ਮਹਾਤੜਾਂ ‘ਤੇ ਹੀ ਭਾਰੂ ਪਈ ਮੋਦੀ ਦੀ ਕਾਲੇ ਧਨ ਵਿਰੁਧ ਜੰਗ

ਚੰਡੀਗੜ੍ਹ: ਨਰੇਂਦਰ ਮੋਦੀ ਸਰਕਾਰ ਵੱਲੋਂ ਵੱਡੇ ਨੋਟਾਂ (500-1000) ‘ਤੇ ਲਾਈ ਪਾਬੰਦੀ ਤਕਰੀਬਨ ਦੋ ਹਫਤਿਆਂ ਤੋਂ ਲੋਕਾਂ ਲਈ ਪਰੇਸ਼ਾਨੀ ਬਣੀ ਹੋਈ ਹੈ। ਭਾਵੇਂ ਪ੍ਰਧਾਨ ਮੰਤਰੀ ਨੇ ਇਸ ਨੂੰ ਕਾਲੇ ਧਨ ਤੇ ਭ੍ਰਿਸ਼ਟਾਚਾਰ ਖਿਲਾਫ਼ ਜੰਗ ਦਾ ਹਿੱਸਾ ਦੱਸਿਆ ਸੀ, ਪਰ ਇਹ ਆਮ ਲੋਕਾਂ ‘ਤੇ ਹੀ ਭਾਰੂ ਪੈ ਗਈ। ਲੋਕਾਂ ਕੋਲ ਰਾਸ਼ਨ ਪਾਣੀ ਖਰੀਦਣ ਜੋਗੇ ਵੀ ਪੈਸੇ ਨਾ ਰਹੇ। ਬੈਂਕਾਂ ਅੱਗੇ ਦਿਨ ਭਰ ਲੰਮੀਆਂ ਕਤਾਰਾਂ ਬਣਾ ਕੇ ਵੀ ਆਮ ਲੋਕ ਹੀ ਖੜ੍ਹੇ ਰਹੇ, ਪਰ ਵੱਡੇ ਲੋਕਾਂ ਨੂੰ ਘੇਰਨ ਵਿਚ ਮੋਦੀ ਦਾ ਐਲਾਨ ਨਾਕਾਮ ਰਿਹਾ। ਧਨਾਢਾਂ ਨੇ ਮੋਦੀ ਦੇ ਐਲਾਨ ਵਾਲੇ ਦਿਨ ਸ਼ਾਮ ਨੂੰ ਹੀ ਬੋਰੀਆਂ ਭਰ-ਭਰ ਪੈਸਿਆਂ ਦੀਆਂ ਸੁਨਿਆਰਿਆਂ ਦੀਆਂ ਦੁਕਾਨਾਂ ‘ਤੇ ਲਿਆ ਸੁੱਟੀਆਂ ਤੇ ਮੂੰਹ ਬੋਲੀ ਕੀਮਤ ‘ਤੇ ਸੋਨਾ ਖਰੀਦਿਆ। ਦੋ ਦਿਨਾਂ ਵਿੱਚ ਹੀ ਸੋਨੇ ਦਾ ਭਾਅ ਦੁਗਣਾ ਹੋ ਗਿਆ।

ਸੋਨਾ ਖਰੀਦਣ ਵਿਚ ਪੰਜਾਬੀ ਕਿਸੇ ਤੋਂ ਪਿੱਛੇ ਨਾ ਰਹੇ, ਜਿਵੇਂ ਹੀ 500-1000 ਦੇ ਨੋਟਾਂ ‘ਤੇ ਪਾਬੰਦੀ ਲੱਗੀ ਤਾਂ ਘਬਰਾਏ ਲੋਕਾਂ ਨੇ ਕੈਸ਼ ਨੂੰ ਟਿਕਾਣੇ ਲਾਉਣ ਲਈ ਸੋਨਾ ਖਰੀਦਣ ਦਾ ਰਸਤਾ ਚੁਣ ਲਿਆ। ਧਨਤੇਰਸ ਵਾਲੇ ਦਿਨ ਤੋਂ ਵੀ ਜ਼ਿਆਦਾ ਸੋਨਾ ਦੋ ਦਿਨਾਂ ਵਿਚ ਖਰੀਦਿਆ ਗਿਆ। ਮੋਦੀ ਦੇ ਐਲਾਨ ਵਾਲੇ ਦਿਨ ਰਾਤ ਤੱਕ ਜੋ ਸੋਨਾ 30 ਹਜ਼ਾਰ 800 ਰੁਪਏ ਪ੍ਰਤੀ ਤੋਲਾ ਸੀ, ਉਹ ਬਲੈਕ ਵਿਚ 48 ਤੋਂ 50 ਹਜ਼ਾਰ ਵਿਚ ਤੇ ਡੇਢ ਲੱਖ ਰੁਪਏ ਤੱਕ ਵਿਕਿਆ। ਜਦਕਿ ਇਹੀ ਸੋਨਾ ਲੁਧਿਆਣਾ ਵਿਚ 55 ਤੋਂ 60 ਹਜ਼ਾਰ ਰੁਪਏ ਵਿਚ ਵਿਕਿਆ।
