ਜਾਤ ਅਤੇ ਜਾਤੀਵਾਦ ਦਾ ਤੱਥ ਸੱਚ

ਅਵਤਾਰ ਸਿੰਘ (ਪ੍ਰੋ)
ਫੋਨ: 91-94175-18384
Ḕਪੰਜਾਬ ਟਾਈਮਜ਼Ḕ ਦੇ 12 ਨਵੰਬਰ ਦੇ ਅੰਕ ਵਿਚ ਸੰਨੀ ਮਲਹਾਂਸ ਦਾ ਚੱਲ ਰਹੀ ਵਿਚਾਰ-ਚਰਚਾ ਵਿਚ ਪ੍ਰਤੀਕਰਮ ਛਪਿਆ। ਧੰਨ ਭਾਗ! ਉਨ੍ਹਾਂ ਇੰਨਾ ਪਾਰਦਰਸ਼ੀ ਅਤੇ ਨਿਰਲੇਪ ਵਿਸ਼ਲੇਸ਼ਣ ਕੀਤਾ, ਜਿਵੇਂ ਉਹ ਕੋਈ ਮਲਹਾਂਸ ਨਹੀਂ, ਸਗੋਂ ਪਰਮ ਹਾਂਸ ਹੋਵੇ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਖੇੜ ਦਿੱਤਾ। ਇੰਨੀ ਪ੍ਰੌਢ ਲਿਖਤ ਵਾਲੇ ਇਨਸਾਨ ਦਾ ਨਾਂ ਸੰਨੀ ਹੋਵੇ, ਯਕੀਨ ਨਹੀਂ ਆਇਆ। ਨਾਂ ਦੀ ਉਮਰ ਸਤਾਰਾਂ ਸਾਲ, ਲਿਖਤ ਦੀ ਪਝੱਤਰ ਸਾਲ!
ਸੰਨੀ ਮਲਹਾਂਸ ਦਾ ਤਾਤਪਰਜ ਹੈ, ਪੰਜਾਬੀ ਸਮਾਜ ਵਿਚ ਜਾਤੀਵਾਦ ਦਾ ਨਾਂ ਨਿਸ਼ਾਨ ਨਹੀਂ। ਸਾਡੇ ਵਿਦਵਾਨਾਂ ਵਿਚ ਨੌ ਸੌ ਨੜ੍ਹਿਨਵੇਂ ਦੋਸ਼ ਹੋਣਗੇ, ਪਰ ਜਾਤੀਵਾਦ ਪੱਖੋਂ ਨਿਰਾ ਗੰਗਾ ਜਲ ਹਨ।

ਮੇਰੇ ਜਿਹਾ ਬੰਦਾ ਜੋ ਜਾਤੀਵਾਦ ਦੀ ਸ਼ਿਕਾਇਤ ਅਤੇ ਇਤਰਾਜ਼ ਕਰੇ, ਦਰਅਸਲ ਉਹੀ ਸੰਕੀਰਣ ਸੋਚ ਅਤੇ ਜਾਤੀਵਾਦ ਦੇ ਕੋਹੜ ਨਾਲ ਗੱ੍ਰਸਿਆ ਹੋਇਆ ਹੋਵੇਗਾ। ਸੰਨੀ ਨੇ ਆਪਣੀ ਖੋਜੀ ਬਿਰਤੀ ਰਾਹੀਂ ਇਹ ਵੀ ਪਤਾ ਲਾ ਲਿਆ ਕਿ ਮੇਰੀ ਜਾਤ ਵੀ ਪਾਤਰ ਵਾਲੀ ਹੈ। ਪਾਤਰ ਦੇ ਪੋਤੜੇ ਉਹ ਪਹਿਲਾਂ ਹੀ ਫੋਲ ਚੁੱਕਾ ਹੋਵੇਗਾ।
