ਹਰਪਾਲ ਸਿੰਘ (ਪ੍ਰੋæ) ਬੰਗਿਆਂਵਾਲਾ
ਮੈਂ ਪੰਜਾਬ ਟਾਈਮਜ਼ ਦਾ ਬਾਕਾਇਦਾ ਪਾਠਕ ਨਹੀਂ ਹਾਂ, ਪਰ ਪ੍ਰਭਸ਼ਰਨਬੀਰ ਸਿੰਘ ਤੇ ਪ੍ਰੋæ ਅਵਤਾਰ ਸਿੰਘ ਦਰਮਿਆਨ ਚੱਲ ਰਹੀ ਸਾਰੀ ਵਿਚਾਰ-ਚਰਚਾ ਪੜ੍ਹੀ ਹੈ। ਕਾਰਣ? ਪ੍ਰਭਸ਼ਰਨਬੀਰ ਦੀ ਲਿਖਤ ਪਹਿਲਾਂ ਮੈਂ ਹੀ ਪੜ੍ਹੀ ਸੀ ਤੇ ਪਾਤਰ ਤੇ ਮਹਿਬੂਬ ਸਬੰਧੀ ਉਸ ਦੀ ਗੈਰਜ਼ਿੰਮੇਵਾਰਾਨਾ ਅਤੇ ਬੇਸਮਝ ਧਾਰਨਾ ਬਾਰੇ ਕੁਝ ਲਿਖਣ ਲਈ ਮੈਂ ਹੀ ਅਵਤਾਰ ਸਿੰਘ ਨੂੰ ਕਿਹਾ ਸੀ। ਲਿਖ ਕੇ ਗੱਲ ਕਹਿਣ ਦਾ ਸੰਕੋਚੀ ਹੋਣ ਕਰਕੇ ਮੇਰੇ ਤੋਂ ਅਜਿਹਾ ਨਹੀਂ ਸੀ ਹੋ ਸਕਣਾ। ਪਰ ਮੁਕੰਮਲ ਬਹਿਸ ਨੂੰ ਪੜ੍ਹਨਾ ਮੇਰਾ ਇਖਲਾਕੀ ਫਰਜ਼ ਬਣ ਗਿਆ।
ਸੰਨੀ ਮਲਹਾਂਸ ਦੇ ਬਹਿਸ ਵਿਚ ਉਤਰਨ ਬਾਅਦ ਮੈਂ ਵੀ ਲਿਖਣ ਲਈ ਉਤੇਜਿਤ ਹੋ ਗਿਆ। ਮੇਰੇ ਤੇ ਸੰਨੀ ਦੀ ਉਤੇਜਨਾ ਵਿਚ ਫਰਕ ਹੋ ਸਕਦਾ ਹੈ, ਕਿਉਂਕਿ ਉਸ ਵਾਂਗ ਮੈਂ ਕਿਸੇ ਇੱਕ ਦੀ ਹਮਾਇਤ ਵਿਚ ਨਹੀਂ ਲਿਖ ਰਿਹਾ। ਇਸ ਨੂੰ ਉਸ ਦੀ ਲਿਖਤ ਦੀ ਖੂਬੀ ਕਹਿ ਲਓ ਜਾਂ ਸਿਤਮ ਕਿ ਸਾਧਾਰਣ ਪੜ੍ਹਤ ਵਿਚ ਉਨ੍ਹਾਂ ਉਤੇ ਇਹ ਇਲਜ਼ਾਮ ਨਹੀਂ ਲੱਗ ਸਕਦਾ। ਜ਼ਰਾ ਕੁ ਘੋਖਵੀਂ ਨਜ਼ਰ ਉਪਰੰਤ ਜੋ ਮੈਨੂੰ ਸਮਝ ਪਿਆ ਹੈ, ਉਹ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ।
