧ ਸਾਨੂੰ ਅਡੋਰਨੋ ਤੋਂ ਲੈਣ ਦੀ ਲੋੜ ਨਹੀਂ।’ ਮੇਰੇ ਪਹਿਲੇ ਲੇਖ ਦਾ ਮੁੱਖ ਨੁਕਤਾ ਇਹੀ ਸੀ ਕਿ ਅਡੋਰਨੋ ਵਾਲੀ ਦੁਬਿਧਾ ਪੰਜਾਬ ਵਿਚ ਨਹੀਂ ਹੈ। ਸੰਨੀ ਮਲਹਾਂਸ ਨੇ ਬਹਿਸ ‘ਤੇ ਟਿੱਪਣੀ ਵਿਚ ਵੀ ਇਹ ਗੱਲ ਸਪੱਸ਼ਟ ਕੀਤੀ ਹੈ। ਅਵਤਾਰ ਨੂੰ ਤੱਥਾਂ ਦੀ ਪ੍ਰਵਾਹ ਕਰਨ ਦੀ ਕੀ ਲੋੜ ਹੈ, ਜਦੋਂ ਉਸ ਦਾ ਮਕਸਦ ਹੀ ਸਿਰਫ ਭੜਾਸ ਕੱਢਣਾ ਹੈ? ਉਹ ਮੇਰੇ ਵੱਲੋਂ ਪੱਛਮੀ ਚਿੰਤਕਾਂ ਦੇ ਨਾਂ ਲਏ ਜਾਣ ‘ਤੇ ਇਤਰਾਜ਼ ਕਰਦਾ ਹੈ ਪਰ ਆਪ ਲੋੜ ਅਨੁਸਾਰ ਪੱਛਮੀ ਚਿੰਤਕਾਂ ਨੂੰ ਵਰਤਦਾ ਵੀ ਹੈ।
ਸੰਨੀ ਮਲਹਾਂਸ ਨੇ ਆਪਣੇ ਲੇਖ ਵਿਚ ਦੋ ਜਾਇਜ ਨੁਕਤੇ ਉਠਾਏ ਹਨ: ਪਹਿਲਾ, ਮਹਿਬੂਬ ਤੇ ਪਾਤਰ ਬਾਰੇ ਨਿਰਣੇ ਦਾ ਆਧਾਰ ਲੇਖ ‘ਚ ਮੌਜੂਦ ਨਹੀਂ; ਦੂਜਾ, ਮੇਰੀ ਤੇ ਮਹਿਬੂਬ ਦੀ ਵਿਚਾਰਧਾਰਾ ਸਾਂਝੀ ਹੈ। ਮੇਰਾ ਲੇਖ ਮਹਿਬੂਬ ‘ਤੇ ਪਾਤਰ ਦਾ ਤੁਲਨਾਤਮਕ ਅਧਿਐਨ ਨਹੀਂ ਸੀ। ਕੇਂਦਰੀ ਨੁਕਤਾ ਆਧੁਨਿਕਤਾ, ਬਰਬਰਤਾ, ਤੇ ਕਵਿਤਾ ਦੇ ਸਬੰਧਾਂ ਬਾਰੇ ਅਡੋਰਨੋ ਦੇ ਕਥਨ ਦੇ ਹਵਾਲੇ ਨਾਲ ਵਿਚਾਰ ਕਰਨੀ ਸੀ ਜਿਸ ਲਈ ਮੈਂ ਮਹਿਬੂਬ ਤੇ ਪਾਤਰ ਦੀ ਕਵਿਤਾ ਨੂੰ ਮਿਸਾਲ ਵਜੋਂ ਵਰਤਿਆ।
ਸਮੁੱਚੀ ਬਹਿਸ ਵਿਚ ਮੇਰੇ ਲਈ ਦੋ ਗੱਲਾਂ ਸਭ ਤੋਂ ਹੈਰਾਨੀਜਨਕ ਰਹੀਆਂ। ਪਹਿਲੀ ਅਵਤਾਰ ਵੱਲੋਂ ਇਹ ਕਿਹਾ ਜਾਣਾ ਕਿ ਸ਼ੰਕਰ ਵੱਲੋਂ ਪ੍ਰਚਾਰੇ ਜਾਂਦੇ ਹਿੰਦੂ ਧਰਮ ਦੇ ਗਰਭ ਵਿਚ ਪਏ ਸਨਾਤਨੀ ਸੱਚ ਨਾਲ ਸਿੱਖੀ ਦੀਆਂ ਤੰਦਾਂ ਜੁੜੀਆਂ ਹਨ। ਦੂਜੀ ਉਸ ਵੱਲੋਂ ਬਾਬਾ ਸ੍ਰੀ ਚੰਦ ਨੂੰ ਗੁਰੂ ਅਰਜਨ ਦੇਵ ਜੀ ਦੇ ਅਧਿਆਤਮਕ ਰਹਿਬਰ ਵਜੋਂ ਵਿਖਾਇਆ ਜਾਣਾ। ਅਵਤਾਰ ਨੇ ਲਿਖਿਆ ਹੈ ਕਿ ਬਾਬਾ ਸ੍ਰੀ ਚੰਦ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਬਦ ਦ੍ਰਿੜ ਕਰਵਾਇਆ। ਭਾਵ ਬੇਦੀ ਕੁਲ ਗੁਰੂ ਸਾਹਿਬਾਨ ਤੋਂ ਵੀ ਸ੍ਰੇਸ਼ਟ ਹੋ ਗਈ ਹਾਲਾਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਸਿੱਖ ਲਈ ਗੁਰੂ ਸਾਹਿਬਾਨ ਤੋਂ ਉਪਰ ਹੋਰ ਕੋਈ ਨਹੀਂ ਹੋ ਸਕਦਾ। ਇਹ ਗੱਲਾਂ ਹੈਰਾਨੀਜਨਕ ਇਸ ਲਈ ਹਨ ਕਿ ਅਵਤਾਰ ਵਰਗੇ ਸਿੱਖ ਦੇ ਮੂੰਹੋਂ ਨਿਕਲੀਆਂ ਹਨ। ਇਹ ਵਰਤਾਰਾ ਬਹੁਤ ਖਤਰਨਾਕ ਹੈ ਤੇ ਇਸ ਦੀ ਜੜ੍ਹ ਫੜਨੀ ਬਹੁਤ ਜ਼ਰੂਰੀ ਹੈ। ਲੋਕ ਇਹ ਵੀ ਕਹਿੰਦੇ ਹਨ ਕਿ ਇਹ ਅਵਤਾਰ ਤੇ ‘ਨਾਦ ਪ੍ਰਗਾਸ’ ਦੀ ਆਰæ ਐਸ਼ ਐਸ਼ ਨਾਲ ਸਾਂਝ ਦਾ ਨਤੀਜਾ ਹੈ। ਪਰ ਮੈਨੂੰ ਨਿਜੀ ਤੌਰ ਤੇ ਇਸ ਬਾਰੇ ਕੋਈ ਜਾਣਕਾਰੀ ਨਹੀਂ, ਹੋ ਸਕਦਾ ਹੈ ਕਿ ਇਹ ਮਹਿਜ ਅਵਤਾਰ ਦੀ ਬੌਧਿਕ ਤੇ ਮਾਨਸਿਕ ਕਮਜ਼ੋਰੀ ਦਾ ਹੀ ਨਤੀਜਾ ਹੋਵੇ। ਹਿੰਦੂਤਵੀਆਂ ਦੀ ਬੋਲੀ ਬੋਲਣ ਵਾਲੇ ਸਿੱਖਾਂ ਦੇ ਆਰæਐਸ਼ਐਸ਼ ਨਾਲ ਸਿੱਧੇ ਸਬੰਧਾਂ ਦੀ ਘੋਖ ਕਰਨ ਦੀ ਥਾਂ ਇਹ ਸਮਝਣਾ ਜ਼ਿਆਦਾ ਅਹਿਮ ਹੈ ਕਿ ਸਿੱਖਾਂ ਦੇ ਇਕ ਹਿੱਸੇ ਉਤੇ ਹਿੰਦੂਤਵੀ ਤਾਕਤਾਂ ਨੇ ਕਿੰਨਾ ਡੂੰਘਾ ਮਾਨਸਿਕ ਦਬਾਅ ਬਣਾ ਲਿਆ ਹੈ। ਅਵਤਾਰ ਵਰਗੇ ਬੰਦੇ ਸਿੱਖਾਂ ਦੀ ਨਿਆਰੀ ਹਸਤੀ ਮਿਟਾਉਣ ‘ਤੇ ਉਤਾਰੂ ਹਿੰਦੂਤਵੀ ਤਾਕਤਾਂ ਸਾਹਮਣੇ ਕੋਈ ਠੋਸ ਪੋਜ਼ੀਸ਼ਨ ਲੈਣ ਦੀ ਥਾਂ ਸਿੱਖਾਂ ਅਤੇ ਸਿੱਖੀ ਉਤੇ ਕੋਝੇ ਹਿੰਸਕ ਵਾਰ ਕਰਦੇ ਹਨ। ਅਵਤਾਰ ਹੋਰਾਂ ਨੂੰ ਇਸ ਰਾਹ ਤੋਰਨ ਵਿਚ ਜਗਦੀਸ਼ ਦੀ ਵੱਡੀ ਭੂਮਿਕਾ ਹੈ। ਸਾਨੂੰ ਸਭ ਨੂੰ ਕਿਸੇ ਵੀ ਕਿਸਮ ਦੇ ਵਿਚਾਰ ਰੱਖਣ ਅਤੇ ਪ੍ਰਗਟ ਕਰਨ ਦਾ ਪੂਰਾ ਹੱਕ ਹੈ। ਪਰ ਜਿਸ ਤਰੀਕੇ ਨਾਲ ਜਗਦੀਸ਼ ਅਵਤਾਰ ਅਤੇ ‘ਨਾਦ-ਪ੍ਰਗਾਸ’ ਨਾਲ ਜੁੜੇ ਵਿਦਿਆਰਥੀਆਂ ਰਾਹੀਂ ਆਪਣੀ ਗੱਲ ਕਹਿ ਕੇ ਹਿਸਾਬ ਲਾਉਣਾ ਚਾਹੁੰਦਾ ਹੈ ਕਿ ਸਿੱਖਾਂ ਵਿਚੋਂ ਇਨ੍ਹਾਂ ਖਿਆਲਾਂ ਦਾ ਕਿਹੋ-ਜਿਹਾ ਵਿਰੋਧ ਹੁੰਦਾ ਹੈ, ਇਸ ਵਿਚ ਇਮਾਨਦਾਰੀ ਵਾਲੀ ਕੋਈ ਗੱਲ ਨਹੀਂ। ਜਗਦੀਸ਼ ਨੂੰ ਜ਼ਿੰਮੇਵਾਰ ਬੰਦਿਆਂ ਵਾਂਗੂੰ ਆਪਣੇ ਵਿਚਾਰ ਖੁਦ ਅੱਗੇ ਆ ਕੇ ਪ੍ਰਗਟ ਕਰਨੇ ਚਾਹੀਦੇ ਹਨ, ਭੋਲੇ ਵਿਦਿਆਰਥੀਆਂ ਨਾਲ ਅਜਿਹਾ ਖਿਲਵਾੜ ਨਹੀਂ ਕਰਨਾ ਚਾਹੀਦਾ।