ਮੇਰਾ ਪਾਤਰ-ਹੇਜ ਉਸ ਮੁਤਾਬਕ ਨਿਰੋਲ ਜਾਤੀਵਾਦ ਹੈ। ਉਸ ਮੁਤਾਬਕ ਪਾਤਰ ਦੀ ਜਾਤ ਨਾਲ ਸਬੰਧਤ ਕਿਸੇ ਵੀ ਪਾਠਕ ਨੂੰ ਪਾਤਰ ਦੀ ਕਵਿਤਾ ਦੀ ਤਾਰੀਫ ਕਰਨ ਦਾ ਹੱਕ ਨਹੀਂ। ਸੰਨੀ ਦੇ ਕਿਸੇ ਦੋਸਤ ਨੇ ਉਸ ਨੂੰ ਦੱਸ ਦਿੱਤਾ ਕਿ ਰਾਮਗੜ੍ਹੀਆ ਕਾਲਜ ਵਿਚ ਕਿਸੇ ਗੈਰ-ਲੁਹਾਰ/ਤਰਖਾਣ ਨੂੰ ਤਾਂ ਫਟਕਣ ਵੀ ਨਹੀਂ ਦਿੰਦੇ ਹੋਣਗੇ। ਉਸ ਦੇ ਦੋਸਤ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਜਿਸ ਤਰ੍ਹਾਂ ਹੁਣ ਖਾਲਸਾ ਕਾਲਜ ਖਾਲਸਾ ਨਹੀਂ ਰਹੇ, ਰਾਮਗੜ੍ਹੀਆ ਕਾਲਜ ਵੀ ਰਾਮਗੜ੍ਹੀਆ ਨਹੀਂ ਰਹੇ। ਖਾਲਸਾ ਕਾਲਜਾਂ ਵਿਚ ਹੁਣ ਗਾਤਰੇ ਨਹੀਂ, ਗੋਤਰ ਦੇਖੇ ਜਾਂਦੇ ਹਨ। ਰਾਮਗੜ੍ਹੀਆ ਕਾਲਜਾਂ ਵਿਚ ਹੋਰ ਸਭ ਕੁਝ ਦੇਖਿਆ ਜਾਂਦਾ ਹੈ, ਗੋਤਰ ਨਹੀਂ।
ਸੰਨੀ ਦਾ ਅਤਾ-ਪਤਾ ਪੁੱਛਿਆ। ਕੱਖ ਪੱਲੇ ਨਹੀਂ ਪਿਆ। ਸ਼ੈਲੀ ਤੋਂ ਲੱਗਿਆ ਜਿਵੇਂ ਇਹ ਲਿਖਤ ਕਿਸੇ ਦਰਵੇਸ਼ ਆਤਮਾ ਦੀ ਹੋਵੇ। ਅੰਦਰੋਂ ਆਵਾਜ਼ ਆਈ, ਨਹੀਂ, ਦਰਵੇਸ਼ ਅਜਿਹਾ ਨਹੀਂ ਕਰਦੇ। ਗੂਗਲ Ḕਤੇ ਸਰਚ ਮਾਰੀ। ਮਲਹਾਂਸ ਨਾਂ ਦਾ ਕੋਈ ਲੇਖਕ ਨਾ ਮਿਲਿਆ, ਮਲਹਾਂਸ ਗੋਤਰ ਮਿਲ ਗਿਆ। ਜਾਤਾਂ-ਗੋਤਾਂ ਦਾ ਹਾਲ ਇਹ ਹੈ ਕਿ ਜਿਹੜਾ ਦੇਖੋ, ਰਾਜਪੂਤਾਂ Ḕਚੋਂ ਘੁੰਮ ਘੁਮਾ ਕੇ ਅਖੀਰ ਖੱਤਰੀਆਂ Ḕਚ ਵੜ ਜਾਂਦਾ ਹੈ। ਉਹੀ ਨਾਭੇ ਵਾਲੀ ਗੱਲ।
ਹਿੰਦੂ ਮਿਥਿਹਾਸ ਵਿਚ ਇੱਕ ਦਿਲਚਸਪ ਕਥਾ ਹੈ ਕਿ ਪਰਜਾ ਨੇ ਬ੍ਰਹਮਾ ਕੋਲ ਫਰਿਆਦ ਕੀਤੀ ਕਿ ਸਾਡੀਆਂ ਸਮੱਸਿਆਵਾਂ ਦੇ ਸਦੀਵੀ ਹੱਲ ਲਈ ਇਕ ਰਾਜਾ ਥਾਪ ਦਿੱਤਾ ਜਾਵੇ, ਜੋ ਸਾਡੀ ਪ੍ਰਤਿਨਿਧਤਾ ਕਰੇ, ਜਿਸ ਵਿਚੋਂ ਅਸੀਂ ਖੁਦ ਨੂੰ ਦੇਖ ਸਕੀਏ। ਬ੍ਰਹਮਾ ਨੇ ਖੁਸ਼ ਹੋ ਕੇ ਅੱਠ ਦਿਸ਼ਾਵਾਂ ਦੇ ਲੋਕ ਪਾਲਾਂ ਦਾ ਇੱਕ ਇੱਕ ਗੁਣ ਲੈ ਕੇ ਛੁੱਪ ਨਾਂ ਦਾ ਰਾਜਾ ਥਾਪ ਦਿੱਤਾ, ਜਿਸ ਦਾ ਵੰਸ ਪਾਟ ਕੇ ਦੋ ਰਾਜ ਕੁਲਾਂ ਵਿਚ ਵੰਡਿਆ ਗਿਆ। ਦੱਖਣੀ ਭਾਰਤ ਵਿਚ ਅਰਬ ਸਾਗਰ ਦੇ ਕੰਢਿਆਂ Ḕਤੇ ਯਦੂ ਵੰਸ ਨੇ ਤੇ ਉਤਰੀ ਭਾਰਤ ਵਿਚ ਸਰਸਵਤੀ ਦੇ ਕਿਨਾਰਿਆਂ Ḕਤੇ ਪੁਰੂ ਵੰਸ ਨੇ ਰਾਜ ਚਲਾਇਆ। ਪੁਰੂ ਵੰਸ ਵਿਚੋਂ ਕੁਰੂ ਅਰਥਾਤ ਕੌਰਵ ਹੋਏ ਤੇ ਕੌਰਵਾਂ ਵਿਚੋਂ ਹੀ ਪਾਂਡਵ ਉਪਜੇ। ਉਤਰੀ ਵੰਸ ਕੌਰਵਾਂ ਤੇ ਪਾਂਡਵਾਂ ਦੇ ਮਹਾਂਯੁੱਧ ਵਿਚ ਦੱਖਣੀ ਯਦੂ ਵੰਸੀ ਸ੍ਰੀ ਕ੍ਰਿਸ਼ਨ ਨੇ ਪਾਂਡਵਾਂ ਦਾ ਸਾਥ ਦਿਤਾ।
ਸਿਕੰਦਰ ਤੋਂ ਹਾਰਨ ਵਾਲਾ ਰਾਜਾ ਪੋਰਸ ਪੁਰੂ ਵੰਸ ਨਾਲ ਸਬੰਧਤ ਸੀ। ਇੱਕ ਜਾਤੀ ਮਾਹਿਰ ਦੋਸਤ ਨੇ ਬੜੇ ਮਾਣ ਨਾਲ ਦੱਸਿਆ ਕਿ ਉਨ੍ਹਾਂ ਦੇ ਵਡਾਰੂਆਂ ਨੇ ਪੋਰਸ ਦੀ ਸੈਨਾ ਵਿਚ ਸਿਕੰਦਰ ਨਾਲ ਯੁੱਧ ਲੜਿਆ ਸੀ। ਉਸ ਨੇ ਇਹ ਵੀ ਫਖਰ ਮਹਿਸੂਸ ਕੀਤਾ ਕਿ ਪੋਰਸ ਦੇ ਹਾਰੇ ਜਾਂ ਮਾਰੇ ਗਏ ਸੈਨਕਾਂ ਦੀਆਂ ਔਰਤਾਂ ਸਿਕੰਦਰ ਦੇ ਜੇਤੂ ਜਰਨੈਲਾਂ ਨਾਲ ਉਲਝ ਕੇ ਸੁਲਝ ਗਈਆਂ ਸਨ, ਜਿਸ ਕਰਕੇ ਉਨ੍ਹਾਂ ਦੇ ਵੰਸ ਦੇ ਨੈਣ ਨਕਸ਼ ਯੂਨਾਨੀ ਹੋ ਗਏ। ਬੀਰਤਾ ਪੋਰਸੀ, ਨੈਣ ਨਕਸ਼ ਸਿਕੰਦਰੀ। ਲੱਜਾ?