ਸੰਨੀ ਮਲਹਾਂਸ ਮੁਤਾਬਕ ਪ੍ਰਭਸ਼ਰਨਬੀਰ ਦੇ ਲੇਖ ਵਿਚ ਕੁਝ ਵੀ ਅਸਪਸ਼ਟ ਨਹੀਂ। ਪਰ ਉਸ ਨੇ ਪਾਠਕ ਨੂੰ ਇਹ ਵੀ ਨਹੀਂ ਕਿਹਾ ਕਿ ਅਵਤਾਰ ਸਿੰਘ ਦਾ ਲੇਖ ਅਜਿਹੀ ਸਿਫਤ ਦਾ ਹੱਕਦਾਰ ਨਹੀਂ। ਉਸ ਦੀ ਲਿਖਤ ਤੋਂ ਇਹ ਇਸ਼ਾਰਾ ਸਹਿਜੇ ਹੀ ਮਿਲ ਜਾਂਦਾ ਹੈ ਕਿ ਉਹ ਦੋਵੇਂ ਐਡੋਰਨੋ ਦੇ ਕਾਇਲ ਹਨ। ਜਦ ਐਡੋਰਨੋ ਨੇ ਪ੍ਰਭਸ਼ਰਨਬੀਰ ਮੁਤਾਬਕ ਕਵਿਤਾ ਬਾਰੇ ਅਖੀਰ ਵਿਚ ਆਪਣੀ ਧਾਰਨਾ ਬਦਲ ਹੀ ਲਈ ਤਾਂ ਉਸ ਦੀ ਕਵਿਤਾ ਲਿਖਣ ਨੂੰ ਬਰਬਰਤਾ ਕਹਿਣ ਵਾਲੀ ਗੱਲ ਨੂੰ ਤੂਲ ਦੇਣਾ ਬਿਲਕੁਲ ਫਜ਼ੂਲ ਗੱਲ ਬਣ ਜਾਂਦੀ ਹੈ।
ਹਰਿੰਦਰ ਸਿੰਘ ਮਹਿਬੂਬ ਦੇ ਸੰਦਰਭ ਵਿਚ ਪ੍ਰਭਸ਼ਰਨਬੀਰ ਦਾ ਇਹ ਕਹਿਣਾ ਜਾਂ ਅਨੁਮਾਨਣਾ ਕਿ ਉਨ੍ਹਾਂ ਦੀ ਸ਼ਾਇਰੀ ਦੇ ਉਚ-ਕੁਲੀ ਹੋਣ ਦਾ ਸਰੀਂਹਦਾ ਕਾਰਣ 1984 ਦਾ ਸਿੱਖ ਦਰਦ ਹੈ, ਉਨ੍ਹਾਂ ਦੀ ਸ਼ਖਸੀਅਤ ਜਾਂ ਕਾਵਿ-ਕਾਬਲੀਅਤ ਲਈ ਹਰਗਿਜ਼ ਪ੍ਰਸ਼ੰਸਾਯੋਗ ਨਹੀਂ। ਮਹਾਨ ਕਵਿਤਾ ਦੀ ਉਚੇ ਨਛੱਤਰੀਂ ਵਸਣ ਵਾਲੀ ਸੁੰਦਰਤਾਈ ਨੂੰ ਉਹ ਧਰਾਤਲ ‘ਤੇ ਖੜ੍ਹਾ ਕਰਕੇ ਜਵਾਬ-ਤਲਬੀ ਕਰਨਾ ਲੋੜਦਾ ਹੈ। ਮਿਰਜ਼ਾ ਗਾਲਿਬ ਨੇ 1857 ਦੀ ਅਫਰਾ-ਤਫਰੀ ਬਾਰੇ ਕੁਝ ਨਹੀਂ ਲਿਖਿਆ। ਇਸ ਕਰਕੇ ਕਿ ਕਵਿਤਾ ਤੁਕਬੰਦੀ-ਵਿਉਂਤਬੰਦੀ ਨਹੀਂ। ਇਸ ਦਾ ਨਿਰਮਾਣ ਨਹੀਂ ਕੀਤਾ ਜਾਂਦਾ। ਗੈਬ ‘ਚੋਂ ਖਿਆਲ ਉਤਰਦੇ ਹਨ ਅਤੇ ਕਾਗਜ਼ ਉਤੇ ਚੱਲਦੀ ਕਲਮ ਦੀ ਸਰਸਰਾਹਟ ਫਰਿਸ਼ਤਿਆਂ ਦੀ ਆਵਾਜ਼ ਤੁੱਲ ਹੁੰਦੀ ਹੈ: “ਆਤੇ ਹੈਂ ਗ਼ੈਬ ਸੇ ਯੇ ਮਜ਼ਾਮੀਂ ਖ਼ਯਾਲ ਮੇਂ, ਗ਼ਾਲਿਬ ਸਰੀਰਿ ਖ਼ਾਮਾ ਨਵਾਏ ਸਰੋਸ਼ ਹੈ।”
ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਨੇ ਗੁਰਬਾਣੀ ਨੂੰ ਸਰਲਤਾ ਨਾਲ ਸਮਝਣ ਲਈ ਆਏ ਸਿੱਖਾਂ ਨੂੰ ਸਪਸ਼ਟ ਕਿਹਾ ਸੀ, Ḕਅਨੁਭਵ ਰੂਪ’ ਦੀ ਵਿਆਖਿਆ ਕਰਨ ਦੀ ਮੇਰੀ ਸਮਰੱਥਾ ਨਹੀਂ। ਮਲਹਾਂਸ ਜੀ ਪ੍ਰਭਸ਼ਰਨਬੀਰ ਦੀਆਂ ਦਲੀਲਾਂ ਵਿਚਲੇ ਅਭਾਵ ਨੂੰ ਸਮਝਦੇ ਹੋਏ ਵੀ (ਉਸ ਦੀ ਦਲੀਲ ਨਾਲ ਕੋਈ ਸਹਿਮਤ ਹੋਵੇ ਜਾਂ ਨਾ) ਸਪਸ਼ਟ ਕਹਿ ਕੇ ਇਸ ਕਮਜ਼ੋਰੀ ਨੂੰ ਢਕ ਛੱਡਦੇ ਹਨ।
ਮਲਹਾਂਸ ਦਾ ਇਹ ਦੋਸ਼ ਵੀ ਨਾਵਾਜਿਬ ਹੈ ਕਿ ਅਵਤਾਰ ਸਿੰਘ ਦੇ ਪ੍ਰਤੀਕਰਮ ਸੰਗਠਤ ਨਹੀਂ ਅਤੇ ਪ੍ਰਸੰਗਿਕ ਨੁਕਤਿਆਂ ਉਤੇ ਕੇਂਦਰਿਤ ਵੀ ਨਹੀਂ। ਜਾਪਦਾ ਹੈ, ਅਵਤਾਰ ਵਲੋਂ ਜੁਟਾਏ ਪ੍ਰਮਾਣ ਉਨ੍ਹਾਂ ਨੂੰ ਲੁਭਾਉਂਦੇ ਨਹੀਂ। ਮੈਂ ਇਹ ਤਾਂ ਨਹੀਂ ਕਹਾਂਗਾ ਕਿ ਗੁਰਬਾਣੀ ਯਾ ਸਿੱਖ ਦਰਸ਼ਨ ਨੂੰ ਦਲੀਲ ਦਾ ਹਿੱਸਾ ਬਣਾਉਣ ਨੂੰ ਉਹ ਹਕਾਰਤ ਦੇ ਨਜ਼ਰੀਏ ਤੋਂ ਵੇਖਦੇ ਹਨ। ਜਦੋਂ ਬਹਿਸ ਅਧੀਨ ਵਿਸ਼ਾ ਪੰਜਾਬ, ਸਿੱਖੀ ਅਤੇ ਸਿੱਖ ਇਤਿਹਾਸ ਹੋਵੇ ਤਾਂ ਸਿੱਖ ਚਿੰਤਨ ਨੂੰ ਕਸਵੱਟੀ ਵਜੋਂ ਵਰਤਣਾ ਕਿਵੇਂ ਅਣਉਚਿਤ ਹੋਇਆ?
ਹਰ ਇਕ ਵਿਦਵਾਨ ਦੀਆਂ ਦਲੀਲਾਂ ਦਾ ਇਕ ਆਪਣਾ ਜੁਦਾਗਾਨਾ ਸੰਗਠਨ ਵੀ ਹੁੰਦਾ ਹੈ। ਵਿਦਵਾਨਾਂ ਦੀ ਆਲੋਚਨਾ ਸ਼ੈਲੀ ਹਮੇਸ਼ਾ ਇਕਸਾਰ ਨਹੀਂ ਹੁੰਦੀ। ਜੇ ਉਹ ਆਪਣੀ ਗੱਲ ਸਥਾਪਤ ਕਰਨ ਅਤੇ ਲੋੜ ਮੁਤਾਬਕ ਦੂਜੇ ਦੀ ਦਲੀਲ ਕਾਟ ਕਰਨ ਵਿਚ ਸਫਲ ਹੋ ਜਾਂਦਾ ਹੈ ਤਾਂ ਉਸ ਦੇ ਵਿਚਾਰ ਸੰਗਠਿਤ ਨਾ ਹੋਣ ਜਾਂ ਪ੍ਰਸੰਗਿਕ ਨੁਕਤਿਆਂ ‘ਤੇ ਕੇਂਦਰਿਤ ਨਾ ਹੋਣ ਦਾ ਦੋਸ਼ ਨਿਆਏ-ਸੰਗਤ ਨਹੀਂ ਕਿਹਾ ਜਾ ਸਕਦਾ।
ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ ਦੀ ਵਿਦਵਤਾ ਅਤੇ ਅਣਥੱਕ ਮਿਹਨਤ ਦਾ ਜਾਗਦਾ ਪ੍ਰਮਾਣ ਹੈ। ਪਰ ਕੀ ਉਸ ਦੇ ਕਿਸੇ ਵੀ ਇੰਦਰਾਜ ਉਤੇ ਉਂਗਲ ਨਹੀਂ ਉਠਾਈ ਜਾ ਸਕਦੀ? ਇਹ ਕਹਿ ਕੇ ਕਿ ਉਸ ਦੇ ਕਈ ਇੰਦਰਾਜ ਅਜਿਹੇ ਹਨ, ਜਿਨ੍ਹਾਂ ਵਿਚ ਉਸ ਨੇ ਨਿਜੀ ਰੰਜਸ਼ੀ ਕਿੜਾਂ ਕੱਢੀਆਂ ਹਨ, ਮੈਂ ਇਸ ਮਹਾਨ ਗ੍ਰੰਥ ਅਤੇ ਉਸ ਦੀ ਦੇਣ ਨੂੰ ਛੁਟਿਆਉਣਾ ਨਹੀਂ ਚਾਹੁੰਦਾ। ਗਿਆਨੀ ਗਿਆਨ ਸਿੰਘ ਦੀ ਸ਼ਖਸੀਅਤ ਅਤੇ ਲਿਖਤ ਬਾਰੇ ਭਾਈ ਨਾਭਾ ਦੀ ਮੰਦ ਬਿਰਤੀ, ਸਬੰਧਤ ਇੰਦਰਾਜ ਤੋਂ ਸਪਸ਼ਟ ਹੋ ਜਾਂਦੀ ਹੈ। ਜੇ ਅਵਤਾਰ ਸਿੰਘ ਨੇ ਭਾਈ ਨਾਭਾ ਵਲੋਂ ਆਪੂੰ ਲਿਖੀ ਗੱਲ ਵਿਚਲੇ ਕੱਚ ਦੇ ਸੱਚ ਨੂੰ ਫੜ੍ਹ ਲਿਆ ਤਾਂ ਇਹ ਅਨਰਥ ਕਿਵੇਂ ਹੋ ਗਿਆ? ਜਾਦੂ ਵਹ ਜੋ ਸਿਰ ਚੜ੍ਹ ਬੋਲੇ। ਜੇ ਇਹ ਅਖਾਣ ਕਿਧਰੇ ਨਾਭਾ ਸਾਹਿਬ ‘ਤੇ ਢੁਕ ਗਿਆ ਤਾਂ ਅਵਤਾਰ ਦਾ ਕੀ ਕਸੂਰ!
ਅਵਤਾਰ ਸਿੰਘ ਉਤੇ ਆਵੇਸ਼ ਵਿਚ ਆ ਕੇ ਔਝੜੇ ਪੈਣ ਦਾ ਇਲਜ਼ਾਮ ਵੀ ਮੜ੍ਹਿਆ ਗਿਆ ਹੈ। ਮੇਰੀ ਜ਼ਾਤੀ ਰਾਇ ਹੈ ਕਿ ਸਿੱਖੀ ਦੇ ਲਿਬਾਸ ਵਿਚ ਜਾਤੀਵਾਦ ਦੀ ਗੱਲ ਕਰਨਾ ਅਯੋਗ ਹੈ ਤੇ ਨਾ ਮੁਆਫ ਕਰਨਯੋਗ ਗੁਨਾਹ ਹੈ। ਇੰਜ ਕਰਨ ਵਾਲੇ ਨੂੰ ਵੰਗਾਰਨਾ ਅਤੇ ਬੇਪਰਦ ਕਰਨਾ ਇਕ ਮੁਕੱਦਸ ਕਰਮ ਹੀ ਕਿਹਾ ਜਾਣਾ ਚਾਹੀਏ। ਪਤਾ ਨਹੀਂ ਕੀ ਸੋਚ ਕੇ ਮਲਹਾਂਸ ਜੀ ਨੇ ਅਵਤਾਰ ਸਿੰਘ ਦੀ ਮਹਿਬੂਬ-ਪਾਤਰ ਕਵਿਤਾ ਦੇ ਵਿਸ਼ਲੇਸ਼ਣ ਨੂੰ Ḕਦਾਰਸ਼ਨਿਕ ਬਿਰਤੀ ਤੋਂ ਕੋਰੀ ਆਲੋਚਨਾ’ ਕਹਿ ਕੇ ਮੂਲੋਂ ਨਕਾਰ ਦਿਤਾ। ਸਗੋਂ ਇਹ ਗੱਲ ਪ੍ਰਭਸ਼ਰਨਬੀਰ ਉਤੇ ਸਹੀ ਢੁਕਦੀ ਹੈ। ਟੈਗੋਰ ਦੇ ਕਹਿਣ ਮੁਤਾਬਕ ਕਵਿਤਾ ਨੂੰ ਪਰਖਣ ਦੀ ਪ੍ਰਭਸ਼ਰਣ-ਵਿਧੀ ਉਸ ਸੁਨਿਆਰੇ ਦੀ ਭਾਂਤੀ ਹੈ ਜੋ ਪੱਥਰ ਦੀ ਕਸਵੱਟੀ ਲੈ ਕੇ ਫੁੱਲਾਂ ਦੀਆਂ ਪੱਤੀਆਂ ਦੀ ਪਰਖ ਕਰਨ ਲਈ ਬਾਗ ਵਿਚ ਜਾ ਵੜਦਾ ਹੈ।
ਪਾਤਰ ਅਤੇ ਅਵਤਾਰ ਦੀ ਸਮਾਜੀ ਜਾਤ ਨੂੰ ਚਿਤਾਰਨਾ ਮਲਹਾਂਸ ਦੀ ਆਲੋਚਨਾਤਮਕ ਪ੍ਰਤਿਭਾ ਨੂੰ ਕੋਈ ਚਾਰ ਚੰਦ ਨਹੀਂ ਲਾਉਂਦਾ। ਇਹ ਨੀਂਵੇਂ ਪੱਧਰ ਦਾ ਹਮਲਾ ਹੈ, ਜਿਸ ਨੂੰ ਅੰਗਰੇਜ਼ੀ ਵਾਲੇ Ḕਟੂ ਹਿੱਟ ਬਿਲੋਅ ਦ ਬੈਲਟḔ ਆਖਦੇ ਹਨ। ਅਜਿਹਾ ਕਰਕੇ ਇੱਕ ਤਰੀਕੇ ਨਾਲ ਉਨ੍ਹਾਂ ਨੇ ਅਵਤਾਰ ਦੀਆਂ ਪੁਖਤਾ ਦਲੀਲਾਂ ਮੋਹਰੇ ਹਾਰ ਮੰਨ ਲਈ ਹੈ। ਗੁਰਬਚਨ ḔਫਿਲਹਾਲḔ ਨੂੰ ਪੰਜਾਬੀ ਲੇਖਕਾਂ ਦੀ ਆਲੋਚਨਾ ਦੇ ਸਬੰਧ ਵਿਚ ਆਖਰੀ ਫਤਵਾ ਸਮਝ ਲੈਣਾ ਵੀ ਸਾਡੀ ਬੌਧਿਕ ਪ੍ਰਬੁੱਧਤਾ ਨੂੰ ਕਲੰਕਿਤ ਕਰਦਾ ਹੈ। ਉਸ ਦੇ ਕਹਿਣ ‘ਤੇ ਪਾਸ਼ ਸਿਰਮੌਰ ਅਤੇ ਪਾਤਰ ਤੁੱਛ ਨਹੀਂ ਬਣ ਜਾਂਦਾ। ਉਹ ਸਿਆਣਾ ਹੈ ਪਰ ਉਹ ਆਪਣੇ ਜ਼ਾਵੀਏ ਦੀ ਕੈਦ ਵੀ ਹੰਢਾ ਰਿਹਾ ਹੈ।
ਮਲਹਾਂਸ ਨੇ ਇਸ ਬਹਿਸ ਉਤੇ ਟਿੱਪਣੀ ਕਰਨ ਲਈ ਮੁਢੋਂ ਗਲਤ ਪੈਂਤੜਾ ਚੁਣਿਆ ਹੈ। ਉਸ ਦੀ ਵੇਦਨਾ ਇਹ ਜਾਪਦੀ ਹੈ ਕਿ ਪ੍ਰਭਸ਼ਰਨਬੀਰ ‘ਕੱਲਾ ਕਾਰਾ ਇਹ ਲੜਾਈ ਲੜ ਰਿਹਾ ਹੈ ਅਤੇ ਉਹ ਆਪ ਭਰਾਤਰੀ ਭਾਵ ਦੇ ਨਾਤੇ ਕਿਉਂ ਨਾ ਇਸ ਜਹਾਦ ਵਿਚ ਸ਼ਾਮਲ ਹੋਵੇ; Ḕਬਾਝ ਭਰਾਵਾਂ ਮਾਰਿਆ, ਅਇ; ਕੋਈ ਨਾ ਮਿਰਜ਼ੇ ਦੇ ਸੰਗ।’ ਸੰਨੀ ਮਲਹਾਂਸ ਨੇ ਸਾਰੀ ਬਹਿਸ ਦਾ ਨਿਚੋੜ ਇਹ ਕੱਢਿਆ ਹੈ, Ḕਜਾਤੀਵਾਦ ਦੀ ਗੱਲ ਕਰਨ ਵਾਲਾ ਅਵਤਾਰ ਕੁਰਾਹੀਆ ਹੈ ਅਤੇ ਪ੍ਰਭਸ਼ਰਨਬੀਰ, ਅਜਿਹੇ ਕਿਸੇ ਵੀ ਇਲਜ਼ਾਮ ਤੋਂ ਅਸਲੋਂ ਮੁਕਤ ਹੈ।’ ਪ੍ਰੰਤੂ ਪਾਠਕਾਂ ਨੂੰ ਆਪਣੀ ਰਾਇ ਬਣਾਉਣ ਤੋਂ ਕੋਈ ਰੋਕ ਸਕਦਾ ਹੈ ਭਲਾ!
