ਘਰੇਲੂ ਕਲੇਸ਼ ਵਿਚ ਮੁੜ ਉਲਝੀ ਪੰਜਾਬ ਕਾਂਗਰਸ

ਚੰਡੀਗੜ੍ਹ: ਆਗਾਮੀ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਆਗੂਆਂ ਨੇ ਇਕ ਦੂਜੇ ਨੂੰ ‘ਕੈਂਚੀਆਂ-ਜੱਫੇ’ ਮਾਰਨੇ ਸ਼ੁਰੂ ਕਰ ਦਿੱਤੇ ਹਨ। ਟਿਕਟਾਂ ਦੀ ਵੰਡ ਨੂੰ ਲੈ ਕੇ ਕੈਪਟਨ ਅਤੇ ਬਾਜਵਾ ਧੜਿਆਂ ਨੇ ਇਕ ਦੂਜੇ ਖਿਲਾਫ਼ ਮੋਰਚੇ ਖੋਲ੍ਹ ਦਿੱਤੇ ਹਨ। ਜਿਥੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਹਮਾਇਤੀ ਕਾਂਗਰਸੀ ਨੇਤਾਵਾਂ ਨੇ ਟਿਕਟਾਂ ਦੀ ਵੰਡ ਵਿਚ ਕੈਪਟਨ ਧੜੇ ‘ਤੇ ਟਕਸਾਲੀ ਕਾਂਗਰਸੀਆਂ ਨੂੰ ਖੁੱਡੇ ਲਾਉਣ ਦੇ ਦੋਸ਼ ਲਾਏ ਹਨ, ਉਥੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ

ਕਾਂਗਰਸੀ ਆਗੂਆਂ ਨੇ ਬਾਜਵਾ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਹੈ ਕਿ ਬਾਜਵਾ ਕੋਲ ਟਿਕਟਾਂ ਦੀ ਵੰਡ ਵਿਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਬਾਜਵਾ ਦੇ ਕਰੀਬੀ ਮੰਨੇ ਜਾਂਦੇ ਟਕਸਾਲੀ ਕਾਂਗਰਸੀ ਆਗੂ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋਂ ਨੇ ਕੈਪਟਨ ਖਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਹੈ ਕਿ ਕਾਂਗਰਸ ਵਿਚ ਅਕਾਲੀ ਦੀ ਬੀ-ਟੀਮ ਤਿਆਰ ਕੀਤੀ ਜਾ ਰਹੀ ਹੈ, ਜਿਸ ਨਾਲ ਪਾਰਟੀ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਟਕਸਾਲੀ ਆਗੂਆਂ ਨੂੰ ਅੱਖੋਂ ਪਰੋਖੇ ਕਰ ਕੇ ਪਾਰਟੀ ਵਿਚ ਸ਼ਾਮਲ ਹੋਏ ਅਕਾਲੀਆਂ ਨੂੰ ਟਿਕਟਾਂ ਨਾ ਦੇਣ ਦੀਆਂ ਕੋਸ਼ਿਸ਼ਾਂ ਦਾ ਮਸਲਾ ਉਹ ਹਾਈਕਮਾਂਡ ਕੋਲ ਜਲਦ ਚੁੱਕਣਗੇ। ਸ਼ ਦੁੱਲੋਂ ਨੇ ਕਿਹਾ ਕਿ ਸਾਲ 2007 ਅਤੇ 2012 ਵਿਚ ਵੀ ਕਾਂਗਰਸ ਨੂੰ ਇਸੇ ਕਾਰਨ ਹਾਰ ਦਾ ਮੂੰਹ ਦੇਖਣਾ ਪਿਆ ਸੀ ਕਿਉਂਕਿ ਉਸ ਵੇਲੇ ਵੀ ਟਕਸਾਲੀ ਆਗੂਆਂ ਦੀ ਜਗ੍ਹਾ ਅਕਾਲੀ ਦਲ ਵਿਚੋਂ ਆਏ ਨੇਤਾਵਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਸਨ, ਪਰ ਉਹ ਮੁੜ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ।
ਉਨ੍ਹਾਂ ਕਿਹਾ ਕਿ ਇਸੇ ਕਾਰਨ ਹੀ ਸੂਬੇ ਦਾ ਹਿੰਦੂ ਅਤੇ ਐਸ਼ਸੀæ ਵਰਗ ਪਾਰਟੀ ਨਾਲੋਂ ਟੁੱਟ ਗਿਆ ਸੀ ਜਿਸ ਦਾ ਖਾਮਿਆਜ਼ਾ ਕਾਂਗਰਸ ਪਹਿਲਾਂ ਵੀ ਭੁਗਤ ਚੁੱਕੀ ਹੈ ਅਤੇ ਜੇਕਰ ਫਿਰ ਇਹੀ ਗਲਤੀ ਦੁਹਰਾਈ ਗਈ ਤਾਂ ਪਾਰਟੀ ਦਾ ਨੁਕਸਾਨ ਯਕੀਨੀ ਹੈ। ਸ: ਦੂਲੋਂ ਨੇ ਕਿਹਾ ਕਿ ਸਾਲ 2013 ਵਿਚ ਜੈਪੁਰ ‘ਚ ਹੋਏ ਸੈਸ਼ਨ ਵਿਚ ਮਤਾ ਪਾਇਆ ਗਿਆ ਸੀ ਕਿ ਦੂਜੀ ਪਾਰਟੀ ‘ਚੋਂ ਆਏ ਆਗੂਆਂ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ 3 ਸਾਲ ਕੋਈ ਅਹੁਦਾ ਦਿੱਤਾ ਜਾਵੇਗਾ।
ਦੂਜੇ ਪਾਸੇ ਸ਼ ਬਾਜਵਾ ਵੱਲੋਂ ਟਿਕਟਾਂ ਦੀ ਵੰਡ ਬਾਰੇ ਕੀਤੀ ਟਿੱਪਣੀ ਵਿਰੁੱਧ ਕੈਪਟਨ ਧੜੇ ਦੇ ਆਗੂਆਂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਹੈ ਕਿ ਸਾਬਕਾ ਪ੍ਰਦੇਸ਼ ਪ੍ਰਧਾਨ ਬਾਜਵਾ, ਪਾਰਟੀ ਲੀਡਰਸ਼ਿਪ ਦੇ ਵਿਸ਼ੇਸ਼ ਅਧਿਕਾਰ ਨਾਲ ਸਬੰਧਤ ਮਾਮਲਿਆਂ ਤੋਂ ਦੂਰ ਰਹਿਣ ਤਾਂ ਹੀ ਠੀਕ ਰਹੇਗਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਟਿਕਟਾਂ ਦੀ ਵੰਡ ਕਰਨਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦਾ ਵਿਸ਼ੇਸ਼ ਅਧਿਕਾਰ ਹੈ, ਬਾਜਵਾ ਕੋਲ ਮਾਮਲੇ ‘ਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਆਗੂਆਂ ਨੇ ਕਿਹਾ ਕਿ ਬਾਜਵਾ ਆਪਣੇ ਕੰਮ ਨਾਲ ਕੰਮ ਰੱਖਣ ਅਤੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਕੰਮਕਾਜ ਵਿਚ ਦਖਲ ਦੇਣ ਦੀ ਕੋਸ਼ਿਸ਼ ਨਾ ਕਰਨ।