ਸ਼ਾਸਨ ਅਤੇ ਪ੍ਰਸ਼ਾਸਨ ਖੱਤਰੀ ਵਰਣ ਦਾ ਕਾਰਜ ਸੀ। ਵੱਡੇ ਵੱਡੇ ਲੋਕ ਆਪਣੇ ਖਾਨਦਾਨ ਨੂੰ ਰਾਜਿਆਂ ਨਾਲ ਜੋੜ ਲੈਂਦੇ ਹਨ। ਸੰਤ ਸਿੰਘ ਸੇਖੋਂ ਵੀ ਆਪਣੇ ਗੋਤਰ ਨੂੰ ਰਾਜਸਥਾਨ ਵੱਲ੍ਹ ਨੂੰ ਖਿੱਚ ਕੇ ਲੈ ਜਾਂਦੇ ਸਨ। ਪਟਿਆਲੇ ਦੇ ਰਾਜ ਘਰਾਣੇ ਦੇ ਇਤਿਹਾਸ ਵਿਚ ਅਸੀਂ ਪੜ੍ਹਦੇ ਹਾਂ ਕਿ ਗੁਰੂਸਰ ਦੇ ਜੰਗ ਪਿਛੋਂ ਜਦ ਗੁਰੂ ਸਾਹਿਬ ਦੇ ਦੀਵਾਨ ਵਿਚ ਬਾਲਕ ਫੂਲ ਆਪਣੇ ਚਾਚੇ ਕਾਲੇ ਨਾਲ ਹਾਜ਼ਰ ਹੋਇਆ, ਤਾਂ ਸੁਭਾਵਕ ਹੀ ਪੇਟ ਵਜਾਉਣ ਲੱਗ ਪਿਆ। ਪੁੱਛਣ Ḕਤੇ ਪਤਾ ਲੱਗਾ ਕਿ ਭੁੱਖ ਦਾ ਇਸ਼ਾਰਾ ਕਰ ਰਿਹਾ ਹੈ। ਗੁਰੂ ਸਾਹਿਬ ਨੇ ਫੁਰਮਾਇਆ ਕਿ ਇਸ ਬਾਲਕ ਦੀ ਸੰਤਾਨ ਗੁਰੂ ਨਾਨਕ ਦੇਵ ਦੀ ਕ੍ਰਿਪਾ ਨਾਲ ਰਾਜ ਭਾਗ ਭੋਗੇਗੀ। ਜ਼ਾਹਰ ਹੈ, 1631 ਈਸਵੀ ਵਿਚ ਫੂਲਕਿਆਂ ਦੇ ਬਾਬੇ ਢਿੱਡ ਵਜਾਉਂਦੇ ਸਨ। ਹੁਣ ਭਾਈ ਕਾਹਨ ਸਿੰਘ ਫੂਲਵੰਸੀਆਂ ਨੂੰ ਪਟਿਆਲੇ, ਜੀਂਦ ਅਤੇ ਨਾਭੇ ਤੋਂ ਖਿੱਚ ਕੇ ਯਦੂਵੰਸ਼ੀ ਭੱਟੀ ਰਾਜਪੂਤ ਜੈਸਲ ਤੱਕ ਲੈ ਗਏ ਹਨ।
ਕਿਸੇ ਬੰਦੇ ਨੇ ਦੁਸਾਂਝ ਕਲਾਂ ਦਾ ਸਮਾਜੀ ਇਤਿਹਾਸ ਲਿਖਿਆ ਤੇ ਖਟਕੜ ਕਲਾਂ ਦੇ ਵਿਦਵਾਨ ਚੌਧਰੀ ਕਿਸ਼ਨ ਸਿੰਘ ਨੂੰ ਦਿਖਾਉਣ ਗਿਆ। ਉਨ੍ਹਾਂ ਨੇ ਖਰੜਾ ਲਿਆ ਤੇ ਕਹਿਣ ਲੱਗੇ, “ਰੋਟੀ ਜੁੜ ਜਾਂਦੀ ਹੈ ਤਾਂ ਬੰਦਾ ਸਮਾਜੀ ਇਤਿਹਾਸ ਲੱਭਣ ਤੁਰ ਪੈਂਦਾ।” ਬੰਦਾ ਹਮੇਸ਼ਾ ਚੰਗੀ ਚੀਜ਼ Ḕਚੋਂ ਹੀ ਗੌਰਵ ਹਾਸਲ ਕਰਦਾ ਹੈ। ਚੁਰਾਸੀ ਵਿਚ ਸ੍ਰੀ ਦਰਬਾਰ ਸਾਹਿਬ Ḕਤੇ ਹੋਏ ਹਮਲੇ ਸਮੇਂ ਡਰਨ ਵਾਲਾ, ਮਰਨ ਵਾਲਾ ਤੇ ਮਾਰਨ ਵਾਲਾ ਤਿੰਨੋਂ ਬਰਾੜ ਸਨ। ਕੋਈ ਕਿਸ Ḕਤੇ ਗੌਰਵ ਕਰੇ!
ਜਾਤ ਇੱਕ ਪਰੰਪਰਕ ਪਹਿਚਾਣ ਹੈ। ਕੋਈ ਰੱਖੇ, ਨਾ ਰੱਖੇ, ਕਿਸੇ ਨੂੰ ਕੀ ਇਤਰਾਜ਼! ਪਰ, ਜਾਤੀਵਾਦ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਕੋਈ ਫਖ਼ਰ ਵਿਚ ਗ੍ਰੱਸਿਆ ਪਿਆ ਹੈ, ਕੋਈ ਹੀਣ ਭਾਵ ਵਿਚ। ਹੀਣ ਭਾਵ Ḕਚ ਬੰਦਾ ਟੁੱਟ ਜਾਂਦਾ ਤੇ ਫਖ਼ਰ ਵਿਚ ਬਿਖਰ ਜਾਂਦਾ ਹੈ। “ਦੁਹਾ ਸਿਰਿਆ ਕਾ ਆਪਿ ਸੁਆਮੀ॥”
ਪਿੱਛੇ ਚੱਲੀ ਵਿਚਾਰ ਵਿਚ ਮੈਂ ਵਿਦਵਾਨਾਂ ਦੀਆਂ ਲਿਖਤਾਂ ਵਿਚ ਜਾਤੀਵਾਦ ਦੀਆਂ ਕੁਝ ਝਲਕਾਂ ਪੇਸ਼ ਕੀਤੀਆਂ। ਇਸ ਗੱਲ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਕਿ ਉਨ੍ਹਾਂ ਹਸਤੀਆਂ ਦੀ ਆਪਣੀ ਜਾਤ ਕਿਹੜੀ ਹੈ। ਅਜੋਕੇ ਪੰਜਾਬੀ ਆਚਾਰ ਵਿਹਾਰ ਅਤੇ ਗੀਤਾਂ ਵਿਚ ਇਕ ਜਾਤੀ ਵਿਸ਼ੇਸ਼ ਦਾ ਉਭਾਰ ਇਸ ਕਦਰ ਹੋ ਰਿਹਾ ਹੈ ਕਿ ਸੰਵੇਦਨਸ਼ੀਲ ਮਨਾਂ ਨੂੰ ਕੋਫਤ ਆਉਂਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਗੀਤ ਲਿਖਣ/ਗਾਉਣ ਵਾਲੇ ਉਸੇ ਜਾਤੀ ਨਾਲ ਸਬੰਧਤ ਹਨ। ਕਿਸੇ ਦਾ ਜਨਮ ਕਿਸ ਜਾਤ ਵਿਚ ਹੋਇਆ, ਕਿਸੇ ਦੇ ਵੱਸ ਦੀ ਗੱਲ ਨਹੀਂ। ਕਿਸੇ ਨੂੰ ਕਿਸੇ ਜਾਤ ਨਾਲ ਸਬੰਧਤ ਹੋਣ ਦਾ, ਮਲਹਾਂਸ ਦੀ ਤਰ੍ਹਾਂ, ਨਾ ਮਿਹਣਾ ਮਾਰਿਆ ਜਾ ਸਕਦਾ ਹੈ, ਨਾ ਇਨਾਮ ਦਿੱਤਾ ਜਾ ਸਕਦਾ ਹੈ।
