ਗੈਰਕਾਨੂੰਨੀ ਪਰਵਾਸੀਆਂ ਬਾਰੇ ਟਰੰਪ ਦੀ ਸੁਰ ਰਤਾ ਕੁ ਬਦਲੀ

ਵਾਸ਼ਿੰਗਟਨ: ਚੋਣ ਪ੍ਰਚਾਰ ਦੌਰਾਨ ਪਰਵਾਸੀਆਂ ਵਿਰੁਧ ਭੜਾਸ ਕੱਢਣ ਅਤੇ ਤੁਰੰਤ ਸਖਤ ਨਵੀਆਂ ਨੀਤੀਆਂ ਬਣਾਉਣ ਬਾਰੇ ਵਾਰ-ਵਾਰ ਕਹਿਣ ਵਾਲੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਮੁੱਦੇ ਉਤੇ ਹੁਣ ਕੁਝ ਕੁ ਨਰਮੀ ਵਾਲੇ ਪਾਸੇ ਮੋੜਾ ਕੱਟਿਆ ਹੈ। ਚੋਣਾਂ ਜਿੱਤਣ ਤੋਂ ਤੁਰਤ ਬਾਅਦ ਸ੍ਰੀ ਟਰੰਪ ਨੇ ਕੌਮ ਦੇ ਨਾਂ ਜੋ ਭਾਸ਼ਨ ਦਿਤਾ, ਉਸ ਵਿਚ ਉਹ ਚੋਣ ਮੁਹਿੰਮ ਦੌਰਾਨ ਵਾਲੀ ਉਚੀ ਸੁਰ ਨੂੰ ਪਿੱਛੇ ਛੱਡ ਕੇ ਸੰਕੋਚ ਅਤੇ ਸੰਜਮ ਵਾਲੇ ਸੁਰ ਵਿਚ ਨਜ਼ਰ ਆ ਰਹੇ ਸਨ।

ਚੋਣ ਮੁਹਿੰਮ ਦੌਰਾਨ ਉਹ ਕਹਿੰਦੇ ਰਹੇ ਕਿ ਜੇ ਉਹ ਜਿੱਤੇ ਤਾਂ ਅਮਰੀਕਾ ਦੀ ਧਰਤੀ ਉਤੇ ਇਕ ਵੀ ਗੈਰ-ਕਾਨੂੰਨੀ ਪਰਵਾਸੀ ਰਹਿਣ ਨਹੀ ਦੇਣਾ, ਪਰ ਚੋਣ ਜਿੱਤਣ ਤੋਂ ਬਾਅਦ ਦੇ ਭਾਸ਼ਨ ਵਿਚ ਉਨ੍ਹਾਂ ਆਪਣੇ ਇਸ ਬਿਆਨ ਜਾਂ ਐਲਾਨ ਨੂੰ ਇਹ ਕਹਿੰਦਿਆਂ ਸੋਧ ਲਿਆ ਕਿ ਉਸ ਦੀ ਮੁਰਾਦ ਅਪਰਾਧੀ ਪਿਛੋਕੜ ਵਾਲੇ ਗੈਰਕਾਨੂੰਨੀ ਪਰਵਾਸੀਆਂ ਤੋਂ ਸੀ, ਸਭਨਾਂ ਤੋਂ ਨਹੀਂ। ਇਸੇ ਤਰ੍ਹਾਂ ਉਨ੍ਹਾਂ ਵਾਰ-ਵਾਰ ਇਹ ਵੀ ਕਿਹਾ ਹੈ ਕਿ ਉਹ ਸਭਨਾਂ ਦੇ ਸਾਂਝੇ ਆਗੂ ਵਜੋਂ ਕੰਮ ਕਰੇਗਾ।
ਫਿਰ ਵੀ ਇਸ ਗੱਲ ਵਿਚ ਕੋਈ ਸੰਦੇਹ ਨਹੀਂ ਕਿ ਹਿਲੇਰੀ ਕਲਿੰਟਨ ਉਪਰ ਉਸ ਦੀ ਜਿੱਤ ਨੇ ਰਾਜਸੀ ਮਾਹਿਰਾਂ ਅਤੇ ਟਿਪਣੀਕਾਰਾਂ ਦੇ ਸਭ ਕਿਆਸੇ ਗਲਤ ਸਿੱਧ ਕੀਤੇ ਹਨ ਅਤੇ ਉਸ ਦੀ ਇਹ ਸਨਸਨੀਖੇਜ਼ ਜਿੱਤ ਦੇਰ ਤੱਕ ਚਰਚਾ ਦਾ ਵਿਸ਼ਾ ਬਣੀ ਰਹੇਗੀ। ਆਖਰ ਕਿਹੜੇ ਕਾਰਨ ਸਨ ਜਾਂ ਲੋਕਾਂ ਦੀਆਂ ਡੈਮੋਕਰੇਟਾਂ ਨਾਲ ਕਿਹੜੀਆਂ ਸਖ਼ਤ ਨਾਰਾਜ਼ਗੀਆਂ ਸਨ ਕਿ ਫਲੋਰਿਡਾ, ਓਹਾਇਓ ਅਤੇ ਸਭ ਤੋਂ ਵੱਧ ਮਿਸ਼ੀਗਨ ਸਟੇਟ ਜਿਥੋਂ ਉਹ ਪਿਛਲੇ 20-25 ਵਰ੍ਹਿਆਂ ਤੋਂ ਕਦੀ ਨਹੀਂ ਸਨ ਹਾਰੇ, ਇਨ੍ਹਾਂ ਸਭ ਵੱਡੇ ਰਾਜਾਂ ਵਿਚੋਂ ਹਿਲੇਰੀ ਨੂੰ ਨਿਰਾਸ਼ਾਜਨਕ ਹਾਰ ਦਾ ਮੂੰਹ ਵੇਖਣਾ ਪਿਆ। ਸ੍ਰੀ ਟਰੰਪ ਨੇ ਜਿੱਤ ਤੋਂ ਬਾਅਦ ਸੀæਬੀæਐਸ਼ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਪਰਾਧੀ ਪ੍ਰਵਿਰਤੀ ਵਾਲੇ ਪਰਵਾਸੀਆਂ ਨੂੰ ਤਾਂ ਉਹ ਅਹੁਦਾ ਸੰਭਾਲਦਿਆਂ ਸਾਰ ਅਮਰੀਕਾ ਵਿਚੋਂ ਬਾਹਰ ਕੱਢ ਦੇਣਗੇ। ਯਾਦ ਰਹੇ ਕਿ ਅਮਰੀਕਾ ਵਿਚ ਇਸ ਵੇਲੇ ਇਕ ਕਰੋੜ ਦਸ ਲੱਖ ਦੇ ਕਰੀਬ ਗੈਰਕਾਨੂੰਨੀ ਪਰਵਾਸੀ ਹਨ। ਇਨ੍ਹਾਂ ਵਿਚੋਂ 30 ਲੱਖ ਉਹ ਪਰਵਾਸੀ ਹਨ ਜਿਨ੍ਹਾਂ ਕੋਲ ਕੋਈ ਦਸਤਾਵੇਜ਼ ਨਹੀਂ ਹੈ। ਇਨ੍ਹਾਂ ਵਿਚ ਬਹੁਤ ਸਾਰੇ ਭਾਰਤੀ ਮੂਲ ਦੇ ਵੀ ਹਨ।
ਉਧਰ, ਰਿਪਬਲਿਕਨ ਦੇ ਸੀਨੀਅਰ ਆਗੂ ਤੇ ਨੁਮਾਇੰਦਾ ਸਦਨ ਦੇ ਸਪੀਕਰ ਪੌਲ ਰਿਆਨ ਨੇ ਕਿਹਾ ਹੈ ਕਿ ਫਿਲਹਾਲ ‘ਡੀਪੋਰਟੇਸ਼ਨ ਫੋਰਸ’ ਕਾਇਮ ਕਰਨ ਦਾ ਕੋਈ ਦਾਈਆ ਨਹੀਂ ਹੈ।
____________________________________________
ਟਰੰਪ ਦੀ ਜਿੱਤ ਖਿਲਾਫ ਰੋਹ ਵਧਿਆ
ਨਿਊ ਯਾਰਕ: ਰਾਸ਼ਟਰਪਤੀ ਚੋਣਾਂ ਵਿਚ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਨੂੰ ਮਿਲੀ ਜਿੱਤ ਤੋਂ ਗੁੱਸੇ ਵਿਚ ਆਏ ਲੱਖਾਂ ਅਮਰੀਕੀ ਸੜਕਾਂ ਉਤੇ ਉਤਰ ਆਏ। ਲੋਕਾਂ ਨੇ ਪੂਰੇ ਮੁਲਕ ਵਿਚ ਥਾਂ-ਥਾਂ ਪ੍ਰਦਰਸ਼ਨ ਕਰਦਿਆਂ ਆਵਾਜਾਈ ਰੋਕੀ ਅਤੇ ‘ਟਰੰਪ ਮੇਰਾ ਰਾਸ਼ਟਰਪਤੀ ਨਹੀਂ’ ਤੇ ‘ਫ਼ਾਸ਼ੀਵਾਦਾਂ ਦਾ ਅਮਰੀਕਾ ਨਹੀਂ’ ਦੇ ਨਾਅਰੇ ਲਾਏ। ਅਰਬਾਂਪਤੀ ਕਾਰੋਬਾਰੀ ਟਰੰਪ ਦੇ ਮੁਲਕ ਦੇ ਅਗਲੇ ਰਾਸ਼ਟਰਪਤੀ ਵਜੋਂ ਹੋਈ ਚੋਣ ਮਗਰੋਂ ਹੋਏ ਇਨ੍ਹਾਂ ਪ੍ਰਦਰਸ਼ਨਾਂ ਵਿਚ ਹਰ ਉਮਰ ਤੇ ਫਿਰਕੇ ਦੇ ਲੋਕ ਸ਼ਾਮਲ ਹੋਏ।