ਭਾਰਤ ਵਿਚ ਸੋਨੇ ਦੀ ਮੰਗ ਇੰਨੀ ਜ਼ਿਆਦਾ ਵਧੀ ਕਿ ਪਿਛਲੇ 8 ਸਾਲਾਂ ਦਾ ਰਿਕਾਰਡ ਟੁੱਟ ਗਿਆ। ਮੋਦੀ ਦੇ ਫੈਸਲੇ ਨਾਲ ਵਿਆਹ-ਸ਼ਾਦੀਆਂ ਉਤੇ ਬਹੁਤ ਮਾਰੂ ਅਸਰ ਪੈ ਰਿਹਾ ਹੈ। ਭਾਵੇਂ ਮੋਦੀ ਦੇ ਐਲਾਨ ਨੇ ਪ੍ਰਭਾਵ ਦਿੱਤਾ ਸੀ ਕਿ ਨੋਟਾਂ ਦੇ ਭਰੇ ਟਰੱਕ ਇਕ ਦਿਨ, ਜਾਂ ਹੱਦ ਦੋ ਦਿਨਾਂ ਦੇ ਅੰਦਰ, ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੀਆਂ ਬੈਂਕ ਬਰਾਂਚਾਂ ਤੇ ਡਾਕ ਘਰਾਂ ਵਿਚ ਪਹੁੰਚ ਜਾਣਗੇ। ਦੋ ਤਿੰਨ ਦਿਨ ਔਖਿਆਈ ਹੋਵੇਗੀ, ਫਿਰ ਗੱਡੀ ਲੀਹ ਉਤੇ ਆ ਜਾਵੇਗੀ, ਪਰ ਗੱਡੀ ਲੀਹ ਉਤੇ ਨਹੀਂ ਆ ਰਹੀ। ਆਮ ਬੰਦੇ ਨੂੰ ਸਭ ਕੰਮ ਛੱਡ ਕੇ ਬੈਂਕਾਂ ਜਾਂ ਏæਟੀæਐਮæ ਬੂਥਾਂ ਦੇ ਬਾਹਰ ਕਤਾਰਬੰਦ ਹੋਣਾ ਪੈ ਰਿਹਾ ਹੈ। ਮੋਦੀ ਦੀ ਨੀਤੀ ਦਾ ਵਿਰੋਧ ਕਰਨ ਵਾਲੇ ਨੇਤਾਵਾਂ ਅਤੇ ਅਰਥ ਸ਼ਾਸਤਰੀਆਂ ਦਾ ਤਰਕ ਹੈ ਕਿ 85 ਫੀਸਦੀ ਕਾਲਾ ਧਨ ਤਾਂ ਪਹਿਲਾਂ ਹੀ ਦੇਸ਼ ਤੋਂ ਬਾਹਰ ਹੈ ਜਿਸ ਨੂੰ ਪਰਤਾਉਣ ਵਿਚ ਸਰਕਾਰ ਨਾਕਾਮ ਰਹੀ ਹੈ। ਬਾਕੀ ਪੰਦਰਾਂ ਫੀਸਦੀ ਕਾਲੇ ਧਨ ਵਿਚੋਂ ਅੱਧਾ ਕੁ ਸੋਨੇ ਅਤੇ ਜ਼ਮੀਨ-ਜਾਇਦਾਦ ਦੇ ਕਾਰੋਬਾਰ ਵਿਚ ਖਪਿਆ ਹੋਇਆ ਹੈ। ਵੱਡੇ ਨੋਟ ਬੰਦ ਕਰ ਕੇ ਸਰਕਾਰ 6-7 ਫੀਸਦੀ ਕਾਲੇ ਧਨ ਦਾ ਹੀ ਸਫਾਇਆ ਕਰ ਸਕਦੀ ਹੈ। ਛੇ-ਸੱਤ ਫੀਸਦੀ ਕਾਲੇ ਧਨ ਦੀ ਰਕਮ ਵੀ 150 ਲੱਖ ਕਰੋੜ ਰੁਪਏ ਅਨੁਮਾਨੀ ਗਈ ਹੈ।
ਪੰਜਾਬ ਦੀਆਂ ਸਿਆਸੀ ਧਿਰਾਂ ਲਈ ਝਟਕਾ
ਕੇਂਦਰ ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦੇ ਫੈਸਲੇ ਨਾਲ ਪੰਜਾਬ ਦੀਆਂ ਸਿਆਸੀ ਧਿਰਾਂ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਾਲੇ ਧਨ ਦੀ ਵਰਤੋਂ ਕਰਨੀ ਇਕ ਤਰ੍ਹਾਂ ਨਾਲ ਅਸੰਭਵ ਹੋ ਗਈ ਹੈ। ਇਸ ਫੈਸਲੇ ਨਾਲ ਪੰਜਾਬ ਦੀਆਂ ਰਾਜਸੀ ਪਾਰਟੀਆਂ ਦੀਆਂ ਗਿਣਤੀਆਂ-ਮਿਣਤੀਆਂ ਫੇਲ੍ਹ ਹੋ ਗਈਆਂ। ਇਸ ਫੈਸਲੇ ਤੋਂ ਬਾਅਦ ਚੋਣ ਕਮਿਸ਼ਨ ਨੇ ਵੀ ਆਮਦਨ ਕਰ ਵਿਭਾਗ ਰਾਹੀਂ ਸਿਆਸਤਦਾਨਾਂ ਵੱਲੋਂ ਕਰੰਸੀ ਤਬਦੀਲ ਕੀਤੇ ਜਾਣ ਦੀ ਪੈੜ ਨੱਪਣੀ ਆਰੰਭ ਕਰ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ‘ਆਪ’ ਦੇ ਸੰਭਾਵੀ ਤੇ ਐਲਾਨੇ ਜਾ ਚੁੱਕੇ ਉਮੀਦਵਾਰਾਂ ਨਾਲ ਗੱਲ ਕਰਨ ਤੋਂ ਇਹ ਤੱਥ ਸਾਹਮਣੇ ਆਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਰੀਬ 500 ਕਰੋੜ ਰੁਪਏ ਦੇ ਕਾਲੇ ਧਨ ਦੀ ਵਰਤੋਂ ਹੋਣੀ ਸੀ। ਪੰਜਾਬ ਦੇ ਰਾਜਸੀ ਹਲਕਿਆਂ ਵਿਚ ਪ੍ਰਭਾਵ ਹੈ ਕਿ ਇਕ ਦਹਾਕੇ ਤੋਂ ਹਕੂਮਤ ‘ਤੇ ਕਾਬਜ਼ ਅਕਾਲੀ ਦਲ ਵੱਲੋਂ ਸਭ ਤੋਂ ਜ਼ਿਆਦਾ ਧਨ ਬਲ ਵਰਤੀ ਜਾਣੀ ਹੈ। ਸਾਲ 2012 ਦੀਆਂ ਚੋਣਾਂ ਦੌਰਾਨ ਵੀ ਇਹੀ ਪ੍ਰਭਾਵ ਬਣਿਆ ਸੀ। ਚੋਣ ਕਮਿਸ਼ਨ ਵੱਲੋਂ ਵੀ ਚੋਣਾਂ ਦੌਰਾਨ ਕਾਲੇ ਧਨ ਦੀ ਵਰਤੋਂ ਰੋਕਣ ਲਈ ਕਈ ਕਦਮ ਚੁੱਕੇ ਜਾਂਦੇ ਰਹੇ ਹਨ, ਪਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਦਾ ਰਾਜਸੀਕਰਨ ਹੋਣ ਕਾਰਨ ਇਸ ‘ਚ ਖਾਸ ਕਾਮਯਾਬੀ ਨਹੀਂ ਮਿਲੀ। ਕਮਿਸ਼ਨ ਨੇ 2012 ਤੇ 14 ਦੀਆਂ ਚੋਣਾਂ ਦੌਰਾਨ ਪੰਜਾਬ ਵਿਚੋਂ ਕਰੋੜਾਂ ਰੁਪਏ ਜ਼ਬਤ ਤਾਂ ਕੀਤੇ ਪਰ ਇਹ ਪੈਸਾ ਸਿਆਸੀ ਧਿਰਾਂ ਦਾ ਨਹੀਂ, ਆਮ ਲੋਕਾਂ ਦਾ ਹੀ ਸੀ।
_____________________________________
ਅਸਲੀ ਤੋਂ ਪਹਿਲਾਂ ਪਹੁੰਚੇ 2000 ਦੇ ਨਕਲੀ ਨੋਟ
ਤਰਨ ਤਾਰਨ: ਮੋਦੀ ਸਰਕਾਰ ਨੇ ਜਾਅਲੀ ਕਰੰਸੀ ਤੇ ਕਾਲੇ ਧਨ ਨੂੰ ਲਗਾਮ ਪਾਉਣ ਲਈ 1000 ਤੇ 500 ਦੇ ਨੋਟ ਬੰਦ ਕੀਤੇ ਹਨ, ਪਰ ਬਾਜ਼ਾਰ ਵਿਚ 2000 ਦੇ ਨਕਲੀ ਨੋਟ ਪਹੁੰਚ ਵੀ ਚੁੱਕੇ ਹਨ।ਇਸ ਦੀ ਮਿਸਾਲ ਕਸਬਾ ਭਿੱਖੀਵਿੰਡ ਦੇ ਮੇਨ ਚੌਕ ਵਿਚ ਦੁਕਾਨਦਾਰ ਸੋਨੂੰ ਮਲਹੋਤਰਾ ਤੋਂ ਮਿਲਦੀ ਹੈ ਜਿਸ ਨੂੰ ਕੋਈ ਵਿਅਕਤੀ 2000 ਰੁਪਏ ਦਾ ਨਕਲੀ ਨੋਟ ਦੇ ਕੇ ਠੱਗ ਗਿਆ।ਦੱਸਣਯੋਗ ਹੈ ਕਿ ਨਕਲੀ ਨੋਟਾਂ ਨਾਲ ਤਿੰਨ ਦੁਕਾਨਦਾਰ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ।
