ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਚੌਥੀ ਸੂਚੀ ਜਾਰੀ ਕਰ ਕੇ 18 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਆਪ 3 ਸੂਚੀਆਂ ਜਾਰੀ ਕਰ ਕੇ 61 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਅਤੇ ਹੁਣ ਕੁੱਲ 79 ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਪਾਰਟੀ ਵੱਲੋਂ ਸਿਰਫ 38 ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ।
18 ਉਮੀਦਵਾਰਾਂ ਦੀ ਸੂਚੀ ਵਿਚ ਹਲਕਾ ਗਿੱਲ ਤੋਂ 52 ਸਾਲਾ ਜੀਵਨ ਸੰਗਵਾਲ, ਬੁਢਲਾਡਾ ਤੋਂ 59 ਸਾਲਾ ਪ੍ਰਿੰਸੀਪਲ ਬੁੱਧਰਾਮ, ਮੋਗਾ ਤੋਂ 40 ਸਾਲਾ ਰਮੇਸ਼ ਗਰੋਵਰ, ਸ਼ੁਤਰਾਣਾ ਤੋਂ 37 ਸਾਲਾ ਪਲਵਿੰਦਰ ਕੌਰ ਸਰਪੰਚ ਪਿੰਡ ਹਰਿਆਊ, ਰਾਏਕੋਟ ਤੋਂ 42 ਸਾਲਾ ਜਗਤਾਰ ਸਿੰਘ ਜੱਗਾ ਹਿਸੋਵਾਲ, ਉੜਮੁੜ ਤੋਂ ਐਨæਆਰæਆਈæ ਰਹੇ 47 ਸਾਲਾ ਜਸਵੀਰ ਸਿੰਘ ਗਿੱਲ, ਖੰਨਾ ਤੋਂ 59 ਸਾਲਾ ਐਮæਸੀæ ਅਨਿਲ ਦੱਤ ਫੱਲੀ, ਰਾਜਾਸਾਂਸੀ ਤੋਂ 28 ਸਾਲਾ ਜਗਜੋਤ ਸਿੰਘ ਢਿੱਲੋਂ, ਬਾਬਾ ਬਕਾਲਾ ਤੋਂ 33 ਸਾਲਾ ਦਲਬੀਰ ਸਿੰਘ ਤੁੰਗ, ਬਠਿੰਡਾ ਤੋਂ 33 ਸਾਲਾ ਜ਼ੋਨ ਇੰਚਾਰਜ ਦੀਪਕ ਬਾਂਸਲ, ਗੜ੍ਹਸ਼ੰਕਰ ਤੋਂ 32 ਸਾਲਾ ਯੂਥ ਵਿੰਗ ਆਗੂ ਜੈ ਕ੍ਰਿਸ਼ਨ ਸਿੰਘ ਰੋੜੀ, ਜ਼ੀਰਾ ਤੋਂ 37 ਸਾਲਾ ਆਜ਼ਾਦ ਐਮæਸੀæ ਗੁਰਪ੍ਰੀਤ ਸਿੰਘ ਗੋਰਾ, ਗੁਰਦਾਸਪੁਰ ਤੋਂ 62 ਸਾਲਾ ਪ੍ਰਿੰਸੀਪਲ ਅਮਰਜੀਤ ਸਿੰਘ ਚਾਹਲ, ਦਸੂਹਾ ਤੋਂ 50 ਸਾਲਾ ਬਲਵੀਰ ਕੌਰ ਫੁੱਲ, ਡੇਰਾਬਸੀ ਤੋਂ ਅਕਾਲੀ ਦਲ ਦੇ ਮਰਹੂਮ ਮੰਤਰੀ ਕੈਪਟਨ ਕੰਵਲਜੀਤ ਕੌਰ ਦੀ 71 ਸਾਲਾ ਪਤਨੀ ਸਰਬਜੀਤ ਕੌਰ, ਕਰਤਾਰਪੁਰ ਤੋਂ 46 ਸਾਲਾ ਚੰਦਨ ਗਰੇਵਾਲ, ਚੱਬੇਵਾਲ ਤੋਂ 32 ਸਾਲਾ ਰਮਨ ਕੁਮਾਰ ਅਤੇ ਮਾਲੇਰਕੋਟਲਾ ਤੋਂ 42 ਸਾਲਾ ਟੀæਵੀæ ਕਲਾਕਾਰ ਅਰਸ਼ਦ ਡਾਲੀ ਨੂੰ ਟਿਕਟ ਦਿੱਤੀ ਗਈ ਹੈ।
____________________________________
‘ਆਪਣਾ ਪੰਜਾਬ’ ਵੀ ਪਿੜ ਵਿਚ ਨਿੱਤਰੀ
ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਤੋੜ ਵਿਛੋੜਾ ਕਰ ਕੇ ‘ਆਪਣਾ ਪੰਜਾਬ’ ਪਾਰਟੀ ਬਣਾਉਣ ਵਾਲੇ ਸੁੱਚਾ ਸਿੰਘ ਛੋਟੇਪੁਰ ਨੇ 15 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਉਮੀਦਵਾਰ ਐਲਾਨੇ ਗਏ ਸਾਰੇ ਆਗੂ ਪਿਛਲੇ ਸਮੇਂ ਦੌਰਾਨ ਵੱਖ-ਵੱਖ ਕਾਰਨਾਂ ਕਰ ਕੇ ਆਪ ਨੂੰ ਛੱਡ ਚੁੱਕੇ ਸਨ। ਸ੍ਰੀ ਛੋਟੇਪੁਰ ਨੇ 15 ਉਮੀਦਵਾਰਾਂ ਦਾ ਐਲਾਨ ਕਰਦਿਆਂ ਮੰਨਿਆ ਕਿ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਨਾਲ ਫਿਲਹਾਲ ਕੋਈ ਚੋਣ ਗੱਠਜੋੜ ਨਾ ਬਣਨ ਕਾਰਨ ਉਨ੍ਹਾਂ ਨੂੰ ਮਜਬੂਰਨ ਆਪਣੇ ਪੱਧਰ ‘ਤੇ ਉਮੀਦਵਾਰਾਂ ਦਾ ਐਲਾਨ ਕਰਨਾ ਪਿਆ। ਉਨ੍ਹਾਂ ਕਿਹਾ ਕਿ ਆਪ ਵਿਚੋਂ ਹੀ ਨਿਕਲੇ ਸਵਰਾਜ ਇੰਡੀਆ ਪਾਰਟੀ ਦੇ ਕੌਮੀ ਪ੍ਰਧਾਨ ਯੋਗੇਂਦਰ ਯਾਦਵ ਨੇ ਉਨ੍ਹਾਂ ਨੂੰ ਸਮਰਥਨ ਦੇ ਦਿੱਤਾ ਹੈ, ਪਰ ਡੈਮੋਕ੍ਰੇਟਿਕ ਸਵਰਾਜ ਪਾਰਟੀ ਪੰਜਾਬ ਦੇ ਪ੍ਰਧਾਨ ਪ੍ਰੋæ ਮਨਜੀਤ ਸਿੰਘ ਨਾਲ ਉਨ੍ਹਾਂ ਦੀ ਕੋਈ ਗੱਲ ਨਹੀਂ ਹੋਈ। ਉਨ੍ਹਾਂ ਖੁਲਾਸਾ ਕੀਤਾ ਕਿ ਅਕਾਲੀ ਦਲ ਛੱਡਣ ਵਾਲੇ ਵਿਧਾਇਕ ਪਰਗਟ ਸਿੰਘ ਅਤੇ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਉਨ੍ਹਾਂ ਦੀ ਗੱਲ ਹੁੰਦੀ ਰਹੀ ਹੈ ਅਤੇ ਉਨ੍ਹਾਂ ਸਲਾਹ ਦਿੱਤੀ ਸੀ ਕਿ ‘ਆਵਾਜ਼-ਏ-ਪੰਜਾਬ’ ਕਾਂਗਰਸ ਤੇ ਅਕਾਲੀ ਦਲ ਦਾ ਖਹਿੜਾ ਛੱਡ ਕੇ ਪੰਜਾਬ ਦੇ ਹਿੱਤਾਂ ਲਈ ਉਨ੍ਹਾਂ ਨਾਲ ਹੱਥ ਮਿਲਾਵੇ, ਪਰ ਫਿਲਹਾਲ ਇਸ ਧਿਰ ਨੇ ਕੋਈ ਹੁੰਗਾਰਾ ਨਹੀਂ ਦਿੱਤਾ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨਾਲ ਹੱਥ ਮਿਲਾਉਣ ਲਈ ਅੱਜ ਵੀ ਤਿਆਰ ਹਨ। ਉਹ ਕਾਂਗਰਸ ਅਤੇ ਅਕਾਲੀ ਦਲ ਛੱਡਣ ਵਾਲੇ ਇਮਾਨਦਾਰ ਆਗੂਆਂ ਨੂੰ ਵੀ ਟਿਕਟਾਂ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੋਰ ਧਿਰਾਂ ਨਾਲ ਗੱਠਜੋੜ ਕਰਨ ਦੀ ਹਾਲੇ ਆਸ ਨਹੀਂ ਛੱਡੀ।
__________________________________
ਛੋਟੇਪੁਰ ਤੇ ਸਿੱਧੂ ਦੇ ਨਾਂਹ ਪੱਖੀ ਵਿਹਾਰ ਤੋਂ ਡਾæ ਗਾਂਧੀ ਨਿਰਾਸ਼
ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ, ਕਾਂਗਰਸ ਤੇ ਆਪ ਵਿਰੁੱਧ ਚੌਥਾ ਫਰੰਟ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾæ ਧਰਮਵੀਰ ਗਾਂਧੀ ‘ਆਪਣਾ ਪੰਜਾਬ ਪਾਰਟੀ’ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਤੇ ‘ਆਵਾਜ਼-ਏ-ਪੰਜਾਬ’ ਦੇ ਜਨਮਦਾਤਾ ਨਵਜੋਤ ਸਿੰਘ ਸਿੱਧੂ ਦੇ ਨਾਂਹ ਪੱਖੀ ਵਿਵਹਾਰ ਤੋਂ ਨਿਰਾਸ਼ ਤੇ ਪ੍ਰੇਸ਼ਾਨ ਹਨ। ਡਾæ ਗਾਂਧੀ ਦਾ ਕਹਿਣਾ ਹੈ ਕਿ ਹੁਣ ਤੱਕ ਅੱਗੇ ਵਧੂ ਫਰੰਟ ਬਣਾਉਣ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਹੁੰਗਾਰਾ ਨਹੀਂ ਮਿਲਿਆ, ਪਰ ਮੇਰੀਆਂ ਕੋਸ਼ਿਸ਼ਾਂ ਅਜੇ ਵੀ ਜਾਰੀ ਰਹਿਣਗੀਆਂ।