ਜਾਤ ਅਤੇ ਜਾਤੀਵਾਦ ਦੋ ਗੱਲਾਂ ਹਨ। ਜਾਤ ਨੂੰ ਚਰਚਾ ਵਿਚ ਨਹੀਂ ਲਿਆਂਦਾ ਜਾ ਸਕਦਾ, ਜਾਤੀਵਾਦ ਦੀ ਚਰਚਾ ਹੋ ਸਕਦੀ ਹੈ। ਜਾਤ ਇੱਕ ਤੱਥ ਹੈ, ਜੋ ਸਾਡੀ ਮਾਨਸਿਕਤਾ ਵਿਚ ਦਾਖਲ ਹੋ ਕੇ ਸਾਡੇ ਵਿਹਾਰ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਇਹ ਵਿਹਾਰ ਜਦੋਂ ਵਿਚਾਰ ਦਾ ਰੂਪ ਅਖਤਿਆਰ ਕਰ ਕੇ ਦਿਮਾਗ ਨੂੰ ਚੜ੍ਹ ਜਾਂਦਾ ਹੈ ਤਾਂ ਇਸ ਨੂੰ ਜਾਤੀਵਾਦ ਕਿਹਾ ਜਾਂਦਾ ਹੈ। ਮਸਤਕ ਨੂੰ ਚੜ੍ਹਿਆ ਹੋਇਆ ਜਾਤੀ ਖੁਮਾਰ ਸਾਡੇ ਵਿਸ਼ਲੇਸ਼ਣ ਨੂੰ ਬੁਖਾਰ ਵਾਂਗ ਚੰਬੜ ਜਾਂਦਾ ਹੈ, ਜਿਸ ਕਰਕੇ ਕਿਸੇ ਨੂੰ ਪਾਤਰ ਪਸੰਦ ਨਹੀਂ, ਕਿਸੇ ਨੂੰ ਗੁਰਦਿਆਲ ਸਿੰਘ।
ਕੀ ਕਾਮਰੇਡ ਤੇ ਕੀ ਸਿੱਖ, ਸਾਰੇ ਹੀ ਜਾਤੀਵਾਦ ਕੁੱਛੜ ਚੁੱਕੀ ਫਿਰਦੇ ਹਨ। ਸਿੱਖ ਚਿੰਤਨ ਅਤੇ ਮਾਰਕਸੀ ਖਿਆਲਾਂ ਦੇ ਮਰਮੱਗ, ਸੰਘਣੀ ਵਿਸ਼ਾਲ ਛਾਂ ਅਤੇ ਧਰਮ ਦੇ ਪ੍ਰਤੀਕ, Ḕਬਾਬਾ ਬੋਹੜḔ ਸੰਤ ਸਿੰਘ ਸੇਖੋਂ ਨੇ ਆਪਣੀ ਪੁਸਤਕ Ḕਰੀਝਾਂ ਤੇ ਰਮਜ਼ਾਂḔ ਵਿਚ ਲਿਖਿਆ ਹੈ, “ਪੰਜਾਬੀ ਲੋਕਾਂ ਦੇ ਸੁਭਾਵ ਨੂੰ ਬਾਕੀ ਭਾਰਤੀਆਂ ਨਾਲੋਂ ਨਿਖੇੜਨ ਵਾਲੇ ਪਠਾਣ, ਤੁਰਕ, ਮੁਗਲ, ਈਰਾਨੀ ਜਾਂ ਅਰਬ ਲੋਕ ਨਹੀਂ। ਨਾ ਹੀ ਇਸ ਦੇਸ਼ ਦਾ ਵਿਸ਼ੇਸ਼ ਸੁਭਾਵ ਇਸ ਦੇਸ਼ ਦੇ ਆਦਿਵਾਸੀਆਂ ਨੇ, ਜਿਨ੍ਹਾਂ ਵਿਚ ਅਸੀਂ ਅੱਜ ਕਲ ਦੀਆਂ ਦਲਿਤ ਜਾਤੀਆਂ ਦੇ ਵਰਗਾਂ ਨੂੰ ਗਿਣ ਸਕਦੇ ਹਾਂ, ਨਿਰਣੇ ਕੀਤਾ ਹੈ ਤੇ ਨਾ ਹੀ ਪੁਰਾਣੇ ਬ੍ਰਾਹਮਣਾਂ ਕਸ਼ਤਰੀਆਂ ਨੇ। ਮੰਨਣ ਯੋਗ ਹੈ ਕਿ ਇਸ ਦੇਸ਼ ਦਾ ਸੁਭਾਵ ਨਿਰਮਾਣ ਕਰਨ ਵਾਲੀ ਜਾਤੀ, ਇਸ ਦੇ ਕਿਰਸਾਣ ਜੱਟਾਂ ਆਦਿ ਦੀ ਹੈ ਕਿਉਂਕਿ ਉਹ ਹੀ ਇਸ ਦੇ ਬਹੁ ਗਿਣਤੀ ਵਾਲੇ, ਸਮਾਜਕ ਤੇ ਰਾਜਸੀ ਬਲ, ਅਭਿਮਾਨ ਤੇ ਚਲੰਤ (ਡਾਇਨਾਮਿਕ) ਵਾਲੇ ਲੋਕ ਹਨ।”
ਪ੍ਰੋæ ਪੂਰਨ ਸਿੰਘ ਨੇ ਲਿਖਿਆ, Ḕਪੰਜਾਬ ਜੀਉਂਦਾ ਗੁਰਾਂ ਦੇ ਨਾਂ ‘ਤੇ।Ḕ ਪੰਜਾਬ ਨੂੰ ਸਿੱਖੀ ਦਾ ਪੰਘੂੜਾ ਅਨੁਮਾਨਿਆਂ ਜਾਂਦਾ ਹੈ। ਜੇ ਪੰਜਾਬ ਦੇ ਇਤਿਹਾਸ ਵਿਚੋਂ ਦਸ ਗੁਰੂ ਸਾਹਿਬਾਨ ਨੂੰ ਖਾਰਜ ਕਰ ਦੇਈਏ ਤਾਂ ਕੁਝ ਵੀ ਜ਼ਿਕਰਯੋਗ ਨਹੀਂ ਬਚਦਾ। ਬੇਸ਼ੱਕ ਗੁਰੂ ਸਾਹਿਬਾਨ ਕਿਸੇ ਵਿਸ਼ੇਸ਼ ਜਾਤੀ ਨਾਲ ਸਬੰਧ ਰੱਖਦੇ ਸਨ ਅਤੇ ਉਨ੍ਹਾਂ ਦੇ ਸਿੱਖ ਵੀ ਵਿਵਿਧ ਜਾਤੀਆਂ ਵਿਚੋਂ ਸਨ। ਪਰ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਿੱਖਾਂ ਦੀ ਗੌਰਵ ਕੀਰਤੀ ਦਾ ਸਿਹਰਾ ਉਨ੍ਹਾਂ ਦੀਆਂ ਜਾਤੀਆਂ ਨੂੰ ਨਹੀਂ, ਸਿਰਫ ਸਿਦਕ ਨੂੰ ਜਾਂਦਾ ਹੈ, “ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ।”