_______________________________________
ਮੋਦੀ ਨੂੰ ਲੋਕਾਂ ਦੇ ਦਿਲੋਂ ਲਾਹਿਆ
ਲੁਧਿਆਣਾ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 500 ਤੇ 1000 ਰੁਪਏ ਦੇ ਨੋਟ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਟਵਿੱਟਰ ‘ਤੇ 3 ਲੱਖ ਲੋਕਾਂ ਨੇ ਮੋਦੀ ਦਾ ਸਾਥ ਛੱਡ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਫੈਸਲੇ ਤੋਂ ਬਾਅਦ ਭਾਵੇਂ ਦੇਸ਼ ਵਿਚ ਮਿਲਿਆ ਜੁਲਿਆ ਪ੍ਰਤੀਕਰਮ ਹੈ, ਪਰ ਟਵਿੱਟਰ ‘ਤੇ ਮੋਦੀ ਵੱਲੋਂ ਕੀਤੇ ਫੈਸਲੇ ਦੀ ਜ਼ਿਆਦਾਤਰ ਲੋਕਾਂ ਨੇ ਨੁਕਤਾਚੀਨੀ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਟਵਿੱਟਰ ‘ਤੇ ਸਭ ਤੋਂ ਵੱਧ ਲੋਕਾਂ ਨਾਲ ਸਾਂਝ ਹੈ ਤੇ ਇਸ ਤੋਂ ਬਾਅਦ ਸੁਪਰ ਸਟਾਰ ਅਮਿਤਾਬ ਬਚਨ ਦਾ ਨੰਬਰ ਆਉਂਦਾ ਸੀ, ਪਰ ਮੋਦੀ ਦੇ ਇਸ ਫੈਸਲੇ ਤੋਂ ਬਾਅਦ ਉਨ੍ਹਾਂ ਦੀ ਲੋਕਪ੍ਰਿਯਤਾ ‘ਚ ਕਮੀ ਆਈ ਹੈ।
______________________________
ਸ਼੍ਰੋਮਣੀ ਕਮੇਟੀ ਦਾ ਖਜ਼ਾਨਾ ਵੀ ਡੋਲਿਆ
ਅੰਮ੍ਰਿਤਸਰ: ਮੋਦੀ ਸਰਕਾਰ ਵੱਲੋਂ ਬੰਦ ਕੀਤੇ ਗਏ ਇਕ ਹਜ਼ਾਰ ਤੇ ਪੰਜ ਸੌ ਰੁਪਏ ਦੇ ਨੋਟਾਂ ਕਾਰਨ ਧਾਰਮਿਕ ਅਸਥਾਨਾਂ ਵਿਖੇ ਸ਼ਰਧਾਲੂਆਂ ਵੱਲੋਂ ਸ਼ਰਧਾ ਸਹਿਤ ਪੰਜ ਸੌ ਤੇ ਹਜ਼ਾਰ ਰੁਪਏ ਦੇ ਭੇਟ ਕੀਤੇ ਜਾਂਦੇ ਮਾਇਆ ਦੇ ਗੱਫਿਆਂ ‘ਤੇ ਵੀ ਡਾਢਾ ਅਸਰ ਪਿਆ ਹੈ। ਸ਼੍ਰੋਮਣੀ ਕਮੇਟੀ ਨੇ ਸਮੂਹ ਗੁਰਦੁਆਰਾ ਸਾਹਿਬਾਨ ਅਤੇ ਇਸ ਨਾਲ ਸਬੰਧਤ ਵਿਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਨੂੰ 500 ਅਤੇ 1000 ਰੁਪਏ ਦੇ ਨੋਟਾਂ ਨੂੰ ਮੁਕੰਮਲ ਤੌਰ ‘ਤੇ ਬੰਦ ਕੀਤੇ ਜਾਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ-85 ਦੇ ਸਮੂਹ ਮੈਨੇਜਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਪ੍ਰਿੰਸੀਪਲਾਂ ਨੂੰ ਪੰਜ ਸੌ ਅਤੇ ਇਕ ਹਜ਼ਾਰ ਦੇ ਨੋਟਾਂ ਨੂੰ ਮੁਕੰਮਲ ਤੌਰ ‘ਤੇ ਬੰਦ ਕੀਤੇ ਜਾਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।
_____________________________
ਭਿਖਾਰੀ ਦੇ ਨੋਟ ਬਾਹਰ ਕਢਵਾਏ
ਇੰਦੌਰ: ਦੇਸ਼ ਵਿਚ ਪੰਜ ਸੌ ਤੇ ਇਕ ਹਜ਼ਾਰ ਦੇ ਨੋਟ ਬੰਦ ਕੀਤੇ ਜਾਣ ਦੇ ਫੈਸਲੇ ਨਾਲ ਹੁਣ ਲੋਕ ਆਪਣੇ ਦੱਬੇ ਹੋਏ ਖਜ਼ਾਨੇ ਨੂੰ ਹੌਲੀ-ਹੌਲੀ ਕਰ ਕੇ ਬਾਹਰ ਕੱਢਣ ਲੱਗ ਪਏ ਹਨ। ਮੋਦੀ ਸਰਕਾਰ ਦੇ ਹੁਕਮ ਨੇ ਇੰਦੌਰ ਦੇ ਇਕ ਅੰਨ੍ਹੇ ਭਿਖਾਰੀ ਦੇ ਦੱਬੇ ਇਕ ਲੱਖ ਰੁਪਏ ਦੀ ਜ਼ਿਆਦਾ ਰਾਸ਼ੀ ਬਾਹਰ ਕਢਵਾ ਦਿੱਤੀ ਹੈ। ਭਿਖਾਰੀ ਸੀਤਾ ਰਾਮ ਨੂੰ ਜਦੋਂ ਸਰਕਾਰ ਦੇ ਹੁਕਮ ਦਾ ਪਤਾ ਲੱਗਾ ਤਾਂ ਉਹ ਆਪਣੇ ਨਾਲ ਪੈਸਿਆਂ ਵਾਲਾ ਝੋਲਾ ਲੈ ਕੇ ਸਰਪੰਚ ਦੇ ਘਰ ਪਹੁੰਚਿਆ। ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੇ ਇਸ ਭਿਖਾਰੀ ਜੋੜੇ ਕੋਲੇ ਇੰਨੇ ਪੈਸੇ ਦੇਖ ਕੇ ਇਕ ਵਾਰ ਤਾਂ ਪੂਰੀ ਪੰਚਾਇਤ ਹੈਰਾਨ ਰਹਿ ਗਈ। ਪਿੰਡ ਦੇ ਸਰਪੰਚ ਅਨੁਸਾਰ ਜਦੋਂ ਭਿਖਾਰੀ ਨੇ ਪੈਸੇ ਉਸ ਦੇ ਟੇਬਲ ਉਤੇ ਰੱਖੇ ਤਾਂ ਉਹ ਹੈਰਾਨ ਹੋ ਗਿਆ। ਭਿਖਾਰੀ ਨੇ ਸਰਪੰਚ ਨੂੰ ਇਹ ਨੋਟ ਬਦਲਾਉਣ ਦੀ ਬੇਨਤੀ ਕੀਤੀ। ਸਰਪੰਚ ਈਸ਼ਵਰ ਸਿੰਘ ਪਵਾਰ ਅਨੁਸਾਰ ਕੁਝ ਨੋਟ ਤਾਂ ਅਜਿਹੇ ਹਨ ਜਿਸ ਨੂੰ ਚੂਹਿਆਂ ਨੇ ਖਾਹ ਲਿਆ ਹੈ।