ਸ੍ਰੀਨਗਰ: ਜੰਮੂ ਕਸ਼ਮੀਰ ਵਿਚ ਕੌਮਾਂਤਰੀ ਸਰਹੱਦ ਅਤੇ ਕੰਟਰੋਲ ਰੇਖਾ (ਐਲ਼ਓæਸੀæ) ਉਪਰ ਪਾਕਿਸਤਾਨ ਤੇ ਭਾਰਤ ਦਰਮਿਆਨ ਗੋਲੀਬੰਦੀ ਦੀਆਂ ਉਲੰਘਣਾਵਾਂ ਜਾਰੀ ਹਨ। ਦੋਵੇਂ ਦੇਸ਼ ਇਨ੍ਹਾਂ ਉਲੰਘਣਾਵਾਂ ਲਈ ਇਕ ਦੂਜੇ ਨੂੰ ਦੋਸ਼ੀ ਦੱਸ ਰਹੇ ਹਨ, ਪਰ ਇਸ ਕਾਰਨ ਸਰਹੱਦ ‘ਤੇ ਦੋਵੇਂ ਪਾਸੇ ਵੱਡਾ ਜਾਨੀ ਨੁਕਸਾਨ ਹੋ ਰਿਹਾ ਹੈ। ਉੜੀ ‘ਚ ਦਹਿਸ਼ਤੀ ਹਮਲੇ ਦੇ ਪ੍ਰਤੀਕਰਮ ਵਜੋਂ ਭਾਰਤੀ ਫ਼ੌਜ ਵੱਲੋਂ ਮਕਬੂਜ਼ਾ ਕਸ਼ਮੀਰ ਅੰਦਰ ਸਰਜੀਕਲ ਕਾਰਵਾਈ ਤੋਂ ਬਾਅਦ ਇਨ੍ਹਾਂ ਘਟਨਾਵਾਂ ‘ਚ ਲਗਾਤਾਰ ਵਾਧਾ ਹੋਇਆ ਹੈ।
ਜੰਮੂ ਖਿੱਤੇ ਵਿਚ ਕੌਮਾਂਤਰੀ ਸਰਹੱਦ ਉਤੇ ਜਿਥੇ ਭਾਰਤੀ ਪਾਸੇ ਬੀæਐਸ਼ਐਫ਼ ਅਤੇ ਪਾਕਿਸਤਾਨੀ ਪਾਸੇ ਰੇਂਜਰਜ਼ ਤਾਇਨਾਤ ਹਨ, ਮੋਰਟਰਾਂ ਤੇ ਲੰਮੀ ਦੂਰੀ ਤੱਕ ਮਾਰ ਕਰਨ ਵਾਲੀਆਂ ਤੋਪਾਂ ਦੀ ਵਰਤੋਂ ਗੋਲੀਬੰਦੀ ਦੀਆਂ ਉਲੰਘਣਾਵਾਂ ਨੂੰ ਵੱਧ ਖਤਰਨਾਕ ਬਣਾ ਰਹੀ ਹੈ। ਦਰਅਸਲ, 29 ਸਤੰਬਰ ਤੋਂ ਬਾਅਦ ਜੰਮੂ ਖਿਤੇ ਵਿਚ ਕੌਮਾਂਤਰੀ ਸਰਹੱਦ ‘ਤੇ ਅਜਿਹੀਆਂ 83 ਅਤੇ ਕੰਟਰੋਲ ਰੇਖਾ (ਐਲ਼ਓæਸੀæ) ਉਤੇ 27 ਉਲੰਘਣਾਵਾਂ ਰਿਕਾਰਡ ਕੀਤੀਆਂ ਗਈਆਂ ਹਨ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਥੇ ਮਾਹੌਲ ਜੰਗੀ ਅਖਾੜੇ ਵਾਲਾ ਬਣਦਾ ਜਾ ਰਿਹਾ ਹੈ।
ਭਾਰਤੀ ਪਾਸੇ ਹੁਣ ਤੱਕ ਬੀæਐਸ਼ਐਫ਼ ਜਵਾਨਾਂ ਸਮੇਤ ਸੱਤ ਫੌਜੀਆਂ ਦੀ ਮੌਤ ਹੋਈ ਹੈ। ਇਨ੍ਹਾਂ ਤੋਂ ਇਲਾਵਾ ਇਕ ਦਰਜਨ ਤੋਂ ਵੱਧ ਸਿਵਲੀਅਨ ਮਾਰੇ ਜਾ ਚੁੱਕੇ ਹਨ ਅਤੇ ਦੋ ਦਰਜਨ ਦੇ ਕਰੀਬ ਜਖ਼ਮੀ ਹੋਣ ਦੇ ਅੰਕੜੇ ਸਾਹਮਣੇ ਆਏ ਹਨ। ਪਾਕਿਸਤਾਨ ਵੱਲੋਂ ਪਿਛਲੇ ਸਵਾ ਮਹੀਨੇ ਦੌਰਾਨ ਚਾਰ ਵਾਰ ਭਾਰਤੀ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤੇ ਜਾਣਾ ਦਰਸਾਉਂਦਾ ਹੈ ਕਿ ਨੁਕਸਾਨ ਉਸ ਪਾਸੇ ਵੀ ਕਾਫੀ ਹੋ ਰਿਹਾ ਹੈ। ਭਾਰਤੀ ਸਰਹੱਦ ਨਾਲ ਲੱਗਦੇ ਕੋਟਲੀ ਜ਼ਿਲ੍ਹੇ ਵਿਚ ਤਿੰਨ ਬੰਦਿਆਂ ਦੇ ਮਰਨ ਅਤੇ ਇਕ ਦਰਜਨ ਦੇ ਜ਼ਖ਼ਮੀ ਹੋਣ ਦੀਆਂ ਖਬਰਾਂ ਪਾਕਿਸਤਾਨੀ ਮੀਡੀਆ ਵਿਚ ਨਸ਼ਰ ਹੋਈਆਂ ਹਨ।