ਪ੍ਰਚੰਡ ਚਿੰਤਕ ਸੰਤ ਸਿੰਘ ਸੇਖੋਂ ਮੁਤਾਬਕ ਪੰਜਾਬ ਇਕ ਵਿਸ਼ੇਸ਼ ਜਾਤੀ ਦੇ ਨਾਂ ਜੀਉਂਦਾ ਹੈ, ਅਰਥਾਤ ਇੱਕ ਵਿਸ਼ੇਸ਼ ਜਾਤ ਹੀ ਅਸਲ ਅਰਥਾਂ ਵਿਚ ਪੰਜਾਬੀ ਹੈ। ਮੈਂ ਪਹਿਲੇ ਵਿਦਵਾਨ ਨਾਲ ਵਿਚਾਰ-ਚਰਚਾ ਸਮਾਪਤ ਕਰ ਦਿੱਤੀ ਹੈ। ਸੰਨੀ ਮਲਹਾਂਸ ਦੇ ਮੁਤਾਬਕ ਮੈਨੂੰ ਪਾਤਰ ਦੀ ਸ਼ਾਇਰੀ ਦੀ ਸਰਾਹਨਾ ਕਰਨ ਦਾ ਕੋਈ ਹੱਕ ਨਹੀਂ, ਕਿਉਂਕਿ ਉਸ ਮੁਤਾਬਕ ਮੇਰੀ ਜਾਤ ਵੀ ਪਾਤਰ ਵਾਲੀ ਹੈ। ਇਹ ਗੱਲ ਵੱਖਰੀ ਹੈ ਕਿ ਮੈਨੂੰ ਪਾਤਰ ਦੀ ਜਾਤ ਦਾ ਕੋਈ ਇਲਮ ਨਹੀਂ। ਸੰਨੀ ਮਲਹਾਂਸ ਨਾਲ ਚਰਚਾ ਛੇੜਨ ਦਾ ਮੇਰਾ ਕੋਈ ਇਰਾਦਾ ਨਹੀਂ।
ਕੋਈ ਜ਼ਿੱਦ ਵੀ ਨਹੀਂ ਕਿ ਮੈਂ ਸਿੱਖ ਸਮਾਜ ਵਿਚ ਜਾਤੀਵਾਦ ਸਾਬਤ ਕਰਕੇ ਹੀ ਰਹਿਣਾ। ਨਾ ਮੈਂ ਚਾਹੁੰਦਾ ਹਾਂ ਕਿ ਜਾਤੀਵਾਦ ਜ਼ਰੂਰ ਹੋਵੇ। ਜੇ ਇਹ ਨਹੀਂ ਹੈ ਤਾਂ ਇਸ ਤੋਂ ਵਧੇਰੇ ਖੁਸ਼ੀ ਦੀ ਗੱਲ ਕਿਹੜੀ ਹੋ ਸਕਦੀ ਹੈ! ਮੈਂ ਸਮਝਾਂਗਾ ਕਿ ਗੁਰੂ ਸਾਹਿਬਾਨ ਅਤੇ ਸਮੂਹ ਭਗਤਾਂ ਨੂੰ ਜਾਤੀਵਾਦ ਦਾ ਐਵੇਂ ਕੋਈ ਟਪਲਾ ਲੱਗਾ ਸੀ। ਸਿਰਦਾਰ ਕਪੂਰ ਸਿੰਘ ਸਮੇਤ ਜਾਤੀਵਾਦ ਦੇ ਰੋਣੇ ਰੋਣ ਵਾਲੇ ਤਮਾਮ ਵਿਦਵਾਨ ਲੇਖਕਾਂ ਨੇ ਝੱਖ ਮਾਰਿਆ ਹੈ। ਪਰ ਮੈਂ ਪੰਜਾਬੀ ਲੇਖਕਾਂ ਤੋਂ ਇਹ ਜਾਣਨ ਦਾ ਇੱਛਕ ਜ਼ਰੂਰ ਹਾਂ ਕਿ ਸੰਤ ਸਿੰਘ ਸੇਖੋਂ ਦਾ ਉਪਰੋਕਤ ਵਿਚਾਰ ਜਾਤੀਵਾਦੀ ਹੈ ਕਿ ਨਹੀਂ?