ਆਖਰਕਾਰ ਪ੍ਰਸਿੱਧ ਕਾਰੋਬਾਰੀ ਡੋਨਲਡ ਟਰੰਪ ਲਈ ਵ੍ਹਾਈਟ ਹਾਊਸ ਦੇ ਦਰਵਾਜ਼ੇ ਖੁੱਲ੍ਹ ਗਏ। ਜਦੋਂ ਚੋਣ ਮੁਹਿੰਮ ਛਿੜੀ ਸੀ ਤਾਂ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਹਾਸਲ ਕਰਨ ਵਾਲਿਆਂ ਵਿਚੋਂ ਉਸ ਨੂੰ ਸਭ ਤੋਂ ਗੈਰ-ਸੰਜੀਦਾ ਦਾਅਵੇਦਾਰ ਮੰਨਿਆ ਗਿਆ ਸੀ। ਬਹੁਤੀ ਵਾਰ ਤਾਂ ਉਸ ਦੀ ਚਰਚਾ ਕਿਸੇ ਫਿਲਮ ਵਿਚ ਕੁਝ ਸਮੇਂ ਲਈ ਨਮੂਦਾਰ ਹੁੰਦੇ ਕਿਸੇ ਕਮੇਡੀ ਕਲਾਕਾਰ ਵਜੋਂ ਵੀ ਹੋਈ, ਪਰ ਜਿਉਂ-ਜਿਉਂ ਚੋਣ ਮੁਹਿੰਮ ਨੇ ਗਤੀ ਫੜੀ, ਡੋਨਲਡ ਟਰੰਪ ਧੁਸ ਦੇ ਕੇ ਸਭ ਤੋਂ ਅੱਗੇ ਆਣ ਖਲੋਂਦਾ ਗਿਆ
ਅਤੇ ਅੱਜ ਉਹ ਹਰ ਊਜ, ਦੋਸ਼ ਅਤੇ ਨੁਕਤਾਚੀਨੀ ਨੂੰ ਪਛਾੜਦਾ ਅਮਰੀਕਾ ਦਾ ਰਾਸ਼ਟਰਪਤੀ ਹੈ। ਉਸ ਦੀ ਸ਼ਖਸੀਅਤ, ਕਾਰੋਬਾਰ ਅਤੇ ਵਿਹਾਰ ਉਤੇ ਬੜੇ ਤਿੱਖੇ ਹਮਲੇ ਹੋਏ, ਪਰ ਅੱਜ ਦੇ ਸੰਸਾਰ ਦੇ ਅਮਰੀਕੀ ਬੰਦੇ ਨੇ ਉਸ ਨੂੰ ਆਪਣਾ ਅਗਲਾ ਲੀਡਰ ਚੁਣ ਲਿਆ। ਇਹ ਅੱਜ ਦੇ ਸਮੇਂ ਦਾ ਸੱਚ ਹੈ ਜਿਸ ਉਤੇ ਬਹੁਤਿਆਂ ਨੂੰ ਯਕੀਨ ਹੀ ਨਹੀਂ ਸੀ। ਇਸੇ ਕਰ ਕੇ ਕਿੰਨੇ ਸਾਰੇ ਸਿਆਸੀ ਮਾਹਿਰ ਇਸ ਸੱਚ ਦੀਆਂ ਵੱਖ-ਵੱਖ ਪਰਤਾਂ ਫਰੋਲਣ ਲੱਗੇ ਹੋਏ ਹਨ। ਉਂਜ, ਇਸ ਸੱਚ ਦੀਆਂ ਪਰਤਾਂ ਕੁਝ-ਕੁਝ ਪਹਿਲਾਂ ਵੀ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਸਨ। ਅਸਲ ਵਿਚ ਉਸ ਨੇ ਸਥਾਪਤੀ-ਵਿਰੋਧੀ ਨਾਰਾਜ਼ਗੀ ਦੀ ਨਬਜ਼ ਫੜ ਲਈ ਸੀ ਅਤੇ ਫਿਰ ਅਤਿਵਾਦ, ਗੈਰਕਾਨੂੰਨੀ ਪਰਵਾਸ ਵਰਗੇ ਹੋਰ ਮੁੱਦੇ ਉਸ ਦੀ ਚੋਣ ਮੁਹਿੰਮ ਵਿਚ ਨਾਲੋ-ਨਾਲ ਜੁੜਦੇ ਗਏ। ਇਸ ਤੋਂ ਵੀ ਵੱਡੀ ਗੱਲ, ਹਰ ਪਛਾੜ ਦੇ ਬਾਵਜੂਦ ਉਸ ਨੇ ਆਪਣੀ ‘ਵਿਲੱਖਣ’ ਮੁਹਿੰਮ ਮੱਠੀ ਨਹੀਂ ਪੈਣ ਦਿੱਤੀ। ਇਸੇ ਕਰ ਕੇ ਹੁਣ ਜਿਹੜੇ ਇਹ ਤਵੱਕੋ ਕਰ ਰਹੇ ਹਨ ਕਿ ਡੋਨਲਡ ਟਰੰਪ ਇਕ ਖਾਸ ਤਬਦੀਲੀ ਤੋਂ ਬਾਅਦ, ਵੱਖਰਾ ਰਾਸ਼ਟਰਪਤੀ ਸਾਬਤ ਹੋ ਸਕਦਾ ਹੈ, ਉਨ੍ਹਾਂ ਨੂੰ ਵੀ ਹੁਣ ਤੱਕ ਇਹ ਖਬਰ ਹੋ ਗਈ ਹੋਵੇਗੀ ਕਿ ਡੋਨਲਡ ਟਰੰਪ ਦਾ ਕਾਰਜਕਾਲ ਉਸ ਦੀ ਚੋਣ ਮੁਹਿੰਮ ਨਾਲੋਂ ਕੋਈ ਬਹੁਤਾ ਵੱਖਰਾ ਨਹੀਂ ਹੋਣ ਲੱਗਾ।
ਖਬਰਾਂ ਸਨ ਕਿ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਉਸ ਦਾ ਕਾਰੋਬਾਰ ਉਸ ਦੇ ਬੱਚੇ ਸੰਭਾਲਣਗੇ, ਪਰ ਇਹ ਬੱਚੇ ਹੁਣ ਉਸ ਦੀ ਖਾਸ ਟੀਮ ਵਿਚ ਵੀ ਸ਼ਾਮਲ ਕਰ ਲਏ ਗਏ ਹਨ। ਉਂਜ ਤਾਂ ਡੋਨਲਡ ਟਰੰਪ ਰਾਸ਼ਟਰਪਤੀ ਹੁੰਦਿਆਂ ਆਪਣਾ ਕਾਰੋਬਾਰ ਵੀ ਆਪ ਚਲਾ ਸਕਦਾ ਹੈ, ਕਿਉਂਕਿ ਫੈਡਰਲ ਕਾਨੂੰਨਾਂ ਵਿਚ ਕਿਤੇ ਨਹੀਂ ਲਿਖਿਆ ਕਿ ਕੋਈ ਰਾਸ਼ਟਰਪਤੀ ਆਪਣਾ ਕਾਰੋਬਾਰ ਨਹੀਂ ਚਲਾ ਸਕਦਾ, ਪਰ ਹਿਤਾਂ ਦੇ ਟਕਰਾਅ ਦੇ ਮਾਮਲਿਆਂ ਕਾਰਨ ਟਰੰਪ ਲਈ ਅਜਿਹਾ ਕਰਨਾ ਮੁਸ਼ਕਿਲ ਹੀ ਹੋਣਾ ਹੈ। ਹੁਣ ਸਵਾਲਾਂ ਦਾ ਸਵਾਲ ਇਹ ਵੀ ਬਣ ਰਿਹਾ ਹੈ ਕਿ ਜੇ ਉਸ ਦੇ ਬੱਚਿਆਂ ਨੇ ਸਾਰਾ ਕਾਰੋਬਾਰ ਸੰਭਾਲਣਾ ਹੈ, ਤਾਂ ਉਹ ਟਰੰਪ ਦੀ ਫੈਸਲੇ ਕਰਨ ਵਾਲੀ ਖਾਸ ਟੀਮ ਵਿਚ ਕੀ ਕਰਨਗੇ? ਅਜੇ ਤਾਂ ਉਸ ਟੀਮ ਬਾਰੇ ਵੀ ਰੌਲਾ ਪੈ ਗਿਆ ਹੈ ਜਿਸ ਨੇ ਪਹਿਲੇ ਰਾਸ਼ਟਰਪਤੀ ਤੋਂ ਸਮੁੱਚਾ ਕਾਰਜਭਾਰ ਸੰਭਾਲਣਾ ਹੈ। ਪਹਿਲਾਂ ਇਸ ਟੀਮ ਦੇ ਮੁਖੀ ਦੀ ਛੁੱਟੀ ਕਰ ਕੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੂੰ ਇਹ ਕਮਾਨ ਸੌਂਪਣੀ ਪਈ; ਹੁਣ ਖਬਰਾਂ ਹਨ ਕਿ ਇਸ ਟੀਮ ਵਿਚ ‘ਸਭ ਅੱਛਾ’ ਨਹੀਂ ਚੱਲ ਰਿਹਾ। ਇਸ ਟੀਮ ਦਾ ਇਕ ਹੋਰ ਅਹਿਮ ਮੈਂਬਰ ਮਾਈਕ ਡੀæ ਰੋਜਰਜ਼ ਲਾਂਭੇ ਹੋ ਗਿਆ ਹੈ। ਰੋਜਰਜ਼ ਦੀ ਅਹਿਮੀਅਤ ਇਸ ਕਰ ਕੇ ਵੀ ਵਧੇਰੇ ਸੀ ਕਿਉਂਕਿ ਉਹ ਟਰੰਪ ਅਤੇ ਰਿਪਬਲਿਕਨ ਪਾਰਟੀ ਵਿਚਕਾਰ ਕੜੀ ਦਾ ਕੰਮ ਕਰ ਰਿਹਾ ਸੀ। ਜੱਗ ਜਾਣਦਾ ਹੈ ਕਿ ਟਰੰਪ ਅਤੇ ਰਿਪਬਲਿਕਨ ਪਾਰਟੀ ਦੇ ਆਗੂਆਂ ਵਿਚਕਾਰ ਪਾੜ ਪੈ ਚੁੱਕਾ ਹੈ। ਉਸ ਨੂੰ ਪਾਰਟੀ ਦਾ ਸਮੁੱਚਾ ਸਮਰਥਨ ਮਿਲਣ ਲਈ ਅਜੇ ਸਮਾਂ ਲੱਗੇਗਾ। ਇਹ ਪਾੜਾ ਵਧਣ ਦੇ ਆਸਾਰ ਇਸ ਕਰ ਕੇ ਵੀ ਹਨ, ਕਿਉਂਕਿ ਉਸ ਨੇ ਆਪਣੀ ਚੋਣ ਮੁਹਿੰਮ ਦੌਰਾਨ ਕਿਸੇ ਵੀ ਪਾਰਟੀ ਆਗੂ ਨੂੰ ਗੌਲਣ ਤੋਂ ਨਾਂਹ ਕਰ ਦਿੱਤੀ ਸੀ। ਅਜਿਹੀ ਸੂਰਤ ਵਿਚ ਟਰੰਪ ਆਪਣਾ ਕਾਰਜਕਾਲ ਕਿਸ ਤਰ੍ਹਾਂ ਅਗਾਂਹ ਵਧਾਉਂਦਾ ਹੈ, ਸਭ ਲਈ ਦਿਲਚਸਪ ਹੋਵੇਗਾ।
ਉਂਜ, ਇਸ ਤੋਂ ਵੀ ਦਿਲਚਸਪ ਚੋਣਾਂ ਬਾਰੇ ਹੋ ਰਿਹਾ ਵਿਸ਼ਲੇਸ਼ਣ ਹੈ। ਮੀਡੀਆ ਵਿਚ ਬਹਿਸ ਹੈ ਕਿ ਜੇ ਡੈਮੋਕਰੈਟਿਕ ਪਾਰਟੀ ਨੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਪਾਰਟੀ ਵੱਲੋਂ ਉਮੀਦਵਾਰ ਬਣਾਉਣ ਦੀ ਜ਼ਿਦ ਨਾ ਕੀਤੀ ਹੁੰਦੀ ਤਾਂ ਅੱਜ ਡੋਨਲਡ ਟਰੰਪ ਦੀ ਥਾਂ ਬਰਨੀ ਸੈਂਡਰਜ਼ ਮੁਲਕ ਦਾ ਅਗਲਾ ਰਾਸ਼ਟਰਪਤੀ ਹੋ ਸਕਦਾ ਸੀ। ਦਰਅਸਲ, ਪ੍ਰਾਇਮਰੀ ਮੁਹਿੰਮਾਂ ਦੌਰਾਨ ਸੈਂਡਰਜ਼ ਨੂੰ ਮਿਲੇ ਹੁੰਗਾਰੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਸਭ ਤੋਂ ਵੱਡੀ ਗੱਲ, ਸੈਂਡਰਜ਼ ਆਪਣੀ ਸਿਆਸਤ ਅਤੇ ਮੁੱਦਿਆਂ ਬਾਰੇ ਐਨ ਸਪਸ਼ਟ ਸੀ। ਦੂਜੇ, ਉਸ ਦੀ ਚੋਣ ਮੁਹਿੰਮ ਨੂੰ ਨਵੀਂ ਪੀੜ੍ਹੀ ਨੇ ਖੂਬ ਹੁਲਾਰਾ ਦਿੱਤਾ ਸੀ ਜਿਸ ਤੋਂ ਇਹ ਜ਼ਾਹਰ ਹੋ ਰਿਹਾ ਸੀ ਕਿ ਇਹ ਸ਼ਖਸ ਬਰਾਕ ਓਬਾਮਾ ਤੋਂ ਅਗਲੀ ਗੱਲ ਕਰਨ ਦੇ ਸਮਰੱਥ ਹੈ। ਹੁਣ ਜਦੋਂ ਨਤੀਜਾ ਆਇਆ ਹੈ, ਤਾਂ ਉਸ ਦੇ ਉਨੇ ਹੀ ਸਪਸ਼ਟ ਬਿਆਨ ਆਏ ਹਨ। ਮੱਧਵਰਗੀ ਕਾਮਿਆਂ ਦੀ ਨਾਰਾਜ਼ਗੀ ਦੀ ਗੱਲ ਕਰ ਕੇ ਉਸ ਨੇ ਇਕ ਵਾਰ ਫਿਰ ਆਪਣੀ ਸਿਆਸਤ ਬਾਰੇ ਗੱਲ ਤੋਰੀ ਹੈ। ਉਸ ਨੇ ਟਰੰਪ ਨੂੰ ਬਣਦਾ ਸਮਰਥਨ ਦੇਣ ਦੀ ਗੱਲ ਤਾਂ ਕੀਤੀ ਹੀ ਹੈ, ਨਾਲ ਇਹ ਵੀ ਆਖ ਸੁਣਾਇਆ ਹੈ ਕਿ ਟਰੰਪ ਨੂੰ ਟੱਕਰ ਦੇਣ ਦੀ ਲੋੜ ਵੇਲੇ ਉਹ ਪੂਰੇ ਤਾਣ ਨਾਲ ਮੈਦਾਨ ਵਿਚ ਜੂਝਣ ਲਈ ਤਿਆਰ ਹੈ। ਜ਼ਾਹਰ ਹੈ ਕਿ ਟਰੰਪ ਦਾ ਕਾਰਜਕਾਲ ਸਾਧਾਰਨ ਨਹੀਂ ਹੋਵੇਗਾ। ਇਕ ਪਾਸੇ ਪਾਰਟੀ ਹੈ, ਦੂਜੇ ਪਾਸੇ ਪਰਿਵਾਰ ਤੇ ਕਾਰੋਬਾਰ। ਤੀਜੀ ਧਿਰ ਵਿਰੋਧੀ ਧਿਰ ਹੈ ਅਤੇ ਚੌਥੀ ਧਿਰ ਬਿਨਾ ਸ਼ੱਕ ਲੋਕ ਬਣਨਗੇ। ਟਰੰਪ ਹੁਣ ਇਨ੍ਹਾਂ ਚਹੁੰ ਕੂੰਟਾਂ ਨਾਲ ਕਿਵੇਂ ਨਜਿੱਠਣਗੇ, ਇਹੀ ਲੋਕਾਂ ਦੀ ਉਤਸੁਕਤਾ ਹੈ। ਸਾਬਕਾ ਵਿਦੇਸ਼ ਮੰਤਰੀ ਨੇ ਇਕ ਖਾਸ ਟਿੱਪਣੀ ਕੀਤੀ ਹੈ ਕਿ ਡੋਨਲਡ ਟਰੰਪ ਜਦੋਂ ਜ਼ਿੰਮੇਵਾਰ ਅਧਿਕਾਰੀਆਂ ਨਾਲ ਬੈਠਣਗੇ ਤਾਂ ਉਸ ਨੂੰ ਖਬਰ ਹੋਵੇਗੀ ਕਿ ਕਾਰੋਬਾਰ ਅਤੇ ਸਿਆਸਤ ਵਿਚ ਕਿੰਨਾ ਫਰਕ ਹੁੰਦਾ ਹੈ! ਅਮਰੀਕੀਆਂ ਨੇ ਮੁਲਕ ਦੀ ਕਮਾਨ ਇਕ ਕਾਰੋਬਾਰੀ ਨੂੰ ਸੌਂਪੀ ਹੈ, ਉਹ ਕਿਸ ਤਰ੍ਹਾਂ ਦੀ ਸਿਆਸਤ ਨੂੰ ਆਗਾਂਹ ਵਧਾਉਂਦਾ ਹੈ, ਇਹ ਤਾਂ ਸਮੇਂ ਨੇ ਹੀ ਦੱਸਣਾ ਹੈ; ਫਿਲਹਾਲ ਟਰੰਪ ਨੂੰ ਬਿਖੜਾ ਪੈਂਡਾ ਉਡੀਕ ਰਿਹਾ ਹੈ।