ਸਿੱਖੀ ਦਾਅਵਾ ਅਤੇ ਜਾਤੀਵਾਦ ਕਿਸੇ ਇਕ ਮਿਆਨ ਵਿਚ ਨਹੀਂ ਸਿਮਟ ਸਕਦੇ। ਕਿਸੇ ਇਕ ਨੂੰ ਪ੍ਰਣਾਈ ਸੋਚ ਦੂਜਿਆਂ ਨੂੰ ਖੁਦ-ਬ-ਖੁਦ ਨਕਾਰ ਦਿੰਦੀ ਹੈ। ਸਿੱਖ ਇਤਿਹਾਸ ਦੇ ਸੁਨਹਿਰੀ ਯੁੱਗ ਦੀ ਪੰਥ ਪ੍ਰਕਾਸ਼ ਦੇ ਕਰਤਾ ਵਲੋਂ ਬੰਨ੍ਹੀ ਸਿੱਖ ਰਹਿਣੀ-ਬਹਿਣੀ ਦੀ ਤਸਵੀਰ ਸਿੱਖੀ ਦੇ ਸ਼ਾਖਸਾਤ ਸੱਚ ਦਾ ਨਿਖੇੜਾ ਕਰ ਦਿੰਦੀ ਹੈ:
ਖਾਣਾ ਭੀ ਇਕੱਠੇ ਸਭ ਖੈ ਹੈਂ, ਸਕੇ ਬੀਰ ਆਪਸ ਮੇਂ ਥੈ ਹੈਂ।
ਜਾਤ ਗੋਤ ਕੁਲ ਕਿਰਿਆ ਨਾਮ, ਪਿਛਲੇ ਜੋ ਤਜ ਦੇਤ ਤਮਾਮ।
ਘਰ ਮੈਂ ਸਿੱਖ ਸਿੱਖ ਕੇ ਜਾਵੈ, ਮਾਲਕ ਸਮ ਹਉ ਸੋਊ ਕਹਾਵੈ।
ਬਨੇ ਰਹੇ ਸਭ ਸਕੇ ਬਿਰਾਦਰ, ਇਕ ਕੋ ਦੂਸਰ ਦੇਵਤ ਆਦਰ।
ਮਲਹਾਂਸ ਨੇ ਅਜਮੇਰ ਸਿੰਘ ਨੂੰ ਕਿਉਂ ਜਾਤੀਵਾਦ ਨਾਲ ਜੋੜ ਦਿੱਤਾ, ਮੇਰੀ ਸਮਝ ਤੋਂ ਬਾਹਰ ਹੈ। ਅਜੇ ਤੱਕ ਕਿਸੇ ਨੇ, ਸਣੇ ਅਵਤਾਰ ਸਿੰਘ, ਉਸ ਉਤੇ ਅਜਿਹਾ ਇਲਜ਼ਾਮ ਨਹੀਂ ਲਾਇਆ। ਅਜਮੇਰ ਸਿੰਘ ਨੂੰ ਹਊਆ ਬਣਾ ਕੇ ਪੇਸ਼ ਕਰਨਾ ਉਸ ਨਿਮਰ ਭਾਵੀ ਸਿੱਖ ਵਿਦਵਾਨ ਦੀ ਸ਼ਖਸੀਅਤ ਅਤੇ ਲੇਖਣੀ ਨਾਲ ਨਿਆਂ ਨਹੀਂ, ਬਸ਼ਰਤਿ ਸੰਨੀ ਮਲਹਾਂਸ ਉਸ ਨੂੰ ਖਾਹਮਖਾਹ ਆਪਣੀ ਧਿਰ ਬਣਾਉਣ ਦੀ ਅਕਾਂਖਿਆ ਨਾ ਰੱਖਦੇ ਹੋਣ!