ਇਸ ਦੌਰਾਨ ਸਿਆਟਲ ਵਿਚ ਪ੍ਰਦਰਸ਼ਨ ਵਾਲੀ ਥਾਂ ਨੇੜੇ ਚੱਲੀ ਗੋਲੀ ਵਿਚ ਪੰਜ ਲੋਕ ਜ਼ਖ਼ਮੀ ਹੋ ਗਏ। ਹਾਲਾਂਕਿ ਪੁਲਿਸ ਦਾ ਦਾਅਵਾ ਹੈ ਕਿ ਗੋਲੀਬਾਰੀ ਦਾ ਪ੍ਰਦਰਸ਼ਨਾਂ ਨਾਲ ਕੋਈ ਸਬੰਧ ਨਹੀਂ। ਜਿਨ੍ਹਾਂ ਥਾਵਾਂ ਉਤੇ ਪ੍ਰਦਰਸ਼ਨ ਹੋਏ, ਉਨ੍ਹਾਂ ਵਿਚ ਨਿਊ ਯਾਰਕ, ਸ਼ਿਕਾਗੋ, ਫਿਲਾਡੈਲਫੀਆ, ਬੋਸਟਨ, ਕੈਲੀਫੋਰਨੀਆ, ਕੋਲਾਰਾਡੋ, ਸਿਆਟਲ, ਲਾਸ ਏਂਜਲਸ, ਪੋਰਟਲੈਂਡ, ਐਟਲਾਂਟਾ, ਆਸਟਿਨ, ਡੈਨਵਰ, ਸਾਂ ਫਰਾਂਸਿਸਕੋ ਤੇ ਹੋਰ ਸ਼ਹਿਰ ਸ਼ਾਮਲ ਹਨ।
ਵਾਸ਼ਿੰਗਟਨ ਵਿਚ ਪ੍ਰਦਰਸ਼ਨਕਾਰੀ ਵਾਈਟ ਹਾਊਸ ਦੇ ਬਾਹਰ ਇਕੱਠੇ ਹੋ ਗਏ ਤੇ ਉਨ੍ਹਾਂ ਮੋਮਬੱਤੀਆਂ ਜਗਾ ਕੇ ਆਪਣੇ ਰੋਸ ਦਾ ਮੁਜ਼ਾਹਰਾ ਕੀਤਾ। ਨਿਊ ਯਾਰਕ ਵਿਚ ਪ੍ਰਦਰਸ਼ਨਕਾਰੀਆਂ ਨੇ 14ਵੀਂ ਸਟਰੀਟ ਤੋਂ ਪੰਜਵੇਂ ਐਵੇਨਿਊ ਜਿਥੇ ਟਰੰਪ ਦੀ ਕੰਪੇਨ ਦਾ ਹੈੱਡ ਆਫ਼ਿਸ ‘ਦਿ ਟਰੰਪ ਟਾਵਰਜ਼’ ਸਥਿਤ ਹਨ, ਤੱਕ ਮਾਰਚ ਕੀਤਾ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਮਗਰੋਂ ਟਰੰਪ ਟਾਵਰ ਨੂੰ ਜਾਂਦੇ ਰਸਤੇ ਨੂੰ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਸ਼ਿਕਾਗੋ ਡਾਊਨਟਾਊਨ ਵਿਚ ਰੈਲੀ ਵੀ ਕੀਤੀ।
ਉਧਰ, ਕੈਲੀਫੋਰਨੀਆ ਵਾਸੀਆਂ ਨੇ ਸੋਸ਼ਲ ਮੀਡੀਆ ‘ਤੇ ਆਪਣਾ ਨਜ਼ਰੀਆ ਜ਼ਾਹਰ ਕਰਦਿਆਂ ਕਿਹਾ ਕਿ ਟਰੰਪ ਦੀ ਜਿੱਤ ਤੋਂ ਬਾਅਦ ਕੈਲੀਫੋਰਨੀਆ ਨੂੰ ਅਮਰੀਕਾ ਨਾਲੋਂ ਵੱਖ ਹੋ ਜਾਣਾ ਚਾਹੀਦਾ ਹੈ। ਰਾਸ਼ਟਰਪਤੀ ਚੋਣਾਂ ਦੌਰਾਨ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਵੱਡਾ ਫਤਵਾ ਮਿਲਿਆ ਸੀ।
__________________________________________
ਜੇ ਕਿਤੇ ਬਰਨੀ ਸੈਂਡਰਜ਼ ਹੁੰਦਾæææ