_____________________________
ਇਕ-ਦੂਜੇ ਦੇ ਹਾਈ ਕਮਿਸ਼ਨਰ ਤਲਬ
ਇਸਲਾਮਾਬਾਦ: ਇਕ ਦੂਜੇ ਉਤੇ ਲਗਾਤਾਰ ਲਾਏ ਜਾ ਰਹੇ ਗੋਲੀਬੰਦੀ ਦੀ ਉਲੰਘਣਾ ਦੇ ਦੋਸ਼ਾਂ ਦੌਰਾਨ ਭਾਰਤ ਤੇ ਪਾਕਿਸਤਾਨ ਨੇ ਇਕ ਦੂਜੇ ਦੇ ਡਿਪਟੀ ਹਾਈ ਕਮਿਸ਼ਨਰਾਂ ਨੂੰ ਤਲਬ ਕੀਤਾ ਹੈ। ਭਾਰਤ ਨੇ ਇਸਲਾਮਾਬਾਦ ਵਿਚ ਤਾਇਨਾਤ ਆਪਣੇ ਅੱਠ ਅਫਸਰਾਂ ਦਾ ਨਾਂ ਮੀਡੀਆ ਵਿਚ ਉਜਾਗਰ ਕੀਤੇ ਜਾਣ ਦਾ ਪਾਕਿਸਤਾਨ ਕੋਲ ਵਿਰੋਧ ਕੀਤਾ ਕਿਉਂਕਿ ਇਸ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਕਿਹਾ ਕਿ ਮੰਤਰਾਲੇ ਵੱਲੋਂ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਕੌਮਾਂਤਰੀ ਸਰਹੱਦ ਤੇ ਕੰਟਰੋਲ ਰੇਖਾ ਉਤੇ ਗੋਲੀਬੰਦੀ ਦੀ ਉਲੰਘਣਾ ਕਰਨ ‘ਤੇ ਤਲਬ ਕੀਤਾ ਗਿਆ। ਇਸ ਦੌਰਾਨ ਪਾਕਿਸਤਾਨ ਵੱਲੋਂ ਵੀ ਕੰਟਰੋਲ ਰੇਖਾ ‘ਤੇ ਗੋਲੀਬੰਦੀ ਦੀ ਉਲੰਘਣਾ ਕਰਨ ‘ਤੇ ਭਾਰਤੀ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਗਿਆ। ਭਾਰਤੀ ਡਿਪਟੀ ਹਾਈ ਕਮਿਸ਼ਨਰ ਨੂੰ ਦੋ ਹਫਤਿਆਂ ਵਿਚ ਛੇਵੀਂ ਵਾਰ ਤਲਬ ਕਰਨ ‘ਤੇ ਭਾਰਤ ਨੇ ਪਾਕਿਸਤਾਨ ਦਾ ਵਿਰੋਧ ਕੀਤਾ ਹੈ।
_____________________
ਭਾਰਤੀ ਡਿਪਲੋਮੈਟਾਂ ਨੇ ਪਾਕਿਸਤਾਨ ਛੱਡਿਆ
ਇਸਲਾਮਾਬਾਦ: ਪਾਕਿਸਤਾਨ ਵਿਦੇਸ਼ ਵਿਭਾਗ ਨੇ ਦੱਸਿਆ ਕਿ ਭਾਰਤੀ ਹਾਈ ਕਮਿਸ਼ਨ ਦੇ ਜਿਨ੍ਹਾਂ ਅੱਠ ਅਧਿਕਾਰੀਆਂ ‘ਤੇ ਖੁਫ਼ੀਆ ਏਜੰਸੀਆਂ ਲਈ ਜਾਸੂਸੀ ਕਰਨ ਦਾ ਦੋਸ਼ ਲਾਇਆ ਗਿਆ ਸੀ, ਉਨ੍ਹਾਂ ਵਿਚੋਂ ਛੇ ਅਧਿਕਾਰੀ ਦੇਸ਼ ਛੱਡ ਚੁੱਕੇ ਹਨ। ਵਿਦੇਸ਼ ਵਿਭਾਗ ਦੀ ਤਰਜਮਾਨ ਨਫ਼ੀਸ ਜ਼ਕਾਰੀਆ ਨੇ ਪਾਕਿਸਤਾਨ ਵਿਚ ਤਬਾਹਕੁਨ ਕਾਰਵਾਈਆਂ ਵਿਚ ਸ਼ਾਮਲ ਪਾਏ ਗਏ ਅੱਠ ਭਾਰਤੀ ਡਿਪਲੋਮੈਟਾਂ ਵਿਚੋਂ ਛੇ ਦੇਸ਼ ਛੱਡ ਚੁੱਕੇ ਹਨ।