ਵਾਸ਼ਿੰਗਟਨ: ਡੈਮੋਕਰੈਟਿਕ ਸੈਨੇਟਰ ਬਰਨੀ ਸੈਂਡਰਜ਼ ਨੇ ਕਿਹਾ ਹੈ ਕਿ ਜੇ ਉਹ ਹਿਲੇਰੀ ਕਲਿੰਟਨ ਦੀ ਥਾਂ ਡੈਮੋਕਰੈਟਿਕ ਪਾਰਟੀ ਦਾ ਉਮੀਦਵਾਰ ਹੁੰਦਾ ਤਾਂ ਉਹ ਡੋਨਲਡ ਟਰੰਪ ਨੂੰ ਵੱਡੇ ਫਰਕ ਨਾਲ ਹਰਾਉਣ ਵਿਚ ਕਾਮਯਾਬ ਹੁੰਦਾ। ਯਾਦ ਰਹੇ ਕਿ ਪਾਰਟੀ ਅੰਦਰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਨਾਮਜ਼ਦਗੀ ਦੌਰਾਨ ਬਰਨੀ ਨੇ ਹਿਲੇਰੀ ਨੂੰ ਟੱਕਰ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਹਰ ਸਰਵੇਖਣ ਵਿਚ ਉਹ ਸਭ ਤੋਂ ਅੱਗੇ ਜਾ ਰਿਹਾ ਸੀ, ਪਰ ਪਹਿਲਾਂ ਪਾਰਟੀ ਨੇ ਅਤੇ ਫਿਰ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਿਲੇਰੀ ਦਾ ਸਮਰਥਨ ਕੀਤਾ। ਸੁਪਰ ਡੈਲੀਗੇਟਾਂ ਦੀ ਵੱਡੀ ਗਿਣਤੀ ਵੀ ਹਿਲੇਰੀ ਦੇ ਹੱਕ ਵਿਚ ਡਟੀ ਰਹੀ। ਸਿੱਟੇ ਵਜੋਂ ਬਰਨੀ ਪਛੜ ਗਿਆ। ਹੁਣ ਵੋਟਾਂ ਤੋਂ ਦੋ ਦਿਨ ਪਹਿਲਾਂ ਗਰੈਵਿਸ ਮਾਰਕੀਟਿੰਗ ਵੱਲੋਂ 1600 ਵੋਟਰਾਂ ਉਤੇ ਕਰਵਾਏ ਸਰਵੇਖਣ ਵਿਚ ਇਹ ਰੁਝਾਨ ਸਾਹਮਣੇ ਆਇਆ ਕਿ 75 ਸਾਲਾ ਸੈਨੇਟਰ 56 ਫੀਸਦੀ ਵੋਟਾਂ ਹਾਸਲ ਕਰ ਸਕਦਾ ਸੀ। ਸਰਵੇਖਣ ਮੁਤਾਬਕ, ਇਕ ਤਿਹਾਈ ਨਿਰਪੱਖ ਵੋਟਰ ਸੈਂਡਰਜ਼ ਨੂੰ ਭੁਗਤ ਕਰ ਸਕਦੇ ਸਨ। ਖੁਦ ਬਰਨੀ ਨੇ ਕਿਹਾ ਹੈ ਕਿ ਪਾਰਟੀ ਨਿਰਾਸ਼ ਹੋਏ ਮੱਧ ਵਰਗ ਦੀਆਂ ਵੋਟਾਂ ਹਾਸਲ ਕਰਨ ਵਿਚ ਨਾਕਾਮ ਰਹੀ। ਮਾਹਿਰ ਦੱਸਦੇ ਹਨ ਕਿ ਇਹ ਸਾਰੀਆਂ ਵੋਟਾਂ ਬਰਨੀ ਨੂੰ ਪੈ ਸਕਦੀਆਂ ਸਨ।
_________________________________________
ਬੌਬੀ ਜਿੰਦਲ ਬਾਰੇ ਚਰਚਾ
ਵਾਸ਼ਿੰਗਟਨ: ਲੂਸੀਆਨਾ ਦੇ ਗਵਰਨਰ ਬੌਬੀ ਜਿੰਦਲ ਬਾਰੇ ਚਰਚਾ ਹੈ ਕਿ ਉਨ੍ਹਾਂ ਨੂੰ ਟਰੰਪ ਕੈਬਨਿਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਯਾਦ ਰਹੇ ਕਿ ਬੌਬੀ ਜਿੰਦਲ ਨੇ ਵੀ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਪਾਰਟੀ ਵੱਲੋਂ ਦਾਅਵੇਦਾਰੀ ਪੇਸ਼ ਕੀਤੀ ਸੀ, ਪਰ ਉਹ ਪਹਿਲੇ ਗੇੜਾਂ ਵਿਚ ਹੀ ਪਛੜ ਗਏ ਸਨ। ਹੁਣ ਜੇ ਉਨ੍ਹਾਂ ਨੂੰ ਕੈਬਨਿਟ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ ਤਾਂ ਉਹ ਕੈਬਨਿਟ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਭਾਰਤੀ-ਅਮਰੀਕੀ ਹੋਣਗੇ।
______________________________________
ਐਫ਼ਬੀæਆਈæ ਮੁਖੀ ਨੇ ਪਾਏ ਬੇੜੀਆਂ ‘ਚ ਵੱਟੇ: ਹਿਲੇਰੀ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਦੀ ਚੋਣ ਹਾਰਨ ਵਾਲੀ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੇ ਕਿਹਾ ਕਿ ਉਹ ਐਫ਼ਬੀæਆਈæ ਮੁਖੀ ਜੇਮਜ਼ ਕੌਮੇ ਕਾਰਨ ਚੋਣ ਹਾਰੀ ਹੈ। ਚੋਣ ਤੋਂ ਕੁਝ ਦਿਨ ਪਹਿਲਾਂ ਜੇਮਜ਼ ਵੱਲੋਂ ਉਨ੍ਹਾਂ ਵਿਰੁੱਧ ਈ-ਮੇਲ ਮਾਮਲੇ ਦੀ ਜਾਂਚ ਮੁੜ ਖੋਲ੍ਹੇ ਜਾਣ ਦੇ ਫ਼ੈਸਲੇ ਕਾਰਨ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਧੱਕਾ ਲੱਗਿਆ ਤੇ ਉਹ ਇਤਿਹਾਸਕ ਜਿੱਤ ਤੋਂ ਵਾਂਝੀ ਰਹਿ ਗਈ। ਉਨ੍ਹਾਂ ਕਿਹਾ ਕਿ ਚੋਣ ਵਿਚ ਹਾਰ ਦੇ ਕਈ ਕਾਰਨ ਹਨ, ਪਰ ਉਨ੍ਹਾਂ ਦੇ ਮੁਲੰਕਣ ਮੁਤਾਬਕ ਐਫ਼ਬੀæਆਈæ ਮੁਖੀ ਵੱਲੋਂ ਖੜ੍ਹੇ ਕੀਤੇ ਆਧਾਰਹੀਣ ਸ਼ੰਕਿਆਂ ਕਾਰਨ ਉਨ੍ਹਾਂ ਵੱਲੋਂ ਬਣਾਈ ਗਈ ਜੇਤੂ ਮੁਹਿੰਮ ਨੂੰ ਢਾਹ ਲੱਗੀ ਹੈ। ਜਾਂਚ ਮੁੜ ਖੋਲ੍ਹੇ ਜਾਣ ਦੇ ਫ਼ੈਸਲੇ ਤੋਂ ਪਹਿਲਾਂ ਤੱਕ ਉਨ੍ਹਾਂ ਨੂੰ ਚੋਣ ਪ੍ਰਚਾਰ ਮੁਹਿੰਮ ਦੌਰਾਨ ਭਰਪੂਰ ਹੁੰਗਾਰਾ ਤੇ ਸਮਰਥਨ ਮਿਲ ਰਿਹਾ ਸੀ।